ਦਿੱਲੀ
ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ 1 ਤੋਂ 8 ਸਤੰਬਰ 2020 ਤੱਕ ਕਰਵਾਈ ਗਈ
ਬਚਿੱਤਰ ਨਾਟਕ ਗ੍ਰੰਥ ਦੀ 'ਕਥਾ' ਦੇ ਪ੍ਰੋਗਰਾਮ ਕਾਰਨ ਉਪਜੇ ਵਿਵਾਦ ਅਤੇ ਉਕਤ ਪ੍ਰੋਗਰਾਮ
ਦੇ ਵਿਰੋਧ ਵਿਚ ਹੋਏ ਸ਼ਾਂਤਮਈ ਧਰਨੇ-ਪ੍ਰਦਰਸ਼ਨ ਬਾਰੇ ਧਾਰਮਕ ਪੱਖੋਂ ਕਾਫੀ ਕੁਝ
ਲਿਖਿਆ-ਬੋਲਿਆ ਜਾ ਚੁੱਕਾ ਹੈ।
ਬਚਿੱਤਰ ਨਾਟਕ ਗ੍ਰੰਥ ਦੇ ਸਿੱਖ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ
ਗੁਰੂ ਗੋਬਿੰਦ ਸਿੰਘ ਦੀਆਂ ਰਚਨਾਵਾਂ ਮੰਨਦੇ ਹੋਏ ਗੁਰਬਾਣੀ ਦਾ ਦਰਜਾ ਦਿੰਦੇ ਹਨ, ਇਸ
ਗ੍ਰੰਥ ਵਿਚੋਂ ਕੁਝ ਰਚਨਾਵਾਂ ਨੂੰ ਸਿੱਖ ਰਹਿਤ ਮਰਿਆਦਾ ਮੁਤਾਬਿਕ ਨਿੱਤਨੇਮ ਦਾ ਦਰਜਾ ਮਿਲੇ
ਹੋਣ ਦਾ ਹਵਾਲਾ ਦਿੰਦੇ ਹਨ, ਸਮੁੱਚੇ ਬਚਿੱਤਰ ਨਾਟਕ ਗ੍ਰੰਥ ਨੂੰ 'ਦਸਮ ਸ੍ਰੀ ਗੁਰੂ ਗ੍ਰੰਥ
ਸਾਹਿਬ' ਵਜੋਂ ਪ੍ਰਚਾਰਦੇ ਹਨ, ਇਸ ਗ੍ਰੰਥ ਨੂੰ ਬੀਰ-ਰਸ ਪੈਦਾ ਕਰਨ ਵਾਲਾ ਸਮਝਦੇ ਹਨ ਅਤੇ
ਖਾਲਸੇ ਵਾਸਤੇ ਗੁਰੂ ਗ੍ਰੰਥ ਸਾਹਿਬ ਅਤੇ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ' ਦੋਹਾਂ ਦੀਆਂ
ਰਚਨਾਵਾਂ ਨੂੰ ਪੜ੍ਹਨਾ ਲਾਜ਼ਮੀ ਕਰਾਰ ਦਿੰਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਸੱਜਣਾਂ ਨੂੰ
ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ, ਗੁਰੂ ਸਾਹਿਬ ਵਾਂਗ ਹੀ ਉਕਤ ਗ੍ਰੰਥ ਦਾ 'ਪ੍ਰਕਾਸ਼'
ਕੀਤੇ ਜਾਣਾ ਜਾਂ ਉਸ ਦੀ ਰਚਨਾਵਾਂ ਦੀ ਕਥਾ ਕਰਨ ਵਿਚ ਕੁਝ ਵੀ ਗਲਤ ਪ੍ਰਤੀਤ ਨਹੀਂ ਹੁੰਦਾ।
ਦੂਜੇ ਪਾਸੇ, ਬਚਿੱਤਰ ਨਾਟਕ ਗ੍ਰੰਥ ਦੀ ਕਥਾ
ਦੀ ਵਿਰੋਧਤਾ ਕਰਨ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੰਪੂਰਨ ਗੁਰੂ ਮੰਨਣ ਵਾਲੀ ਧਿਰ
ਕੋਲ ਆਪਣਾ ਵਿਰੋਧ ਕਰਨ ਲਈ ਏਨੀਆਂ ਦਲੀਲਾਂ ਹਨ ਕਿ ਉਨ੍ਹਾਂ ਬਾਰੇ ਇਕ ਸਮੁੱਚੀ ਕਿਤਾਬ ਲਿਖੀ
ਜਾ ਸਕਦੀ ਹੈ - ਬਲਕਿ ਕਈ ਲਿਖਾਰੀਆਂ ਨੇ ਕਈ ਭਾਗਾਂ ਵਿਚ ਫੈਲੀਆਂ ਅਜਿਹੀਆਂ
ਪੁਸਤਕਾਂ ਪ੍ਰਕਾਸ਼ਿਤ ਵੀ ਕਰਵਾਈਆਂ ਹੋਈਆਂ ਹਨ, ਜਿਨ੍ਹਾਂ ਵਿਚ ਉਕਤ ਗ੍ਰੰਥ ਦੀਆਂ ਰਚਨਾਵਾਂ
ਦਾ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਅਧਿਐਨ ਕੀਤਾ ਗਿਆ ਹੈ। ਇਸ ਲਈ ਬਚਿੱਤਰ ਨਾਟਕ
ਗ੍ਰੰਥ ਦੀਆਂ ਰਚਨਾਵਾਂ 'ਤੇ ਗੁਰਮਤਿ ਵਿਚਾਰਧਾਰਾ ਪੱਖੋਂ ਕੋਈ ਟਿੱਪਣੀ ਕਰਨ ਦੀ ਬਜਾਏ,
ਸਿੱਖ ਇਤਿਹਾਸ ਤੇ ਮਰਿਆਦਾ 'ਚੋਂ ਉਪਜਦੀਆਂ ਦੋ-ਤਿੰਨ ਦਲੀਲਾਂ ਨੂੰ ਅਤਿ ਸੰਖੇਪ ਵਿਚ
ਦੁਹਰਾਉਣਾ ਲਾਭਵੰਦ ਹੋਵੇਗਾ। ਜਿਵੇਂ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਉਪਰੰਤ ਗੁਰਗੱਦੀ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ, ਕਿਸੇ ਵੀ ਹੋਰ ਗ੍ਰੰਥ ਜਾਂ ਸ਼ਖਸੀਅਤ ਨੂੰ ਨਹੀਂ।
ਗੁਰੂ ਗੋਬਿੰਦ ਸਿੰਘ ਜੀ ਨੂੰ ਵਾਕਈ ਗੁਰੂ ਮੰਨਣ ਵਾਲਾ ਕੋਈ ਵੀ ਸਿੱਖ ਵਿਅਕਤੀ, ਸੰਸਥਾ,
ਜੱਥਾ, ਦਲ ਜਾਂ ਕਮੇਟੀ ਆਪਣੀ ਮਰਜੀ ਨਾਲ ਇਸ ਹੁਕਮ ਵਿਚ ਤਬਦੀਲੀ ਕਰਕੇ ਕਿਸੇ ਹੋਰ ਗ੍ਰੰਥ
ਨੂੰ ਗੁਰੂ ਗ੍ਰੰਥ ਸਾਹਿਬ ਤੁੱਲ ਸਥਾਪਿਤ ਕਰਨ ਦੀ ਤਾਕਤ ਨਹੀਂ ਰੱਖਦੇ। ਇਸਲਈ ਬਚਿੱਤਰ
ਨਾਟਕ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਥਾਪਣਾ ਜਾਂ ਕਥਾ ਆਦਿ ਪ੍ਰੋਗਰਾਮਾਂ ਰਾਹੀਂ
ਇਸ ਗ੍ਰੰਥ ਨੂੰ ਪ੍ਰਚਾਰਨਾ ਸਿੱਧਾ-ਸਿੱਧਾ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ
ਦੇਣ ਵਾਲਾ ਕੁਕਰਮ ਹੈ।
ਦੂਜਾ, ਪਿਛਲੇ ਸਾਲਾਂ ਵਿਚ ਉਕਤ ਗ੍ਰੰਥ ਸਬੰਧੀ ਵਿਵਾਦ ਬਹੁਤ ਭਖਣ
ਉਪਰੰਤ ਅਕਾਲ ਤਖਤ ਸਾਹਿਬ ਦੇ ਕਥਿਤ ਜਥੇਦਾਰ ਵੱਲੋਂ ਇਸ ਵਿਸ਼ੇ 'ਤੇ ਦੋਹਾਂ ਧਿਰਾਂ ਨੂੰ 'ਜਿਵੇਂ
ਦੀ ਤਿਵੇਂ ਸਥਿਤੀ ਬਣਾਈ ਰੱਖਣ'
(to maintain status quo) ਦਾ
ਆਦੇਸ਼ ਜਾਰੀ ਕੀਤਾ ਸੀ। ਪਰ ਨਾ ਤਾਂ ਬਚਿੱਤਰ ਨਾਟਕ ਗ੍ਰੰਥ ਦੀ ਸਮਰਥਕ ਧਿਰ ਨੂੰ ਇਸ ਆਦੇਸ਼
ਦੀ ਕੋਈ ਪਰਵਾਹ ਹੈ ਅਤੇ ਨਾ ਹੀ ਤਖਤਾਂ ਦੇ ਪੁਜਾਰੀਆਂ ਵੱਲੋਂ ਆਪਣੇ ਉਕਤ ਆਦੇਸ਼ ਦੀ ਉਲੰਘਣਾ
ਦੇ ਦੋਸ਼ੀ ਪ੍ਰਰਚਾਰਕਾਂ / ਕਮੇਟੀਆਂ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਦਕਿ ਉਕਤ
ਗ੍ਰੰਥ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਲਿਖਾਰੀਆਂ / ਪ੍ਰਚਾਰਕਾਂ ਖਿਲਾਫ ਮਨ-ਮਰਜੀ ਦੇ ਫਤਵੇ
ਜਾਰੀ ਕਰਨ ਵਿਚ ਕੋਈ ਦੇਰ ਨਹੀਂ ਕੀਤੀ ਜਾਂਦੀ। ਤੀਜਾ, ਨਾ ਤਾਂ ਕੋਈ ਗੁਰਦੁਆਰਾ ਕਮੇਟੀ ਅਤੇ
ਨਾ ਹੀ ਕੋਈ ਪ੍ਰਚਾਰਕ ਅਜਿਹਾ ਦਾਅਵਾ ਕਰ ਸਕਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ
ਸੰਪੂਰਨ ਰਚਨਾਵਾਂ ਦੇ ਉਪਦੇਸ਼ਾਂ ਨੂੰ ਸੰਗਤਾਂ ਸਾਹਮਣੇ ਪੁਚਾ ਚੁੱਕੇ ਹਾਂ ਅਤੇ ਹੁਣ ਸਾਡੇ
ਕੋਲ ਪ੍ਰਚਾਰ ਕਰਨ ਲਈ ਕੁਝ ਹੋਰ ਬਚਿਆ ਨਹੀਂ।
ਸੱਚਾਈ ਇਹ ਹੈ ਕਿ ਇਨ੍ਹਾਂ ਪੰਕਤੀਆਂ ਦੇ
ਲਿਖਾਰੀ ਸਮੇਤ, ਦੁਨੀਆ ਭਰ ਦੇ 99.99% ਸਿੱਖਾਂ ਨੂੰ ਜਪੁ ਬਾਣੀ (ਜਪੁਜੀ ਸਾਹਿਬ) ਦੇ
ਅਰਥ-ਵਿਚਾਰ ਵੀ ਪੂਰੀ ਤਰ੍ਹਾਂ ਸਪਸ਼ਟ ਨਹੀਂ, ਉਨ੍ਹਾਂ ਉਪਦੇਸ਼ਾਂ ਨੂੰ ਜਿੰਦਗੀ ਵਿਚ ਢਾਲਣਾ
ਤਾਂ ਬੜੀ ਦੂਰ ਦੀ ਗੱਲ ਹੈ। ਇਸ ਲਈ ਜਿਹੜੀਆਂ ਕਮੇਟੀਆਂ ਜਾਂ ਪ੍ਰਚਾਰਕ ਹਾਲਾਂ
ਤੱਕ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਹੀ ਜਾਣੂ ਨਹੀਂ ਕਰਵਾ ਸਕੇ,
ਉਹ ਆਪਣਾ ਮੁਢਲਾ ਫਰਜ ਵਿੱਚੇ ਅਧੂਰਾ ਛੱਡ ਕੇ, ਕਿਸੇ ਹੋਰ ਗ੍ਰੰਥ ਦੀ ਵਿਚਾਰਧਾਰਾ ਦਾ
ਪ੍ਰਚਾਰ ਕਰਨ ਲਈ ਕਾਹਲੇ ਕਿਉਂ ਪੈ ਜਾਂਦੇ ਹਨ? ਚੌਥਾ, ਜਿਹੜੇ ਜੱਥਿਆਂ ਜਾਂ ਸੰਪਰਦਾਵਾਂ
ਦੇ ਸਿੱਖ ਬਚਿੱਤਰ ਨਾਟਕ ਗ੍ਰੰਥ ਦੇ ਬਹੁਤੇ ਸ਼ਰਧਾਲੂ ਬਣੇ ਨਜਰ ਆਉਂਦੇ ਹਨ, ਉਹ ਖੁਦ ਤਾਂ
ਪੰਥ-ਪ੍ਰਵਾਨਿਤ ਰਹਿਤ ਮਰਿਆਦਾ ਮੰਨਣ ਤੋਂ ਇਨਕਾਰੀ ਰਹਿ ਕੇ ਆਪੋ-ਆਪਣੀਆਂ ਮਰਿਆਦਾਵਾਂ
ਬਣਾਈ ਫਿਰਦੇ ਹਨ ਪਰ ਜਦ ਗੱਲ ਬਚਿੱਤਰ ਨਾਟਕ ਗ੍ਰੰਥ ਦੀ ਆਉਂਦੀ ਹੈ ਤਾਂ ਸਿੱਖਾਂ ਨੂੰ ਉਸ
ਵੱਲ ਪ੍ਰੇਰਨ ਲਈ ਰਹਿਤ ਮਰਿਆਦਾ ਦਾ ਹਵਾਲਾ ਦੇਣਾ ਸ਼ੁਰੂ ਕਰ ਦਿੰਦੇ ਹਨ ਜਦਕਿ ਰਹਿਤ ਮਰਿਆਦਾ
ਵਿਚ ਕਿਧਰੇ ਵੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਤੁੱਲ ਸਥਾਪਿਤ ਕਰਨ ਜਾਂ ਪ੍ਰਚਾਰੇ
ਜਾਣ ਦੀ ਖੁੱਲ੍ਹ ਨਹੀਂ ਦਿੱਤੀ ਗਈ।
ਖੈਰ, ਹਥਲੇ ਲੇਖ ਵਿਚ
ਸਾਡਾ ਮਕਸਦ ਬਚਿੱਤਰ ਨਾਟਕ ਗ੍ਰੰਥ ਦੀਆਂ ਕਮੀਆਂ-ਪੇਸ਼ੀਆਂ ਨੂੰ ਵਿਚਾਰਨਾ ਨਹੀਂ, ਬਲਕਿ ਉਕਤ
ਵਿਵਾਦ ਵਿਚ ਦਿੱਲੀ ਦੀਆਂ ਪ੍ਰਮੁੱਖ ਸਿੱਖ ਪਾਰਟੀਆਂ ਦੇ ਆਗੂਆਂ ਵੱਲੋਂ ਨਿਭਾਈ ਗਈ ਭੂਮਿਕਾ
ਨੂੰ ਵਿਚਾਰਨਾ ਹੈ।
ਮਸਲਾ ਇਹ ਹੈ ਕਿ ਅਗਲੇ ਸਾਲ ਦੇ
ਅੰਰਭਕ ਮਹੀਨਿਆਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ
ਚੋਣਾਂ ਰਾਹੀਂ ਜਿੱਤ ਪ੍ਰਾਪਤ ਕਰਕੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਢਾਂਚੇ 'ਤੇ ਕਾਬਿਜ
ਹੋਣ ਲਈ ਬਾਦਲ ਦਲ, ਸਰਨਾ ਦਲ ਅਤੇ ਜੀ.ਕੇ. ਦਲ ਵਿਚ ਅਤਿ ਦਰਜੇ ਦਾ ਤਿੱਖਾ ਮੁਕਾਬਲਾ ਚੱਲ
ਰਿਹਾ ਹੈ। ਇਨ੍ਹਾਂ ਵਿੱਚੋਂ ਸਰਨਾ ਦਲ ਅਤੇ ਜੀ.ਕੇ. ਦਲ ਭਾਵੇਂ
ਹਾਲ ਦੀ ਘੜੀ ਇਕ-ਦੂਜੇ ਪ੍ਰਤੀ ਦੋਸਤਾਨਾ ਰਵਈਆ ਅਪਣਾ ਕੇ ਇਕ-ਦੂਜੇ ਖਿਲਾਫ ਬੋਲਣ ਦੀ ਬਜਾਏ,
ਬਾਦਲ ਦਲ ਖਿਲਾਫ ਬੋਲਣ ਦੀ ਨੀਤੀ ਅਪਣਾ ਰਹੇ ਹਨ। ਪਰ ਅੰਦਰੋਂ ਹਰ ਧਿਰ ਦਾ ਆਗੂ
ਚਾਹੁੰਦਾ ਹੈ ਕਿ ਕਮੇਟੀ ਦਾ ਅਗਲਾ ਪ੍ਰਧਾਨ ਸਿਰਫ ਮੈਂ ਹੀ ਬਣਾਂ। ਇਥੇ ਵਡੇਰੀ ਸਮੱਸਿਆ ਇਹ
ਹੈ ਕਿ ਬਾਦਲ ਦਲ ਤਾਂ ਫਿਰਕੂ ਹਿੰਦੂਤਵੀ ਤਾਕਤਾਂ ਦਾ ਪੁਰਾਣਾ ਬੇਲੀ ਹੈ। ਪਰ ਬਾਦਲ ਦਲ
ਨੂੰ ਹੋਰ ਕਮਜੋਰ ਕਰਨ ਲਈ ਇਨ੍ਹਾਂ ਤਾਕਤਾਂ ਵੱਲੋਂ ਮਨਜੀਤ ਸਿੰਘ ਜੀ.ਕੇ. ਦੀ ਪਾਰਟੀ ਨੂੰ
ਅੰਦਰਖਾਤੇ ਸਮਰਥਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਸਦੇ ਇਲਾਵਾ, ਦਿੱਲੀ ਦੀ ਸਿਆਸਤ ਵਿਚੋਂ
ਕਾਂਗਰਸ ਦਾ ਸਫਾਇਆ ਹੋ ਜਾਣ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਦੁਤਕਾਰ ਦਿੱਤੇ
ਜਾਣ ਉਪਰੰਤ ਸਰਨਾ ਭਰਾਵਾਂ ਵੱਲੋਂ ਵੀ ਅੰਦਰਖਾਤੇ ਫਿਰਕੂ ਹਿੰਦੂਤਵੀ ਤਾਕਤਾਂ ਨਾਲ ਗੋਟੀਆਂ
ਫਿਟ ਕਰ ਲੈਣ ਦੇ ਹਥਕੰਡੇ ਦਾ ਦਾਅਵਾ ਵੀ ਸਿਆਸੀ ਸੂਤਰਾਂ ਵੱਲੋਂ ਕੀਤਾ ਜਾਂਦਾ ਹੈ। ਕਹਿਣ
ਤੋਂ ਭਾਵ, ਦਿੱਲੀ ਦੀਆਂ ਤਿੰਨੋਂ ਮੁੱਖ 'ਸਿੱਖ' ਪਾਰਟੀਆਂ, ਆਰ.ਐਸ.ਐਸ. / ਭਾਜਪਾ ਨੂੰ
ਖੁਸ਼ ਕਰਕੇ, ਬਾਕੀ ਧਿਰਾਂ ਨਾਲੋਂ ਆਪਣੀ ਪਾਰਟੀ ਲਈ ਵੱਧ 'ਕ੍ਰਿਪਾ' ਪ੍ਰਾਪਤ ਕਰਨ ਦੀ
ਅੰਨ੍ਹੀ-ਦੌੜ ਦੌੜਦੀਆਂ ਪਈਆਂ ਹਨ। ਪਰ ਕੌੜੀ ਸੱਚਾਈ ਇਹ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਦੇ
ਕ੍ਰਿਪਾ-ਪਾਤਰ ਬਣਨ ਦਾ ਇਕ-ਮਾਤਰ ॥ਰੀਆ ਹੈ - ਉਨ੍ਹਾਂ ਦੀਆਂ ਅੱਖਾਂ ਵਿਚ ਚੁੱਭਣ ਵਾਲੀ
ਨਿਰੋਲ ਗੁਰਮਤਿ ਵਿਚਾਰਧਾਰਾ ਨੂੰ ਖਤਮ ਕਰ, ਸਿੱਖਾਂ ਨੂੰ ਬ੍ਰਾਹਮਣਵਾਦੀਆਂ ਦੇ ਮਾਨਸਿਕ
ਗੁਲਾਮ ਬਣਾਉਣ ਲਈ ਵੱਧ ਤੋਂ ਵੱਧ ਕਦਮ ਚੁੱਕਣਾ।
ਪਿਛਲੇ ਕਈ ਦਹਾਕਿਆਂ ਤੋਂ ਬਾਦਲ ਦਲ ਇਹ ਕੁਕਰਮ ਬੜੀ ਸ਼ਿੱਦਤ
ਨਾਲ ਕਰਦਾ ਆ ਰਿਹਾ ਹੈ। ਨਤੀਜਤਨ, ਪੰਜਾਬ ਵਿਚ ਸਿੱਖਾਂ ਦੀ ਬਹੁਗਿਣਤੀ ਦਾ ਸਰੂਪ
ਪਤਿਤ ਹੋ ਚੁੱਕਾ ਹੈ ਅਤੇ ਨੌਜਵਾਨ ਨਸ਼ੇ, ਲੱਚਰਵਾਦ ਅਤੇ ਫੋਕੇ ਪਦਾਰਥਵਾਦ ਦੇ ਆਦੀ ਹੋਕੇ
ਸਿੱਖ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਬੇਮੁਖ ਹੋ ਚੁੱਕੇ ਹਨ। ਇਸ ਕਾਰਨ, ਸਿਰਸੇ ਵਾਲੇ
ਡੇਰੇਦਾਰ ਤੋਂ ਲੈ ਕੇ ਇਸਾਈ ਮਿਸ਼ਨਰੀਆਂ ਤੱਕ - ਅੱਜ ਕੋਈ ਵੀ ਅਣਧਰਮੀ ਪ੍ਰਚਾਰਕ ਬਹੁਤ ਥੋੜੀ
ਮਿਹਨਤ ਨਾਲ ਸਿੱਖਾਂ ਨੂੰ ਆਪਣੇ ਪੈਰੋਕਾਰ ਬਣਾਉਣ ਵਿਚ ਸਫਲ ਹੋ ਰਿਹਾ ਹੈ। ਪਰ ਸੂਤਰਾਂ
ਮੁਤਾਬਿਕ, ਆਪਣੀ ਇਸ 'ਸੇਵਾ' ਬਦਲੇ ਬਾਦਲ ਦਲ ਦਾ ਮੁਖੀਆ ਪਰਵਾਰ ਸ਼ਾਇਦ ਫਿਰਕੂ ਹਿੰਦੂਤਵੀ
ਤਾਕਤਾਂ ਤੋਂ ਕੁਝ ਜਿਆਦਾ ਹੀ 'ਮੇਵਾ' ਲੈਣ ਦੀ ਮੰਗ ਕਰਨ ਲੱਗ ਪਿਆ ਸੀ। ਜਿਸ ਕਾਰਨ ਇਨ੍ਹਾਂ
ਤਾਕਤਾਂ ਨੇ ਹੁਣ ਸਿੱਖ ਸਰੂਪ ਵਾਲੇ ਨਵੇਂ ਚਿਹਰਿਆਂ ਨੂੰ ਆਪਣਾ ਮੋਹਰਾ ਬਣਾਇਆ ਹੈ, ਜਿਨ੍ਹਾਂ
ਵਿਚ ਦਿੱਲੀ ਵਿਚ ਮਨਜੀਤ ਸਿੰਘ ਜੀ.ਕੇ. ਅਤੇ ਸਰਨਾ ਭਰਾ ਅਤੇ ਪੰਜਾਬ ਵਿਚ ਸੁਖਦੇਵ ਸਿੰਘ
ਢੀਂਢਸਾ ਨੂੰ ਇਸ ਮਿਸ਼ਨ ਦੀ ਜਿੰਮੇਵਾਰੀ ਮਿਲੇ ਹੋਣ ਦੀ ਚਰਚਾ ਸਿਆਸੀ ਗਲਿਆਰਿਆਂ ਵਿਚ ਆਮ
ਹੈ।
ਦਿੱਲੀ ਦੀ ਗੱਲ ਕਰੀਏ
ਤਾਂ ਪਿਛਲੇ ਕਈ ਸਾਲ ਬਾਦਲ ਦਲ ਵਿਚ ਸ਼ਾਮਲ ਰਹੇ ਹੋਣ ਅਤੇ ਦਿੱਲੀ ਗੁਰਦੁਆਰਾ ਕਮੇਟੀ
ਦਾ ਪ੍ਰਧਾਨ ਰਹੇ ਹੋਣ ਕਾਰਨ ਮਨਜੀਤ ਸਿੰਘ ਜੀ.ਕੇ. ਲਈ ਸਿੱਖਾਂ ਖਿਲਾਫ ਸਰਗਰਮ ਹੋਣਾ ਬਹੁਤ
ਅਸਾਨ ਸੀ। ਹਾਲਾਂਕਿ ਆਪਣੀਆਂ ਅਜਿਹੀਆਂ ਹਰਕਤਾਂ ਕਾਰਨ ਉਸਨੂੰ ਵਿਦੇਸ਼ਾਂ ਵਿਚ ਸਿੱਖਾਂ ਤੋਂ
ਕੁੱਟ ਵੀ ਖਾਣੀ ਪਈ ਪਰ ਅਜਿਹੀਆਂ ਘਟਨਾਵਾਂ ਨਾਲ ਆਰ.ਐਸ.ਐਸ. ਦੀ ਨਿਗਾਹ ਵਿਚ ਉਸਦਾ
ਪ੍ਰਭਾਵ ਹੋਰ ਵੱਧ ਗਿਆ। ਦੂਜੇ ਪਾਸੇ, ਮਨਜੀਤ ਸਿੰਘ ਜੀ.ਕੇ. 'ਤੇ ਦਿੱਲੀ ਕਮੇਟੀ ਵਿਚਲੇ
ਆਪਣੇ ਕਾਰਜ-ਕਾਲ ਦੌਰਾਨ ਵੱਡੀ ਪੱਧਰ 'ਤੇ ਆਰਥਕ ਬੇਨੇਮੀਆਂ ਕਰਨ ਦੇ ਦੋਸ਼ ਲਗਦੇ ਹਨ। ਅਜਿਹੇ
ਹੀ ਇਕ ਮਸਲੇ ਵਿਚ ਜੀ.ਕੇ. 'ਤੇ ਇਕ ਅਪਰਾਧਕ ਮੁਕੱਦਮਾ ਵੀ ਦਰਜ ਹੋ ਚੁੱਕਾ ਹੈ ਅਤੇ ਚੋਣਾਂ
ਤੋਂ ਐਨ ਪਹਿਲਾਂ, ਹੋਰ ਕਈ ਮੁਕੱਦਮੇ ਦਰਜ ਹੋ ਸਕਦੇ ਹਨ। ਇਸਲਈ ਆਪਣੇ ਬਚਾਅ ਵਾਸਤੇ ਮਨਜੀਤ
ਸਿੰਘ ਜੀ.ਕੇ. ਕੋਲ ਸਭ ਤੋਂ ਵਧੀਆ ਧਿਰ ਫਿਰਕੂ ਹਿੰਦੂਤਵੀ ਤਾਕਤਾਂ ਦੀ ਹੀ ਹੈ, ਜਿਨ੍ਹਾਂ
'ਤੇ ਅਜੋਕੇ ਸਮੇਂ ਵਿਚ ਸੁਪਰੀਮ ਕੋਰਟ ਤੱਕ ਦੇ ਜੱਜਾਂ ਨੂੰ ਆਪਣੇ ਕਾਬੂ ਵਿਚ ਕਰਨ ਦੇ ਦੋਸ਼
ਲਗਦੇ ਹਨ।
ਪਰ ਦਿੱਲੀ ਕਮੇਟੀ 'ਤੇ ਲੰਬਾ ਸਮਾਂ ਕਾਬਿਜ ਰਹੇ
ਸਰਨਾ ਭਰਾ ਵੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ
ਤਾਂ ਫਿਲਹਾਲ ਉਨ੍ਹਾਂ ਨੂੰ ਦਿੱਲੀ ਵਿਚ ਕੋਈ ਲਾਭ ਦੇ ਨਹੀਂ ਸਕਦੀ ਅਤੇ ਆਮ ਆਦਮੀ ਪਾਰਟੀ
ਦੇ ਸਿੱਖ ਅਹੁਦੇਦਾਰ ਇਨ੍ਹਾਂ ਭਰਾਵਾਂ ਨੂੰ ਆਪਣੀ ਪਾਰਟੀ ਵਿਚ ਘੁਸਣ ਨਹੀਂ ਦੇਣਗੇ।
ਇਸ ਲਈ ਸੂਤਰਾਂ ਮੁਤਾਬਿਕ, ਸਰਨਾ ਭਰਾਵਾਂ ਨੂੰ ਵੀ ਦੇਸ਼ ਦੀ
ਕੇਂਦਰ ਸਰਕਾਰ 'ਤੇ ਸਿੱਧੇ ਤੌਰ 'ਤੇ ਕਾਬਿਜ ਅਤੇ ਆਪਣੇ ਉਪ-ਰਾਜਪਾਲ ਅਤੇ ਪੁਲਿਸ ਰਾਹੀਂ
ਦਿੱਲੀ ਸਰਕਾਰ 'ਤੇ ਅਸਿੱਧੇ ਤੌਰ 'ਤੇ ਕਾਬਿਜ ਫਿਰਕੂ ਤਾਕਤਾਂ ਨਾਲ ਅੱਟੀ-ਸੱਟੀ ਕਰਨ ਵਿਚ
ਹੀ ਲਾਭ ਪ੍ਰਤੀਤ ਹੋਇਆ।
ਸੂਤਰਾਂ ਮੁਤਾਬਿਕ, ਮਨਜੀਤ ਸਿੰਘ ਜੀ.ਕੇ.
ਅਤੇ ਸਰਨਾ ਭਰਾਵਾਂ ਦੀ ਇਨ੍ਹਾਂ ਫਿਰਕੂ ਹਿੰਦੂਤਵੀ ਤਾਕਤਾਂ ਨਾਲ ਕਥਿਤ ਤੌਰ 'ਤੇ ਹੋਈ
ਗੰਢਤੁੱਪ ਕਾਰਨ ਬਾਦਲ ਦਲ ਨੂੰ ਦਿੱਲੀ ਕਮੇਟੀ ਚੋਣਾਂ ਵਿਚ ਆਪਣੇ ਲਈ ਖਤਰਾ ਮਹਿਸੂਸ ਹੋ
ਰਿਹਾ ਸੀ। ਇਸਲਈ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਚਿੱਤਰ ਨਾਟਕ
ਦੀ ਕਥਾ ਕਰਵਾ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਸਾਧੇ ਗਏ ਹਨ।
- ਪਹਿਲਾਂ ਤਾਂ ਬਾਦਲਕਿਆਂ
ਨੇ ਨਰਿੰਦਰ ਮੋਦੀ ਵੱਲੋਂ 5 ਅਗਸਤ ਨੂੰ ਅਯੋਧਿਆ ਵਿਖੇ ਮੰਦਰ ਦੇ ਨੀਂਹ-ਪੂਜਾ ਸਮਾਗਮ
ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ (ਦਸਮ ਗ੍ਰੰਥ ਵਿਚ) ਗੋਬਿੰਦ ਰਮਾਇਣ ਲਿਖੇ ਹੋਣ
ਜਾਂ ਸਾਬਕਾ ਪੁਜਾਰੀ ਇਕਬਾਲ ਸਿਹੁੰ ਵੱਲੋਂ ਸਿੱਖ ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੇ
ਵੰਸ਼ਜ ਦੱਸਣ ਵਾਲੇ ਬਿਆਨਾਂ ਨੂੰ ਅਸਿੱਧੇ ਢੰਗ ਨਾਲ ਸਹੀ ਠਹਿਰਾ ਦਿੱਤਾ ਹੈ।
- ਦੂਜਾ, ਗੁਰੂ ਗ੍ਰੰਥ
ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਬਜਾਏ
ਵਿਵਾਦਾਂ ਵਿਚ ਘਿਰੇ ਗ੍ਰੰਥ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਵਾ ਕੇ ਬਾਦਲ ਦਲ ਨੇ
ਫਿਰਕੂ ਹਿੰਦੂਤਵੀ ਤਾਕਤਾਂ ਨੂੰ ਦਰਸਾ ਦਿੱਤਾ ਹੈ ਕਿ ਸਿੱਖ ਵਿਚਾਰਧਾਰਾ ਦਾ ਅਪਮਾਨ
ਕਰਨ ਵਿਚ ਸਾਡਾ ਕੋਈ ਸਾਨੀ ਨਹੀਂ।
- ਤੀਜਾ, ਕਥਾ ਦੇ ਸਮਰਥਕਾਂ
ਅਤੇ ਵਿਰੋਧੀਆਂ ਦੀ ਆਪਸੀ ਤਕਰਾਰ ਦੇ ਵਿਚ, ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ
ਸਾਹਿਬ ਦੇ 500 ਤੋਂ ਵੱਧ ਪਵਿੱਤਰ ਸਰੂਪ ਖੁਰਦ-ਬੁਰਦ ਕੀਤੇ ਜਾਣ ਦੀ ਖਬਰ ਉਸੇ ਤਰ੍ਹਾਂ
ਖੁੱਡੇ-ਲਾਈਨ ਲਗਵਾ ਦਿੱਤੀ ਗਈ, ਜਿਸ ਤਰ੍ਹਾਂ ਹਿੰਦੂਤਵੀ ਤਾਕਤਾਂ ਨੇ ਆਪਣੀਆਂ
ਤਬਾਹਕੁੰਨ ਨੀਤੀਆਂ ਨੂੰ ਛੁਪਾਉਣ ਲਈ ਇਕ ਨਸ਼ੇੜੀ ਕਲਾਕਾਰ ਦੀ ਮੌਤ ਦੀ ਘਟਨਾ ਨੂੰ
ਹੱਦੋਂ-ਵੱਧ ਹਵਾ ਦੇ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਵਟਾਇਆ ਹੋਇਆ ਹੈ।
- ਚੌਥਾ, ਕਥਾ ਪ੍ਰੋਗਰਾਮ
ਦੇ ਵਿਰੋਧ ਵਿਚ ਚੋਣਵੇਂ ਸਿੱਖਾਂ ਦੇ ਨਿੱਤਰਣ ਨਾਲ ਬਾਦਲ ਦਲ ਨੂੰ ਬਚਿੱਤਰ ਨਾਟਕ
ਗ੍ਰੰਥ ਦੇ ਉਪਾਸਕਾਂ - ਜਿਨ੍ਹਾਂ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ
ਮੰਨਣ ਵਾਲੇ ਸਿੱਖਾਂ ਤੋਂ ਬਹੁਤ ਜਿਆਦਾ ਹੈ - ਨੂੰ ਆਪਣੇ ਨਾਲ ਜੋੜਨ ਦਾ ਮੌਕਾ ਮਿਲਿਆ
ਹੈ (ਬਾਦਲ ਦਲ ਦੀ ਇਸ ਸਫਲਤਾ ਤੋਂ ਬੌਖਲਾਇਆ ਹੋਇਆ ਮਨਜੀਤ ਸਿੰਘ ਜੀ.ਕੇ. ਤਾਂ ਹੀ
ਬਾਰ-ਬਾਰ ਇਹ ਬਿਆਨ ਦੇ ਰਿਹਾ ਹੈ ਕਿ ਮੇਰੇ ਪ੍ਰਧਾਨਗੀ ਕਾਲ ਸਮੇਂ ਵੀ ਗੁਰਦੁਆਰਾ
ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਹੋਈ ਸੀ। ਭਾਵ, ਗੁਰੂ ਗ੍ਰੰਥ ਸਾਹਿਬ ਦਾ
ਅਪਮਾਨ ਕਰਵਾਉਣ ਵਿਚ ਮੈਂ ਵੀ ਬਾਦਲਕਿਆਂ ਤੋਂ ਪਿੱਛੇ ਨਹੀਂ ਹਾਂ)।
- ਪੰਜਵਾਂ, ਵਿਰੋਧ
ਪ੍ਰਦਰਸ਼ਨ ਵਿਚ ਕਿਹੜੀਆਂ ਸੰਸਥਾਵਾਂ ਨਾਲ ਸਬੰਧਿਤ ਕਿਹੜੇ ਸਿੱਖ ਸ਼ਾਮਲ ਹੋਏ, ਆਦਿਕ
ਤੱਥਾਂ ਦਾ ਵਿਸ਼ਲੇਸ਼ਣ ਕਰਕੇ ਬਾਦਲਕੇ ਅਤੇ ਉਨ੍ਹਾਂ ਦੀ ਹੁਕਮਰਾਨ ਬ੍ਰਾਹਮਣਵਾਦੀ ਤਾਕਤਾਂ
ਅੰਦਾਜਾ ਲਗਾ ਲੈਂਦੀਆਂ ਹਨ ਕਿ ਸਿੱਖ ਵਿਚਾਰਧਾਰਾ ਦਾ ਖਾਤਮਾ ਕਰਨ ਲਈ ਭਵਿੱਖ ਵਿਚ
ਉਨ੍ਹਾਂ ਨੂੰ ਕਿਹੜੀਆਂ ਸਿੱਖ ਸੰਸਥਾਵਾਂ ਜਾਂ ਵਿਅਕਤੀਆਂ ਨਾਲ ਨਜਿੱਠਣ ਲਈ ਸਰਗਰਮ
ਹੋਣਾ ਪੈਣਾ ਹੈ। ਛੇਵਾਂ, ਪਿਛੋਕੜ ਵਿਚ ਪੰਥਕ ਹਲਕਿਆਂ ਵਿਚ ਚੰਗਾ ਰਸੂਖ ਬਣਾਉਣ ਵਿਚ
ਸਫਲ ਰਹੇ ਹੋਣ ਵਾਲੇ ਸਰਨਾ ਭਰਾਵਾਂ ਦੇ ਅਕਸ 'ਤੇ ਇਸ ਸਾਰੇ ਘਟਨਾਕ੍ਰਮ ਨਾਲ ਕਾਫੀ
ਮਾੜਾ ਪ੍ਰਭਾਵ ਪਿਆ ਹੈ। ਕਿਉਂਕਿ ਆਪਣੀ ਮਾਈ-ਬਾਪ ਹਿੰਦੂਤਵੀ ਤਾਕਤਾਂ ਨੂੰ ਨਰਾਜ ਨਾ
ਕਰਨ ਲਈ ਸਰਨਾ ਭਰਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ ਦੇਣ ਵਾਲੇ
ਇਸ ਪ੍ਰੋਗਰਾਮ ਦੇ ਵਿਰੋਧ ਵਿਚ ਸ਼ਾਮਲ ਹੋਣਾ ਤਾਂ ਦੂਰ, ਇਸ ਮੁੱਦੇ 'ਤੇ ਆਪਣੀ ਜੁਬਾਨ
ਤੱਕ ਨਹੀਂ ਖੋਲ੍ਹੀ। ਹਾਲਾਂਕਿ ਇਸ ਨੀਤੀ ਨਾਲ ਸਰਨਾ ਭਰਾਵਾਂ ਨੂੰ ਸਿਆਸੀ ਲਾਭ ਹੋਵੇਗਾ
ਜਾਂ ਨੁਕਸਾਨ, ਇਹ ਕਿਹਾ ਨਹੀਂ ਜਾ ਸਕਦਾ ਕਿਉਂਕਿ ਹੁਣ ਪੰਥ-ਦਰਦੀ ਸਿੱਖ ਤਾਂ ਦੋਗਲੇ
ਸਰਨਾ ਭਰਾਵਾਂ ਦੀ ਸ਼ਕਲ ਵੀ ਵੇਖਣਾ ਪਸੰਦ ਨਹੀਂ ਕਰਨਗੇ ਜਦਕਿ ਕੇਸਾਧਾਰੀ ਬ੍ਰਾਹਮਣਾਂ
ਦਾ ਰੂਪ ਧਾਰ ਚੁੱਕੇ ਮਨਮਤੀ ਸਿੱਖਾਂ ਦੀ ਸਿਆਸੀ ਪਸੰਦ ਬਾਦਲ ਦਲ ਜਾਂ ਜੀ.ਕੇ. ਦਲ ਹੀ
ਬਣੇਗਾ।
ਅਜਿਹੇ ਹਾਲਾਤ
ਵਿਚ ਸਪਸ਼ਟ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਦੇ
ਪ੍ਰੋਗਰਾਮ ਤੋਂ ਉਪਜਿਆ ਵਿਵਾਦ, ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਲਈ
ਸਿਆਸੀ ਤੌਰ 'ਤੇ ਇਕ ਲਾਹੇਵੰਦ ਕਦਮ ਹੈ। ਚੇਤੰਨ ਸਿੱਖਾਂ ਵੱਲੋਂ ਭਵਿੱਖ ਵਿਚ
ਜਿੰਨਾ ਵੱਧ ਅਜਿਹੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾਵੇਗਾ, ਕਮੇਟੀ ਪ੍ਰਬੰਧਕ ਫਿਰਕੂ
ਹਿੰਦੂਤਵੀ ਤਾਕਤਾਂ ਦੇ ਓਨੇ ਵੱਧ ਕ੍ਰਿਪਾ-ਪਾਤਰ ਬਣ ਸਕਣਗੇ। ਇਸਲਈ ਇਸ ਮਸਲੇ 'ਤੇ ਵਿਰੋਧ
ਪ੍ਰਗਟਾਉਣ ਵਾਲੇ ਸਿੱਖਾਂ ਲਈ ਜਿਆਦਾ ਬਿਹਤਰ ਇਹ ਹੋਵੇਗਾ ਕਿ ਗੁਰਦੁਆਰੇ ਦੇ ਬਾਹਰ ਤਖਤੀਆਂ
ਲਗਾ ਕੇ ਵਿਰੋਧ ਕਰਨ ਦੀ ਬਜਾਏ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਉਚੀ-ਸੁੱਚੀ ਗੁਰਮਤਿ
ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਮਹੱਤਤਾ ਤੋਂ ਹਰ ਸਿੱਖ ਨੂੰ ਜਾਣੂ
ਕਰਵਾਉਣ ਲਈ ਠੋਸ ਯੋਜਨਾਵਾਂ ਉਲੀਕਣ। ਕਿਉਂਕਿ ਦਿੱਲੀ ਗੁਰਦੁਆਰਾ
ਕਮੇਟੀ 'ਤੇ ਕਾਬਿਜ ਹੋਣ ਲਈ ਤਰਲੋ-ਮੱਛੀ ਹੋ ਰਹੇ ਬਹਿਰੂਪੀਏ ਪਗੜੀਧਾਰੀ ਆਗੂਆਂ ਨੇ ਆਪਣੇ
ਸਾਂਝੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ, ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਹੀ
ਚੁਣੌਤੀ ਦੇਣ ਦੀ ਬੇਸ਼ਰਮੀ ਭਰੀ ਨੀਤੀ ਅਪਣਾ ਲਈ ਹੈ। ਜਿਥੋਂ ਤੱਕ ਹੋ ਸਕੇ,
ਗੁਰਦੁਆਰਾ ਚੋਣਾਂ ਤੋਂ ਪਹਿਲਾਂ-ਪਹਿਲਾਂ, ਇਨ੍ਹਾਂ ਧਿਰਾਂ ਦੀ ਅਜਿਹੀਆਂ ਕੋਝੀਆਂ ਹਰਕਤਾਂ
ਬਾਰੇ ਵੀ ਹੋਰਨਾਂ ਸਿੱਖਾਂ ਨੂੰ ਜਾਗਰੁਕ ਕੀਤੇ ਜਾਣਾ ਚਾਹੀਦਾ ਹੈ।