Share on Facebook

Main News Page

ਰੰਘਰੇਟਾ ਨਹੀਂ, ਸਿਰਫ ਗੁਰੂ ਕਾ ਬੇਟਾ
-: ਗਿਆਨੀ ਜਗਤਾਰ ਸਿੰਘ ਜਾਚਕ
11.10.2021
#KhalsaNews #JagtarSingh #Jachak #Ranghretta #BhaiJaita #JeevanSingh

ਸਾਖੀ : ਨੌਵੇਂ ਗੁਰੂ ਜੀ ਕਾ ਸੀਸ ਚੱਕ ਨਾਨਕੀ (ਸਰੀ ਅਨੰਦਪੁਰ) ਪਹੰਚੁ ਨੇ ਕੀ

ਧੁਰ ਕੀ ਬਾਣੀ ਦੇ ਸੰਗ੍ਰਹਿ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦੈਵੀ ਨਿਰਣਾ ਹੈ ਕਿ ਜਿਹੜੇ ਵਿਅਕਤੀ ਦੇ ਅੰਦਰ ਰਾਜ-ਸੱਤਾ ਅਤੇ ਸੰਸਾਰਕ ਮਾਲ-ਧਨ ਦਾ ਮੋਹ ਪ੍ਰਬਲ ਹੋਵੇ, ਉਹ ਨੰਗਾ ਨੱਚਣ ਲੱਗਦਾ ਹੈ । ਭਾਵ, ਉਹ ਰਾਜਸੀ ਪਦ-ਪਦਵੀਆਂ ਤੇ ਧਨ-ਪਦਾਰਥ ਦੀ ਪ੍ਰਾਪਤੀ ਲਈ ਬੇਸ਼ਰਮ ਹੋ ਕੇ ਯਤਨਸ਼ੀਲ ਹੋਇਆ ਰਹਿੰਦਾ ਹੈ । ਗੁਰਵਾਕ ਹੈ : ਰਾਜਿ ਰੰਗੁ, ਮਾਲਿ ਰੰਗੁ ॥ ਰੰਗਿ ਰਤਾ, ਨਚੈ ਨੰਗਿ ॥ {ਪੰ. 142} ਇੱਕ ਪ੍ਰਚਲਿਤ ਲਕੋਕਤੀ ਵੀ ਹੈ ਰਾਜ ਪਿਆਰੇ ਰਾਜਿਆਂ, ਵੀਰ ਦੁਪਰਿਆਰੇ । ਜਿਵੇਂ ਹੁਣ ਮਨੂੰਵਾਦੀ ਰਾਜਸੀ ਨੇਤਾਵਾਂ ਨੇ ਬ੍ਰਾਹਮਣਵਾਦ ਨੂੰ ਹਿੰਦੂਵਾਦ ਦਾ ਰੰਗ ਦੇ ਕੇ ਭਾਰਤੀ ਰਾਜ-ਸੱਤਾ ਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਸਾਰੇ ਦੇਸ਼ ਵਾਸੀਆਂ ਨੂੰ ਹਿੰਦੂ ਬਨਾਉਣ ਲਈ ਸੰਵਿਧਾਨ ਦੇ ਲੋਕਤੰਤਰੀ ਸਿਸਟਮ ਦੀ ਪਰਵਾਹ ਨਾ ਕਰਦਿਆਂ ਬੇਸ਼ਰਮੀ ਭਰਿਆ ਨਾਚ ਨੱਚ ਰਹੇ ਹਨ । ਘਟ ਗਿਣਤੀ ਕੌਮਾਂ ਨੂੰ ਕਈ ਪੱਖਾਂ ਤੋਂ ਬਦਨਾਮ ਕਰਕੇ ਦਬਾਇਆ ਜਾ ਰਿਹਾ ਹੈ, ਤਾਂ ਕਿ ਉਹ ਤੰਗ ਪੈ ਕੇ ਹਿੰਦੂ ਮਤ ਦੇ ਧਾਰਨੀ ਹੋ ਜਾਣ ।

ਤਿਵੇਂ ਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਮਹਾਰਾਜ ਦੇ ਵੇਲੇ ਦਿੱਲੀ ਤਖ਼ਤ ਦਾ ਮਾਲਕ ਬਾਦਸ਼ਾਹ ਔਰੰਗਜ਼ੇਬ ਸਮੁੱਚੇ ਹਿੰਦੁਸਤਾਨੀਆਂ ਨੂੰ ਮੁਸਲਮਾਨ ਬਨਾਉਣ ਲਈ ਯਤਨਸ਼ੀਲ ਹੋਇਆ ਸੀ । ਇਸ ਮਨਸੂਬੇ ਦੀ ਪੂਰਤੀ ਲਈ ਉਸ ਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੂੰ ਚੁਣਿਆ, ਤਾਂ ਕਿ ਉਨ੍ਹਾਂ ਨੂੰ ਇਸਲਾਮ ਦੇ ਘੇਰੇ ਵਿਚ ਲਿਆ ਕੇ ਬਾਕੀ ਦੇਸ਼ ਵਾਸੀਆਂ ਨੂੰ ਸਹਿਜੇ ਹੀ ਮੁਸਲਮਾਨ ਬਣਾਇਆ ਜਾ ਸਕੇ । ਉਸ ਨੇ ਲਾਲਚ ਵੀ ਦਿੱਤੇ ਅਤੇ ਜ਼ੁਲਮ ਵੀ ਢਾਏ । ਜਦੋਂ ਦੁਖੀ ਹੋਏ ਕਸ਼ਮੀਰੀ ਬ੍ਰਾਹਮਣਾਂ ਦੀ ਕਿਸੇ ਨੇ ਬਾਂਹ ਨਾ ਫੜੀ ਤਾਂ ਉਨ੍ਹਾਂ ਨੇ ਗੁਰੂ ਨਾਨਕ-ਜੋਤਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੀ ਸ਼ਰਣ ਵਿੱਚ ਪਹੁੰਚਣ ਦਾ ਫੈਸਲਾ ਕੀਤਾ । ਭੱਟ ਵਹੀ ਤਲਾਉਂਡਾ ਮੁਤਾਬਿਕ ਉਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਬਖ਼ਸ਼ਿਸ਼ ਦੇ ਪਾਤਰ ਬਣੇ ਕਸ਼ਮੀਰੀ ਪੰਡਿਤ ਬ੍ਰਹਮ ਦਾਸ ਦੇ ਪੜਪੋਤੇ ਅਤੇ ਸ੍ਰੀ ਗੁਰੂ ਤੇਗਬਾਹਦਰ ਸਾਹਿਬ ਜੀ ਦੇ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਇ ਜੀ ਦੇ ਅਧਿਆਪਕ ਰਹੇ ਮਟਨ (ਕਸ਼ਮੀਰ) ਨਿਵਾਸੀ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ । ਉਨ੍ਹਾਂ ਦੁਖਿਆਰਿਆਂ ਨੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅੱਗੇ ਫ਼ਰਿਆਦੀ ਹੁੰਦਿਆਂ ਹਕੂਮਤ ਦੀ ਧੱਕੇਸ਼ਾਹੀ ਨੂੰ ਗਿ. ਗਿਆਨ ਸਿੰਘ ਨੇ ਤ੍ਰਿਭੰਗੀ ਛੰਦ ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ (ਪੂਰਬਾਰਧ) ਵਿਖੇ ਇਉਂ ਬਿਆਨ ਕੀਤਾ ਹੈ :

ਕਿਛ ਲੋਭ ਦਿਖਾਏ, ਜ਼ੁਲਮ ਸੰਗਾਏ, ਤੁਰਕ ਬਨਾਏ, ਬਹੁ ਹਿੰਦੂ ।
ਬਹੁ ਤੱਗ ਲਹਾਵਤ, ਤਿਲਕ ਚਟਾਵਤ, ਅਤਿ ਸੰਤਾਵਤ, ਤੁਰਕਿੰਦੂ ।
ਮਧ ਹਿੰਦੁਸਤਾਨੇ, ਕਹਰ ਮਹਾਨੈ, ਪਰਿਓ ਹਿੰਦਾਨੈ ਪਰ ਆਹੈ ।
ਦੁਖ ਦੈਂਹੈਂ ਅਨਗਨ, ਜ਼ੁਲਮ ਅਤੁਲਮਨ, ਤੱਗ ਸਵਾ ਮਣ, ਨਿਤ ਲਾਹੈਂ ।
57।

ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ, ਇਹੁ ਬਿਰਦੁ ਸੁਆਮੀ ਸੰਦਾ ॥ {ਗੁ.ਗ੍ਰੰ.-ਪੰ.544} ਗੁਰਵਾਕ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਰੱਬੀ ਬਿਰਦ ਦੀ ਪਾਲਣਾ ਕਰਦਿਆਂ ਦੁਖੀ ਪੰਡਤਾਂ ਦੀ ਬਾਂਹ ਫੜੀ । ਮੁਕਦੀ ਗੱਲ, ਹਜ਼ੂਰ ਨੇ ਮਾਨਵੀ-ਹੱਕਾਂ ਲਈ ਸਘੰਰਸ਼ ਕਰਦਿਆਂ ਹਕੂਮਤੀ ਜਬਰ ਦੇ ਵਿਰੋਧ ਵਿੱਚ ਧਾਰਮਕ ਅਜ਼ਾਦੀ ਲਈ ਦਿੱਲੀ ਦੇ ਚਾਂਦਨੀ ਚੌਕ ਵਿਖੇ 11 ਮੱਘਰ, ਸੰਮਤ 1732 (ਮੱਘਰ ਸੁਦੀ ਪੰਚਮੀ) ਮੁਤਾਬਿਕ 24 ਨਵੰਬਰ ਸੰਨ 1675 ਨੂੰ ਸ਼ਹਾਦਤ ਪ੍ਰਾਪਤ ਕੀਤੀ । ਉਨ੍ਹਾਂ ਦੀਆਂ ਅੱਖਾਂ ਸਾਹਵੇਂ ਹੀ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀਦਾਸ ਨੂੰ ਰੂੰਈਂ ਵਿੱਚ ਲਪੇਟ ਜਿਊਂਦਿਆਂ ਸਾੜਕੇ ਅਤੇ ਭਾਈ ਦਇਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ । ਇਨ੍ਹਾਂ ਦੇ ਸਾਥੀ ਭਾਈ ਗੁਰਦਿੱਤਾ ਜੀ ਤੇ ਭਾਈ ਉਦੈ ਜੀ, ਗ੍ਰਿਫ਼ਤਾਰੀ ਤੋਂ ਬਚ ਕੇ ਸਾਰੀ ਖ਼ਬਰ-ਸਾਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਅਤੇ ਸ਼ਹੀਦ ਸਤਿਗੁਰੂ ਜੀ ਦੇ ਪਾਵਨ ਸਰੀਰ ਨੂੰ ਸੰਭਾਲਣ ਦੀ ਦ੍ਰਿਸ਼ਟੀ ਤੋਂ ਮੁਸਲਮਾਨੀ ਭੇਸ ਵਿੱਚ ਚਾਂਦਨੀ ਚੌਕ ਦੇ ਨੇੜੇ-ਤੇੜੇ ਘੁੰਮਦੇ ਰਹੇ । ਉਨ੍ਹਾਂ ਹੀ ਦਿੱਲੀ ਦੀ ਦਿਲਵਾਲੀ ਗਲੀ ਦੇ ਬਸ਼ਿੰਦੇ ਗੁਰਸਿੱਖ ਭਾਈ ਜੈਤਾ, ਭਾਈ ਨਾਨੂ (ਨਨੂਆਂ) ਤੋਂ ਇਲਾਵਾ ਜਮਨਾ ਪਾਰ ਭਾਈ ਆਡਾ ਤੇ ਭਾਈ ਲਖੀਸ਼ਾਹ ਵਣਜਾਰੇ ਆਦਿਕ ਨਾਲ ਮਿਲ ਕੇ ਸਤਿਗੁਰੂ ਜੀ ਪਾਵਨ ਸੀਸ ਨੂੰ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਲਿਜਾਵਣ ਅਤੇ ਧੜ ਨੂੰ ਦੁਸ਼ਟ ਹਾਕਮਾਂ ਦੀ ਬੇਅਦਬੀ ਤੋਂ ਬਚਾ ਕੇ ਦਿੱਲੀ ਵਿੱਚ ਸਸਕਾਰਨ ਦੀ ਸਾਰੀ ਸਕੀਮ ਬਣਾਈ ।

ਇਤਿਹਾਸ ਦੀ ਰੌਸ਼ਨੀ ਵਿੱਚ ਮੰਨਿਆ ਜਾਂਦਾ ਹੈ ਕਿ ਦਿੱਲੀ ਤੋਂ ਕੀਰਤਪੁਰ ਸਾਹਿਬ ਤਕ ਦੇ ਰਸਤੇ ਵਿੱਚ ਭਾਈ ਜੈਤਾ ਜੀ ਨੇ ਗੁਰਦੇਵ ਜੀ ਦਾ ਨੂਰੀ ਸੀਸ ਆਪਣੇ ਸਿਰ ਤੇ ਚੁੱਕਿਆ ਅਤੇ ਬਾਕੀ ਸਾਥੀ ਸ਼ਸ਼ਤਰਧਾਰੀ ਹੋ ਕੇ ਹਕਮੂਤੀ ਖ਼ਬਰਸਾਰ ਤੇ ਸੁਰੱਖਿਆ ਪੱਖੋਂ ਉਸ ਦੇ ਅੱਗੇ ਪਿਛੇ ਚੱਲਦੇ ਰਹੇ । ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ ਦਿੱਲੀ ਦੀ ਸਰਹੱਦ ਕੁੰਡਲੀ ਤੋਂ ਲਗਭਗ ਕਿਲੋਮੀਟਰ ਦੀ ਦੂਰੀ ਉਤੇ ਹਾਈਵੇਅ ਦੇ ਨੇੜੇ ਪਿੰਡ ਬਡ-ਖ਼ਾਲਸਾ ਵਿੱਚ ਸਥਾਪਤ ਭਾਈ ਕੁਸ਼ਾਲ ਸਿੰਹ ਦਹੀਆ ਦਾ ਯਾਦਗਰੀ ਸਮਾਰਕ, ਕਿਉਂਕਿ ਉਸ ਨੇ ਗੁਰੂ ਪਿਆਰ ਵਿੱਚ ਆਪਣੇ ਸ਼ਹੀਦ ਗੁਰੂ ਦੇ ਪਾਵਨ ਸੀਸ ਨੂੰ ਮੁਗਲ ਫੌਜ਼ ਦੇ ਘੇਰੇ ਵਿੱਚੋਂ ਸੁਰਖਿਅਤ ਕਢਣ ਲਈ ਆਪਣਾ ਸਿਰ ਆਪਣੇ ਹੀ ਪੁਤਰ ਪਾਸੋਂ ਕਟਵਾ ਲਿਆ ਸੀ । ਉਸ ਵੇਲੇ ਇਸ ਪਿੰਡ ਦਾ ਨਾਂ ਗਢੀ ਸੀ, ਜਿਸ ਨੂੰ ਮੁਗਲ ਸੈਨਾ ਨੇ ਉਦੋਂ ਉਜਾੜ ਦਿੱਤਾ, ਜਦੋਂ ਉਸ ਨੂੰ ਪਤਾ ਚੱਲਿਆ ਕਿ ਨਗਰ ਵਾਸੀਆਂ ਨੇ ਗੁਰੂ-ਸੀਸ ਪ੍ਰਤੀ ਹਕੂਮਤ ਨਾਲ ਧੋਖਾ ਕੀਤਾ ਹੈ । ਭਾਵ, ਗੁਰੂ ਸੀਸ ਦੀ ਥਾਂ ਕਿਸੇ ਹੋਰ ਵਿਅਕਤੀ ਦਾ ਸਿਰ ਸਉਂਪ ਦਿੱਤਾ ਹੈ । ਸਮਾਰਕ ਦੀ ਸੂਚਨਾ ਤਖ਼ਤੀ ਮੁਤਾਬਿਕ ਭਾਈ ਕੁਸ਼ਾਲ ਦਾ ਪ੍ਰਵਾਰ ਮੂਲ-ਰੂਪ ਵਿੱਚ ਪਿੰਡ ਗਾਹਰੀ ਤੋਂ ਆਣ ਕੇ ਵੱਸਿਆ ਸੀ, ਜਿਥੇ ਦਹੀਆ ਗੋਤਰ ਦੇ ਲੋਕ ਹੁਣ ਵੀ ਵਸਦੇ ਹਨ ।

ਭੱਟ ਖ਼ਾਨਦਾਨ ਦੇ ਭਾਈ ਸਰੂਪ ਸਿੰਘ ਕੌਸ਼ਿਸ਼ ਨੇ ਆਪਣੇ ਬਜ਼ੁਰਗਾਂ ਦੀਆਂ ਭਟਾਖਰੀ ਵਿੱਚ ਲਿਖੀਆਂ ਵਹੀਆਂ ਤੇ ਅਧਾਰਿਤ ਸੰਨ 1790 ਵਿੱਚ ਗੁਰੂ ਕੀਆਂ ਸਾਖੀਆਂ ਨਾਂ ਦੀ ਇੱਕ ਪੁਸਤਕ ਲਿਖੀ, ਜਿਸ ਨੂੰ ਉਨ੍ਹਾਂ ਦੇ ਹੀ ਖ਼ਾਨਦਾਨ ਦੇ ਭੱਟ ਛੱਜੂ ਸਿੰਘ ਨੇ ਸੰਨ 1868 ਵਿੱਚ ਭੱਟਾਖਰੀ ਤੋਂ ਗੁਰਮੁਖੀ ਲਿਪੀ ਵਿੱਚ ਰੂਪਾਂਤਰ ਕੀਤਾ । ਪ੍ਰੋ. ਪਿਆਰਾ ਸਿੰਘ ਪਦਮ ਨੂੰ ਗਿ. ਗਰਜਾ ਸਿੰਘ (ਸੰਨ 1904-1977) ਤੋਂ ਉਪਰੋਕਤ ਪੁਸਤਕ ਦੀ ਕੋਈ ਨਕਲ ਪ੍ਰਾਪਤ ਹੋਈ, ਜਿਸ ਨੂੰ ਸੋਧ ਸਵਾਰ ਕੇ ਉਨ੍ਹਾਂ ਨੇ ਸੰਨ 1986 ਵਿੱਚ ਪੁਸਤਕ ਪ੍ਰਕਾਸ਼ਿਤ ਕਰਵਇਆ । ਸਾਖੀ ਗੁਰੂ ਜੀ ਕਾ ਸੀਸ ਚੱਕ ਨਾਨਕੀ ਪਹੁੰਚਨੇ ਕੀ ਚਾਲੀ ਨਾਲ ਅਧਾਰ ਰੂਪ ਫੁਟ-ਨੋਟ ਵਜੋਂ ਭੱਟ ਵਹੀ ਮੁਲਾਤਨੀ ਸਿੰਧੀ, ਖਾਤਾ ਉਦਾਨਿਓਂ ਕਾ ਦਾ ਜੋ ਹਵਾਲਾ ਹੈ, ਉਸ ਮੁਤਾਬਿਕ ਸਤਿਗੁਰੂ ਜੀ ਦਾ ਲਹੂ-ਲੁਹਾਨ ਨੂਰੀ ਸੀਸ ਚੁੱਕ ਕੇ ਲਿਆਉਣ ਵਾਲੇ ਸਿੱਖਾਂ ਦੇ ਨਾਂ ਹਨ- ਭਾਈ ਜੈਤਾ, ਭਾਈ ਨਾਨੂ, ਭਾਈ ਉਦੈ ਜੀ । ਤਿੱਥੀ ਸਮੇਤ ਅਸਲ ਵੇਰਵਾ ਇਸ ਪ੍ਰਕਾਰ ਹੈ :

ਜੈਤਾ ਬੇਟਾ ਆਗਿਆ ਕਾ, ਨਾਨੂ ਬੇਟਾ ਬਾਘੇ ਕਾ, ਉਦਾ ਬੇਟਾ ਖੇਮੇ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾ ਕਹਿਲੂਰ ਆਏ । ਸਾਲ ਸਤਰਾ ਸੈ ਬਤੀਸ ਮੰਗਸਰ (ਮੱਘਰ) ਸੁਦੀ ਦਸਮੀ ਕੇ ਦਿਹੁੰ । ਗਿਆਰਸ ਕੋ ਦਾਗ ਦੀਆ, ਮਾਖੋਵਾਲ ਮੇਂ, ਆਗੇ ਗੁਰੂ ਕੀ ਗਤਿ ਗੁਰੂ ਜਾਨੇ । ਗੁਰੂ ਆਪ ਭਾਣੇ ਕਾ ਖਾਬਿੰਦ ਹੈ ।

ਗੁਰੂ ਕਾਲ ਦੀਆਂ ਭੱਟ ਵਹੀਆਂ ਪਿੱਛੋਂ ਦੂਜਾ ਇਤਿਹਾਸਕ ਸਰੋਤ ਹੈ ਭਾਈ ਕੇਸਰ ਸਿੰਘ ਛਿੱਬਰ ਦਾ ਰਚਿਤ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਜਿਹੜਾ ਸਤਿਗੁਰਾਂ ਦੀ ਸ਼ਹੀਦੀ ਤੋਂ 94 ਸਾਲ ਪਿਛੋਂ ਸੰਨ 1769 (ਸੰਮਤ 1826) ਵਿੱਚ ਸੰਪੂਰਨ ਹੋਇਆ । ਇਸ ਪੋਥੀ ਦੇ ਸੰਪਾਦਕ ਪ੍ਰੋ. ਪਦਮ ਜੀ ਮੁਤਾਬਿਕ ਲੇਖਕ ਦੇ ਪਰਿਵਾਰ ਦਾ ਪਿਛੋਕੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੂਰਬੀਰ ਸਿੱਖ ਭਾਈ ਪਿਰਾਗਾ ਨਾਲ ਸਬੰਧਤ ਹੈ । ਮੰਨਿਆ ਜਾਂਦਾ ਹੈ ਕਿ ਭਾਈ ਪਿਰਾਗਾ ਜੀ ਦੇ ਸੂਰਬੀਰ ਪਿਤਾ ਬਾਬਾ ਗੌਤਮ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਖ਼ਸ਼ਿਸ਼ ਦੇ ਪਾਤਰ ਬਣੇ ਸਨ । ਸ਼ਹੀਦ ਭਾਈ ਮਤੀ ਦਾਸ ਤੇ ਸਤੀ ਦਾਸ ਦੋਵੇਂ ਭਰਾ ਵੀ ਇਸੇ ਹੀ ਬੰਸ ਦੇ ਸਨ । ਨਾਵੇਂ ਪਾਤਸ਼ਾਹ ਦੇ ਦੀਵਾਨ ਦਰਗਾਹ ਮੱਲ ਦੇ ਬੇਟਾ ਭਾਈ ਧਰਮ ਚੰਦ ਦਸਮ ਪਾਤਸ਼ਾਹ ਦਾ ਦਰਬਾਰੀ ਦੀਵਾਨ ਸੀ । ਉਸ ਦਾ ਬੇਟਾ ਭਾਈ ਗੁਰਬਖ਼ਸ਼ ਸਿੰਘ, ਮਾਤਾ ਸੁੰਦਰੀ ਜੀ ਦੀ ਆਗਿਆ ਨਾਲ ਭਾਈ ਮਨੀ ਸਿੰਘ ਦਾ ਦਰੋਗਾ ਬਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਬੰਧ ਚਲਾਉਂਦਾ ਰਿਹਾ । ਇਸੇ ਭਾਈ ਗੁਰਬਖ਼ਸ ਸਿੰਘ ਦਾ ਬੇਟਾ ਸੀ ਭਾਈ ਕੇਸਰ ਸਿੰਘ ਛਿੱਬਰ, ਜਿਸ ਨੂੰ ਉਹਦੀ ਲਿਖਤ ਮੁਤਾਬਿਕ ਦਿੱਲੀ ਤੇ ਸ੍ਰੀ ਅੰਮ੍ਰਿਤਸਰ ਵਿਖੇ ਪੂਜ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਭਾਈ ਮਨੀ ਸਿੰਘ, ਦਸਵੇਂ ਪਾਤਸ਼ਾਹ ਦੇ ਮਾਮਾ ਕ੍ਰਿਪਾਲ ਸਿੰਘ, ਰਹਿਤਨਾਮੇ ਦੇ ਲੇਖਕ ਭਾਈ ਚੌਪਾ ਸਿੰਘ, ਭਾਈ ਕੌਰ ਸਿੰਘ ਚੰਦ੍ਰਾ, ਬੇਬੇ ਗੁਲਾਬੋ ਤੇ ਭਾਈ ਮਜਲਸ ਰਾਇ ਵਰਗੇ ਹਜ਼ੂਰੀ ਸਿੱਖਾਂ ਦੇ ਦਰਸ਼ਨਾਂ ਦਾ ਸੁਭਾਗ ਵੀ ਹੁੰਦਾ ਰਿਹਾ । ਐਸੇ ਲਿਖਾਰੀ ਦੀ ਲਿਖਤ ਬੰਸਾਵਲੀਨਾਮਾ ਵਿੱਚ ਭਾਈ ਜੈਤਾ ਜੀ ਨਾਲ ਜੁੜੀ ਰੰਘਰੇਟਾ, ਗੁਰੂ ਕਾ ਬੇਟਾ ਵਾਲੀ ਬਖ਼ਸ਼ਿਸ਼ ਭਰਪੂਰ ਪ੍ਰਚਲਿਤ ਘਟਨਾ ਦਾ ਕੋਈ ਵੇਰਵਾ ਨਹੀਂ । ਇਤਨਾ ਕੁ ਜ਼ਿਕਰ ਮਿਲਦਾ ਹੈ ਕਿ ਭਾਈ ਨਾਨੋ ਨੇ ਹਿੰਮਤ ਕਰਕੇ ਚਾਂਦਨੀ ਚੌਕ ਵਿੱਚੋਂ ਸੀਸ ਉਠਾਇਆ ਤੇ ਕਿਸੇ ਰੰਘਰੇਟੇ ਸੱਜਣ ਨਾਲ ਸਲਾਹ ਕੀਤੀ । ਰੰਗਰੇਟੇ ਨੇ ਆਖਿਆ ਕਿ ਮੈਂ ਸਤਿਗੁਰਾਂ ਦਾ ਸੀਸ ਦਉਣੀ (ਚੌੜੇ ਮੂੰਹ ਵਾਲਾ ਭਾਂਡਾ ਡੋਹਣੀ) ਵਿੱਚ ਪਾ ਕੇ ਤੇ ਖਾਰੇ (ਵਿਆਹ ਵਾਲਾ ਜ਼ਰੀਦਾਰ ਕਪੜਾ) ਵਿੱਚ ਬੰਨ੍ਹ ਕੇ ਸਿਰ ਤੇ ਚੁੱਕ ਲੈਂਦਾ ਹਾਂ (ਤਾਂ ਕਿ ਜਾਪੇ ਕੋਈ ਲਾਗੀ ਸ਼ਾਦੀ ਦੀ ਭਾਜੀ ਲੈ ਕੇ ਜਾ ਰਿਹਾ ਹੈ) । ਇਸ ਤਰ੍ਹਾਂ ਉਹ ਰੰਘਰੇਟਾ ਤੇ ਭਾਈ ਨਾਨੂ ਸੀਸ ਲੈ ਕੇ ਮਾਖੋਵਾਲ (ਸ੍ਰੀ ਅਨੰਦਪੁਰ) ਪਹੁੰਚੇ । ਭਾਈ ਨਾਨੋ (ਛੀਂਬੇ) ਨੇ ਸ਼ਹੀਦੀ ਦੀ ਸਾਰੀ ਘਟਨਾ ਦਾ ਵੇਰਵਾ ਦਸਵੇਂ ਪਾਤਸ਼ਾਹ ਨੂੰ ਸੁਣਾਇਆ । ਸੁਣ ਕੇ ਹਜ਼ੂਰ ਨੇ ਬਚਨ ਕੀਤਾ :

ਹੁਣ ਮੈਂ ਸਿੱਖਾਂ ਦੀ ਪਛਾਣ ਲਈ ਨੀਸ਼ਾਨੀ ਕਾਇਮ ਕਰਾਂਗਾ :
ਅਤੇ ਸੀਸ ਭਾਈ ਨਾਨੋ ਸਿੱਖ ਰੰਘਰੇਟੇ ਨੂੰ ਕਹਿਆ ।

ਕਿਵੇਂ ਮਾਖੋਵਾਲ ਪਹੁੰਚੇ ! ਰੰਘਰੇਟਾ ਸੁਣ ਕੇ ਹੈਰਾਨ ਹੋਇ ਰਹਿਆ ।

ਪੁਨਿ ਤਿਨ ਕਹਿਆ : ਮੈਂ ਦਉਣੀ ਵਿੱਚ ਲੈਸਾਂ ਪਾਇ ।
ਸੋ, ਖਾਰੇ ਵਿਚਿ ਪਾਇ ਸਿਰਿ ਲੈਸਾਂ ਉਠਾਇ ।145।

ਚਲ ਦੋਨੋ ਰਲੇ ਮਿਲੇ ਜਾਈਏ ਮਾਖੋਵਾਲ । ਉਨ੍ਹਾਂ ਦੋਹਾਂ ਟੁਰਨੇ ਦੀ ਰਲਿ ਕੀਤੀ ਚਾਲਿ ।146।
ਐਸੇ ਭਾਈ ਨਾਨੋ ਨੇ ਸਾਰੀ ਆਖ ਸੁਣਾਈ ।

ਬਚਨ ਕੀਤਾ : ਅੱਗੇ ਤਾਂ ਨਹੀਂ ਸੀ, ਪਰ ਹੁਣ ਛਡੁਗੁ ਨੀਸਾਨੀ ਲਾਈ ।160।{ਨੌਵਾਂ ਚਰਣ}

ਬੰਸਾਵਲੀ ਨਾਮੇ ਪਿੱਛੋਂ ਚੂੜਾਮਣਿ ਕਵੀ ਭਾਈ ਸੰਤੋਖ ਜੀ ਦਾ ਰਰਨਾ ਹੈ ਗੁਰਪ੍ਰਤਾਪ ਸੂਰਯ ਗ੍ਰੰਥ, ਜਿਸ ਵਿੱਚ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਕ ਦਾ ਵਿਸਥਾਰ ਪੂਰਵਕ ਛੰਦਬੱਧ ਇਤਿਹਾਸ ਹੈ । ਇਹ ਰੂਪਕ ਅਲੰਕਾਰ ਅਨੁਸਾਰ ਬਾਰਾਂ ਰਾਸਾਂ, ਛੀ ਰੁੱਤਾਂ ਅਤੇ ਦੋ ਐਨਾਂ ਵਿੱਚ ਹੈ । ਇਸ ਦੇ ਸਾਰੇ ਅੰਸ਼ੁ (ਕਿਰਣ-ਅ੍ਰਥਾਤ ਅਧਿਆਇ) 1152 ਹਨ । ਇਹ ਸੰਮਤ 1900 ਮੁਤਾਬਿਕ ਸੰਨ 1843 ਵਿੱਚ ਸੰਪੂਰਣ ਹੋਇਆ । ਇਸ ਵਿੱਚ ਵੀ ਦਸਮ ਗੁਰਦੇਵ ਜੀ ਵੱਲੋਂ ਭਾਈ ਜੈਤਾ ਜੀ ਨੂੰ ਰੰਘਰੇਟਾ ਗੁਰੂ ਕਾ ਬੇਟਾ ਵਰਗੇ ਕਿਸੇ ਵਰ ਰੂਪ ਬਚਨ ਦਾ ਕੋਈ ਜ਼ਿਕਰ ਨਹੀਂ । ਕੇਵਲ ਇਤਨਾ ਹੀ ਲਿਖਿਆ ਹੈ ਕਿ ਜਿਹੜਾ ਸਿਖ ਦਿੱਲੀ ਤੋਂ ਪਾਵਨ ਸੀਸ ਲਿਆਇਆ ਸੀ, ਉਸ ਨੂੰ ਆਪਣੇ ਪਾਸ ਬੈਠਾ ਕੇ ਪੁੱਛਿਆ, ਸਖਤ ਪਹਿਰੇ ਦੇ ਹੁੰਦਿਆਂ ਤੈਨੂੰ ਇਹ ਕਿਵੇਂ ਪ੍ਰਾਪਤ ਹੋਇਆ :

ਜੋ ਪੁਰਿ ਤੇ ਸਿੱਖ ਸੀਸ ਕੋ ਲ੍ਯਿਾਇਵ, ਬੂਝਹਿ ਤਾਹਿ ਸਮੀਪ ਬਿਠਾਇ ।
ਕ੍ਯੋਂ ਕਰਿ ਤੋਹਿ ਕੋ ਪ੍ਰਾਪਤਿ ਭਾ, ਕਿਨ ਹੂੰ ਨ ਪਿਖ੍ਯੋ ਨ ਕਹੂੰ ਅਟਕਾਏ ? ॥21॥

ਹਾਂ ! ਭਾਈ ਵੀਰ ਸਿੰਘ ਹੁਰਾਂ ਨੇ ਇਸ ਗ੍ਰੰਥ ਦੀ ਸੰਪਾਦਨਾ ਵੇਲੇ ਇਥੇ ਪੈਰ-ਟੂਕ ਵਜੋਂ ਇਕ ਵਿਸ਼ੇਸ਼ ਨੋਟ ਇਉਂ ਅੰਕਤਿ ਕੀਤਾ ਹੈ : (ਗਿ. ਗਿਆਨ ਸਿੰਘ ਰਚਿਤ) ਤਵਾਰੀਖ਼ ਖ਼ਾਲਸਾ ਵਿਚ ਲਿਖਿਆ ਹੈ ਕਿ ਇਸ ਦਾ ਨਾਮ ਜੈਤਾ ਸੀ, ਇਹ ਮਜ਼ਹਬੀ ਸਿੱਖ ਹੋਇਆ ਹੈ, ਅੰਮ੍ਰਿਤ ਛਕ ਕੇ ਇਸ ਦਾ ਨਾਂ ਭਾਈ ਜੀਊਣ ਸਿੰਘ ਹੋਇਆ । ਇਹ ਬੀ ਲਿਖਿਆ ਹੈ ਕਿ ਭਾਈ ਜੈਤੇ ਨੂੰ ਗੁਰੂ ਜੀ ਨੇ ਇਸ ਵੇਲੇ ਰੰਘਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਸੀ । ਭਾਈ ਜੀਵਣ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਜੰਗਾਂ ਜੁਧਾਂ ਵਿੱਚ ਸ਼ਾਮਲ ਰਹੇ ਤੇ ਗੁਰੂ ਜੀ ਦੀ ਮਿਹਰ ਦੇ ਪਾਤ੍ਰ ਰਹੇ ।

ਗੁਰੂ ਕੀਆਂ ਸਾਖੀਆਂ ਨਾਂ ਦੀ ਪੁਸਤਕ ਦੇ ਪੰਨਾ 86 ਤੇ ਭੱਟ-ਵਹੀਆਂ ਦੇ ਉਪਰੋਕਤ ਹਵਾਲੇ ਤੇ ਅਧਾਰਿਤ ਭਾਈ ਸਰੂਪ ਸਿੰਘ ਕੌਸ਼ਿਸ ਨੇ ਜੋ ਸਾਖੀ ਲਿਖੀ, ਉਸ ਵਿੱਚ ਵੀ ਭਾਈ ਜੈਤੇ ਨੂੰ ਰੰਘਰੇਟਾ ਗੁਰੂ ਕਾ ਬੇਟਾ ਵਰ ਪ੍ਰਾਪਤ ਹੋਣ ਦਾ ਜ਼ਿਕਰ ਮਿਲਦਾ ਹੈ । ਸਾਖੀ ਗੁਰੂ ਜੀ ਕਾ ਸੀਸ ਚੱਕ ਨਾਨਕੀ ਪਹੁੰਚਨੇ ਕੀ ਚਾਲੀ ਦੇ ਸਿਰਲੇਖ ਹੇਠ ਵਾਰਤਾ ਹੈ :

ਭਾਈ ਜੈਤਾ ਗੁਰੂ ਜੀ ਕਾ ਸੀਸ ਏਕ ਰੁਮਾਲ ਮੇਂ ਵਲ੍ਹੇਟ ਖਾਰੀ ਮੇਂ ਪਾਇ ਮਾਖੋਵਾਲ ਕੀ ਤਰਫ਼ ਚਲਦਾ ਬਣਾ । ਭਾਈ ਆਗਿਆ, ਨਾਨੂ ਤੇ ਊਦਾ ਰਾਠੌਰ, ਯਿਹ ਤੀਨੋ ਸਿੱਖ ਰਾਸਤੇ ਮੇਂ ਭਾਈ ਜੈਤੇ ਕੋ ਜਾਇ ਮਿਲੇ । ਇਹਨਾ ਚਮ੍ਹਾਂ ਸਿੱਖਾਂ ਰੈਨ ਦਿਵਸ ਏਕ ਕਰਕੇ ਰਾਸਤੇ ਕਾ ਪੰਧ ਮੁਕਾਇ ਚੱਕ ਨਾਨਕੀ ਮੇਂ ਗੁਰੂ ਜੀ ਕੇ ਦਰਬਾਰ ਮੇਂ ਨਾਂਵੇਂ ਸਤਿਗੁਰਾਂ ਕਾ ਸੀਸ ਜਾਇ ਟਿਕਾਇਆ । ਸ੍ਰੀ ਦਸਮੇਸ਼ ਜੀ ਨੇ ਇਨਾਂ ਚਮ੍ਹਾਂ ਸਿੱਖਾਂ ਕਾ ਬੜਾ ਸਤਿਕਾਰ ਕੀਆ । ਭਾਈ ਜੈਤੇ ਕੋ ਰੰਘਰੇਟਾ ਗੁਰੂ ਕਾ ਬੇਟਾ ਕਹਿ ਕੇ ਨਿਵਾਜਿਆ ।

ਸਪਸ਼ਟ ਹੈ ਕਿ ਇਤਿਹਾਸ ਦੇ ਉਪਰੋਕਤ ਹਵਾਲਿਆਂ ਵਿੱਚੋ ਅਠਾਰਵੀਂ ਸਦੀ ਦੇ ਅੰਤਲੇ ਦਹਾਕੇ ਦੀ ਰਚਨਾ ਗੁਰੂ ਕੀਆਂ ਸਾਖੀਆਂ ਨਾਂ ਦੀ ਪੁਸਤਕ ਅਤੇ 19ਵੀਂ ਸਦੀ ਦੇ ਆਰੰਭ ਵਿੱਚ ਲਿਖੀ ਤਵਾਰੀਖ਼ ਗੁਰੂ ਖ਼ਾਲਸਾ ਤੋਂ ਬਗੈਰ ਹੋਰ ਕਿਸੇ ਵੀ ਇਤਿਹਾਸ ਦੇ ਮਹੱਤਵ ਪੂਰਨ ਗ੍ਰੰਥ ਵਿੱਚ ਭਾਈ ਜੈਤਾ ਜੀ ਨਾਲ ਸਬੰਧਤ ਰੰਘਰੇਟਾ ਗੁਰੂ ਕਾ ਬੇਟਾ ਵਰਗੇ ਕਿਸੇ ਪ੍ਰੰਪਰਾਗਤ (ਸਰੋਤ ਅਧਾਰਿਤ ਚਲੀਆਉਂਦੀ ਪੁਰਾਣੀ ਪਰਿਪਾਟੀ ਮੁਤਾਬਿਕ ) ਗੁਰਵਾਕ ਦਾ ਲਿਖਤੀ ਅਧਾਰ ਨਹੀਂ ਹੈ। ਕੁਝ ਸਾਖੀਕਾਰ ਵਿਦਵਾਨ ਸੱਜਣਾਂ ਦਾ ਕਥਨ ਹੈ ਕਿ ਗੁਰਦੇਵ ਜੀ ਨੇ ਭਾਈ ਜੈਤੇ ਨੂੰ ਗਲਵਕੜੀ ਵਿੱਚ ਲਿਆ ਤੇ ਪਿਆਰ ਸਹਿਤ ਪੁੱਛਿਆ :

ਭਾਈ ! ਤੇਰਾ ਨਾਮ ਕੀ ਹੈ ? ਉਸ ਨੇ ਸਿਰ ਝੁਕਾ ਕੇ ਉੱਤਰ ਦਿੱਤਾ : ਜੀ ਹਜ਼ੂਰ ! ਜੈਤਾ ਰੰਘਰੇਟਾ ।

ਬਖ਼ਸ਼ਿਸ਼ਾਂ ਦੇ ਭੰਡਾਰ ਸਤਿਗੁਰੂ ਜੀ ਬੋਲੇ : ਰੰਘਰੇਟਾ ਨਹੀਂ ! ਗੁਰੂ ਕਾ ਬੇਟਾ, ਜਿਸ ਨੇ ਨਾਦੀਪੁਤਰ ਵਜੋਂ ਸ਼ਹੀਦ ਪਿਤਾ ਗੁਰਦੇਵ ਜੀ ਦਾ ਪਾਵਨ ਸੀਸ ਸੰਭਾਲ ਕੇ ਮੇਰੀ ਥਾਂ ਬਿੰਦੀ ਪੁੱਤਰ ਦਾ ਫ਼ਰਜ਼ ਨਿਭਾਇਆ ਹੈ। ਗੁਰਬਾਣੀ ਤੇ ਗੁਰਇਤਿਹਾਸ ਦੀ ਸਿਧਾਂਤਕ ਰੌਸ਼ਨੀ ਵਿੱਚ ਵਿਚਾਰਿਆਂ ਵੀ ਉਪਰੋਕਤ ਕਿਸਮ ਦੇ ਸੂਝਵਾਨ ਸੱਜਣਾਂ ਦੇ ਵਿਚਾਰਾਂ ਦੀ ਪ੍ਰੋੜਤਾ ਹੁੰਦੀ ਹੈ, ਕਿਉਂਕਿ ਜਾਣਹੁ ਜੋਤਿ ਨ ਪੂਛਹੁ ਜਾਤੀ॥ ਦਾ ਦੈਵੀ ਆਦੇਸ਼ ਅਤੇ ਫਕੜ ਜਾਤੀ, ਫਕੜੁ ਨਾਉ ॥ ਵਰਗਾ ਸਰਬ-ਸਾਂਝਾ ਉਪਦੇਸ਼ ਦੇਣ ਵਾਲੇ ਸਤਿਗੁਰਾਂ ਜੀ ਦੇ ਮੁਖੋਂ ਕਿਸੇ ਵੀ ਵਿਅਕਤੀ ਨੂੰ ਜਾਤੀ ਸੂਚਕ ਨਾਂ ਨਾਲ ਸੰਬੋਧਨ ਕਰ ਸਕਣਾ ਅਸੰਭਵ ਹੈ

ਇਸ ਹਕੀਕਤ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਣ ਹੈ ਕਿ ਭਾਈ ਜੈਤਾ ਜੀ, ਦਸਵੇਂ ਗੁਰਦੇਵ ਲਈ ਕੋਈ ਨਵਾਂ ਵਿਅਕਤੀ ਨਹੀਂ ਸੀ, ਕਿਉਂਕਿ ਉਸ ਦਾ ਸਤਿਕਾਰ ਯੋਗ ਪਿਤਾ ਭਾਈ ਭਾਈ ਆਗਿਆ, ਗ਼ਰੀਬ ਨਿਵਾਜ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁਝ ਚੋਣਵੇਂ ਸਿੱਖ ਸੇਵਕਾਂ ਵਿੱਚੋਂ ਇੱਕ ਸੀ । ਭਾਰਤੀ ਲੋਕ ਨੀਚ ਕਿਵੇਂ ਬਣੇ ਪੁਸਤਕ ਦੇ ਲੇਖਕ ਡਾ. ਗੁਰਨਾਮ ਸਿੰਘ ਮੁਕਤਸਰ ਨੇ ਤਾਂ ਇਹ ਵੀ ਲਿਖ ਮਾਰਿਆ ਹੈ ਕਿ ਜਦੋਂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾਏ ਤਾਂ ਉਨ੍ਹਾਂ ਨੇ ਬਾਲ ਸ੍ਰੀ ਗੋਬਿੰਦ ਰਾਇ ਦੀ ਬਾਂਹ ਭਾਈ ਗੁਰਦਿੱਤਾ ਤੇ ਭਾਈ ਜੈਤਾ ਜੀ ਨੂੰ ਹੀ ਪਕੜਾਈ ਸੀ । ਇਥੇ ਸੁਆਲ ਖੜਾ ਹੁੰਦਾ ਹੈ ਕਿ ਜੇ ਬਾਲ ਗੋਬਿੰਦ ਰਾਇ ਦੀ ਬਾਂਹ ਭਾਈ ਗੁਰਦਿੱਤਾ ਤੇ ਭਾਈ ਜੈਤਾ ਜੀ ਨੂੰ ਪਕੜਾਈ ਸੀ ਤਾਂ ਫਿਰ ਉਹ ਦਿੱਲੀ ਕਿਵੇਂ ਪਹੁੰਚ ਗਏ ? ਉਨ੍ਹਾਂ ਨੂੰ ਤਾਂ ਸ੍ਰੀ ਅਨੰਦਪੁਰ ਸਾਹਿਬ ਹੀ ਰਹਿਣਾ ਚਾਹੀਦਾ ਸੀ ।

ਦੂਜੀ ਵੱਡੀ ਗੱਲ ਹੈ ਕਿ ਬਿਪਰਵਾਦੀ ਦ੍ਰਿਸ਼ਟੀ ਤੋਂ ਉਹ ਪਰਵਾਰਿਕ ਪਿਛੋਕੜ ਵਜੋਂ ਰੰਘਰੇਟਾ ਨਹੀਂ ਸੀ, ਕਿਉਂਕਿ ਮਹਾਨਕੋਸ਼ ਮੁਤਾਬਿਕ ਰੰਘਰੇਟਾ ਜਾਤੀ ਨਾਮ ਰੰਘੜੇਟਾ ਪਦ ਦਾ ਵਿਗੜਿਆ ਹੋਇਆ ਰੂਪ ਹੈ, ਜਿਸ ਦਾ ਅਰਥ ਹੈ : ਰੰਘੜ ਦਾ ਬੇਟਾ । ਰੰਘੜ ਦੇ ਇੰਦਰਾਜ਼ ਵਿੱਚ ਲਿਖਿਆ ਹੈ ਇਸਲਾਮ ਮਤ ਧਾਰਨ ਕਰਨ ਵਾਲਾ ਰਾਜਪੂਤ ।

ਜਿਵੇਂ ਸ੍ਰੀ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮੰਡਿਆਲੇ ਦਾ ਚੌਧਰੀ ਮੱਸਾ ਰੰਘੜ । ਭਾਈ ਮਹਿਤਾਬ ਸਿੰਘ ਮੀਰਾਂਕੋਟ ਅਤੇ ਭਾਈ ਸੁਖਾ ਸਿੰਘ ਕੰਬੋ ਮਾੜੀ ਨੇ ਸੰਮਤ 1797 ਮੁਤਾਬਿਕ ਸੰਨ 1740 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੀ ਇਸ ਦਾ ਸਿਰ ਵੱਢਿਆ ਸੀ, ਕਿਉਂਕਿ ਉਹ ਸਮਕਾਲੀ ਹਕੂਮਤ ਦੇ ਇਸ਼ਾਰੇ ਅਤੇ ਚੌਧਰਤਾ ਦੇ ਮੱਦ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ । ਮਹਾਨਕੋਸ਼ ਦੇ ਜੀਵਨ ਸਿੰਘ ਇੰਦਰਾਜ਼ ਹੇਠ ਇਹ ਵੀ ਲਿਖਿਆ ਮਿਲਦਾ ਹੈ ਕਿ ਇਹ ਵਡਾ ਬਹਾਦੁਰ ਯੋਧਾ ਸੀ । ਜਦ ਆਨੰਦਪੁਰ ਛੱਡ ਕੇ ਦਸ਼ਮੇਸ਼ ਚਮਕੌਰ ਵੱਲ ਆਏ ਸਨ, ਤਦ ਇਹ ਰਸਤੇ ਵਿੱਚ ਬਾਬਾ ਅਜੀਤ ਸਿੰਘ ਜੀ ਨਾਲ ਮਿਲ ਕੇ, ਤੁਰਕਾਂ ਨਾਲ ਜੰਗ ਕਰਦਾ ਸ਼ਹੀਦ ਹੋਇਆ । ਇਸ ਦਾ ਸ਼ਹੀਦਗੰਜ ਚਮਕੌਰ ਹੈ । ਸਿੱਖ ਧਰਮ ਵਿੱਚ ਆਉਣ ਤੋਂ ਪਹਿਲਾਂ ਇਹ ਚੂਹੜਾ ਜਾਤਿ ਦਾ ਸੀ । ਗ੍ਯਿਾਨੀ ਗ੍ਯਿਾਨ ਸਿੰਘ ਨੇ ਤਵਾਰੀਖ ਖਾਲਸਾ ਵਿਚ ਲਿਖਿਆ ਹੈ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਇਸ ਦਾ ਨਾਉਂ ਜੈਤਾ ਸੀ ਅਤੇ ਦਿੱਲੀ ਤੋਂ ਗੁਰੂ ਤੇਗਬਹਾਦੁਰ ਸਾਹਿਬ ਦਾ ਸੀਸ ਇਹ ਕੀਰਤਪੁਰ ਲਿਆਇਆ ਸੀ ।

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਰੀਸਰਚ ਸੀਕਾਲਰ ਅਤੇ ਮਜ਼ਹਬੀ ਸਿੱਖਾਂ ਦਾ ਇਤਿਹਾਸ ਨਾਂ ਦੀ ਪੁਸਤਕ ਦੇ ਮਰਹੂਮ ਲੇਖਕ ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ :

ਰੰਘੜ, ਪੰਜਾਬ ਦੇ ਹਿੰਦੂ ਤੇ ਮੁਸਲਮਾਨ-ਰਾਜਪੂਤਾਂ ਦੀ ਜ਼ਾਤੀ ਅੱਲ ਹੈ, ਪਰ ਫਿਰ ਵੀ ਇਹ ਲਫ਼ਜ਼ ਵਧੇਰੇ ਮੁਸਲਮਾਨ ਰਾਜਪੂਤਾਂ ਬਾਰੇ ਹੀ ਵਰਤਿਆ ਜਾਂਦਾ ਹੈ । ਪੰਜਾਬ ਦੇ ਖੋਖਰ ਤੇ ਗੱਖੜ ਰਾਜਪੂਤ; ਮੁਸਲਮਾਨ ਬਣਨ ਦੇ ਬਾਵਜੂਦ ਵੀ ਆਪਣਾ ਕੁਰਸੀ-ਨਾਮਾ ਕੁਝ ਰਾਜਪੂਤ (ਛੱਤ੍ਰੀਆਂ) ਨਾਲ ਮੇਲਦੇ ਹਨ ਤੇ ਸੁਭਾਓ ਦੇ ਲਿਹਾਜ ਨਾਲ ਹੀ ਜਿਵੇਂ ਕਿ ਜੰਗੀ ਕੌਮਾਂ ਦਾ ਆਮ ਰਿਵਾਜ਼ ਹੈ, ਆਪਣੇ ਰਾਜਪੂਤ ਜਾਤੀ ਅਕੜੇਵੇਂ ਜਾਂ ਰੰਘੜ-ਪੁਣੇ ਕਾਰਨ ਸੁਭਾਓ ਦੇ ਰੁੱਖੇ ਹਨ । ਇਸ ਲਈ ਪੱਛਮੀ ਪੰਜਾਬ ਦੇ ਸਭਿਆਚਾਰਕ ਸੱਚੇ ਵਿੱਚ ਢਲ ਕੇ ਖੋਖਰ ਰਾਜਪੂਤਾਂ (ਵਿਸ਼ੇਸ਼ ਕਰ ਕੇ ਮੁਸਲਮਾਨ ਰਾਜਪੂਤਾਂ) ਦੀ ਰੰਘੜ ਸੰਗਿਆ ਹੋ ਗਈ ਤੇ ਉਹਨਾਂ ਹੀ ਰੰਘੜ ਰਾਜਪੂਤਾਂ ਦੇ ਬੇਟੇ ਹੋਣ ਕਰ ਕੇ ਉਹਨਾਂ ਦੇ ਪੁੱਤਰ ਸਾਰੇ ਹੀ ਰੰਘਰੇਟੇ ਅ੍ਰਥਾਤ ਰੰਘੜਾਂ ਦੇ ਬੇਟੇ ਅਖਵਾਏ । ਪਿਛੋਂ ਪੰਜਾਬ ਦੇ ਮਜ਼੍ਹਬੀ ਸਿੱਖ ਉਨ੍ਹਾਂ ਦੀ ਰੀਸੋ-ਰੀਸੀ, ਜੋ ਕਿ ਖੋਖਰ ਰਾਜਪੂਤਾਂ ਨਾਲ ਲਹੂ ਮਾਸ ਦਾ ਸਬੰਧ ਰੱਖਦੇ ਸਨ, ਇਸ ਲਈ ਉਹ ਵੀ ਰੰਘਰੇਟੇ ਨਾਂ ਨਾਲ ਹੀ ਪ੍ਰਸਿੱਧ ਹੋਏ । ਪੰਜਾਬ ਦੇ ਮਜ਼ਹਬੀ ਸਿੱਖ ਇਸੇ ਰਾਜਪੂਤੀ ਉਪਜ-ਨਿਪਜ ਦੇ ਰੰਘਰੇਟੇ ਅਖਵਾਣਾ ਆਪਣੇ ਲਈ ਬੜੇ ਫ਼ਖਰ ਦੀ ਗੱਲ ਸਮਝਦੇ ਹਨ । ਉਹ ਇਸ ਕਰਕੇ ਕਿ ਇਨ੍ਹਾਂ ਦੇ ਬਜ਼ੁਰਗ ਪੰਜਾਬ ਦੇ ਰਾਜਵੰਸ਼ੀ ਖੋਖਰ ਜਾਂ ਗੱਖੜ ਰਾਜਪੂਤ ਸਨ, ਜਿਹਨਾਂ ਤੋਂ ਉਹਨਾਂ ਦਾ ਮੁੱਢ ਤੁਰਿਆ ਮੰਨਿਆ ਜਾਂਦਾ ਹੈ ।

ਇਸੇ ਹੀ ਪੁਸਤਕ ਵਿੱਚ ਸਤਿਕਾਰਯੋਗ ਅਸ਼ੋਕ ਜੀ ਨੇ ਰਾਮ ਜ਼ਾਤ ਰੰਘਰੇਟੜੇ, ਕ੍ਰਿਸ਼ਨ ਜ਼ਾਤ ਅਹੀਰ । ਬ੍ਰਹਮਾ ਜ਼ਾਤ ਘੁਮਾਰ ਹੈ, ਸ਼ਿਵ ਦੀ ਜ਼ਾਤ ਫ਼ਕੀਰ । ਪੰਜਾਬੀ ਲੋਕ-ਆਖਾਣ ਤੇ ਅਧਾਰਿਤ ਇਹ ਵੀ ਸਿੱਟਾ ਕੱਢਿਆ ਹੈ ਕਿ ਮੁਸਲਮਾਨ ਤੇ ਮੁਗਲੋਈ ਕਾਲ ਵਿੱਚ ਰਾਜਪੂਤ ਆਮ ਤੌਰ ਤੇ ਰੰਘੜ ਨਾਂ ਨਾਲ ਮਸਹੂਰ ਸਨ ਅਤੇ ਉਹਨਾਂ ਦੇ ਪੁੱਤਰ ਪੋਤਰੇ ਰੰਘਰੇਟੇ ਅਰਥਾਤ ਰੰਘੜਾਂ (ਰਾਜਪੂਤਾਂ) ਦੇ ਬੇਟੇ । ਰੰਘਰੇਟੇ ਭਗਵਾਨ ਰਾਮ ਨੂੰ ਇਸ਼ਟ ਅਥਵਾ ਪੂਜਨੀਕ ਦੇਵਤਾ ਸਮਝਦੇ ਸਨ, ਜਿਸ ਕਾਰਣ ਉਹ ਭਗਵਾਨ ਰਾਮ ਨੂੰ ਆਪਣੀ ਜ਼ਾਤ ਬ੍ਰਾਦਰੀ ਨਾਲ ਸਬੰਧਤ ਹੋਣ ਕਰਕੇ ਰੰਘਰੇਟਾ ਹੀ ਮੰਨਦੇ ਸਨ ।

ਸ੍ਰ. ਅਸ਼ੋਕ ਜੀ ਦੇ ਉਪਰੋਕਤ ਕਥਨ ਤੋਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਪੰਜਾਬ ਦੇ ਕੁਝ (ਮਜ਼ਹਬੀ) ਸਿੱਖ ਵੀਰਾਂ ਨੇ ਗੁਰਮਤਿ ਸਿਧਾਂਤਾਂ ਦੀ ਅਗਿਆਨਤਾ ਵੱਸ ਜ਼ਾਤੀ ਹੀਣ-ਭਾਵਨਾ ਤਹਿਤ ਆਪਣੇ ਆਪ ਨੂੰ ਇਸ ਲਈ ਰੰਘਰੇਟੇ ਅਖਵਾਉਣਾ ਸ਼ੁਰੂ ਕਰ ਦਿੱਤਾ ਕਿ ਅਜਿਹੀ ਜ਼ਾਤੀ-ਅੱਲ ਸਦਾਇਆਂ ਸਾਡਾ ਪਿਛੋਕੜ ਮੰਨੂਵਾਦੀ ਦ੍ਰਿਸ਼ਟੀ ਤੋਂ ਵਰਨ ਰਹਿਤ ਤੇ ਅਛੂਤ ਮੰਨੀ ਜਾਂਦੀ ਚੂਹੜਾ ਜ਼ਾਤੀ ਦੀ ਥਾਂ ਉਨ੍ਹਾਂ ਰਾਜਵੰਸ਼ੀ ਰਾਜਪੂਤ ਕਸ਼ੱਤ੍ਰੀਆਂ ਨਾਲ ਜਾ ਮਿਲੇਗਾ, ਜਿਹੜੇ ਉਪਰੋਕਤ ਲੋਕ-ਆਖਾਣ ਮੁਤਾਬਿਕ ਆਪਣੇ ਆਪ ਨੂੰ (ਭਗਵਾਨ) ਸ੍ਰੀ ਰਾਮ ਚੰਦ੍ਰ ਜੀ ਦੀ ਜ਼ਾਤੀ ਦਾ ਮੰਨ ਕੇ ਉਸ ਨੂੰ ਆਪਣਾ ਇਸ਼ਟ-ਦੇਵਤਾ ਮੰਨਦੇ ਹਨ । ਪਰ ਐਸਾ ਅਧਾਰਹੀਣ ਵਿਸ਼ਵਾਸ਼ ਰੱਖਣ ਵਾਲੇ ਭੁੱਲੜ ਵੀਰਾਂ ਨੂੰ ਇਹ ਪੱਖ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਕੀ ਅਜਿਹਾ ਹੀਣ-ਭਾਵਨਿਕ ਪ੍ਰਚਾਰ ਕਰਕੇ ਕਿਧਰੇ ਉਹ ਗੁਰੂ ਨਾਨਕ ਦੀ ਬਖ਼ਸ਼ਿਸ਼ ਦੇ ਪਾਤਰ ਬਣ ਕੇ ਬਰਾਬਰੀ ਵਾਲਾ ਸਮਾਜਕ ਜੀਵਨ ਜੀਊਣ ਵਾਲੇ ਆਪਣੇ ਗੁਰਸਿੱਖ ਭਾਈਚਾਰੇ ਨੂੰ ਮੁੜ ਉਸ ਬ੍ਰਾਹਮਣ ਦੀ ਝੋਲੀ ਤਾਂ ਨਹੀਂ ਪਾ ਰਹੇ, ਜਿਸ ਦੇ ਆਦੇਸ਼ ਮੁਤਾਬਿਕ ਸ੍ਰੀ ਰਾਮ ਨੇ ਸ਼ੰਭੂਕ ਭਗਤ ਨੂੰ ਸ਼ੂਦਰ ਜਾਣ ਕੇ ਆਪਣੇ ਹੱਥੀਂ ਕਤਲ ਕਰ ਦਿੱਤਾ ਸੀ ? ਕੀ ਭਾਈ ਜੈਤਾ ਜੀ, ਜੋ ਸੰਨ 1699 ਦੀ ਵੈਸਾਖੀ ਨੂੰ ਖੰਡੇ ਕੀ ਪਾਹੁਲ ਛਕ ਕੇ ਖ਼ਾਲਸਾ ਪੰਥ ਦਾ ਮੈਂਬਰ ਬਣਦਿਆਂ ਜੀਵਨ ਸਿੰਘ ਅਖਵਾਇਆ, ਉਸ ਨੂੰ ਅਜਿਹੀ ਰੰਘਰੇਟਾ ਕੁਲ ਨਾਲ ਜੋੜਿਆ ਜਾ ਸਕਦਾ ਹੈ, ਜੋ ਸ੍ਰੀ ਰਾਮ ਚੰਦਰ ਨੂੰ ਆਪਣਾ ਇਸ਼ਟ-ਦੇਵਤਾ ਮੰਨਦੀ ਹੋਵੇ ? ਐਸਾ ਮੰਨਣਾ ਬਿਲਕੁਲ ਅਸੰਭਵ ਹੈ, ਕਿਉਂਕਿ ਖ਼ਾਲਸਾ ਇੱਕ ਅਕਾਲ ਪੁਰਖ ਦਾ ਉਪਾਸ਼ਕ ਹੈ । ਉਹ ਬ੍ਰਾਹਮਣੀ ਅਵਤਾਰ-ਵਾਦ ਨੂੰ ਨਹੀਂ ਮੰਨਦਾ, ਕਿਉਂਕਿ ਉਸ ਦਾ ਗੁਰੂ ਆਖਦਾ ਹੈ : ਸੋ ਮੁਖੁ ਜਲਉ, ਜਿਤੁ ਕਹਹਿ ਠਾਕੁਰ ਜੋਨੀ ॥ {ਗੁ.ਗ੍ਰੰ.-ਪੰਨਾ 1136}

ਤੀਜੀ ਵੱਡੀ ਰੁਕਾਵਟ ਹੈ ਗੁਰਬਾਣੀ ਦੀ ਸਿਧਾਂਤਕ ਵਿਚਾਰਧਾਰਾ, ਜੋ ਪਾਠਕ ਨੂੰ ਰੰਘਰੇਟਾ, ਗੁਰੂ ਕਾ ਬੇਟਾ ਵਰਗੇ ਕਿਸੇ ਪ੍ਰੰਪਰਾਗਤ ਗੁਰ-ਵਾਕ ਨੂੰ ਸੱਚ ਮੰਨਣ ਤੋਂ ਹੋੜਦੀ ਹੈ, ਕਿਉਂਕਿ ਇੱਕ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਸਿੱਖ ਪੁੱਤਰੋ ਕਹਿ ਕੇ ਸੰਬੋਧਨ ਕੀਤਾ ਹੈ, ਜਿਸ ਮੁਤਾਬਿਕ ਹਰੇਕ ਗੁਰਸਿੱਖ ਹੀ ਗੁਰੂ ਦਾ ਬੇਟਾ ਸਿੱਧ ਹੁੰਦਾ ਹੈ । ਜਿਵੇਂ ਗੁਰਬਾਣੀ ਵਾਕ ਹੈ ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥ {ਗੁ.ਗ੍ਰੰ.-ਪੰ.312} ਦੂਜੇ, ਗੁਰ ਸਿਖਾ ਇਕੋ ਪਿਆਰੁ; ਗੁਰ ਪੁਤਾ, ਮਿਤਾ, ਭਾਈਆ ॥ {ਪੰ 648} ਗੁਰਵਾਕ ਤੋਂ ਇਹ ਵੀ ਨਿਰਣੈ ਹੁੰਦਾ ਹੈ ਕਿ ਗੁਰਦੇਵ ਪਿਤਾ ਜੀ ਆਪਣੇ ਸਾਰੇ ਗੁਰਸਿੱਖ ਪੁਤਰਾਂ, ਮਿੱਤਰਾਂ ਤੇ ਭਰਾਵਾਂ ਨੂੰ ਇੱਕੋ ਜਿਹਾ ਪਿਆਰ ਕਰਦੇ ਹਨ । ਇਸ ਲਈ ਅਜਿਹਾ ਮੰਨਣਾ ਬਿਲਕੁਲ ਅਸੰਭਵ ਹੈ ਕਿ ਸਤਿਗੁਰੂ ਜੀ ਵੱਲੋਂ ਦਿੱਲੀ ਤੋਂ ਸੀਸ ਲਿਆਉਣ ਵਾਲੇ ਤਿੰਨ ਗੁਰਸਿੱਖ ਪੁਤਰਾਂ ਵਿੱਚੋਂ ਕੇਵਲ ਇਕ ਭਾਈ ਜੈਤਾ ਜੀ ਨੂੰ ਹੀ ਰੰਘਰੇਟਾ, ਗੁਰੂ ਕਾ ਬੇਟਾ ਕਹਿ ਕੇ ਨਿਵਾਜਿਆ ਹੋਵੇ, ਜਦ ਕਿ ਅਕਾਲ-ਪੁਰਖ ਨਾਲ ਦਿਲੀ ਸਾਂਝ ਪਵਾਉਣ ਤੇ ਉਸ ਦੇ ਅਨੁਭਵੀ ਦਰਸ਼ਨ ਕਰਵਾਉਣ ਵਾਲੇ ਸਤਿਗੁਰੂ ਜੀ ਤੋਂ ਵਾਰਨੇ ਬਲਿਹਾਰਨੇ ਜਾਣ ਪੱਖੋਂ ਕੋਈ ਵੀ ਇੱਕ ਦੂਜੇ ਨਾਲੋਂ ਘਟ ਨਹੀਂ ਸੀ । ਉਹ ਤਾਂ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਆਉਂਦਿਆਂ ਸਵਾਸ ਸਵਾਸ ਇਹੀ ਅਨੰਦਮਈ ਗੁਰਵਾਕ ਜਪਦੇ ਆਏ ਸਨ :

ਹਉ ਵਾਰਿਆ ਅਪਣੇ ਗੁਰੂ ਕਉ, ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥ {ਗੁ.ਗ੍ਰੰ.-ਪੰ.੬੫੨}
ਹਉ ਸਤਿਗੁਰ ਵਿਟਹੁ ਵਾਰਿਆ, ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ {ਗੁ.ਗ੍ਰੰ.-ਪੰ. ੪੧}

ਇਸ ਲਈ ਦਾਸਰੇ ਦਾ ਪੂਰਨ ਨਿਸ਼ਚਾ ਹੈ ਕਿ ਜੇ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਲੀ ਤੋਂ ਪਿਤਾ ਗੁਰਦੇਵ ਜੀ ਦਾ ਸੀਸ ਲਿਆਉਣ ਵਾਲੇ ਗੁਰਸਿੱਖਾਂ ਤੇ ਪ੍ਰਸੰਨ ਹੋ ਕੇ ਕੋਈ ਪਿਆਰ, ਸਤਿਕਾਰ ਤੇ ਨਵਾਜ਼ਿਸ਼ ਭਰਿਆ ਬਚਨ ਕੀਤਾ ਹੋਵੇ ਤਾਂ ਉਹ ਰੰਗਰੇਟੇ, ਗੁਰੂ ਕੇ ਬੇਟੇ ਹੋ ਸਕਦਾ ਹੈ, ਨਾ ਕਿ ਉਸ ਦਾ ਵਿਗੜਿਆ ਜਾਂ ਵਿਗਾੜਿਆ ਗਿਆ ਰੂਪ ਰੰਘਰੇਟਾ, ਗੁਰੂ ਕਾ ਬੇਟਾ । ਭਾਸ਼ਾਈ ਦ੍ਰਿਸ਼ਟੀ ਤੋਂ ਯਾਦ ਰੱਖਣ ਯੋਗ ਨੁਕਤਾ ਹੈ ਕਿ ਰੰਘਰੇਟਾ (ਰੰਘੜੇਟਾ) ਲਫ਼ਜ਼ ਦਾ ਅਰਥ ਹੈ : ਰੰਘੜ ਦਾ ਬੇਟਾ ਅਤੇ ਰੰਗਰੇਟਾ ਦਾ ਅਰਥ ਹੈ : ਰੰਗਰੱਤਾ ਅ੍ਰਥਾਤ ਰੰਗ (ਪਿਆਰ) ਵਿੱਚ ਰੰਗਿਆ, ਕਿਉਂਕਿ ਗੁਰਬਾਣੀ ਵਿੱਚ ਦੋ ਵਾਰ ਰੰਗਰਟਿਆ (ਰੰਗ+ਰਟਿਆ) ਸਮਾਸੀ-ਪਦ ਇਸੇ ਹੀ ਅਰਥ ਵਿੱਚ ਵਰਤਿਆ ਮਿਲਦਾ ਹੈ, ਭਾਵੇਂ ਕਿ ਉਹ ਵਰਤੋਂ ਮਾਇਕ (ਦੁਨਿਆਵੀ) ਰੰਗ ਵਿੱਚ ਰੰਗੇ ਜਾਣ ਦੀ ਹੈ। ਜਿਵੇਂ ਗੁਰਵਾਕ ਹਨ :

ਆਪੇ ਕਰਿ ਪਾਸਾਰੁ, ਆਪੇ ਰੰਗ ਰਟਿਆ ॥ {ਗੁ.ਗ੍ਰੰ.-ਪੰ. 957}
ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥ {ਗੁ.ਗ੍ਰੰ.-ਪੰ.705}

ਇਸ ਪ੍ਰਕਾਰ ਰੰਗਰੇਟੇ, ਗੁਰੂ ਕੇ ਬੇਟੇ ਵਾਕ ਦਾ ਭਾਵਾਰਥ ਬਣਦਾ ਹੈ : ਸਤਿਗੁਰੂ ਜੀ ਦੇ ਉਹ ਨਾਦੀ ਗੁਰਸਿੱਖ ਬੇਟੇ, ਜੋ ਦਇਆਨਿਧ ਗੁਰੂ ਦੀ ਦਇਆਲਤਾ ਦੇ ਪਾਤਰ ਬਣਦਿਆਂ ਰੱਬੀ-ਰੰਗ (ਪਿਆਰ) ਵਿੱਚ ਰੰਗੀਜ ਕੇ ਨਿਹਾਲ ਹੋ ਗਏ ਹਨ । ਅਰਸ਼ੀ ਅਰਸ਼ਾਦ ਹੈ : ਗੁਰਿ ਰੰਗੇ, ਸੇ ਭਏ ਨਿਹਾਲ ॥ ਕਹੁ ਨਾਨਕ ! ਗੁਰ ਭਏ ਹੈ ਦਇਆਲ ॥ {ਗੁ.ਗ੍ਰੰ.-ਪੰ.194} ਕਿਉਂਕਿ ਸਤਿਗੁਰੂ ਜੀ ਨੇ ਰੰਗਿ ਰਤਿਆ ਲਫ਼ਜ਼ ਨੂੰ ਪ੍ਰੀਭਾਸ਼ਤ ਕਰਦਿਆਂ ਲਿਖਿਆ ਹੈ ਕਿ ਜਿਨ੍ਹਾਂ ਵਡਭਾਗੀ ਜੀਊੜਿਆਂ ਨੂੰ ਰੱਬੀ ਸਿਫ਼ਤ-ਸਾਲਾਹ ਦਾ ਰੰਗ (ਇਸ਼ਕ, ਪਿਆਰ) ਲੱਗ ਜਾਂਦਾ ਹੈ, ਉਸ ਸਦਾ ਲਈ ਰੱਬੀ ਰੰਗ ਵਿੱਚ ਰੰਗੇ ਜਾਂਦੇ ਹਨ । ਉਨ੍ਹਾਂ ਲਈ ਪ੍ਰਭੂ ਦੀ ਯਾਦ ਹੀ ਜ਼ਿੰਦਗੀ ਦਾ ਸਹਾਰਾ ਤੇ ਆਤਮਕ ਖੁਰਾਕ ਬਣ ਜਾਂਦਾ ਹੈ ।

ਗੁਰਵਾਕ ਹੈ : ਜਿਸ ਨੋ ਲਗਾ ਰੰਗੁ, ਸੇ ਰੰਗਿ ਰਤਿਆ ॥ ਓਨਾ ਇਕੋ ਨਾਮੁ ਆਧਾਰ, ਇਕਾ ਉਨ ਭਤਿਆ ॥ {ਗੁ.ਗ੍ਰੰ.- ਪੰ. 958} ਐਸੇ ਰੰਗ ਰੱਤਿਅੜਾਂ ਦੀ ਇੱਕ ਹੋਰ ਵੱਡੀ ਸਿਫ਼ਤ ਇਹ ਹੁੰਦੀ ਹੈ ਕਿ ਉਹ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ, ਭਾਈ ਜੈਤਾ, ਭਾਈ ਨਾਨੂੰ ਤੇ ਭਾਈ ਉਦੈ ਜੀ ਵਾਂਗੂੰ ਆਪਣੇ ਪਿਆਰੇ ਤੋਂ ਕਿਸੇ ਵੀ ਹਾਲਤ ਵਿੱਚ ਮੁਖ ਨਹੀਂ ਮੋੜਦੇ । ਭਾਵ, ਉਹ ਆਪਣੇ ਪਿਆਰੇ ਤੋਂ ਕੁਰਬਾਨ ਤਾਂ ਹੋ ਜਾਂਦੇ ਹਨ, ਪਰ ਕਿਸੇ ਵੀ ਕਿਸਮ ਦੇ ਭੈ, ਲਾਲਚ ਜਾਂ ਲਾਲਸਾ ਅਧੀਨ ਬੇਮੁਖ ਨਹੀਂ ਹੁੰਦੇ । ਰੁੱਖ ਦੇ ਕੱਚੇ ਫਲਾਂ ਵਾਂਗ ਝੜਦੇ ਤਾਂ ਕੇਵਲ ਉਹੀ ਹਨ, ਜਿਨ੍ਹਾਂ ਦਾ ਪਿਆਰ ਕੱਚਾ ਹੁੰਦਾ ਹੈ । ਜਿਨ੍ਹਾਂ ਨੂੰ ਪਿਆਰ ਦੀ ਜਾਚ ਨਹੀਂ ਆਉਂਦੀ । ਭਾਵ, ਜੋ ਪ੍ਰੇਮ ਦੇ ਮਾਰਗ ਤੇ ਚੱਲਣ ਲਈ ਆਪਣੇ ਸਿਰ ਨੂੰ ਤਲੀ ਤੇ ਧਰ ਕੇ ਤੁਰਨ ਵਰਗੀ ਦ੍ਰਿੜਤਾ ਧਾਰਨ ਨਹੀਂ ਕਰਦੇ । ਹਜ਼ੂਰ ਦਾ ਫ਼ਰਮਾਨ ਹੈ :

ਰਤੇ ਸੇਈ ਜਿ ਮੁਖੁ ਨ ਮੋੜੰਨ੍‍, ਜਿਨੀ ਸਿਞਾਤਾ ਸਾਈ ॥
ਝੜਿ ਝੜਿ ਪਵਦੇ ਕਚੇ ਬਿਰਹੀ, ਜਿਨਾ ਕਾਰਿ ਨ ਆਈ ॥
{ਗੁ.ਗ੍ਰੰ.-ਪੰ. 1425}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top