Share on Facebook

Main News Page

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮਵਿੱਚ ਨਾ ‘ਸ਼ਹੀਦੀ’ ਅਤੇ ਨਾ ਹੀ ‘ਜੋਤੀ ਜੋਤਿ ਸਮਾਉਣ’ ਦੀ ਕੋਈ ਗੱਲ ਹੈ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਅੱਜ ਮਿਤੀ 31 ਮਾਰਚ, 2017 ਨੂੰ ਸਵੇਰ ਸਮੇਂ ਰੋਜ਼ਾਨਾ ਦੀ ਤਰ੍ਹਾਂ ‘ਆਸਾ ਕੀ ਵਾਰ’ ਨੂੰ ਮਿਲਗੋਭਾ ਬਣਾ ਕੇ ਇਸ ਦਾ ਕੀਰਤਨ ਹੋਇਆ। ‘ਮਿਲ਼ਗੋਭਾ’ ਸ਼ਬਦ ਵਰਤਣਾ ਪਿਆ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਪੰਜਵੇਂ ਗੁਰੂ ਜੀ ਵਲੋਂ ਨਿਸਚਤ ਕੀਤੀ ‘ਆਸਾ ਕੀ ਵਾਰ’ ਦਾ ਸਰੂਪ ਕੇਵਲ ਸ਼ਲੋਕ ਅਤੇ ਪਉੜੀਆਂ ਹੀ ਹੈ। ਸਤਿਗੁਰੂ ਜੀ ਦਾ ਇਹ ਬਣਾਇਆ ਸਰੂਪ ਭੰਗ ਕਰ ਕੇ ਸਿੱਖ ਰਾਗੀ ਆਪਣੇ ਆਪ ਨੂੰ ਗੁਰੂ ਜੀ ਨਾਲੋਂ ਸਿਆਣੇ ਸਮਝ ਕੇ ਮਨ ਮਰਜ਼ੀ ਨਾਲ਼ ਵਿੱਚੇ ਹੀ ਛੰਤ ਅਤੇ ਸ਼ਬਦ ਵੀ ‘ਵਾਰ ਆਸਾ ਕੀ’ ਦਾ ਭਾਗ ਬਣਾਈ ਜਾ ਰਹੇ ਹਨ।

ਰਾਗੀ ਜਥੇ ਵਲੋਂ ‘ਆਸਾ ਕੀ ਵਾਰ’ ਵਿੱਚ ਜਿੱਥੇ ਮਨ ਮਰਜ਼ੀ ਦੇ ਹੋਰ ਸ਼ਬਦ ਜੋੜੇ ਗਏ ਓਥੇ ‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥’ ਬੰਦ ਨੂੰ ਵੀ ਕੀਰਤਨ ਵਿੱਚ ਗਾਇਆ ਗਿਆ। ਅਰਦਾਸੀਏ ਸਿੰਘ ਵਲੋਂ ਦੂਜੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਸਾਹਿ਼ਬ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਦੀ ਅਰਦਾਸਿ ਕਰਦਿਆਂ ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥’ ਤੁਕ ਵੀ ਹਨ੍ਹੇਰੇ ਵਿੱਚ ਫਿਰਦਿਆਂ ਹੀ ਪੜ੍ਹੀ ਗਈ।

ਕੀ ਇਸ ਪਾਵਨ ਅਸਥਾਨ ਦੀ ਜੋਤੀ ਜੋਤਿ ਪੁਰਬ ਦੀ ਕਾਰਵਾਈ ਤੋਂ ਸਿੱਖਾਂ ਨੂੰ ਯੋਗ ਅਗਵਾਈ ਮਿਲ਼ੀ? ਕੀ ਗੁਰਬਾਣੀ ਦੀ ਤੁਕ ਦੀ ਅਪ੍ਰਸੰਗਕ ਵਰਤੋਂ ਨਹੀਂ ਕੀਤੀ ਗਈ?

ਕੀ ‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥’ ਵਾਲ਼ੇ ਇੱਕ ਬੰਦ ਨੂੰ ਕਿਸੇ ਸ਼ਹੀਦੀ ਜਾਂ ਜੋਤੀ ਜੋਤਿ ਪੁਰਬ ਨਾਲ਼ ਜੋੜਨਾ ਮਹਾਂ ਅਗਿਆਨਤਾ ਨਹੀਂ? ਕੀ ਰਾਗੀ ਜਥੇ ਅਤੇ ਅਰਦਾਸੀਏ ਸਿੰਘ ਨਿਰਾ ਧਰਮ ਦੇ ਵਾਪਾਰੀ ਤਾਂ ਨਹੀਂ ਬਣ ਗਏ? ਕੀ ਕਦੇ ਮੂਹੋਂ ਗਾਏ ਅਤੇ ਬੋਲੇ ਜਾਣ ਵਾਲ਼ੇ ਸ਼ਬਦਾਂ ਦੀ, ਇਨ੍ਹਾਂ ਕਰਮਚਾਰੀਆਂ ਨੇ, ਅਰਥ ਪੜ੍ਹਨ ਦੀ ਕਦੇ ਜ਼ਰਾ ਭਰ ਵੀ ਖੇਚਲ ਕੀਤੀ ਹੈ? ਕੀ ਚਿਰਾਂ ਤੋਂ ਇਹ ਸਤਿਕਾਰ ਯੋਗ ਸੱਜਣ ਸਿੱਖ ਸ਼੍ਰੋਤਿਆਂ ਨੂੰ ਮਿੱਟੀ ਦੇ ਮਾਧੋ ਸਮਝ ਕੇ ਅਗਿਆਨਤਾ ਦੇ ਡੂੰਘੇ ਖੂਹ ਵਿੱਚ ਤਾਂ ਧੱਕੇ ਨਹੀਂ ਦਿੰਦੇ ਆ ਰਹੇ? ਕੀ ਗੁਰੂ ਜੀ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਅਧੂਰੇ ਸਨ ਜੋ ਬਾਅਦ ਵਿੱਚ ਸ਼ਰੀਰ ਤਿਆਗ ਕੇ ਸੰਪੂਰਨ ਹੋਏ? ਕੀ ‘ਸੂਰਜ ਕਿਰਣਿ ਮਿਲੇ’ ਦਾ ਅਰਥ ਸ਼ਹੀਦੀ ਪ੍ਰਾਪਤ ਕਰਨੀ ਜਾਂ ਜੋਤੀ ਜੋਤਿ ਸਮਾਉਣਾ ਹੈ? ਕੀ ਚਾਰ ਬੰਦਾਂ ਵਾਲ਼ਾ ਇਹ ਸੰਪੂਰਨ ਸ਼ਬਦ ਪੰਜਵੇਂ ਗੁਰੂ ਜੀ ਸ਼ਹੀਦੀ ਜਾਂ ਜੋਤੀ ਜੋਤਿ ਸਮਉਣ ਤੋਂ ਪਹਿਲਾਂ ਨਹੀਂ ਲਿਖ ਗਏ ਸਨ? ‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥’ ਵਾਲ਼ਾਂ ਬੰਦ, ਗਿਆਨੀ ਸੰਤ ਸਿੰਘ ਮਸਕੀਨ ਦੀਆਂ ਅੰਤਮ ਰਸਮਾਂ ਸਮੇਂ ਗਾ ਕੇ ਮਸਕੀਨ ਦਾ ਮਰਣਾ ਵੀ, ਧੱਕੇ ਨਾਲ਼, ਜੋਤੀ ਜੋਤਿ ਸਮਾਉਣਾ ਨਹੀਂ ਬਣਾ ਦਿੱਤਾ ਗਿਆ?

ਕੀ ਰਾਗੀ ਅਤੇ ਅਰਦਾਸੀਏ ਸਿੰਘ ਧਰਮ ਦੇ ਨਿਰੇ ਵਾਪਾਰ ਵਿੱਚੋਂ ਕਦੇ ਨਿਕਲਣਗੇ ਅਤੇ ਗੁਰਬਾਣੀ ਦੇ ਅਰਥਾਂ ਵਲ ਵੀ ਧਿਆਨ ਦੇਣਗੇ? ਕੀ ਸਿੱਖ ਸੰਗਤਾਂ ਵੀ ਸਦਾ ਇਸੇ ਤਰ੍ਹਾਂ ਪਾਈਆਂ ਜਾ ਰਹੀਆਂ ਗ਼ਲਤ ਲੀਹਾਂ ਉੱਤੇ ਚੱਲਦੀਆਂ ਰਹਿਣਗੀਆਂ ਕਿ ਆਪਿ ਗੁਰਬਾਣੀ ਦੇ ਅਰਥ ਪੜ੍ਹਨਗੀਆਂ? ਕੀ ਜਾਗਰੂਕ ਸਿੱਖ ਸੰਗਤਾਂ ਕਦੇ ਇਸ ਤਰਾਂ ਗੁਰਬਾਣੀ ਦੀ ਅਪ੍ਰਸੰਗਕ ਵਰਤੋਂ ਕਰਨ ਵਾਲ਼ਿਆਂ ਨੂੰ ਕਦੇ ਇਸ ਦਾ ਕਾਰਨ ਪੁੱਛਣਗੀਆਂ? ਕੀ ਸ਼੍ਰੋ. ਕਮੇਟੀ ਦੇ ਪ੍ਰਬੰਧਕ/ਮੈਨੇਜਰ ਆਦਿਕ ਵੀ ਸੁੱਤੇ ਪਏ ਹਨ ਜਾਂ ਉਨ੍ਹਾਂ ਨੇ ਕਰਮਚਾਰੀਆਂ ਨੂੰ ਜੋ ਮਰਜ਼ੀ ਪੜ੍ਹਨ ਦੀ ਖੁਲ੍ਹੀ ਛੁੱਟੀ ਦੇ ਰੱਖੀ ਹੈ? ਕੀ ਕੋਈ ਅਜਿਹਾ ਸ਼ੇਰ ਮਰਦ ਸਾਮ੍ਹਣੇ ਆਵੇਗਾ ਜੋ ਸ਼੍ਰੋ. ਕਮੇਟੀ ਦਾ ਪ੍ਰਬੰਧਕ ਬਣ ਕੇ ਕੋਈ ਸੁਧਾਰ ਕਰੇਗਾ?

ਅਸਲੀਅਤ ਕੀ ਹੈ? ਉਹ ਸ਼ਬਦ ਅਰਥਾਂ ਸਮੇਤ ਪੜ੍ਹੋ ਜਿੱਥੇ ‘ਸੂਰਜ ਕਿਰਣਿ ਮਿਲੇ’ ਵਾਲ਼ਾ ਬੰਦ ਹੈ ਅਤੇ ਜਿਸ ਵਿੱਚ ਨਾ ‘ਸ਼ਹੀਦੀ’ ਅਤੇ ਨਾ ਹੀ ‘ਜੋਤੀ ਜੋਤਿ ਸਮਉਣ’ ਦੀ ਕੋਈ ਗੱਲ ਹੈ। ਅਨੰਦ ਮੰਗਲ਼ ਵਾਲ਼ਾ ਇਹ ਸਾਰਾ ਸਬਦ ਹੈ।

ਸਾਰੇ ਸ਼ਬਦ ਦੇ ਅਰਥ (ਗੁਰੂ ਗ੍ਰੰਥ ਦਰਪਣ ਵਿੱਚੋਂ):

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨੀ ਹਰਿ ਰਸੁ ਪੀਆ ॥
4॥2॥

ਅਰਥ:- ਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ), (ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। (ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ। (ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ।

(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ।4।2।

ਨੋਟ: ‘ਸੂਰਜ ਕਿਰਣਿ ਮਿਲੇ’ ਤੋਂ ਕਤੱਈ ਇਹ ਭਾਵ ਨਹੀਂ ਕਿ ਸੂਰਜ ਅਤੇ ਕਿਰਣ ਮਿਲ਼ ਗਏ। ਅਜਿਹਾ ਸੋਚਣਾ ਹੀ ਪ੍ਰਚਾਰਕਾਂ ਨੂੰ ਅਗਿਆਨਤਾ ਦੇ ਖੂਹ ਵੱਚ ਸੁੱਟ ਰਿਹਾ ਹੈ। ਕੀ ਸੂਰਜ ਅਤੇ ਕਿਰਣ ਕਦੇ ਵਿਛੁੜੇ ਵੀ ਹਨ ਕਿ ਉਨ੍ਹਾਂ ਦੇ ਮਿਲਣ ਦੀ ਗੱਲ ਕੀਤੀ ਜਾਵੇ? ਸੂਰਜ ਹੈ ਤਾਂ ਕਿਰਣ ਹੈ। ਕਿਰਣ ਹੈ ਕਿਉਂਕਿ ਸੂਰਜ ਹੈ। ‘ਮਿਲੇ’ ਸ਼ਬਦ ਭੂਤ ਕਾਲ਼ ਦੀ ਕਿਰਿਆ ਨਹੀਂ, ਸਗੋਂ ਕਾਰਦੰਤਕ ਹੈ। ‘ਮਿਲੇ’ ਸ਼ਬਦ ‘ਮਿਲਿ’ (ਅਰਥ-ਮਿਲ਼ ਕੇ) ਤੋਂ ਬਣਾਇਆ ਗਿਆ ਹੈ। ‘ਸੰਪੂਰਨ ਥੀਆ ਰਾਮ’ ਤੋਂ ਇਹ ਭਾਵ ਨਹੀਂ ਕਿ ਗੁਰੂ ਜੀ ਸ਼ਰੀਰ ਤਿਆਗ ਕੇ ਸੰਪੂਰਨ ਹੋ ਗਏ। ਗੁਰੂ ਜੀ ਕਦੇ ਵੀ ਅਧੂਰੇ ਨਹੀਂ ਸਨ। ਗੁਰੂ ਪੂਰਨ ਹੈ; ਸ਼ਹੀਦੀ/ਜੋਤੀ ਜੋਤਿ ਤੋਂ ਪਹਿਲਾਂ ਵੀ ਅਤੇ ਪਿੱਛੋਂ ਵੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top