ਕਥਿਤ
‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ
ਕੁੱਝ ਸਾਲਾਂ ਤੋਂ ਇਹ ਹੋਰ ਵੀ ਮਘ ਉਠਿਆ ਹੈ। ਕੁੱਝ ਲੋਕ ਇਸ ਗ੍ਰੰਥ ਦੀ ਸਾਰੀ
ਬਾਣੀ ਨੂੰ ਸਿਰੀ ਗੁਰੁ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ
ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁੱਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ
ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ,
ਸਦੀਆਂ ਤੋਂ ਚਲਦੇ ਆ ਰਹੇ ਹਨ।
ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ
ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ
ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ
ਗੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ
ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ
ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ। ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ
ਪਹਿਚਾਉਣ ਦੇ ਜ਼ਿੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ
ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ
ਪਰਮਾਣਿਕਤਾ ਨੂੰ ਮੁੱਦਾ ਬਣਾਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ
ਪਿੱਛੇ ਵੀ ਕੁੱਝ ਅਜੇਹੇ ਹੀ ਕਾਰਨ ਹਨ।
ਕਥਿਤ ‘ਦਸਮ ਗ੍ਰੰਥ’ ਕਿਵੇਂ
ਹੋਂਦ ਵਿੱਚ ਆਇਆ? ਇਸ ਸਵਾਲ ਦੇ ਉੱਤਰ ਲਈ ਮੇਰੇ ਵਲੋਂ ਲਿਖੇ ਮੌਨੌਗਰਾਫ ਦਾ ਖੁਲਾਸਾ ਹਾਜ਼ਰ
ਹੈ।
(ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ।
(ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ।
(ੲ). ਦਸਮ ਗ੍ਰੰਥ ਦੀ ਮਿੱਥ ਦਾ ਆਰੰਭ: ਇੱਕ ਫ਼੍ਰੰਗੀ ਸਾਜ਼ਸ਼।
(ਸ). ਦਸਮ ਗ੍ਰੰਥ ਅਤੇ ਹੋਰ ਬੀੜਾਂ।
(ਹ). ਸੋਧਕ ਕਮੇਟੀ ਦਾ ਦਸਮ ਗ੍ਰੰਥ।
(ਕ). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ।
(ਖ). ਅਯੋਕੀ ਸਥਿਤੀ।
(ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ
ਇਸ ਭਾਗ ਨੂੰ ਕੁੱਝ ਅਹਿਮ
ਸਵਾਲਾਂ ਨਾਲ ਸ਼ੁਰੂ ਕਰਦੇ ਹਾਂ।
- ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ‘ਦਸਮ
ਗ੍ਰੰਥ’ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਂ ਗੁਰੂ ਕਾਲ ਤੋਂ ਹੀ ਸਿੱਖ
ਇਤਿਹਾਸ ਵਿੱਚ ਅੰਕਤ ਨਾ ਹੁੰਦਾ ਅਤੇ ਇਸ ਦਾ ਪ੍ਰਕਾਸ਼ ਧਾਰਮਿਕ ਸਥਾਨਾਂ 'ਤੇ ਨਾ ਕੀਤਾ
ਜਾਂਦਾ? ਖਾਸ ਕਰਕੇ ਕੀ ਇਸ ਬਾਰੇ ਸਿੱਖਾਂ ਨੂੰ ਕੋਈ ਸੂਹ ਨਾ ਹੁੰਦੀ ਅਤੇ ਇਸ ਦਾ ਨਾਂ
ਉਨ੍ਹਾਂ ਦੇ ਮਨਾਂ ਵਿੱਚ ਵਸਿਆ ਹੋਇਆ ਨਾ ਹੁੰਦਾ?
- ਕੀ ਇਸ 1428 ਸਫਿਆਂ ਦੇ ਵੱਡ ਅਕਾਰੇ
ਗ੍ਰੰਥ ਦਾ ਜ਼ਿਕਰ, ਦਸਮ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, 18ਵੀਂ ਸਦੀ ਵਿੱਚ
ਲੁਕਿਆ ਛਿਪਿਆ ਰਹਿੰਦਾ?
- ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ,
ਕੀ ਇਸ ਗ੍ਰੰਥ ਦਾ ਜ਼ਿਕਰ ਗੁਰੂ ਸਾਹਬ ਵਲੋਂ ਖ਼ੁਦ ਜਾਂ ਉਨ੍ਹਾਂ ਵਲੋਂ ਸਤਿਕਾਰੇ ਹੋਏ
52 ਦਰਬਾਰੀ ਆਨਿਨ ਸਿੱਖਾਂ ਨੇ ਆਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?
- ਅਜੇਹੇ ਅਦੁਤੀ ਅਤੇ ਵਿਸ਼ੇਸ਼ ਗ੍ਰੰਥ ਦੀ
ਮਹੱਤਾ ਨੂੰ ਮੁੱਖ ਰੱਖਦਿਆਂ, ਕੀ ਇਸ ਦਾ ਜ਼ਿਕਰ ਨਿਕਟ ਵਰਤੀ ਕਵੀਆਂ, ਲੇਖਕਾਂ ਜਾਂ
ਵੱਖ ਵੱਖ ਭਾਸ਼ਾਂਵਾਂ ਦੇ ਇਤਿਹਾਸਕਾਰਾਂ ਨੇ ਕਿਤੇ-ਨ-ਕਿਤੇ ਆਪਣੀਆਂ ਲਿਖਤਾਂ ਵਿੱਚ ਨਾ
ਕੀਤਾ ਹੁੰਦਾ?
- ਕੀ ਗੁਰੂ ਅਰਜਨ ਸਾਹਿਬ ਜੀ ਵਲੋਂ ਸੰਪਾਦਤ
ਕੀਤੇ ਗਏ ਸਿਰੀ ਗੁਰੂ ਗ੍ਰੰਥ ਸਾਹਿਬ (ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦਿ ਗ੍ਰੰਥ
ਵੀ ਕਿਹਾ ਜਾਂਦਾ ਹੈ) ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ, ਮਹਰਾਜਾ ਰਣਜੀਤ ਸਿੰਘ
ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਗੇੜੇ ਖਾਣ ਦੇ ਬਾਵਜੂਦ ਸਿੱਖਾਂ ਨੇ ਉਸ ਨੂੰ
ਸੰਭਾਲ ਕੇ ਨਹੀਂ ਰੱਖਿਆ? ਇਸੇ ਤਰਾਂ ਜੇ ਦਸਵੇਂ ਗੁਰੂ ਸਾਹਿਬ ਨੇ ਕਿਸੇ ਗ੍ਰੰਥ ਦੀ
ਰਚਨਾ ਕੀਤੀ ਹੁੰਦੀ ਤਾਂ ਲੜਾਈਆਂ, ਘਲੂਘਾਰਿਆਂ ਅਤੇ ਕੁਦਰਤੀ ਉਥਲ-ਪੁਥਲ ਦੇ ਬਾਵਜੂਦ
ਵੀ, ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾਂ ਵਾਰ ਕੇ ਵੀ ਨਾ ਕੀਤੀ ਹੁੰਦੀ?
- ਸਿਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ
ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਸੀ। ਕੀ ਦਸਮ ਗੁਰੂ
ਵਲੋਂ ਲਿਖੇ ਕਿਸੇ ਦਸਮ ਗ੍ਰੰਥ ਨੂੰ ਉਹ ਉਸੇ ਸ਼ਰਧਾ ਨਾਲ ਯਾਦ ਨਹੀਂ ਸਨ ਕਰ ਸਕਦੇ?
ਗੁਰੂ ਗੋਬਿੰਦ ਸਿੰਘ ਹੋਰਾਂ ਦੇ ਸਮਕਾਲੀ
ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇਨ੍ਹਾਂ ਸਵਾਲਾਂ ਦੇ ਉੱਤਰ ਨਹੀਂ
ਮਿਲਦੇ। ਗੁਰੁ ਸਾਹਿਬ ਸੰਨ 1708 ਈ. ਵਿੱਚ ਜੋਤੀ ਜੋਤ ਸਮਾਏ। ਇਸ ਕਾਲ ਤੋਂ ਬਾਅਦ
ਲਿਖੀਆਂ ਗਈਆਂ ਧਾਰਮਿਕ ਪੁਸਤਕਾਂ, ਰਾਜਨੀਤਕ ਰੋਜ਼ਨਾਮਚਿਆਂ ਅਤੇ ਇਤਿਹਾਸਿਕ ਦਸਤਾਵੇਜ਼ਾਂ
ਵਿੱਚ ਕਿਸੇ ‘ਦਸਮ ਗ੍ਰੰਥ’ ਦਾ ਜ਼ਿਕਰ ਨਹੀਂ ਆਇਆ। ਇਹ ਆਪਣੇ ਆਪ ਵਿੱਚ ‘ਦਸਮ ਗ੍ਰੰਥ’ ਦੀ
ਅਣਹੋਂਦ ਬਾਰੇ ਇੱਕ ਸੱਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ। ਇਸ ਤੋਂ ਬਾਅਦ ‘ਦਸਮ
ਗ੍ਰੰਥ’ ਦੀ ਹੋਂਦ ਬਾਰੇ ਸਫਾਈ ਪੇਸ਼ ਕਰਨ ਦੀ ਕੋਈ ਗੁਨਜਾਇਸ਼ ਹੀ ਨਹੀਂ ਰਹਿ ਜਾਂਦੀ। ਸਵਾਲ
ਅਤੇ ਉੱਤਰ ਦੋਵੇਂ ਇਥੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਪਰ ਫੇਰ ਵੀ ਕਈ ਸਿੱਖਾਂ, ਸੰਤਾਂ,
ਟਕਸਾਲਾਂ ਅਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਆਰ. ਐਸ. ਐਸ. ਦੇ ਹੱਥੀਂ ਚੜ੍ਹੇ/ਵਿਕੇ
ਹੋਏ ਅਖੌਤੀ ਸਿੱਖ, ਸਿਖ ਵਿਦਵਾਨ ਅਤੇ ਕੁੱਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ
ਜਥੇਦਾਰ, ਕਥਤ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਗਰਦਾਨਣ ਤੋਂ ਗੁਰੇਜ਼
ਨਹੀਂ ਕਰਦੇ। ਉਨ੍ਹਾਂ ਪਾਸ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ-ਤੁੱਪ ਕਰਕੇ ਦਲੀਲ
ਰਹਿਤ ਮਾੜੇ ਮੋਟੇ ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ, ਉਹ ਜਾਂ ਤਾਂ ਭਾਵਕ ਧਰਮ ਮਰਯਾਦਾ ਵਿਚੋਂ
ਜਨਮੇ ਹਨ ਅਤੇ ਜਾਂ ਕੱਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੁਦਪ੍ਰਸਤ
ਰਾਜਨੀਤਕ ਚਾਲਾਂ ਤੇ ਅਧਾਰਤ ਹਨ। ਇਸ ਵਿਗਿਆਨਕ ਯੁੱਗ ਵਿੱਚ ਸਚਾਈ ਦਾ ਪੱਖ ਠੋਸ ਪਰਮਾਣ ਅਤੇ
ਪੁਖਤਾ ਦਲੀਲ ਤੋਂ ਵਗੈਰ ਨਹੀਂ ਪੂਰਿਆ ਜਾ ਸਕਦਾ। ਅਸੀਂ ਏਥੇ ਕਥਤ ‘ਦਸਮ ਗ੍ਰੰਥ’ ਵਾਰੇ
ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਕੇਪ ਵਿੱਚ ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ
ਤੱਥ ਪੇਸ਼ ਕਰਾਂਗੇ।
(ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ
ਗੁਰੁ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦੇ ਕਾਲ ਵਿੱਚ ਚਾਰ
ਲਾਸਾਨੀ ਘਟਨਾਵਾਂ ਵਾਪਰੀਆਂ ਜੋ ਪਿਛਲੇ ਗੁਰੂਆਂ ਨਾਲੋਂ ਵਖਰੀਆਂ ਅਤੇ ਲਾਸਾਨੀ ਹਨ। ਪਹਿਲੀ
ਘਟਨਾ ਸੀ ਖ਼ਾਲਸਾ ਪੰਥ ਸਾਜਨ ਦੀ, ਦੂਜੀ ਰਹਿਤ ਮਰਯਾਦਾ ਕਾਇਮ ਕਰਨ ਦੀ, ਤੀਜੀ ਦਮਦਮਾ
ਸਾਹਿਬ ਵਾਲੀ ਬੀੜ ਤਿਆਰ ਕਰਨ ਦੀ ਅਤੇ ਚੌਥੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪਣ
ਦੀ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਇਤਿਹਾਸ ਵਿੱਚ ਜਾਣਕਾਰੀ ਦਰਜ ਹੈ। ਪਰ ‘ਦਸਮ
ਗ੍ਰੰਥ’ ਨੂੰ ਰਚਣ ਦੀ ਘਟਨਾ ਬਾਰੇ ਕਿਤੇ ਕੋਈ ਉਘ-ਸੁਘ ਨਹੀਂ ਮਿਲਦੀ। ਸਤਾਰਵੀਂ
ਅਤੇ ਅਠਾਰਵੀਂ ਸਦੀਆਂ ਦੇ ਇਤਿਹਾਸ ਵਿੱਚ ਕੋਈ ਵੀ ਅਜੇਹਾ ਪ੍ਰਮਾਣ ਜਾਂ ਦਸਤਾਵੇਜ਼ ਨਹੀਂ
ਮਿਲਦਾ ਜੋ ‘ਦਸਮ ਗ੍ਰੰਥ’ ਦੀ ਹੋਂਦ ਦੀ ਗਵਾਹੀ ਸਬੂਤਾਂ ਸਮੇਤ ਪੇਸ਼ ਕਰਦਾ ਹੋਵੇ। ਹੇਠਾਂ
ਅਸੀਂ ਗੁਰੂ ਸਾਹਬ ਨਾਲ ਬਾਵਸਤਾ ਸਿੱਖ ਧਰਮ ਦੀਆਂ ਮੀਰੀ ਪ੍ਰੰਪਰਾਵਾਂ ਬਾਰੇ ਇਤਿਹਾਸਤ
ਗਵਾਹੀਆਂ ਪੇਸ਼ ਕਰਾਂਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਰਚੇ ਗਏ ‘ਦਸਮ ਗ੍ਰੰਥ’ ਬਾਰੇ ਮਿਲਦੇ
ਕਿਸੇ ਵੀ ਤੱਥ ਨੂੰ ਭਾਲਣ ਦੀ ਕੋਸ਼ਿਸ਼ ਕਰਾਂਗੇ।
ਅਠਾਰਵੀਂ ਸਦੀ ਦਾ ਸਿੱਖ
ਇਤਿਹਾਸ
1. ਭਾਈ
ਨੰਦ ਲਾਲ: ਰਹਿਤ ਨਾਮਾ, ਤਨਖ਼ਾਹ ਨਾਮਾ ਅਤੇ ਸਾਖੀ ਰਹਿਤ ਕੀ (1695-1699 ਈ.)
ਭਾਈ ਨੰਦ ਲਾਲ ਜੋ ਨੰਦ ਲਾਲ ਗੋਆ ਦੇ ਨਾਂ ਨਾਲ ਵੀ ਜਾਣੇ
ਜਾਂਦੇ ਹਨ, ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ/ਸਾਹਿਤਕਾਰ
ਸਨ। ਉਨ੍ਹਾਂ ਨੇ ਬਹੁਤੀ ਰਚਨਾ ਫ਼ਾਰਸੀ ਭਾਸ਼ਾ ਵਿੱਚ ਕੀਤੀ ਜਿਵੇਂ ਜਿੰਦਗੀ ਨਾਮਾ,
ਦੀਵਾਨਿ ਗੋਯਾ, ਤੌਸੀਫ਼-ਓ-ਸਨਾ, ਜੋਤ ਬਿਗਾਸ, ਗੰਜ ਨਾਮਾ, ਦਸਤੂਰੁਲ-ਇਨਸ਼ਾ,
ਅਰਜ਼ੁਲ-ਅਲਫ਼ਾਜ਼। ਤਿੰਨ ਰਚਨਾਵਾਂ ਪੰਜਾਬੀ ਵਿੱਚ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ
ਹਨ ‘ਜੋਤ ਬਿਗਾਸ’, ‘ਰਹਿਤ ਨਾਮਾ’ ਅਤੇ ‘ਤਨਖ਼ਾਹ ਨਾਮਾ’। ਜੋਤ
ਬਿਗਾਸ ਇਸੇ ਨਾਂ ਦੀ ਫ਼ਾਰਸੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ। ਰਹਿਤ
ਨਾਮਾ ਅਤੇ ਤਨਖ਼ਾਹ ਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਭਾਈ ਨੰਦ ਲਾਲ
ਹੋਰਾਂ ਵਿਚਕਾਰ ਧਰਮ ਮਰਯਾਦਾ ਬਾਰੇ ਵਿਚਾਰ ਵਟਾਂਦਰਾ ਹੈ। ਰਹਿਤਨਾਮਾ,
ਸਤਲੁਜ ਕੰਢੇ ਆਨੰਦਪੁਰ ਵਿਖੇ 1595 ਈ. ਵਿੱਚ ਲਿਖਿਆ ਗਿਆ। ਇਸ ਵਿੱਚ ‘ਖ਼ਾਲਸਾ’ ਦੀ
ਸਾਜਨਾ ਜਾਂ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ, ਕਿਉਂਕਿ ਉਸ ਵੇਲੇ ਤੱਕ ਗੁਰੂ
ਗੋਬਿੰਦ ਸਿੰਘ ਜੀ ਨੇ ਅਜੇ ਖ਼ਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਅਤੇ ਨਾ ਹੀ ਆਪਣੇ ਨਾਂ
ਨਾਲ ਸਿੰਘ ਦੀ ਵਰਤੋਂ ਕੀਤੀ ਸੀ। ਸਿੱਧ ਹੈ ਕਿ ਇਹ 1699 ਈ. ਤੋਂ ਪਹਿਲਾਂ
ਦੀ ਰਚਨਾ ਹੈ। ਤਨਖ਼ਾਹ ਨਾਮਾ ਖ਼ਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿੱਚ
ਸ਼ਬਦ ‘ਖ਼ਾਲਸਾ’ ਅਤੇ ‘ਸਿੰਘ’ ਆਮ ਵਰਤੇ ਗਏ ਹਨ ਅਤੇ ਅਖੀਰ ਵਿੱਚ ‘ਖ਼ਾਲਸਾ’ ਦੀ ਉਸਤਤਿ
ਕੀਤੀ ਗਈ ਹੈ। ਰਹਿਤ ਨਾਮਾ ਵਿੱਚ ਗੁਰੂ ਦਸਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ।
ਇਹ ਤਿੰਨ ਰੂਪ ਹਨ: ਨਿਰਗੁਣ, ਸਰਗੁਣ ਅਤੇ ਗੁਰਸ਼ਬਦ। ਗੁਰੂ ਜੀ ਫਰਾਉਂਦੇ ਹਨ ਕਿ ਇਹ
ਤਿੰਨੋ ਰੂਪ ਸਿਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਜਿਸ ਨੇ ਮੇਰੇ ਦਰਸ਼ਨ ਕਰਨੇ
ਹੋਣ ਉਹ ਗੁਰੁ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਸੁਣ ਕੇ ਦਰਸ਼ਨ ਕਰਕੇ ਕਰ ਸਕਦਾ ਹੈ।
2. ਸੈਨਾਪਤਿ: ਸ੍ਰੀ ਗੁਰ ਸੋਭਾ (1711 ਈ.)
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ
ਜੋਤ ਸਮਾਉਣ (1708 ਈ.) ਤੋਂ ਤਿੰਨ ਸਾਲ ਬਾਅਦ 1711 ਈ. ਵਿੱਚ ਲਿਖੀ ਸੈਨਾਪਤਿ ਦੀ
ਲਿਖਤ, ‘ਸ੍ਰੀ ਗੁਰ ਸੋਭਾ’ ਮਿਲਦੀ ਹੈ ਜਿਸ ਦਾ ਕਰਤਾ ਗੁਰੂ ਸਾਹਬ ਦੇ 52 ਆਨਿਨ ਸਿੱਖ
ਲਿਖਾਰੀਆਂ ਵਿਚੋਂ ਨਿਸਚੇ ਹੀ ਸਿਰਕੱਢ ਸੀ। ਇਸ ਵਿੱਚ ਜੋ ਕੁੱਝ ਉਸ ਨੇ
ਦਰਬਾਰੀ ਕਵੀ ਹੋਣ ਕਰ ਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ, ਉਹੋ ਕੁੱਝ ਬਿਆਨ ਕੀਤਾ
ਹੈ। ‘ਸ੍ਰੀ ਗੁਰ ਸੋਭਾ’ ਵਿੱਚ ਬਿਆਨੇ ਹੋਏ ਇਤਿਹਾਸਕ ਤੱਥਾਂ ਦੀ ਤਸਦੀਕ ਮੁਗਲ
ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ, ‘ਅਹਿਕਾਮਿ-ਆਲਮਗੀਰੀ’,
‘ਅਖ਼ਬਾਰਾਤਿ-ਦਰਬਾਰਿ-ਮੁਅੱਲਾਂ’, ‘ਤਵਾਰੀਖ ਮੁਅੱਜ਼ਮ ਸ਼ਾਹ’, ‘ਬਹਾਦੁਰ ਸ਼ਾਹ ਨਾਮੇ’
ਅਤੇ ‘ਤਾਰੀਖਿ ਬਹਾਦੁਰ ਸ਼ਾਹ’ ਨਾਲ ਮਿਲਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੈਨਾਪਤਿ ਨੇ
ਗੁਰੂ ਗੋਬਿੰਦ ਸਿੰਘ ਦੇ ਕਾਲ ਦਾ ਅੱਖੀਂ ਠਿੱਡਾ ਹਾਲ ਬਿਆਨ ਕੀਤਾ ਹੈ। ਉਸ
ਨੇ ਗੁਰੂ ਸਾਹਬ ਦੇ ਜੀਵਨ ਦੀ ਅਹਿਮ ਘਟਨਾ ਅਰਥਾਤ ਖ਼ਾਲਸੇ ਦੀ ਸਾਜਨਾ ਬਾਰੇ ਖੁਲ੍ਹ ਕੇ
ਲਿਖਿਆ ਹੈ, ਰਹਿਤ ਮਰਯਾਦਾ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ
ਬਾਰੇ ਲਿਖਿਆ, ਪਰ ਕਥਤ “ਦਸਮ ਗ੍ਰੰਥ” ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ।
3. ਪਰਚੀਆਂ ਸੇਵਾਦਾਸ (1711-1738)
ਇਹ ਕਈ ਨਾਵਾਂ ਨਾਲ ਜਾਣੀਆਂ ਜਾਂਦੀਆ ਹਨ ਜਿਵੇਂ ਸਾਖੀਆਂ ਸੇਵਾ
ਦਾਸ ਉਦਾਸੀ, ਮਹਿਲਾ ਦਸਾਂ ਕੀਆਂ ਸਾਖੀਆਂ, ਸਾਖੀਆਂ ਦਸਾਂ ਪਾਤਸ਼ਾਹੀਆਂ ਕੀਆਂ ਅਤੇ
ਪਰਚੀਆਂ ਪਾਤਸ਼ਾਹੀ 10. ਇਨ੍ਹਾਂ ਪਰਚੀਆਂ ਵਿੱਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ
ਦਸਾਂ ਗ੍ਰੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ। ਪਹਿਲੇ ਅੱਠ ਗੁਰੂਆਂ ਨਾਲ
ਵਾਬਸਤਾ ਇੱਕ ਸਾਖੀ ਹੈ, ਨੌਵੇਂ ਗੁਰੂ ਬਾਰੇ ਚਾਰ ਹਨ ਅਤੇ ਬਾਕੀ ਦੀਆਂ 38 ਦਸਵੇਂ
ਗੁਰੂ ਨਾਲ ਸੰਬੰਧਤ ਜੀਵਨ ਝਾਕੀਆਂ ਬਾਰੇ ਹਨ। ਇਨ੍ਹਾਂ ਵਿੱਚ ਮਸੰਦਾਂ ਦੇ ਕਿਰਦਾਰ
ਬਾਰੇ ਕਾਫੀ ਕੁੱਝ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ
ਬਾਰੇ ਇੱਕ ਵੀ ਵਿਰਤਾਂਤ ਨਹੀਂ। ਇਹ ਸਾਖੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ
ਗੁਰੁ ਗੋਬਿੰਦ ਸਿੰਘ ਵੇਲੇ ਦਸਮ ਗ੍ਰੰਥ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ।
4. ਕੁਇਰ ਸਿੰਘ: ਗੁਰਬਿਲਾਸ
ਪਾਤਸ਼ਾਹੀ 10 (1751-?)
ਇਸ ਗ੍ਰੰਥ ਦਾ ਕਰਤਾ ਇੱਕ ਸਹਿਜਧਾਰੀ ਸਿੱਖ ਕੁਇਰ ਸਿੰਘ ਹੈ। ਇਹ
ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿੱਚ
ਲਿਖਿਆ ਗਿਆ। ਕਿਉਂਕਿ ਕੁਅਰ ਸਿੰਘ ਭਾਈ ਮਨੀ ਸਿੰਘ ਦਾ ਨਿਕਟ ਸਮਕਾਲੀ ਰਿਹਾ
ਸੀ ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਅੰਕਤ ਵਾਕਫੀਅਤ ਮਨੀ ਸਿੰਘ ਦੇ ਵਿਆਖਿਆਨਾਂ
ਤੇ ਅਧਾਰਤ ਹੈ (ਫੌਜਾ ਸਿੰਘ, 1968)। ਉਸ ਪਾਸ ਸੈਨਾਪਤਿ ਦੀ ‘ਗੁਰ ਸੋਭਾ’ ਅਤੇ
‘ਬਚਿਤ੍ਰ ਨਾਟਕ’ ਵੀ ਮੌਜੂਦ ਸਨ। ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਗੁਰੂ ਸਾਹਿਬ
ਦੇ ਜੀਵਨ ਬਾਰੇ ਸੱਭ ਤੋਂ ਵੱਧ ਭਰੋਸੇਯੋਗ ਵਿਸਥਾਰ ਮਿਲਦਾ ਹੈ। ਇਸ
ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ
ਜ਼ਿਕਰ ਹੈ। ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿੱਚ ਲਜਾਇਆ ਗਿਆ ਅਤੇ ਅਗਲਾ ਸਿਰ ਮੰਗਣ
ਤੋਂ ਪਹਿਲਾਂ ਲਹੂ ਨਾਲ ਭਿੱਝੀ ਤਲਵਾਰ ਦਰਬਾਰ ਵਿੱਚ ਦਿਖਾਈ ਗਈ। ਇਸ ਸਾਰੇ
ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ‘ਸਿੰਘ’ ਦਾ ਨਾਮ
ਦੇ ਕੇ ਕਕਾਰ ਪਹਿਨਾਏ ਗਏ। ਮਗਰੋਂ ਇਸੇ ਬਾਟੇ ਚੌਂ ਗੁਰੂ ਸਾਹਬ ਅੰਮ੍ਰਿਤ ਛੱਕ ਕੇ
ਖ਼ੁਦ ਵੀ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ, “ਵਾਹ ਵਾਹ ਗੁਰੁ ਗੋਬਿੰਦ ਸਿੰਘ ਆਪੇ
ਗੁਰ ਚੇਲਾ” ਮਸ਼ਹੂਰ ਹੋ ਗਈ। ਇਸ ਗ੍ਰੰਥ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ
ਅਤੇ ਅੰਮ੍ਰਿਤ ਛੱਕਣ ਵਾਲਿਆਂ ਲਈ ਰਹਿਤ ਦਾ ਵੀ ਜ਼ਿਕਰ ਹੈ ਅਤੇ ਪੰਜ ਕਕਾਰਾਂ ਦਾ ਵਰਨਣ
ਵੀ ਹੈ। ਇਸ ਪੁਸਤਕ ਦੇ ਨੌਵੇਂ ਅਧਿਆਏ ਵਿੱਚ ਖ਼ਾਲਸਾ ਪੰਥ
ਦੀ ਸਾਜਨਾ ਵਾਰੇ ਵਿਸਥਾਰ ਪੂਰਬਕ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਕੁੱਝ ਵੀ
ਨਹੀਂ ਲਿਖਿਆ ਹੋਇਆ। ਦਸਮ ਗ੍ਰੰਥ ਦੀ ਜਿਸ ਬੀੜ ਨੂੰ ਮਨੀ ਸਿੰਘ ਦੇ ਨਾਂ ਨਾਲ
ਜੋੜ ਕੇ ਦਸਮ ਗ੍ਰੰਥ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਕੀ ਉਸ ਬਾਰੇ ਭਾਈ ਕੁਇਰ ਸਿੰਘ
ਨੂੰ ਨਾ ਪਤਾ ਹੁੰਦਾ ਜੋ ਮਨੀ ਸਿੰਘ ਹੋਰਾਂ ਦਾ ਨਿਕਟ ਵਰਤੀ ਰਿਹਾ ਹੈ?
5. ਕੇਸਰ ਸਿੰਘ ਛਿੱਬੜ: ਬੰਸਾਵਲੀਨਾਮਾ
ਦਸਾਂ ਪਾਤਸ਼ਾਹੀਆਂ ਕਾ (1779 ਈ. -?)
ਸਭ ਤੋਂ ਪਹਿਲਾਂ ਕੇਸਰ ਸਿੰਘ ਛਿੱਬੜ ਦੇ ‘ਬੰਸਾਵਲੀਨਾਮਾ ਦਸਾਂ
ਪਾਤਸ਼ਹੀਆਂ ਕਾ’ ਨੂੰ 1972 ਵਿੱਚ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ‘ਪਰਖ਼’ ਨਾਮੀ
ਪੰਜਾਬੀ ਮੈਗਜ਼ੀਨ (ਸੰਪ. ਸੁਰਿੰਦਰ ਸਿੰਘ ਕੋਹਲੀ) ਵਿੱਚ ਛਾਪਿਆ ਗਿਆ ਸੀ। ਉਸ ਵੇਲੇ
ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸੀ ਕਿ ਭਾਵੇਂ ਛਿੱਬੜ ਦੀ ਇਹ ਰਚਨਾ
ਪੁਰਾਨਿਕ ਕਥਾ ਕਥਾਵਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ ਤਾਂ ਵੀ ਇਸ ਵਿੱਚ ਖ਼ਾਲਸਾ
ਸਾਜਨ, ਪਾਹੁਲ ਅਤੇ ਗੁਰੂ ਗ੍ਰੰਥ ਸਾਹਿ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ 'ਤੇ
ਲਿਖਿਆ ਮਿਲਦਾ ਹੈ।
ਬੰਸਾਵਲੀਨਾਮਾ ਵਿੱਚ ਕੇਸਰ ਸਿੰਘ ਛਿੱਬੜ ਨੇ ਪਹਿਲੀ ਵਾਰ
ਗੁਰੂ ਗੋਬਿੰਦ ਸਿੰਘ ਵਲੋਂ ਰਚੇ ਗਏ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਆਦਿ
ਗ੍ਰੰਥ ਧੀਰਮਲ ਪਾਸੋਂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ। ਛਿੱਬੜ ਅਨੁਸਾਰ ਗੁਰੁ
ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੀ ਹੋਈ ਬੀੜ ਨੂੰ (ਜਿਸ
ਨੂੰ ਆਦਿ ਗ੍ਰੰਥ ਜਾਂ ਕਰਤਾਰਪੁਰੀ ਬੀੜ ਵੀ ਕਿਹਾ ਜਾਂਦਾ ਹੈ) ਧੀਰਮਲ ਪਾਸੋਂ ਮੰਗਵਾ
ਭੇਜਿਆ ਪਰ ਉਸ ਨੇ ਨਾਂਹ ਕਰਦਿਆਂ ਤਾਨ੍ਹਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ
ਨੇ ਦਿੱਤਾ ਹੈ, ਤੈਨੂੰ ਕਿਉਂ ਦੇ ਦਈਏ, ਤੂੰ ਗੁਰੂ ਏਂ ਹੋਰ ਲਿਖ ਲੈ। ਧੀਰਮਲ ਜੀ ਦੇ
ਕਹਿਣ ਦਾ ਸਿੱਧਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗੱਦੀ ਤੇ ਵਿਰਾਜਮਾਨ ਹੁੰਦਾ
ਹੈ ਉੇਸ ਨੂੰ ਸਾਰੀ ਗਰੁਬਾਣੀ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਦੁਬਾਰਾ
ਲਿਖ ਸਕਦਾ ਹੈ। ਫਲਸਰੂਪ, ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਨੂੰ ਖੁਦ ਸੰਪੁਰਨ
ਕਰਨ ਲੱਗ ਪਏ। ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ
ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ। ਇਸ ਲਈ
ਛਿੱਬੜ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਆਦਿ ਗ੍ਰੰਥ’ ਨੂੰ ਹੀ ‘ਸਮੁੰਦਰ ਸਦਾਗਰ’
ਗ੍ਰੰਥ ਦਾ ਨਾਂ ਦਿੱਤਾ ਜਾਪਦਾ ਹੈ। ਇਹ ਗ੍ਰੰਥ ਉਸ ਅਨੁਸਤਰ ਸੰਮਤ 1758
(1701 ਈ.) ਵਿੱਚ ਸਰਸਾ ਨਦੀ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ। ਕਿਸੇ ਦੂਸਰੇ ਬੇਨਾਮਾਂ
ਗ੍ਰੰਥ ਦਾ ਜ਼ਿਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿੱਚ ਅਵਤਾਰ ਲੀਲ੍ਹਾ
ਅੰਕਤ ਸੀ। ਇਹ ਗ੍ਰੰਥ ਵੀ, ਛਿੱਬੜ ਅਨੁਸਾਰ, ਜੰਗ ਵਿੱਚ ਖਿੰਡ-ਪੁੰਡ ਗਿਆ ਸੀ। ਪਹਿਲੀ
ਬੀੜ ਦਾ ਕੋਈ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਸ ਦੀਆਂ 91 ਸਤਰਾਂ ਛਿਬੜ
ਹੋਰਾਂ ਨੇ ਵੀ ਦੇਖੀਆਂ ਸਨ ਅਤੇ ਦੂਜੇ ਗ੍ਰੰਥ ਦੇ ਸੱਤ ਪੱਤਰੇ ਲਾਹੌਰ ਦੇ ਇੱਕ ਸਿੰਘ
ਹੱਥ ਲੱਗੇ ਸਨ, ਜਿਨ੍ਹਾਂ ਦਾਂ ਦੀਦਾਰ ਵੀ ਛਿੱਬੜ ਹੋਰਾਂ ਕੀਤਾ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਛਿੱਬੜ ਨੇ ‘ਸਮੁੰਦਰ ਸਾਗਰ’
ਦੀਆਂ 91 ਸਤਰਾਂ ਅਤੇ ਅਵਤਾਰ ਲੀਲ੍ਹਾ ਵਾਲੇ ਗ੍ਰੰਥ ਦੇ ਸੱਤ ਪਤਰੇ ਦੇਖੇ ਸਨ ਤਾਂ
ੳਨ੍ਹਾਂ ਦਾ ਉਤਾਰ ਜਾਂ ਵੇਰਵਾ ਕਿਉਂ ਨਹੀਂ ਦਿੱਤਾ? ਮੁੱਕਦੀ ਗੱਲ ਇਹ ਹੈ ਜਿਨ੍ਹਾਂ
ਦੋ ਬੀੜਾਂ ਦਾ ਜ਼ਿਕਰ ਕੇਸਰ ਸਿੰਘ ਛਿੱਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ। ਸੱਭ
ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਗ੍ਰੰਥ ਵਿੱਚ ਬਚਿੱਤਰ
ਨਾਟਕ, ਚੰਡੀ ਚ੍ਰਿਤਰ, ਚੰਡੀ ਦੀ ਵਾਰ, ਚ੍ਰਿਤਰੋਪਾਖਿਆਨ, ਚੌਬੀਸ ਅਵਤਾਰ ਦਾ ਜ਼ਿਕਰ
ਨਹੀਂ, ਜੋ ਅਖੌਤੀ ਦਸਮ ਗ੍ਰੰਥ ਦੇ ਮੁੱਖ ਭਾਗ ਹਨ। ਦਰਅਸਲ ਕਿਸੇ ਵੀ ਗ੍ਰੰਥ
ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ। ਫਲਸਰੂਪ, ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ
ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ
ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ।
ਇਸ ਵਿੱਚ ਕੋਈ ਛੱਕ ਨਹੀਂ ਕਿ ਛਿੱਬੜ ਖ਼ਾਲਸਾ ਸਾਜਨਾ ਨਾਲ ਸੰਬੰਧਤ ਸਾਰੀਆਂ ਰਹੁਰੀਤਾਂ
ਅਤੇ ਰਹਿਤਾਂ ਦਾ ਜ਼ਿਕਰ ਕਰਦਾ ਹੈ ਜਿਵੇਂ, ਪੰਜ ਪਿਆਰੇ, ਪਾਹੁਲ, ਕੇਸ, ਨਾਂ ਨਾਲ
ਸਿੰਘ ਦੀ ਵਰਤੋਂ, ਸ਼ਾਸਤਰ ਬੱਧ ਹੋਣਾ, ਬਾਣੀ ਪੜ੍ਹਨਾ, ਦੇਹਧਾਰੀ ਗੁਰੂ ਦਾ ਅੰਤ ਅਤੇ
ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਅਦਿ। ਪਰ ਪ੍ਰੋ. ਗਰੇਵਾਲ ਦੇ ਕਹਿਣ
ਮੁਤਾਬਿਕ ਛਿੱਬੜ ਇਨ੍ਹਾਂ ਮਹੱਤਵਪੂਰ ਘਟਨਾਵਾਂ ਨੂੰ ਓਨੀ ਅਹਿਮੀਅਤ ਨਹੀਂ ਦਿੰਦਾ
ਜਿੰਨੀ ਦੇਣੀ ਚਾਹੀਦੀ ਸੀ ( “…he
talks of all these in a manner that imparts no significance to them.”
)
ਉਦਾਹਰਨ ਵਜੋਂ, ਰਹਿਤਾਂ
ਦੀ ਵਿਆਖਿਅ ਕਰਦਾ ਹੋਇਆ ਛਿੱਬੜ ਲਿਖਦਾ ਹੈ ਕਿ ਕੇਸ ਰੱਖਣਾ ਜਨੇਊ ਪਹਿਨਣ ਅਤੇ ਟਿੱਕਾ
ਲਾਉਣ ਬਰਾਬਰ ਹੈ। ਪਾਹੁਲ ਦਾ ਪੰਜ ਪਿਆਰਿਆਂ ਨਾਲ ਅਤੇ ਮਸੰਦਾਂ ਨੂੰ ਸਾੜਨ ਨਾਲ ਕੋਈ
ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ‘ਆਪੇ ਗੁਰ ਚੇਲਾ’ ਦੇ ਸੰਕਲਪ
ਦੀ ਕੋਈ ਮਹੱਤਤਾ ਜਾਂ ਹੋਂਦ ਨਹੀਂ। ਬੰਸਾਵਲੀਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ
ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸੋਮਾ ਸਰੋਤ ਨਹੀਂ ਜਾਂ ਬਕੌਲ
ਗਰੇਵਾਲ,. .” does
not belong to the central stream of Sikh literature.”
ਬੰਸਾਵਲੀਨਾਮਾ ਵਿੱਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ (ਸਮੁੰਦਰ ਸਾਗਰ’ ਅਤੇ ‘ਅਵਤਾਰ
ਲੀਲਾ) ਦਾ ਜ਼ਿਕਰ ਕੀਤਾ ਗਿਆ ਹੈ ਉਹ ਵੀ ਛਿੱਬੜ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ
ਪੈਦਾਵਾਰ ਜਾਪਦੇ ਹਨ। ਪਿਆਰਾ ਸਿੰਘ ਪਦਮ ਨੇ ਛਿੱਬੜ ਦੇ
ਬੰਸਾਬਲੀਨਾਮੇ ਦੀਆਂ ਉਣਤਾਈਆਂ ਦੇ ਕਈ ਹੋਰ ਪੱਖ ਵੀ ਉਘਾੜੇ ਹਨ ਜਿਨ੍ਹਾਂ ਵਿਚੋਂ
ਕੁੱਝ ਕੁ ਪਦਮ ਦੀ ਭਾਸ਼ਾ ਵਿੱਚ ਹੇਠਾਂ ਵਿਅਕਤ ਕੀਤੇ ਜਾਂਦੇ ਹਨ।
-
ਲੇਖਕ ਨੇ “ਇਤਿਹਾਸਕਾਰੀ ਦੀ ਚਿੱਟੀ ਚਾਦਰ ਉੱਤੇ ਥਾਂ ਥਾਂ ਖ਼ਾਮੁਖ਼ਾ ਪੁਰਾਣਿਕ
ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਕਾਰੀ ਨੂੰ ਬਹੁਤ ਠੇਸ
ਪਹੁੰਚੀ ਹੈ। ਫਿਰ ਇਨ੍ਹਾਂ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ
ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਕਲੇ ਹੋ ਗਈ ਹੈ”।
-
“ਲੇਖਕ ਦੇ ਮਨ ਉੱਤੇ ਕਰਮ-ਸਿਧਾਂਤ ਵੀ ਭੈੜੀ ਤਰਾਂ ਛਾਇਆ ਹੋਇਆ ਹੈ। …ਔਰੰਗਜ਼ੇਬ
ਬਾਰੇ ਇਹ ਕਿਹਾ ਹੈ ਕਿ ਉਹ ਦੁਆਪਰ ਵਿੱਚ ਕਿਸੇ ਟੋਭੇ ਅੰਦਰ ਕਛੋਪਰਾ ਬਣ ਕੇ ਫਿਰ
ਰਿਹਾ ਸੀ, ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ। ਸੋ
ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੇ। ਇਹੋ ਜਿਹੀਆਂ
ਕਾਲਪਨਿਕ ਕਹਾਣੀਆਂ ਇਤਿਹਾਸਕਾਰੀ ਦੀ ਸੋਭਾ ਨਹੀਂ ਵਧਾਉਂਦੀਆਂ, ਲੇਖਕ ਦੇ ਗੁਆਚੇ
ਦਿਮਾਗੀ ਸੰਤੁਲਨ ਦਾ ਦਿਖਾਵਾ ਕਰਦੀਆਂ ਹਨ”।
-
“ਅਜੇਹੀਆਂ ਮਨਘੜਤ ਕਥਾਵਾਂ ਲਿਖ ਕੇ ਲੇਖਕ ਸਤਿਗੁਰਾਂ ਦੀਆਂ ਬੇਮਿਸਾਲ
ਕੁਰਬਾਨੀਆਂ ਤੇ ਸ਼ਹੀਦੀਆਂ ਨੂੰ ਵੀ ਮਿੱਟੀ ਘੱਟੇ ਰੋਲ ਬੈਠਦਾ ਹੈ ਕਿ ਜੇ ਇਹ
ਪਿਛਲੇ ਜਨਮ ਦੇ ਗ਼ਲਤ ਕੰਮਾਂ ਦਾ ਹੀ ਫਲ ਸੀ ਤਾਂ ਅਸੀਂ ਇਨ੍ਹਾਂ ਨੂੰ ਸ਼ਹੀਦ ਕਹਿ
ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ”।
-
“ਕੇਸਰ ਸਿੰਘ ਛਿੱਬੜ ਬ੍ਰਾਹਮਣ ਹੈ, ਗੁਰਬਾਣੀ ਦੇ ਇਸ ਸਿਧਾਂਤ ਤੋਂ ਵੀ ਜਾਣੂ ਹੈ
ਕਿ ਸਿੱਖੀ ਵਿੱਚ ਜਾਤ ਪਾਤ ਦੀ ਮਾਨਤਾ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ
ਸਰਬੋਤਮਤਾ ਸਿੱਖੀ ਨੂੰ ਪਰਵਾਨ ਹੈ। ਪਰ ਉਹ ਫਿਰ ਵੀ ਜੱਥੇ ਦਾਅ ਲਗਦਾ ਹੈ, ਹਰ
ਥਾਂ ਬ੍ਰਾਹਮਣਾਂ ਦੀ ਤਾਰੀਫ ਦੇ ਪੁਲ ਬੰਨ੍ਹ ਛੱਡਦਾ ਹੈ”।
-
“ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਹਾਏ ਦੇਵੀ ਪੂਜਾ ਲਈ ਹੋਮ ਯੱਗ ਦਾ ਪ੍ਰਬੰਧ
ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਇ ਦਿੰਦੇ ਸਨ ਕਿ ਮਲੇਛਾਂ ਦੇ ਨਾਸ
ਲਈ ਵੇਵੀ ਪ੍ਰਗਟ ਕਰਨਾ ਅਤਿ ਜਰੂਰੀ ਹੈ…ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ
ਰਚਨਾ ਜ਼ਰੂਰੀ ਸੀ। …ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸਤਿਗੁਰਾਂ 1735 ਬਿ:
(1678 ਈ.) ਵਿੱਚ ਹੋਮ ਯੱਗ ਦਾ ਪ੍ਰਬੰਧ ਕਰਵਾਇਆ ਤੇ ਬ੍ਰਾਹਮਣਾਂ ਨੂੰ ਵੀ
ਇਧਰੋਂ ਉਧਰੋਂ ਬੁਲਾਇਆ। ਦੇਵੀ ਤਾਂ ਪ੍ਰਗਟ ਨਾ ਹੋਈ ਪਰ ਸਤਿਗੁਰਾਂ ਸਾਰੀ
ਸਮੱਗਰੀ ਅਗਨੀ ਭੇਂਟ ਕਰ ਕੇ ਤੇਗ ਚਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹੋ
ਤੇਗ ਦੇਵੀ ਹੈ ਜੋ ਦੁਸ਼ਟਾਂ ਦਾ ਨਾਸ਼ ਕਰ ਕੇ ਗ਼ਰੀਬਾਂ ਧਰਮੀਆਂ ਦੀ ਜੈ ਜੈ ਕਾਰ
ਕਰਾਏਗੀ”।
ਇਨ੍ਹਾਂ ਇਤਿਹਾਸਕ ਭੁਲਾਂ ਤੋਂ ਸਿਵਾਏ ਛਿੱਬੜ ਨੇ ਕਈ ਹੋਰ
ਗੁਰੂ ਕਾਲ ਦੇ ਸਾਕ ਸੰਬੰਧਾਂ ਬਾਰੇ ਵੀ ਗ਼ਲਤ ਬਿਆਨੀਆਂ ਕੀਤੀਆਂ ਹਨ।
6. ਸਰੂਪ ਦਾਸ ਭੱਲਾ: ਮਹਿਮਾ
ਪ੍ਰਕਾਸ (1776 ਈ.)
ਇਹ ਗ੍ਰੰਥ ਸਰੂਪ ਦਾਸ ਭੱਲਾ ਵਲੋਂ
1776 ਈ. ਵਿੱਚ ਲਿਖਿਆ ਗਿਆ। ਇਸ ਵਿੱਚ ਉਸ ਨੇ ਗੁਰੂ ਗੋਬਿੰਦ ਜੀ ਵਲੋਂ
ਲਿਖੇ ‘ਵਿਦਿਆ ਸਾਗਰ’ ਨਾਮੀਂ ਗ੍ਰੰਥ ਦਾ ਜ਼ਿਕਰ ਹੈ। ਭੱਲਾ ਲਿਖਦਾ ਹੈ ਕਿ ਸਾਹਬੇ
ਕਮਾਲ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਖੁਦ ਪੰਜਾਬੀ ਵਿੱਚ
ਅਨੁਵਾਦ ਕਰਕੇ ‘ਵਿਦਿਆ ਸਾਗਰ ਗ੍ਰੰਥ’ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਸਿੱਖਾਂ
ਨੂੰ ਕਿਹਾ ਕਿ ਬਨਾਰਸ ਤੋਂ, ਜੋ ਪੁਰਾਨਕ ਸਾਹਿਤ ਦਾ ਕੇਂਦਰ ਹੈ, ਵਿਦਵਾਨ ਪੰਡਤਾਂ
ਨੂੰ ਲੱਭ ਕੇ ਲਿਆਉ ਜੋ ਪੁਰਾਨਕ ਸਾਹਿਤ ਵਿੱਚ ਨਿਪੁਨ ਹੋਣ, ਅਤੇ ਆਪਣੇ ਆਪਣੇ ਗ੍ਰੰਥ
ਨਾਲ ਲਿਆਉਣ। ਪੰਡਤ ਆਪਣੇ ਨਾਲ ਚਾਰ ਵੇਦ, ਅਠਾਰਾਂ ਪੁਰਾਨ, ਛੇ ਸ਼ਾਸ਼ਤਰ/ਸਿਮ੍ਰਤੀਆਂ,
ਚੌਬੀਸ ਅਵਤਾਰ, ਅਤੇ ਚਾਰ ਸੌ ਚਾਰ ਨਵੇਂ ਤ੍ਰੀਆ ਚਲਿੱਤ੍ਰ ਨਾਲ ਲਿਆਏ। ਗੁਰੂ ਸਾਹਿਬ
ਨੇ ਪੰਡਤਾਂ ਨੂੰ ਦਰਬਾਰ ਵਿੱਚ ਇਕੱਤਰ ਕੀਤਾ ਅਤੇ ਨਾਲ ਹੀ ਕੁੱਝ ਸਿਆਣੇ ਗੁਰਮੁਖੀ
ਲਿਖਣ ਵਾਲੇ ਸਿਖਾਂ ਨੂੰ ਵੀ ਬੁਲਾ ਲਿਆ। ਪੰਡਤਾਂ ਨੂੰ ਕਿਹਾ ਕਿ ਤੁਸੀਂ ਗ੍ਰੰਥਾਂ
ਵਿਚੋਂ ਪੜ੍ਹੀ ਜਾਉ, ਅਸੀਂ ਇਸ ਦਾ ਗਰੁਮੁਖੀ ਵਿੱਚ ਅਨੁਵਾਦ ਕਰੀ ਜਾਵਾਂਗੇ ਅਤੇ ਸਿੱਖ
ਲਿਖਾਰੀ ਗੁਰਮੁਖੀ ਵਿੱਚ ਲਿਖੀ ਜਾਣਗੇ। ਅਨੁਵਾਦ ਤੋਂ ਬਾਅਦ ਇਹ ਸਾਰਾ ਸਾਹਿਤ ਇਕੱਤਰ
ਕਰਕੇ ‘ਵਿਦਿਆ ਸਾਗਰ ਗ੍ਰੰਥ’ ਤਿਆਰ ਕੀਤਾ ਗਿਆ ਤਾਕਿ ਸੰਗਤ ਇਸ ਨੂੰ ਸੌਖ ਨਾਲ ਪੜ੍ਹ
ਸਕੇ। ਗੁਰੂ ਸਾਹਿਬ ਦੇ ਇਸ ਕਰਤਵ ਤੋਂ ਸੰਗਤ ਬਹੁੱਤ ਨਿਹਾਲ ਹੋਈ।
ਜੇ ਸਰੂਪ ਦਾਸ ਭੱਲਾ ਦੀ ਲਿਖਤ ਦਾ
ਵਿਸ਼ਲੇਸ਼ਣ ਕਰੀਏ ਤਾਂ ਕਈ ਸਵਾਲ ਖੜੇ ਹੋ ਜਾਂਦੇ ਹਨ ਜਿਵੇਂ:
-
ਜੇ ਪੁਰਾਨਕ ਸਾਹਿਤ ਸਿੱਖ ਸੰਗਤਾਂ ਲਈ ਐਨਾ ਹੀ ਮਹੱਤਵਪੂਰਨ ਸੀ ਤਾਂ ਕੀ ਗੁਰੂ
ਸਾਹਿਬ ਖੁਦ ਇਸ ਨੂੰ ਸਿੱਧਾ ਸੰਸਕ੍ਰਿਤ ਵਿਚੋਂ ਅਨੁਵਾਦ ਕਰਕੇ ਗੁਰਮੁਖੀ ਜਾਂ
ਬ੍ਰਿਜ ਭਾਸ਼ਾ ਵਿੱਚ ਨਹੀਂ ਲਿਖ ਜਾਂ ਲਿਖਵਾ ਸਕਦੇ ਸਨ? ਪੰਡਤਾਂ ਨੂੰ ਬਲਾਉਣ ਦੀ
ਕੀ ਲੋੜ ਪਈ ਸੀ?
-
ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ
ਜਾਂ ਨਿਕਟ ਵਰਤੀ ਸਿੱਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿੱਚ ਸੈਨਾਪਤਿ, ਨੰਦ ਲਾਲ
ਗੋਆ, ਭਾਈ ਗੁਰਦਾਸ ਦੂਜਾ, ਭਾਈ ਚੌਪਾ ਸਿੰਘ, ਭਾਈ ਮਨੀ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ
ਮਹਾਂ ਪੁਰਸ਼ਾ ਨੇ ਆਪਣੀਆਂ ਲਿਖਤਾਂ ਵਿੱਚ ਤਾਂ ਕਿਸੇ ‘ਵਿਦਿਆ ਸਾਗਰ ਗ੍ਰੰਥ’ ਦਾ
ਜ਼ਿਕਰ ਤੱਕ ਨਹੀਂ ਕੀਤਾ।
-
ਉਨ੍ਹਾਂ ਨੇ ਜੇ ਪੁਰਾਨਕ ਗ੍ਰੰਥ ਸੰਸਕ੍ਰਿਤ ਵਿਚੋਂ ਪੰਜਾਬੀ ਵਿੱਚ ਅਨੁਵਾਦ ਕੀਤੇ
ਹੁੰਦੇ ਤਾਂ ਕਥਤ ਦਸਮ ਗ੍ਰੰਥ ਵਿਚ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ
ਕਹਿਣਾ’ ਵਰਗੀ ਠੇਠ ਪੰਜਾਬੀ ਵਿੱਚ ਲਿਖੀ ਹੋਈ ਬਾਣੀ ਮਿਲਣੀ ਚਾਹੀਦੀ ਸੀ। ਪਰ
ਸਮਕਾਲੀ ਦਸਮ ਗ੍ਰੰਥ ਵਿੱਚ ਠੇਠ ਪੰਜਾਬੀ ਵਿੱਚ ਲਿਖੀ ਹੋਈ ਕੋਈ ਰਚਨਾ ਨਹੀਂ
ਮਿਲਦੀ। ਬਹੁਤੀ ਰਚਨਾ ਬ੍ਰਿਜ ਭਾਸ਼ਾ ਅਤੇ ਹਿੰਦਵੀ ਵਿੱਚ ਹੈ ਅਤੇ ਕਿਤੇ
ਕਿਤੇ ਉਸ ਵੇਲੇ ਦੀ ਲੌਕਕ ਪੰਜਾਬੀ ਦਾ ਮਿਸ਼ਰਨ ਮਿਲਦਾ ਹੈ।
-
ਜੇ ਮੰਨ ਵੀ ਲਿਆ ਜਾਵੇ ਕਿ ਗੁਰੂ ਸਾਹਬ
ਨੇ ‘ਵਿਦਿਆ ਸਾਗਰ ਗ੍ਰੰਥ’ ਰਚਿਆ ਸੀ ਅਤੇ ਉਹ 1701 ਈ. ਵਿੱਚ ਸਿਰਸਾ ਨਦੀ ਨੂੰ
ਪਾਰ ਕਰਦਿਆਂ ਨਸ਼ਟ ਹੋ ਗਿਆ ਸੀ ਤਾਂ ਅਯੋਕਾ ਦਸਮ ਗ੍ਰੰਥ ਕਿੱਥੋਂ ਅਤੇ ਕਿੱਦਾਂ
ਪੈਦਾ ਹੋ ਗਿਆ?
ਉਨੀਵੀਂ ਸਦੀ ਦਾ ਸਿੱਖ ਇਤਿਹਾਸ
1. ਭਾਈ ਸੰਤੋਖ ਸਿੰਘ: ਸਿਰੀ
ਗੁਰਪਰਤਾਪ ਸੂਰਜ ਗ੍ਰੰਥ (1843 ਈ.)
‘ਸਿਰੀ ਗੁਰਪਰਤਾਪ ਸੂਰਜ ਗ੍ਰੰਥ’ ਵਿਚ, ਗੁਰੂ ਕਾਲ ਦੀ ਵਿਸਥਾਰ
ਸਹਿਤ ਕੀਤੀ ਹੋਈ ਵਿਆਖਿਆ ਹੈ। ਮਹਾਂ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ
ਦਰਬਾਰ ਦੀਆਂ ਗਤੀਆਂ ਵਿਧੀਆਂ ਦਾ ਵਿਸਥਾਰ ਸਹਿਤ ਲੇਖਾ ਜੋਖਾ ਕਰਦਾ ਹੈ। ਮਹੱਤਵਪੂਰਨ
ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਦਾ ਜ਼ਿਕਰ ਇਸ
ਗ੍ਰੰਥ ਵਿੱਚ ਆੲਆ ਹੈ। ਗੁਰੂ ਸਾਹਿਬ ਦੀ ਨਿਗਰਾਨੀ ਹੇਠ 52 ਕਵੀਆਂ ਵਲੋਂ
ਲਿਖੇ ਗਏ ‘ਵਿੱਦਿਆਧਰ ਗ੍ਰੰਥ’ ਦਾ ਹਵਾਲਾ ਵੀ ਮਹਾਂ ਕਵੀ ਸੰਤੋਖ ਸਿੰਘ ਦੇ ਗ੍ਰੰਥ
ਵਿੱਚ ਮਿਲਦਾ ਹੈ।
ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਵੰਜਾ ਪੱਕੇ
ਕਵੀ ਸਨ ਅਤੇ ਕੁੱਝ ਸੈਲਾਨੀ ਕਵੀ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਾਰਿਆਂ ਨੇ
ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਬਰੀਕ ਬਰੀਕ ਅੱਖਰਾਂ ਵਿੱਚ ਬਾਣੀ
ਲਿਖੀ। ਜਦ ਪੱਤਰਿਆਂ ਨੂੰ ਤੋਲਿਆ ਤਾਂ ਕਾਗ਼ਜ਼ ਦਾ ਭਾਰ ਨੌ ਮਣ ਨਿਕਲਿਆ। ਸਿੱਧ
ਹੈ ਕਿ ਇੱਕ ਚੋਖਾ ਮੋਟਾ ਗ੍ਰੰਥ ਬਣਿਆ ਹੋਵੇਗਾ ਜਿਸ ਨੂੰ ‘ਵਿਦਿਯਾਧਰ ਗ੍ਰੰਥ’ ਦਾ
ਨਾਂ ਦਿੱਤਾ ਗਿਆ। ਏਥੇ ਦੋ ਸਵਾਲ ਉਠਦੇ ਹਨ।
ਪਹਿਲਾ, ਕੀ ਕਵੀਆਂ ਨੂੰ
ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ, ਤਾਂਕਿ ਸਿੱਖ ਵਿਚਾਰਧਾਰਾ ਨੂੰ
ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦੱਤੀ ਜਾ ਸਕੇ?
ਦੂਜਾ, ਜੇ ਵਿਸ਼ੇ
ਦਿੱਤੇ/ਵੰਡੇ ਹੋਏ ਨਹੀਂ ਸਨ, ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ
ਕਿੱਦਾਂ ਕੀਤੀ ਗਈ ਹੋਵੇਗੀ?
ਪ੍ਰਚੱਲਤ ਦਸਮ ਗ੍ਰੰਥ ਦੇ 1428
ਸਫਿਆਂ ਤੇ ਜਾਪੁ ਸਾਹਿਬ ਤੋਂ ਲੈਕੇ ਹਿਕਾਇਤਾਂ ਤੱਕ 15 ਪਰਕਾਰ ਦੀਆਂ ਬਾਣੀਆਂ ਅਤੇ
ਕਥਾ ਕਹਾਣੀਆਂ ਦਰਜ ਹਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਵੀਆਂ ਦੀ
ਭਾਸ਼ਾਈ ਪਿੱਠਭੂਮੀ ਦੇਖ ਕੇ ਅਤੇ ਗਿਆਨ ਦੀ ਨਿਪੁੰਤਾ ਦੇ ਆਧਾਰ 'ਤੇ ਵੱਖ ਵੱਖ ਕਵੀਆਂ
ਨੂੰ ਲੋੜੀਂਦੇ ਵਿਸ਼ੇ ਦਿੱਤੇ ਹੋਣ, ਜਾਂ ਕਵੀਆਂ ਨੇ ਆਪਣੀ ਕਾਬਲੀਅਤ ਦੇ ਆਧਾਰ 'ਤੇ
ਖੁੱਦ ਚੁਣੇ ਹੋਣ। ਇਸ ਮਨੌਤ ਅਨੁਸਾਰ ਇਸ ਵਿਚਾਰ ਦੀ ਸਮਝ ਵੀ ਲੱਗ ਜਾਂਦੀ ਹੈ ਕਿ ਦਸਮ
ਗ੍ਰੰਥ ਵਿਚਲੀਆਂ ਅਸਲੀ ਬਾਣੀਆਂ ਜਿਵੇਂ ਜਾਪੁ ਸਾਹਿਬ, ਅਕਾਲ ਉਸਤਤਿ (ਕੁਝ ਅੰਤਲੇ
ਸੁਆਲਾਂ ਤੋਂ ਵਗੈਰ), ਜ਼ਫਰਨਾਮਾ, ਤੇਤੀ ਸਵੈਯੇ, ਸ਼ਬਦ ਹਜ਼ਾਰੇ (ਮਿੱਤਰ ਪਿਆਰੇ ਤੋਂ
ਵਗੈਰ), ਇੱਕ ਚੌਪਈ ਗੁਰੁ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹੋਣ ਅਤੇ ਬਾਕੀ ਦੀਆਂ
ਲਿਖਤਾਂ (ਚੌਬੀਸ ਅਵਤਾਰ, ਬ੍ਰਹਮ ਅਵਤਾਰ, ਰੁਦਰ ਅਵਤਾਰ, ਚਰਿਤ੍ਰੋ ਪਾਖਯਾ ਆਦਿ)
ਇਨ੍ਹਾਂ ਕਵੀਆਂ ਦੀਆਂ ਕਿਰਤਾਂ ਹੋਣ। ‘ਨਾਨ ਬਿਧਿ ਕਵਿਤਾ ਰਚੀ ਰਖਿ ਰਖਿ ਨੌ ਰਸਿ
ਰੀਤ’ ਦਾ ਅਰਥ ਵੀ ਇਹੋ ਹੈ ਕਿ ਕਈ ਪਰਕਾਰ ਦੀ ਕਵਿਤਾ ਨੌਂ ਰਸਾਂ ਵਿੱਚ ਰਚੀ ਗਈ।
ਕਾਵਿ ਸ਼ਾਸਤਰ ਅਨੁਸਾਰ ਕਵਿਤਾ ਦੇ ਨੌਂ ਰਸ ਇਹ ਹਨ: ਸ਼ਿੰਗਾਰ, ਹਾਸ, ਕਰੁਣਾ, ਰੌਦਰ,
ਵੀਰ, ਭਿਆਨਕ, ਬੀਭਤਸ, ਅਦਭੁਤ, ਅਤੇ ਸ਼ਾਂਤ ਰਸ। ਕਥਤ ਦਸਮ ਗ੍ਰੰਥ ਵਿਚੋਂ ਇਨ੍ਹਾਂ
ਸਾਰੇ ਰਸਾਂ ਦੀ ਕਵਿਤਾ ਦੀਆਂ ਵੰਨਗੀਆਂ ਮਿਲਦੀਆਂ ਹਨ। ਇਸ ਲਈ ਇਸ ਗ੍ਰੰਥ ਵਿੱਚ
ਵਿਸ਼ਿਆਂ ਅਤੇ ਸੰਬੰਧਤ ਰਸਾਂ ਦੀ ਭਿੰਤਾ ਨੂੰ ਮੁਖ ਰਖਦਿਆਂ ਇਹ ਗੱਲ ਮਨ ਲਗਦੀ ਹੈ ਕਿ
ਅਯੋਕੇ ਦਸਮ ਗ੍ਰੰਥ ਵਿਚਲੀ ਸਮੱਗਰੀ, ਗੁਰੁ ਗੋਬਿੰਦ ਸਿੰਘ ਦੀ ਬਾਣੀ ਨੂੰ ਛੱਡ ਕੇ,
ਬਾਕੀ ਦਰਬਾਰੀ ਕਵੀਆਂ ਦੀ ਕਿਰਤ ਹੋਵੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਸਨਾਤਨੀ
ਸੁਭਾ ਵਾਲੀਆਂ ਕਿਰਤਾਂ ਗੁਰੂ ਸਾਹਬ ਦੀ ਨਿਗਰਾਨੀ ਹੇਠ ਜਾਂ ਹੱਲਾਸ਼ੇਰੀ ਦੇਕੇ ਦਰਬਾਰੀ
ਕਵੀਆਂ ਤੋਂ ਲਿਖਵਾਈਆਂ ਗਈਆਂ ਹੋਣ ਤਾਕਿ ਸਿੱਖ/ਸਿੰਘ ਹਿੰਦੂ ਮਿਥਿਆਸ, ਰਹੁ-ਰੀਤਾਂ,
ਦੇਵੀ ਦੇਵਤਿਆਂ, ਗੈਰਕੁਦਰਤੀ ਕਥਾ-ਕਹਾਣੀਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵਾਕਫ ਹੋ
ਸਕਣ। ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸਨਾਤਨੀ
ਹਿੰਦੂਆਂ ਅਤੇ ਖਾਸ ਕਰੇ ਨਿਰਮਲਾ ਪੰਥੀਆਂ ਨੇ ਅੰਗ੍ਰੇਜ਼ਾਂ ਦੇ ਸੁਆਰਥੀ ਪਰਭਾਵ ਹੇਠਾਂ
ਕਥਤ ਦਸਮ ਗ੍ਰੰਥ ਦੀ ਮਿੱਥ ਨੂੰ ਜਨਮ ਦਿੱਤਾ ਤਾਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ
ਅਤੇ ਪੇਸੇ ਬਟੋਰਨ ਵਿੱਚ ਕਾਮਯਾਬ ਹੋ ਸਕਣ।
ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਆਨੰਦਪੁਰ ਛੱਡਣਾ ਪਿਆ ਅਤੇ
‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁਮ ਗੁਆਚ
ਗਿਆ ਅਤੇ ਦੁਵਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ
ਸਨ, ਜਿਨ੍ਹਾਂ ਦੇ ਆਧਾਰ 'ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿੱਚ ਕਬਿੱਤ
ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ
ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ
ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ
ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ।
ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿੱਚ ਪਾ
ਦਿੰਦੀ ਹੈ।
2. ਗਿਆਨੀ ਗਿਆਨ ਸਿੰਘ: ਪੰਥ
ਪ੍ਰਕਾਸ਼ (1880)
ਗਿਆਨੀ ਗਿਆਨ ਸਿੰਘ ਨੇ ‘ਪੰਥ
ਪ੍ਰਕਾਸ਼’ ਆਪਣੇ ਉਸਤਾਦ, ਪੰਡਤ ਤਾਰਾ ਸਿੰਘ ਨਿਰੋਤਮ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿੱਚ
ਲਿਖਿਆ। ਇਸ ਵਿੱਚ ਸਾਰੇ ਗੁਰੂਆਂ ਦੇ ਜੀਵਨ ਬਾਰੇ ਵਾਕਫੀਅਤ ਦਰਜ ਹੈ। ਦਸਵੇਂ
ਗੁਰੂ ਸਾਹਿਬ ਵਲੋਂ ਬੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ, ਖ਼ਾਲਸਾ ਦੀ ਸਾਜਨਾ,
ਪੰਜ ਕਕਾਰਾਂ ਅਤੇ ਰਹਿਤ ਮਰਯਾਦਾ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਗੁਰੂ ਗ੍ਰੰਥ
ਸਾਹਬ ਦੀ ਮਾਨਤਾ ਬਾਰੇ ਕਵੀ ਲਿਖਦਾ ਹੈ:
ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਧਿ॥
ਗ੍ਰੰਥ ਪੰਥ ਪ੍ਰਕਾਸ ਯਹਿ ਅਬ ਬਰਨੋ ਸੁਖਨੰਦ॥ (ਪਤਰਾ 1)
ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ
ਠੌਰ॥
ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ॥ (ਪਤਰਾ 161)
ਸਾਖਿਆਤ ਰੂਪ ਵਿੱਚ ਇਹ ਬੰਦ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸਿਰੀ ਗੁਰੁ ਗ੍ਰੰਥ
ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ, ਕਿ ਰਬ ਇੱਕ ਹੈ ਜਿਸ ਦੇ ਦਸ ਰੂਪ ਦਸ ਗੁਰੂ ਹਨ।
ਇਸ ਗ੍ਰੰਥ ਤੋਂ ਵਗੈਰ ਸਿੱਖ ਪੰਥ ਦੀ ਹੋਰ ਕੋਈ ਟੇਕ ਨਹੀਂ, ਇਸ ਲਈ ਇਸ ਤੋਂ ਵਗੈਰ
ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ। ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ
ਇਹ ਵੀ ਲਿਖਦਾ ਹੈ:
ਜੋ ਅਬ ਗ੍ਰੰਥ ਦਸਮ ਗੁਰੁ ਕੇਰਾ॥ ਕਹਿਲਾਵਤ ਮਧ ਪੰਥ
ਅਛੇਰਾ॥
ਗੁਰੁ ਕੇ ਸਮੇ ਬੀੜ ਨਹੀਂ ਤਾਂਕੀ॥ ਭਈ ਬਾਣੀਆਂ ਰਹੀ ਇਕਾਂਕੀ॥
ਅਨਕੈ ਠੌਰ ਪੋਥੀਆਂ ਮਾਹਿ॥ ਬਾਣੀ ਰਹੀ ਦਸਮ ਗੁਰੁ ਮਾਹਿ॥
ਅਰਥਾਤ, ਜਿਹੜਾ ਗ੍ਰੰਥ ਹੁਣ ਦਸਵੇਂ ਗੁਰੂ ਦਾ ਕਿਹਾ ਜਾ ਰਿਹਾ ਹੈ, ਇਸ ਨੂੰ ਪੰਥ
ਵਲੋਂ ਉੱਚਾ ਮੰਨਿਆਂ ਜਾ ਰਿਹਾ ਹੈ। ਪਰ ਗੁਰੂ ਜੀ ਦੇ
ਸਮੇਂ ਅਜੇਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਗਈ। ਕੇਵਲ ਇਕੱਲੀਆਂ
ਇਕੱਲੀਆਂ ਬਾਣੀਆਂ ਦੀਆਂ ਪੋਥੀਆਂ ਕਈ ਥਾਵੀਂ ਸਨ। ਇਸ ਤਰਾਂ ਗੁਰੂ ਸਾਹਬ ਦੀ ਬਾਣੀ
ਸਾਂਭੀ ਹੋਈ ਸੀ।
ਸਿੱਧ ਹੈ ਕਿ ਦਸਵੇਂ ਗੁਰੂ ਜੀ ਵਲੋਂ ਕੋਈ ਬੀੜ ਜਾਂ
ਗ੍ਰੰਥ ਦੀ ਸੰਪਾਦਨਾ ਨਹੀਂ ਸੀ ਕੀਤੀ ਗਈ, ਬਾਣੀਆਂ ਪੋਥੀਆਂ ਦੇ ਰੂਪ ਵਿੱਚ
ਕਈ ਥਾਵੀਂ ਸਨ। ਏਥੇ ਕਈ ਸਵਾਲ ਖੜੇ ਹੁੰਦੇ ਹਨ।
ਪਹਿਲਾ, ਜੇ ਗੁਰੂ ਸਾਹਬ
ਨੇ ਕੋਈ ਬੀੜ ਸੰਪਾਦਤ ਨਹੀਂ ਕੀਤੀ ਜਾਂ ਰਚੀ ਤਾਂ ਪੰਥ ਨੇ ਕਥਤ ਗ੍ਰੰਥ ਨੂੰ ਅੱਛਾ
ਜਾਂ ਉੱਚਾ ਕਿਵੇਂ ਮਨ ਲਿਆ?
ਦੂਜਾ, ਜਿਹੜੀ ਬਾਣੀ
ਪੋਥੀਆਂ ਦੇ ਰੂਪ ਵਿੱਚ ਖਿੱਲਰੀ ਪਈ ਸੀ, ਕੀ ਪਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਬ ਦੀ
ਲਿਖੀ ਹੋਈ ਸੀ?
ਤੀਜਾ, ਸਿੱਖ ਧਰਮ ਨੂੰ
ਅਦੁਤੀ ਰੂਪ ਦੇਣ ਵਾਲੇ ਦਸਵੇਂ ਗੁਰ ਦੀ ਬਾਣੀ ਨੂੰ ਖੁੱਦ ਗੁਰੂ ਸਾਹਬ ਵਲੋਂ ਜਾਂ
ਉਨ੍ਹਾਂ ਦੇ ਸਿੱਖਾਂ ਵਲੋਂ ਕਿਉਂ ਨਹੀਂ ਸਾਂਭਿਆ ਗਿਆ?
ਇਨ੍ਹਾਂ ਦੇ ਉੱਤਰ ਬੜੇ ਸਿੱਧੇ ਅਤੇ
ਸਾਦੇ ਜਹੇ ਹਨ। ਗੁਰੂ ਸਾਹਬ ਪਾਸ ਉਨ੍ਹਾਂ ਦੇ ਪੁਰਖਿਆਂ ਵਲੋਂ ਸੰਪਾਦਤ ਕੀਤਾ ਹੋਇਆ
ਗੂਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸ ਨੂੰ ਉਨ੍ਹਾਂ ਗੁਰ ਗੱਦੀ ਸੌਂਪੀ। ਇਸ
ਲਈ ਉਨ੍ਹਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦਤ ਕਰਨ ਜਾਂ ਖੁੱਦ ਰਚਣ ਦੀ ਲੋੜ ਹੀ
ਨਹੀਂ ਸੀ। ਉਨ੍ਹਾਂ ਦਮਦਮੇ ਸਾਹਿਬ ਵਿਖੇ ਆਪਣੇ ਪਿਤਾ, ਗੁਰੂ ਤੇਗ ਬਹਾਦਰ ਜੀ, ਦੀ
ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਤ ਕਰਕੇ ਇਸ ਗ੍ਰੰਥ ਨੂੰ ਸੰਪੂਰਨ ਕਰ
ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸੀ। ਉਹ
ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਉਨ੍ਹਾਂ ਲਈ ਕੋਈ ਦੂਜਾ ਗ੍ਰੰਥ
ਸੰਪਾਦ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ। ਗੁਰੂ ਸਾਹਿਬ
ਦੀਆਂ ਮਾਰਸ਼ਲ ਸੁਭਾ ਵਾਲੀਆਂ ਬਾਣੀਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਹਾਲਾਤ
ਦੇ ਮੁਤਾਬਿਕ ਉਨ੍ਹਾਂ ਵਿਚਲੀ ਭਾਵਨਾ ਦਾ ਹਰ ਵਕਤ ਪਾਲਣ ਕਰਨਾ ਹਰ ਸਿੱਖ ਲਈ ਲੋੜੀਦਾ
ਸੀ।
ਸਵਾਲ ਥਾਂ ਦੀ ਥਾਂ ਖੜ੍ਹਾ ਹੈ ਕਿ ਫਿਰ ਦਸਮ ਗ੍ਰੰਥ ਦੀ
ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ? ਇਸ ਦਾ ਉੱਤਰ ਵੀ
ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ।
ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ
ਬੀੜ ਪਟਨੇ ਮੈ ਗੌਰ॥
ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥
ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥
ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥
ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥
ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥
ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥
ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ,
ਚੜ੍ਹਤ ਸਿੰਘ ਨਾਲ ਮਿਲਕੇ ਇੱਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ
ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ
ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੈ ਕੀਤੇ। ਉਨ੍ਹਾਂ ਨੇ ਇੱਕ ਹੋਰ ਗ੍ਰੰਥ ਵੀ ਬਣਾਇਆ
ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿੱਚ
ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ
ਸਾਹਬ ਨਾਲ ਮਿਲਦੀ ਸੀ ਇਸ ਲਈ ਕਈ ਤਰਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ
ਗੋਬਿੰਦ ਸਾਹਬ ਦੇ ਦਸਤਖ਼ਤਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ
ਨੇ ਚੌਗਣੀ ਕਮਾਈ ਕੀਤੀ। ਇਸ ਤਰਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ
ਵਿਖੇ ਲੋਕਾਂ ਪਾਸ ਪਏ ਹਨ ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ।
ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ
ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੈ ਕਰਾਕੇ ਇਨ੍ਹਾਂ ਰਾਹੀਂ ਪੰਜਾਬ ਵਿੱਚ
ਭਿਜਵਾਏ ਤਾਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿਖਾਂ ਵਿਚਕਾਰ ਸ਼ੰਕੇ ਪੈਦਾ ਕਰ
ਸਕਣ।
ਦਸਮ ਗ੍ਰੰਥ ਦੀ ਮਿਥ ਦਾ ਆਰੰਭ: ਇੱਕ
ਫ੍ਰੰਗੀ ਸਾਜ਼ਸ਼
ਜਿੱਥੇ ਵੀ ਅੰਗ੍ਰੇਜ਼ਾਂ ਨੇ ਆਪਣਾ ਰਾਜ ਸਥਾਪਤ ਕਰਨਾ ਹੁੰਦਾ ਸੀ ਉਥੇ ਪਹਿਲਾਂ ਮਿਸ਼ਨਰੀਆਂ
ਵਲੋਂ ਲੋਕਾਂ ਨੂੰ ਇਸਾਈ ਬਨਾਉਣ ਦਾ ਕੰਮ ਆਰੰਭਦੇ ਸਨ। ਮਿਸ਼ਨਰੀਆਂ ਨੂੰ ਇਹ ਸਿਖਲਾਈ ਦਿੱਤੀ
ਜਾਂਦੀ ਹੈ ਕਿ ਸੱਭ ਤੋਂ ਪਹਿਲਾਂ ਉਹ ਸਥਾਨਕ ਗਰੀਬ ਜੰਤਾ ਨੂੰ ਰੋਜ਼ੀ ਰੋਟੀ ਦਾ ਲਾਲਚ ਦੇਕੇ
ਆਪਣੇ ਪੱਖ ਵਿੱਚ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਮਰਯਾਦਾ ਨੂੰ ਗੰਧਲਾ
ਕਰਕੇ ਲੋਕ ਨੂੰ ਇਸਾਈ ਬਣਾਉਣ ਵਲ ਪਰੇਰਨ। ਇਹੋ ਪੈਂਤੜਾ ਉਨ੍ਹਾਂ
ਨੇ ਸਿੱਖ ਰਾਜ ਨੂੰ ਖਲਤ ਮਲਤ ਕਰਨ ਲਈ ਵਰਤਿਆ।
18ਵੀਂ ਸਦੀ ਦੇ ਅਖੀਰ ਵਿੱਚ ਜਦ ਅੰਗ੍ਰੇਜ਼ਾਂ ਨੇ ਦੱਖਣ
ਪੂਰਬੀ ਇਲਾਕੇ ਜਿੱਤ ਕੇ ਆਪਣਾ ਰਾਜ ਪੱਕਾ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ
ਵਲ ਮੂੰਹ ਮੋੜਿਆ। ਉਸ ਵੇਲੇ ਪੰਜਾਬ ਵਿੱਚ ਸਿਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੀਆਂ ਸਿੱਖ
ਫੋਜਾਂ ਦੀ ਤਾਕਤ ਅਤੇ ਬਹਾਦਰੀ ਤੋਂ ਅੰਗ੍ਰੇਜ਼ ਡਰਦੇ ਸਨ। ਮਿਸਲਾਂ ਦੇ ਸਰਦਾਰ ਗੁਰੂ ਨਾਨਕ
ਦੇਵ ਵਲੋਂ ਮੂਲ ਮੰਤਰ ਵਿੱਚ ਪਰਿਭਾਸ਼ਤ ਕੀਤੇ ਗਏ ਇੱਕ ਪ੍ਰਮਾਤਮਾ/ਰਬ ਦੇ ਸੰਕਲਪ ਅਤੇ ਦਸਮ
ਪਾਤਸ਼ਾਹ ਦੇ ਆਦੇਸ਼, ‘ਗੁਰੂ ਮਾਨਿਊਂ ਗ੍ਰੰਥ’ ਵਿੱਚ ਯਕੀਨ ਰਖਦੇ ਸਨ। ਇਸ ਲਈ ਮਿਸ਼ਨਰੀ
ਪੈਂਤੜੇ ਤਹਿਤ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ
ਸਾਹਿਬ’ ਨੂੰ ਗੰਧਲਾ ਕਰਨ ਦੀ ਮਨਸ਼ਾ ਨਾਲ ਦਸਮ ਗ੍ਰੰਥ ਦੀ ਮਿੱਥ ਸ਼ੁਰੂ ਕੀਤੀ। ਉਨ੍ਹਾਂ ਦਿਨਾਂ
ਵਿੱਚ ਪਟਨੇ ਸਾਹਿਬ ਦਾ ਤਖਤ ਕਲਕੱਤੇ ਵਿੱਚ ਸਥਾਪਤ ਹੋ ਚੁਕੀ ਅੰਗ੍ਰੇਜ਼ ਹਕੂਮਤ ਹੇਠ ਆਉਂਦਾ
ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਇੱਕ ਰੱਬ-ਇਕ ਗ੍ਰੰਥ-ਇਕ ਪੰਥ ਦੇ ਸੰਕਪ
ਵਿੱਚ ਵਿਦਮਾਨ ਹੈ ਜਿਸ ਦੀ ਅਧਾਰਸ਼ਿਲਾ ‘ਗੁਰੂ ਮਾਨਿਉਂ ਗ੍ਰੰਥ’ ਹੈ।
ਸਬਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ
ਜਨਮ ਵੀ ਪਟਨੇ ਦਾ ਸੀ ਇਸ ਲਈ ਅੰਗ੍ਰੇਜ਼ਾਂ ਨੇ ਈਸਾਈ ਸਾਜ਼ਸ਼ ਪਟਨੇ ਸਾਹਿਬ ਤੋਂ ਸ਼ੂਰੂ ਕੀਤੀ। ਇਸ
ਸਾਜ਼ਸ਼ ਵਿੱਚ ਪਟਨੇ ਤਖਤ ਦੇ ਕਰਤਾ ਧਰਤਾ ਨਿਰਮਲੇ ਸਾਧ ਦਿਆਲ ਸਿੰਘ, ਨਵਲ ਸਿੰਘ ਅਤੇ ਗ੍ਰੰਥੀ
ਸੁੱਖਾ ਸਿੰਘ ਸਨ ਅਤੇ ਕਲਕੱਤੇ ਦੇ ਗੁਦੁਆਰੇ ਦਾ ਰਖਵਾਲਾ ਆਤਮਾ ਰਾਮ ਸ਼ਾਮਿਲ ਸੀ। ਇਨ੍ਹਾ
ਪਾਸ ‘ਨਾਨਕ ਪੰਥੀ ਕਾਵਿਯ’ ਨਾਮੀਂ ਗ੍ਰੰਥ ਸੀ ਜੋ ਹਿੰਦਵੀ ਵਿੱਚ ਲਿਖਿਆ ਹੋਇਆ ਸੀ ਜਿਸ ਦਾ
ਜ਼ਿਕਰ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿੱਚ ਕੀਤਾ ਹੈ। (ਸੁੱਖਾ ਸਿੰਘ ਗ੍ਰੰਥੀ ਔਰ॥
ਰਚੀ ਬੀੜ ਪਟਨੇ ਮੈ ਗੌਰ॥)। ਇਸ ਬੀੜ ਬਾਰੇ ਚਾਰਲਜ਼ ਵਿਲਕਨ ਨੇ ਵੀ 1781 ਈ. ਵਿੱਚ ਸੁਣਿਆ
ਸੀ। ਇਸ ਗ੍ਰੰਥ ਦੇ ਨਾਂ
ਤੋਂ ਭਾਸਦਾ ਹੈ ਕਿ ਇਸ ਵਿੱਚ ਗੁਰੂ ਨਾਨਕ ਵਲੋਂ ਚਲਾਏ ਗਏ ਸਿੱਖ ਪੰਥ ਨਾਲ ਸੰਬੰਧਿਤ ਬਾਣੀ
ਸੀ, ਅਰਥਾਤ, ਇਹ ਆਦਿ/ਕਰਤਾਰਪੁਰੀ ਬੀੜ ਦੀ ਨਕਲ ਹੀ ਸੀ ਜਿਸ ਵਿੱਚ ਨਿਰਮਲਿਆਂ ਨੇ ਗੁਰੂ
ਗੋਬਿੰਦ ਸਿੰਘ ਜੀ ਦੇ ਨਾਂ ਹੇਠ ਉਹ ਬਾਣੀ ਵੀ ਦਰਜ ਕਰ ਰੱਖੀ।