1.
ਬਾਦਲ ਦਲ ਤੇ ਬੀਜੇਪੀ ਵਿਚਕਾਰ ਚੱਲ ਰਹੀ ਜਾਹਿਰੀ ਤਕਰਾਰ ਇਕ
ਅਜਿਹੇ ਆਰਥਕ, ਸਮਾਜਕ ਤੇ ਸਿਆਸੀ ਮੁੱਦੇ ਨੂੰ ਲੈ ਕੇ ਹੋ ਰਹੀ ਹੈ, ਜਿਸ ਨਾਲ
ਸਮੁੱਚੇ ਦੇਸ਼ ਦੇ ਕਿਸਾਨਾਂ ਨੇ ਪ੍ਰਭਾਵਿਤ ਹੋਣਾ ਹੈ - ਇਹ ਤਕਰਾਰ ਸਿੱਖਾਂ ਦੇ ਕਿਸੇ
ਧਾਰਮਕ ਮਸਲੇ ਦਾ ਹੱਲ ਕਰਵਾਉਣ ਲਈ ਜਾਂ ਪੰਜਾਬ ਦੇ ਸਿੱਖਾਂ ਦੀਆਂ ਚਿਰੋਕਣੇ ਸਮੇਂ ਤੋਂ
ਨਜਰਅੰਦਾਜ ਹੋਰ ਰਹੀਆਂ ਮੰਗਾਂ ਮਨਵਾਉਣ ਵਾਸਤੇ ਨਹੀਂ ਹੋ ਰਹੀ, ਜਿਸ ਕਰਕੇ ਬਾਦਲ ਦਲ ਦੀ
ਇਸ ਕਾਰਵਾਈ ਨੂੰ ਸਿੱਖਾਂ ਦੇ ਹੱਕ ਵਿਚ ਚੁੱਕਿਆ ਗਿਆ ਕਦਮ ਨਹੀਂ ਸਮਝਿਆ ਜਾ ਸਕਦਾ।
2. ਇਸ ਮੁੱਦੇ 'ਤੇ ਵੀ ਬਾਦਲ ਦਲ ਦੀ ਇਹ ਕਾਰਵਾਈ ਬਹੁਤ ਹੀ ਜਿਆਦਾ
ਦੇਰ ਨਾਲ ਹੋਈ ਹੈ ਕਿਉਂਕਿ ਉਕਤ ਕਾਨੂੰਨਾਂ ਸਬੰਧੀ ਆਰਡੀਨੈਂਸ ਬੀਜੇਪੀ ਸਰਕਾਰ ਵੱਲੋਂ ਇਸ
ਸਾਲ ਜੂਨ ਦੇ ਪਹਿਲੇ ਹਫਤੇ ਵਿਚ ਹੀ ਪਾਸ ਕਰ ਦਿੱਤੇ ਗਏ ਸਨ। ਬਲਕਿ ਕੁਝ ਦਿਨ ਪਹਿਲਾਂ ਤੱਕ
ਬਾਦਲ ਦਲ ਦੇ ਮੁਖੀ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਸਨ।
3. ਬਾਦਲ ਦਲ ਨਾਲ ਤੋੜ-ਵਿਛੋੜਾ ਹੋਣ ਨਾਲ ਵੀ ਬੀਜੇਪੀ ਦੀ ਕੇਂਦਰ
ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਬੀਜੇਪੀ ਕੋਲ ਇਕੱਲਿਆਂ ਹੀ ਲੋਕਸਭਾ ਵਿਚ
ਬਹੁਮਤ ਕਾਇਮ ਕਰਨ ਜੋਗੀ ਸੀਟਾਂ ਉਪਲਬਧ ਹਨ।
4. ਪੰਜਾਬ ਵਿਧਾਨ ਸਭਾ ਚੋਣਾਂ ਸਾਲ 2022 ਵਿਚ ਹੋਣੀਆਂ ਹਨ। ਭਾਵੇਂ
ਫਿਲਹਾਲ ਬਾਦਲ ਦਲ ਦਾ ਬੀਜੇਪੀ ਨਾਲੋਂ ਗਠਜੋੜ ਟੁੱਟ ਗਿਆ ਹੈ ਪਰ ਇਨ੍ਹਾਂ ਚੋਣਾਂ ਤੋਂ ਐਨ
ਪਹਿਲਾਂ ਜਾਂ ਬਾਅਦ ਵਿਚ ਦੋਵੇਂ ਦਲ ਮੁੜ ਤੋਂ ਆਪਣਾ ਗਠਜੋੜ ਕਾਇਮ ਕਰ ਸਕਦੇ ਹਨ।
5. ਬੀਜੇਪੀ ਨਾਲੋਂ ਗਠਜੋੜ ਤੋੜਨ ਦੀ ਕਾਰਵਾਈ ਦਾ ਮੁੱਖ ਮਕਸਦ,
ਬਾਦਲ ਦਲ ਵੱਲੋਂ ਇਸ ਕਦਮ ਨੂੰ ਆਪਣੀ ਕੁਰਬਾਨੀ ਵਜੋਂ ਪ੍ਰਚਾਰ ਕੇ, ਪੰਜਾਬ ਦੇ ਸਿੱਖ
ਕਿਸਾਨਾਂ ਦੀ ਹਮਦਰਦੀ ਪ੍ਰਾਪਤ ਕਰਨਾ ਹੈ, ਜਦਕਿ ਅਸਲੀਅਤ ਵਿਚ ਇਹ ਭਾਰੀ ਮਜਬੂਰੀ ਅਤੇ
ਸ਼ਾਇਦ ਬੀਜੇਪੀ ਦੀ ਮੁੱਖ ਲੀਡਰਸ਼ਿਪ ਦੀ ਸਹਿਮਤੀ ਨਾਲ ਹੀ ਚੁੱਕਿਆ ਗਿਆ ਕਦਮ ਹੈ।
6. ਹਾਲਾਂ ਵੀ ਬਾਦਲ ਦਲ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ
ਗਲਤ ਨਹੀਂ ਕਹਿ ਰਿਹਾ ਬਲਕਿ ਹਰਸਿਮਰਤ ਕੌਰ ਬਾਦਲ ਨੇ ਇਕ ਟੀ.ਵੀ. ਚੈਨਲ ਨੂੰ ਇੰਟਰਵਿਊ
ਵਿਚ ਕਿਹਾ ਕਿ ਮੈਂ ਨਹੀਂ, ਬਲਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਗਲਤ ਸਮਝਦੇ ਹਨ।
7. ਹਾਲਾਂ ਵੀ ਬਾਦਲ ਦਲ ''ਅਸੀਂ ਕਿਸਾਨਾਂ ਦੇ ਨਾਲ ਹਾਂ'' ਦੀ ਰੱਟ
ਜਿਆਦਾ ਲਗਾ ਰਿਹਾ ਹੈ ਅਤੇ ''ਅਸੀਂ ਬੀਜੇਪੀ ਦੀ ਫਿਰਕਾਪ੍ਰਸਤ ਅਤੇ ਦੇਸ਼-ਵਿਰੋਧੀ ਨੀਤੀਆਂ
ਦੇ ਖਿਲਾਫ ਹਾਂ'' ਕਹਿਣ ਤੋਂ ਟਾਲਾ ਵੱਟ ਰਿਹਾ ਹੈ।
8. ਹਾਲਾਂ ਵੀ ਬਾਦਲ ਦਲ ਦੇ ਦਿੱਲੀ ਪ੍ਰਦੇਸ਼ ਆਗੂਆਂ ਨੇ ਬੀਜੇਪੀ
ਖਿਲਾਫ ਬੋਲਣ ਦੀ ਬਜਾਏ ਆਪਣੇ ਮੂੰਹਾਂ ਨੂੰ ਤਾਲਾ ਲਗਾਇਆ ਹੋਇਆ ਹੈ ਅਤੇ ਬਾਦਲ ਦਲ ਕੋਟੇ
ਦੇ ਬੀਜੇਪੀ ਦੀਆਂ ਟਿਕਟਾਂ ਤੋਂ ਜਿੱਤੇ ਕੌਂਸਲਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਨਹੀਂ
ਦਿੱਤੇ ਹਨ।
9. ਬੀਜੇਪੀ ਨਾਲੋਂ ਸਿਆਸੀ ਗਠਜੋੜ ਤੋੜਨ ਦੇ ਬਾਵਜੂਦ, ਬਾਦਲ ਦਲ
ਬੀਜੇਪੀ ਸਰਕਾਰ ਖਿਲਾਫ ਕੋਈ ਠੋਜ ਲਹਿਰ ਉਭਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਬਲਕਿ ਕਿਸਾਨਾਂ
ਦੇ ਗੁੱਸੇ ਕਾਰਨ ਕੁਦਰਤੀ ਤੌਰ 'ਤੇ ਉਪਜੀ ਲਹਿਰ ਨੂੰ ਗੁੰਮਰਾਹ ਅਤੇ ਸ਼ਕਤੀਹੀਨ ਕਰਨ ਵਾਲੇ
ਹਥਕੰਡੇ ਅਪਣਾ ਰਿਹਾ ਹੈ।
10. ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਮਦਦ ਬਦਲੇ, ਬਾਦਲ ਦਲ ਬੀਜੇਪੀ
ਵੱਲੋਂ ਬਾਦਲ ਦਲ ਨੂੰ ਕਮਜੋਰ ਕਰਨ ਲਈ ਉਨ੍ਹਾਂ ਦੇ ਮੁਕਾਬਲੇ ਵਿਚ ਪੰਜਾਬ ਅਤੇ ਦਿੱਲੀ ਵਿਚ
ਉਭਾਰੀਆਂ ਜਾ ਰਹੀਆਂ 'ਸਿੱਖ' ਪਾਰਟੀਆਂ ਨੂੰ ਸਾਈਡ-ਲਾਈਨ ਕਰਵਾ ਕੇ, ਆਪਣੀ ਪਾਰਟੀ ਲਈ
ਸਮਰਥਨ ਜਿਹੀ ਸੌਦੇਬਾਦੀ ਕਰ ਸਕਦਾ ਹੈ ਜਾਂ ਕਰ ਚੁੱਕਾ ਹੋਵੇਗਾ।
11. ਕਿਸਾਨਾਂ ਦੇ ਹੱਕ ਦੀ ਕਥਿਤ ਮੁਹਿੰਮ ਦੀ ਅਗਵਾਈ ਕਰਨ ਦੇ ਬਹਾਨੇ
ਬਾਦਲ ਦਲ ਆਗੂ, ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ
ਸੈਂਕੜੇ ਪਵਿੱਤਰ ਸਰੂਪਾਂ ਨੂੰ ਖੁਰਦ-ਬੁਰਦ ਕਰਨ ਵਾਲੇ ਘਪਲੇ, ਇਸ ਘਪਲੇ ਦਾ ਵਿਰੋਧ ਕਰ ਰਹੇ
ਸਿੱਖਾਂ ਦੀਆਂ ਦਰਬਾਰ ਸਾਹਿਬ ਕੰਪਲੈਕਸ ਵਿਚ ਦਸਤਾਰਾਂ ਲਾਹੁਣ ਜਿਹੀਆਂ ਸ਼ਰਮਨਾਕ ਘਟਨਾਵਾਂ
ਅਤੇ ਬਰਗਾੜੀ ਕਾਂਡ ਵਿਚ ਨਿਹੱਥੇ ਅਤੇ ਨਿਰਦੋਸ਼ ਸਿੱਖਾਂ ਨੂੰ ਆਪਣੇ ਚਹੇਤੇ ਪੁਲਿਸ
ਅਧਿਕਾਰੀਆਂ ਪਾਸੋਂ ਗੋਲੀਆਂ ਨਾਲ ਭੁੰਨ ਸੁੱਟਵਾਉਣ ਵਾਲੇ ਅਪਰਾਧਾਂ ਨੂੰ ਸਿੱਖਾਂ ਦੀ
ਯਾਦਦਾਸ਼ਤ 'ਚੋਂ ਮਿਟਾਉਣ ਦੀ ਕੋਸ਼ਿਸ਼ ਕਰੇਗਾ ਅਤੇ ਕੁਝ ਨਾ ਕੁਝ ਕਾਮਯਾਬ ਵੀ ਹੋਵੇਗਾ (ਜਿਵੇਂ
ਕਿ ਕਿਸਾਨ ਵਿਰੋਧੀ ਕਾਨੂੰਨਾਂ ਦੀ ਚਰਚਾ ਹੁੰਦਿਆਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪਵਿੱਤਰ ਸਰੂਪ ਖੁਰਦ-ਬੁਰਦ ਕੀਤੇ ਜਾਣ ਦਾ ਮੁੱਦਾ ਕਾਫੀ ਸਾਰੇ ਸਿੱਖਾਂ ਦੇ ਮਨਾਂ ਵਿੱਚੋਂ
ਵਿਸਰ ਗਿਆ ਹੈ)।
ਸਾਰ :
ਇਸ ਲਈ ਬਾਦਲ ਦਲ ਤੇ ਬੀਜੇਪੀ ਵਿਚਕਾਰ ਸਿਆਸੀ ਖਟਪਟ 'ਤੇ ਜਿਆਦਾ ਉਤਸ਼ਾਹਿਤ ਹੋਣ ਦੀ ਜਰੂਰਤ
ਨਹੀਂ ਬਲਕਿ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਲੋਕ-ਲਹਿਰ ਉਸਾਰਨ, ਇਨ੍ਹਾਂ ਕਾਨੂੰਨਾਂ
ਨੂੰ ਰੱਦ ਕਰਵਾਉਣ ਲਈ ਕਾਨੂੰਨੀ ਲੜਾਈ ਲੜਨ ਅਤੇ ਇਸ ਮੁੱਦੇ ਲਈ ਸੰਘਰਸ਼ ਕਰਦਿਆਂ, ਨਾਲ-ਨਾਲ
ਸਿੱਖਾਂ ਦੇ ਧਾਰਮਕ ਮੁੱਦਿਆਂ ਬਾਰੇ ਵੀ ਸੰਘਰਸ਼ ਕਰਦੇ ਰਹਿਣ ਬਾਰੇ ਆਪਣਾ ਏਕਾਗਰਤਾ ਕਾਇਮ
ਰੱਖਣ ਦੀ ਜਰੂਰਤ ਹੈ।