ਇਸ
ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋ. ਹਰਪਾਲ ਸਿੰਘ ਪੰਨੂੰ ਬੜੇ ਮਸ਼ਹੂਰ ਸਾਖੀਕਾਰ ਨੇ। ਸਾਖੀ
ਸੁਣਾਉਣ ਦੀ ਕਲਾ ਸਿੱਖਾਂ ਵਿੱਚ ਲੁਪਤ ਹੁੰਦੀ ਜਾ ਰਹੀ ਹੈ ਅਤੇ ਅਜਿਹੇ ਵਿੱਚ ਪੰਨੂੰ ਦਾ
ਯੋਗਦਾਨ ਅਹਿਮ ਹੈ। ਵੈਸੇ ਸਾਖੀਕਾਰੀ ਤੇ ਇਤਿਹਾਸਕਾਰੀ ਵਿੱਚ ਫਰਕ ਹੁੰਦਾ ਹੈ ।
ਪਰ ਅਠਾਰਵੀਂ ਸਦੀ ਦੇ ਸਿੱਖਾਂ ਦੀਆਂ ਸਾਖੀਆਂ ਸੁਣਾਉਣ ਵਾਲੇ
ਸਾਖੀਕਾਰ ਕੀ ਦੱਸ ਸਕਦੇ ਨੇ ਕਿ ਉਸ ਵੇਲੇ ਦੇ ਸਿੱਖ ਕਦੇ ਮੁਗਲਾਂ ਕੋਲ ਸਿੱਖਾਂ ਦੇ ਆਪਸੀ
ਝਗੜੇ ਲ਼ੈ ਕੇ ਪਹੁੰਚੇ ਹੋਣ ?
ਦਸਮ ਗ੍ਰੰਥ ਸਿੱਖਾਂ ਦਾ ਆਪਸੀ ਝਗੜਾ। ਇਹਦੇ ਪਿੱਛੇ ਕਾਫੀ ਤਿੱਖੀਆਂ
ਬਹਿਸਾਂ ਹੋਈਆਂ ਪਰ ਮਸਲਾ ਸਿੱਖੀ ਦੇ ਘੇਰੇ ਤੋਂ ਕਦੇ ਬਾਹਰ ਨਹੀਂ ਗਿਆ।
ਪਰ ਸਾਖੀਕਾਰ ਹੋਣ ਦੇ ਬਾਵਜੂਦ ਪੰਨੂੰ ਇਸ ਲੜਾਈ ਨੂੰ ਸਿੱਖੀ ਦੇ
ਵਿਸ਼ਾਲ ਘੇਰੇ ਤੋਂ ਬਾਹਰ ਪੁਲਿਸ ਦੇ ਠਾਣੇਦਾਰਾਂ ਕੋਲ ਲ਼ੈ ਗਿਆ ਹੈ ਜਾਂ ਲਿਜਾਣ ਲਈ ਤਿਆਰੀ
ਕਰੀ ਬੈਠ ਹੈ ਤੇ ਪਟਿਆਲਾ ਪੁਲਿਸ ਨੂੰ ਸ਼ਿਕਾਇਤ ਦਾ ਖਰੜਾ ਸੋਸ਼ਲ ਮੀਡੀਏ ਤੇ ਕਾਫੀ ਘੁੰਮ
ਚੁੱਕਾ ਹੈ । ਇਸ ਵਿਚ ਉਸਦੇ ਸਾਥੀ, ਡਾ ਹਰਭਜਨ ਸਿੰਘ ਬਣੇ ਨੇ । ਅਜਿਹਾ ਕਰਨ ਵਾਲੇ ਪੀ ਐਚ
ਡੀ ਡਿਗਰੀ-ਧਾਰੀ, ਕਿਤਾਬਾਂ ਦੇ ਲੇਖਕ ਇਹ ਦੋ ਸੱਜਣ ਇਹੋ ਜਿਹੇ ਪਹਿਲੇ "ਵਿਦਵਾਨ" ਹੋਣਗੇ
ਜਿਹੜੇ ਸਮਝਦੇ ਨੇ ਕਿ ਪੰਜਾਬ ਪੁਲਿਸ ਦੇ ਥਾਣੇਦਾਰ ਕਿਸੇ ਪੁਰਾਤਨ ਲਿਖਤ ਤੇ ਚੱਲ ਰਹੀ
ਬਹਿਸ ਦਾ ਇਨਸਾਫ ਤੇ ਨਿਤਾਰਾ ਕਰ ਸਕਦੇ ਨੇ ।
ਪੰਨੂੰ ਨੇ ਸਾਬਕਾ ਆਈ ਐ ਐਸ ਅਧਿਕਾਰੀ ਤੇ ਉੱਘੇ ਸਿੱਖ ਲਿਖਾਰੀ ਸ੍ਰ. ਗੁਰਤੇਜ ਸਿੰਘ ਅਤੇ
ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਜਾਂ
ਕੀਤੀ ਜਾਣੀ ਹੈ ਅਤੇ ਕਿਹਾ ਹੈ ਕਿ ਇਹ ਦੋਵੇਂ ਦਸਮ ਗ੍ਰੰਥ ਵਿਰੋਧੀ ਨੇ ਅਤੇ ਇਨ੍ਹਾਂ ਦੋਵਾਂ
ਨੇ ਉਨ੍ਹਾਂ ਦੇ ਹਿਰਦੇ ਨੂੰ ਠੇਸ ਪਹੁੰਚਾਈ ਏ।ਪ੍ਰੋ। ਪਨੂੰ ਦਾ ਨਾਂ ਹੀ ਇਸ ਸ਼ਿਕਾਇਤ ਲਈ
ਜ਼ਿਆਦਾ ਆ ਰਿਹਾ ਹੈ ਇਸ ਲਈ ਅਸੀਂ ਜ਼ਿਆਦਾ ਉਨ੍ਹਾਂ ਤੇ ਹੀ ਕੇਂਦਰਤ ਰੱਖ ਕੇ ਹੀ ਗੱਲ ਕਰਾਂਗੇ
।
ਦਸਮ ਗ੍ਰੰਥ ਤੇ ਵਿਵਾਦ ਕਾਫੀ ਪੁਰਾਣਾ ਹੈ ਤੇ
ਇਸ ਮਸਲੇ ਤੇ ਸਾਡੀ ਕੋਈ ਟਿੱਪਣੀ ਨਹੀਂ।
ਹਾਂ ਇੰਨਾਂ ਕੁ ਜ਼ਰੂਰ ਯਾਦ ਕਰਾਉਣਾ ਬੰਦਾ ਹੈ ਕਿ 20 ਕੁ ਸਾਲ ਪਹਿਲਾਂ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ
ਕੀਤੀ ਸੀ ਕਿ ਦਸਮ ਗਰੰਥ ਦੇ ਵਿਸ਼ੇ ਤੇ ਇਕ ਸੁਹਿਰਦ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ
ਜਿਹੜੀ ਇਸ ਵਿਵਾਦ ਦੀ ਡੂੰਘਾਈ 'ਚ ਜਾਵੇ ਤੇ ਨਾਲ ਹੀ ਇਸ ਵਿਸ਼ੇ ਤੇ ਗੋਸ਼ਟੀਆਂ ਆਦਿ ਕਰਾਈਆਂ
ਜਾਣ । ਪਿਛਲੇ 20 ਸਾਲਾਂ 'ਚ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੀ ਹਦਾਇਤ ਨੂੰ ਲਾਂਭੇ
ਰੱਖਦਿਆਂ ਤਾਂ ਅਜਿਹਾ ਇਕ ਵੀ ਅਜਿਹਾ ਕੰਮ ਨਹੀਂ ਕੀਤਾ ਤੇ ਕੁਝ ਦਿਨ ਪਹਿਲਾਂ ਹੀ ਆਪਣੀ
ਇੱਕ ਇੰਟਰਵਿਊ ਵਿਚ ਵੇਦਾਂਤੀ ਸਾਹਿਬ ਨੇ ਵੀ ਮਾਣਿਆ ਹੈ । ਪਰ ਇਹ ਹੈਰਾਨੀ ਦੀ ਗੱਲ ਹੈ ਕਿ
ਪੰਨੂੰ ਨੂੰ ਅਕਾਲ ਤਖਤ ਸਾਹਿਬ ਦੀ ਹਦਾਇਤ ਮੁਤਾਬਿਕ ਗੋਸ਼ਟੀਆਂ ਆਦਿਕ ਤੋਂ ਵੱਧ ਭਰੋਸਾ
ਪੰਜਾਬ ਪੁਲਿਸ 'ਚ ਹੈ ਕਿ ਉਹ ਇਸ ਮੁੱਦੇ ਤੇ "ਨਿਆਂ" ਕਰ ਕੇ ਠੰਡ ਪਾ ਦਿਊ। ਖਾਸ ਕਰਕੇ
ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਪੰਝੀਵੇਂ ਵਰ੍ਹੇ 'ਚ ।
ਜਿਵੇਂ ਕਿ ਪੰਨੂੰ ਦੀ ਸਾਖੀ ਸੁਣਾਉਣ 'ਚ ਮੁਹਾਰਤ ਏ ਇਸੇ ਤਰ੍ਹਾਂ
ਗੁਰਤੇਜ ਸਿੰਘ ਅਤੇ ਗੁਰਦਰਸ਼ਨ ਸਿੰਘ ਦੀ ਸਰਕਾਰ ਅਤੇ ਸਰਕਾਰੀ ਵਿਦਵਾਨਾਂ ਨੂੰ ਜਵਾਬ ਦੇਣ
ਦੀ ਮੁਹਾਰਤ ਹੈ । ਉਹ ਪਿਛਲੇ ਤਿੰਨ ਦਹਾਕਿਆਂ ਤੋਂ ਉੱਪਰ ਇਹੀ ਕੰਮ ਕਰ ਰਹੇ ਨੇ । ਹੁਣ ਵੀ
ਜਦੋਂ ਸਿੱਖ ਨੌਜੁਆਨਾਂ ਤੇ UAPA ਦੇ ਕੇਸ ਦਰਜ ਕੀਤੇ ਗਏ ਤੇ ਫੜੋ - ਫੜੀ ਦਾ ਚੱਕਰ ਚਲਾਇਆ
ਤਾਂ ਸਭ ਤੋਂ ਪਹਿਲਾਂ ਗੁਰਤੇਜ ਸਿੰਘ ਦੀ ਅਗਵਾਈ 'ਚ ਹੀ ਕੁਝ ਸਿੱਖ ਵਿਦਵਾਨਾਂ ਨੇ ਮੁਖ
ਮੰਤਰੀ ਨੂੰ ਖੁੱਲੀ ਚਿੱਠੀ ਲਿਖ ਕਿ ਪਹਿਲੀ ਆਵਾਜ਼ ਚੁੱਕਣ ਦੀ ਜ਼ੁਅਰਤ ਕੀਤੀ । ਇਸਤੋਂ ਬਾਅਦ
ਸੁਖਪਾਲ ਸਿੰਘ ਖੈਰਾ ਤੇ ਡਾ ਧਰਮਵੀਰ ਗਾਂਧੀ ਨੇ ਇਸ ਮੁੱਦੇ ਨੂੰ ਬਹੁਤ ਚੰਗੀ ਤਰ੍ਹਾਂ
ਚੁੱਕਿਆ ਤੇ ਦਮਨ ਚੱਕਰ ਨੂੰ ਕੁਝ ਠੱਲ ਪਈ । ਸਿੱਖਾਂ ਨੂੰ ਤਾਂ ਇਸ ਨਾਲ ਸਾਹ ਮਿਲਿਆ ਪਰ
ਪੰਜਾਬ ਪੁਲਿਸ ਤੇ ਦਿੱਲੀ ਤੋਂ ਇਸਦੇ ਆਕਾਵਾਂ ਨੂੰ ਜ਼ਰੂਰ ਬੁਰਾ ਲੱਗਿਆ । ਇਹ ਸਾਰੀਆਂ ਨੂੰ
ਪਤਾ ਹੈ ਕਿ ਪੰਜਾਬ ਪੁਲਿਸ ਦਾ ਅਸਲ ਕੰਟਰੋਲ ਦਿੱਲੀ ਵਿਚ ਹੈ ।
ਸ੍ਰ. ਗੁਰਤੇਜ ਸਿੰਘ ਤੋਂ ਸਰਕਾਰ ਨੂੰ ਕਿੰਨੀ ਕੁ ਤਕਲੀਫ ਹੋਏਗੀ ਉਹ
ਇਥੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਕਾਲ ਤਖ਼ਤ 'ਤੇ ਮੂਹਰੇ ਹੋ ਕੇ ਹਮਲਾ ਕਰਨ ਵਾਲੇ
ਜਨਰਲ ਕੁਲਦੀਪ ਬਰਾੜ ਨੇ ਗੁਰਤੇਜ ਸਿੰਘ ਦੀ ਸ਼ਰਧਾਂਜਲੀ ਇੱਕ ਪ੍ਰਮੁੱਖ ਅੰਗ੍ਰੇਜ਼ੀ ਅਖ਼ਬਾਰ
'ਚ ਛਪਵਾਤੀ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਗੁਰਤੇਜ ਸਿੰਘ ਦਰਬਾਰ ਸਾਹਿਬ ਤੇ ਹਮਲੇ 'ਚ
ਅੰਦਰ ਮਾਰੇ ਗਏ ਨੇ ।
ਦੂਜੇ ਪਾਸੇ ਡਾ. ਗੁਰਦਰਸ਼ਨ ਸਿੰਘ ਢਿੱਲੋਂ
ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹੜੀ ਕਿ ਆਰੀਆ ਸਮਾਜੀਆਂ ਦੇ ਬੋਲਬਾਲੇ
ਵਾਲੀ ਸਮਝੀ ਜਾਂਦੀ ਹੈ, ਦੇ ਇਤਿਹਾਸ ਵਿਭਾਗ ਵਿਚ ਪੜ੍ਹਾਉਂਦਿਆਂ ਤੇ ਰੀਡਰ ਤੇ ਅਹੁਦੇ ਤੇ
ਹੁੰਦਿਆਂ ਸਰਕਾਰੀ ਬਿਰਤਾਂਤ ਨੂੰ ਚੈਲੰਜ ਕਰਨ ਵਾਲੀ India Committee Suicide ਕਿਤਾਬ
1992-93 ਵਿਚ ਲਿਖ ਦਿੱਤੀ ਸੀ ਤੇ 1996 ਵਿਚ ਯੂਨੀਵਰਸਿਟੀ ਦੇ ਈਵਨਿੰਗ ਵਿਭਾਗ ਦੇ ਮੁਖੀ
ਹੁੰਦੀਆਂ ਸ਼੍ਰੋਮਣੀ ਕਮੇਟੀ ਦਾ ਵਾਈਟ ਪੇਪਰ ਬਿਨਾਂ ਕਿਸੇ ਮਿਹਨਤਾਨੇ ਦੇ ਲਿਖਿਆ ਸੀ । ਇਸ
ਵਾਈਟ ਪੇਪਰ ਤੇ ਕਾਮਰੇਡਾਂ ਦੀ ਇੱਕ ਲਾਬੀ ਨੇ ਵਾਵੇਲਾ ਖੜ੍ਹਾ ਕਰਨ ਲਈ ਡਾ. ਢਿੱਲੋਂ ਤੇ
ਕਾਫੀ ਘਟੀਆ ਹਮਲਾ ਕੀਤਾ ਸੀ, ਪਰ ਇਹ ਉਵੇਂ ਹੀ ਫੇਲ ਹੋਇਆ ਜਿਵੇਂ ਪੰਜਾਬ ਵਿਚ ਸਰਕਾਰੀ
ਸਹਿਯੋਗੀ ਕਾਮਰੇਡਾਂ ਦੇ ਬਾਕੀ ਕੰਮ ਫੇਲ ਹੋਏ ।
ਇਸੇ ਦੌਰਾਨ ਸ੍ਰ. ਗੁਰਤੇਜ ਸਿੰਘ ਨੇ
1990ਵਿਆਂ ਵਿਚ ਸਿੱਖਾਂ ਦੀਆਂ ਗੁੰਮਸ਼ੁਦਗੀਆਂ ਦੇ ਪੜਤਾਲ ਕਰਨ ਵਾਲੀ ਸਾਂਝੀ ਕਮੇਟੀ
ਦੀ ਕੋ-ਕਨਵੀਨਰ ਵੱਜੋਂ ਅਗਵਾਈ ਕੀਤੀ ਤੇ ਸ੍ਰ. ਜਸਵੰਤ ਸਿੰਘ ਖਾਲੜਾ ਦੇ ਕਤਲ ਤੋਂ ਬਾਅਦ
ਇਹ ਝੂਠੇ ਮੁਕਾਬਲਿਆਂ ਤੇ ਗੁੰਮਸ਼ੁਦਗੀਆਂ ਤੇ ਇਹ ਸਭ ਤੋਂ ਵੱਡਾ ਕੰਮ ਸੀ ਤੇ ਇਸ ਕਮੇਟੀ ਨੇ
Reduced to Ashes ਨਾਂ ਦੀ ਵਿਸਥਾਰਤ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਰਾਸ਼ਟਰੀ ਤੇ
ਅੰਤਰ-ਰਾਸ਼ਟਰੀ ਪੱਧਰ ਤੇ ਨੰਗਾ ਕੀਤਾ।
ਇਸੇ ਦੌਰਾਨ ਉਨ੍ਹਾਂ "ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ",
Chakarvyuh ਤੇ Tandav of the Centaur ਨਾਂ ਦੀਆਂ ਕਿਤਾਬਾਂ ਲਿਖ ਕੇ ਸਰਕਾਰੀ
ਬਿਰਤਾਂਤ ਨੂੰ ਚੈਲੰਜ ਕੀਤਾ । ਅੰਗਰੇਜ਼ੀ ਦੀਆਂ ਦੋਵੇਂ ਕਿਤਾਬਾਂ ਕਾਫੀ ਖੋਜ ਭਰਪੂਰ ਨੇ,
ਹੋ ਸਕਦਾ ਹੈ ਪਨੂੰ ਸਾਹਿਬ ਨੇ ਪੜੀਆਂ ਹੋਣ ।
ਇਹ ਮਹੱਤਵਪੂਰਨ ਕੰਮ ਕਰਦਿਆਂ ਇਹ ਦੋਵੇਂ ਵਿਦਵਾਨ ਚੰਡੀਗੜ੍ਹ
ਅਧਾਰਿਤ ਵਿਦਵਾਨਾਂ ਦੇ ਉਸ ਗਰੁੱਪ ਦਾ ਵੀ ਹਿੱਸਾ ਸਨ ਜਿਸਨੇ ਮੈਕਲਿਓਡ ਦੀ ਅਗਵਾਈ ਵਾਲੇ
ਪੱਛਮੀ ਵਿਦਵਾਨਾਂ ਦੇ ਸਿੱਖੀ ਦੇ ਮੂਲ ਗੁਰੂ ਗਰੰਥ ਸਾਹਿਬ ਬਾਰੇ, ਸਿੱਖ ਇਤਿਹਾਸਕਾਰੀ,
ਸਿੱਖ ਫਲਸਫੇ ਅਤੇ ਸਿੱਖ ਪਛਾਣ ਬਾਰੇ ਬੜੇ ਗੰਭੀਰ ਹਮਲਿਆਂ ਦਾ ਵੀ ਮੁਕਾਬਲਾ ਕੀਤਾ ਤੇ
ਉਨ੍ਹਾਂ ਦਾ ਮੂੰਹ ਮੋੜਿਆ । ਇਹ ਹਮਲੇ ਉਦੋਂ ਹੋ ਰਹੇ ਸਨ ਜਦੋਂ ਸਿੱਖ ਰੈਫਰੈਂਸ ਲਾਈਬ੍ਰੇਰੀ
ਵਿਚੋਂ ਪੁਰਾਤਨ ਹੱਥ ਲਿਖਤ ਖਰੜੇ ਜਾਂ ਤਬਾਹ ਹੋ ਗਏ ਜਾਂ ਸਰਕਾਰ ਲੈ ਗਈ । ਇਹ ਨਹੀਂ ਪਤਾ
ਕਿ ਪੰਨੂੰ ਸਾਹਿਬ ਨੇ ਉਦੋਂ ਪੱਛਮ ਤੋਂ ਸਿੱਖੀ ਦੇ ਮੂਲ ਤੇ ਹੋ ਰਹੇ ਵੱਡੇ ਬੌਧਿਕ ਹਮਲਿਆਂ
ਵੇਲੇ ਕੋਈ ਆਪਣਾ ਬੌਧਿਕ ਯੋਗਦਾਨ ਪਾਇਆ ਸੀ ਜਾਂ ਨਹੀਂ ।
ਇਸ ਦੌਰਾਨ ਪ੍ਰੋ. ਪੰਨੂੰ ਪੰਜਾਬੀ
ਯੂਨੀਵਰਸਿਟੀ ਵਿੱਚ ਪੜ੍ਹਨ - ਪੜ੍ਹਾਉਣ ਦਾ ਕੰਮ ਕਰਦੇ ਰਹੇ ਤੇ ਹੌਲੀ-ਹੌਲੀ ਆਪਣੀ
ਦਿਲਚਸਪ ਵਾਰਤਾਕਾਰੀ-ਸਾਖੀਕਾਰੀ ਲਈ ਮਸ਼ਹੂਰ ਹੋ ਗਏ । ਸਰਕਾਰੇ ਦਰਬਾਰੇ ਪਹੁੰਚ ਵਾਲੇ ਤੇ
ਆਰ ਐੱਸ ਐੱਸ ਦੇ ਵੱਡੇ ਆਗੂਆਂ ਨਾਲ ਚੰਗੇ ਸਬੰਧਾਂ ਵਾਲੇ ਦਿਲ ਸਥਿਤ ਗੋਬਿੰਦ ਸਦਨ ਵਿਚ
ਪੰਨੂੰ ਜੀ ਸੈਮੀਨਾਰਾਂ ਆਦਿਕ ਵਿਚ ਕਾਫੀ ਜਾਂਦੇ ਰਹੇ ਨੇ । ਇਹ ਜਾਣਕਾਰੀ ਗੋਬੰਦ ਸਦਨ ਦੀ
ਵੈਬਸਾਈਟ ਤੇ ਵੇਖੀ ਜਾ ਸਕਦੀ ਹੈ । ਵਿਸ਼ਵ ਹਿੰਦੂ ਪਰਿਸ਼ਦ ਦੇ ਵੱਡੇ ਆਗੂ ਸ਼੍ਰੀ ਅਸ਼ੋਕ
ਸਿੰਘਲ ਇਸ ਸਦਨ ਦੇ ਟ੍ਰਸ੍ਟ ਦੇ ਸਰਪ੍ਰਸਤ ਰਹੇ ਤੇ ਉਹ ਸਦਨ ਦੇ ਸੰਸਥਾਪਕ ਬਾਬਾ ਵਿਰਸਾ
ਸਿੰਘ ਦੇ ਸ਼ਰਧਾਲੂ ਸਨ । ਚੋਟੀ ਦੀ ਪੁਲਿਸ ਅਧਿਕਾਰੀ ਵੱਜੋਂ ਰਿਟਾਇਰ ਹੋਣ ਤੋਂ ਬਾਅਦ
ਪੰਜਾਬ ਦੇ ਗਵਰਨਰ ਰਹੇ ਸੁਰਿੰਦਰ ਨਾਥ ਦੇ ਵੀ ਬਾਬਾ ਜੀ ਨਾਲ ਗੂੜ੍ਹੇ ਸੰਬੰਧ ਸਨ ਤੇ ਉਹ
ਆਪਣੇ ਆਪ ਨੂੰ ਬਾਬਾ ਜੀ ਦਾ ਸ਼ਰਧਾਲੂ ਕਹਿੰਦੇ ਸਨ ।
ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰ ਹੋਣ
ਤੋਂ ਬਾਅਦ ਪੰਨੂੰ ਜੀ ਬਠਿੰਡੇ ਕੇਂਦਰੀ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਵਿਭਾਗ
ਇਸ ਨੂੰ ਦੁਬਾਰਾ ਸੱਜਰੀ ਨੌਕਰੀ ਮਿਲ ਗਈ । ਉਹ ਗੁਰੂ ਗੋਬਿੰਦ ਸਿੰਘ ਚੇਅਰ ਦੇ
ਮੁਖੀ ਨੇ । ਸਾਰੇ ਮੁਲਕ 'ਚ ਰੌਲਾ ਤਾਂ ਇਹੀ ਹੈ ਕਿ ਕੇਂਦਰ ਸਰਕਾਰ ਦੇ ਕੰਟਰੋਲ ਵਾਲੀਆਂ
ਕੇਂਦਰੀ ਯੂਨੀਵਰਸਟੀਆਂ ਵਿਚ ਕਿਸੇ "ਸੰਗਠਨ" ਦੀ ਪੂਰੀ ਮਰਜ਼ੀ ਚਲਦੀ ਹੈ । ਸੀਨਿਅਰ ਤਾਂ
ਛੱਡੋ ਜੂਨੀਅਰ ਪੱਧਰ ਦੀ ਨਿਯੁਕਤੀ ਵੀ "ਸੰਗਠਨ" ਦੇ "ਬੌਧਿਕਾਂ" ਦੀ ਮਰਜ਼ੀ ਬਗੈਰ ਨਹੀਂ ਹੋ
ਸਕਦੀ । ਇਹ ਤਾਂ ਖੈਰ ਪਨੂੰ ਸਾਹਿਬ ਹੀ ਦੱਸ ਸਕਦੇ ਨੇ ਕਿ ਉਨ੍ਹਾਂ ਦੀ ਨਿਯੁਕਤੀ ਕਿਵੇਂ
ਹੋਈ ਹੈ ਪਰ ਇੰਨਾ ਜ਼ਰੂਰ ਹੈ ਕਿ ਯੂਨੀਵਰਸਿਟੀ ਨੂੰ ਦਿੱਤੀ ਆਪਣੀਆਂ ਲਿਖੀਆਂ ਗਈਆਂ ਕਿਤਾਬਾਂ
ਬਾਰੇ ਜਾਣਕਾਰੀ, ਜੋ ਕਿ ਪਨੂੰ ਜੀ ਨੇ ਖੁਦ ਹੀ ਦਿੱਤੀ ਹੈ ਤੇ ਯੂਨੀਵਰਸਿਟੀ ਦੀ ਵੈਬਸਾਈਟ
'ਤੇ ਵੇਖੀ ਜਾ ਸਕਦੇ ਹੈ, ਉਨ੍ਹਾਂ ਦੀ ਕਾਫੀ ਮਸ਼ਹੂਰ ਕਿਤਾਬ, 'ਦੂਰੋਂ ਵੇਖਿਆ ਜਰਨੈਲ ਸਿੰਘ
ਭਿੰਡਰਾਂਵਾਲਾ', ਜਿਸ ਦਾ ਜ਼ਿਕਰ ਅਕਸਰ ਸੋਸ਼ਲ ਮੀਡੀਏ ਤੇ ਸਿੱਖਾਂ ਵੱਲੋਂ ਬੜਾ ਹੁੱਬ ਕੇ
ਕੀਤਾ ਜਾਂਦਾ ਹੈ, ਦਾ ਜ਼ਿਕਰ ਗਾਇਬ ਹੈ । ਪਾਠਕ ਹੇਠਾਂ ਕੁੰਮੇਂਟਾਂ ਵਿਚ ਦਿੱਤੀਆਂ ਤੰਦਾਂ
ਤੇ ਕਲਿੱਕ ਕਰਕੇ ਖੁਦ ਹੀ ਵੇਖ ਸਕਦੇ ਨੇ ।
ਸ੍ਰ. ਗੁਰਤੇਜ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ
ਨੇੜਤਾ ਦੌਰਾਨ 1983 IAS ਦੇ ਪ੍ਰਤਿਸ਼ਠਤ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਮੁੜ ਕਦੇ
ਸਰਕਾਰ ਵੱਲ ਝਾਕਿਆ ਨਹੀਂ । ਪਨੂੰ ਸਾਹਿਬ ਨੇ ਇਕ ਯੂਨੀਵਰਸਿਟੀ ਵਿਚੋਂ ਪੈਨਸ਼ਨ-ਯਾਫਤਾ ਹੋ
ਕੇ ਸੰਘੀ ਸਰਕਾਰ ਦੇ ਕੰਟਰੋਲ ਵਾਲੀ ਯੂਨੀਵਰਸਿਟੀ ਵਿਚ ਨਵੀਂ ਨੌਕਰੀ ਲੈਣ ਲਈ ਯੂਨੀਵਰਸਿਟੀ
ਨੂੰ ਦਿੱਤੀ ਲਿਸਟ ਵਿਚੋਂ ਆਪਣੀ ਸੰਤਾਂ ਵਾਲੀ ਕਿਤਾਬ ਦਾ ਤਿਆਗ ਕਰ ਦਿੱਤਾ । ਜਾਹਰਾ ਤੌਰ
'ਤੇ ਪੰਨੂੰ ਸਾਹਿਬ ਦੀ ਪੰਥਕ ਹਿੱਤਾਂ ਵਿਚ ਇਹ ਵੱਡੀ ਕੁਰਬਾਨੀ ਸੀ । ਲੋਕੀ ਇੱਕ ਅੱਧਾ
ਲੇਖ ਲਿਖ ਕੇ ਡੀਂਗਾਂ ਮਾਰਦੇ ਨੇ, ਇਸ ਤਰ੍ਹਾਂ ਇੱਕ ਪੂਰੀ-ਸੂਰੀ ਤੇ ਮਸ਼ਹੂਰ ਕਿਤਾਬ ਦਾ
ਮੌਕੇ ਅਨੁਸਾਰ ਯੂਨੀਵਰਸਿਟੀ ਦੀ ਲਿਸਟ ਤੋਂ ਤਿਆਗ ਕੋਈ ਛੋਟੀ ਗੱਲ ਨਹੀਂ ।
ਵੈਸੇ ਪਨੂੰ ਸਾਹਿਬ ਬੜੀ ਸੰਤੁਲਿਤ ਪਹੁੰਚ ਵਾਲੇ ਹਨ । ਜੇ ਉਨ੍ਹਾਂ
ਮਹਾਤਮਾ ਗਾਂਧੀ ਦੇ ਪੋਤਰੇ ਰਾਜ ਮੋਹਨ ਗਾਂਧੀ ਦੀ ਬੜੀ ਮਹੱਤਵਪੂਰਨ ਕਿਤਾਬ
A History from Aurangzeb to Mounbatten
ਦਾ ਪੰਜਾਬੀ ਅਨੁਵਾਦ ਕੀਤਾ ਤਾਂ ਉਨ੍ਹਾਂ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ (ਜਿਸਨੂੰ
ਸਾਧਵੀ ਪ੍ਰੱਗਿਆ ਮਹਾਤਮਾ ਗੋਡਸੇ ਕਹਿੰਦੀ ਹੈ) ਦੀ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਦਾ
ਵੀ ਪੰਜਾਬੀ ਤਰਜਮਾ ਕੀਤਾ ਹੈ । 2014 ਤੋਂ ਗੋਡਸੇ ਦਾ ਬਿਆਨ "ਇੱਕ ਰਾਸ਼ਟਰ" ਤੇ ਸਾਰਾ ਕੁਝ
ਇੱਕ ਪਛਾਣ ਕਰਨ ਵਾਲਿਆਂ ਦਾ ਬੜਾ ਪਸੰਦੀਦਾ ਦਸਤਾਵੇਜ਼ ਹੈ ਤੇ ਇਸ ਤੋਂ ਪਹਿਲਾਂ ਉਹ ਪੰਜਾਬੀ
ਵਿਚ ਉਪਲਬਧ ਨਹੀਂ ਸੀ ।
ਪਰ ਇਹ ਸੰਤੁਲਿਤ ਪਹੁੰਚ ਹੁਣ ਕਿਥੇ ਗਈ ? ਪੰਨੂੰ ਸਹਿਬ ਨੇ ਦਰਜਨ
ਤੋਂ ਉੱਤੇ ਕਿਤਾਬਾਂ ਲਿਖੀਆਂ ਨੇ, ਸੈਂਕੜੇ ਲੈਕਚਰ ਦਿੱਤੇ ਨੇ । ਉਹ ਸ੍ਰ, ਗੁਰਤੇਜ ਸਿੰਘ
ਤੇ ਡਾ ਢਿਲੋਂ ਦੀਆਂ ਲਿਖਤਾਂ ਜਾਂ ਇੰਟਰਵਿਊਜ਼ ਦਾ ਜੁਆਬ ਲਿਖਤਾਂ ਰਾਹੀਂ ਜਾਂ ਲੈਕਚਰ ਰਾਹੀਂ
ਦੇ ਸਕਦੇ ਨੇ ।
ਪਨੂੰ ਸਾਹਿਬ ਨੇ ਆਪਣੇ ਸਕੇ ਭਰਾ ਇੰਦਰ ਸਿੰਘ
ਘੱਗਾ, ਜਿਨ੍ਹਾਂ ਦੇ ਦਸਮ ਗਰੰਥ ਬਾਰੇ ਵਿਚਾਰਾਂ ਬਾਰੇ ਭਾਸ਼ਾ ਇਨ੍ਹਾਂ ਦੋਹਾਂ ਨਾਲੋਂ ਵੀ
ਸਖਤ ਹੈ, ਖਿਲਾਫ ਤਾਂ ਕਦੇ ਕੋਈ ਪੁਲਿਸ ਕੋਲ ਸ਼ਿਕਾਇਤ ਕਿਓਂ ਨਹੀਂ ਕੀਤੀ ?
ਦੋਵੇਂ ਵਿਦਵਾਨਾਂ ਦੀਆਂ ਦਸਮ ਗਰੰਥ ਬਾਰੇ ਲਿਖਤਾਂ ਤੇ ਵਿਚਾਰ ਕੋਈ
ਨਵੇਂ ਨਹੀਂ ਹਨ ਪਰ ਕੀ ਕਾਰਣ ਹੈ ਕਿ ਪਨੂੰ ਸਾਹਿਬ ਨੇ ਇਹ ਪੁਲਿਸ ਕੋਲ ਜਾਂ ਦਾ ਫੈਸਲਾ ਉਦੋਂ
ਹੀ ਕੀਤਾ ਹੈ ਜਦੋਂ ਹਾਲੇ ਕੁਝ ਹਫਤੇ ਪਹਿਲਾਂ ਹੀ ਸ੍ਰ ਗੁਰਤੇਜ ਸਿੰਘ ਨੇ ਸਿੱਖ ਨੌਜੁਆਨਾਂ
ਦੀ UAPA ਵਿਚ ਫੜੋ-ਫੜਾਈ ਵਿਚ ਵਿਘਨ ਪਾ ਕੇ ਪੁਲਿਸ ਤੇ ਉਸ ਉਤੇ ਦਿੱਲੀ ਵਿਚਲੇ ਸੂਹੀਆ
ਤੰਤਰ ਨੂੰ ਨਰਾਜ਼ ਕੀਤਾ ? ਇਸੇ ਦੌਰਾਨ ਡਾ ਢਿੱਲੋਂ ਦੇ ਦਸਮ ਗਰੰਥ ਬਾਰੇ ਤਾਂ ਵਿਚਾਰ ਸ਼ਾਇਦ
ਘੱਗਾ ਸਾਹਿਬ ਨਾਲੋਂ ਨਰਮ ਭਾਸ਼ਾ ਚ ਹੋਣ ਪਰ ਆਰ ਐੱਸ ਐੱਸ ਦੇ ਖਿਲਾਫ ਉਹ ਕਾਫੀ ਤਿੱਖਾ ਬੋਲ
ਜਾਂਦੇ ਨੇ ।
ਪਨੂੰ ਸਾਹਿਬ ਤੇ ਉਨ੍ਹਾਂ ਦੇ ਪੁਲਿਸ
ਕੋਲ ਜਾਣ ਵਾਲੇ "ਸਲਾਹਕਾਰਾਂ" ਤੇ "ਵਕੀਲਾਂ" ਨੂੰ ਇਹ ਕਿਵੇਂ ਪੱਕਾ ਯਕੀਨ ਹੈ ਕਿ
ਕੱਲ ਨੂੰ ਕੋਈ ਗੁਰੂ ਗਰੰਥ ਸਾਹਿਬ ਦੀ ਵਿਆਖਿਆ ਜਾਂ ਸਿੱਖ ਇਤਿਹਾਸ ਦੀ ਵਿਆਖਿਆ ਬਾਰੇ
ਪੁਲਿਸ ਕੋਲ ਨਹੀਂ ਜਾਵੇਗਾ ਕਿਓਂਕਿ ਗੁਰਬਾਣੀ ਨਾਲ ਵੀ ਕਈਆਂ ਦੀਆਂ ਭਾਵਨਾਵਾਂ ਨੂੰ ਠੇਸ
ਪਹੁੰਚ ਸਕਦੀ ਹੈ ? ਇਹੋ ਜਿਹੇ ਭਾਵਨਾਵਾਂ ਨੂੰ ਠੇਸ ਵੱਜਣ ਦਾ ਪਰਚਾ ਪਨੂੰ ਸਾਹਿਬ ਤੇ ਕਿਓਂ
ਨਹੀਂ ਕਰਾਇਆ ਜਾ ਸਕਦਾ, ਹੋ ਸਕਦਾ ਉਨ੍ਹਾਂ ਦੇ ਵਿਚਾਰਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ
ਠੇਸ ਪਹੁੰਚਦੀ ਹੋਵੇ ? ਕੀ ਜਾਤੀਵਾਦੀ ਸੋਚ ਨੂੰ ਰੱਬ ਦੀ ਪ੍ਰਵਾਨਗੀ ਮੰਨਣ ਵਾਲਿਆਂ ਲਈ
ਗੁਰਬਾਣੀ ਦੇ ਸ਼ਬਦ ਸ਼ਹਿਦ ਵਰਗੇ ਮਿੱਠੇ ਨੇ ? ਕੀ ਸਾਰੇ ਸਿੱਖ ਵਿਦਵਾਨ ਤੇ ਵਿਆਖਿਆਕਾਰ
ਥਾਣਿਆਂ ਚੋਂ ਪ੍ਰਵਾਨਗੀ ਲੈ ਕਿ ਵਿਆਖਿਆ ਕਰਿਆ ਕਰਨਗੇ ? ਕੀ ਉਨ੍ਹਾਂ ਦਾ ਇਹ ਕਦਮ ਭਵਿੱਖ
'ਚ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਵਿਆਖਿਆ ਨੂੰ ਰਾਸ਼ਟਰਵਾਦੀ ਜਾਂ ਇੱਕ ਖਾਸ ਨਜ਼ਰੀਏ ਵਾਲੇ
ਵਿਚਾਰਧਾਰਾ ਦੀ ਮਰਜ਼ੀ ਨਾਲ ਹੀ ਹੋਣ ਤੇ ਜਦੋਂ ਮਰਜ਼ੀ ਵਿਦਵਾਨਾਂ ਜਾਂ ਵਿਆਖਿਆਕਾਰਾਂ ਦੀ
ਸੰਘੀ ਨੱਪਣ ਹੋਣ ਦਾ ਰਾਹ ਪੱਧਰ ਨਹੀਂ ਕਰੇਗੀ , ਜਦੋਂ ਕਿ ਮੁਲਕ ਵਿਚ ਸਾਰੀ ਲੜਾਈ "ਬੌਧਿਕ-ਗਲਬੇ"
ਦੇ ਦੁਆਲੇ ਘੁੰਮ ਰਹੇ ਹੈ ਤੇ "ਉਲਟ ਨਜ਼ਰੀਏ" ਵਾਲੇ ਜੇਲੀਂ ਡੱਕੇ ਜਾ ਰਹੇ ਨੇ ?
ਭਾਜਪਾ ਦੀ ਕੇਂਦਰੀ ਸਰਕਾਰ ਦੇ ਕੰਟਰੋਲ
ਵਾਲੀ ਯੂਨੀਵਰਸਿਟੀ ਵਿਚ ਨੌਕਰੀ ਲੈਣ ਲਈ ਆਪਣੀ ਕਿਤਾਬ ਦੀ ਜਾਣਕਾਰੀ ਨਾ ਦੇਣ ਦਾ ਅਧਿਕਾਰ
ਪਨੂੰ ਸਾਹਿਬ ਨੂੰ ਹੈ ਪਰ ਸਾਰੇ ਸਿੱਖ ਵਿਦਵਾਨਾਂ ਅਤੇ ਵਿਆਖਿਆਕਾਰਾਂ ਦੀ ਦਾੜੀ
ਦਿੱਲੀ ਤੋਂ ਕੰਟਰੋਲ ਹੋਣ ਵਾਲੀ ਪੁਲਿਸ ਕੋਲ ਫੜਾਉਣ ਦਾ ਅਧਿਕਾਰ ਉਨ੍ਹਾਂ ਨੂੰ ਕਿਸ ਨੇ
ਦਿੱਤਾ ਹੈ ? ਇਹ ਉਨ੍ਹਾਂ ਕਿਸੇ ਦੇ ਇਸ਼ਾਰੇ 'ਤੇ ਕੀਤਾ ਹੈ ਜਾਂ ਸਿਰਫ ਕੇਂਦਰੀ ਕੰਟਰੋਲ
ਵਾਲੀ ਯੂਨੀਵਰਸਿਟੀ ਵਿਚ ਨੌਕਰੀ ਲੈਣ ਦੀ ਮਜਬੂਰੀ ਕਰਕੇ ਆਪਣੀ ਸੰਤ ਭਿੰਡਰਾਂਵਾਲਿਆਂ 'ਤੇ
ਕਿਤਾਬ ਦੀ ਜਾਣਕਾਰੀ ਦੱਬਣ ਵਾਂਗ ਸਿਰਫ ਉਨ੍ਹਾਂ ਦਾ ਆਪਣਾ ਫੈਸਲਾ ਹੈ ?