Share on Facebook

Main News Page

 ਆਪੋ ਆਪਣੇ ਰਾਗ ਅਤੇ ਗੁਰਾਂ ਦੇ ਪੰਜਾਬ ਵਿੱਚ ਅਸਲ ਮੁੱਦਾ ਅਤੇ ਨਿੱਜੀ ਕਿੜਾਂ
-: ਹਰਪ੍ਰੀਤ ਸਿੰਘ ਕਾਹਲੋਂ
30.04.2022
#KhalsaNews #HarpreetSinghKahlon #Singla #Parwana #GurpatwantPannu #Patiala

29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦਾ ਮਤਾ ਪੈ ਗਿਆ। ਇਸ ਤਾਰੀਖ਼ ਤੋਂ ਪਹਿਲਾਂ ਇਹਦੀ ਜ਼ਮੀਨ ਕਿਵੇਂ ਤਿਆਰ ਹੋਈ ? ਇਹਦੀ ਬੁਨਿਆਦ ਚ ਸਿੱਖਾਂ ਨੂੰ ਪੰਜਾਬ ਦੀ ਧਰਤੀ ਲਈ ਕਿਉਂ ਮਹਿਸੂਸ ਹੁੰਦਾ ਰਿਹਾ ਹੈ ਕਿ ਅਣਗਿਣਤ ਬੇਇਨਸਾਫੀਆਂ ਹਨ ? ਘਟਨਾਵਾਂ ਅੱਗੇ ਵੱਧ ਆਈਆਂ ਹਨ। ਬੰਦੇ ਇਸ ਦੇ ਹੱਕ ਚ ਹਨ,ਵਿਰੋਧ ਚ ਹਨ ਅਤੇ ਸਹਿਮਤੀ ਅਸਹਿਮਤੀ ਦੇ ਮਾਹੌਲ ਚ ਸਭ ਕੋਲ ਆਪੋ ਆਪਣੇ ਕਾਰਨ ਹਨ।ਇਸ ਘਟਨਾ ਦਾ ਕੱਲ੍ਹ ਜੋ ਅਸਰ ਹੋਇਆ ਉਹ ਸਮਝਣ ਦੀ ਲੋੜ ਹੈ।

ਸਿੱਖਸ ਫਾਰ ਜਸਟਿਸ ਤੋਂ ਚਿੱਠੀ ਜਾਰੀ ਹੁੰਦੀ ਹੈ ਕਿ ਇਸ ਤਾਰੀਖ਼ ਨੂੰ ਡੀਸੀ ਦਫਤਰਾਂ ਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ। ਇਸ ਘਟਨਾ ਨੂੰ ਪੰਜਾਬ ਚ ਕਿਸੇ ਹੁੰਗਾਰਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਵੀ ਸਿੱਖਸ ਫਾਰ ਜਸਟਿਸ ਨੂੰ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਇਸ ਤੋਂ ਇਲਾਵਾ ਖਾਲਿਸਤਾਨ ਦੀ ਲੜਾਈ ਲੜਦੀਆਂ ਜਥੇਬੰਦੀਆਂ ਜਾਂ ਅਜਿਹੀ ਵਿਚਾਰਧਾਰਾ ਦੇ ਨਾਲ ਸਬੰਧਤ ਬੰਦਿਆਂ ਦਾ ਹੁੰਗਾਰਾ ਵਧੇਰੇ ਸੰਤੁਲਿਤ ਅਤੇ ਸਹਿਣਸ਼ੀਲ ਹੈ। ਸੋ ਗੁਰਪਤਵੰਤ ਪੰਨੂੰ ਕੀ ਕਹਿੰਦਾ ਹੈ ਇਸ ਬਾਰੇ ਪੰਜਾਬ ਚ ਕੋਈ ਬਹੁਤਾ ਹੁੰਗਾਰਾ ਨਹੀਂ ਹੈ। ਦੂਜਾ ਅਜਿਹੀ ਚਿੱਠੀ ਦਾ ਅਧਾਰ ਕੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ।

ਮੁੱਕਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਨੇ ਖਾਲਿਸਤਾਨ ਮੁਰਦਾਬਾਦ ਰੈਲੀ ਕੱਢਣ ਦਾ ਸੱਦਾ ਦਿੱਤਾ। ਇਹ ਸੱਦਾ ਪਿਛਲੇ ਦੋ ਹਫਤਿਆਂ ਤੋਂ ਘੁੰਮ ਰਿਹਾ ਸੀ। ਇਸ ਬਾਰੇ ਵੀਡੀਓ ਘੁੰਮੀਆ ਕਿ ਗੁਰਪਤਵੰਤ ਪੰਨੂੰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਰੈਲੀ ਕੱਢਾਂਗੇ। ਗੁਰਪਤਵੰਤ ਪੰਨੂੰ ਦੇ ਬਹਾਨੇ ਹਰੀਸ਼ ਸਿੰਗਲਾ ਜਾਂ ਜਥੇਬੰਦੀਆਂ ਦੀ ਰੈਲੀ ਸਿੱਖਾਂ ਨੂੰ ਉਕਸਾਉਣ,ਭੜਕਾਉਣ ਦੀ ਵਧੇਰੇ ਸੀ।

ਇਸ ਮੁੱਠਭੇੜ ਵਿੱਚ ਸਾਹਮਣੇ ਸਿੱਖ ਜਥੇਬੰਦੀਆਂ ਹਨ ਪਰ ਕੋਈ ਸਿੱਖਸ ਫਾਰ ਜਸਟਿਸ ਦਾ ਹਿੱਸਾ ਨਹੀਂ ਹੈ। ਇਸ ਦੌਰਾਨ ਨਾ ਹੀ ਕਿਸੇ ਲਈ ਸਿਖਸ ਫਾਰ ਜਸਟਿਸ ਦਾ ਸੱਦਾ ਪਹਿਲ ਹੈ। ਇੱਥੇ ਸਿੱਖ ਜਥੇਬੰਦੀਆਂ ਸ਼ਿਵ ਸੈਨਾ ਦੇ ਇਸ ਵਿਰੋਧ ਦੇ ਵਿਰੋਧ ਵਿੱਚ ਹਨ। ਦੂਜੇ ਪਾਸੇ ਹਿੰਦੂ ਨਹੀਂ ਹੈ, ਸ਼ਿਵ ਸੈਨਾ ਹੈ ਜੀਹਦੇ ਕੋਲ ਹਿੰਦੂ ਮਨ ਨੂੰ ਭੈਭੀਤ ਕਰਨ ਦੀ ਫ੍ਰੈਂਚਾਇਜ਼ੀ ਹੈ।

ਪੰਜਾਬ ਚ ਅਜਿਹੀ ਜਥੇਬੰਦੀਆਂ ਦੀ ਖੁਰਾਕ ਬਾਹਰੋਂ ਹੈ। ਪੰਜਾਬ ਅੰਦਰ ਪੰਜਾਬ ਹਿੱਤ ਸੁਭਾਅ,ਵਿਰੋਧ ਦੀ ਆਵਾਜ਼ ਅਤੇ ਬੇਇਨਸਾਫੀਆਂ ਦੀ ਗੱਲ ਕਰਨ ਦਾ ਆਪਣਾ ਅੰਦਾਜ਼ ਹੈ।ਸ਼ਿਵ ਸੈਨਾ ਅਤੇ ਅਜਿਹੀਆਂ ਹਿੰਦੂ ਜਥੇਬੰਦੀਆਂ ਦਾ ਵਿਰੋਧ ਕਰਨ ਦਾ ਅੰਦਾਜ਼ ਆਜ਼ਾਦ ਆਵਾਜ਼ ਨੂੰ ਬੰਦ ਕਰ ਹਿੰਦੂ ਰਾਸ਼ਟਰ ਦੇ ਸੰਕਲਪ ਤੇ ਸਭ ਨੂੰ ਧੱਕੇ ਨਾਲ ਇੱਕਮਤ ਕਰਨ ਦਾ ਹੈ।
ਸਿੱਖਸ ਫਾਰ ਜਸਟਿਸ ਦੇ ਅਜਿਹੇ ਪ੍ਰੋਗਰਾਮ ਖਾਲਿਸਤਾਨ ਦੇ ਤਹੱਈਏ ਲਈ ਕਦੀ ਵੀ ਸਹੀ ਨਹੀਂ ਹਨ। ਇਸ ਸ਼ਬਦ ਦੀ ਬੁਨਿਆਦ ਵਿੱਚ ਬਹੁਤ ਸਹਿਜ ਹੈ ਅਤੇ ਵੱਡੇ ਲੋਕ ਰਾਜ ਅਤੇ ਬੁਨਿਆਦੀ ਹੱਕਾਂ ਦੀ ਗੱਲ ਹੈ। ਇਸ ਸ਼ਬਦ ਨੂੰ ਲਗਾਤਾਰ ਫਿਰਕੂ ਐਲਾਨਿਆ ਗਿਆ ਹੈ। ਪੰਜਾਬ ਅੰਦਰ ਜਦੋਂ ਇਹਦੀ ਗੱਲ ਹੁੰਦੀ ਹੈ ਤਾਂ ਸਭ ਕੁਝ ਮੁੱਢ ਤੋਂ ਪ੍ਰਭਾਸ਼ਿਤ ਕਰਨਾ ਹੀ ਪਵੇਗਾ।

ਅਜਿਹੀ ਮੰਗ ਦੇ ਓਹਲੇ ਕਦੀ ਵੀ ਫਿਰਕਾਪ੍ਰਸਤੀ ਨਹੀਂ ਹੈ। ਇਹ ਵਿਤਕਰੇ ਤੋਂ ਉਪਜੀ ਮੰਗ ਹੈ ।ਇਹਦੀ ਬੁਨਿਆਦ 1839 ਤੋਂ 1947 ਅਤੇ ਬਾਅਦ 1984 ਤੱਕ ਪਰਤ ਦਰ ਪਰਤ ਸਮਝਣੀ ਪਵੇਗੀ। ਜ਼ਰੂਰੀ ਨਹੀਂ ਕਿ ਇਹ ਇਸ ਦੇਸ਼ ਤੋਂ ਵੱਖ ਹੋਣ ਵਿੱਚ ਹੀ ਹੱਲ ਹੈ। ਇਹ ਦੁਵੱਲੀ ਗੱਲਬਾਤਾਂ ਦਾ ਸਿਲਸਿਲਾ ਹੈ। ਇਹਦੇ ਵਿੱਚ ਬਰਲਿਨ ਦੀਆਂ ਕੰਧਾਂ ਢਾਹੁਣ ਵਾਂਗੂੰ ਸਾਂਝੀ ਧਰਤੀ ਦਾ ਉੱਧਮ ਹੋ ਸਕਦਾ ਹੈ।

ਇਹਨਾਂ ਗੱਲਾਂ ਬਾਰੇ ਤੁਹਾਡਾ ਸਹਿਮਤ ਜਾਂ ਅਸਹਿਮਤ ਹੋਇਆ ਜਾ ਸਕਦਾ ਹੈ ਪਰ ਅਖੀਰ ਗੱਲ ਇਹੋ ਹੈ ਕਿ ਆਪੋ ਆਪਣੇ ਨਜ਼ਰੀਏ ਤੋਂ ਉੱਠਦੀਆਂ ਮੰਗਾਂ, ਗੱਲਾਂਬਾਤਾਂ ਵਿੱਚ ਪੰਜਾਬ ਦੇ ਦਰਿਆ, ਮਿੱਟੀ,ਉਜਾੜੇ, ਆਬੋ ਹਵਾ ਅਤੇ ਸੂਬਿਆਂ ਦੇ ਹੱਕਾਂ ਦਾ ਤੁਲਨਾਤਮਕ ਅਧਿਐਨ ਵਿੱਚ ਗੱਲਾਂ ਨੂੰ ਦੁਰੱਸਤ ਕਰਨਾ ਤਾਂ ਪਵੇਗਾ।

ਕੱਲ੍ਹ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੀ ਮਹੱਤਤਾ ਸਮਝਾਉਂਦੇ ਸਦਭਾਵਨਾ ਬੈਠਕ ਕਰ ਰਹੇ ਸਨ ਅਤੇ ਦੂਜੇ ਪਾਸੇ ਸ਼ਿਵ ਸੈਨਾ ਨੇ ਉਕਸਾਊ ਮਾਹੌਲ ਪੈਦਾ ਕੀਤਾ।ਪ੍ਰਧਾਨ ਮੰਤਰੀ ਮੋਦੀ ਦੀ ਸਦਭਾਵਨਾ ਬੈਠਕ ਸੋਹਣਾ ਕਦਮ ਹੈ। ਕੂਟਨੀਤੀ ਪੱਖ ਤੋਂ ਜਾਂ ਧੁਰ ਦਿਲੋਂ ਜੋ ਵੀ ਹੋਇਆ ਘੱਟੋ ਘੱਟ ਸਾਰਥਕ ਕੌਸ਼ਿਸ਼ ਹੋ ਰਹੀ ਹੈ।

ਵੱਡੀਆਂ ਸੱਭਿਆਤਾਵਾਂ ਵਿੱਚ ਆਪਸੀ ਦੁਵੱਲੀ ਗੱਲਬਾਤ ਅਤੇ ਰਾਹ ਇੰਝ ਹੀ ਬਣਦੇ ਉਸਰਦੇ ਹਨ। ਇਸ ਸਾਰੀ ਗੱਲਬਾਤ ਦੀ ਤੰਦ ਬਹੁਤ ਮਹੀਨ ਬਾਰੀਕ ਹੈ। ਇਹਨੂੰ ਪੜ੍ਹਦਿਆਂ ਜੇ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਨਜ਼ਰੀਏ ਤੋਂ ਇਹ ਮੰਨ ਲਿਆ ਕਿ ਇਹ ਮੋਦੀ ਅਤੇ ਸਿੱਖ ਭਾਵਨਾਵਾਂ ਪ੍ਰਤੀ ਉਲਾਰ ਹੈ ਤਾਂ ਫਿਰ ਇਹ ਤੁਹਾਡੀ ਸਮਝ ਹੈ। ਗੱਲ ਇਹੋ ਹੈ ਅਤੇ ਏਨੀ ਕੁ ਹੈ ਕਿ ਅਖੀਰ ਸੰਵਾਦ ਨਾਲ ਬਿਹਤਰ ਕੀ ਹੋਵੇ, ਭਾਂਵੇ ਕਿਵੇਂ ਵੀ ਹੋਵੇ।

ਪੰਜਾਬ ਵਿੱਚ ਜਦੋਂ ਜਦੋਂ ਅਜਿਹੀਆਂ ਘਟਨਾਵਾਂ ਆਉਂਦੀਆਂ ਹਨ ਤਾਂ ਇਹਨਾਂ ਦੀ ਰਿਪੋਰਟਿੰਗ ਸੰਤੁਲਿਤ ਨਹੀਂ ਹੁੰਦੀ। ਸ਼ਿਵ ਸੈਨਾ ਅਤੇ ਅਜਿਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਚ ਗਲੀਆਂ ਤੇ ਲੜਾਈ ਲਿਆਉਣ ਦੀ ਪਿਰਤ ਚਾਲੂ ਕੀਤੀ ਹੈ। ਖੌਫ ਦੇ ਅਜਿਹੇ ਮੰਜ਼ਰ ਤੋਂ ਇਹਨਾਂ ਅੰਦਰ ਦੀ ਭਾਵਨਾ ਕੋਈ ਵਤਨ ਪ੍ਰਸਤੀ ਦੀ ਨਹੀਂ ਹੈ।

ਇਸ ਦੌਰਾਨ ਸ਼ਿਵ ਸੈਨਾ ਜਥੇਬੰਦੀ ਦੀ ਕਾਰਵਾਈ ਅਤੇ ਬਰਜਿੰਦਰ ਸਿੰਘ ਪਰਵਾਨਾ ਫਿਲਹਾਲ ਇੱਕੋ ਰੱਸੇ ਨਹੀਂ ਬਝ ਸਕਦੇ। ਇੱਕ ਧਿਰ ਨਫ਼ਰਤ ਦੀ ਸਿਆਸਤ 'ਚੋਂ ਦੂਜੀ ਧਿਰ ਦੀ ਕਿਰਦਾਰਕੁਸ਼ੀ ਕਰਦੀ ਹੈ ਅਤੇ ਉਹਨਾਂ ਨੂੰ ਭੜਕਾਉਂਦੀ ਹੈ। ਦੂਜੇ ਪਾਸੇ ਬਰਜਿੰਦਰ ਸਿੰਘ ਪਰਵਾਨੇ ਦੇ ਐਕਸ਼ਨ ਚ ਸੰਤੁਲਿਤ ਵਿਹਾਰ ਇਹ ਹੈ ਕਿ ਵਿਰੋਧ ਕੀਹਦਾ ਕਰਨਾ ਹੈ, ਕਿਉਂ ਕਰਨਾ ਹੈ ਅਤੇ ਕਿੰਝ ਕਰਨਾ ਹੈ।

ਪਰਵਾਨੇ ਦੇ ਐਕਸ਼ਨ ਦੀ ਆਲੋਚਨਾ ਹੋ ਸਕਦੀ ਹੈ ਜਾਂ ਉਹਦੀ ਸਿਆਸਤ ਨਾਲ ਸਾਡੀ ਸਹਿਮਤੀ ਅਸਹਿਮਤੀ ਹੋ ਸਕਦੀ ਹੈ ਪਰ ਪਰਵਾਨੇ ਖਿਲਾਫ ਸੋ ਕਾਲਡ ਸੈਕੂਲਰ ਬਣ ਹੁੰਦੀ ਪੱਤਰਕਾਰੀ ਵੀ ਸੰਤੁਲਿਤ ਨਹੀਂ ਹੈ। ਉਹ ਪੱਤਰਕਾਰੀ ਆਪਣੀ ਖੱਬੇਪੱਖੀ ਪਹੁੰਚ ਨਾਲ ਪਰਵਾਨੇ ਖਿਲਾਫ ਆਪਣੀ ਧਿਰ ਦੀ ਜਥੇਬੰਦਕ ਬਿਆਨਬਾਜ਼ੀ ਹੀ ਹੈ। ਅਜਿਹੀ ਪੱਤਰਕਾਰੀ ਚ ਤੱਥ,ਘਟਨਾਵਾਂ ਦੀ ਪੜਚੋਲ ਨਹੀਂ ਹੈ ਅਤੇ ਕਿਸੇ ਜਥੇਬੰਦੀ ਖਿਲਾਫ ਸੈਕੂਲਰ ਹੋਣ ਦਾ ਦਿਖਾਵਾ ਕਰਦਿਆਂ ਉਹਦੀ ਟਰੋਲਿੰਗ ਕਰਨਾ ਹੀ ਹੈ।

ਪੱਤਰਕਾਰੀ ਚੋਣਵੀਂ ਨਹੀਂ ਹੋ ਸਕਦੀ। ਤੁਸੀਂ ਇਹ ਮਾਪਦੰਡ ਨਹੀਂ ਰੱਖ ਸਕਦੇ ਕਿ ਇਹ ਫਿਰਕੂ ਹੈ।ਇਹਦੀ ਪੱਤਰਕਾਰੀ ਨਹੀਂ ਹੋ ਸਕਦੀ। ਪੱਤਰਕਾਰੀ ਨੇ ਹਰ ਪੱਖ ਨੂੰ ਦਰਜ ਕਰਨਾ ਹੈ। ਇਹ ਜ਼ਰੂਰੀ ਵੀ ਹੈ। ਹਾਂ ਜ਼ਹਿਰ ਨਹੀਂ ਗਲੱਛਿਆ ਜਾ ਸਕਦਾ ਪਰ ਵਿਰੋਧੀ ਸੁਰ ਨੂੰ ਤੁਸੀਂ ਇਹ ਮਾਪਦੰਡ ਵਿਚ ਨਹੀਂ ਰੱਖ ਸਕਦੇ ਕਿ ਇਹ ਸਮਾਜ ਵਿਰੋਧੀ ਹੈ। ਬਾਕੀ ਗੱਲਾਂ ਨੂੰ ਤਰਤੀਬ ਵਿੱਚ ਰੱਖਣ ਲਈ ਸੰਪਾਦਕੀ ਪਹੁੰਚ ਬਣਾਉਣੀ ਬਹੁਤ ਜ਼ਰੂਰੀ ਹੈ। ਸੋਸ਼ਲ ਮੀਡੀਆ ਚੈਨਲਾਂ ਦੇ ਢਾਂਚੇ ਵਿੱਚ ਸੰਪਾਦਕੀ ਪੁੰਨਛਾਣ ਅਤੇ ਕਾਬੂ ਹੋਣਾ ਬਹੁਤ ਜ਼ਰੂਰੀ ਹੈ।

ਪੰਜਾਬ ਸਰਕਾਰ ਨੇ ਮੌਕੇ ਤੇ ਜੋ ਬਿਹਤਰ ਹੋ ਸਕਦਾ ਸੀ ਉਹ ਕੀਤਾ।ਪਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਇਸ ਨਜ਼ਰੀਏ ਤੋਂ ਜ਼ਰੂਰ ਬਣਦੀ ਹੈ ਕਿ ਇਸ ਘਟਨਾ ਬਾਰੇ ਪਹਿਲਾਂ ਤੋਂ ਚਰਚਾ ਸੀ। ਸੋ ਸਮੇਂ ਤੋਂ ਪਹਿਲਾਂ ਸ਼ਿਵ ਸੈਨਾ ਜਥੇਬੰਦੀ ਨੂੰ ਸੱਦ ਅਤੇ ਦੂਜੇ ਪਾਸੇ ਇਸ ਰੈਲੀ ਦਾ ਵਿਰੋਧ ਕਰਦਿਆਂ ਨੂੰ ਸੱਦਾ ਦੇ ਗੱਲਬਾਤ ਹੋ ਸਕਦੀ ਸੀ। ਸ਼ਿਵ ਸੈਨਾ ਨੂੰ ਤਾੜਣਾ ਪੈ ਸਕਦੀ ਸੀ।ਆਗੂਆਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਸੀ।

ਪੰਜਾਬ ਵਿੱਚ ਲੈ ਦੇਕੇ ਗਰਮ ਖਿਆਲੀ ਕਹਿਕੇ ਸਿੱਖਾਂ ਨੂੰ ਹੀ ਅਖੀਰ ਸਾਰੀ ਗੱਲ ਦਾ ਜ਼ਿੰਮੇਵਾਰ ਐਲਾਨਣ ਤੋਂ ਪਹਿਲਾਂ ਇਹ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ 'ਤੇ ਇਹ ਮਾਹੌਲ ਪੈਦਾ ਕਰਨ ਦੀਆਂ ਘਟਨਾਵਾਂ ਕੀ ਹਨ।
ਆਰ ਐੱਸ ਅੇੱਸ ਦੀ ਇਕਾਈ ਰਾਸ਼ਟਰੀ ਸਿੱਖ ਸੰਗਤ 24 ਨਵੰਬਰ 1986 ਨੂੰ ਬਣਦੀ ਹੈ। ਇਸ ਤੋਂ ਪਹਿਲਾਂ 1985 ਵਿਚ ਹਿੰਦੂ-ਸਿੱਖ ਸਾਂਝ ਦੀ ਬਕਾਇਦਾ ਕਿਤਾਬ ਪ੍ਰਕਾਸ਼ਿਤ ਕਰਦੇ ਹਨ। ਇਸ ਕਿਤਾਬ ਨੂੰ ਰਾਸ਼ਟਰੀ ਸਵਯਮ ਸੇਵਕ ਨਾਲ ਜੁੜੇ ਇਤਿਹਾਸਕਾਰ ਰਾਮ ਸਵਰੂਪ ਲਿਖਦੇ ਹਨ। ਇਹਦਾ ਮੁੱਖ ਬੰਦ ਸੀਤਾ ਰਾਮ ਗੋਇਲ ਨੇ ਲਿਖਿਆ ਹੈ।

ਇਸ ਵਿੱਚ ਭਗਤੀ ਮੁਵਮੈਂਟ ਨੂੰ ਵੇਦਾਂ ਇਤਿਹਾਸ ਪੁਰਾਣਾ ਧਰਮ ਸ਼ਾਸਤਰਾਂ ਦੇ ਪ੍ਰਤੀ ਮੁੜ ਜਾਗ੍ਰਿਤੀ ਦਾ ਨਾਮ ਦਿੰਦੇ ਹਨ। ਇਸ ਦੌਰਾਨ ਉਹ ਪੂਰੀ ਬੌਧਿਕ ਬੇਈਮਾਨੀ ਦੇ ਨਾਲ ਇਹ ਸਿੱਧ ਕਰਦੇ ਹਨ ਕੀ ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਵੀ ਆਪਣੇ ਖਿੱਤੇ ਦੀ ਇਹ ਜ਼ਿੰਮੇਵਾਰੀ ਨਿਭਾ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੇਵਾਂ ਵੇਦ ਦਸਦੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਨੂੰ ਉਹੋ ਅਜਿਹਾ ਬੰਦਾ ਐਲਾਨਦੇ ਹਨ ਜਿੰਨੇ ਹਿੰਦੂ ਸਿੱਖ ਸਾਂਝ ਨੂੰ ਵਲੂੰਧਰਿਆ ਹੈ। ਮਾਕਸ ਆਰਥਰ ਮੈਕਾਲਿਫ਼ ਨੂੰ ਉਹ ਬਰਤਾਨਵੀ ਸਰਕਾਰ ਦਾ ਏਜੰਟ ਦੱਸਦੇ ਹਨ।

ਇਤਿਹਾਸ ਦੀਆਂ ਘਟਨਾਵਾਂ ਦੀ ਤਰਤੀਬ ਉਨ੍ਹਾਂ ਨੇ ਉਹੋ ਰੱਖੀ ਜੋ ਇਤਿਹਾਸ ਹੈ ਪਰ ਉਹਨੂੰ ਬਿਆਨ ਕਰਨ ਵੇਲੇ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਇਤਿਹਾਸ ਬਿਆਨ ਕਰਦਿਆਂ ਭਰਿਸ਼ਟ ਪਹੁੰਚ ਵਿਖਾ ਦਿੱਤੀ।

ਇੰਝ ਹੀ ਪੰਜਾਬ ਚ ਮੁੰਬਈ ਦੀ ਸ਼ਿਵ ਸੈਨਾ ਦੀ ਤਰਜ ਤੇ ਹਿੰਦੂ ਜਥੇਬੰਦੀਆਂ ਦਾ ਵਿਕਾਸ ਹੋਇਆ ਅਤੇ ਇਹਨਾਂ ਜਥੇਬੰਦੀਆਂ ਦੀ ਭਾਵਨਾ ਵਤਨਪ੍ਰਸਤੀ ਦੀ ਨਹੀਂ ਸਗੋਂ ਫਿਰਕਾਪ੍ਰਸਤੀ ਦੀ ਵਧੇਰੇ ਹੈ। ਖੱਬੇਪੱਖੀਆਂ ਦੇ ਕਈ ਧੜਿਆਂ ਦੀ ਪਹੁੰਚ ਵੀ ਪੰਜਾਬ ਦੇ ਮਸਲਿਆਂ ਲਈ ਖੜ੍ਹੇ ਸਿੱਖਾਂ ਨੂੰ ਫਿਰਕਾਪ੍ਰਸਤ ਐਲਾਨਣ ਤੱਕ ਹੈ। ਇਸ ਵਰਤਾਰੇ ਵਿੱਚ ਦਸਤਾਵੇਜ਼ੀ ਬਣਾਉਂਦੇ ਆਨੰਦ ਪਟਵਰਦਣ ਤੱਕ ਸ਼ਖਸੀਅਤਾਂ ਵੀ ਟਪਲਾ ਖਾਂਧੀਆਂ ਹਨ।ਜਿੰਨ੍ਹਾ ਫਿਲਮ ਬਣਾਉਣ ਵੇਲੇ ਪੰਜਾਬ ਸੰਘਰਸ਼ ਦੇ ਦੂਜੇ ਪਾਸੇ ਖੜ੍ਹੇ ਨੌਜਵਾਨ ਸਿੱਖ ਮੁੰਡਿਆਂ ਨੂੰ ਪਹਿਲਾਂ ਤੋਂ ਆਪਣੀ ਬਣਾਈ ਧਾਰਨਾ ਵਿੱਚ ਹੀ ਵੇਖਕੇ ਨਤੀਜੇ ਮੁਤਾਬਕ ਰਿਕਾਰਡ ਕੀਤਾ।

ਇਸ ਮਾਹੌਲ ਨੂੰ ਸਮਝਣ ਦੀ ਦੂਜੀ ਮਿਸਾਲ ਇਹ ਕਿ ਪੰਜਾਬ ਪੁਲਿਸ ਨੇ ਦਲਿਤ ਸੁਰਕਸ਼ਾ ਸੈਨਾ ਦੀ ਸ਼ਕਾਇਤ 'ਤੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ 'ਤੇ ਦੇਸ਼ ਧ੍ਰੋਹ ਦਾ ਪਰਚਾ ਕੀਤਾ ਸੀ।

ਪਿਛਲੇ ਸਾਲ ਇਸੇ ਦਲਿਤ ਸੁਰਕਸ਼ਾ ਸੈਨਾ ਨੇ ਪੁਲਿਸ ਨੂੰ ਸੁਧੀਰ ਸੂਰੀ ਨੂੰ ਮਿਲੀ ਪੁਲਿਸ ਦੀ ਫੌਜ ਵਾਪਸ ਲੈਣ ਲਈ ਕਿਹਾ ਸੀ। ਪਰ ਦਲਿਤ ਸੁਰਕਸ਼ਾ ਸੈਨਾ ਦੀ ਇਹ ਗੱਲ ਨਹੀਂ ਮੰਨੀ ਗਈ। ਭਾਵੇਂ ਕਿ ਸੂਰੀ 'ਤੇ ਬੀਬੀਆਂ, ਦਲਿਤਾਂ, ਮੁਸਲਮਾਨਾਂ ਅਤੇ ਸਿੱਖਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਛੇ ਪਰਚੇ ਨੇ। ਦਲਿਤ ਸੁਰਕਸ਼ਾ ਸੈਨਾ ਦਾ ਕਹਿਣਾ ਕਿ ਦਲਿਤ ਹੋਣ ਕਰਕੇ ਸੂਰੀ ਦੇ ਮਸਲੇ 'ਚ ਪੁਲਿਸ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ।

ਦਿਲਚਸਪ ਗੱਲ ਇਹ ਹੈ ਕਿ ਉਹਨਾਂ ਸਾਲਾਂ ਵਿੱਚ ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਐਮ ਐਲ ਏ ਸਿਮਰਜੀਤ ਸਿੰਘ ਬੈਂਸ ਦੀ ਸਕਿਉਰਿਟੀ ਵਾਪਸ ਲੈ ਲਈ ਸੀ। ਪੁਲਿਸ ਦਾ ਕਹਿਣਾ ਸੀ ਕਿ ਬੈਂਸ ਦੇ ਨਿਹੰਗਾਂ ਬਾਰੇ ਇਕ ਬਿਆਨ ਨੇ ਪੁਲਿਸ ਦੇ ਹਿਰਦੇ ਵਲੂੰਧਰ ਦਿੱਤੇ ਸਨ। ਬੈਂਸ ਦੇ ਬਿਆਨ ਤੋਂ ਦੁਖੀ ਹੋ ਕੇ ਸਕਿਉਰਿਟੀ ਵਾਪਸ ਲੈ ਲਈ ਗਈ।

ਪਰ ਸੂਰੀ ਦੀ ਨਫ਼ਰਤ ਭਰੀ ਜ਼ੁਬਾਨ ਨਾਲ ਪੁਲਿਸ ਜਾਂ ਸਰਕਾਰ ਦਾ ਹਿਰਦਾ ਨਹੀਂ ਵਲੂੰਧਰਿਆ ਜਾਂਦਾ। ਇਸੇ ਕਰਕੇ ਪਰਚਾ ਦਰ ਪਰਚਾ ਹੋਣ ਤੋਂ ਬਾਅਦ ਵੀ ਸੂਰੀ ਕੋਲ ਪੰਜਾਬ ਦੇ ਹਰੇਕ ਐਮਐਲਏ ਨਾਲੋਂ ਜ਼ਿਆਦਾ ਸਕਿਉਰਿਟੀ ਹੈ।ਸੂਰੀ ਜਿਹੇ ਜਥੇਬੰਦੀ ਆਗੂ 8-8 ਕੇਸ ਭੁਗਤਦੇ 15 ਸੁੱਰਖਿਆ ਗਾਰਡਾਂ ਦੀ ਸਕਿਓਰਟੀ ਲਈ ਬੈਠੇ ਹਨ।

ਪੰਜਾਬ ਨੂੰ ਆਪਣੇ ਵਿਤਕਰੇ ਦੀ ਪੜਚੋਲ ਕਰਦਿਆਂ ਜੇ ਸਿਖਸ ਫਾਰ ਜਸਟਿਸ ਤੋਂ ਕਿਨਾਰਾ ਕਰਨ ਦੀ ਜ਼ਰੂਰਤ ਬਣਦੀ ਹੈ ਤਾਂ ਇੱਥੋਂ ਦੇ ਹਿੰਦੂ ਨੂੰ ਵੀ ਪੰਜਾਬ ਦੇ ਨਾਲ ਖੜ੍ਹਣ ਦੀ ਸਮਝ ਬਣਾਉਣੀ ਪਵੇਗੀ। ਇਹ ਖੜ੍ਹਣ ਦਾ ਅਰਥ ਫਿਕਰਾਪ੍ਰਸਤੀ ਤੋਂ ਮਨਫੀ ਕਰਨਾ ਪਵੇਗਾ। ਸਿੱਖਾਂ ਦੀ ਦਲੀਲ ਅਜਿਹੇ ਚ ਵਾਜਬ ਵੀ ਬਣ ਜਾਂਦੀ ਹੈ ਕਿਉਂ ਕਿ ਕਈ ਮਸਲਿਆਂ ਤੇ ਪੰਜਾਬ ਦਾ ਹਿੰਦੂ ਇਹਨੂੰ ਸਿੱਖਾਂ ਦਾ ਮਸਲਾ ਮੰਨ ਕਿਨਾਰਾ ਕਰ ਜਾਂਦਾ ਹੈ।

ਕੱਲ੍ਹ ਹੋਈ ਘਟਨਾ ਤੋਂ ਬਾਅਦ ਹਰੀਸ਼ ਸਿੰਗਲਾਂ ਖਿਲਾਫ ਹਿੰਦੂ ਭਾਈਚਾਰੇ ਦੇ ਬੰਦਿਆਂ ਨੇ ਵਿਰੋਧ ਕਰਕੇ ਮਿਸਾਲ ਪੇਸ਼ ਕੀਤੀ ਹੈ। ਕੱਲ੍ਹ ਦੀ ਦਰਜ ਹੋਈਆਂ ਘਟਨਾਵਾਂ ਚ ਸਿੱਖ ਜਥੇਬੰਦੀਆਂ ਦੇ ਬਿਆਨ ਦਰਜ ਹਨ ਕਿ ਉਹਨਾਂ ਦਾ ਵਿਰੋਧ ਹਿੰਦੂਆਂ ਨਾਲ ਨਹੀਂ ਸ਼ਿਵ ਸੈਨਾ ਦੇ ਸੱਦੇ ਨਾਲ ਹੈ ਜੋ ਸਿੱਖਾਂ ਨੂੰ ਭੜਕਾਉਂਦਾ ਹੈ। ਪਟਿਆਲੇ ਦਾ ਕਾਲੀ ਮਾਤਾ ਮੰਦਿਰ ਕੱਲਕਤੇ ਤੋਂ ਮਿੱਟੀ ਲਿਆ ਮੂਰਤੀ ਸਥਾਪਿਤ ਕਰਨ ਵਾਲਾ ਕੋਈ ਹਿੰਦੂ ਨਹੀਂ ਮਹਾਰਾਜਾ ਪਟਿਆਲਾ ਹੀ ਸੀ। ਪੰਜਾਬ ਦੀ ਪੁਰ ਸਕੂਨ ਅਤੇ ਬੇਇਨਸਾਫੀ ਖਿਲਾਫ ਨਿੱਤਰਦੀ ਜ਼ੁਬਾਨ ਨੂੰ ਸਮਝਣਾ ਚਾਹੀਦਾ ਹੈ।

ਇੱਕ ਤੱਥ ਇਹ ਵੀ ਹੈ ਫਿਲਹਾਲ ਕਿ ਸ਼ਿਵ ਸੈਨਾ ਬਾਲ ਠਾਕਰੇ ਨੇ 20 ਅਪ੍ਰੈਲ ਨੂੰ ਹੀ ਸਿੰਗਲੇ ਦਾ ਵਿਰੋਧ ਕਰ ਦਿੱਤਾ ਸੀ ਇਸ ਮਸਲੇ 'ਤੇ ਅਤੇ ਉਹਦੇ ਸੱਦੇ ਤੋਂ ਵੱਖ ਕਰ ਲਿਆ ਸੀ। ਗੁਰਪਤਵੰਤ ਸਿੰਘ ਪੰਨੂ ਦੇ ਕਈ ਐਕਸ਼ਨ ਸ਼ੱਕੀ ਰਹੇ ਹਨ। ਇਹ ਪੈਸੇ ਦਾ ਲਾਲਚ ਦੇ ਝੰਡਾ ਲਹਿਰਾਉਣ ਨੂੰ ਜਾਂ ਅਰਦਾਸ ਕਰਾਉਣ ਦੀ ਗੱਲ ਕਰਦਾ ਹੈ ਤਾਂ ਇਹ ਵੀ ਇੱਕ ਤਰ੍ਹਾਂ ਸਿੱਖਾਂ ਦੀ ਇੱਕ ਤਰ੍ਹਾਂ ਕਿਰਦਾਰ ਕੁਸ਼ੀ ਕਰਨ ਵਰਗਾ ਹੀ ਕੰਮ ਹੈ।

ਤਖ਼ਤ ਅਕਾਲ ਤਖ਼ਤ ਸਾਹਿਬ 'ਤੇ ਹਰ ਸਾਲ 84 ਘੱਲੂਘਾਰੇ ਦੀ ਅਰਦਾਸ ਹੁੰਦੀ ਰਹੀ ਹੈ, ਇਹ ਕਿਸੇ ਲਾਲਚ ਦੀ ਥਾਂ ਨਿਰੋਲ ਜਬਰ ਦਾ ਵਿਰੋਧ ਕਰਨ ਦੀ ਭਾਵਨਾ ਹੈ ਪਰ ਪੰਨੂ ਦੇ ਐਕਸ਼ਨ ਵਿੱਚ ਇਸ ਗੱਲ ਨੂੰ ਪੈਸੇ ਦੇ ਨਾਲ ਜੋੜ ਕੇ ਪਰਚਾਰ ਕਰਨਾ ਸਿੱਖ ਨੌਜਵਾਨਾਂ ਦੀ ਕਿਰਦਾਰਕੁਸ਼ੀ ਵਰਗਾ ਹੀ ਕਾਰਾ ਰਿਹਾ ਹੈ।

ਖੈਰ ਇਸ ਵਿੱਚ ਸਿੱਖਾਂ ਨੂੰ, ਹਿੰਦੂਆਂ ਨੂੰ ਅਤੇ ਹੁਣ ਉੱਤਰ ਪ੍ਰਦੇਸ਼ ਤੋਂ ਤਰਬੀਅਤ ਲੈਕੇ ਪੰਜਾਬ ਚ ਆਉਂਦੇ ਮੌਲਵੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਆਬੋ ਹਵਾ, ਵਿਰਾਸਤ, ਜ਼ੁਬਾਨ ਹੋਰ ਤਰ੍ਹਾਂ ਦੀ ਹੈ। ਸਾਡੀਆਂ ਧਾਰਨਾਵਾਂ ਵਿੱਚ ਮੁੱਢ ਕਦੀਮੀ ਇਤਿਹਾਸ ਹੈ।
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top