1.
ਸ੍ਰੀ, ਸਿਰੀ - ਜਦੋਂ ਇਨ੍ਹਾਂ ਸ਼ਬਦਾਂ ਦਾ ਅਰਥ ‘ਸ਼ੋਭਨੀਕ’
ਜਾਂ ‘ਲੱਛਮੀ’ (ਮਾਇਆ) ਹੋਵੇ ਤਾਂ ਇਨ੍ਹਾਂ ਸ਼ਬਦਾਂ ਦਾ ਆਧਾਰ ਸੰਸਕ੍ਰਿਤ ਦਾ
ਸ਼ਬਦ ‘ਸ਼੍ਰੀ’ ਹੁੰਦਾ ਹੈ, ਜਿਸ ਕਰ ਕੇ ਇਨ੍ਹਾਂ ‘ਸ੍ਰੀ’ ਅਤੇ ‘ਸਿਰੀ’ ਸ਼ਬਦਾਂ
ਦਾ ਪਾਠ ‘ਸ਼੍ਰੀ’ ਅਤੇ ‘ਸ਼ਿਰੀ’ ਕਰਨਾ ਯੋਗ ਹੈ ਜੋ ਪ੍ਰਕਰਣ ਅਨੁਸਾਰ ਅਰਥਾਂ
ਨੂੰ ਸਪੱਸ਼ਟ ਕਰ ਦਿੰਦਾ ਹੈ। ਦੇਖੋ ਉਦਾਹਰਣਾਂ ਜਿਨ੍ਹਾਂ ਵਿੱਚ ‘ਸ੍ਰੀ’ ਅਤੇ
‘ਸਿਰੀ’ ਸ਼ਬਦਾਂ ਵਿੱਚ /ਸ਼/
ਧੁਨੀ ਬੋਲਦੀ ਹੈ:
ੳ-
ਸ੍ਰੀ ਗੁਰ ਰਾਮ ਦਾਸ ਜਯੋ ਜਯ ਜਗ ਮਹਿ ਤੈਂ
ਹਰਿ ਪਰਮ ਪਦੁ ਪਾਇਅਉ॥ --(ਗਗਸ ਅੰਕ 1405
ਸ੍ਰੀ ਗੁਰ- ਸ਼੍ਰੀ ਗੁਰ, ਸ਼ੋਭਨੀਕ ਸਤਿਗੁਰੂ।
ਅ- ਸਿਰੀ ਗੁਰੂ ਸਿਰੀ
ਗੁਰੂ ਸਿਰੀ ਗੁਰੂ ਸਤਿ ਜੀਉ॥ --(ਗਗਸ ਅੰਕ 1403)
ਸਿਰੀ ਗੁਰੂ- ਸ਼ਿਰੀ ਗੁਰੂ, ਸ਼ੋਭਨੀਕ ਸਤਿਗੁਰੂ।
ੲ- ਸ੍ਰੀ ਰਾਮ ਰੰਗ
ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ॥ --(ਗਗਸ ਅੰਕ 705)
ਸ੍ਰੀ ਰਾਮ- ਸ਼੍ਰੀ ਰਾਮ, ਸ਼ੋਭਨੀਕ ਪ੍ਰਭੂ।
ਸ- ਕਾਠਹੁ ਸ੍ਰੀਖੰਡ
ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥ --(ਗਗਸ ਅੰਕ
1399)
ਸ੍ਰੀਖੰਡ- ਸ਼੍ਰੀ ਖੰਡ, ਸ਼ੋਭਨੀਕ ਟੁਕੜਾ।
ਹ- ਸ੍ਰੀਰੰਗ
ਬੈਕੁੰਠ ਕੇ ਵਾਸੀ॥ --(ਗਗਸ ਅੰਕ 1082)
ਸ੍ਰੀਰੰਗ- ਸ਼੍ਰੀਰੰਗ, ਮਾਇਆ ਦੇ ਰੰਗ ਵਰਤਾਉਣ ਵਾਲ਼ਾ ਪ੍ਰਭੂ।
ਕ- ਸ੍ਰੀਰੰਗ ਰਾਤੀ
ਫਿਰੈ ਮਾਤੀ ਉਦਕੁ ਗੰਗਾ ਵਾਣੀ॥ --(ਗਗਸ ਅੰਕ 567)
ਸ੍ਰੀਰੰਗ ਰਾਤੀ- ਸ਼੍ਰੀ ਰੰਗ ਰਾਤੀ, ਮਾਇਆ ਦੇ ਰੰਗ ਕਰਨ ਵਾਲ਼ੇ ਪ੍ਰਭੂ
ਦੇ ਪ੍ਰੇਮ ਵਿੱਚ ਰੰਗੀ ਹੋਈ।
ਖ- ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ
ਸਤਿਗੁਰ ਤੁਠੇ॥ --(ਗਗਸ ਅੰਕ 80)
ਸ੍ਰੀਧਰ- ਸ਼੍ਰੀਧਰ, ਲੱਛਮੀ ਦਾ ਸਹਾਰਾ, ਪ੍ਰਭੂ।
ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਵਿੱਚ ਵਰਤੇ
ਰਾਗਾਂ ਵਿੱਚੋਂ ਤਿੰਨ ਰਾਗਾਂ ਦੇ ਨਾਵਾਂ ਵਿੱਚ ਵੀ ‘ਸ਼ਿਰੀ ਜਾਂ
‘ਸ਼੍ਰੀ’ ਪਾਠ ਹੀ ਹੈ, ਜਿਵੇਂ:
ਗ- ਸਿਰੀ ਰਾਗ/ਸ੍ਰੀ ਰਾਗ। ਸੰਸਕ੍ਰਿਤ ਵਿੱਚ
‘ਸ਼੍ਰੀ ਰਾਗ’ ਹੈ-(ਮਹਾਨ ਕੋਸ਼-ਪੰਨਾਂ 200)
ਘ- ਧਨਾਸਰੀ-ਪਾਠ ਧਨਾਸ਼ਰੀ, ਸੰਸਕ੍ਰਿਤ ਦੇ ਸ਼ਬਦ
‘ਧਨਾਸ਼੍ਰੀ’ ਤੋਂ ਬਣਿਆ ਹੈ-(ਮਹਾਨ ਕੋਸ਼ - 660)
ਙ- ਜੈਤਸਰੀ---ਪਾਠ ਜੈਤਸ਼ਰੀ, ਸੰਸਕ੍ਰਿਤ ਦੇ ਸ਼ਬਦ ‘ਜਯਤਿਸ਼੍ਰੀ’
ਤੋਂ ਬਣਿਆਂ ਹੈ- (ਮਹਾਨ ਕੋਸ਼-533)
2-
ਸਿਰੀ: ‘ਸਿਰੀ’ ਪਾਠ ਦੇ ਅਰਥ- ਬਣਾਈ, ਛੋਟਾ ਸਿਰ ਆਦਿਕ।
ਹਰ ਥਾਂ ‘ਸਿਰੀ’
ਸ਼ਬਦ ਦਾ ਪਾਠ ‘ਸ਼ਿਰੀ’ ਨਹੀਂ ਹੁੰਦਾ, ਚਲਦਾ ਪ੍ਰਕਰਣ ਵੀ
ਦੇਖਣਾ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸਿਰੀ’ ਸ਼ਬਦ
ਦਾ ਅਰਥ ਜੇ ‘ਬਣਾਈ’ ਜਾਂ ‘ਸਿਰਜੀ’ ਹੋਵੇ ਤਾਂ ਓਥੇ ‘ਸਿਰੀ’ ਸ਼ਬਦ ਦਾ
ਪਾਠ /ਸ/ ਧੁਨੀ ਨਾਲ਼ ਹੀ ਹੁੰਦਾ ਹੈ। ਜਿਵੇਂ:
ਚ- ਚਿਰੰਕਾਲ ਪਾਈ
ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ਪਸੂ ਪ੍ਰੇਤ ਮੁਘਧ ਦੇ ਬੁਰੀ॥
ਤਿਸਹਿ ਨ ਬੂਝੈ ਜਿਨਿ ਏਹ ਸਿਰੀ॥ --(ਗਗਸ ਅੰਕ 890)
ਜਿਨਿ ਏਹ ਸਿਰੀ- ਜਿਸ ਪ੍ਰਭੂ ਨੇ ਇਹ ਦੇਹੀ ਬਣਾਈ ਹੈ।
ਛ- ਸਿਰੀ ਪਾਠ ਕਰਨ ਨਾਲ਼ ਅਰਥ ਬੱਕਰੇ ਆਦਿਕ
ਪਸ਼ੂ ਅਤੇ ਮੁਰਦੇ ਦਾ ਸਿਰ।--(ਮਹਾਨ ਕੋਸ਼-200)। ਸਪੱਸ਼ਟ ਹੈ ਕਿ
‘ਸ਼੍ਰੀ’ ਜਾਂ ‘ਸ਼ਿਰੀ’ ਨੂੰ ‘ਸਿਰੀ’ ਬੋਲਣਾ ਅਯੋਗ ਅਤੇ ਵਿਅੱਕਤੀ
ਵਿਸ਼ੇਸ਼ ਦੀ ਨਿਰਾਦਰੀ ਹੈ।
3.
ਸਰੀ:
ਇਹ ਸ਼ਬਦ ‘ਸ਼ਿਰੀ’ ਅਤੇ ‘ਸ਼੍ਰੀ’ ਨਾਲੋਂ ਭਿੰਨ ਹੈ। ਇਸ ਦਾ ਅਰਥ ਹੈ- ਹੋਣਾ,
ਹੋਇਆ।
ਜ- ਭਲੀ ਸਰੀ ਜਿ
ਉਬਰੀ ਹਉਮੈ ਮੁਈ ਘਰਾਹੁ॥ --(ਗਗਸ ਅੰਕ-18)
ਝ- ਭਲੀ ਸਰੀ ਮੁਈ
ਮੇਰੀ ਪਹਿਲੀ ਬਰੀ॥ --(ਗਗਸ ਅੰਕ-487)
ਭਲੀ ਸਰੀ- ਚੰਗਾ ਹੋਇਆ, ਚੰਗੀ ਗੱਲ ਹੋਈ।
4.
ਸਰੀ:
ਸੰਸਕ੍ਰਿਤ ਵਿੱਚ ਸ਼ਰ (ਸ਼ਰ) ਸ਼ਬਦ ਦਾ ਅਰਥ ਤੀਰ
ਜਾਂ ਬਾਣ ਹੁੰਦਾ ਹੈ, ਇਸ ਲਈ ‘ਸਰੀ’ ਸ਼ਬਦ ਦਾ ਉੱਚਾਰਣ ‘ਸ਼ਰੀ’ ਬਣੇਗਾ
ਜਿੱਥੇ ਇਸ ਦਾ ਅਰਥ ‘ਬਾਣ’ ਜਾਂ ‘ਤੀਰ’ ਨਾਲ਼ ਸੰਬੰਧਤ ਹੋਵੇ । ਅਰਥ
ਹੈ- ਤੀਰਾਂ ਨਾਲ਼, ਬਾਣਾਂ ਨਾਲ਼। ਗੁਰਬਾਣੀ ਵਿੱਚ ‘ਸ਼ਰ’ ਸ਼ਬਦ ‘ਤੀਰ’ ਲਈ
ਵਰਤਿਆ ਗਿਆ ਹੈ ਅਤੇ ਇਸ ਤੋਂ ‘ਸ਼ਰੀਂ’ ਸ਼ਬਦ ਕਰਣ ਕਾਰਕ (ਨਿਟਰੁਮੲਨਟੳਲ
ਚੳਸੲ) ਬਣਿਆਂ ਹੈ। ਦੇਖੋ ਉਦਾਹਰਣ ਵਜੋਂ ਇਹ ਪੰਕਤੀ:
ਞ. ਮਹਾ ਨਾਦ ਕੁਰੰਕ
ਮੋਹਿਓ ਬੇਧਿ ਤੀਖਨ ਸਰੀ॥ --(ਗਗਸ ਅੰਕ 1121)
ਅਰਥ:- ਹੇ ਭਾਈ! (ਪ੍ਰੀਤ ਦਾ ਹੋਰ ਕਾਰਨਾਮਾ
ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ
ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ
ਜਾਂਦਾ ਹੈ । (ਗੁਰੂ ਗ੍ਰੰਥ ਸਾਹਿਬ ਦਰਪਣ)।
ਸਿੱਟਾ:
ਗੁਰੂ ਅਤੇ ਪ੍ਰਭੂ ਲਈ
ਗੁਰਬਾਣੀ ਵਿੱਚ ਵਰਤੇ ‘ਸ੍ਰੀ’ ਅਤੇ ‘ਸਿਰੀ’ ਸ਼ਬਦਾਂ ਨੂੰ /ਸ/ ਧੁਨੀ ਨਾਲ਼
ਬੋਲਣਾ ਅਨੱਰਥ ਕਰਨ ਤੁੱਲ ਹੈ।
‘ਸ਼੍ਰੀ’ ਸ਼ਬਦ ਦਾ ਪਾਠ ‘ਸ਼ਿਰੀ’ ਕਰਨਾ ਵੱਡੀ
ਵਿਆਕਰਣਕ ਭੁੱਲ ਹੈ ਕਿਉਂਕਿ ‘ਸ਼੍ਰੀ’ ਸ਼ਬਦ ਵਿੱਚ ਵਰਤਿਆ ਅੱਧਾ ‘ਰ’
ਬਿਹਾਰੀ ਸਹਿਤ ਬੋਲਿਆ ਜਾਣਾਂ ਹੈ ਅਤੇ /ਸ਼/ ਧੁਨੀ ਮੁਕਤਾ ਬਣ ਜਾਣੀ ਹੈ।
ਬੋਲਣ ਵਿੱਚ ਸ਼੍ਰੀ=Shree.
ਸ਼ੁੱਧ ਪਾਠ ਕਰਨ ਲਈ ਸ਼ਬਦਾਂ ਵਿੱਚ ਵਰਤੀ ਭਾਸ਼ਾ,
ਵਿਆਕਰਣਕ ਪੱਖ ਅਤੇ ਚਲਦੇ ਪ੍ਰਕਰਣ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ
ਹੈ।