Khalsa News homepage

 

 Share on Facebook

Main News Page

ਅੰਮ੍ਰਿਤਸਰ ਤਲਾਅ (ਸਰੋਵਰ) ਤੇ ਅੰਮ੍ਰਿਤ
-: ਡਾ. ਹਰਜਿੰਦਰ ਸਿੰਘ ਦਿਲਗੀਰ
10.06.2020
#KhalsaNews #Dilgeer #Amritsar #Sarovar #Talaab #Amrit

ਬਹੁਤ ਸ਼ੋਰ ਪਾਇਆ ਜਾਂਦਾ ਹੈ ਕਿ ਗੁਰਦੁਆਰਿਆਂ ਦੇ ਨਾਲ ਬਣਾਏ ਤਲਾਅ (ਜਿਨ੍ਹਾਂ ਨੂੰ ਸਰੋਵਰ ਵੀ ਕਿਹਾ ਜਾਂਦਾ ਹੈ) ਪਵਿੱਤਰ ਹਨ; ਉਨ੍ਹਾਂ ਦਾ ਪਾਣੀ ‘ਅੰਮ੍ਰਿਤ’ ਹੈ। ਇਸ ਨੁਕਤੇ ਨੂੰ ਸਿੱਖ ਧਰਮ ਅਤੇ ਸਿੱਖ ਤਵਾਰੀਖ਼ (ਇਤਿਹਾਸ) ਦੇ ਪੱਖ ਤੋਂ ਵਿਚਾਰਨ ਨਾਲ ਇਹ ਗੱਲ ਬਿਲਕੁਲ ਗ਼ਲਤ ਸਾਬਿਤ ਹੰਦੀ ਹੈ।

ਜਦੋਂ ‘ਅੰਮ੍ਰਿਤਸਰ’ ਤਲਾਅ (ਸਰੋਵਰ) ਬਣਾਇਆ ਗਿਆ ਸੀ ਉਦੋਂ ਤਾਂ ਹਰ ਥਾਂ ਖੂਹ ਜਾਂ ਬਾਉਲੀਆਂ ਨਹੀਂ ਹੁੰਦੇ ਸਨ ਅਤੇ ਪਾਣੀ ਦਾ ਬੜਾ ਵੱਡਾ ਮਸਲਾ ਸੀ ਅਤੇ ਤਲਾਅ ਬਣਾ ਕੇ ਮੀਂਹ ਦਾ ਪਾਣੀ ਸੰਭਾਲਣ ਦੀ ਲੋੜ ਸੀ, ਪਰ, ਹੁਣ ਤਾਂ ਕਾਰ-ਸੇਵਾ ਵਾਲਿਆਂ ਅਤੇ ਹੋਰਾਂ ਨੇ ਹਰ ਗੁਰਦੁਆਰੇ ਦੇ ਨਾਲ ਬੇਵਜਹ ਤਲਾਅ ਬਣਾ ਦਿੱਤੇ ਹਨ ਹਾਲਾਂਕਿ ਹੁਣ ਹਰ ਥਾਂ ਨਹਿਰ ਜਾਂ ਟਿਊਬਵੈੱਲ ਜਾਂ ਪਾਈਪਾਂ-ਟੂਟੀਆਂ ਆਦਿ ਦੇ ਰੂਪ ਵਿੱਚ ਪਾਣੀ ਮੁਹੱਈਆ ਹੈ।

ਤਵਾਰੀਖ਼ੀ ਪੱਖ
1564 ਵਿੱਚ ਭਾਈ ਜੇਠਾ (ਮਗਰੋਂ ਗੁਰੂ ਰਾਮਦਾਸ) ਜੀ ਨੇ ਸਿੱਖ ਨਗਰ ‘ਚੱਕ’ (ਮਗਰੋਂ ਗੁਰੂ ਦਾ ਚਕ, ਚੱਕ ਰਾਮਦਾਸ ਅਤੇ ਹੁਣ ਅੰਮ੍ਰਿਤਸਰ) ਵਸਾਉਣ ਵਾਸਤੇ ਜ਼ਮੀਨ ਖ਼ਰੀਦੀ ਸੀ। ਕਿਸੇ ਵੀ ਨਵੇਂ ਨਗਰ ਦੀ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਦੀ ਹੁੰਦੀ ਹੈ ਇਸ ਕਰ ਕੇ ਗੁਰੂ ਸਾਹਿਬ ਨੇ ਸੰਤੋਖਸਰ ਸਰੋਵਰ ਵਾਲੀ ਜਗਹ ’ਤੇ ਤਲਾਅ ਪੁਟਾਉਣਾ ਸ਼ੁਰੂ ਕੀਤਾ। ਪਰ ਗੁਰੂ ਅਮਰ ਦਾਸ ਜੀ ਦਾ ਪੈਗ਼ਾਮ ਮਿਲਣ ’ਤੇ ਉਨ੍ਹਾਂ ਨੂੰ ਇਸ ਨਵੇਂ ਨਗਰ ਨੂੰ ਵਸਾਉਣ ਦੀ ਕਾਰਵਾਈ ਵਿੱਚੇ ਛੱਡ ਕੇ ਵਾਪਿਸ ਗੋਇੰਦਵਾਲ ਜਾਣਾ ਪਿਆ। 1574 ਵਿੱਚ ਗੁਰੂ ਅਮਰ ਦਾਸ ਜੀ ਦੇ ਜੋਤੀ-ਜੋਤਿ ਸਮਾਉਣ ਮਗਰੋਂ ਗੁਰੂ ਰਾਮਦਾਸ ਜੀ ਇੱਥੇ ਰਹਿਣ ਲਗ ਪਏ ਸਨ। ਹੁਣ ਉਨ੍ਹਾਂ ਨੇ ਤਲਾਅ ਪੁਟਾਉਣਾ ਸ਼ੁਰੂ ਕੀਤਾ। ਪਰ, ਇਸ ਵਾਰ ਉਨ੍ਹਾਂ ਨੇ ਮੌਜੂਦਾ ਸੰਤੋਖਸਰ ਨੂੰ ਵਿੱਚੇ ਛੱਡ ਕੇ ਉਸ ਦੀ ਜਗਹ ਅੰਮ੍ਰਿਤਸਰ (ਦਰਬਾਰ ਸਾਹਿਬ ਵਾਲਾ) ਤਲਾਅ ਪੁਟਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅੰਮਿਤਸਰ ਵਾਲੀ ਥਾਂ ਸੰਤੋਖਸਰ ਤੋਂ ਵਧ ਨੀਵੀਂ ਸੀ ਅਤੇ ਬਰਸਾਤ ਦਾ ਪਾਣੀ ਉੱਥੇ ਵਧੇਰੇ ਜਮ੍ਹਾ ਹੋਣਾ ਸੀ।

ਸੰਨ 1576-77 ਵਿੱਚ ਅੰਮ੍ਰਿਤਸਰ ਤਲਾਅ (ਸਰੋਵਰ) ਤਿਆਰ ਹੋਇਆ ਤੇ ਫਿਰ 1578 ਵਿੱਚ ਸੰਤੋਖਸਰ ਤਲਾਅ (ਸਰੋਵਰ) ਵੀ ਪੁਟਵਾ ਲਿਆ ਗਿਆ। ਹੁਣ ਲੋਕਾਂ ਵਾਸਤੇ ਨਹਾਉਣ ਦੇ ਪਾਣੀ ਦਾ ਮਸਲਾ ਹੱਲ ਹੋ ਗਿਆ ਸੀ। ਮਗਰੋਂ ਸੰਗਤ ਹੋਰ ਵਧ ਜਾਣ ਕਾਰਨ ਗੁਰੂ ਅਰਜਨ ਸਾਹਿਬ ਨੇ ਰਾਮਸਰ ਅਤੇ ਬਿਬੇਕਸਰ ਤਲਾਅ (ਸਰੋਵਰ) ਵੀ ਤਿਆਰ ਕਰਵਾਏ। ਇਸ ਮਗਰੋਂ ਜੰਗਲ ਦੇਸ (ਹੁਣ ਮਾਲਵਾ) ਅਤੇ ਹਰੀਕੇ ਵੱਲੋਂ ਆਉਣ ਵਾਲੀ ਸੰਗਤ ਵਾਸਤੇ ਰਸਤੇ ਵਿੱਚ ਪੜਾਅ ਕਰਨ ਵਾਸਤੇ ਤਰਨਤਾਰਨ ਵਾਲਾ ਤਲਾਅ (ਸਰੋਵਰ) ਵੀ ਤਿਆਰ ਕਰਵਾ ਲਿਆ। ਗੁਰੂ ਹਰਿਗੋਬਿੰਦ ਸਾਹਿਬ ਨੇ (ਸ਼ਮਸ਼ਾਨ ਵਾਲੀ ਥਾਂ’ਤੇ) ਕੌਲਸਰ ਵੀ ਪੁਟਵਾ ਲਿਆ (ਇਸ ਦਾ ਮਾਤਾ ਕੌਲਾਂ ਨਾਲ ਕੋਈ ਸਬੰਧ ਨਹੀਂ ਸੀ)। ਹੁਣ ਲੋਕਾਂ ਨੂੰ ਨਹਾਉਣ ਜਾਂ ਕਪੜੇ ਧੋਣ ਵਾਸਤੇ ਜਾਂ ਹਾਥੀਆਂ ਤੇ ਘੋੜਿਆਂ ਅਤੇ ਮੱਝਾਂ ਅਤੇ ਗਊਆਂ ਵਾਸਤੇ ਪਾਣੀ ਦੀ ਮੁਸ਼ਕਿਲ ਨਹੀਂ ਰਹੀ ਸੀ। ਇਹ ਤਲਾਅ/ ਸਰੋਵਰ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਸਨ ਅਤੇ ਇਨ੍ਹਾਂ ਵਿੱਚ ਮੀਂਹ ਦਾ ਪਾਣੀ ਹੀ ਸੰਭਾਲਿਆ ਹੁੰਦਾ ਸੀ ਨਾ ਕਿ ਇਨ੍ਹਾਂ ਦੀ ਕੋਈ ਧਾਰਮਿਕ ਅਹਮੀਅਤ ਸੀ। ਇਹ ਕੋਈ ਅਖੌਤੀ ‘ਅੰਮ੍ਰਿਤ’ ਵਾਸਤੇ ਨਹੀਂ ਸਨ।

ਦਰਬਾਰ ਸਾਹਿਬ ਦੇ ਪ੍ਰਬੰਧ ’ਤੇ ਕਬਜ਼ਾ ਹੋਣ ਤੋਂ ਬਹੁਤ ਸਮਾਂ ਮਗਰੋਂ ਕਾਸ਼ੀ ਅਤੇ ਹਰਦੁਆਰ ਤੋਂ ਸਿਕਿਆ ਲੈ ਕੇ ਆਏ ਨਿਰਮਲੇ ਤੇ ਉਦਾਸੀ ਪੁਜਾਰੀਆਂ ਨੇ ਇਨ੍ਹਾਂ ਸਰੋਵਰਾਂ ਦੇ ਪਾਣੀਆਂ ਨੂੰ ਪਵਿੱਤਰ ਤੇ ਅੰਮ੍ਰਿਤ ਕਹਿਣ ਦਾ ਦੰਭ ਕਰਨਾ ਸ਼ੁਰੂ ਕਰ ਦਿੱਤਾ। ਇਸ ਪਿੱਛੇ ਉਨ੍ਹਾਂ ਦੀ ਇਕ ਵੱਡੀ ਸਾਜ਼ਿਸ਼ ਇਹ ਵੀ ਸੀ ਕਿ ਇਸ ਨੂੰ ਹਿੰਦੂ ਅਸਥਾਨ ਗਰਦਾਨਿਆ ਜਾਵੇ। ਇਸ ਸਾਜ਼ਿਸ਼ ਹੇਠ ਉਨ੍ਹਾਂ ਨੇ ਇਹ ਕਹਾਣੀ ਘੜੀ ਗਈ ਕਿ ਅੰਮਿਤਸਰ ਨਾਂ ਦਾ ਤਲਾਅ ਉਸੇ ਛੱਪੜ ਵਾਲੀ ਜਗਹ ’ਤੇ ਬਣਾਇਆ ਗਿਆ ਜਿੱਥੋਂ ਕਾਂ ਡੁਬਕੀ ਲਾ ਕੇ ਹੰਸ ਬਣ ਜਾਂਦੇ ਸਨ। ਇਸ ਗੱਪ ਨੂੰ ਲੋਕਾਂ ਵਿੱਚ ਮਨਜ਼ੁਰ ਕਰਵਾਉਣ ਵਾਸਤੇ ਇਹ ਕਹਾਣੀ ਵੀ ਘੜ ਲਈ ਗਈ ਕਿ ਇੱਥੇ ਮਨੋਕਲਪਿਤ ਰਜਨੀ ਨਾਂ ਦੀ ਇਕ ਔਰਤ ਦੇ ਪਿੰਗਲੇ ਪਤੀ ਦਾ ਕੋਹੜ ਤੇ ਅਪਾਹਜ-ਪੁਣਾ (ਅਖੌਤੀ ਤੌਰ ’ਤੇ) ਦੂਰ ਹੋਇਆ ਸੀ। ਇਹ ਗੱਪ ਨਿਰਮਲਾ ਲੇਖਕ ਕਵੀ ਸੰਤੋਖ ਸਿੰਘ ਨੇ ਇਹ ਸੋਚ ਕੇ ਘੜੀ ਸੀ ਕਿ ਇਸ ਨੂੰ ਕਿਸੇ ‘ਪ੍ਰਾਚੀਨ’ ਹਿੰਦੂ ਮੰਦਰ ਜਾਂ ਮਿਥਹਾਸ ਨਾਲ ਜੋੜ ਕੇ ਇਸ ਨੂੰ ਮਿਥਹਾਸਕ ਦੇਵਤਿਆਂ ਦੀ ਜਗਹ ਬਣਾ ਦਿੱਤਾ ਜਾਵੇ। ਇਕ ਬੇਰੀ ਨੂੰ ‘ਦੁਖਭੰਜਨੀ ਬੇਰੀ’ ਦਾ ਨਾਂ ਦੇਣਾ ਅਤੇ ਹਰਦੁਆਰ ਦੀ ਤਰਜ਼ ’ਤੇ ਦਰਬਾਰ ਸਾਹਿਬ ਦੀਆਂ ਪੌੜੀਆਂ ਨੂੰ ‘ਹਰਿ ਕੀ ਪੌੜੀ’ ਨਾਂ ਦੇਣਾ, ਅਤੇ ਇਕ ਹਿੱਸੇ ਨੂੰ ਅਖੌਤੀ ‘ਅਠਸਠ ਤੀਰਥ’ ਦਾ ਨਾਂ ਦੇਣਾ ਵੀ ਇਸ ਸਰੋਵਰ ਨੂੰ ਮਿਥਹਾਸਕ ਦੇਵੀ ਦੇਵਤਿਆਂ ਦੀ ‘ਪ੍ਰਾਚੀਨ ਜਗਹ’ ਬਣਾ ਦੇਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਇੰਞ ਹੀ ਸੰਤੋਖਸਰ ਸਰੋਵਰ ਦੀ ਪੁਟਾਈ ਵੇਲੇ ਇੱਥੋਂ ‘ਸਮਾਧੀ ਵਿੱਚ ਲੀਨ’ ਇਕ ‘ਜੋਗੀ’ ਦੇ ਨਿਕਲਣ ਗੱਪ ਵੀ ਨਿਰਮਲਿਆਂ ਨੇ ਇਹ ਸੋਚ ਕੇ ਘੜੀ ਸੀ ਕਿ ਸੰਤੋਖਸਰ ਨੂੰ ਵੀ ਇਕ ‘ਪ੍ਰਾਚੀਨ’ ਮਿਥਹਾਸਕ ਮੰਦਰ ਬਣਾ ਦਿੱਤਾ ਜਾਵੇ।

ਕਵੀ ਸੰਤੋਖ ਸਿੰਘ ਨੇ ਤਾਂ ਇਹ ਵੀ ਪ੍ਰਚਾਰ ਕੀਤਾ ਕਿ ਇਹ ਸਰੋਵਰ ਅਤੇ ਦਰਬਾਰ ਸਾਹਿਬ ਮਿਥਹਾਸਕ ਦੇਵਤੇ ਵਿਸ਼ਨੂ ਦੇ ਮੰਦਰ ਸਨ। ਇਸੇ ਗੱਲ ਨੂੰ ਕਾਇਮ ਕਰਨ ਵਾਸਤੇ ਉਸ ਨੇ ਦਰਬਾਰ ਸਾਹਿਬ ਨੂੰ ਹਰਿਮੰਦਰ {ਹਰਿ (ਵਿਸ਼ਨੂ) ਦਾ ਮੰਦਿਰ} ਦਾ ਨਾਂ ਦੇ ਦਿੱਤਾ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਦੇ ਲੇਖਕਾਂ ਗਿਆਨੀ ਗੁਰਮੁਖ ਸਿੰਘ (ਅਕਾਲ ਬੁੰਗੇ ਦਾ ਪੁਜਾਰੀ) ਤੇ ਦਰਬਾਰਾ ਸਿੰਘ (ਦਰਬਾਰ ਸਾਹਿਬ ਦਾ ਪੁਜਾਰੀ) ਨਿਰਮਲਿਆਂ ਨੇ ਤਾਂ ਇਹ ਵੀ ਲਿਖਿਆ ਕਿ ਵਿਸ਼ਨੂ ਨੇ ਇਹ ਹਦਾਇਤ ਵੀ ਕੀਤੀ ਸੀ ਕਿ ਬੁੰਗਾ ਅਕਾਲੀਆਂ ਨੂੰ ਉਸ ਦੇ ਤਖ਼ਤ (ਅਕਾਲ ਤਖ਼ਤ) ਵਜੋਂ ਕਾਇਮ ਕੀਤਾ ਜਾਏ; ਯਾਨਿ ਅਖੌਤੀ ਅਕਾਲ ਤਖ਼ਤ ‘ਵਿਸ਼ਨੂ ਦਾ ਤਖ਼ਤ’ ਹੈ।

ਅੰਮ੍ਰਿਤਸਰ (ਸਰੋਵਰ) ਵਿੱਚ ਬੇੜੀ
ਦਰਬਾਰ ਸਾਹਿਬ ਦਾ ਸਰੋਵਰ ਕੋਈ ਧਾਰਮਿਕ ਚੀਜ਼ ਨਹੀਂ ਸੀ। ਹਾਂ! ਇਹ ਤਵਾਰੀਖ਼ੀ ਜਗਹ ਜ਼ਰੂਰ ਸੀ ਕਿਉਂਕਿ ਇਸ ਨੂੰ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ; ਗੁਰੂ ਅਰਜਨ ਸਾਹਿਬ ਨੇ ਮੁਕੰਮਲ ਕੀਤਾ ਸੀ; ਫਿਰ ਕਈ ਵਾਰ ਢਾਹੇ ਅਤੇ ਪੂਰੇ ਜਾਣ 1765 ਵਿੱਚ ਸਿੱਖ ਮਿਸਲਾਂ ਵੇਲੇ ਇਸ ਨੂੰ ਨਵੇਂ ਸਿਰਿਓਂ ਬਣਾਇਆ ਗਿਆ ਸੀ।

ਇਹ ਇਕ ਤਲਾਅ ਸੀ ਅਤ ਇਸ ਵਿੱਚ ਬੇੜੀ ਵੀ ਚਲਾਈ ਜਾਂਦੀ ਸੀ (ਜਿਵੇਂ ਦਰਿਆ ਪਾਰ ਕਰਨ ਵਾਸਤੇ ਬੇੜੀ ਜਾਂ ਝੀਲ ਵਿੱਚ ਸੈਰ ਵਾਸਤੇ ਸ਼ਿਕਾਰਾ ਚਲਾਇਆ ਜਾਂਦਾ ਹੈ)। ਮਹਾਰਾਜਾ ਰਣਜੀਤ ਸਿੰਘ ਕਈ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਵਾਸਤੇ ਦਰਸ਼ਨੀ ਡਿਓਢੀ ਦੇ ਪੁਲ ਤੋਂ ਪੈਦਲ ਜਾਣ ਦੀ ਬਜਾਇ ਬੇੜੀ ਰਾਹੀਂ ਜਾਇਆ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਰਿਕਾਰਡ ਫਰੋਲਦਿਆਂ ਮੈਨੂੰ ਉਸ ਵਿੱਚ ਇਕ ਐਂਟਰੀ ਅਚਾਨਕ ਲਭ ਪਈ ਜਿਸ ਵਿੱਚ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਸੀ ਕਿ ਮਹਾਰਾਜਾ 21 ਅਕਤੂਬਰ 1835 ਦੇ ਦਿਨ ਆਪਣੇ ਬੁੰਗੇ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਪਣੀ ਬੇੜੀ ਰਾਹੀਂ ਗਿਆ ਸੀ ਤੇ 511 ਸੋਨੇ ਦੀਆਂ ਮੁਹਰਾਂ ਮੱਥਾ ਟੇਕਿਆ ਸੀ। {ਉਮਦਾਤੁਤ ਤਵਾਰੀਖ਼, ਦਫ਼ਤਰ 3, ਐਡੀਸ਼ਨ ਸੰਨ 1974, ਸਫ਼ਾ 252}

ਮਹਾਰਾਜਾ ਦੇ ਬੁੰਗੇ (ਮਹਾਰਾਜਾ ਦੀ ਰਿਹਾਇਸ਼ ਜੋ ਮੌਜੂਦਾ ‘ਘੰਟਾ ਘਰ ਪਲਾਜ਼ਾ’ ਵਾਲੀ ਥਾਂ ’ਤੇ ਹੋਇਆ ਕਰਦੀ ਸੀ; 1849 ਤੋਂ ਮਗਰੋਂ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਕੇ ਚਰਚ ਦੀ ਸ਼ਕਾਲ ਦਾ ਘੰਟਾ ਘਰ ਬਣਾਇਆ ਸੀ; ਇਸੇ ਕਰ ਕੇ ਇਸ ਦਾ ਨਾਂ ‘ਘੰਟਾ ਘਰ’ ਪੈ ਗਿਆ ਸੀ; ਦਰਬਾਰ ਸਾਹਿਬ ਦਾ ਘੰਟਾ ਘਰ ਵਾਲੇ ਪਾਸੇ ਦਾ ਰਸਤਾ ‘ਹਾਲ ਗੇਟ’ ਬਣਾਉਣ ਵਾਲੇ ਅੰਗਰੇਜ਼ ਹਾਕਮ ਮਿਸਟਰ ਹਾਲ ਨੇ ਬਣਾਇਆ ਸੀ; ਗੁਰੂ ਰਾਮਦਾਸ ਸਾਹਿਬ ਤੋਂ ਮਹਾਰਾਜਾ ਰਣਜੀਤ ਸਿੰਘ ਕਾਲ ਤੀਕ ਦਰਬਾਰ ਸਾਹਿਬ ਅਸਲ ਰਸਤਾ ਗੁਰੂ ਬਾਜ਼ਾਰ, ਚੁਰਸਤੀ ਅਟਾਰੀ ਵੱਲੋਂ ਸੀ; ਇਸ ਗੇਟ ਨੂੰ ਬੰਦ ਕਰ ਕੇ ਹੁਣ ਅਖੰਡ ਪਾਠਾਂ ਵਾਸਤੇ ਦਰਜਨਾਂ ਕਮਰੇ ਬਣਾਏ ਹੋਏ ਹਨ)।

ਅੰਮ੍ਰਿਤਸਰ ਤਲਾਅ (ਸਰੋਵਰ) ਵਿੱਚ ਖੇਡ ਤਮਾਸੇ
ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਤਾਂ ਕੀ ਸੰਨ 1900 ਤਕ ਵੀ ਅੰਮ੍ਰਿਤਸਰ ਨਾਂ ਦੇ ਤਲਾਅ ਵਿੱਚੋਂ ਪਾਣੀ ਦੀ ‘ਚੁਲੀ’ ਲੈਣ ਦਾ ਕੋਈ ਰਿਵਾਜ਼ ਨਹੀਂ ਸੀ। ਇਹ ਨਹਾਉਣ ਆਦਿ ਦੀਆਂ ਕਾਰਵਾਈਆਂ ਕਰਨ ਦਾ ਤਲਾਅ ਸੀ। ਇਸ ਵਿੱਚ ਤਾਂ ਝੀਲ ਵਾਂਙ ਖੇਡਾਂ ਵੀ ਕੀਤੀਆਂ ਜਾਂਦੀਆਂ ਸਨ। ਇਸ ਵਿੱਚ ਕਾਗ਼ਜ਼ਾਂ ਦੀਆਂ ਕਿਸ਼ਤੀਆਂ ਵੀ ਚਲਾਈਆਂ ਜਾਂਦੀਆਂ ਸਨ। ਇਸ ਵਿੱਚ ਨਿੱਕੇ ਨਿੱਕੇ ਖਿਡੌਣੇ ਬਣਾ ਕੇ ਵੀ ਚਲਾਏ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਰਿਕਾਰਡ ਮੁਤਾਬਿਕ 13 ਦਸੰਬਰ 1838 ਦੇ ਦਿਨ ਜਦੋਂ ਬ੍ਰਿਟਿਸ਼ ਇੰਡੀਆ ਦਾ ਗਵਰਨਰ ਜਨਰਲ ਲਾਰਡ ਔਕਲੈਂਡ ਅਤੇ ਉਸ ਦੀ ਭੈਣ ਐਮਲੀ ਈਡਨ ਗੁਰੂ-ਦਾ-ਚੱਕ (ਹੁਣ ਅੰਮ੍ਰਿਤਸਰ) ਆਏ ਤਾਂ ਉਨ੍ਹਾਂ ਦੇ ਆਉਣ ਦੀ ਖ਼ਸ਼ੀ ਵਿੱਚ ਅੰਮ੍ਰਿਤਸਰ ਤਲਾਅ (ਸਰੋਵਰ) ਦੇ ਦੁਆਲੇ ਅਤੇ ਮਹਾਰਾਜਾ ਦੇ ਬੁੰਗੇ ਵਿੱਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ ਗਈ। ਗਵਰਨਰ ਜਨਰਲ ਨੂੰ ਖ਼ੁਸ਼ ਕਰਨ ਵਾਸਤੇ ਅੰਮ੍ਰਿਤਸਰ ਤਲਾਅ (ਸਰੋਵਰ) ਵਿੱਚ ਵੱਡੇ ਆਕਾਰ ਦੇ ਅਜੀਬ ਕਿਸਮ ਦੇ ਜਾਨਵਰਾਂ ਦੇ ਤਾਬੂਤ ਛੱਡੇ ਗਏ ਸਨ; ਇੰਞ ਹੀ ਇਮਾਰਤਾਂ-ਰੂਪੀ ਖਿਡੌਣੇ ਵੀ ਸਰੋਵਰ ਵਿੱਚ ਛੱਡੇ ਹੋਏ ਸਨ, ਜੋ ਤਰਦੇ ਰਹੇ ਸਨ। ਤਲਾਅ ਵਿੱਚ ਬੜਾ ਅਦਬੁਤ ਨਜ਼ਾਰਾ ਸੀ।
{ਉਮਦਾਤੁਤ ਤਵਾਰੀਖ਼, ਦਫ਼ਤਰ 3, ਐਡੀਸ਼ਨ ਸੰਨ 1974, ਸਫ਼ਾ 591}

ਅੰਮ੍ਰਿਤਸਰ (ਸਰੋਵਰ) ਵਿੱਚ ਲੋਕਾਂ ਵੱਲੋਂ ਤਾਰੀਆਂ ਲਾਉਣਾ
ਨਿਰਮਲੇ ਪੁਜਾਰੀਆਂ ਵੱਲੋਂ ਅੰਮ੍ਰਿਤਸਰ (ਸਰੋਵਰ) ਵਿੱਚ ਹਰਿਦੁਆਰ ਦੀ ਤਰਜ਼ ’ਤੇ ਵਿਸ਼ਨੂ ਦੀ ਪੌੜੀ (ਹਰਿ ਕੀ ਪਉੜੀ) ਬਣਾ ਕੇ ਇਸ ਨੂੰ ਵਿਸ਼ਨੂ ਸਰੋਵਰ ਬਣਾਉਣ ਦੀ ਕੋਸ਼ਿਸ਼ ਦੇ ਬਾਵਜੂਦ, ਕੋਈ ਵੀ ਇਸ ਨੂੰ ਅਖੌਤੀ ਅੰਮ੍ਰਿਤ ਵਾਲੇ ਪਾਣੀ ਦਾ ਤਲਾਅ ਨਹੀਂ ਸੀ ਮੰਨਦਾ। ਲੋਕ ਇਸ ਤਲਾਅ ਵਿੱਚ ਇਕ ਆਮ ਤਲਾਅ ਵਾਂਙ ਨਹਾਉਂਦੇ ਅਤੇ ਤਾਰੀਆਂ ਲਾਉਂਦੇ ਸਨ। ਇਕ ਦੋ ਵਾਰ ਤਾਂ ਬੇਰੀ (ਅਖੌਤੀ ‘ਅਠਸਠ ਤੀਰਥ’ ਵਾਲੀ ਥਾਂ) ਤੋਂ ਦਰਬਾਰ ਸਾਹਿਬ (ਅਖੌਤੀ ‘ਹਰਿ ਕੀ ਪਉੜੀ’) ਤਕ ਤਾਰੀਆਂ ਲਾਉਂਦੇ ਕੁਝ ਜਣੇ ਡੁਬ ਵੀ ਗਏ ਸਨ। 17 ਜੂਨ 1901 ਦੇ ਦਿਨ ‘ਖਾ ਸਮਾਚਰ’ ਵਿੱਚ ਛਪੇ, ਭਾਈ ਵੀਰ ਸਿੰਘ ਲਿਖਤ ਇਕ ਮਜ਼ਮੂਨ ਵਿੱਚ ਦੱਸਿਆ ਹੈ ਕਿ ਇਕ ਵਾਰ ਇਕ ਮਾਮਾ ਭਾਣਜਾ ਇਸ ਤਰ੍ਹਾਂ ਤਾਰੀਆਂ ਲਾਉਂਦੇ ਬੇਰੀ (ਅਖੌਤੀ ‘ਅਠਸਠ ਤੀਰਥ’ ਵਾਲੀ ਥਾਂ) ਤੋਂ ਦਰਬਾਰ ਸਾਹਿਬ (ਅਖੌਤੀ ‘ਹਰਿ ਕੀ ਪਉੜੀ’) ਤਕ ਗਏ ਸਨ। ਵਾਪਸੀ ’ਤੇ ਭਣੇਵੇਂ ਦਾ ਸਾਹ ਟੁੱਟ ਗਿਆ ਸੀ ਅਤੇ ਉਹ ਡੁੱਬ ਗਿਆ ਸੀ। ਉਸ ਦਿਨ ਤਾਂ ਉਸ ਦੀ ਲਾਸ਼ ਵੀ ਨਹੀਂ ਸੀ ਮਿਲੀ; ਤੀਜੇ ਦਿਨ ਉਸ ਦੀ ਲਾਸ਼ ਤਰ ਕੇ ਉਪਰ ਆ ਗਈ ਸੀ। ਇਸ ਲੜਕੇ ਦਾ ਤਾਜ਼ਾ-ਤਾਜ਼ਾ ਵਿਆਹ ਹੋਇਆ ਸੀ ਅਤੇ ਇਹ ਮੁਕਲਾਵਾ ਲੈਣ ਚੱਲਿਆ ਸੀ। ਅੰਮ੍ਰਿਤਸਰ ਦੇ ਤਲਾਅ ਵਿੱਚ ਡੁੱਬਣ ਦੀ ਇਹ ਕੋਈ ਨਵੀਂ ਘਟਨਾ ਨਹੀਂ ਸੀ। ਹਰ ਸਾਲ ਦੋ-ਚਾਰ ਤੋਂ ਦਸ ਤਕ ਮੌਤਾਂ ਹੋ ਜਾਂਦੀਆਂ ਸਨ। ਇੰਞ ਇਹ ਤਲਾਅ ਮੁਕਤੀ ਦਾ ਸਰੋਵਰ ਬਣਨ ਦੀ ਥਾਂ ’ਤੇ ਇਨਸਾਨਾਂ ਦੀਆਂ ‘ਬਲੀਆਂ ਲੈਣ ਵਾਲੀ ਥਾਂ’ ਜਾਣਿਆ ਜਾਣ ਲਗ ਪਿਆ ਸੀ। ਇੱਥੇ ਡੁਬ ਕੇ ਮਰ ਜਾਣ ਵਾਲਿਆਂ ਵਿੱਚੋਂ ਕਈਆਂ ਦੀਆਂ ਮਾਵਾਂ ਨੇ ਤਾਂ ਦਰਬਾਰ ਸਾਹਿਬ ਮੱਥਾ ਟੇਕਣਾ ਹੀ ਬੰਦ ਕਰ ਦਿੱਤਾ ਸੀ। {ਭਾਈ ਵੀਰ ਸਿੰਘ ਦੀ ਇਤਿਹਾਸਕ ਰਚਨਾ, ਸੰਪਾਦਰ ਕ੍ਰਿਪਾਲ ਸਿੰਘ, ਸਫ਼ਾ 323}.
ਅੰਮ੍ਰਿਤਸਰ ਤਲਾਅ (ਸਰੋਵਰ) ਵਿੱਚ ਸੰਗਲ ਅਤੇ ਜੰਗਲਾ ਸਰਬਰਾਹ ਅਰੂੜ ਸਿੰਘ ਵੱਲੋਂ 1905 ਤੋਂ ਮਗਰੋਂ ਲਾਇਆ ਗਿਆ ਸੀ।

ਅੰਮ੍ਰਿਤਸਰ (ਸਰੋਵਰ) ਵਿੱਚ ਪਸ਼ੂ ਵੀ ਪਾਣੀ ਪੀਂਦੇ ਸਨ
ਅੰਮ੍ਰਿਤਸਰ (ਤਲਾਅ) ਦੇ ਦੁਆਲੇ ਪਹਿਲਾਂ ਕੱਚਾ ਥਾਂ ਸੀ। ਇਸ ਨੂੰ ਪੱਕਾ ਕਰਨ ਦਾ ਕੰਮ 1838 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ੳਾਖ਼ਰੀ ਸਾਲ ਵਿੱਚ ਸ਼ੁਰੂ ਕੀਤਾ ਗਿਆ ਸੀ। ਜਿੱਥੇ ਹੁਣ ਲੰਗਰ ਦੀ ਈਮਾਰਤ ਹੈ, ਇੱਥੇ ਬਹੁਤ ਵੱਡਾ ਬਾਗ਼ ਹੁੰਦਾ ਸੀ ਅਤੇ ਇਸ ਤੋਂ ਪਰ੍ਹੇ ਜਿੱਥੇ ਹੁਣ ਸਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਹਨ, ਬਿਲਕੁਲ ਖ਼ਾਲੀ ਥਾਂ ਹੁੰਦੀ ਸੀ।

ਜਿੱਥੇ ਕੌਲਸਰ ਸਰੋਵਰ ਹੈ ਉਸ ਥਾਂ ਨੂੰ ਸ਼ਮਸ਼ਾਨ ਘਾਟ ਵਜੋਂ (ਮੁਰਦੇ ਸਾੜਨ ਵਾਸਤੇ) ਵਰਤਿਆ ਜਾਂਦਾ ਸੀ। ਬਾਬਾ ਅਟਲ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਸਣੇ ਹਜ਼ਾਰਾਂ ਲੋਕਾਂ ਦੇ ਸਸਕਾਰ ਇੱਥੇ ਹੀ ਹੋਏ ਸਨ (ਗੁਰਦੁਆਰਾ ਬਾਬਾ ਅਟਲ ਉਹੀ ਥਾਂ ਹੈ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਦੇ ਬੇਟੇ ਅਟਲ ਦਾ ਸਸਕਾਰ ਹੋਇਆ ਸੀ)। ਕਦੇ ਇਸ ਜਗਹ ’ਤੇ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆਂ ਦੀਆਂ ਸਮਾਧਾਂ ਵੀ ਹੁੰਦੀਆਂ ਸਨ। ਮਗਰੋਂ ਨਵਾਬ ਕਪੂਰ ਸਿੰਘ ਦੀ ਸਮਾਧ ਢਾਹ ਦਿੱਤੀ ਗਈ ਸੀ ਪਰ ਜੱਸਾ ਸਿੰਘ ਦੇ ਸਸਕਾਰ ਵਾਲੀ ਥਾਂ ’ਤੇ ਉਸ ਦੀ ਸਮਾਧ ਕਾਇਮ ਰਹੀ ਸੀ; ਉਸ ਥਾਂ ’ਤੇ ਹੁਣ ਜੱਸਾ ਸਿੰਘ ਦੇ ਨਾਂ ਦਾ ਗੁਰਦੁਆਰਾ ਬਣਾ ਦਿੱਤਾ ਗਿਆ ਹੈ।

ਲੰਗਰ ਦੀ ਈਮਾਰਤ ਦੇ ਨਾਲ ਬਾਗ਼ ਵਾਲੀ ਥਾਂ ’ਤੇ ਕੁਝ ਲੋਕ ਘੋੜੇ ਵੀ ਬੰਨ੍ਹਿਆ ਕਰਦੇ ਸੀ। ਇੱਥੇ ਕਦੇ ਕਦੇ ਕੋਈ ਪਸ਼ੂ ਵੀ ਆ ਜਾਂਦਾ ਸੀ, ਜੋ ਅੰਮ੍ਰਿਤਸਰ ਤਲਾਅ ਵਿੱਚੋਂ ਪਾਣੀ ਪੀ ਕੇ ਮੁੜ ਜਾਂਦਾ ਸੀ। ਕੁਝ ਪੁਰਾਣੀਆਂ ਤਸਵੀਰਾਂ ਵਿੱਚ ਤਲਾਅ ਦੇ ਨੇੜੇ ਪਸ਼ੂ ਖੜੇ ਸਾਫ਼ ਨਜ਼ਰ ਆਉਂਦੇ ਹਨ। (ਵੇਖੋ: ਤਸਵੀਰ) ਸੋ, ਇਹ ਸਾਰੇ ਸਬੂਤ ਸਿੱਧ ਕਰਦੇ ਹਨ ਕਿ ਇਹ ਇਕ ਤਲਾਅ ਸੀ ਅਤੇ ਇਸ ਦੀ ਧਾਰਮਿਕ ਪੱਖ ਤੋਂ ਕੋਈ ਅਹਿਮੀਅਤ ਨਹੀਂ ਸੀ।

ਸਰੋਵਰ ਤੇ ‘ਅੰਮ੍ਰਿਤ’ ਦਾ ਧਾਰਮਿਕ ਪੱਖ: ਅੰਮ੍ਰਿਤ ਕੀ ਹੈ ?

ਅੰਮ੍ਰਿਤ (ਅ+ਮ੍ਰਿਤ) ਦਾ ਲਫ਼ਜ਼ੀ ਮਾਅਨਾ ਹੈ: ਮੌਤ ਤੋਂ ਪਰੇ; ਯਾਨਿ ਅੰਮ੍ਰਿਤ ਉਸ ਨੂੰ ਕਹਿੰਦੇ ਹਨ ਜੋ ਇਨਸਾਨ ਨੂੰ ਮੌਤ ਤੋਂ ਮੁਕਤ ਕਰ ਦੇਂਦਾ ਹੈ। ਹਿੰਦੂ ਮਿਥਹਾਸ ਮੁਤਾਬਿਕ, ਦੇਵਤੇ ਅਤੇ ਰਾਖਸ਼ਾਂ ਨੇ ਇਕੱਠਿਆਂ ਹੋ ਕੇ ਸਮੁੰਦਰ ਰਿੜਕਣਾ ਸ਼ੁਰੂ ਕਰ ਦਿੱਤਾ ਅਤੇ ਅਖੌਤੀ 'ਅੰਮ੍ਰਿਤ' ਤਿਆਰ ਕੀਤਾ। ਜਦੋਂ ਇਹ ਅਖੌਤੀ 'ਅੰਮ੍ਰਿਤ' ਤਿਆਰ ਹੋ ਗਿਆ ਤਾਂ ਦੋਹਾਂ (ਰਾਖਸ਼ਾਂ ਅਤੇ ਦੇਵਤਿਆਂ) ਵਿੱਚ ਇਸ ਗੱਲ ਤੋਂ ਲੜਾਈ ਹੋ ਗਈ ਕਿਉਂ ਕਿ ਦੋਵੇਂ ਹੀ ਇਸ ਅਖੌਤੀ ਅੰਮ੍ਰਿਤ ਦੇ ਪੂਰੀ ਤਰ੍ਹਾਂ ਮਾਲਕ ਬਣਨਾ ਚਾਹੁੰਦੇ ਸਨ ਅਤੇ ਉਸ ਦੀ ਵਰਤੋਂ ਕਰਨਾ ਚਾਹੁੰਦੇ ਸਨ। ਇਸ ਕਰ ਕੇ ਦੋਹਾਂ ਵਿੱਚ ਬਹੁਤ ਜ਼ਿਆਦਾ ‘ਲੜਾਈ’ ਹੋਈ। ਲੜਾਈ ਦੇ ਦੌਰਾਨ ਸਾਰਾ ਅਖੌਤੀ ਅੰਮ੍ਰਿਤ ਡੁੱਲ ਗਿਆ ਅਤੇ ਕੋਈ ਵੀ ਹੁਣ ਅਖੌਤੀ ਅੰਮ੍ਰਿਤ ਪੀ ਕੇ ਅਮਰ ਨਹੀਂ ਹੋ ਸਕਦਾ ਸੀ। ਬ੍ਰਾਹਮਣ (ਪੁਜਾਰੀ ਜਮਾਤ) ਬਹੁਤ ਜ਼ਿਆਦਾ ਚਾਲਾਕ ਸਨ। ਹੁਣ ਉਨ੍ਹਾਂ ਨੇ ਅਮਰ ਹੋਣ ਦੀ ਵਾਸਤੇ ਆਤਮਾ ਦੀ ਇਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾਣ ਦੀ ਮਿੱਥ ਬਣਾ ਲਈ। ਬ੍ਰਾਹਮਣਾਂ ਨੇ ਇਹ ਚਾਲਾਕੀ ਖੇਡੀ ਕਿ ਆਤਮਾ ਕਦੇ ਨਹੀਂ ਮਰਦੀ ਅਤੇ ਇਹ ਇਕ ਸਰੀਰ ਤੋਂ ਦੂਜੇ ਵਿੱਚ ਦਾਖ਼ਿਲ ਹੋ ਜਾਂਦੀ ਹੈ। ਇਸ ਲਈ, ਅਜੇ ਵੀ, ਹਰ ਕੋਈ ਅਮਰ ਹੋ ਸਕਦਾ ਹੈ। ਪਰ ਦੂਜੇ ਪਾਸੇ, ਇਸ ਦਾ ਇਕ ਇਹ ਮਤਲਬ ਵੀ ਨਿਕਲਦਾ ਹੈ ਕਿ ਆਤਮਾ ਪ੍ਰਮਾਤਮਾ ਦਾ ਹਿੱਸਾ ਨਹੀਂ ਹੈ ਅਤੇ ਇਹ ਕਦੇ ਵੀ ਆਪਣੇ ਮੂਲ (ਰੱਬ) ਨਾਲ ਨਹੀਂ ਮਿਲ ਸਕਦੀ (ਦੋਵੇਂ ਗੱਲਾਂ ਸਿੱਖ ਫ਼ਲਸਫ਼ੇ ਦੇ ਉਲਟ ਹਨ)।

ਅੰਮ੍ਰਿਤ ਦਾ ਮਤਲਬ, ਸਿੱਖ ਧਰਮ ਵਿੱਚ, ਵੈਦਿਕ ਸਿਧਾਂਤਾਂ ਤੋਂ ਵੱਖਰਾ ਹੈ। ਸਿੱਖ ਧਰਮ ਸਦਾ ਜਿਊਂਦੇ ਰਹਿਣ ਦੀ ਅਤੇ ਆਤਮਾ ਦੀ ਦੂਜੇ ਜਿਸਮ ਵਿੱਚ ਬਦਲੀ ਦੀ ਮਿੱਥ ਨੂੰ ਰੱਦ ਕਰਦਾ ਹੈ। ਸਿੱਖ ਧਰਮ ਮੁਤਾਬਿਕ ਇਨਸਾਨਾਂ ਦੀ ਜ਼ਿੰਦਗੀ ਦੀ ਮਿਆਦ ਨੀਅਤ ਹੁੰਦੀ ਹੈ। ਇਨਸਾਨੀ ਜਿਸਮ ਪੰਜ ਤੱਤਾਂ ਦਾ ਬਣਦਾ ਹੈ ਅਤੇ ਇਨਸਾਨ ਦੀ ਮੌਤ ਤੋਂ ਬਾਅਦ ਇਹ ਪੰਜੇ ਤੱਤ ਆਪਣੇ-ਆਪਣੇ ਮੂਲ ਵਿੱਚ ਸਮਾ ਜਾਂਦੇ ਹਨ। ਗੁਰਬਾਣੀ ਵਿੱਚ ਪ੍ਰਮਾਤਮਾ ਦਾ ਨਾਂ ਜਪਣਾ ਹੀ 'ਅੰਮ੍ਰਿਤ ਪੀਣਾ' ਕਿਹਾ ਗਿਆ ਹੈ ਕਿਉਂਕਿ ਇਹ ਮਰਨ ਦੇ ਡਰ ਤੋਂ ਆਜ਼ਾਦ ਕਰਦਾ ਹੈ।

ਏਕੋ ਵੇਖਾ ਅਵਰੁ ਨ ਬੀਆ॥ ਗੁਰ ਪਰਸਾਦੀ ਅੰਮ੍ਰਿਤੁ ਪੀਆ॥ ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ॥ ਰਤਨੁ ਪਦਾਰਥੁ ਪਲਰਿ ਤਿਆਗੈ॥ (ਸਫ਼ਾ 113-114)
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ (ਸਫ਼ਾ 318)
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ (ਸਫ਼ਾ 598)

ਸਿੱਖ ਧਰਮ ਵਿੱਚ ਅੰਮ੍ਰਿਤ ਕੋਈ ਤਰਲ ਚੀਜ਼ ਜਾਂ ਦੁਆਈ ਨਹੀਂ ਹੈ ਕਿ ਜੋ ਮਨੁੱਖ ਨੂੰ ਸਦਾ ਲਈ ਰਹਿਣ ਵਾਲਾ ਬਣਾਉਂਦਾ ਹੈ। ਇਹ ਸਿਰਫ਼ ਬਾਣੀ ਹੀ ਹੈ ਜੋ ਅੰਮ੍ਰਿਤ ਹੈ। ਕੁਝ ਲੇਖਕਾਂ ਨੇ ਸਿੱਖ ਧਰਮ ਵਿੱਚ ਦਾਖਲੇ ਦੀ ਰਸਮ, 'ਖੰਡੇ ਦੀ ਪਾਹੁਲ', ਨੂੰ ਵੀ 'ਅੰਮ੍ਰਿਤ ਛਕਣਾ' ਕਿਹਾ ਹੈ। ਇਹ ਲਫ਼ਜ਼ ਵੀ ਸਹੀ ਨਹੀਂ ਹੈ। ਖੰਡੇ ਦੀ ਪਾਹੁਲ ਇਕ ਰਸਮ ਸੀ ਅਤੇ ਇਸ ਰਸਮ ਵਾਸਤੇ ਅਸਲ ਲਫ਼ਜ਼ ਖੰਡੇ ਦੀ ਪਾਹੁਲ ਸੀ। ਇਸ ਨੂੰ ਅੰਮ੍ਰਿਤ ਦਾ ਨਾਂ ਦੇਣਾ ਨਿਰਮਲਿਆਂ ਦੀ ਸਾਜ਼ਿਸ਼ ਦਾ ਇਕ ਹਿੱਸਾ ਸੀ।

ਸਿੱਖੀ ਵਿੱਚ ਗੁਰਬਾਣੀ ਨੂੰ ਅੰਮ੍ਰਿਤ ਬਾਣੀ ਵੀ ਕਿਹਾ ਜਾਂਦਾ ਹੈ। ਯਾਨਿ ਗੁਰਬਾਣੀ ਦਾ ਦੂਜਾ ਨਾਂ 'ਅੰਮ੍ਰਿਤ' ਵੀ ਹੈ। ਸਿੱਖਾਂ ਦੀ ਅਰਦਾਸ ਵਿੱਚ 'ਅੰਮ੍ਰਿਤਸਰ ਦੇ ਇਸ਼ਨਾਨ' ਦਾ ਮਾਅਨਾ 'ਗੁਰਬਾਣੀ ਵਿੱਚ ਚੁੱਭੀ ਲਾਉਣਾ', ਉਸ ਵਿੱਚ ਡੁੱਬ ਜਾਣਾ, ਯਾਨਿ ਉਸ ਨੂੰ 'ਮਨ ਵਿੱਚ ਵਸਾਉਣਾ' ਹੈ, ਨਾ ਕਿ ਅੰਮ੍ਰਿਤਸਰ ਦੇ ਤਲਾਅ ਵਿੱਚ ਨਹਾਉਣਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top