ਬੋਲੀਐ
ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥
ਵੀਰ ਹਰਪ੍ਰੀਤ ਸਿੰਘ ਜੀਓ- ਮੁੱਖ ਸੇਵਾਦਾਰ ਅਸਥਾਨ ਅਕਾਲ ਤਖਤ ਅੰਮ੍ਰਿਤਸਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਯੁਕੇ ਵਿਖੇ ਅਕਾਲ ਚੈਨਲ ਨੂੰ ਤੁਹਾਡੇ ਵਲੋਂ ਦਿਤੀ ਇੰਟਰਵੀਯੂ
ਸੁਣੀ ਜਿਸ ਵਿੱਚੋਂ ਕੁਛ ਸਵਾਲ ਤੁਹਾਡੇ ਨਾਲ ਸਾਂਝੇ ਕਰਣਾ ਚਾਹੁੰਦਾ ਹਾਂ।
ਇੰਟਰਵਿਯੂ ਵਿੱਚ ਤੁਹਾਡਾ ਬਾਰ ਬਾਰ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ
ਹੀ ਪ੍ਰਚਾਰ ਪਰਸਾਰ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੇਲ ਖਾਂਦਾ ਇਤਹਾਸ
ਹੀ ਸੁਣਾਇਆ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੌਮ ਦਾ ਹਰ ਵਰਗ ਇਕੱਠਾ
ਹੋਵੇ ਤਾਂ ਹੀ ਭਵਿਖ ਸੁਰਖਸ਼ਤ ਹੈ। ਧੰਨਵਾਦ ਜੀ ਬਹੁਤ ਹੀ ਸੁਚੱਜੇ ਵੀਚਾਰ ਸਨ, ਸੁਣ
ਕੇ ਬਹੁਤ ਖੁਸ਼ੀ ਹੋਈ।
ਪਰ ਅੱਗੇ ਤੁਹਾਡੇ
ਕੁੱਛ ਬਚਨਾਂ ਤੋਂ ਹੋਈ ਨਿਰਾਸ਼ਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਜੀ।
ਆਪ ਜੀ ਦਾ ਇਹ ਕਹਿਣਾ ਕੇ ਇਹ ਜਿਹੜੇ ਮਸਲੇ ਬਹੁਤ ਦੇਰ ਤੋਂ ਚਲ
ਰਹੇ ਹਨ ਅਜੇ ਨਾ ਛੇੜੇ ਜਾਣ, ਸਮੇਂ ਨਾਲ ਹੌਲੀ ਹੌਲੀ ਆਪੇ ਹਲ ਹੋ ਜਾਣਗੇ, ਕੀ ਆਪਣਾਂ ਸਮਾਂ
ਲੰਘਾਉਣ ਦਾ ਬਹਾਨਾ ਤਾਂ ਨਹੀਂ? ਅੱਗੇ ਭੀ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਕਰੀਬ
ਤਿਨ ਸੌ ਸਾਲ ਤੋਂ ਵੱਖ ਵੱਖ ਸਮੇਂ ਅਤੇ ਸਾਧਨਾਂ ਰਾਹੀਂ ਮਸਲੇ ਖੜੇ ਕੀਤੇ ਗਏ ਹਨ, ਹੱਲ ਨਹੀਂ
ਕੀਤੇ ਗਏ। ਅਤੇ ਕੀ ਹੁਣ ਭੀ ਬ੍ਰਾਹਮਣਵਾਦ ਦੀ ਖੁਸ਼ੀ ਲਈ ਇਸ ਨੂੰ ਠੰਡੇ ਬਸਤੇ ਵਿੱਚ ਪਾ
ਦਿਤਾ ਜਾਵੇ?
ਅੱਗੇ ਹੋਰ ਨਿਰਾਸ਼ਤਾ ਹੋਈ ਜਦੋਂ ਅਪਣੇ ਪਹਿਲੇ ਬਚਨਾਂ
ਦੇ ਉਲਟ ਆਪ ਜੀ ਨੇ {ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰ} ਦੀ ਥਾਵੇਂ ਗੁਰੂ ਗ੍ਰੰਥ,
ਦੇ ਨਾਲ ਨਾਲ ਸਿੱਖ ਰਹਿਤ ਮਰੀਯਾਦਾ, ਪੰਥ, ਅਕਾਲ ਤਖਤ ਆਦਿ ਅੱਗੇ ਸਮਰਪਤ ਹੋਕੇ ਹੁਕਮ
ਮੰਨਣ ਦੀ ਗਲ ਕਹੀ ਹੈ।
- ਕੀ ਸਿੱਖ ਰਹਿਤ ਮਰੀਯਾਦਾ ਵਿੱਚ ਦਿਤੀ ਗਈ "ਪੰਥ"
ਸਬਦ ਦੀ ਪਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿਤੀ ਗਈ "ਪੰਥ" ਸ਼ਬਦ ਦੀ ਪ੍ਰੀਭਾਸ਼ਾ
ਨਾਲ ਮੇਲ ਖਾਂਦੀ ਹੈ?
- ਕੀ ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ੀ ਜੀਵਨ ਜੁਗਤ ਸਾਡੇ ਜੀਵਨ ਦੀ ਅਗਵਾਈ ਕਰਦੀ
ਰਹਿਤ ਮਰੀਯਾਦਾ ਨਹੀਂ ਹੈ?
- ਹੋਰ ਭੀ ਗਲਤ ਬਿਆਨੀ ਕਿ ਅਜ ਦੀ ਚਲ ਰਹੀ
ਅੰਮ੍ਰਿਤ ਦੀ ਮਰੀਯਾਦਾ ਗੁਰੂ ਜੀ ਵਲੋਂ ਆਪ ਚਲਾਈ ਗਈ ਹੈ
ਇਸ ਨੂੰ ਪ੍ਰਵਾਣ ਕਰਣਾ ਬਣਦਾ ਹੈ। ਇਹ ਮਰੀਯਾਦਾ ਗੁਰੂ
ਸਾਹਿਬ ਨੇ ਆਪ ਚਲਾਈ ਜਾਂ ਕਿਤੇ ਲਿਖੀ ਆਪ ਜੀ ਸਾਬਤ ਕਰੋਗੇ?
ਇੰਟਰਵਿਯੂ ਲੈਣ ਵਾਲੇ ਵੀਰ ਗੁਰਦੀਪ ਸਿੰਘ ਜੀ ਵਲੋਂ ਬਿਨਾ ਜਾਣੇ ਇਹ ਕਹਿਣਾ ਕਿ ਅਮਰੀਕਾ
ਵਿੱਚ ਦੋ ਬਾਣੀਆਂ ਨਾਲ ਅੰਮ੍ਰਿਤ ਛਕਾਇਆ ਗਿਆ ਗਲਤ ਬਿਆਨੀ ਸੀ, ਪੰਜ ਬਾਣੀਆਂ ਗੁਰੂ ਗਰੰਥ
ਸਾਹਿਬ ਜੀ ਦੀਆਂ ਨਾਲ ਹੀ ਅੰਮ੍ਰਿਤ ਛਕਾਇਆ ਗਿਆ ਹੈ, ਕੀ ਕੇਵਲ
ਗੁਰੂ ਗਰੰਥ ਸਾਹਿਬ ਦੀ ਬਾਣੀ ਨਾ ਅੰਮ੍ਰਿਤ ਨਹੀਂ ਬਣ ਸਕਦਾ?
ਵੀਰ ਹਰਪ੍ਰੀਤ ਸਿੰਘ ਜੀ ਇਨ੍ਹਾਂ ਸ਼ੰਕਿਆਂ ਦੀ ਨਵਿਰਤੀ ਲਈ ਆਪ ਜੀ ਜੇ ਕਿਸੇ ਭੀ ਟੀ.ਵੀ.
ਚੈਨਲ 'ਤੇ ਵੀਚਾਰ ਕਰਨ ਲਈ ਸਹਿਮਤ ਹੋਵੋ ਤਾਂ ਹਾਜ਼ਰ ਹਾਂ ਜੀ।
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ
ਅਸਥਾਨ ਅਕਾਲ ਤਖਤ ਅੰਮ੍ਰਿਤਸਰ