15
ਜੂਨ 2020 ਦੇ ਦਿਨ ਅੱਠ ਦਸ 'ਮੁੰਡੀਰ ਕਿਸਮ ਦੇ' ਲੜਕਿਆਂ ਨੇ ਇਕ ਗੁਰਪ੍ਰੀਤ ਸਿੰਘ
ਢੋਲਕੀਵਾਲਾ ਨਾਂ ਦੇ ਲੜਕੇ ਦੀ ਅਗਵਾਈ ਹੇਠ, ਦਿੱਲੀ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਇੰਤਜ਼ਾਮ ਹੇਠ ਗੁਰਮਤਿ ਕਾਲਜ ਨਾਂ ਹੇਠ ਚਲਾਏ ਜਾ ਰਹੇ ਇਕ ਸਕੂਲ ਦੇ
ਚੇਅਰਮੈਨ ਹਰਿੰਦਰਪਾਲ ਸਿੰਘ ਦੇ ਦਫ਼ਤਰ ਵਿਚ ਵੜ ਕੇ ਉਸ ਨਾਲ
ਬਦਤਮੀਜ਼ੀ ਕੀਤੀ ਅਤੇ ਉਸ ਨੂੰ ਬਾਂਹ ਤੋਂ ਫੜ ਕੇ ਧੱਕੇ ਨਾਲ ਉਸ ਨੂੰ ਦਫ਼ਤਰ ਵਿਚੋਂ ਨਿਕਲਣ
’ਤੇ ਮਜਬੂਰ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਹਰਿੰਦਰਪਾਲ ਸਿੰਘ ਨੇ ਇਕ ਵੀਡੀਓ ਵਿਚ
ਕਿਹਾ ਸੀ ਕਿ "ਜਦੋਂ ਗੁਰੂ ਹਰਿਕਿਸ਼ਨ ਜੀ ਦਿੱਲੀ ਆਏ ਸਨ ਤਾਂ
ਚੇਚਕ ਦੀ ਬੀਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਇਸ ਬੀਮਾਰੀ ਦੀ ਲਾਗ ਦੀ ਪਰਵਾਹ ਕੀਤੇ
ਬਿਨਾ ਲੋਕਾਂ ਨੂੰ ਖੂਹ ਵਿਚੋਂ ਪਾਣੀ ਕੱਢ ਕੇ ਪਿਆਇਆ ਸੀ।" ਇਨ੍ਹਾਂ ਲੜਕਿਆਂ ਦਾ
ਕਹਿਣਾ ਸੀ ਕਿ ਗੁਰੂ ਜੀ ਦੇ ਹੱਥ ਲਗਣ ਨਾਲ ਉਹ ਪਾਣੀ ਅੰਮ੍ਰਿਤ ਬਣ ਗਿਆ ਸੀ ਤੇ
ਹਰਿੰਦਰਪਾਲ ਸਿੰਘ ਉਸ ਨੂੰ ਪਾਣੀ ਕਹਿ ਕੇ ਉਸ ਪਾਣੀ-ਅੰਮ੍ਰਿਤ ਦੀ ਜਾਂ ਗੁਰੂ ਜੀ ਦੀ
ਬੇਅਦਬੀ ਕੀਤੀ ਹੈ।
ਇਸ
ਘਟਨਾ ਵਿਚੋਂ ਤਿੰਨ ਅਹਿਮ ਨੁਕਤੇ ਉਭਰਦੇ ਹਨ:
1. ਪਹਿਲੀ ਗੱਲ ਤਾਂ ਇਹ ਹੈ ਕਿ
ਹਰਿੰਦਰਪਾਲ ਸਿੰਘ ਨੇ ਇਤਿਹਾਸਕ ਗ਼ਲਤੀ ਕੀਤੀ ਹੈ। ਗੁਰੂ ਹਰਿਕਿਸ਼ਨ ਜੀ ਰਾਜਾ 25 ਤੋਂ 30
ਮਾਰਚ 1664 ਦੌਰਾਨ ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿਚ ਠਹਿਰੇ ਸਨ। ਇਹ ਇਕ ਰਾਜੇ ਦਾ ਵੱਡਾ
ਮਹਿਲ ਸੀ ਅਤੇ ਉੱਥੇ ਆਮ ਲੋਕ ਨਹੀਂ ਸਨ ਵੜ ਸਕਦੇ। ਇਸ ਕਰ ਕੇ ਗੁਰੂ ਜੀ ਦਾ ਦਿੱਲੀ ਵਿਚ
ਚੀਚਕ ਦੇ ਮਰੀਜ਼ ਲੋਕਾਂ ਨੂੰ ਪਾਣੀ ਪਿਆਉਣ ਦੀ ਗੱਲ ਸੰਤੋਖ ਸਿੰਘ ਕਵੀ ਵਰਗੀ ਗੱਪ ਹੈ। ਪਰ
ਲੜਕਿਆਂ ਦੇ ਇਸ ਟੋਲੇ ਨੇ ਹਰਿੰਦਰਪਾਲ ਸਿੰਘ ਇਸ ਨੁਕਤੇ ਦੀ ਤਾਂ ਗੱਲ ਹੀ ਨਹੀਂ ਕੀਤੀ।
2. ਉਨ੍ਹਾਂ ਦਾ ਇਹ ਨੁਕਤਾ ਕਿ ਗੁਰੂ ਜੀ
ਦੇ ਹੱਥ ਲੱਗਣ ਨਾਲ ਪਾਣੀ ਅੰਮ੍ਰਿਤ ਬਣ ਗਿਆ ਸੀ ਤੇ ਉਸ ਨੂੰ ਪਾਣੀ ਕਹਿਣਾ ਉਸ
ਅੰਮ੍ਰਿਤ (ਪਾਣੀ) ਅਤੇ ਗੁਰੂ ਜੀ ਦੀ ਬੇਅਦਬੀ ਹੈ। ਇਹ ਇਸ ਨੌਜਵਾਨ ਟੋਲੇ ਦੀ ਮਹਾਂ
ਅਗਿਆਨਤਾ ਹੈ ਕਿ ਹੱਥ ਲੱਗਣ ਨਾਲ ਰਾਜੇ ਦੇ ਖੂਹ ਦਾ ਪਾਣੀ ਅੰਮ੍ਰਿਤ ਬਣ ਜਾਂਦਾ ਸੀ। ਇਨ੍ਹਾਂ
ਲੜਕਿਆਂ ਨੇ ਨਾ ਤਾਂ ਗੁਰਬਾਣੀ ਪੜ੍ਹੀ ਹੈ ਅਤੇ ਨਾ ਸਿੱਖ ਫ਼ਿਲਾਸਫ਼ੀ ਦੀ ਕੋਈ ਕਿਤਾਬ ਨਾ
ਸਿੱਖ ਇਤਿਹਾਸ। ਗੁਰਬਾਣੀ ਮੁਤਾਬਿਕ ਸਿਰਫ਼ ਗੁਰੂ ਦੀ ਬਾਣੀ ਹੀ ਅੰਮ੍ਰਿਤ ਹੈ, ਬਾਕੀ ਹਰ
ਸਰੋਵਰ, ਟੋਭੇ, ਨਹਿਰ, ਦਰਿਆ ਦਾ ਪਾਣੀ ਸਿਰਫ਼ ਪਾਣੀ ਹੈ; ਉਹ ਭਾਵੇਂ ਅੰਮ੍ਰਿਤਸਰ ਦਾ ਹੋਵੇ
ਜਾਂ ਬੰਗਲਾ ਸਾਹਿਬ ਦੇ ਖੂਹ ਦਾ ਜਮੁਨਾ ਦਰਿਆ ਦਾ ਜਾਂ ਮਿਊਂਸਪਲ ਕਮੇਟੀ ਦੀਆਂ ਟੂਟੀਆਂ
ਦਾ। ਇਹ ਸਾਰੇ ਪਾਣੀ ਸਿੱਖੀ ਸਿਧਾਂਤਾਂ ਮੂਤਾਬਿਕ ਇਕ ਹੀ ਦਰਜਾ ਤੇ ਇਕ ਹੀ ਅਹਿਮੀਅਤ ਰਖਦੇ
ਹਨ। ਉਨ੍ਹਾਂ ਵਿਚ ਕੋਈ ਧਾਰਮਿਕਤਾ ਜਾਂ ਰੂਹਾਨੀਅਤ ਨਹੀਂ। ਇਹ ਪਾਣੀ ਪੀਣ ਵਾਸਤੇ ਜਾਂ
ਨਹਾਉਣ ਅਤੇ ਕਪੜੇ ਧੋਣ ਵਾਸਤੇ ਹਨ। ਇਸ ਪਾਣੀ ਨੂੰ ਇਨਸਾਨ, ਪੰਛੀ, ਪਸ਼ੂ ਕੋਈ ਵੀ ਪੀ ਸਕਦਾ
ਹੈ।
3. ਫਿਰ ਸਵਾਲ ਉਠਦਾ ਹੈ ਕਿ ਇਹ
ਮੁੰਡੀਰ ਕਿਸਮ ਦੇ ਲੜਕਿਆਂ ਨੂੰ ਕਿਸ ਨੇ ਹੱਕ ਦਿੱਤਾ ਕਿ ਉਹ ਹਰਿੰਦਰਪਾਲ ਸਿੰਘ ਦੀ ਕਹੀ
ਗੱਲ ’ਤੇ ਆਪਣਾ ਫ਼ਤਵਾ ਦੇਣ। ਇਹ ਲੜਕੇ ਗੁਰਬਾਣੀ ਅਤੇ ਸਿੱਖ ਫ਼ਲਸਫ਼ੇ ਦੇ ਮਾਹਿਰ ਨਹੀਂ ਹਨ;
ਇਹ ਕੌਮ ਦੇ ਵਿਦਵਾਨ ਨਹੀਂ ਹਨ; ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਵੀ ਨਹੀਂ ਹਨ।
ਇਨ੍ਹਾਂ ਦਾ ਐਕਸ਼ਨ ਸਿਰਫ਼ ਧੱਕੇਸ਼ਾਹੀ, ਬੁਰਛਾਗਰਦੀ ਅਤੇ ਗੁੰਡਾਗਰਦੀ ਵਾਲੀ ਕਾਰਵਾਈ ਮੰਨੀ
ਜਾਵੇਗੀ।
4. ਹਰਿੰਦਰਪਾਲ ਸਿੰਘ ਅਤੇ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੜਕਿਆਂ ’ਤੇ ਪੁਲੀਸ
ਕੋਲ ਰਿਪੋਰਟ ਦਰਜ ਕਰਵਾਏ। ਇਨ੍ਹਾਂ ’ਤੇ ਨਾਜਾਇਜ਼ ਦਾਖ਼ਲਾ (ਟਰੈਸਪਾਸ, ਦਫ਼ਾ 441), ਧਮਕੀਆਂ
ਦੇਣਾ (ਇਨਟਿਮੀਡੇਸ਼ਨ, ਦਫ਼ਾ 503), ਨਾਜਾਇਜ਼ ਅਸਰ ਪਾ ਕੇ ਅਤੇ ਨਾਜਾਇਜ਼ ਤਾਕਤ ਵਰਤ ਕੇ, ਉਸ
ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਉਸ ਦੇ ਦਫ਼ਤਰ ਵਿਚੋਂ ਧੱਕੇ ਨਾਲ ਕੱਢਣਾ (ਕੋਅਰਸ਼ਨ); ਅਤੇ
ਲਾਅਲੈਸਨੈਸ, ਗੜਬੜ ਕਰਨਾ (ਦਫ਼ਾਵਾਂ 349, 354 ਏ, 141, 120 ਬੀ) ਅਤੇ ਹੋਰ ਦਰਜਨ ਧਾਰਾਵਾਂ
ਲਗਦੀਆਂ ਹਨ। ਇੱਥੇ ਇਹ ਦੱਸਣਾ ਵੀ ਜ਼ਰਰੂੀ ਹੈ ਕਿ ਗੁਰਪ੍ਰੀਤ ਸਿੰਘ ਢੋਲਕੀਵਾਲਾ ਪਹਿਲਾਂ
ਵੀ ਕਈ ਪ੍ਰੋਗਰਾਮਾਂ ਵਿਚ ਖਲਿਲ ਪਾ ਚੁਕਾ ਹੈ ਅਤੇ ਅਜਿਹੀਆਂ ਹਰਕਤਾਂ ਅਕਸਰ ਕਰਦਾ ਰਹਿੰਦਾ
ਹੈ।
5. ਹਰਿੰਦਰਪਾਲ ਸਿੰਘ ਸਾਡੇ ਦੋਸਤ ਨਹੀਂ
ਹਨ; ਉਹ ਵਧੇਰੇ ਕਰ ਕੇ ਮਿਸ਼ਨਰੀ ਲਹਿਰ ਦੇ ਵਿਰੋਧੀਆਂ ਤੇ ਡੇਰੇਦਾਰਾਂ ਦੇ ਦੋਸਤਾਂ
ਨੂੰ ਹੀ ਇਸ ਸਕੂਲ ਵਿਚ ਬੁਲਾਉਂਦੇ ਤੇ ਉਨ੍ਹਾ ਤੋਂ ਲੈਕਚਰ ਕਰਵਾਉਂਦੇ ਹਨ। ਪਰ ਅਸੀਂ ਸਮਝਦੇ
ਹਾਂ ਕਿ ਧੱਕੇਸ਼ਾਹੀ, ਬੁਰਛਾਗਰਦੀ, ਗੁੰਡਗਰਦੀ ਅਤੇ ਗ਼ੈਰ ਕਾਨੂੰਨੀ ਹਰਕਤਾਂ ਨੂੰ ਨੱਥ ਪਾਉਣਾ
ਜ਼ਰੂਰੀ ਹੈ। ਹਰਿੰਦਰਪਾਲ ਸਿੰਘ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ
ਚਾਹੀਦਾ ਹੈ।