Share on Facebook

Main News Page

ਸ਼ਹਾਦਤ, ਕੁਰਬਾਨੀ ਅਤੇ ਬਲੀਦਾਨ ਦਾ ਅਰਥ
-: ਅਮਰਜੀਤ ਸਿੰਘ ਚੰਦੀ
17.02.2023
#KhalsaNews #Shahadat #Qurbani #Balidaan

ਬਹੁਤ ਸਾਰੇ ਭੈਣਾਂ ਵੀਰਾਂ ਦੇ ਲੇਖ ਪੜ੍ਹੀਦੇ ਹਨ, ਜਿਨ੍ਹਾਂ ਵਿਚੋਂ ਪੰਜਾਬੀ ਵਾਲਿਆਂ ਵਿਚ ਸ਼ਹਾਦਤ ਅਤੇ ਕੁਰਬਾਨੀ, ਹਿੰਦੀ ਵਾਲਿਆਂ ਵਿਚ ਸ਼ਹਾਦਤ ਅਤੇ ਬਲੀਦਾਨ ਨੂੰ, ਆਮ ਹੀ ਰਲ-ਗੱਡ ਕੀਤਾ ਹੁੰਦਾ ਹੈ, ਜੋ ਕਿ ਠੀਕ ਨਹੀਂ ਹੈ। ਇਨ੍ਹਾਂ ਤਿੰਨਾਂ ਲਫਜ਼ਾਂ ਦੇ ਅਰਥ ਵਿਚਾਰਦੇ ਹਾਂ, ਆਪਣੇ-ਆਪ ਸਾਰਾ ਕੁਝ ਸਾਫ ਹੋ ਜਾਵੇਗਾ।

ਸ਼ਹਾਦਤ : ਸ਼ਹਾਦਤ ਮੂਲ ਰੂਪ ਵਿੱਚ ਅਰਬੀ ਦਾ ਲਫਜ਼ ਹੈ, ਉਸ ਵਿਚੋਂ ਹੀ ਇਹ ਪੰਜਾਬੀ ਵਿਚ ਆਇਆ ਹੈ । ਇਸ ਦਾ ਅਰਥ ਹੈ ਸੱਚੀ ਗਵਾਹੀ। ਮੰਨਿਆ ਜਾਂਦਾ ਹੈ ਕਿ ਜਦ ਕਿਸੇ ਵਲੋਂ ਕੀਤਾ ਜਾਂਦਾ ਜ਼ੁਲਮ, ਸਭ ਹੱਦਾਂ ਪਾਰ ਕਰ ਜਾਵੇ ਅਤੇ ਉਸ ਦਾ ਮੁਕਾਬਲਾ ਕਰਨ ਦੀ ਸ਼ਕਤੀ ਨਾ ਹੋਵੇ, ਤਾਂ ਉਸ ਦੀ ਸ਼ਿਕਾਇਤ ਉਸ ਸਰਬ-ਸ਼ਕਤੀਮਾਨ ਕੋਲ ਕਰਨ ਲਈ, ਜੋ ਬੰਦਾ ਜ਼ਾਲਮ ਨਾਲ ਜੂਝਦਿਆਂ ਆਪਣਾ ਸਰੀਰ ਨਿਛਾਵਰ ਕਰ ਦੇਵੇ, ਉਸ ਬੰਦੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸ ਬੰਦੇ ਨੇ ਆਪਣਾ ਸਰੀਰ ਲਾ ਕੇ, ਜ਼ੁਲਮ ਕਰਣ ਵਾਲੇ ਦੇ ਵਿਰੁੱਧ ਪਰਮਾਤਮਾ ਕੋਲ ਗਵਾਹੀ (ਸ਼ਹਾਦਤ) ਦਿੱਤੀ ਹੈ।

ਇਹ ਸ਼ਹਾਦਤ ਨਿ-ਸਵਾਰਥ ਹੁੰਦੀ ਹੈ, ਇਸ ਪਿੱਛੇ ਸ਼ਹਾਦਤ ਦੇਣ ਵਾਲੇ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ, ਇਹ ਲੋਕਾਂ ਦੀ ਆਵਾਜ਼ ਹੁੰਦੀ ਹੈ। ਇਹ ਸਿਧਾਂਤ ਹਿੰਦੂਆਂ ਵਿੱਚ ਨਹੀਂ ਹੈ, ਇਸ ਲਈ ਹੀ ਇਸ ਦਾ ਸਮਾਨ-ਅਰਥੀ ਕੋਈ ਵੀ ਲਫਜ਼, ਹਿੰਦੀ ਜਾਂ ਸੰਸਕ੍ਰਿਤ ਵਿੱਚ ਨਹੀਂ ਹੈ, ਜਦ ਕਿ ਇਹ ਲਫਜ਼ ਵੀ ਅਤੇ ਸਿਧਾਂਤ ਵੀ, ਸਿੱਖਾਂ ਵਿਚ ਅਤੇ ਪੰਜਾਬੀ ਵਿਚ ਹੈ।

ਭਾਰਤ ਦੀ ਸਰਕਾਰ ਵੀ ਅੱਜ-ਕਲ, ਦੋ ਦੇਸ਼ਾਂ ਵਿਚ ਹੋਈ ਜੰਗ ਦੌਰਾਨ ਮਰਨ ਵਾਲਿਆਂ ਨੂੰ ਸ਼ਹੀਦ ਕਹਿਣ ਲਗ ਪਈ ਹੈ, ਤਾਂ ਜੋ ਇਸ ਭੁਲੇਖੇ ਵਿੱਚ, ਕਿ ਮੈਂ ਦੇਸ਼ ਲਈ ਸ਼ਹੀਦ ਹੋ ਰਿਹਾ ਹਾਂ, ਸਿਪਾਹੀ ਮਰਨੋਂ ਗੁਰੇਜ਼ ਨਾ ਕਰੇ। (ਜਦ ਕਿ ਅੱਜ ਤਕ ਕਿਸੇ ਨੇਤੇ ਨੂੰ ਅਜਿਹਾ ਕੋਈ ਭੁਲੇਖਾ ਨਹੀਂ ਪਿਆ, ਏਸੇ ਲਈ ਕੋਈ ਨੇਤਾ ਸ਼ਹੀਦ ਨਹੀਂ ਹੋਇਆ) ਬਸ ਉਹ ਆਮ ਜਨਤਾ ਨੂੰ ਹੀ ਸ਼ਹੀਦ ਕਰਵਾਉਣ ਵਿਚ ਵਿਸ਼ਵਾਸ ਰਖਦੇ ਹਨ। ਇਹ ਗੱਲ ਵੱਖਰੀ ਹੈ ਕਿ ਇਸ ਲਫਜ਼ ਦੀ ਗਰਿਮਾ ਹੰਢਾਉਣ ਲਈ, ਕਈ ਮਰ ਗਏ ਨੇਤਿਆਂ ਨੂੰ ਵੀ ਸ਼ਹੀਦ ਕਿਹਾ ਜਾਣ ਲਗ ਪਿਆ ਹੈ। ਹਿੰਦੂਆਂ ਨੇ ਆਪਣੇ ਸੁਭਾਅ ਮੁਤਾਬਕ, ਵਰਨ-ਵੰਡ ਦੀ ਤਰਜ਼ ਤੇ ਸ਼ਹੀਦਾਂ ਵਿਚ ਦਰਜੇ ਬਣਾ ਦਿੱਤੇ ਹਨ, ਜੋ ਫੌਜੀਆਂ ਦੇ ਮਰਨ ਮਗਰੋਂ ਉਨ੍ਹਾਂ ਨੂੰ ਦਿੱਤੇ ਸਨਮਾਨਾਂ ਵਿਚ ਆਮ ਵੇਖੇ ਜਾ ਸਕਦੇ ਹਨ। ਇਹ ਸਾਰਾ ਕੁਝ ਨਿ-ਸਵਾਰਥ ਨਾ ਹੋ ਕੇ ਦੇਸ਼ ਦੇ ਸਵਾਰਥ ਜਾਂ ਆਪਣੇ ਸਵਾਰਥ ਲਈ ਹੁੰਦਾ ਹੈ, ਇਸ ਲਈ ਇਸ ਨੂੰ ਸ਼ਹਾਦਤ ਜਾਂ ਸ਼ਹੀਦ ਕਹਿਣਾ, ਇਸ ਫਲਸਫੇ ਦੀ ਤੌਹੀਨ ਹੈ।

ਕੁਰਬਾਨੀ : ਕੁਰਬਾਨੀ ਫਾਰਸੀ ਦਾ ਲਫਜ਼ ਹੈ, ਜਿਸ ਦਾ ਮੂਲ ਕੁਰਬ ਹੈ, ਇਸ ਤੋਂ ਕੁਰਬਤ ਵੀ ਬਣਦਾ ਹੈ, ਅਰਥ ਹੈ ਨੇੜਤਾ। ਪਰਮਾਤਮਾ ਨੂੰ ਖੁਸ਼ ਕਰ ਕੇ ਉਸ ਦੀ ਨੇੜਤਾ ਹਾਸਲ ਕਰਨ ਲਈ, ਮੁਸਲਮਾਨਾਂ ਵਿਚ ਜਾਨਵਰਾਂ ਦੀ ਕੁਰਬਾਨੀ ਦੇਣ ਦਾ ਸਿਧਾਂਤ ਹੈ। ਪਰ ਸਿੱਖੀ ਵਿਚ ਅਜਿਹਾ ਕੋਈ ਸਿਧਾਂਤ ਨਹੀਂ ਹੈ। ਸਿੱਖੀ ਸਿਧਾਂਤ ਅਨੁਸਾਰ ਪਰਮਾਤਮਾ ਦੀ ਨੇੜਤਾ ਹਾਸਲ ਕਰਨ ਲਈ, ਪ੍ਰਭੂ ਤੋਂ ਸਦਕੇ ਹੋਇਆ ਜਾਂਦਾ ਹੈ, ਜਿਸ ਦਾ ਅਰਥ ਹੈ ਆਪਣੇ ਮਨ ਦੀ ਮੱਤ ਛੱਡ ਕੇ, ਗੁਰੂ ਦੀ ਮੱਤ ਲੈ ਕੇ ਉਸ ਅਨੁਸਾਰ ਪ੍ਰਭੂ ਦੀ ਰਜ਼ਾ ਵਿਚ ਚੱਲਣਾ, ਆਪਣੀਆਂ ਇਛਿਆਵਾਂ ਦਾ ਤਿਆਗ ਕਰਨਾ।

ਬਲੀਦਾਨ : ਕੁਰਬਾਨੀ ਦਾ ਹੀ ਸੰਸਕ੍ਰਿਤ ਜਾਂ ਹਿੰਦੀ ਵਿੱਚ ਬਦਲਵਾਂ ਰੂਪ ਹੈ ਬਲੀਦਾਨ,ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਲਫਜ਼ ਬਲੀ ਨਾਲ ਸਬੰਧਿਤ ਹੈ। ਹਿੰਦੂ ਲੋਕ ਆਪਣੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ, ਯੱਗਾਂ ਆਦਿ ਦੇ ਵੇਲੇ ਜਾਨਵਰਾਂ ਦੀ ਬਲੀ ਦਿੰਦੇ ਸਨ ਅਤੇ ਹਨ। ਇਸ ਬਲੀ ਵਿੱਚ, ਬਲੀਦਾਨ ਵਿਚ ਕਿਸੇ ਵੇਲੇ ਬੰਦਿਆਂ ਦੀ ਵੀ ਬਲੀ ਦਿੱਤੀ ਜਾਂਦੀ ਸੀ, ਪਰ ਖਾਸੀਅਤ ਇਹ ਸੀ ਕਿ ਉਹ ਵੀ ਦੂਸਰਿਆਂ ਦੀ ਹੀ ਦਿੱਤੀ ਜਾਂਦੀ ਸੀ, ਆਪਣੀ ਨਹੀਂ।

ਇਹ ਕੋਈ ਅਜਿਹੀ ਕਿਰਿਆ ਨਹੀਂ ਜਿਸ ਨੂੰ ਸਿੱਖੀ ਵਿਚ ਸਨਮਾਨ ਦੀ ਨਿਗਾਹ ਨਾਲ ਵੇਖਿਆ ਜਾ ਸਕੇ।

ਸੋ, ਸਿੱਖ ਲੇਖਕਾਂ ਨੂੰ ਬੇਨਤੀ ਹੈ ਕਿ ਇਸ ਗੱਲ ਦਾ ਭਲ਼ੀ-ਭਾਂਤ ਧਿਆਨ ਰੱਖਣ ਕਿ ਗੁਰੂ ਸਾਹਿਬਾਂ ਨਾਲ, ਜਾਂ ਸਿੱਖਾਂ ਨਾਲ ਕੁਰਬਾਨੀ (ਜੋ ਅਕਸਰ ਹੀ ਪੰਜਾਬੀ ਦੇ ਲੇਖਕ, ਬੇ-ਧਿਆਨੇ ਵਰਤ ਜਾਂਦੇ ਹਨ) ਅਤੇ ਬਲੀਦਾਨ (ਜੋ ਅਕਸਰ ਹੀ ਹਿੰਦੀ ਦੇ ਲੇਖਾਂ ਵਿੱਚ ਵਰਤਿਆ ਜਾਂਦਾ ਹੈ) ਲਫਜ਼ਾਂ ਦੀ ਵਰਤੋਂ ਤੋਂ ਗੁਰੇਜ਼ ਕਰਨ, ਇਨ੍ਹਾਂ ਲਫਜ਼ਾਂ ਦੀ ਵਰਤੋਂ ਕਰਨਾ ਸ਼ੋਭਾ ਨਹੀਂ ਦਿੰਦਾ, ਕਿਉਂਕਿ ਇਸ ਨਾਲ ਵਡਿਆਈ ਦੀ ਥਾਂ ਨਿਰਾਦਰੀ ਦਾ ਬੋਧ ਹੁੰਦਾ ਹੈ, ਅਸਲੀ ਲਫਜ਼ ਸ਼ਹੀਦੀ ਜਾਂ ਸ਼ਹਾਦਤ ਦੀ ਵਰਤੋਂ ਕੀਤੀ ਜਾਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top