Share on Facebook

Main News Page

💥 ਦਰਬਾਰ ਸਾਹਿਬ ਵਿਖੇ 1990 ਤੱਕ ਵੱਡੀ ਕ੍ਰਿਪਾਨ ਦਰਬਾਰੀ ਸਜਾਵਟ ਦਾ ਅੰਗ ਨਹੀਂ ਬਣੀ
-: ਗਿ. ਜਗਤਾਰ ਸਿੰਘ ਜਾਚਕ
#KhalsaNews #Kirpan #DarbarSahib #JagtarSingh #Jachak

🛡 3 ਦਸੰਬਰ 2021, ਨਿਊਯਾਰਕ (ਮਨਜੀਤ ਸਿੰਘ) ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰੰਪਰਾਗਤ ਮਰਯਾਦਾ ਮੁਤਾਬਿਕ ਸੰਨ 1990 ਤਕ ਇੱਕ ਤੇਜ਼ਧਾਰ ਵੱਡੀ ਕ੍ਰਿਪਾਨ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਖ਼ਤ ਰੂਪ ਮੰਜੀ ਹੇਠ ਹੀ ਰੱਖੀ ਜਾਂਦੀ ਰਹੀ, ਤਾਂ ਕਿ ਕਿਸੇ ਗੁਰੂ-ਦੋਖੀ ਦੁਸ਼ਟ ਵੱਲੋਂ ਗੁਰੂ ਦਰਬਾਰ ਦੀ ਬੇਹੁਰਮਤੀ ਦੇ ਯਤਨ ਮੌਕੇ ਗੁਰੂ-ਤਾਬੇ ਬੈਠਾ ਗ੍ਰੰਥੀ ਜਾਂ ਚੌਰ ਬਰਦਾਰ ਸਿੰਘ ਸੁਰਖਿਅਕ ਪਹਿਰੇਦਾਰੀ ਦਾ ਆਪਣਾ ਮੁੱਢਲਾ ਫਰਜ਼ ਨਿਭਾ ਸਕੇ।

⚠️ਪਰ, ਇਸ ਤੋਂ ਪਿੱਛੋ ਕਿਸੇ ਸ਼ਰਧਾਲੂ ਵੱਲੋਂ ਭੇਟ ਕੀਤੀ ਇੱਕ ਸੁਨਹਿਰੀ ਕ੍ਰਿਪਾਨ ਵੀ ਫੁਲਾਂ ਵਾਂਗ ਹੀ ਦਰਬਾਰੀ ਸਜਾਵਟ ਦਾ ਅੰਗ ਬਣਾ ਦਿੱਤੀ ਗਈ, ਜਿਸ ਨੂੰ ਕਿਸੇ ਸਾਜਿਸ਼ ਤਹਿਤ ਗੁਰੂ ਦਰਬਾਰ ਦੀ ਬੇਹੁਰਮਤੀ ਕਰਨ ਭੇਜੇ ਦੁਸ਼ਟ ਨੇ 18 ਦਸੰਬਰ ਦੀ ਸ਼ਾਮ ਮੌਕੇ ਵਰਤਣ ਦਾ ਅਸਫਲ ਯਤਨ ਕੀਤਾ

💢 ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿ. ਜਗਤਾਰ ਸਿੰਘ ਜਾਚਕ ਨੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸਪਸ਼ਟ ਕੀਤਾ ਕਿ ਸਿੱਖ ਜਗਤ ਦੇ ਬੁੱਧੀ-ਜੀਵੀ ਵਰਗ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਿਸੇ ਵੀ ਪ੍ਰਕਾਸ਼ ਅਸਥਾਨ ਵਿਖੇ ਸ਼ਸ਼ਤਰਾਂ ਦੀ ਸਜਾਵਟੀ ਪ੍ਰਦਰਸ਼ਨੀ ਕਰਨੀ ਗੁਰਮਤ ਦੀ ਸਿਧਾਂਤਕ ਤੇ ਸ਼ਸ਼ਤਰ-ਨੀਤੀ ਦੇ ਅਨੁਕੂਲ ਨਹੀਂ ਮੰਨੀ ਜਾਂਦੀ।

👉 ਕਾਰਣ ਹੈ ਕਿ ਇੱਕ ਤਾਂ ਸਿੱਖੀ ਵਿੱਚ ਸ਼ਸਤਰ ਕਿਸੇ ਪ੍ਰਕਾਰ ਦੀ ਪੂਜਾ ਜਾਂ ਪ੍ਰਦਰਸ਼ਨੀ ਦਾ ਅੰਗ ਨਹੀਂ ਮੰਨੇ ਜਾਂਦੇ, ਕਿਉਂਕਿ ਉਹ ਤਾਂ ਆਪਣੇ ਸਮੇਤ ਗ਼ਰੀਬ ਦੀ ਸੁਰੱਖਿਆ ਅਤੇ ਜ਼ਾਲਮ ਜਰਵਾਣੇ ਦੀ ਭੱਖਿਆ ਲਈ ਵਰਤੋਂ ਦੇ ਸੰਦ ਮੰਨੇ ਗਏ ਹਨ । ਦੂਜੇ, ਸ਼ਸ਼ਤਰਾਂ ਦੀ ਵਿਦਿਅਕ ਨੀਤੀ ਮੁਤਾਬਿਕ ਵੀ ਕਿਸੇ ਪ੍ਰਕਾਰ ਦੇ ਸ਼ਸ਼ਤਰ ਜਾਂ ਅਸਤਰ ਨੂੰ ਸੰਭਾਲ ਕੇ ਪਰਦੇ ਵਿੱਚ ਰੱਖਣਾ ਅਤਿਅੰਤ ਲਾਜ਼ਮੀ ਹੁੰਦਾ ਹੈ ਤਾਂ ਕਿ ਉਸ ਤਕ ਦੁਸ਼ਮਣ ਦੇ ਹੱਥ ਦੀ ਸਿੱਧੀ ਪਹੁੰਚ ਨਾ ਹੋ ਸਕੇ।

😳ਚਿੰਤਾਜਨਕ ਪੱਖ ਇਹ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਕੇਵਲ ਇੱਕ ਤਲਵਾਰ ਨੂੰ ਦਰਬਾਰੀ ਸਜਾਵਟ ਲਈ ਵਰਤਿਆ ਗਿਆ, ਪਰ ਉਸ ਦਾ ਸਿੱਟਾ ਇਹ ਨਿਕਲਿਆ ਕਿ ਸੰਸਾਰ-ਭਰ ਦੇ ਗੁਰਦੁਆਰਿਆਂ ਵਿਖੇ ਮਿਆਨ ਰਹਿਤ ਤੇਗਾਂ, ਤੀਰ ਤੇ ਚਕ੍ਰ ਆਦਿਕ ਹਥਿਆਰ ਗੁਰੂ-ਦਰਬਾਰ ਦੀ ਪ੍ਰਦਰਸ਼ਨਕ ਸਜਾਵਟ ਦਾ ਅੰਗ ਬਣ ਗਏ ਹਨ।

👁️ਕਈ ਥਾਈਂ ਤਾਂ ਹੁਣ ਇਉਂ ਜਾਪਦਾ ਹੈ, ਜਿਵੇਂ ਕੋਈ ਹਥਿਆਰਾਂ ਦੀ ਦੁਕਾਨ ਹੋਵੇ। ਸ੍ਰੀ ਗੁਰੂ ਗ੍ਰੰਥ ਜੀ ਮਹਾਰਾਜ ਤਾਂ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ" (ਪੰ.646) ਦੀ ਸੇਧ ਬਖ਼ਸ਼ਦੇ ਹਨ, ਪਰ ਗੁਰੂ ਦਰਬਾਰਾਂ ਦੇ ਅਖ਼ਬਾਰੀ ਤੇ ਫ਼ਿਲਮੀ ਚਿਤਰਾਂ ਤੋਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸ਼ਸ਼ਤਰ ਹੀ ਗੁਰਸਿੱਖ ਸ਼ਰਧਾਲੂਆਂ ਦੇ ਪੂਜਕ ਗੁਰੂ-ਪੀਰ ਬਣ ਗਏ ਹੋਣ।

🙏 ਦਰਬਾਰ ਸਾਹਿਬ ਦੀ ਮੰਦਭਾਗੀ ਦੁਰਘਟਨਾ ਤੋਂ ਪਹਿਲਾਂ ਵੀ ਕਿਸੇ ਗੁਰੂ ਦਰਬਾਰ ਵਿਖੇ ਕਿਸੇ ਸਾਜਸ਼ੀ ਦੁਸ਼ਟ ਵੱਲੋਂ ਗੁਰੂ ਦਰਬਾਰ ਵਿਖੇ ਪਈ ਤਲਵਾਰ ਦੀ ਦੁਰਵਰਤੋਂ ਕਰਨ ਦਾ ਯਤਨ ਕੀਤਾ ਗਿਆ ਸੀ । ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦੀ ਧੜੇਬੰਦਕ ਲੜਾਈਆਂ ਮੌਕੇ ਵੀ ਪ੍ਰਕਾਸ਼ ਅਸਥਾਨ ਦੇ ਸਜਾਵਟੀ ਸ਼ਸ਼ਤਰਾਂ ਨੂੰ ਲੜਾਈ ਲਈ ਵਰਤਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ।

👉 ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਲਈ ਅਤਿਅੰਤ ਲੋੜੀਂਦਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਉਪਰੋਕਤ ਭੁੱਲ ਦੇ ਸੁਧਾਰ ਲਈ ਗੰਭੀਰਤਾ ਸਹਿਤ ਵਿਚਾਰਨ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ-ਦੋਖੀ ਜਾਂ ਗੁਰਮਤਿ ਸਿਧਾਂਤਾਂ ਤੋਂ ਅਗਿਆਤ ਵਿਅਕਤੀ ਗੁਰੂ ਦਰਬਾਰ ਦੇ ਸ਼ਸ਼ਤਰਾਂ ਦੀ ਕਿਸੇ ਪੱਖੋਂ ਵੀ ਦੁਰਵਰਤੋਂ ਨਾ ਕਰ ਸਕੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top