Khalsa News homepage

 

 Share on Facebook

Main News Page

ਦਰਬਾਰ ਸਾਹਿਬ ਤੇ ਅਕਾਲ ਤਖ਼ਤ 'ਤੇ ਭਾਰਤੀ ਫੌਜ ਦਾ ਹਮਲਾ
-: ਗਿਆਨੀ ਕੁਲਦੀਪ ਸਿੰਘ ਵਰਜੀਨੀਆ
02.06.2021
#KhalsaNews #KuldeepSingh #Virginia #BlueStar #DarbarSahib #AkalTakht #ProfDarshanSingh

ਜੂਨ 1984 ਸਿੱਖ ਜਗਤ ਨੂੰ ਕਦੇ ਨਹੀਂ ਭੁੱਲ ਸਕਦਾ। ਬੀ.ਬੀ.ਸੀ ਲੰਡਨ ਰਾਹੀਂ ਪ੍ਰਸਾਰਤ ਦਰਬਾਰ 'ਤੇ ਹਮਲੇ ਦੀ ਖਬਰ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ । ਜਿਸ ਬੇਰਹਿਮੀ ਨਾਲ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਫੌਜੀ ਹਮਲਾ ਕਰਕੇ ਅਕਾਲ ਤਖੱਤ ਸਾਹਿਬ ਦੀ ਇਮਾਰਤ ਨੂੰ ਤੋਪਾਂ ਟੈਂਕਾਂ ਨਾਲ ਖੰਡਰਾਤ ਵਿੱਚ ਤਬਦੀਲ ਕੀਤਾ । ਹਜਾਰਾਂ ਦੀ ਗਿਣਤੀ ਵਿੱਚ ਬੇ-ਗੁਨਾਹਾਂ ਦਾ ਕਤਲੇਆਮ ਕੀਤਾ ਗਿਆ, ਜਿਸ ਕਾਰਨ ਸਰੋਵਰ ਦਾ ਪਾਣੀ ਲਹੂ ਨਾਲ ਲਾਲ ਹੋ ਗਿਆ । ਔਰਤਾਂ ਨਾਲ ਬਦਸਲੂਕੀ ਕਰਕੇ ਸਿੱਖ ਕੌਮ ਦੀ ਪੱਤ ਰੋਲੀ ਗਈ, ਬਚਿਆਂ ਬਜ਼ੁਰਗਾਂ ਨੂੰ ਬੜੇ ਕਰੂਰ ਤਰੀਕੇ ਨਾਲ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਗਿਆ । ਤਿੰਨ ਸੌ ਤੋਂ ਵੱਧ ਗੋਲੀਆਂ ਦੇ ਨਿਸ਼ਾਨ ਦਰਬਾਰ ਸਾਹਿਬ ਤੇ ਗਿਣਤੀ ਕੀਤੇ ਗਾਏ ਸਨ ।

ਦਰਬਾਰ ਸਾਹਿਬ ਦੀ ਉਪਰਲੀ ਮੰਜ਼ਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀ ਵੱਜੀ । ਸਿੱਖ ਰੈਫ਼ਰੈਂਸ ਲਇਬਰੇਰੀ ਦਾ ਅਨਮੋਲ ਖ਼ਜਾਨਾ ਸਾੜਿਆ ਤੇ ਲੁੱਟਿਆ ਗਿਆ । ਦਰਬਾਰ ਸਾਹਿਬ ਸਮੂਹ ਦੀਆਂ ਸਾਰੀਆਂ ਇਮਾਰਤਾਂ ਗੁਰੂ ਰਾਮ ਦਾਸ ਲੰਗਰ, ਗੁਰੂ ਰਾਮ ਦਾਸ ਸਰਾਂ, ਗੁਰੂ ਨਾਨਕ ਨਿਵਾਸ ਸਰਾਂ, ਅਕਾਲ ਰੈਸਟ ਹਾਊਸ, ਤੇਜਾ ਸਿੰਘ ਸਮੁੰਦਰੀ ਹਾਲ, ਦਰਬਾਰ ਸਾਹਿਬ ਪ੍ਰਕਰਮਾ ਦੇ ਕਮਰੇ ਅਤੇ ਹੋਰ ਸਭ ਆਲਾ ਦੁਆਲਾ ਬਹੁਤ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ । ਦਰਸ਼ਨੀ ਡਿਉਡੀ ਉਪੱਰ ਬਣੇ ਤੋਸ਼ੇ ਖਾਨੇ ਦੀਆਂ ਕਈ ਅਮੁੱਲੀਆਂ ਵਸਤਾਂ ਸੜ ਕੇ ਸਵ੍ਹਾ ਹੋ ਗਈਆਂ । ਸੈਂਕੜਿਆ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਯਾਤਰੂ ਬੰਦੀ ਬਣਾ ਕੇ ਲਿਜਾਏ ਗਏ । ਰਿਹਾਇਸ਼ੀ ਮਕਾਨਾ ਅੰਦਰ ਸਮਾਨ ਦੀ ਭੰਨ ਤੋੜ ਅਤੇ ਲੁੱਟ, ਖੁੱਲ੍ਹੇ ਦਿਲ ਨਾਲ ਕੀਤੀ ਗਈ । ਦਰਬਾਰ ਸਾਹਿਬ ਪਰਿਕਰਮਾ ਵਿੱਚ ਫੌਜੀ ਖੁਲ੍ਹੇ ਆਮ ਸਿਗਰਟਾਂ ਬੀੜੀਆਂ ਪੀਦੇਂ ਰਹੇ । ਦਰਬਾਰ ਸਾਹਿਬ ਸਮੂਹ ਦੀ ਰਾਖੀ ਕਰਦੇ ਸੰਤ ਜਰਨੈਲ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜੁਝਾਰੂ ਸਾਥੀਆਂ ਸਮੇਤ ਸ਼ਹੀਦ ਕੀਤੇ ਗਏ । ਇਸ ਕਾਲੇ ਕਰਨਾਮੇ ਤੇ ਕਈ ਦਰਜਨ ਪੁਸਤਕਾਂ ਲਿਖੀਆਂ ਜਾ ਚੁਕੀਆਂ ਹਨ । ਹੋਏ ਨੁਕਸਾਨ ਨੂੰ ਕੋਈ ਵੀ ਗਿਣਤੀ ਬਿਆਨ ਨਹੀਂ ਕਰ ਸਕਦੀ।

ਅਣਖ

ਸਭ ਤੋਂ ਵੱਡਾ ਨੁਕਾਸਾਨ ਸੀ, ਸਿੱਖ ਕੌਮ ਦੀ ਅਣਖ ਨੂੰ ਸੱਟ ਮਾਰਨਾ ਅਤੇ ਨਿਰਾਸ਼ਾ ਦੀ ਡੂੰਘੀ ਖਾਈ ਵਿੱਚ ਧਕੇਲਨਾ । ਇਹ ਸਭ ਕੁੱਝ ਸੰਸਾਰ ਭਰ ਦੇ ਸਿੱਖਾਂ ਲਈ ਅਸਹਿ ਸੀ । ਪੂਰੀ ਦੁਨੀਆਂ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ । ਖ਼ਬਰ ਸੁਣਦੇ ਸਾਰ ਸਾਰੇ ਹਾਂਗ ਕਾਂਗ ਦੇ ਸਿੱਖ ਗੁਰਦੁਵਾਰਾ ਸਾਹਿਬ ਇੱਕਠੇ ਹੋ ਗਏ । ਹਜ਼ਾਰਾਂ ਦੀ ਗਿਣਤੀ ਦਾ ਕਾਫ਼ਲਾ ਰੋਹ ਭਰੇ ਮਨ ਨਾਲ ਰੋਸ ਪ੍ਰਗਟਾਂਉਦਾ ਭਾਰਤ ਦੀ ਅੰਬੈਸੀ ਵੱਲ ਤੁਰ ਪਿਆ ਮੈਂ ਵੀ ਮੋਹਰੀਆਂ ਵਿੱਚ ਸਭ ਤੋਂ ਅਗੇ ਸ਼ਾਮਲ ਸਾਂ । ਦੂਜੇ ਦਿਨ ਹਾਂਗਕਾਂਗ ਮੰਦਿਰ ਦੇ ਪੰਡਿਤ ਜੀ ਕਿਸੇ ਬਹਾਨੇ ਹਮਦਰਦੀ ਪਰਗਟ ਕਰਨ ਲਈ ਮੇਰੇ ਕੋਲ ਗੁਰਦੁਵਾਰਾ ਸਾਹਿਬ ਆਏ । ਉਨ੍ਹਾਂ ਕੋਲ ਕੋਈ ਅਖੱਰ ਨਹੀਂ ਸਨ ਕਹਿਣ ਲਈ, ਕੁੱਝ ਸਮਾਂ ਚੁੱਪ ਬੈਠੇ ਰਹਿਣ ਤੋਂ ਬਾਦ ਬੋਲੇ ਗਿਆਨੀ ਜੀ ਯੇ ਕਿਆ ਹੋ ਗਿਆ। ਮੇਰੇ ਮੂਹੋਂ ਸੁਭਾਵਕ ਹੀ ਨਿਕਲ ਗਿਆ, ਆਪ ਕੋ ਛੇ ਮਹੀਨੇ ਕੇ ਬਾਦ ਪਤਾ ਚਲੇ ਗਾ ਯੇ ਕਿਆ ਹੂਆ ਹੈ ।

ਬਹੁਤ ਥੋੜਾ ਸਮਾਂ ਰੁਕ ਕੇ ਵਾਪਸ ਚਲੇ ਗਏ । ਸਿੱਖ ਕੌਮ ਦੀ ਅਣਖ ਨੇ ਅੰਗੜਾਈ ਲਈ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਦੇ ਰੂਪ ਵਿੱਚ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਮੁੜ, ਆਣ ਉਜਾਗਰ ਹੋਏ ਬਲਿਊ ਸਟਾਰ ਉਪਰੇਸ਼ਨ ਦੀ ਮੁੱਖ ਦੋਸ਼ੀ ਭਾਰਤ ਦੀ ਪ੍ਰਧਾਨ ਮੰਤ੍ਰੀ ਸ੍ਰੀ ਮਤੀ ਇੰਦਰਾ ਗਾਂਧੀ ਨੂੰ ਛੇਵੇਂ ਮਹੀਨੇ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤੇ । (ਇਸ ਦੋਸ਼ ਦੀ ਪੁਸ਼ਟੀ ਲਈ ਪਾਰਲੀਮੈਂਟ ਮੈਂਬਰ ਸੁਬਰਾਮਨੀਅਮ ਸੁਵਾਮੀ ਨਾਲ ਹੋਈ ਖਾਸ ਮੁਲਾਕਾਤ ਨਿਉਜ਼ 18 ਪੰਜਾਬ 15 ਜੂਨ 2018 ਯੂ. ਟਿਊਬ 'ਤੇ ਸੁਣੀ ਜਾ ਸਕਦੀ ਹੈ) ਇਸ ਅਣਖੀਲੇ ਕਰਨਾਮੇ ਦਾ ਮੁੱਲ ਤਾਂ ਬਹੁਤ ਤਾਰਨਾ ਪਿਆ, ਨਵੰਬਰ 1984, ਦੇਸ਼ ਵਿਆਪੀ ਸਿੱਖ ਕਤਲੇਆਮ ਦੇ ਰੂਪ ਵਿੱਚ, ਪਰ ਸਿੱਖ ਕੌਮ ਨੇ ਅਪਣੀ ਅਣਖੀਲੀ ਗ਼ੈਰਤ ਨੂੰ ਕਲੰਕਿਤ ਹੋਣੋ ਬਚਾ ਲਿਆ, ਤਾਂ ਜੋ ਕੋਈ ਸਾਡੇ ਇਤਿਹਾਸ ਨੂੰ ਝੂਠਾ ਆਖਣ ਦੀ (ਹਕਾਰਤ) ਜ਼ੁੱਰਤ ਨਾ ਕਰ ਸਕੇ ।

ਸਿਆਣੇ ਆਖਦੇ ਹਨ ਬੱਚੇ ਰੱਬ ਦਾ ਰੂਪ ਹੁੰਦੇ ਨੇ । ਹਾਂਗਕਾਂਗ ਗੁਰਦੁਵਾਰਾ ਸਾਹਿਬ ਵਿੱਚ ਬੱਚਿਆਂ ਦਾ ਨਰਸਰੀ ਸਕੂਲ ਚਲਦਾ ਸੀ । ਅੱਧੀ ਛੁਟੀ ਵੇਲੇ ਪੰਜਾਹ ਦੇ ਕਰੀਬ ਬੱਚੇ ਜਲਦੀ ਨਾਲ ਖਾ ਪੀ ਕੇ ਹੱਥਾਂ ਵਿੱਚ ਫੱਟੀਆਂ ਪਕੜ ਕੇ ਲਗਾਤਾਰ ਪੌਣਾ ਘੰਟਾ ਬਿਨਾ ਕਿਸੇ ਵੱਡੇ ਦੀ ਅਗਵਾਈ ਦੇ, ਆਪ ਮੁਹਾਰੇ ਗੁਰਦੁਵਾਰਾ ਸਾਹਿਬ ਦੇ ਵਿਹੜੇ ਵਿੱਚ ਚੱਕਰ ਕੱਟਦੇ ਉਚੀ ਉਚੀ ਬੋਲਦੇ, ਸੰਤ ਭਿੰਡਰਾਂਵਾਲੇ ਜਿੰਦਾਬਾਦ, ਇੰਦਰਾ ਗਾਂਧੀ ਮੁਰਦਾਬਾਦ । ਇਨ੍ਹਾਂ ਬਚਿਆਂ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਘਰਾਣਿਆਂ ਦੇ ਬੱਚੇ ਸ਼ਾਮਲ ਸਨ । ਇਹ ਸਿਲਸਿਲਾ ਜੂਨ 84 ਤੋਂ ਲੈ ਕੇ ਇੰਦਰਾ ਗਾਂਧੀ ਦੀ ਵਿਦਾਇਗੀ ਤੱਕ 30-31 ਅਕਤੂਬਰ 1984 ਤਾਈਂ ਨਿਰੰਤਰ ਚਲਦਾ ਰਿਹਾ । ਇੰਦਰਾ ਗਾਂਧੀ ਨੂੰ ਪਰਲੋਕ ਭੇਜਣ ਦੀ ਖਬਰ ਤੋਂ ਬਾਦ ਬਚਿੱਆਂ ਨੇ ਮੁੜ ਇਕ ਦਿਨ ਵੀ ਅਜਿਹਾ ਨਹੀਂ ਸੀ ਕੀਤਾ । ਇਸ ਦੇ ਚਸ਼ਮਦੀਦ ਗਵਾਹ ਸ੍ਰ: ਗੁਰਦੇਵ ਸਿੰਘ ਸੱਧੇਵਾਲੀਆ ਜੀ ਵੀ ਹਨ । ਮੈਂ ਬਹੁਤ ਵਾਰ ਸੋਚਦਾ ਸਾਂ ਉਹ ਕਿਹੜੀ ਪ੍ਰੇਰਨਾ ਸ਼ਕਤੀ ਸੀ ਜਿਸ ਨੇ ਬਚਿੱਆਂ ਨੂੰ ਇਹ ਕਰਨ ਲਈ ਪ੍ਰੇਰਤ ਕੀਤਾ ਸੀ, ਜਿਸ ਨੂੰ ਅਜ ਤਕ ਸਮਝਣ ਦਾ ਯਤਨ ਕਰ ਰਿਹਾ ਹਾਂ । ਇਸ ਕਿਰਿਆ ਨੂੰ ਵੇਖਣ ਸੁਣਨ ਵਾਲੇ ਸਭ ਹੈਰਾਨੀ ਪ੍ਰਗਟ ਕਰਦੇ ਹੁੰਦੇ ਸਨ ।

ਗੋਸਾਂਈ ਦਾ ਪਹਿਲਵਾਨੜਾ

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ ਆਸਾ ਮ: 5 ॥ ਪੰਨਾ 384 । ਨਿਰਾਸ਼ਾ ਦੀ ਕਾਲੀ ਬੋਲੀ ਪਸਰੀ ਹਨੇਰੀ ਰਾਤ ਵਿੱਚ, ਆਸ ਦਾ ਚਾਨਣ ਕਰਨ ਲਈ, ਕਾਲੀਆਂ ਘਟਾਵਾਂ ਵਿੱਚੋਂ ਲਿਸ਼ਕਦੀ ਬਿਜਲੀ ਦੀ ਤੇਜ ਚਮਕ ਵਾਂਙ, ਆਪਣਿਆਂ ਬੇਗਾਨਿਆਂ ਨਾਲ ਝੂਝਣ ਲਈ ਗੁਰੂ ਗਿਆਨ ਦਾ ਦੋ ਧਾਰਾ ਖੰਡਾ ਲੈ ਕੇ ਗੋਸਾਂਈ ਦਾ ਪਹਿਲਵਾਨੜਾ ਪ੍ਰੋ: ਦਰਸ਼ਨ ਸਿੰਘ ਖਾਲਸਾ, ਕੰਡ 'ਤੇ ਗੁਰ ਥਾਪੀ ਲੈ ਕੇ ਮੈਦਾਨ ਵਿੱਚ ਆਣ ਕੁਦਿੱਆ ਗੁਰ ਤੇ ਗਿਆਨ ਪਾਇਆ ਅਤਿ ਖੜਗੁ ਕਰਾਰਾ ॥ ਮਾਰੂ ਮ: 4 ਪੰਨਾ 1087 ਗੁਰਬਾਣੀ ਦੀ ਅਥਾਹ ਸ਼ਕਤੀ ਨੇ ਮੂਰਛਿਤ ਪਿਆਂ ਵਿੱਚ ਨਵੀਂ ਰੂਹ ਫੂਕ ਦਿੱਤੀ । ਸਾਰਾ ਸਿੱਖ ਜਗਤ ਨਿਰਾਸ਼ਾ ਨੂੰ ਪਛਾੜ, ਮੁੜ ਸਾਹਸ ਤੇ ਆਸ਼ਾ ਦੇ ਉਚੇ ਅਸਮਾਨੀ ਉਡਾਰੀਆਂ ਮਾਰਨ ਲਗ ਪਿਆ । ਇਹ ਪੈਂਡਾ ਕੋਈ ਸਿੱਧ ਪਧੱਰਾ ਆਸਾਨ ਨਹੀਂ ਸੀ ਬਲਕਿ ਖਡੇ ਧਾਰ ਗਲੀ ਅਤਿ ਭੀੜੀ ॥ ਮਾਰੂ ਮ: 1 ॥ ਪੰਨਾ 1027 ਵਿੱਚੋਂ ਲੰਘਣ ਸਮਾਨ ਸੀ । ਇਸ ਬਿਖੜੇ ਮਾਰਗ ਉਤੇ ਚਲਦਿਆਂ ਪ੍ਰੋ: ਦਰਸ਼ਨ ਸਿੰਘ ਜੀ ਖ਼ਾਲਸਾ ਅਡੋਲਤਾ ਨਾਲ ਸਾਬਤ ਕਦਮੀਂ ਅਨੇਕਾਂ ਮੁਸੀਬਤਾਂ ਦਾ ਮੁਕਾਬਲਾ ਕਰਦੇ ਹੋਏ ਵੱਡੇ ਵੱਡੇ ਮਹਾਂ ਰਥੀਆਂ ਨੂੰ ਨਿਰੁੱਤਰ ਕਰ, ਪਛਾੜਦੇ ਸਭ ਬਿਖੜੀਆਂ ਮੁਹਿੰਮਾਂ ਨੂੰ, ਗੁਰ ਮਿਲਿ ਉਚ ਦੁਮਾਲੜਾ, ਹੋ ਸਰ ਕਰਦੇ ਰਹੇ । ਇਸ ਦਾ ਸੰਖੇਪ ਵਿਵਰਨ ਬੋਲਹਿ ਸਾਚੁ ਜੀਵਨ ਦੀਆਂ ਆਪ ਬੀਤੀਆਂ, ਪੁਸਤਕ ਵਿੱਚ ਪੜਿਆ ਜਾ ਸਕਦਾ ਹੈ । ਇਹ ਅਤਿ ਪੀੜਾ ਵਾਲੀਆਂ, ਨਾਂ ਭੁਲਣ ਯੋਗ ਘਟਨਾਂਵਾਂ ਦਾ ਸਮਾ ਹਾਂਗ ਕਾਂਗ ਵਿੱਚ ਬੀਤਿਆ । ਇਸ ਦਰਦਨਾਕ ਕਾਰੇ ਦੀ, ਪੀੜਾ ਭਰੀ ਚੀਸ, ਸਿੱਖ ਮਾਨਸਿਕਤਾ ਨੂੰ ਸਦਾ ਝੰਜੋੜਦੀ ਰਹੇਗੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top