Khalsa News homepage

 

 Share on Facebook

Main News Page

ਬਲੁ ਹੋਆ ਬੰਧਨ ਛੁਟੇ …(ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ)
ਸਾਖੀਕਾਰਾਂ ਵੱਲੋਂ "ਬਲੁ ਹੋਆ ਬੰਧਨ ਛੁਟੇ...॥54॥" ਸਲੋਕ ਤੋਂ ਪਹਿਲਾਂ ਮਹਲਾ 10 ਮੰਨਣਾ ਹੈਰਾਨੀ ਤੇ ਮਨਮਾਨੀ ਵਾਲੀਆਂ ਕਹਾਣੀਆਂ ਹਨ, ਗੁਰਮਤਿ ਨਾਲ ਮੇਲ ਨਹੀਂ ਖਾਂਦੀਆਂ
-: ਗਿਆਨੀ ਜਗਤਾਰ ਸਿੰਘ ਜਾਚਕ
05.05.2021
#KhalsaNews #JagtarSingh #Jachak #BalHoya #GuruTegBahadar #GuruGobindSingh

>> ਬਲੁ ਹੋਆ ਬੰਧਨ ਛੁਟੇ …(ਇੱਕ ਇਤਿਹਾਸਕ ਪਰਿਪੇਖ) ਵੀ ਪੜ੍ਹੋ

ਗੁਰਸ਼ਬਦ ਰਤਨਾਕਰ (ਮਹਾਨ ਕੋਸ਼) ਵਿਚ ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਦੇ ਇੰਦਰਾਜ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਸਿੱਖ ਧਰਮ ਦਾ ਮਹਾਮਾਨ੍ਯ ਪੁਸਤਕ’ ਅਤੇ ‘ਸਾਰੇ ਧਰਮਗ੍ਰੰਥਾਂ ਦਾ ਸ੍ਵਾਮੀ’ ਦੱਸਿਆ ਹੈ । ਕਾਰਣ ਹੈ ਕਿ ਪੂਰਬੀ ਧਰਮ ਸ਼ਾਸਤਰਾਂ ਵਾਂਗ ਇਹ ਕੇਵਲ ਇੱਕ ਦਾਰਸ਼ਨਿਕ ਗ੍ਰੰਥ ਹੀ ਨਹੀਂ, ਸਗੋਂ ਇਸ ਵਿੱਚ ਬਾਣੀਕਾਰਾਂ ਦੇ ਕਰਣੀ ਪ੍ਰਧਾਨ ਜੀਵਨ ਦੀ ਸੁਗੰਧੀ ਵੀ ਸਮਿੱਲਤ ਹੈ । ਦਰਸ਼ਨ (ਫ਼ਲਸਫ਼ਾ) ਵੀ ਉਹ, ਜਿਹੜਾ ਕਿਸੇ ਇੱਕ ਵਿਸ਼ੇਸ਼ ਕੌਮ ਜਾਂ ਮਜ਼ਹਬੀ ਫ਼ਿਰਕੇ ਦੀ ਥਾਂ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਰਬੱਤ ਦੇ ਭਲੇ ਦੀ ਲੋਚਾ ਕਰਦਾ ਹੈ । ਧਰਤੀ ਨੂੰ ਧਰਮਸ਼ਾਲ ਮੰਨ ਕੇ ਇੱਕ ਅਜਿਹੇ ਬ੍ਰਹਿਮੰਡੀ ਸਮਾਜ ਦੀ ਸਿਰਜਨਾ ਕਰਦਾ ਹੈ, ਜਿਸ ਵਿੱਚ ਹਰੇਕ ਮਨੁੱਖ ਨੂੰ ਬਿਨਾ ਕਿਸੇ ਵਿਤਕਰੇ ਦੇ ਧਰਮ ਕਮਾਉਣ ਦਾ ਹੱਕ ਪ੍ਰਾਪਤ ਹੈ । ਭਾਵ, ਮਾਨਵੀ ਸਮਾਜ ਦੇ ਸੁਧਾਰਕ ਉਪਦੇਸ਼ ਲਈ ਹਰੇਕ ਵਿਅਕਤੀ ਨੂੰ ਇੱਕ ਸਮਾਜਿਕ ਇਕਾਈ ਮੰਨਿਆ ਗਿਆ ਹੈ । ਅਜੋਕੇ ਮੁਹਾਵਰੇ ਵਿੱਚ ਇਉਂ ਵੀ ਕਹਿ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਪ੍ਰਧਾਨ ਸੁਧਾਰਕ ਸੁਰ ਮਾਨਵ-ਸੇਧਤ ਹੋਣ ਕਰਕੇ ਮਾਨਵ-ਵਾਦੀ ਤੇ ਮਨੁੱਖਤਾ-ਵਾਦੀ ਹੈ ।

ਇਹੀ ਕਾਰਣ ਹੈ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਉਚਾਰਣ ਕੀਤੇ ਹੇਠ ਲਿਖੇ ਦੋਹਾ-ਨੁਮਾ ਸਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿਖੇ ਗੁਰਬਾਣੀ ਦੀ ਵਿਆਕਰਣਿਕ, ਸਲੋਕ ਸੰਗ੍ਰਹਿ ਦੀ ਪ੍ਰਕਰਣਿਕ ਤੇ ਗੁਰਮਤਿ ਦੀ ਸਿਧਾਂਤਕ ਦ੍ਰਿਸ਼ਟੀ ਤੋਂ ਤਰਤੀਬਵਾਰ ਇਉਂ ਅਰਥਾਇਆ ਗਿਆ ਹੈ :

ਦੋਹਰਾ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥
53॥

ਅਰਥ:- ਹੇ ਭਾਈ ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ । ਹੇ ਨਾਨਕ ! ਆਖ-ਹੇ ਹਰੀ ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ । ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ । (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ।53।

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥
54॥

ਹੇ ਭਾਈ ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ । ਸੋ, ਹੇ ਨਾਨਕ ! (ਆਖ-ਹੇ ਪ੍ਰਭੂ !) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ ।54।

ਕਿਉਂਕਿ ਇਸ ਤੋਂ ਪਹਿਲਾਂ ਸਲੋਕ ਨੰਬਰ 31 ਵਿੱਚ ਸਮਝਾਇਆ ਗਿਆ ਸੀ ਕਿ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ, ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ ਉਸ ਦੇ ਗਲ ਵਿਚ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ । ਭਾਵ, ਉਹ ਵਿਕਾਰਾਂ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ ।“ਪ੍ਰਾਨੀ ਰਾਮੁ ਨ ਚੇਤਈ; ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ! ਹਰਿ ਭਜਨ ਬਿਨੁ; ਪਰਤ ਤਾਹਿ ਜਮ ਫੰਧ ॥31॥” ਇਸੇ ਤਰ੍ਹਾਂ ਸਲੋਕ ਨੰ. 37 ਵਿੱਚ ਮੈਤ੍ਰੀ-ਭਾਵ ਅਧੀਨ ਸਮਝਾਇਆ ਸੀ ਕਿ ਜਿਵੇਂ ਕੰਧ ਉਤੇ ਕਿਸੇ ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਤੇ ਉਸ ਨਾਲ ਚੰਬੜਿਆ ਰਹਿੰਦਾ ਹੈ, ਤਿਵੇਂ ਜਿਹੜਾ ਮਨ ਮਾਇਆ ਦੇ ਮੋਹ) ਵਿਚ ਫਸ ਜਾਂਦਾ ਹੈ, ਉਹ ਇਸ ਮੋਹ ਵਿਚੋਂ ਆਪਣੇ ਆਪ ਨਹੀਂ ਨਿਕਲ ਸਕਦਾ । “ਮਨੁ ਮਾਇਆ ਮੈ ਰਮਿ ਰਹਿਓ; ਨਿਕਸਤ ਨਾਹਿਨ, ਮੀਤ ! ॥ ਨਾਨਕ ਮੂਰਤਿ ਚਿਤ੍ਰ ਜਿਉ; ਛਾਡਿਤ ਨਾਹਿਨ ਭੀਤਿ ॥37॥” ਸੋ ਇਸੇ ਪ੍ਰਕਰਣ ਨੂੰ ਧਿਆਨ ਵਿੱਚ ਰੱਖ ਕੇ ਵਿਚਾਰ-ਗੋਚਰੇ ਸਲੋਕ ਨੰ. 53 ਵਿੱਚ ਮਾਇਆ ਮੋਹ ਅਧੀਨ ਪੈਦਾ ਹੋਣ ਵਾਲੀ ਮਾਨਵੀ ਜੀਵਨ ਦੀ ਬੰਧਨ ਰੂਪ ਤੇ ਬਲਹੀਣ ਮਾਨਸਿਕ ਸਮੱਸਿਆ ਨੂੰ ਉਭਾਰਿਆ ਗਿਆ ਹੈ । ਗੁਰੂ ਬਿਰਦ ਦੀ ਪਾਲਣਾ ਕਰਦਿਆਂ ਫਿਰ ਆਪ ਹੀ ਸਲੋਕ ਨੰ. 54 ਵਿੱਚ ਉਸ ਦਾ ਸਮਾਧਾਨ ਦਸਣ ਦਾ ਉਪਕਾਰ ਵੀ ਕੀਤਾ ਹੈ । ਕਾਰਣ ਹੈ ਕਿ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਦਾ ਆਸਰਾ ਲੈਂਦੇ ਹਨ, ਸਤਿਗੁਰੂ ਉਨ੍ਹਾਂ ਦਾ ਰਖਵਾਲਾ ਬਣਦਾ ਹੈ, ਜਿਸ ਦੀ ਬਦੌਲਤ ਉਨ੍ਹਾਂ ਲਈ ਕਿਸੇ ਵੀ ਕਿਸਮ ਦਾ ਸੰਸਾਰਕ ਮੋਹ ਬੰਧਨ ਨਹੀਂ ਬਣਦਾ । ਗੁਰਵਾਕ ਹੈ : ਨਾਨਕ ਰਾਮ ਨਾਮ ਸਰਣਾਈ ॥ ਸਤਿਗੁਰਿ ਰਾਖੇ ਬੰਧੁ ਨ ਪਾਈ ॥ {ਗੁ.ਗ੍ਰੰ.-ਪੰ.416}

ਪ੍ਰੰਤੂ ਅਫ਼ਸੋਸ ਹੈ ਕਿ ਪੌਰਾਣਿਕ ਸਾਹਿਤ ਦੇ ਪ੍ਰਭਾਵ ਹੇਠ ਉਪਰੋਕਤ ਕਿਸਮ ਦੇ ਵਿਸ਼ਵ-ਵਿਆਪੀ ਦ੍ਰਿਸ਼ਟੀਕੋਨ ਅਤੇ ਅਕਾਦਮਿਕ ਖੇਤਰ ਦੀ ਸਾਹਿਤਕ ਤੇ ਇਤਿਹਾਸਕ ਸੂਝ ਦੀ ਘਾਟ ਕਾਰਣ ਸਾਡੇ ਸੰਪ੍ਰਦਾਈ ਬਜ਼ੁਰਗਾਂ ਨੇ ਸਲੋਕ ਮਹਲਾ 9 (ਨਾਵਾਂ) ਦੇ ਸਿਰਲੇਖ ਵਾਲੇ “ਬਲੁ ਛੁਟਕਿਓ ਬੰਧਨ ਪਰੇ…॥53॥” ਨੰਬਰ ਸਲੋਕ ਪ੍ਰਤੀ ਕਲਪਣਾ ਕਰ ਲਈ ਕਿ ਇਹ ਦੋਹਰਾ ਨਾਵੇਂ ਗੁਰੂ ਪਾਤਸ਼ਾਹ ਨੇ ਦਿੱਲੀ ਦੀ ਕੈਦ ’ਚੋਂ ਸ੍ਰੀ ਅਨੰਦਪੁਰ ਟਿਕੇ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਇ ਦੀ ਪਰਖ ਹਿੱਤ ਚਿੱਠੀ ਵਜੋਂ ਲਿਖਿਆ ਅਤੇ ਉਸ ਦੇ ਉੱਤਰ ਵਿੱਚ ਸਾਹਿਬਜ਼ਾਦੇ ਨੇ ‘ਮਹਲਾ 10’ ਦੇ ਸਿਰਲੇਖ ਹੇਠ “ਬਲੁ ਹੋਆ ਬੰਧਨ ਪਰੇ…॥54॥” ਸਲੋਕ ਲਿਖ ਕੇ ਦਿੱਲੀ ਭੇਜਿਆ ਸੀ । ਭਾਵੇਂ ਕਿ ਉਪਰੋਕਤ ਦੋਵੇਂ ਸਲੋਕਾਂ ਨੂੰ ਸ਼ਬਦਾਵਲੀ ਪੱਖੋਂ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਦਿੱਲੀ ਕੈਦ, ਸਾਹਿਬਜ਼ਾਦੇ ਦੀ ਪਰਖ ਅਤੇ ਕਸ਼ਮੀਰੀ ਪੰਡਤਾਂ ਨਾਲ ਜੋੜ ਕੇ ਵਿਚਾਰਨਾ ਅਸੰਭਵ ਹੈ । ਇਸ ਦਾ ਪਹਿਲਾ ਕਾਰਣ ਹੈ ਕਿ ਇਤਿਹਾਸਕ ਸੱਚਾਈ ਪਰਦੇ ਹੇਠ ਹੋਣ ਕਰਕੇ ਸੰਪਰਦਾਈ ਟੀਕੇਕਾਰਾਂ ਤੇ ਪ੍ਰਚਾਰਕਾਂ ਲਈ ਓਹੀ ਵੱਡਾ ਸੱਚ ਸੀ, ਜਿਹੜਾ ਕੇਵਲ ਇਤਿਹਾਸ ਦੇ ‘ਸੂਰਜ ਪ੍ਰਕਾਸ਼’ ਵਰਗੇ ਸਿੱਖ ਸੋਮਿਆਂ ਤੋਂ ਪ੍ਰਾਪਤ ਹੋ ਰਿਹਾ ਸੀ । ਪ੍ਰਚਾਰ ਇਤਨਾ ਜ਼ੋਰਦਾਰ ਸੀ ਕਿ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਮਹਾਨ ਸਾਹਿਤਕਾਰ ਤੇ ਗੁਰਮਤਿ ਸਿਧਾਂਤਾਂ ਦੇ ਨਿਰਣੈਕਾਰ ਚਿੰਤਕ ਵੀ ਲੋਕ ਲਹਿਰ ਅਧੀਨ ਇਤਿਹਾਸ ਦੇ ਕਈ ਅਗਿਆਤ ਪੱਖਾਂ ਤੋਂ ਪ੍ਰਭਾਵਤ ਹੋ ਰਹੇ ਸਨ । ਦੂਜੇ, “ਪਰਥਾਇ ਸਾਖੀ ਮਹਾਪੁਰਖ ਬੋਲਦੇ, ਸਾਝੀ ਸਗਲ ਜਹਾਨੈ ॥” {ਗੁ.ਗ੍ਰੰ.-ਪੰ.647} ਗੁਰਵਾਕ ਦੇ ਚਾਨਣ ਵਿੱਚ ਸੰਪ੍ਰਦਾਈ ਵਿਦਵਾਨਾਂ ਵੱਲੋਂ ਯਤਨ ਕੀਤਾ ਜਾਂਦਾ ਸੀ ਕਿ ਹਰੇਕ ਸ਼ਬਦ ਨੂੰ ਗੁਰਇਤਿਹਾਸ ਜਾਂ ਮਿਥਿਹਾਸ ਦੀ ਕਿਸੇ ਘਟਨਾ ਨਾਲ ਜੋੜ ਕੇ ਵਿਚਾਰਿਆ ਜਾਵੇ । ਵਿਦਿਅਕ ਪ੍ਰਗਟਾਵੇ ਦਾ ਇਹ ਇੱਕ ਰਿਵਾਜ ਸੀ, ਭਾਵੇਂ ਕਿ ਸਮਾਜਕ ਸੁਧਾਰ ਲਈ ਮਾਨਵ-ਸੇਧਤ ਉਪਦੇਸ਼-ਜਨਕ ਸ਼ਬਦਾਂ ਨੂੰ ‘ਪਰਥਾਇ ਸਾਖੀ’ ਦੇ ਘੇਰੇ ਤੋਂ ਬਾਹਰ ਮੰਨਣਾ ਅਸੰਭਵ ਹੈ । ਕਥਾਵਾਚਕ ਵਿਦਵਾਨ ਅਜਿਹੀ ਰਚਨਾ ਨੂੰ ਸ਼ਬਦ ਦੀ ਉਥਾਨਕਾ ਕਹਿੰਦੇ ਸਨ ।

ਜਿਵੇਂ ਫ਼ਰੀਦਕੋਟੀ ਸਟੀਕ ’ਤੇ ਅਧਾਰਿਤ ਸੰਤ ਗਿਆਨੀ ਕ੍ਰਿਪਾਲ ਸਿੰਘ ਡੇਰਾ ਬਾਜ਼ਾਰ ਸੱਤੋਵਾਲਾ ਕ੍ਰਿਤ ‘ਸੰਪ੍ਰਦਾਈ ਟੀਕਾ – ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ (ਐਡੀਸ਼ਨ 1991) ਦੀ ਲਿਖਤ ਹੈ :

ਪੰਜਾਹ (ਰਾਮੁ ਗਇਓ ਰਾਵਨੁ ਗਇਓ…), ਇਕਵੰਜਾ (ਚਿੰਤਾ ਤਾ ਕੀ ਕੀਜੀਐ…) ਤੇ ਬਵੰਜਾ (ਜੋ ਉਪਜਿਓ ਸੋ ਬਿਨਸਿ ਹੈ…) ਇਹਨਾਂ ਤਿੰਨਾਂ ਸਲੋਕਾਂ ਦੁਆਰਾ ਮਾਤਾ ਸਾਹਿਬ ਮਾਤਾ ਨਾਨਕੀ ਜੀ ਤੇ ਮਹਿਲ ਮਾਤਾ ਗੂਜਰੀ ਜੀ ਤਾਈਂ ਚਿੰਤਾ ਨਵਿਰਤੀ ਲਈ ਸ਼ੁਭ ਸਿਖਿਆ ਦੇ ਕੇ ਅਗਲਾ ਇਕ ਸਲੋਕ ਆਪਣੇ ਸਪੁਤ੍ਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪ੍ਰੀਖਿਆ ਲੈਣ ਵਾਸਤੇ ਲਿਖ ਕੇ ਭੇਜਿਆ ।

ਯਥਾ – ਦੋਨਹੁ ਪ੍ਰਤਿ ਸ਼ਲੋਕ ਲਿਖਿ ਤੀਨ । ਕਰਹੁ ਨ ਦੁਖ ਸੀਖ੍ਯਾ ਅਸ ਦੀਨ ।
ਪੁਨ ਅਪਨੇ ਸੁਤ ਕੋ ਪਤਿਆਵਨ । ਹਿਤ ਪਰਖਨ ਕੇ ਕਿਮ ਧਰ ਭਾਵਨ ॥24॥
ਲਖਹਿਂ ਸ਼ਕਤਿ ਮਹਿ ਹਮ ਕੋ ਕੈਸੇ । ਲਖ੍ਯੋ ਜਾਇ ਅਸ ਆਸ਼ੈ ਜੈਸੇ ।
ਤਿਸ ਬਿਧਿ ਦੋਹਾ ਲਿਖ੍ਯੋ ਬਨਾਇ । ਸ੍ਰੀ ਗੁਰੂ ਤੇਗ ਬਹਾਦਰ ਰਾਇ ॥25॥
{ਗੁਰ ਪ੍ਰਤਾਪ ਸੂਰਜ, ਰਾਸਿ 12, ਅੰਸੂ 62}
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥

ਹੁਣ ਤਾਂ ਸਰੀਰਕ ਬਲ ਛੁਟ ਗਿਆ ਹੈ ਤੇ ਪੈਰਾਂ ਵਿਖੇ ਬੰਧਨ=ਬੇੜੀਆਂ ਅਤੇ ਲੋਹੇ ਦੇ ਕੋਟ ਵਿਖੇ ਪਰੇ=ਪਏ ਹੋਏ ਹਾਂ । ਅਥਵਾ- ਸਰੀਰਕ ਬਲ ਛੁਟ ਗਿਆ ਹੈ ਤੇ ਪੈਰਾਂ ਵਿਖੇ ਬੰਧਨ ਪਏ ਹੋਏ ਹਨ । ਹੁਣ ਛੁਟਣ ਦਾ ਸਾਡੇ ਪਾਸੋਂ ਕੁਝ ਯਤਨ ਨਹੀਂ ਹੋ ਰਿਹਾ ।

ਕਹੁ ਨਾਨਕ ! ਅਬ ਓਟ ਹਰਿ ! ਗਜ ਜਿਉ ਹੋਹੁ ਸਹਾਇ ॥53॥

ਗੁਰੂ ਸਾਹਿਬ ਜੀ ਕਹਿੰਦੇ ਹਨ- ਕਿ ਹੁਣ ਹਰਿ=ਹਰ ਤਰ੍ਹਾਂ ਇਕ ਆਪ ਜੀ ਦੀ ਓਟ ਹੈ । ਆਪ ਗਜ=ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋਵੋ ।
ਅਥਵਾ– ਬਲੁ ਛੁਟਕਿਓ ਬੰਧਨ ਪਰੇ

ਹਿੰਦੁਸਤਾਨ ਦੀ ਰੱਖਿਆ ਕਰਨ ਦਾ ਬਲ ਛੁਟ ਗਿਆ ਹੈ, ਇਸ ਕਰਕੇ ਸਾਰਿਆਂ ਨੂੰ ਬੰਧਨ ਪੈ ਗਏ ਹਨ ਕਿਉਂਕਿ ਔਰੰਗਜ਼ੇਬ ਨੇ ਠਾਕੁਰ ਦੁਆਰੇ ਦੇਵੀ ਦੁਆਰੇ ਸਭ ਢਾਹੁਣੇ ਸ਼ੁਰੂ ਕਰ ਦਿੱਤੇ ਹਨ । ਇਨ੍ਹਾਂ ਮੰਦਰਾਂ ਦੀ ਰੱਖਿਆ ਕਰਨ ਦਾ- ਕਛੂ ਨ ਹੋਤ ਉਪਾਇ ॥ ਇਹਨਾਂ ਹਿੰਦੂ ਰਾਜਿਆਂ ਪਾਸੋਂ ਕੋਈ ਉਪਾਅ ਨਹੀਂ ਹੋ ਰਿਹਾ ਕਿਉਂਕਿ ਸਾਰੇ ਹਿੰਦੂ ਰਾਜਿਆਂ ਨੂੰ ਔਰੰਗਜ਼ੇਬ ਨੇ ਆਪਣੇ ਅਧੀਨ ਕਰ ਲਿਆ ਹੈ ।

ਕਹੁ ਨਾਨਕ ! ਅਬ ਓਟ ਹਰਿ ! ਗਜ ਜਿਉ ਹੋਹੁ ਸਹਾਇ ॥53॥

ਗੁਰੂ ਸਾਹਿਬ ਜੀ ਕਹਿੰਦੇ ਹਨ- ਹੇ ਹਰੀ ਰੂਪ ਗੋਬਿੰਦ ਸਿੰਘ ਜੀ ! ਅਬ ਆਪ ਸਾਰਿਆਂ ਹਿੰਦੂਆਂ ਦਾ ਓਟ=ਆਸਰਾ ਰੂਪ ਹੋ ਕੇ ਗਜ=ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋਵੋ ।53। ਭਾਵ, ਜਿਵੇਂ ਤੰਦੂਏ ਨੇ ਹਾਥੀ ਨੂੰ ਆਪਣੀਆਂ ਤਾਰਾਂ ਨਾਲ ਲਪੇਟ ਕੇ ਹੇਠਾਂ ਪਾਣੀ ਵਿੱਚ ਲਿਜਾਂਦਿਆਂ ਹਾਥੀ ਦੇ ਪੁਕਾਰਾਂ ਕਰਨ ਤੇ ਭਗਵਾਨ ਨੇ ਸੁਦਰਸ਼ਨ ਚੱਕਰ ਚਲਾ ਕੇ ਉਸ ਦੀਆਂ ਤੰਦਾਂ ਕੱਟ ਕੇ ਹਾਥੀ ਨੂੰ ਬਚਾਇਆ ਸੀ । ਇਵੇਂ ਹੀ ਇਹ ਔਰੰਗਜ਼ੇਬ ਰੂਪ ਤੰਦੂਆ ਹਿੰਦੁਸਤਾਨ ਰੂਪ ਹਾਥੀ ਨੂੰ ਆਪਣੀ ਸ਼ਰਾ ਰੂਪ ਤੰਦਾਂ ਨਾਲ ਲਪੇਟ ਕੇ ਆਪਣੇ ਦੀਨ ਮਨਾਉਣ ਰੂਪ ਜਲ ਵਿੱਚ ਲਿਜਾ ਰਿਹਾ ਹੈ ।

ਇਥੋਂ ਤਕ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ 53 ਸਲੋਕ ਕਲਮ-ਬੰਦ ਕਰਕੇ ਇਕ ਸਿੱਖ ਦੇ ਹੱਥੀਂ ਅਨੰਦਪੁਰ ਸਾਹਿਬ ਭੇਜਦਿਆਂ ਕਿਹਾ, ਹੇ ਗੁਰਸਿੱਖਾ ! ਇਕ ਰਸ ਚਲਿਆ ਜਾਂਵੀਂ…ਉਤਰ ਲੈ ਕੇ ਵਾਪਸ ਜਲਦੀ ਆਵੀਂ……………। ਇਉਂ (ਅਗੋਂ ਉੱਤਰ ਵਜੋਂ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਕੇ ਆਪਣੀ ਬੇਨਤੀ ਭਰੀ ਚਿੱਠੀ ਲਿਖਣਾ ਕੀਤੀ ਕਿ ਹੇ ਗੁਰੂ ਪਿਤਾ ਜੀ ! ਆਪ ਜੀ ਨੇ ਇਹ ਕੀ ਲਿਖ ਭੇਜਿਆ ਹੈ, ਜੋ ਅਸਾਡੇ ਵਿੱਚੋਂ ਬਲ ਛੁਟ ਗਿਆ ਹੈ ਤੇ ਬੰਧਨ ਪੈ ਗਏ । ਆਪ ਜੀ ਵਿਖੇ ਤਾਂ-

ਬਲੁ ਹੋਆ, ਬੰਧਨ ਛੁਟੇ; ਸਭੁ ਕਿਛੁ ਹੋਤੁ ਉਪਾਇ ॥

ਸੰਪੂਰਨ ਬਲ ਪ੍ਰਾਪਤ ਹਇਆ ਹੈ । ਵਾ ਹੇ ਪਿਤਾ ਜੀ ! ਬਲੁ=ਪਦਾਰਥ ਖੁਦ ਆਪ ਜੀ ਤੋਂ ਹੀ ਪੈਦਾ ਹੋਇਆ ਹੈ । ਆਪ ਜੀ ਤੋਂ ਬਲ ਕਿਵੇਂ ਛੁਟ ਕੇ ਪਰ੍ਹੇ ਹਟ ਸਕਦਾ ਹੈ ? ਫਿਰ ਆਪ ਜੀ ਤਾਂ ਸਾਰੇ ਬੰਧਨ ਛੁਟੇ ਹੋਏ ਹਨ । ਗਿਆਨਵਾਨਾਂ ਨੂੰ ਤਾਂ ਬੰਧਨ ਪੈ ਹੀ ਨਹੀਂ ਸਕਦੇ । ਪਰ ਆਪ ਜੀ ਤਾਂ ਗਿਆਨ ਦੇ ਦਾਤਾ ਸਮੁੰਦਰ ਹੋ, ਫਿਰ ਆਪ ਜੀ ਤੋਂ ਸਾਰੇ ਉਪਾ ਹੋ ਸਕਦੇ ਹਨ ।

ਨਾਨਕ ! ਸਭੁ ਕਿਛੁ ਤੁਮਰੈ ਹਾਥ ਮੈ; ਤੁਮ ਹੀ ਹੋਤ ਸਹਾਇ ॥54॥

ਨਾਨਕ= ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ- ਹੇ ਜੋਤੀ ਸਰੂਪ ਗੁਰਦੇਵ ਪਿਤਾ, ਸਰਬ ਕਲਾ ਸਮਰਥ ! ਸਭ ਕੁਝ ਆਪ ਜੀ ਦੇ ਹਾਥ=ਅਧੀਨ ਹੈ । ਫਿਰ ਆਪ ਜੀ ਸਭਨਾਂ ਜੀਵਾਂ ਦੇ ਸਹਾਇਕ ਹੋ ਰਹੇ ਹੋ ।54।

ਅਥਵਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫੁਰਮਾਉਂਦੇ ਹਨ- ਹੇ ਗੁਰਦੇਵ ਪਿਤਾ ਸਤਿਗੁਰੂ ਤੇਗਬਹਾਦਰ ਸਾਹਿਬ ਜੀ ! ਆਪ ਜੀ ਵਿਖੇ ਤਾਂ ਪਹਿਲੇ ਹੀ ਹਿੰਦੁਸਤਾਨ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਬਲ ਪ੍ਰਾਪਤ ਹੋਇਆ ਹੋਇਆ ਹੈ । ਔਰੰਗਜ਼ੇਬ ਨੇ ਹਿੰਦੁਸਤਾਨ ਉੱਤੇ ਜੋ ਸ਼ਰ੍ਹਾ ਦੇ ਬੰਧਨ ਪਾਏ ਹੋਏ ਹਨ, ਉਹ ਹੁਣ ਸਾਰੇ ਬੰਧਨ ਛੁੱਟ ਜਾਣਗੇ । ਹਿੰਦੋਸਤਾਨ ਦੀ ਅਜ਼ਾਦੀ ਦਾ ਜੇ ਕੁਝ ਉਪਾ ਹੋਣਾ ਹੈ, ਉਹ ਆਪ ਜੀ ਤੋਂ ਹੀ ਹੋਣਾ ਹੈ ਕਿਉਂਕਿ ਸਭ ਕੁਝ ਆਪ ਜੀ ਦੇ ਹਾਥ=ਅਧੀਨ ਹੈ । ਫਿਰ ਆਪ ਹੀ ਸਭਨਾਂ ਦੀ ਸਹਾਇਤਾ ਕਰਨ ਵਾਲੇ ਹੋ ।

ਗੁਰਬਾਣੀ ਦੇ ਪਾਠਕਾਂ ਤੇ ਸ੍ਰੋਤਿਆਂ ਲਈ ਉਪਰੋਕਤ ਕਿਸਮ ਦੀ ਉਥਾਨਿਕ ਕਥਾ ਵਿਧੀ ਭਾਵੇਂ ਹੁਣ ਵੀ ਰਸਦਾਇਕ ਸਿੱਧ ਹੁੰਦੀ ਹੈ । ਪ੍ਰੰਤੂ ਸਹੀ ਤੇ ਸਫਲ ਤਦੋਂ ਹੀ ਮੰਨੀ ਜਾ ਸਕਦੀ ਹੈ, ਜੇ ਇਹ ‘ਸਾਂਝੀ ਸਗਲ ਜਹਾਨੈ’ ਦੀ ਪਰਖ ਕਸਵੱਟੀ ’ਤੇ ਪੂਰੀ ਉਤਰਦੀ ਹੋਈ ਇਤਿਹਾਸਕ ਸੱਚ ਤੋਂ ਸੱਖਣੀ ਨਾ ਹੋਵੇ । ਜਿਹੜੀ ਕਥਾ ਕਹਾਣੀ ਗੁਰਮਤਿ ਦੀ ਸਿਧਾਂਤਕ ਸੇਧ ਵਿੱਚ ਹੋਵੇ, ਉਹ ਤਾਂ ਮਨੋਕਲਪਿਤ ਹੋਣ ਦੇ ਬਾਵਜੂਦ ਵੀ ਸਹਾਇਕ ਮੰਨੀ ਜਾ ਸਕਦੀ ਹੈ, ਕਿਉਂਕਿ ਉਸ ਅਨੁਸਾਰ ਪਾਠਕ ਜਾਂ ਸ੍ਰੋਤੇ ਨੂੰ ਭਾਵਾਰਥ ਸਮਝਣਾ ਸੁਖਾਲਾ ਹੋ ਜਾਂਦਾ ਹੈ । ਸ਼ਾਇਦ ਇਹੀ ਕਾਰਣ ਸੀ ਕਿ ਸਿੱਖ ਰਹਿਤ ਮਰਯਾਦਾ ਵਿੱਚ ਵੀ ਹਦਾਇਤ ਕੀਤੀ ਗਈ ਕਿ ਗੁਰਮਤਿ ਦ੍ਰਿੜ੍ਹਾਉਣ ਹਿਤ ਗੁਰਬਾਣੀ ਵੀਚਾਰ ਲਈ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉਤਮ ਸਿਖਿਆ ਦਾ ਲਿਆ ਜਾ ਸਕਦਾ ਹੈ । ਪ੍ਰੰਤੂ, ਵਿਚਾਰਧੀਨ ਸਲੋਕਾਂ ਦੀ ‘ਸੰਪ੍ਰਦਾਈ ਟੀਕਾ – ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਾਲੀ ਉਪਰੋਕਤ ਉਥਾਨਕਾ ਅਤੇ ਗੁਰੂ ਪਾਤਸ਼ਾਹਾਂ ਦੇ ਵਿਅਕਤੀਗਤ ਜੀਵਨ ਨਾਲ ਸਬੰਧਤ ਕਰਕੇ ਲਿਖੇ ਸ਼ਬਦ ਅਰਥ-ਭਾਵ ਤਾਂ ਕਿਸੇ ਪੱਖੋਂ ਵੀ ਪਰਖ ਕਸਵੱਟੀ ਤੇ ਪੂਰੇ ਉਤਰਨੇ ਅਸੰਭਵ ਹਨ ।

ਇਸ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਣ ਹੈ ਉਥਾਨਕਾ ਦਾ ਇਤਿਹਾਸਕ ਸੱਚ ਤੋਂ ਸੱਖਣੇ ਹੋਣਾ । ‘ਬਲੁ ਹੋਆ ਬੰਧਨ ਛੁਟੇ…(ਇਕ ਇਤਿਹਾਸਕ ਪਰਿਪੇਖ) ਲੇਖ ਵਿੱਚ ਸਿੱਧ ਕੀਤਾ ਜਾ ਚੁੱਕਾ ਹੈ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਤੋਂ ਦਿੱਲੀ ਨੂੰ ਚਾਲੇ ਪਾਉਣ ਤੋਂ ਪਹਿਲਾਂ ਹੀ ਆਪਣੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਰਾਇ ਨੂੰ ਗੁਰਿਆਈ ਬਖਸ਼ ਦਿੱਤੀ ਸੀ । ਇਸ ਲਈ ਨਾਵੇਂ ਗੁਰੂ ਪਾਤਸ਼ਾਹ ਦੁਆਰਾ ਦਿੱਲੀ ਤੋਂ ਸਾਹਿਬਜ਼ਾਦੇ ਨੂੰ ਪਰਖਣ ਵਾਲੀ ਕਹਾਣੀ ਇੱਕ ਅਧਾਰਹੀਣ ਕਲਪਨਾ ਤੋਂ ਵਧ ਕੁਝ ਨਹੀਂ ਮੰਨੀ ਜਾ ਸਕਦੀ । ਪਰਖ ਤਾਂ ਉਦੋਂ ਹੀ ਹੋ ਗਈ ਸੀ, ਜਦੋਂ ਉਨ੍ਹਾਂ ਨੇ ਗੁਰਦੇਵ ਪਿਤਾ ਦੇ ਕਸ਼ਮੀਰੀ ਪੰਡਤਾਂ ਹਿਤ ਕੀਤੇ ਫੈਸਲੇ ਅੱਗੇ ਪ੍ਰਸੰਨਤਾ ਸਹਿਤ ਸੀਸ ਝੁਕਾ ਦਿੱਤਾ । ‘ਬੇ ਕਸਾਂ ਰਾ ਯਾਰ’ ਬਣਦਿਆਂ ਕਹਿ ਦਿੱਤਾ ਹੋਵੇਗਾ ਕਿ ਜੇ ਆਪ ਜੀ ਦੀ ਸ਼ਹਾਦਤ ਦੁਆਰਾ ਹਕੂਮਤੀ ਜ਼ੁਲਮ ਥੰਮ ਸਕਦਾ ਹੈ ਅਤੇ ਪਰਜਾ ਦੀ ਧਾਰਮਕ ਅਜ਼ਾਦੀ ਸੁਰਖਿਅਤ ਰਹਿ ਸਕਦੀ ਹੈ ਤਾਂ ਸਾਡੇ ਲਈ ਅਜਿਹੀ ਕੁਰਬਾਨੀ ਮਾਣਮੱਤੀ ਹੋਵੇਗੀ । ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ (1803 ਈ.) ਵਿਖੇ ਗੁਰਿਆਈ ਬਖ਼ਸ਼ਣ ਦੇ ਪ੍ਰਸੰਗ ਵਿੱਚ ਲਿਖਿਆ ਹੈ : ਬਾਲ ਗੁਰੂ ਤਬ ਕਹਿਯੋ ਅਲਾਇ । ਪਿਤਾ ਗੁਰੂ ਤਉ ਕਰੋ ਸਹਾਇ ।…॥39॥ {ਪੰ. 57}

ਸੰਪ੍ਰਦਾਈ ਟੀਕਾਕਾਰ ਦਾ ਉਪਰੋਕਤ ਇਹ ਕਥਨ ਵੀ ਸਹੀ ਸਾਬਿਤ ਨਹੀਂ ਹੁੰਦਾ ਕਿ “ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ 53 ਸਲੋਕ ਕਲਮ-ਬੰਦ ਕਰਕੇ ਇਕ ਸਿੱਖ ਦੇ ਹੱਥੀਂ ਅਨੰਦਪੁਰ ਸਾਹਿਬ ਭੇਜਦਿਆਂ ਕਿਹਾ, ਹੇ ਗੁਰਸਿੱਖਾ ! ਇਕ ਰਸ ਚਲਿਆ ਜਾਂਵੀਂ…ਉਤਰ ਲੈ ਕੇ ਵਾਪਸ ਜਲਦੀ ਆਵੀਂ… ।” ਕਿਉਂਕਿ ਇੱਕ ਤਾਂ ਲੇਖਕ ਆਪ ਹੀ ਵਿਚਾਰਧੀਨ ਦੋਹਰੇ ਦੀ ਉਥਾਨਕਾ ਵਿੱਚ ਸੂਰਜ ਪ੍ਰਕਾਸ਼ ਦੇ ਹਵਾਲੇ ਨਾਲ ਪਹਿਲਾਂ ਲਿਖ ਚੁੱਕਾ ਹੈ ਕਿ ਪਤ੍ਰਕਾ ਵਿੱਚ ਪ੍ਰਿਖਿਅਕ ਦੋਹਰੇ ਸਮੇਤ ਸਲੋਕ ਕੇਵਲ 4 ਸਨ । ਦੂਜੇ, ਨਾਵੇਂ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਹੁਣ ਉਹ ਹੱਥ ਲਿਖਤੀ ਬੀੜਾਂ ਵੀ ਪ੍ਰਾਪਤ ਹਨ, ਜਿਨ੍ਹਾਂ ਵਿੱਚ ਕੁਝ ਤਰਤੀਬੀ ਵਖਰੇਵੇਂ ਸਹਿਤ ਮਹਲਾ 9ਵਾਂ ਦੀ ਸੰਪੂਰਣ ਬਾਣੀ ਚੜ੍ਹੀ ਹੋਈ ਹੈ । ਜਿਵੇਂ ਢਾਕੇ ਵਾਲੀ ਬੀੜ, ਜਿਹੜੀ ਸ਼ਹੀਦੀ ਮਿਤੀ ਮੱਘਰ ਸੁਦੀ 5, 11 ਮੱਘਰ, ਸੰਮਤ 1732 ਮੁਤਾਬਿਕ 11 ਨਵੰਬਰ ਸੰਨ 1675 ਵੀਰਵਾਰ ਤੋਂ 13 ਦਿਨ ਪਹਿਲਾਂ ਅਗਹਨ (ਮੱਘਰ) ਸੁਦੀ 7, ਸੰਮਤ 1732 ਮੁਤਾਬਿਕ 29 ਅਕਤੂਬਰ ਸੰਨ 1675 ਨੂੰ ਲਿਖੀ ਗਈ । ਸ੍ਰ. ਜੀ.ਬੀ ਸਿੰਘ ਮੁਤਾਬਿਕ ਇਹ ਪਾਵਨ ਬੀੜ ਢਾਕਾ (ਬੰਗਾਲ) ਹਜ਼ੂਰੀ ਸੰਗਤ ਦੇ ਗੁਰਦੁਆਰੇ ਹੈ । ਨੋਟ ਹੈ- ‘ਸੰਮਤ 1732 ਮਿਤੀ ਅਗਹਨ ਵਦੀ ॥7॥ ਗ੍ਰੰਥ ਲਿਖਿਆ ।’ ਪੱਤਰੇ 836 ਹਨ । ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਗੁਰਬਾਣੀ ਸੰਪਾਦਨ ਨਿਰਣੈ ਅਤੇ ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿਕ ਪੁਸਤਕਾਂ ਵਿੱਚ ਵੀ ਇਸ ਬੀੜ ਦੇ ਹਵਾਲੇ ਅੰਕਤ ਹਨ । ਇਸ ਲਈ ਲੋੜ ਹੈ ਕਿ ਪ੍ਰਾਚੀਨ ਬੀੜਾਂ ਦੇ ਪਰਿਪੇਖ ਵਿੱਚ ਵੀ ਉਪਰੋਕਤ ਪੱਖ ਸਾਂਝਾ ਕੀਤਾ ਜਾਵੇ ।

‘ਸੰਪ੍ਰਦਾਈ ਟੀਕਾ – ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਖੇ ਪਰਖ ਦੇ ਪਰਦੇ ਹੇਠ “ਬਲੁ ਛੁਟਕਿਓ ਬੰਧਨ ਪਰੇ…” ਦੋਹਰੇ ਦੇ ਲਿਖੇ ਉਪਰੋਕਤ ਤੁਕ ਅਰਥ ਵੀ ਨਾਵੇਂ ਗੁਰੂ ਪਾਤਸ਼ਾਹ ਦੀ ਸ਼ਾਨ ਮੁਤਾਬਿਕ ਢੁਕਵੇਂ ਨਹੀਂ, ਕਿਉਂਕਿ ਉਹ ਹਜ਼ੂਰ ਨੂੰ ਬੜਾ ਡਰਪੋਕ ਤੇ ਨਿਰਾਸ਼ਾਵਾਦੀ ਸਾਬਿਤ ਕਰਨ ਦੀ ਹਮਾਕਤ ਜਾਪਦੇ ਹਨ । ਜਿਸ ਗੁਰੂ ਜੋਤਿ ਦੀ ਆਤਮਕ ਅਡੋਲਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ “ਝਖੜਿ ਵਾਉ ਨਾ ਡੋਲਈ ਪਰਬਤੁ ਮੇਰਾਣੁ ॥” {ਪੰ.968} ਕਹਿ ਕੇ ਵਡਿਆਇਆ ਗਿਆ ਹੋਵੇ । ਜਿਹੜਾ ਗੁਰੂ ਸਦਾ ਆਪਣੀ ਹਯਾਤੀ ਵਿੱਚ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥” {ਪੰ. 1427} ਦਾ ਨਿਰਭੈਤਾ ਭਰਪੂਰ ਉਪਦੇਸ਼ ਦਿੰਦਾ ਰਿਹਾ ਹੋਵੇ । ਜਿਹੜਾ ਗੁਰੂ ਮਜ਼ਲੂਮਾਂ ਖਾਤਰ ਸ਼ਹਾਦਤ ਦੇਣ ਦੇ ਦ੍ਰਿੜ ਇਰਾਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਆਪ ਤਿਆਰ ਹੋ ਕੇ ਚੱਲਿਆ ਹੋਵੇ । ਜਿਸ ਦੀ ਦ੍ਰਿੜਤਾ ਤੇ ਦਲੇਰੀ ਨੂੰ ਪ੍ਰਗਟਾਉਣ ਪੱਖੋਂ ਮੌਲਵੀ ਬੂਟੇਸ਼ਾਹ ਵਰਗਾ ਫ੍ਰਿਕਾਪ੍ਰਸਤ ਲੇਖਕ ਵੀ ਆਪਣੀ ਕਲਮ ਰੋਕ ਕੇ ਲਿਖਣ ਲਈ ਮਜ਼ਬੂਰ ਹੋਵੇ ਹੈ ਕਿ ਗੁਰੂ ਜੀ ਆਖਿਆ :

ਫ਼ਰਜ਼ੰਦੇ ਖ਼ੁਦ ਰਾ ਦਰ ਕਿਨਾਰ ਗ੍ਰਿਫ਼ਤ ਵ ਗੁਫ਼ਤ ਕਿ ਪਸਰ । ਆਂ ਕਸ ਰਾ ਕਿ ਚੂੰ ਤੋ ਫ਼ਰਜ਼ੰਦੇ ਖ਼ਲਫ਼ ਅਲਰਸ਼ੀਦ ਬਵਦ ਅਜ਼ ਮੁਰਦਨ ਬਾਕੇ ਨੇਸਤ ।” ਭਾਵ, ਐ ਬੇਟੇ ! ਮੈਂ ਸ਼ਹੀਦ ਹੋਣ ਲਈ ਜਾ ਰਿਹਾ ਹਾਂ । ਉਸ ਪੁਰਸ਼ ਨੂੰ ਜਿਸ ਦਾ ਤੇਰੇ ਵਰਗਾ ਆਗਿਆਕਾਰੀ ਪੁੱਤਰ ਹੋਵੇ, ਕਿਸੇ ਕਿਸਮ ਦੀ ਚਿੰਤਾ ਨਹੀਂ । {ਇਤਿ ਜਿਨ ਕਰੀ-ਪੰ.178}

ਕੀ ਅਜਿਹੇ ਨਿਰਭੈ ਸਤਿਗੁਰੂ ਸਾਹਿਬ ਜੀ ਦੇ ਮੁਖਵਾਕ “ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥” ’ਤੇ ਅਧਾਰਿਤ ਹਜ਼ੂਰ ਤੋਂ ‘ਸਰੀਰਕ ਬਲ ਛੁਟ ਗਿਆ ਹੈ ਤੇ ਪੈਰਾਂ ਵਿਖੇ ਬੰਧਨ ਪਏ ਹੋਏ ਹਨ । ਹੁਣ ਛੁਟਣ ਦਾ ਸਾਡੇ ਪਾਸੋਂ ਕੁਝ ਯਤਨ ਨਹੀਂ ਹੋ ਰਿਹਾ ।” ਵਰਗੇ ਭੀਰੂ ਲਫ਼ਜ਼ ਅਖਵਾਉਣੇ ਕਿਥੋਂ ਦੀ ਅਕਲਮੰਦੀ ਹੈ ? ਕੀ ਉਹ ਮੁਗਲਾਂ ਦੀ ਕੈਦ ਚੋਂ ਭੱਜਣ ਲਈ ਯਤਨਸ਼ੀਲ ਸਨ ? ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ਅਜਿਹੀ ਸ਼ਬਦਾਵਲੀ ਅਗਿਆਨਮਈ ਸ਼ਰਧਾ ਹੈ ਜਾਂ ਕੋਈ ਬਿਪਰਵਾਦੀ ਸਾਜਿਸ਼ ਦਾ ਸ਼ਿਕਾਰ ਹੋਣ ਵਾਲਾ ਹਾਨੀਕਾਰਕ ਵਰਤਾਰਾ ? ਫਿਰ ਇਸੇ ਗੁਰਵਾਕ ’ਤੇ ਅਧਾਰਿਤ ਲਿਖਤ ‘ਹਿੰਦੁਸਤਾਨ ਦੀ ਰੱਖਿਆ ਕਰਨ ਦਾ ਬਲ ਛੁਟ ਗਿਆ ਹੈ, ਇਸ ਕਰਕੇ ਸਾਰਿਆਂ ਨੂੰ ਬੰਧਨ ਪੈ ਗਏ ਹਨ । ਹਿੰਦੂ ਰਾਜਿਆਂ ਪਾਸੋਂ ਕੋਈ ਉਪਾਅ ਨਹੀਂ ਹੋ ਰਿਹਾ ।’ ਪੜ੍ਹ ਕੇ ਸੁਆਲ ਖੜਾ ਹੁੰਦਾ ਹੈ ਕਿ ਕੀ ਅਜਿਹੇ ਸੀਮਾਬੱਧ ਤੁਕ-ਅਰਥਾਂ ਨੂੰ ‘ਸਾਂਝੀ ਸਗਲ ਜਹਾਨੈ’ ਵਾਲੀ ਗੁਰੂ ਕਸਾਉਟੀ ’ਤੇ ਖਰਾ ਸਿੱਧ ਕੀਤਾ ਜਾ ਸਕਦਾ ਹੈ ? ਕੀ ਇਹ ਉਨ੍ਹਾਂ ਲੋਕਾਂ ਦੀ ਕੁਟਿਲ ਚਾਲ ਤਾਂ ਨਹੀਂ, ਜਿਹੜੇ ਆਪਣੀ ਮਹਾਨ ਕਰਣੀ ਕਰਕੇ ‘ਸਗਲ ਸ੍ਰਿਸ਼ਟਿ ਦੀ ਚਾਦਰ’ ਬਣੇ ਸਤਿਗੁਰੂ ਜੀ ਨੂੰ ਕੇਵਲ ‘ਹਿੰਦ ਦੀ ਚਾਦਰ’ ਸਾਬਿਤ ਕਰਨ ਲਈ ਯਤਨਸ਼ੀਲ ਹਨ ?

ਗੁਰਮਤਿ ਦੀ ਸਿਧਾਂਤਕ ਦ੍ਰਿਸ਼ਟੀ ਤੋਂ ਐਸਾ ਮੰਨਣਾ ਵੀ ਅਸੰਭਵ ਹੈ ਕਿ ਸੰਪ੍ਰਦਾਈ ਟੀਕੇ ਮੁਤਾਬਿਕ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਨੂੰ ਚਿੱਠੀ ਰਾਹੀਂ ਕਹਿਣ ਕਿ “ਹੇ ਹਰੀ ਰੂਪ ਗੋਬਿੰਦ ਸਿੰਘ ਜੀ ! ਅਬ ਆਪ ਸਾਰਿਆਂ ਹਿੰਦੂਆਂ ਦਾ ਓਟ=ਆਸਰਾ ਰੂਪ ਹੋ ਕੇ ਗਜ=ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋਵੋ ।” ਅਤੇ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਇ ਜੀ ਵੀ ਉੱਤਰ ਵਜੋਂ ਪਿਤਾ ਗੁਰਦੇਵ ਜੀ ਨੂੰ ਸਾਰੇ ਬਲਾਂ ਦਾ ਸੋਮਾ ਦੱਸਣ । ਕਾਰਣ ਹੈ ਕਿ ਸਾਰੇ ਗੁਰੂ ਸਾਹਿਬਾਨ ਰੱਬ ਰੂਪ ਹੁੰਦੇ ਹੋਏ ਵੀ “ਧਰ ਜੀਅਰੇ ਇਕ ਟੇਕ ਤੂ, ਲਾਹਿ ਬਿਡਾਨੀ ਆਸ ॥” {ਗੁ.ਗ੍ਰੰ.-ਪੰ.257} ਦਾ ਹੋਕਾ ਦਿੰਦੇ ਰਹੇ ਹਨ । “ਤੂ ਮੇਰੀ ਓਟ, ਬਲ ਬੁਧਿ ਧਨੁ ਤੁਮ ਹੀ; ਤਮਹਿ ਮੇਰੈ ਪਰਵਾਰੈ ॥” {ਗੁ.ਗ੍ਰੰ.-ਪੰ.820} ਦਾ ਇਲਾਹੀ ਨਗਮਾ ਗਾਉਂਦੇ ਹੋਏ “ਬਲ ਬੁਧਿ ਸਿਆਨਪ ਹਉਮੈ ਰਹੀ ॥” {ਗੁ.ਗ੍ਰੰ.-ਪੰ.211} ਵਰਗੀ ਨਮਰਤਾ ਦਰਸਾਉਂਦੇ ਰਹੇ ਹਨ । ਇਸ ਲਈ “ਸਰਣਿ ਕੇ ਦਾਤੇ, ਬਚਨ ਕੇ ਸੂਰੇ” ਨਾਨਕ-ਜੋਤਿ ਸਤਿਗੁਰਾਂ ਪ੍ਰਤੀ ‘ਅਵਰ ਉਪਦੇਸੈ ਆਪਿ ਨ ਕਰੈ ॥” {ਗੁ.ਗ੍ਰੰ.-ਪੰ.269} ਵਰਗੇ ਮਇਆਵੀ ਦ੍ਰਿਸ਼ਟੀਕੋਨ ਤੋਂ ਵਿਚਾਰਨਾ ਵੀ ਵੱਡਾ ਅਪਰਾਧ ਹੈ । ਇਸ ਪੱਖੋਂ ਸੁਆਲ ਤਾਂ ਹੋਰ ਵੀ ਬੜੇ ਖੜੇ ਹੁੰਦੇ ਹਨ, ਪ੍ਰੰਤੂ ਵਿਸਥਾਰ ਦੇ ਡਰੋਂ ਗਿ. ਹਰਿਬੰਸ ਸਿੰਘ ਪਟਿਆਲਾ ਕ੍ਰਿਤ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਦੇ ਹੇਠ ਲਿਖੇ ਨਿਰਣੈ-ਜਨਕ ਲੇਖ ਦੁਆਰਾ ਇਥੇ ਹੀ ਸੰਕੋਚਣ ਦਾ ਯਤਨ ਹੈ, ਭਾਵੇਂ ਕਿ ਇਸ ਟੀਕੇ ਦਾ ਲੇਖਕ ਸੰਪ੍ਰਦਾਈ ਪ੍ਰਭਾਵ ਤੋਂ ਮੁਕਤ ਨਹੀਂ ਮੰਨਿਆ ਜਾਂਦਾ :

ਸਾਰਥਕ ਵੀਚਾਰ

ਜਿਨ੍ਹਾਂ ਇਤਿਹਾਸਕਾਰਾਂ ਨੇ ਇਹ ਕਹਾਣੀ ਘੜੀ ਹੈ ਕਿ ਸਲੋਕ ਨੰਬਰ ॥53॥ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਇਕ ਪਤਰ ਦੇ ਰੂਪ ਵਿੱਚ ਆਪਣੇ ਸਪੁਤਰ ਸ੍ਰੀ ਗੋਬਿੰਦ ਰਾਇ ਜੀ ਨੂੰ ਪਰਖਣ ਹਿਤ ਲਿਖ ਕੇ ਭੇਜਿਆ ਸੀ, ਜੋ ਪ੍ਰਸ਼ਨ ਰੂਪ ਸੀ । ਉਹ ਕੇਵਲ ਆਪਣੇ ਪੁੱਤਰ ਦਾ ਦਿਲ ਵੇਖਣਾ ਚਾਹੁੰਦੇ ਸਨ । ਜਿਹੜੇ ਲੋਕ ਅਗਲੇ ਦੋਹਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਉੱਤਰ ਮੰਨਦੇ ਹਨ, ਉਹ ਗੁਰਮਤਿ ਵੀਚਾਰਧਾਰਾ ਤੋਂ ਜਾਣੂ ਨਹੀਂ ਹਨ । ਇਸ ਤੋਂ ਵੱਡੀ ਤੇ ਹੈਰਾਨੀਜਨਕ ਗੱਲ ਇਹ ਹੈ ਕਿ ਭੁੱਲੜ ਲਿਖਾਰੀਆਂ ਨੇ ਕਲਪਤ ਸਾਖੀਆਂ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰਨ ਸਮੇਂ ਹੱਥ-ਲਿਖਤ ਸਰੂਪਾਂ ਵਿੱਚ ਇਸ ਦੋਹਰੇ ਨਾਲ ‘ਮਹਲਾ 10’ ਵੀ ਅੰਕਤ ਕਰ ਦਿੱਤਾ ਹੈ । ਅਜਿਹੇ ਲਿਖਾਰੀਆਂ, ਮੱਖੀ ਤੇ ਮੱਖੀ ਮਾਰਨ ਵਾਲੇ ਇਤਿਹਾਸਕਾਰਾਂ ਜਾਂ ਟੀਕਾਕਾਰਾਂ ਨੇ ਇਹ ਨਹੀਂ ਸੋਚਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸੇ ਵਿਧਾਨ ਅਧੀਨ ਹੋਈ ਸੀ, ਐਵੇਂ ਅਟਕਲਪਚੂ ਗਲਾਂ ਨਾਲ ਨਹੀਂ ਸੀ ਹੋਈ । ਸ਼ਬਦ ਸਲੋਕਾਂ ਦੇ ਸਿਰਲੇਖ ਵਜੋਂ ‘ਮਹਲਾ’ ਜਾਂ ਅੰਕਾਵਲੀ ਤੋਂ ਕਰਤੇ ਦੀ ਝਟ ਪਛਾਣ ਹੋ ਜਾਂਦੀ ਹੈ । ਜੇ ਇਹ ਦੋਹਰਾ ‘ਮਹਲਾ 10’ ਦਾ ਉਚਾਰਿਆ ਹੁੰਦਾ ਤਾਂ ਇਥੇ ਅੰਕ ‘॥54॥’ ਦੀ ਥਾਂ ’ਤੇ ‘॥1॥’ ਵਖਰਾ ਅੰਕ ਲੱਗਾ ਹੋਣਾ ਸੀ ।

ਐਨੇ ਮਹਾਨ ਭਜਨੀਕ, ਸ਼ਕਤੀਸ਼ਾਲੀ ਜੋ ਸੰਸਾਰ ਦੇ ਬੰਧਨ ਕਟਣ ਨੂੰ ਸਮਰਥ ਹਨ, ਕੀ ਉਨ੍ਹਾਂ ਨੇ ਅਜਿਹੀ ਚਿੱਠੀ ਗੋਬਿੰਦ ਰਾਇ ਨੂੰ ਹੀ ਲਿਖਣੀ ਸੀ ? ਇਹ ਸਲੋਕ ਤਾਂ ਗੁਰੂ ਤੇਗਬਹਾਦਰ ਜੀ ਦੀ ਹਯਾਤੀ ਵਿੱਚ ਹੀ ਦਰਜ ਹੋ ਗਏ ਸਨ, ਜਿਨ੍ਹਾਂ ਦੀ ਹਥ ਲਿਖਤੀ ਸਰੂਪਾਂ ਤੋਂ ਅੱਜ ਵੀ ਪੁਸ਼ਟੀ ਕੀਤੀ ਜਾ ਸਕਦੀ ਹੈ ।… ਆਪ ‘ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨਿ’ ਵਾਲੇ ਲਕਸ਼ ’ਤੇ ਸਦਾ ਕਾਇਮ ਰਹੇ ।…ਜਿਥੋਂ ਤਕ (ਸੰਗ ਸਖਾ ਸਭ ਤਜਿ ਗਏ.. ॥55॥ ਸਲੋਕ ਮੁਤਾਬਿਕ) ਸੰਗੀ ਸਾਥੀਆਂ ਦਾ ਸੰਗ ਛੱਡਣ ਦੀ ਗੱਲ ਹੈ, ਉਹ ਵੀ ਝੂਠੀ ਹੈ । ਭਾਈ ਮਤੀ ਦਾਸ ਜੀ ਦਾ ਆਰੇ ਨਾਲ ਚੀਰਿਆ ਜਾਣਾ, ਭਾਈ ਦਿਆਲਾ ਜੀ ਦਾ ਦੇਗ ਵਿੱਚ ਉਬਾਲਿਆ ਜਾਣਾ, ਇਹਨਾਂ ਦਾ ਗੁਰੂ ਜੀ ਦੇ ਸੰਗ ਰਹਿਣ ਵਾਲਾ ਪਰਤੱਖ ਪ੍ਰਮਾਣ ਹੈ ।…ਸੋ ਸਾਖੀਕਾਰਾਂ ਵਲੋਂ ਅਜਿਹੀਆਂ ਹੈਰਾਨੀ ਤੇ ਮਨਮਾਨੀ ਵਾਲੀਆਂ ਕਹਾਣੀਆਂ ਗੁਰਮਤਿ ਨਾਲ ਮੇਲ ਨਹੀਂ ਖਾਂਦੀਆਂ । ਸਾਨੂੰ ਆਪਣੇ ਪਿਉ ਦਾਦੇ ਦਾ ਖਜ਼ਾਨਾ ਸਾਂਭ ਕੇ ਰੱਖਣਾ ਚਾਹੀਦਾ ਹੈ ਅਤੇ ਮਿਲਾਵਟ ਕਰਨ ਵਾਲਿਆਂ ਨੂੰ ਦੋਸ਼ੀ ਗਰਦਾਨਣਾ ਚਾਹੀਦਾ ਹੈ । {ਪੋਥੀ ਚਉਦਵੀਂ-ਪੰ.576, ਐਡੀਸ਼ਨ ਮਈ 2010}

ਗੁਰੂ ਗ੍ਰੰਥ ਤੇ ਪੰਥ ਦਾ ਦਾਸ
ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ 5 ਮਈ 2021


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top