ਗੁਰਬਾਣੀ ਕਿਵੇਂ ਮਨੁੱਖ ਨੂੰ ਆਸ਼ਾਵਾਦੀ
ਬਣਾਉਂਦੀ ਹੈ
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
23.07.2020
#KhalsaNews #Gurbani #Positive #StateOfMind
ਗੁਰਬਾਣੀ
ਮਨੁੱਖ ਨੂੰ ਬਾਹਰੀ ਕਰਮ ਕਾਂਡਾਂ ਤੋਂ ਬਚਾ ਕੇ, ਅੰਤਰਮੁਖੀ ਹੋਣ ਦੀ ਜਾਚ
ਸਿਖਾਉਂਦੀ ਹੈ ਤੇ ਸਮੱਸਿਆ ਦੇ ਨਾਲ਼ ਹੀ ਉਸ ਦਾ ਹੱਲ ਵੀ ਦਰਸਾਉਂਦੀ
ਹੈ। ਗੁਰਬਾਣੀ ‘ਚ ਦਰਸਾਏ ਗਏ ਰੱਬੀ ਗੁਣਾਂ ਨੂੰ ਧਾਰਨ ਕਰ ਕੇ, ਕੋਈ ਵੀ
ਮਨੁੱਖ ਸਵੈ-ਮਾਨ ਭਰੀ ਜ਼ਿੰਦਗੀ ਜੀਣਾ ਸਿੱਖ ਸਕਦਾ ਹੈ। ਨਿਰਭਉ ਤੇ ਨਿਰਵੈਰ
ਬਣ ਕੇ ਹਰ ਔਕੜ ਤੇ ਬੁਰਿਆਈ ਦਾ ਸਫਲਤਾਪੂਰਨ ਮੁਕਾਬਲਾ ਕਰਨ ਦੀ ਸਮਰੱਥਾ ਵੀ
ਸਿਰਫ਼ ਗੁਰਬਾਣੀ ਨਾਲ਼ ਜੁੜ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ, ਜਿਵੇਂ ਕਿ
ਗੁਰ-ਵਾਕ ਹੈ: ਮਨ
ਰੇ! ਸਚੁ ਮਿਲੈ ਭਉ ਜਾਇ ॥ ਭੈ ਬਿਨੁ, ਨਿਰਭਉ ਕਿਉ ਥੀਐ? ਗੁਰਮੁਖਿ ਸਬਦਿ
ਸਮਾਇ ॥ (ਸਿਰੀਰਾਗੁ ਮ:੧/੧੮) ਭਾਵ
ਕਿ ਡਰ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ, ਜੇ ਕਰ ਮਨ ‘ਚ ਰੱਬ ਦਾ ਪ੍ਰੇਮ
ਰੂਪੀ ਭਉ ਹੋਵੇਗਾ ਪਰ ਰੱਬੀ ਅਦਬ ਵੀ ਗੁਰੂ ਦੀ ਰਾਹੀਂ ਸ਼ਬਦ ‘ਚ ਜੁੜਨ ਨਾਲ਼
ਹੀ ਪੈਦਾ ਹੁੰਦਾ ਹੈ। ਯਕੀਨਨ! ਗੁਰੂ ਦੀ ਉੱਤਮ ਸੰਗਤ ਸਦਕਾ ਮਨੁੱਖ ਵੀ
ਉੱਤਮ ਜੀਵਨ ਵਾਲਾ ਬਣ ਜਾਂਦਾ ਹੈ। ਗੁਣਾਂ ਦਾ ਗਾਹਕ ਅਜਿਹਾ ਗੁਰਮੁਖ ਆਪਣੇ
ਅੰਦਰੋਂ ਅਉਗੁਣਾਂ ਨੂੰ ਦੂਰ ਕਰਨ ਦਾ ਨਿਰੰਤਰ ਅਭਿਆਸ ਕਰਦਾ ਹੈ ਪਰ ਗੁਰੂ
ਦੀ ਦੱਸੀ ਘਾਲ ਕਮਾਉਣ ਤੋਂ ਬਗੈਰ ਗਿਆਨ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ: ਊਤਮ
ਸੰਗਤਿ, ਊਤਮੁ ਹੋਵੈ ॥ ਗੁਣ ਕਉ ਧਾਵੈ, ਅਵਗਣ ਧੋਵੈ ॥ ਬਿਨੁ ਗੁਰ ਸੇਵੇ,
ਸਹਜੁ ਨ ਹੋਵੈ ॥ (ਆਸਾ ਮ:੧/੪੧੩-੧੪) ਗੁਰਬਾਣੀ
ਦਾ ਗਿਆਨ ਨਿਰਸੰਦੇਹ ਮਨੁੱਖ ਨੂੰ ਆਪਣੇ ਮੂਲ ਨਾਲ਼ ਜੋੜਦਾ ਹੈ ਤੇ ਇੱਕ
ਉਸਾਰੂ ਜੀਵਨ ਸਿਰਜਣ ‘ਚ ਸਹਾਈ ਹੁੰਦਾ ਹੈ।
ਹਥਲੇ ਲੇਖ ਦਾ ਵਿਸ਼ਾ
ਸੰਖੇਪ ‘ਚ ਇਸ ਨੁਕਤੇ ਨੂੰ ਵਿਚਾਰਨਾ ਹੈ ਕਿ ਗੁਰਬਾਣੀ ਰਾਹੀਂ ਮਨੁੱਖ ‘ਚ
ਕਿਵੇਂ ਰੱਬੀ ਗੁਣ ਉੁਤਪੰਨ ਤੇ ਵਿਕਸਿਤ ਹੁੰਦੇ ਹਨ ਤੇ ਗੁਰਸਿੱਖ
ਕਿਵੇਂ ਸੰਪੂਰਨਤਾ ਤੱਕ ਦੀ ਮੰਜ਼ਿਲ ਪੂਰਨ ਆਸ਼ਾਵਾਦੀ (Optimistic) ਹੋ
ਕੇ ਤਹਿ ਕਰਦਾ ਹੈ। ਮਾਤ
ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ (ਸੋਰਿਠ ਮ:੫/੬੧੩) ਤੋਂ
ਲੈ ਕੇ ਜੋਤੀ
ਜੋਤਿ ਰਲੀ; ਸੰਪੂਰਨੁ ਥੀਆ ਰਾਮ॥ (ਬਿਲਾਵਲੁ ਮ:੫/੮੪੬) ਤੱਕ
ਦਾ ਸਫ਼ਰ ਕਰਦਿਆਂ ਇੱਕ ਗੁਰਸਿੱਖ, ਸਾਰੇ ਗੁਣਾਂ ਦੇ ਮਾਲਕ ਨਿਰੰਕਾਰ ਦੇ
ਨਾਮ ਦੀ ਯਾਚਨਾ ਭਾਵ
ਕਿ ਰੱਬੀ ਬਖ਼ਸ਼ਸ਼ ਦੀ ਆਸ ਰੱਖਦਾ ਹੈ। ਸਭ ਜੀਵਾਂ ਉੱਪਰ ਹੀ ਪ੍ਰਭੂ ਦੀ
ਰਹਿਮਤ ਹੈ; ਫਰਕ ਸਿਰਫ਼ ਐਨਾ ਹੈ ਕਿ ਕਿਸੇ ਉੱਤੇ ਬਹੁਤੀ ਤੇ ਕਿਸੇ ਤੇ ਕੁਝ
ਘੱਟ, ਜਿਵੇਂ ਕਿ ਗੁਰ-ਵਾਕ ਹੈ: ਸਭਨਾ
ਉਪਰਿ ਨਦਰਿ ਪ੍ਰਭ ਤੇਰੀ ॥ ਕਿਸੈ ਥੋੜੀ ਕਿਸੈ ਹੈ ਘਣੇਰੀ ॥ ਤੁਝ ਤੇ ਬਾਹਰਿ
ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥
(ਮਾਝ ਮ:੩/੧੧੯) ਅਜਿਹੀ
ਸੋਝੀ ਹੀ ਫਿਰ ਸੰਤੋਖੀ ਜੀਵਨ ਦੀ ਬੁਨਿਆਦ ਬਣਦੀ ਹੈ। ਮਸਲਨ; ਮਨ ਜਿਹੜਾ ਕਿ
ਪਹਿਲਾਂ ਚਿੰਤਾ ‘ਚ ਡੁੱਬਿਆ ਰਹਿੰਦਾ ਸੀ, ਉਹੀ ਮਨ “ਗੁਰੁ
ਮੇਰੈ ਸੰਗਿ, ਸਦਾ ਹੈ ਨਾਲੇ ॥” (ਆਸਾ ਮ:੫/੩੯੪) ਅਤੇ
“ਤੂ
ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥”( ਤਿਲੰਗ ਮ:੫/੭੨੪) ਜਿਹੇ
ਗੁਰ-ਵਾਕਾਂ ਦੇ ਧਰਵਾਸ ਸਦਕਾ ਹੁਣ ਆਸ਼ਾਵਾਦੀ ਤੇ ਬੇਬਾਕ ਬਣਨ ਦੇ ਨਾਲ਼ ਹੀ
ਆਤਮ-ਵਿਸ਼ਵਾਸ (ਮਾਨਸਿਕ ਬਲ) ਨਾਲ਼ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ,
ਜਿਵੇਂ ਕਿ ਗੁਰ-ਵਾਕ ਹੈ: ਜਿਉ
ਮੰਦਰ ਕਉ, ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ, ਮਨਹਿ ਅਸਥੰਮਨੁ ॥
( ਗਉੜੀ ਸੁਖਮਨੀ ਮ:੫/੨੮੩)
ਗੁਰਬਾਣੀ ਵਿਚਲਾ ਸੱਚ
(ਵਿਕਾਰਾਂ ਨਾਲ਼ ਗ੍ਰਸੇ ਹੋਏ) ਮਨੁੱਖੀ ਹਿਰਦੇ ਦੀ ਕਠੋਰਤਾ ਨੂੰ ਨਰਮ ਕਰ
ਕੇ, ਮਨ ਨੂੰ ਸ਼ਾਂਤ ਕਰਦਾ ਹੈ ਤੇ ਇੰਞ ਮਨ ਆਪਣੇ ਅਸਲ ਘਰ (ਸਰੂਪ) ਵਿੱਚ
ਟਿਕਣਾ ਸ਼ੁਰੂ ਹੋ ਜਾਂਦਾ ਹੈ, ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ: ਗੁਰਬਾਣੀ
ਸੁਨਤ, ਮੇਰਾ ਮਨੁ ਦ੍ਰਵਿਆ; (ਨਰਮ ਹੋਇਆ)
ਮਨੁ ਭੀਨਾ, ਨਿਜ ਘਰਿ ਆਵੈਗੋ ॥
(ਕਾਨੜਾ ਮ:੪/੧੩੦੮) ਗੁਰਬਾਣੀ
ਦੀ ਵਿਚਾਰ ਕਰਨ ਨਾਲ਼ ਹੀ ਇਹ ਸੋਝੀ ਆਉਂਦੀ ਹੈ ਕਿ “ਹਰਿ
ਜਨੁ, ਐਸਾ ਚਾਹੀਐ; ਜੈਸਾ, ਹਰਿ ਹੀ ਹੋਇ ॥( ਭ. ਕਬੀਰ ਜੀ/੧੩੭੨)” ਭਾਵ
ਕਿ ਮਨੁੱਖ ਨੂੰ ਆਪਾ ਸਵਾਰਨ (ਰੱਬੀ ਗੁਣ ਧਾਰਨ ਕਰਨ) ਦਾ ਉਦੇਸ਼ ਮਿਲ
ਜਾਂਦਾ ਹੈ ਤੇ ਮਨੁੱਖ ਆਸਵੰਦ ਹੁੰਦਾ ਹੈ ਕਿ ਆਪਾ ਸਵਾਰ ਕੇ, ਉਹ ਪ੍ਰਭੂ ਦੇ
ਦਰ ਤੇ ਕਬੂਲ ਹੋ ਸਕਦਾ ਹੈ। ਬਾਬਾ ਫਰੀਦ ਜੀ ਦੇ ਬਚਨ ਮਨੁੱਖ ਨੂੰ ਆਸ਼ਾਵਾਦੀ
ਹੀ ਤਾਂ ਬਣਾਉਂਦੇ ਹਨ: ਆਪੁ
ਸਵਾਰਹਿ, ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥ ਫਰੀਦਾ! ਜੇ ਤੂ ਮੇਰਾ ਹੋਇ
ਰਹਹਿ; ਸਭੁ ਜਗੁ ਤੇਰਾ ਹੋਇ ॥
(ਭ. ਫਰੀਦ ਜੀ/੧੩੮੨) ਪੰਚਮ
ਪਾਤਸ਼ਾਹ ਦੇ ਅਨਮੋਲਕ ਵਚਨ ਵੀ ਮਨੁੱਖੀ ਹਿਰਦੇ ਨੂੰ ਨਿਡਰਤਾ ਪ੍ਰਦਾਨ ਕਰਦੇ
ਹਨ: ਜੈਸੀ ਭੂਖ, ਤੈਸੀ ਕਾ ਪੂਰਕੁ; ਸਗਲ ਘਟਾ
ਕਾ ਸੁਆਮੀ ॥ ਨਾਨਕ ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ ॥
(ਸੋਰਠਿ
ਮ:੫/੬੧੩)
ਗੁਰਬਾਣੀ ਰਾਹੀਂ ਮਨੁੱਖ ਨੂੰ ਇਹ ਸੂਝ ਵੀ ਮਿਲਦੀ ਹੈ ਕਿ ਜੁਗਾਂ
ਦੇ ਮੁੱਢ ਤੋਂ ਹੀ ਨਿਰੰਕਾਰ ਦਾ ਸਭ ਤੋਂ ਵੱਡਾ ਗੁਣ (ਵਡਿਆਈ) ਇਹ ਹੈ ਕਿ
ਉਹ ਸ਼ਰਨ ਆਏ ਨੂੰ ਸਦਾ ਆਪਣੇ ਗਲ਼ ਨਾਲ਼ ਲਾਉਂਦਾ ਹੈ, ਜਿਵੇਂ ਕਿ ਗੁਰ-ਵਾਕ
ਹਨ: ਜੋ
ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥ ਬਿਨਵੰਤਿ
ਨਾਨਕ, ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ ॥ (ਬਿਹਾਗੜਾ
ਮ:੫/੫੪੪)
ਨਾਨਕ! ਸਰਣਿ ਕਰਤਾਰ ਕੀ; ਕਰਤਾ ਰਾਖੈ ਲਾਜ ॥( ਮ:੪/੫੫੧) ਹੁਣ
ਗੁਰ-ਸ਼ਬਦ ਰਾਹੀਂ ਬਖ਼ਸ਼ਿੰਦ ਮਾਲਕ ਦੇ ਬਿਲਾਸ਼ਰਤ (unconditional)
ਬਖ਼ਸ਼ਣ ਵਾਲੇ ਸੁਭਾਅ (ਅਉਗਣੁ ਕੋ ਨ ਚਿਤਾਰਦਾ; ਗਲ ਸੇਤੀ ਲਾਇਕ ॥
(ਮਾਰੂ ਮ:੫/੧੧੦੧) ਦੀ ਸਮਝ ਆਉਣ ਉਪਰੰਤ ਮਨੁੱਖ ਦੁਨੀਆ
ਵਾਲੀਆਂ ਝੂਠੀਆਂ ਵਡਿਆਈਆਂ ਤੇ ਸਿਆਣਪਾਂ ਛੱਡ ਦਿੰਦਾ ਹੈ ਤੇ ਨਿਮਾਣਾ
ਹੋ ਕੇ ਬੇਨਤੀ ਕਰਦਾ ਹੈ: ਲੋਕਨ
ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ, ਭਾਵੈ ਬੁਰਾ
ਕਹਉ; ਹਮ ਤਨੁ ਦੀਓ ਹੈ ਢਾਰਿ ॥ ਜੋ ਆਵਤ ਸਰਣਿ ਠਾਕੁਰ ਪ੍ਰਭੁ! ਤੁਮਰੀ;
ਤਿਸੁ ਰਾਖਹੁ, ਕਿਰਪਾ ਧਾਰਿ ॥ ਜਨ ਨਾਨਕ, ਸਰਣਿ ਤੁਮਾਰੀ ਹਰਿ ਜੀਉ! ਰਾਖਹੁ
ਲਾਜ ਮੁਰਾਰਿ ॥
(ਦੇਵਗੰਧਾਰੀ
ਮ:੪/੫੨੮) ਅਸੀਂ
ਆਪਣੇ ਜੀਵਨ ਦੇ ਭਾਵੇਂ ਕਿਸੇ ਵੀ ਪੜਾਅ ‘ਚੋਂ ਗੁਜ਼ਰ ਰਹੇ ਹੋਈਏ,
ਗੁਰਮਤਿ ਸਾਡਾ ਮਾਰਗ-ਦਰਸ਼ਨ ਕਰਨ ਲਈ ਕਦਮ-ਕਦਮ ਤੇ ਆਸਰਾ ਪ੍ਰਦਾਨ ਕਰਦੀ
ਹੈ। ਇੱਥੋਂ
ਤੱਕ ਕਿ ਗ਼ਫ਼ਲਤ ਦੀ ਨੀਂਦ ‘ਚ ਗ਼ਲਤਾਨ ਹੋਏ ਮਨੁੱਖ ਨੂੰ ਵੀ ਆਸ ਦੀ
ਕਿਰਨ ਨਜ਼ਰ ਆਉਣ ਲਗਦੀ ਹੈ: ਭਗਤ
ਵਛਲੁ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ
ਹੌਂ।( ਭਾਈ ਗੁਰਦਾਸ ਜੀ: ਕਬਿੱਤ ੫੦੩/੪) ਕਹਾ ਭੂਲਿਓ ਰੇ! ਝੂਠੇ ਲੋਭ
ਲਾਗ ?॥ ਕਛੁ ਬਿਗਰਿਓ ਨਾਹਿਨ, ਅਜਹੁ ਜਾਗ ॥( ਬਸੰਤ ਮ:੯/੧੮੭)
ਆਪਣੇ ਆਪ ਦੇ ਮੁਲਾਂਕਣ (ਸ੍ਵੈ ਪੜਚੋਲ) ਤੇ ਉੱਦਮ ਨਾਲ਼ ਆਪਣੇ ਇਸ
ਜੀਵਨ ਨੂੰ ਹੋਰ ਵੀ ਉਚੇਰਾ ਬਣਾਉਣ ਲਈ ਹੀ ਗੁਰੂ ਜੀ ਸਾਨੂੰ ਉਪਦੇਸ਼
ਕਰਦੇ ਹਨ: ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥ ਨਾਨਕ!
ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ ॥( ਮਾਰੂ ਮ:੫/੧੦੯੬) ਇੱਥੇ
ਇਹ ਵੀ ਵਿਚਾਰਨ ਯੋਗ ਹੈ ਕਿ ਉੱਦਮ ਕਰਨਾ ਬੇਸ਼ੱਕ ਸਾਡਾ ਫ਼ਰਜ਼ ਹੈ ਪਰ
ਰੱਬੀ ਬਖ਼ਸ਼ਸ਼ (ਮਿਹਰ) ਬਿਨਾ ਕੁਝ ਵੀ ਸੰਭਵ ਨਹੀਂ ਹੋ ਸਕਦਾ, ਜਿਵੇਂ
ਕਿ ਗੁਰ- ਵਾਕ ਹਨ: ਉਦਮੁ
ਸਕਤਿ ਸਿਆਣਪ ਤੁਮ੍ਹਰੀ; ਦੇਹਿ ਤ ਨਾਮੁ ਵਖਾਣੀ ॥ ਸੇਈ ਭਗਤ, ਭਗਤਿ ਸੇ
ਲਾਗੇ; ਨਾਨਕ! ਜੋ ਪ੍ਰਭ ਭਾਣੀ ॥( ਸਾਰੰਗ ਮ:੫/੧੨੧੯)
ਉਦਮੁ ਕਰਉ, ਦਰਸਨੁ ਪੇਖਨ
ਕੌ; ਕਰਮਿ (ਬਖ਼ਸ਼ਸ਼ ਦੀ ਰਾਹੀਂ) ਪਰਾਪਤਿ ਹੋਇ ॥(ਸਾਰੰਗ
ਮ:੫/੧੨੨੩) ਗੁਰਬਾਣੀ ਦੀ ਅਜਿਹੀ ਪ੍ਰੇਮ ਭਰਪੂਰ ਰੱਬੀ ਸੇਧ ਕਾਰਨ
ਸਾਡੇ ਮਨ ‘ਚ ਨਿਮਰਤਾ ਦਾ ਅਹਿਸਾਸ ਉਪਜਣ ਦੇ ਨਾਲ਼ ਹੀ ਸਾਡਾ ਰੱਬ ਤੇ
ਵਿਸ਼ਵਾਸ ਹੋਰ ਵੀ ਦ੍ਰਿੜ੍ਹ ਹੁੰਦਾ ਜਾਂਦਾ ਹੈ।
ਗੁਰਬਾਣੀ ਸਾਨੂੰ ਹਲੂਣਾ ਵੀ
ਦਿੰਦੀ ਹੈ ਤਾਂ ਕਿ ਅਸੀਂ ਗ਼ੈਰਤ ਭਰਿਆ ਜੀਵਨ ਜਿਊਣ ਦੇ ਨਾਲ਼ ਹੀ
ਜ਼ੁਲਮ ਦਾ ਟਾਕਰਾ ਕਰਨ ਦੇ ਸਮਰੱਥ ਵੀ ਬਣ ਸਕੀਏ, ਜਿਵੇਂ ਕਿ: ਸੋ
ਜੀਵਿਆ, ਜਿਸੁ ਮਨਿ ਵਸਿਆ ਸੋਇ ॥ ਨਾਨਕ! ਅਵਰੁ ਨ ਜੀਵੈ ਕੋਇ ॥ ਜੇ
ਜੀਵੈ, ਪਤਿ ਲਥੀ ਜਾਇ ॥ ਸਭੁ ਹਰਾਮੁ, ਜੇਤਾ ਕਿਛੁ ਖਾਇ ॥ (ਮ:੧/੧੪੨) ਤਾਂ
ਤੇ ਗੁਰਬਾਣੀ ਤੋਂ ਸੱਖਣਾ ਜੀਵਨ ਲਾਹਨਤ ਯੋਗ ਹੀ ਮੰਨਿਆ ਜਾ ਸਕਦਾ ਹੈ,
ਜਿਵੇਂ ਕਿ ਗੁਰ-ਵਾਕ ਹੈ: ਸਤਿਗੁਰੂ
ਨ ਸੇਵਿਓ; ਸਬਦੁ ਨ ਰਖਿਓ ਉਰ ਧਾਰਿ ॥ ਧਿਗੁ ਤਿਨਾ ਕਾ ਜੀਵਿਆ; ਕਿਤੁ
ਆਏ ਸੰਸਾਰਿ?॥ (ਮ:੩/੧੪੧੪) ਪਰ ਇਸ ਦੇ ਉਲਟ, ਸਤਿਗੁਰੂ ਦੇ ਸ਼ਬਦ
ਨਾਲ਼ ਜੁੜ ਕੇ ਇੱਕ ਗੁਰਸਿੱਖ ਸਹਿਜੇ ਹੀ ਸਕਾਰਾਤਮਕ ਮਾਨਸਿਕ ਤਰੰਗਾਂ
ਦਾ ਅਨੁਭਵ ਕਰ ਸਕਦਾ ਹੈ: ਊਚੀ
ਬਾਣੀ, ਊਚਾ ਹੋਇ ॥(ਆਸਾ ਮ:੩/੩੬੧)
ਸਾਚੀ ਬਾਣੀ, ਸੂਚਾ ਹੋਇ ॥ਗੁਣ ਤੇ ਨਾਮੁ, ਪਰਾਪਤਿ ਹੋਇ ॥ (ਆਸਾ
ਮ:੩/੩੬੧)
ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਨਿਆਈਂ ਹੈ, ਜਿੱਥੇ ਸ਼ਾਂਤੀ
ਸੰਭਵ ਨਹੀਂ ਬਲਕਿ ਕਰਤਾਰ ਦੀ ਕੁਦਰਤ ‘ਚ ਲਗਾਤਾਰ ਟਕਰਾਉ ਰਹਿੰਦਾ ਹੈ।
ਮਸਲਨ ਕਿਧਰੇ ਗੁਰਮੁਖ ਤੇ ਮਨਮੁਖ ਦਾ ਟਕਰਾਉ ਜਾਂ ਫਿਰ ਨੇਕੀ ਬਨਾਮ ਬਦੀ
ਆਦਿ ਤੇ ਕਦੀ ਸਾਡਾ ਆਪਣੇ ਹੀ ਮਨ ਨਾਲ਼ ਟਕਰਾਉ ਭਾਵ ਕਿ ਲਗਾਤਾਰ
ਸੰਘਰਸ਼ ਕੁਦਰਤ ਦਾ ਇੱਕ ਅਟੱਲ ਨਿਯਮ ਜਾਪਦਾ ਹੈ। ਅਜਿਹੇ ‘ਚ ਆਪਣੇ
ਅੰਦਰ ਸ਼ਾਂਤ ਵਰਤਾਉਣ ਭਾਵ ਕਿ ਆਪਣੇ ਮਨ ‘ਚੋ ਤ੍ਰਿਸ਼ਨਾ, ਈਰਖਾ ਆਦਿ
ਦਾ ਸਾੜਾ ਖਤਮ ਜਾਂ ਕਹਿ ਲਈਏ ਕਿ ਅਉਗੁਣਾਂ ਤੇ ਗੁਣਾਂ ਦੇ ਅਨੁਪਾਤ
ਨੂੰ ਸਹੀ ਕਰਨ ਲਈ ਸਾਡਾ ਗੁਰਬਾਣੀ ਨਾਲ਼ ਜੁੜਨਾ ਅਤਿ ਜ਼ਰੂਰੀ ਹੋ
ਜਾਂਦਾ ਹੈ। ਗੁਰਮਤਿ ਦੇ ਅਥਾਹ ਖ਼ਜ਼ਾਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ
ਤੁਕਾਂ ਬੇਅੰਤ ਰੂਹਾਨੀ ਰਮਜ਼ਾਂ ਨਾਲ਼ ਭਰਪੂਰ ਹਨ। ਮਿਥਿਹਾਸਕ ਹਵਾਲਿਆਂ
(ਜਿਨ੍ਹਾਂ ਦਾ ਮਕਸਦ ਮਹਿਜ਼ ਨਿਰੰਕਾਰ ਨਾਲ ਜੋੜ੍ਹਨਾ ਹੈ) ਤੋਂ ਲੈ ਕੇ
ਲਗਾਂ, ਮਾਤਰਾਂ ਦੀ ਭਿੰਨਤਾ ‘ਚ ਵੀ ਜੀਵਨ ਪਲਟਾਊ ਪ੍ਰੇਰਨਾ ਝਲਕਦੀ
ਹੈ।ਇਹ ਵੀ ਦਰੁਸਤ ਹੈ ਕਿ ਗੁਰਬਾਣੀ ‘ਚ ਸਰੀਰਕ ਦੁੱਖ ਦੀ ਨਹੀਂ ਬਲਕਿ
ਮੁੱਖ ਤੌਰ ਤੇ ਮਨ ਨਾਲ਼ ਸੰਬੰਧਿਤ ਰੋਗ (ਜਿਵੇਂ ਕਿ ਹਉਮੈਂ,
ਤ੍ਰਿ਼ਸ਼ਨਾ, ਚਿੰਤਾ, ਆਤਮਿਕ ਅਗਿਆਨਤਾ ਆਦਿ) ਹੀ ਵਿਚਾਰੇ ਗਏ ਹਨ।
ਅਜਿਹੇ ਰੋਗਾਂ ਤੋਂ ਨਜਾਤ ਪਾਉਣ ਲਈ ਗੁਰਮਤਿ ਸਾਨੂੰ ਅਕਾਲ ਪੁਰਖ ਦੇ ਕੁਝ ਗੁਣ
ਅਪਣਾਉਣ ਦੀ ਲੋੜ ਤੇ ਜ਼ੋਰ ਦਿੰਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ
ਆਸ਼ਾਵਾਦੀ ਹੋ ਕੇ ਭਾਵ ਚੜ੍ਹਦੀ ਕਲਾ ‘ਚ ਗੁਜ਼ਾਰ ਸਕੀਏ। ਗੁਣਾਂ ਨਾਲ਼
ਭਰਪੂਰ ਹੇਠਲੇ ਕੁਝ ਇੱਕ ਗੁਰ-ਵਾਕਾਂ ਨੂੰ ਵਿਚਾਰਨਾ ਲਾਭਕਾਰੀ ਰਹੇਗਾ
ਕਿਉਂਕਿ ਅਜਿਹੇ ਰੱਬੀ ਗੁਣਾਂ ਨੂੰ ਆਪਣੇ ਸੁਭਾਉ ਦਾ ਅੰਗ ਬਣਾਏ ਬਿਨਾ
ਸਾਡੇ ਵੱਲੋਂ ਰੂਹਾਨੀਅਤ ਬਲ (ਅਨੁਭਵ) ਨੂੰ ਹਾਸਲ ਕਰਨਾ ਮੁਮਕਿਨ ਨਹੀਂ
ਹੋ ਸਕਦਾ: ਸਤੁ
ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥ਆਪੁ ਛੋਡਿ, ਸਭ ਹੋਇ ਰੇਣਾ;
ਜਿਸੁ ਦੇਇ ਪ੍ਰਭੁ ਨਿਰੰਕਾਰੁ ॥( ਸਿਰੀਰਾਗੁ ਮ:੫/੫੧)=
ਨਿਮਰਤਾ, ਸੱਚਾਈ, ਦਇਆ (ਮਨੁੱਖਤਾ), ਸੰਤੋਖ, ਰੱਬੀ ਬਖ਼ਸ਼ਸ਼
ਦੁਖੁ ਨਾਹੀ, ਸਭੁ
ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ॥
ਬੁਰਾ ਨਹੀ, ਸਭੁ ਭਲਾ ਹੀ
ਹੈ ਰੇ; ਹਾਰ ਨਹੀ, ਸਭ ਜੇਤੈ ॥( ਕਾਨੜਾ ਮ:੫/੧੩੦੨)= ਚੜ੍ਹਦੀ
ਕਲਾ, ਆਨੰਦ
ਪਰ ਤ੍ਰਿਅ ਰੂਪੁ, ਨ
ਪੇਖੈ ਨੇਤ੍ਰ ॥( ਗਉੜੀ ਮ:੫/੨੭੪) =
ਉੱਚਾ ਆਚਰਨ
ਜਿਨ ਜਾਨਿਆ, ਸੇਈ ਤਰੇ;
ਸੇ ਸੂਰੇ, ਸੇ ਬੀਰ ॥( ਰਾਮਕਲੀ ਮ:੫/੯੨੯)=
ਬੰਦਗੀ, ਸੂਰਮਤਾਈ(ਬਹਾਦਰੀ) [ ਨੋਟ: ਗੁਰਮਤਿ ‘ਚ ਰੂਹਾਨੀ ਮੰਡਲ ਦੀ
ਉਚਾਈ ਨੂੰ ਛੋਹਣ ਵਾਲੇ ਨੂੰ ਹੀ ਅਸਲੀ ਸੂਰਮਾ ਮੰਨਿਆ ਗਿਆ ਹੈ। ਇਸੇ
ਕਰਕੇ ਭਾਈ ਘਨ੍ਹਈਆ ਜੀ ਵਰਗੇ ਯੋਧੇ ਸਹਿਜੇ ਹੀ ਗੁਰੂ ਦੀ ਨਜ਼ਰ ‘ਚ
ਪ੍ਰਵਾਨ ਹੋ ਜਾਂਦੇ ਹਨ।]
ਨਦੀ ਤਰੰਦੜੀ, ਮੈਡਾ
ਖੋਜੁ ਨ ਖੁੰਭੈ; ਮੰਝਿ ਮੁਹਬਤਿ ਤੇਰੀ ॥
ਤਉ ਸਹ! ਚਰਣੀ, ਮੈਡਾ ਹੀਅੜਾ ਸੀਤਮੁ; ਹਰਿ! ਨਾਨਕ ਤੁਲਹਾ ਬੇੜੀ
॥( ਗੁਜਰੀ ਮ:੫/੫੨੦)=ਸੱਚੀ ਪ੍ਰੀਤ/ ਆਪਾ-ਸਮਰਪਣ
ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ, ਜਿ ਕਿਓਨੁ ॥
ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ ॥ ( ਰਾਮਕਲੀ: ਬਲਵੰਡ-ਸੱਤਾ/੯੬੭)=ਪਰਖ
( ਗੁਰਮਤਿ ਅਨੁਸਾਰ ਸਿੱਖ ਕੰਨਾਂ ਦਾ ਕੱਚਾ ਭਾਵ ਲਾਈਲੱਗ ਨਹੀਂ ਬਲਕਿ
ਘੋਖਣ ਦਾ ਆਦੀ ਹੋਵੇ ਤੇ ਪਰਖ ਦੀ ਕਸਵੱਟੀ ਹਮੇਸ਼ਾਂ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਹੀ ਹੋਣੀ ਚਾਹੀਦੀ ਹੈ।)
ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ॥
ਸੁਖੁ ਦੁਖੁ ਤੇਰੀ
ਆਗਿਆ ਪਿਆਰੇ! ਦੂਜੀ ਨਾਹੀ ਜਾਇ ॥
ਜੋ ਤੂੰ ਕਰਾਵਹਿ
ਸੋ, ਕਰੀ ਪਿਆਰੇ! ਅਵਰੁ ਕਿਛੁ ਕਰਣੁ ਨ ਜਾਇ ॥ (ਆਸਾ ਮ:੫/੪੩੨)= ਸਾਂਝੀਵਾਲਤਾ, ਰਜ਼ਾ
‘ਚ ਰਾਜ਼ੀ, ਸੰਤੁਸ਼ਟਤਾ
ਭਾਵੇਂ ਕਿ ਸਾਰੇ ਗੁਣਾਂ ਦੇ ਖ਼ਜ਼ਾਨੇ
ਨਿਰੰਕਾਰ ਦੀ ਵਡਿਆਈ ਤਾਂ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕੀਤੀ ਜਾ
ਸਕਦੀ ਪਰ ਫਿਰ ਵੀ ਗੁਰਬਾਣੀ ‘ਚ ਸਾਡੇ ਭਲੇ ਲਈ ਨਿਰੰਕਾਰ ਦੇ
ਬੇਅੰਤ ਗੁਣਾਂ ਦਾ ਜ਼ਿਕਰ ਤੇ ਵਿਸਥਾਰ ਕੀਤਾ ਮਿਲਦਾ ਹੈ। ਆਪਣੀ
ਪੜਚੋਲ ਲਈ ਥੱਲੇ ਦਿੱਤੀ ਗਈ ਸੂਚੀ
ਤੇ ਇੱਕ ਝਾਤ ਜ਼ਰੂਰ ਮਾਰੀਏ ਕਿਉਂਕਿ ਇਨ੍ਹਾਂ ‘ਚੋ ਕੁਝ ਇੱਕ ਗੁਣ
ਅਪਣਾਉਣ ਨਾਲ਼ ਹੀ ਅਸੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਬਾਖ਼ੂਬੀ
ਨਿਭਾ ਸਕਦੇ ਹਾਂ: ਉੱਦਮ, ਅਦਬ, ਅਡੋਲਤਾ, ਆਤਮ-ਵਿਸ਼ਵਾਸ, ਅਭਿਆਸ,
ਇਮਾਨਦਾਰੀ, ਸੇਵਾ, ਸਿਮਰਨ, ਸ਼ੁਕਰਗੁਜ਼ਾਰ, ਸਹਿਜ, ਸਿਰੜ,
ਸਹਿਨਸ਼ੀਲਤਾ, ਸ਼ਰਧਾ (ਪ੍ਰਤੀਤ), ਸਰਬੱਤ ਦਾ ਭਲਾ, ਸਵੈ-ਪੜਚੋਲ, ਸਵੈ-ਮਾਨ, ਸੁਚੇਤਤਾ, ਸਹਿਯੋਗਤਾ, ਸਾਦਗੀ,
ਸਦਭਾਵਨਾ, ਸਮ-ਦਰਸ਼ੀ, ਹੱਕ ਹਲਾਲ, ਹੌਸਲਾ, ਕਿਰਤ, ਖਿਮਾ, ਖੋਜੀ (ਚਿੰਤਕ),
ਗਿਆਨਤਾ, ਗੰਭੀਰਤਾ, ਘਾਲ਼, ਜਾਗਰੂਕਤਾ, ਜਗਿਆਸਾ, ਤਿਆਗ,
ਦੂਰਅੰਦੇਸ਼ਤਾ, ਧੀਰਜ, ਨੇਕੀ, ਨੇਕਦਿਲੀ, ਨਿਰਲੇਪਤਾ, ਨਿਰਵੈਰਤਾ,
ਨਿਡਰਤਾ, ਨਿਆਂ, ਪ੍ਰੇਮ, ਪਰਪੱਕਤਾ, ਪਰ-ਉਪਕਾਰੀ, ਬਰਾਬਰਤਾ, ਬਿਬੇਕਤਾ, ਭਾਉ, ਭਲਾ,
ਭਰੋਸਾ, ਮਿੱਠ ਬੋਲੜਾ, ਵਿਚਾਰ ਸ਼ੀਲ, ਵੰਡ ਛਕਣਾ ਆਦਿ...
ਅਸਲ ‘ਚ ਪ੍ਰਮਾਤਮਾ ਆਪ ਹੀ
ਜੀਵਾਂ ਨੂੰ ਗੁਣ ਗਾਇਨ ਲਈ ਪ੍ਰੇਰਦਾ ਹੈ ਤੇ ਆਪ ਹੀ ਗੁਰੂ ਦੇ
ਸ਼ਬਦ ‘ਚ ਜੋੜ੍ਹਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਹਨ: ਆਪੇ
ਗੁਣ ਆਪੇ ਕਥੈ; ਆਪੇ ਸੁਣਿ ਵੀਚਾਰੁ ॥
ਆਪੇ ਰਤਨੁ ਪਰਖਿ
ਤੂੰ; ਆਪੇ ਮੋਲੁ ਅਪਾਰੁ ॥ਸਾਚਉ ਮਾਨੁ ਮਹਤੁ ਤੂੰ; ਆਪੇ ਦੇਵਣਹਾਰੁ
॥ ( ਸਿਰੀਰਾਗੁ ਮ:੧/੫੪) ਭਾਵ ਕਿ ਪਰਵਰਦਗਾਰ ਆਪ ਹੀ (ਆਪਣੇ)
ਗੁਣ ਹੈ, ਤੇ ਆਪ ਹੀ ਉਹਨਾਂ ਗੁਣਾਂ ਨੂੰ ਬਿਆਨ ਕਰਦਾ ਹੈ ਤੇ ਫਿਰ
ਆਪ ਹੀ ਸੁਣ ਕੇ ਉਸ ਨੂੰ ਵਿਚਾਰਦਾ ਹੈ.......ਆਪ ਹੀ ਵਡਿਆਈ ਦੇਣ
ਵਾਲਾ ਹੈ। ਬਸ, ਅਕਾਲ ਪੁਰਖ ਨੇ ਸਾਨੂੰ ਮਨੁੱਖਾਂ ਨੂੰ ਮਾਣ
ਬਖ਼ਸ਼ਿਆ ਹੈ ( ਮਾਣਸ
ਕਉ, ਪ੍ਰਭਿ ਦੀਈ ਵਡਿਆਈ ॥ ਮਾਰੂ ਮ:੫/੧੦੭੫) ਕਿ ਅਸੀਂ
ਉਸ ਨਾਲ਼ ਇੱਕ-ਮਿੱਕ ਹੋ ਸਕਦੇ ਹਾਂ। ਅਸੀਂ ਨਿਰੰਕਾਰ ਵੱਲੋਂ
ਬਖ਼ਸ਼ੀ ਇਸ ਵਡਿਆਈ ਨੂੰ ਇੱਕ ਅਨਮੋਲਕ ਬਖ਼ਸ਼ਸ਼ ਮੰਨ ਕੇ, ਸ਼ੁਕਰਾਨੇ
ਵਜੋਂ ਗੁਣ ਗਾਉਣੇ ਹਨ। ਗੁਣ
ਗਾਉਣ ਤੋਂ ਭਾਵ ਗੁਣਾਂ ਨੂੰ ਆਪਣੇ ਜੀਵਨ ‘ਚ ਢਾਲਣ ਤੋਂ ਹੈ ਤੇ ਨਿਰੰਕਾਰ
ਦੇ ਗੁਣਾਂ ਦਾ ਸਾਡੇ ਜੀਵਨ ‘ਚ ਉੱਘੜ ਆਉਣਾ ਹੀ ਗੁਣਾਂ ਦੀ ਅਸਲ
ਵਿਚਾਰ ਕਰਨਾ ਹੈ।
ਜਿਵੇਂ ਇੱਕ ਨਦੀ ਤਾਂਘ ਨਾਲ਼ ਮਸਤੀ ‘ਚ ਵਗਦੀ ਜਾਂਦੀ
ਹੈ ਕਿ ਉਸ ਨੇ ਅਖੀਰ ਆਪਣੇ ਅਸਲ ਘਰ; ਸਮੁੰਦਰ ‘ਚ ਸਮਾ ਜਾਣਾ ਹੈ, ਤਿਵੇਂ
ਹੀ ਗੁਣਾਂ ਨਾਲ਼ ਸ਼ਿੰਗਾਰੇ ਜਾ ਚੁੱਕੇ ਗੁਰਸਿੱਖ ਦੇ
ਮਨ ‘ਚ ਵਿਸ਼ਵਾਸ ਬੱਝ ਜਾਂਦਾ ਹੈ ਕਿ ਉਹ ਵੀ ਪਰਮ-ਜੋਤ ‘ਚ ਸਮਾ ਜਾਵੇਗਾ: ਜਿਨ
ਕਉ ਕ੍ਰਿਪਾ ਕਰੀ ਜਗਜੀਵਨਿ; ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ
ਦਰਿ ਕਾਗਦ ਫਾਰੇ; ਜਨ ਨਾਨਕ, ਲੇਖਾ ਸਮਝਾ ॥( ਜੈਤਸਰੀ ਮ:੪/੬੯੮) ਮਾਲਕ
ਦੀ ਰਜ਼ਾ ‘ਚ ਰਾਜ਼ੀ ਤੇ ਗੁਰ-ਸ਼ਬਦ ਰਾਹੀਂ ਪੰਜ-ਤੱਤੀ ਸਰੀਰ ਦੇ ਮੋਹ
‘ਚੋ ਨਿਕਲ਼ ਚੁੱਕਿਆ ਗੁਰਸਿੱਖ ਹੁਣ ਸਰੀਰਕ ਮੌਤ ਦੇ ਡਰ ਤੋਂ ਵੀ
ਛੁਟਕਾਰਾ ਪਾ ਲੈਂਦਾ ਹੈ: ਬਹੁਰਿ,
ਹਮ ਕਾਹੇ ਆਵਹਿਗੇ?॥ ਆਵਨ
ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ ॥( ਮਾਰੂ ਭ. ਕਬੀਰ
ਜੀ/੧੧੦੩) ਪਰ ਧਿਆਨ ਰਹੇ ਕਿ ਅਜਿਹਾ ਵਿਸ਼ਵਾਸ ਆਪਣੀ ਕਾਬਲੀਅਤ (ਝੂਠੇ
ਅਹੰਕਾਰ) ਕਰਕੇ ਨਹੀਂ ਬਲਕਿ ਨਿਮਰਤਾ ਅਤੇ ਆਪਣੇ ਪ੍ਰਭੂ ਪਿਤਾ ਤੇ ਮਾਣ
ਹੋਣ ਕਾਰਨ ਉਪਜਦਾ ਹੈ: ਮਾਨੁ
ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ!॥ ਹਮ ਅਪਰਾਧੀ, ਸਦ ਭੂਲਤੇ;
ਤੁਮ੍ਹ ਬਖਸਨਹਾਰੇ ॥( ਬਿਲਾਵਲ ਮ:੫/੮੦੯)
ਸੋ, ਅਸੀਂ ਵੇਖ ਸਕਦੇ ਹਾਂ ਕਿ
ਗੁਰਬਾਣੀ ਸਾਨੂੰ ਜੀਵਨ ਦੇ ਹਰ ਖੇਤਰ ‘ਚ ਆਸ਼ਾਵਾਦੀ ਬਣਾਉਂਦੀ ਹੈ। ਵਿਗਿਆਨ
ਨੂੰ ਵੀ ਸੇਧ ਦੇਣ ਵਾਲੀ ਗੁਰਮਤਿ ਨਵੇਂ ਜੁੱਗ ਦਾ ਧਰਮ ਹੈ ਤੇ ਅਜੋਕੀ ਤੇਜ਼
ਰਫ਼ਤਾਰ ਜ਼ਿੰਦਗੀ ਕਾਰਨ ਉਪਜ ਰਹੇ ਮਾਨਸਿਕ ਤਣਾਉ, ਨਿਰਾਸ਼ਾ, ਉਦਾਸੀ ਤੇ
ਦੁਨਿਆਵੀ ਚਿੰਤਾਵਾਂ ਨੂੰ ਦੂਰ ਕਰਨ ਲਈ ਗੁਰਬਾਣੀ ਹੀ ਇੱਕ ਵਾਹਦ ਹੱਲ ਹੈ। ਗੁਰਬਾਣੀ
ਦੀ ਖ਼ਾਸੀਅਤ (ਵਿਲੱਖਣਤਾ) ਹੀ ਇਹ ਹੈ ਕਿ ਰਹੱਸਵਾਦ ਨੂੰ ਬਹੁਤ ਸਰਲ ਢੰਗ
ਨਾਲ਼ ਸਮਝਾਉਣ ਦੇ ਨਾਲ਼ ਹੀ ਸਾਨੂੰ ਬਿਹਤਰੀਨ ਸੰਸਾਰੀ ਜੀਵਨ ਜਾਚ ਵੀ
ਸਿਖਾਉਂਦੀ ਹੈ; ਗੁਣਾਂ ਨਾਲ਼ ਭਰਪੂਰ ਅਜਿਹੀ ਸੁਚੱਜੀ ਜੀਵਨ ਜਾਚ ਹੀ ਫਿਰ
ਨਿਰੰਕਾਰ ਦੀ ਪ੍ਰਾਪਤੀ ਲਈ ਅਤਿ ਸਹਾਈ ਹੋ ਨਿਬੜਦੀ ਹੈ। ਬੰਦੇ!
ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥( ਤਿਲੰਗ ਭ:ਕਬੀਰ
ਜੀ/੭੨੭) ਤੋਂ ਅਸਲ ਭਾਵ ਵੀ ਇਹ ਹੀ ਹੈ ਕਿ ਨਿਤਾਪ੍ਰਤੀ ਗੁਰਬਾਣੀ ਦੀ
ਕਸਵੱਟੀ ਤੇ ਸਾਨੂੰ ਆਪਣੀ ਪੜਚੋਲ ਕਰਨੀ ਚਾਹੀਦੀ ਹੈ। ਆਓੁ! ਮਨ, ਬਚਨ, ਕਰਮ
ਨਾਲ਼ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ, ਕਮਾਈਏ ਤੇ ਇਹ ਅਰਦਾਸ ਕਰੀਏ: ਹਉ
ਜੀਵਾ ਗੁਣ ਸਾਰਿ, ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ, ਸਹਜੇ ਰਸਿ ਰਸੈ
॥( ਸੂਹੀ ਮ:੧/੭੫੨)
|