Share on Facebook

Main News Page

ਕੌੜਾ ਸੱਚ
-: ਪ੍ਰੋ. ਦਰਸ਼ਨ ਸਿੰਘ ਖਾਲਸਾ
25 Jun 2018

ਅੱਜ ਨਸ਼ਿਆਂ ਦੇ ਦੈਂਤ ਦਾ ਮਾਰੂ ਹਮਲਾ ਸਾਡੇ ਵੇਹੜੇ ਜ਼ੁਲਮ ਦਾ ਅਤਿ ਡਰਾਉਣਾ ਚੇਹਰਾ ਲੈਕੇ ਆ ਗਿਆ। ਹਰ ਪਾਸੇ ਜਵਾਨੀ ਦੀ ਮੌਤ ਦਾ ਬਿਗਲ ਸੁਣਾਈ ਦੇ ਰਿਹਾ ਹੈ, ਬਿਰਧ ਮਾਵਾਂ ਅਤੇ ਬੁੱਢੇ ਬਾਪ ਦੇ ਬੁਢੇਪੇ ਦੀ ਡੰਗੋਰੀ ਟੁੱਟ ਗਈ, ਖੁਸ਼ੀਆਂ ਦੇ ਸੁਪਣੇ ਵਿੱਚ ਪਤਨੀਆਂ ਦੇ, ਡੋਲੀ ਚੜਦੀਆਂ ਭੈਣਾਂ ਦੇ ਗੀਤ, ਦਰਦ ਭਰੇ ਵੈਣਾਂ ਵਿੱਚ ਬਦਲ ਰਹੇ ਨੇ। ਪੰਜਾਬ ਖੁਸ਼ੀਆਂ ਦੇ ਦਫਨ ਹੋ ਰਹੇ ਸੁਪਨਿਆਂ ਦਾ ਕਬਰਸਤਾਨ ਬਣ ਰਿਹਾ ਹੈ। ਅਸੀਂ ਇਸ ਕਬਰਸਤਾਨ ਵਿੱਚ ਖਲੋਤੇ ਅੱਜ ਭੀ ਅਸਲ ਮੁੱਦੇ ਨੂੰ ਪਛਾਨਣ ਦੀ ਥਾਵੇਂ ਰਾਜਨੀਤਕ ਬੋਲੀ ਵਿਚ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀ ਹੀ ਕਰ ਰਹੇ ਹਾਂ।

ਭਲਿਓ CM ਭਾਵੇਂ ਬਾਦਲ ਹੋਵੇ ਤੇ ਭਾਵੇਂ ਕੈਪਟਨ ਹੋਵੇ, ਕਿਸੇ ਨੇ ਨਸ਼ੇ ਬੰਦ ਨਹੀਂ ਕਰਨੇ ਅਤੇ ਨਾ ਕੀਤੇ ਹਨ, ਸਰਕਾਰਾਂ ਨੂੰ ਟੈਕਸ ਚਾਹੀਦਾ ਹੈ ਜਿਹੜਾ ਸਭ ਤੋਂ ਵੱਧ ਸ਼ਰਾਬ ਸਿਗਰਟ ਆਦਿ ਨਸ਼ਿਆਂ ਤੋਂ ਮਿਲਦਾ ਹੈ, ਠੇਕਿਆਂ ਦੀ ਨੀਲਾਮੀ ਵੇਲੇ ਵੇਖ ਲਿਆ ਕਰੋ। ਜਿਹਨਾ ਨੇ ਇਨ੍ਹਾਂ ਨਸ਼ਿਆਂ ਤੋਂ ਆਪਣੇ ਘਰ ਭਰਨੇ ਹਨ, ਭਾਂਵੇ ਸੁਖਬੀਰ ਹੋਵੇ ਤੇ ਭਾਵੇਂ ਮਜੀਠੀਆ ਹੋਵੇ, ਉਹ ਕਦੋਂ ਪੰਜਾਬ ਨੂੰ ਨਸ਼ਾ ਮੁਕਤ ਚਾਹੁਣਗੇ? ਇਹੋ ਕਾਰਣ ਹੈ ਭਲਿਓ ਤੁਸੀ ਤਾਂ ਅਜੇ ਤੱਕ ਆਪਣੇ ਧਾਰਮਿਕ ਸ਼ਹਿਰਾਂ ਨੂੰ ਨਸ਼ਾ ਮੁਕਤ ਪਵਿੱਤਰ ਨਹੀਂ ਬਣਾ ਸੱਕੇ, ਸੱਚਾਈ ਇਹ ਹੈ ਕਿ ਨਸ਼ੇ ਦੀ ਭੇਟ ਚੜੇ ਜਵਾਨ ਪੁੱਤਰਾਂ ਦੀਆਂ ਮਾਵਾਂ ਤਾਂ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਭੀ ਵੈਣ ਪਾਉਂਦੀਆਂ ਸੁਣੀਆਂ ਜਾ ਸਕਦੀਆਂ ਹਨ।

ਸੋਚੋ ਜਿਨ੍ਹਾਂ ਦੇ ਘਰ ਖਜ਼ਾਨੇ ਭਰ ਰਹੇ ਹਨ, ਉਹ ਪੰਜਾਬ ਨੂੰ ਨਸ਼ਾ ਮੁਕਤ ਕਰਣਗੇ? ਨਹੀਂ ਉਨ੍ਹਾਂ ਦੀ ਰਾਜਸੀ ਸ਼ਕਤੀ ਦੀ ਬੁੱਕਲ ਵਿੱਚ ਛੁਪੇ ਹੋਇ ਲੋਕਾਂ ਨੇ ਹੀ ਤਾਂ ਸਕੂਲਾਂ ਕਾਲਜਾਂ ਵਿੱਚ ਪਹੁੰਚ ਕਰਕੇ ਪੰਜਾਬ ਦੀ ਜਵਾਨੀ ਨੂੰ ਇਸ ਪਾਸੇ ਤੋਰਿਆ ਹੈ ਤੁਸੀਂ ਉਹਨਾ ਕੋਲੋਂ ਹੀ ਨਸ਼ਾ ਮੁਕਤੀ ਦੀ ਮੰਗ ਕਰਦੇ ਹੋ।

ਦੂਜਾ ਪੱਖ - ਜਿਹੜੇ ਲੋਕ ਜ਼ਾਲਮ ਸਾਜਸ਼ਾਂ ਦੀ ਪਕੜ ਵਿੱਚ ਨਸ਼ੇ ਅਤੇ ਹੋਰ ਘਿਨਾਉਣੇ ਨਸ਼ਿਆਂ ਦੇ ਆਦੀ ਹੋ ਚੁਕੇ ਹਨ, ਉਹਨਾਂ ਨੂੰ ਤਾਂ ਹਰ ਕੀਮਤ ਤੇ ਨਸ਼ਾ ਚਾਹੀਦਾ ਹੈ ਜੇ ਨਹੀਂ ਮਿਲੇਗਾ ਕੁਛ ਜਵਾਨੀ ਮਰੇਗੀ ਤੇ ਜਿਹੜੇ ਖਰੀਦ ਸੱਕਣਗੇ ਹਰ ਕੀਮਤ 'ਤੇ ਖਰੀਦਣਗੇ। ਇਉਂ ਏਹਨਾ ਹੀ ਰਾਜਨੀਤਕਾਂ ਦੀ ਪੁਸ਼ਤ ਪਨਾਹੀ ਹੇਠ ਹੀ ਘਾਤਕ ਨਸ਼ਿਆਂ ਦੀ ਬਲੈਕ ਹੋਵੇਗੀ। ਇਉਂ ਉਨ੍ਹਾਂ ਜ਼ਹਿਰ ਦੇ ਵਾਪਾਰੀਆਂ ਦੇ ਘਰ ਭਰਨਗੇ। ਆਖਰ ਹਰ ਉਹ ਚੀਜ਼ ਵਿਕਦੀ ਉਸੇ ਦੇ ਵਾਪਾਰੀ ਪੈਦਾ ਹੋਂਦੇ ਹਨ, ਜਿਸਦੀ ਲੋਕਾਂ ਨੂੰ ਲੋੜ ਹੋਵੇ ਇਸੇ ਲਈ ਪਹਿਲੇ ਲੋਕਾਂ ਨੂੰ ਨਸ਼ਿਆਂ ਨਾਲ ਜੋੜਿਆ ਗਿਆ ਹੈ।

ਮੇਰੀ ਹੱਡ ਬੀਤੀ ਹੈ ਇਕ ਵਾਰ ਸਵੇਰੇ ਛੇ ਵਜੇ ਕੀਰਤਨ ਕਰਕੇ ਵਾਪਸ ਘਰ ਆ ਰਹੇ ਸਾਂ, ਪੱਖੋਵਾਲ ਰੋਡ 'ਤੇ ਨਹਿਰ ਦਾ ਪੁਲ ਲੰਘਦਿਆਂ ਨੁਕਰ 'ਤੇ ਸ਼ਰਾਬ ਦਾ ਠੇਕਾ ਅੱਜ ਭੀ ਹੈ। ਉਹ ਮਾਲਕ ਠੇਕਾ ਖੋਲ ਕੇ ਠੇਕੇ ਦੀ ਸਫਾਈ ਆਦਿ ਕਰ ਰਿਹਾ ਸੀ। ਮੈਂ ਗੱਡੀ ਰੋਕ ਕੇ ਉਸਨੂੰ ਪੁਛਿਆ ਭਲਿਆ ਸਵੇਰ ਦਾ ਵੇਲਾ ਹੈ, ਇਸ ਸਮੇਂ ਤੇਰੇ ਕੋਲੋਂ ਕੌਣ ਸ਼ਰਾਬ ਲੈਣ ਆਉਂਦਾ ਹੈ, ਹੁਣੇ ਹੀ ਤੂੰ ਸ਼ਰਾਬ ਦੀਆਂ ਬੋਤਲਾਂ ਸਜਾ ਰਿਹਾ ਹੈਂ? ਉਸਦਾ ਜਵਾਬ ਸੀ, ਜੀ ਸਵੇਰੇ ਸਵੇਰੇ ਜ਼ਿਆਦਾ ਜ਼ਰੂਰਤਮੰਦ ਗਾਹਕ ਆਉਂਦੇ ਹਨ, ਜਿਹਨਾ ਨੂੰ ਤੋਟ ਲੱਗੀ ਹੋਂਦੀ ਹੈ। ਸੋ ਭਲਿਓ ਨਸ਼ਿਆਂ ਦੇ ਠੇਕਿਆਂ ਦੀ ਨਿਲਾਮੀ ਦੀਆਂ ਵੱਡੀਆਂ ਰਕਮਾਂ ਅਤੇ ਰਿਸ਼ਵਤਾਂ ਲੈਣ ਵਾਲੇ ਕਦੀ ਨਸ਼ੇ ਬੰਦ ਨਹੀਂ ਕਰਨਗੇ, ਕੇਵਲ ਬਲੈਕ ਦਾ ਦਰਵਾਜ਼ਾ ਖੁਲੇਗਾ। ਗਰੀਬ ਨਸ਼ਈ ਮਰੇਗਾ, ਅਮੀਰ ਨਸ਼ਈ ਉਜੜੇਗਾ।

ਆਓ ਅਸਲ ਮੁੱਦੇ ਵੱਲ ਵਧੀਏ। ਪੰਜਾਬ ਗੁਰੂਆਂ ਦੀ ਧਰਤੀ ਅਖਵਾਉਂਦਾ ਹੈ, ਕਹਿੰਦੇ ਸਨ ਪੰਜਾਬ ਜੀਉਂਦਾ ਗੁਰੂ ਦੇ ਨਾਮ 'ਤੇ ਅਤੇ ਕੋਈ ਦੱਸੇਗਾ ਗੁਰੂ ਨੇ ਕਿਸੇ ਥਾਵੇਂ ਕਿਸੇ ਨੂੰ ਇਨ੍ਹਾਂ ਮੱਤ ਹੀਨ, ਸੱਤ ਹੀਨ, ਜੱਤ ਹੀਨ ਨਸ਼ਿਆਂ ਵੱਲ ਲਾਇਆ? ਨਹੀਂ ਗੁਰੂ ਨੇ ਤਾਂ ਬਾਰ ਬਾਰ ਰੋਕਿਆ।

ਸਲੋਕ ਮ; ੩ ॥
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥
੧॥

ਅਸਲ ਕਾਰਣ ਹੈ ਅਸੀਂ ਅਪਣੇ ਬੱਚਿਆਂ ਨੂੰ ਗੁਰੂ ਬਾਣੀ ਨਾਲ ਜੋੜ ਹੀ ਨਹੀਂ ਸਕੇ, ਇਸੇ ਲਈ ਕੁਛ ਘਾਤਕ ਨਸ਼ਿਆਂ ਵਿਚ ਅਤੇ ਕੁਛ ਰਾਜਨੀਤੀ ਦੇ ਚਸਕੇ ਵਿੱਚ ਜ਼ਿੰਦਾਬਾਦ ਮੁਰਦਾਬਾਦ ਕਹਿੰਦੇ ਸੁਣ ਰਿਹਾ ਹੈ। ਜਪੁ ਦੀ ਬਾਣੀ ਕਿਸੇ ਨੂੰ ਯਾਦ ਨਹੀਂ। ਅਸਲ ਵਿੱਚ ਗੁਰੂ ਬਚਨ ਗੁਰੂ ਸਿਧਾਂਤ ਗੁਰੂ ਦੀ ਬਖਸ਼ੀ ਹੋਈ ਪਵਿੱਤਰ ਜੀਵਨ ਜਾਚ ਤੋਂ ਬਿਲਕੁਲ ਅਨਜਾਣ, ਨੌਜਵਾਨ ਨਸ਼ੇ ਵਿਚ ਧੁੱਤ ਰਹਿਣ ਵਾਲੇ ਸ਼ਿਵਾ, ਮਹਾਕਾਲ, ਚੰਡੀ ਦੀ ਗੋਦ ਵਿਚ ਪਲ ਰਿਹਾ ਹੈ। ਵੀਚਾਰ ਕਰੋ ਜਦੋਂ ਉਸਦੇ ਹੱਥ ਵਿਚ ਨਸ਼ੇ ਦੀ ਪੁੜੀ ਹੋਵੇ, ਤਾਂ ਉਹ ਗੁਰੂ ਦਾ ਸਿੱਖ ਨਹੀਂ ਬਲਕਿ "ਮਹਾਕਾਲ ਕੋ ਸਿਖ ਕਰ ਮਦਰਾ ਭਾਂਗ ਪਿਲਾਏ" {ਬਚਿੱਤਰ ਨਾਟਕ} ਮਹਾਕਾਲ ਦਾ ਸਿੱਖ ਹੈ ਇਸ ਲਈ ਅੱਜ ਜੇ ਆਪਣੇ ਬੱਚਿਆਂ 'ਤੇ ਤਰਸ ਹੈ ਅਤੇ ਨੌਜਵਾਨ ਬਚਾਉਣਾ ਚਾਹੁਂਦੇ ਹੋ, ਤਾਂ ਉਸਨੂੰ ਆਪ ਹਿੰਮਤ ਕਰਕੇ ਗੁਰਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੋਵੇਗਾ। ਹਾਲਾਕਿ ਇਹ ਕੰਮ ਸੌਖਾ ਨਹੀਂ ਹੈ ਨਸ਼ਿਆਂ ਨਾਲ ਜੁੜੇ ਬੱਚੇ ਅੱਜ ਅੱਪ ਹੁਦਰੇ ਹੋ ਚੁਕੇ ਹਨ, ਪਰ ਚਾਰਾ ਇਹੋ ਹੈ ਇਸ ਸੱਚ ਨਾਲ ਕਿਸੇ ਦਾ ਮਨ ਦੁਖਿਆ ਹੋਵੇ ਤਾਂ ਖਿਮਾ ਮੰਗਦਾ ਹਾਂ।

ਜੈਸੇ ਘਰ ਲਾਗੈ ਆਗ ਜੋਹੀ ਬਚੈ ਸੋਈ ਭਲੋ ਜਰ ਬੁਝੈ ਪਾਛੈ ਕਛੁ ਬਸੁ ਨ ਬਸਾਤ ਹੈ ॥ ਭਾ: ਗੁ:

ਅਤੇ ਇਸ ਕਾਜ਼ ਲਈ ਅੱਜ ਅਖੌਤੀ ਗੁਰਦੁਆਰੇ ਅਤੇ ਉਹਨਾ ਸਟੇਜਾਂ ਦੇ ਸ਼ਿੰਗਾਰ ਪ੍ਰਚਾਰਕਾਂ ਕੀਰਤਨੀਆਂ 'ਤੇ ਆਸ ਨਾ ਰੱਖੋ, ਇਹ ਸਭ ਕੁਛ ਰਾਜਨੀਤੀ ਦਾ ਮੰਚ ਅਤੇ ਧੰਦਾ ਬਣ ਚੁਕਾ ਹੈ ਅੱਖਾਂ ਖੋਲ ਕੇ ਪਛਾਣ ਲਉ, ਗੁਰੂ ਨੇ ਪਛਾਣ ਕੇ ਹੀ ਬਚਨ ਕੀਤਾ ਹੈ:

ਗਉੜੀ ਪੂਰਬੀ ੧੨ ॥
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥ ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
ਜੀਅਰੇ ਜਾਹਿਗਾ ਮੈ ਜਾਨਾਂ ॥ ਅਬਿਗਤ ਸਮਝੁ ਇਆਨਾ ॥ ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥
੨॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top