ਮਿਸ਼ਨਰੀ
ਪ੍ਰਚਾਰਕ ਵੀਰ ਭਾਈ ਅਮਰੀਕ ਸਿੰਘ 'ਤੇ ਹੋਇਆ ਹਮਲਾ ਹਰ ਗੁਰਮਤਿ ਪ੍ਰਚਾਰਕ ਨੂੰ ਜਾਗਣ ਲਈ
ਇਕ ਦਸਤਕ ਹੈ। ਭਲਿਓ ਦਿਲ ਦੀਆਂ ਗਹਿਰਾਈਆਂ ਵਿਚੋਂ ਜਾਂ ਕੇਵਲ ਦਿਖਾਵੇ ਮਾਤਰ ਦੁਖ
ਜ਼ਾਹਿਰ ਕਰਨ ਨਾਲ ਇਸਦਾ ਕੋਈ ਹੱਲ ਨਹੀਂ।
ਯਾਦ ਰੱਖੋ ਹਰ ਕਿਸੇ ਦੇ ਸਿਰ ਦੀ ਪੱਗ ਨੂੰ ਖਤਰਾ ਹੈ, ਪੱਗ
ਪੱਗ ਨਹੀਂ, ਪੱਗ ਵਿੱਚ ਸਿੱਖ ਦਾ ਸਿਰ ਹੈ, ਜਿਸ ਸਿਰ ਵਿਚੋਂ ਗੁਰੂ ਸ਼ਬਦ ਦੇ
ਗੁਰਮਤਿ ਗਿਆਨ ਦੀ ਆਵਾਜ਼ ਆਉਂਦੀ ਹੈ। ਬੱਸ ਕੁਛ ਲੋਕ ਇਹ ਆਵਾਜ਼ ਹੀ ਬੰਦ ਕਰਨਾ ਚਾਹੁੰਦੇ ਹਨ।
ਪਿਛਲੇ ਸਮੇਂ ਨੇੜ ਬੀਤੇ ਵਿੱਚ ਭਾਈ ਅਮਰੀਕ ਸਿੰਘ ਜੀ ਨਾਲ ਅਤੇ
ਕੁੱਛ ਹੋਰ ਮਿਸ਼ਨਰੀ ਪ੍ਰਚਾਰਕ ਵੀਰਾਂ ਨਾਲ ਵੀਚਾਰਾਂ ਹੋਈਆਂ ਸਨ। ਉਹਨਾ ਸਭ ਵੀਰਾਂ
ਨੂੰ ਯਾਦ ਹੋਵੇਗਾ, ਮੈਂ ਬੇਨਤੀ ਕੀਤੀ ਸੀ ਅਤੇ ਅੱਜ ਭੀ ਦੋਬਾਰਾ ਕਰਦਾ ਹਾਂ, ਵੀਰੋ ਮੇਰਾ
ਮਤਲਬ ਇਹ ਨਹੀਂ ਕਿ ਆਪਾਂ ਲਾਠੀਆਂ ਕਿਰਪਾਨਾਂ ਕੱਢੀਏ।
1- ਇੱਕ ਤਾਂ ਇਨ੍ਹਾਂ ਕੋਲੋਂ ਡਰਦੇ ਆਪਣੇ
ਤੇ ਗੁਰੂ ਦੇ ਦਰਮਿਆਨ ਹੋਰ ਗ੍ਰੰਥਾਂ ਪੰਥਾਂ ਦੀ ਦੁਬਿਧਾ ਦੂਰੀ ਨਾ ਬਣਾਈ ਰਖੀਏ,
ਬਾਬਾ ਦੀਪ ਸਿੰਘ ਜੀ ਵਾਂਗੂੰ ਲਕੀਰ ਖਿਚੀਏ, ਕਿ ਅਸੀਂ ਇੱਕੋ ਇੱਕ ਸ਼ਬਦ ਗੁਰੂ ਗੁਰੂ ਗ੍ਰੰਥ
ਸਾਹਿਬ ਦੇ ਸਿੱਖ ਹਾਂ। ਸਾਡੇ ਲਈ ਸਭ ਕੁੱਛ ਗੁਰੂ ਗ੍ਰੰਥ ਸਹਿਬ ਜੀ ਵਿੱਚ ਹੈ। ਵੀਰੋ ਹੁਣ
ਬਹੁਤੀਆਂ ਸਟੇਜਾਂ ਅਤੇ ਪ੍ਰੋਗਰਾਮਾਂ ਦੀ ਆਸ ਨਾ ਰੱਖੋ ਕਿਉਂਕਿ ਸੱਚ ਇਹ ਹੈ ਕੇ 99%
ਗੁਰਦੁਆਰੇ ਕਮੇਟੀਆਂ ਵਿੱਚ ਨਾਗਪੁਰੀ ਸੈਲ ਕਾਇਮ ਹੋ ਚੁਕੇ ਹਨ, ਜਿਹਨਾ ਨੇ ਵਾਹ ਲਗਦੀ ਗੁਰੂ
ਸਿਧਾਂਤ ਦੀ ਗੱਲ ਨਹੀਂ ਹੋਣ ਦੇਣੀ।
2- ਦੂਜਾ ਇਸ ਬੁਰਛਾ ਗਰਦੀ ਦੇ ਸਮੇਂ
ਵਿੱਚ ਸੱਚ ਦਾ ਪ੍ਰਚਾਰ ਕਿਵੇਂ ਕਰਨਾ ਹੈ, ਮਿਲ ਬੈਠ ਕੇ ਵੀਚਾਰ ਨਾਲ ਜੁਗਤ ਬਣਾਈਏ,
ਪਰ ਘਬਰਾ ਕੇ ਇਨ੍ਹਾਂ ਸਿੱਖੀ ਨਕਾਬ ਵਿੱਚ ਦਿਸਦੇ ਕੁਛ ਲੋਕਾਂ ਦਾ ਆਸਰਾ ਲੈਣਾ ਤਾਂ ਇਉਂ
ਹੀ ਹੈ, ਜਿਵੇਂ ਕਿਸੇ ਵੀਚਾਰਵਾਨ ਨੇ ਕਿਹਾ ਹੈ
ਐਸੇ ਬੇਹਵਾਸ਼ ਹੂਏ ਆਂਧੀਓ ਸੇ ਲੋਕ
ਜੋ ਪੇਡ ਖੋਖਲੇ ਥੇ ਉਨਹੀ ਸੇ ਲਿਪਟ ਗਏ।