Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਨੂੰ ਕੁੱਝ ਸਵਾਲ
- : ਪ੍ਰੋ. ਕਸ਼ਮੀਰਾ ਸਿੰਘ
USA

ਖ਼ਾਲਸਾ ਨਿਉੂਜ਼ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਦੀ ਵੀਡੀਓ ਇੰਟਰਵਿਊ ਵਾਲ਼ੀ ਪੋਸਟ ਪਾਈ ਸੀ। ਵੀਰ ਜੀ ਦੀ ਵਿਚਾਰ ਸੁਣੀ। ਉਨ੍ਹਾਂ ਨੂੰ ਕੁੱਝ ਸਵਾਲ ਕੀਤੇ ਜਾਂਦੇ ਹਨ:-

1. ਸਿੱਖ ਰਹਤ ਮਰਯਾਦਾ ਵਾਰੇ ਤੁਹਾਡੇ ਵਿਚਾਰ:

ਤੁਸੀਂ ‘ਸਿੱਖ ਰਹਤ ਮਰਯਾਦਾ’ ਦੀ ਗੱਲ ਕਰਦਿਆਂ ਵਾਰ-ਵਾਰ ਕਿਹਾ ਕਿ ਇਹ ਸ਼ੀ ਅਕਾਲ ਤਖ਼ਤ ਦੀ ਮਰਯਾਦਾ ਹੈ। ਕੀ ਇਸ ਤੋਂ ਤੁਹਾਡਾ ਭਾਵ ਹੈ ਕਿ ਇਹ ਸ਼੍ਰੀ ਅਕਾਲ ਤਖ਼ਤ ਵਲੋਂ ਬਣਾਈ ਗਈ ਹੈ? ਜਾਂ, ਕੀ ਇਹ ਸ਼੍ਰੀ ਅਕਾਲ ਤਖ਼ਤ ਵਲੋਂ ਪ੍ਰਵਾਨ ਕੀਤੀ ਗਈ ਹੈ? ਜਾਂ, ਕੀ ਇਹ ਅਕਾਲ ਤਖ਼ਤ ਵਲੋਂ ਲਾਗੂ ਕੀਤੀ ਗਈ ਹੈ?

ਜੇ ਅਜਿਹਾ ਕੁੱਝ ਹੈ ਤਾਂ ਕੀ ਤੁਸੀਂ ਕੋਈ ਸਬੂਤ ਪੇਸ਼ ਕਰ ਸਕਦੇ ਹੋ ਕਿ ਇਹ ਮਰਯਾਦਾ ਸ਼੍ਰੀ ਅਕਾਲ ਤਖ਼ਤ ਤੋਂ ਪ੍ਰਵਾਨਤ ਹੈ ਜਾਂ ਲਾਗੂ ਕੀਤੀ ਗਈ ਹੈ ਜਾਂ ਬਣਾਈ ਗਈ ਹੈ?

ਉਂਝ ਤੁਸੀਂ ਸਚ ਉੱਤੇ ਪਹਰਾ ਦੇਣ ਲਈ ਦ੍ਰਿੜ ਹੋ, ਜੋ ਬੜੀ ਚੰਗੀ ਗੱਲ ਹੈ, ਪਰ ਕੀ ਤੁਸੀਂ ਇੱਕ ਝੂਠ ਨੂੰ ਸੱਚ ਵਿੱਚ ਬਦਲਣ ਲਈ ਵਾਰ-ਵਾਰ ਇਸ ‘ਰਹਤ ਮਰਯਾਦਾ’ ਉੱਤੇ ਸ਼੍ਰੀ ਅਕਾਲ ਤਖ਼ਤ ਦਾ ਠੱਪਾ ਨਹੀਂ ਲਾ ਰਹੇ?
- ਅਜਿਹਾ ਕਰ ਕੇ ਤੁਸੀਂ ਇਹ ਨਹੀਂ ਸਾਬਤ ਕਰ ਰਹੇ ਕਿ ਸ਼੍ਰੀ ਅਕਾਲ ਤਖ਼ਤ ਨੇ ਹੀ ਸਿੱਖਾਂ ਨੂੰ ਗੁੰਮਰਾਹ ਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜਿਆ ਅਤੇ ਇਸ ਦੇ ਇਕ ਹੋਰ ਸ਼ਰੀਕ ਅਖੌਤੀ ਦਸ਼ਮ ਗ੍ਰੰਥ ਨਾਲ਼ ਜੋੜਿਆ?
- ਕੀ ਤੁਸੀਂ ਇਹ ਨਹੀਂ ਸਾਬਤ ਕਰ ਰਹੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿੱਤ-ਨੇਮ ਸ਼੍ਰੀ ਅਕਾਲ ਤਖ਼ਤ ਨੇ ਹੀ ਗੁਰੂ ਨਾਲ਼ੋਂ ਆਪ ਨੂੰ ਉੱਚਾ ਮੰਨ ਕੇ ਭੰਗ ਕੀਤਾ ?
- ਕੀ ਤੁਸੀਂ ਇਹ ਨਹੀਂ ਸਾਬਤ ਕਰ ਰਹੇ ਕਿ ਅਰਦਾਸਿ ਵਿੱਚ ‘ਵਾਰ ਦੁਰਗਾ ਕੀ’ ਵਿੱਚੋਂ ਦੇਵੀ ਦੀ ਉਸਤਤਿ ਵਾਲ਼ੀ ਇੱਕ ਪਉੜੀ { ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 400 ਤੋਂ ਵੱਧ ਧੁਰ ਕੀ ਬਾਣੀ ਦੀਆਂ ਪਉੜੀਆਂ ਛੱਡ ਕੇ} ਜੋੜ ਕੇ ਸ਼੍ਰੀ ਅਕਾਲ ਤਖ਼ਤ ਨੇ ਹੀ ਸਿੱਖਾਂ ਨੂੰ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਬਣਾਇਆ?

2. ਸਿੱਖੀ ਸਿਧਾਂਤ ਅਤੇ ਸਿੱਖ ਰਹਤ ਮਰਯਾਦਾ:

ਇੱਕ ਪਾਸੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਉੱਤੇ ਚੱਲਣ ਅਤੇ ਸਖ਼ਤੀ ਨਾਲ ਪਹਰਾ ਦੇਣ ਦੀ ਗੱਲ ਡੰਕੇ ਦੀ ਚੋਟ ਨਾਲ਼ ਕਰਦੇ ਹੋ ਅਤੇ ਦੂਜੇ ਪਾਸੇ ਸਿੱਖਾਂ ਨੂੰ ‘ਸਿੱਖ ਰਹਤ ਮਰਯਾਦਾ’ ਨਾਲ਼ ਜੋੜ ਕੇ ਇੱਕੱਠੇ ਕਰਨ ਦੀ ਗੱਲ ਵੀ ਕਰਦੇ ਹੋ।
- ਤੁਸੀਂ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਉੱਤੇ ਚੱਲਣ ਵਾਲ਼ੇ ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ- ਰਾਮ/ਸ਼ਿਆਮ ਅਤੇ ਕਾਲ਼ ਕਵੀਆਂ ਦੀਆਂ ਨਕਲੀ ਅਤੇ ਕੱਚੀਆਂ ਰਚਨਾਵਾਂ ਨੂੰ ਧੁਰ ਕੀ ਬਾਣੀ ਨਾਲ਼ ਰਲ਼ਾ ਕੇ ਕਿਵੇਂ ਪੜ੍ਹ ਸਕਦੇ ਹਨ?
- ਕੀ ਰਹਤ ਮਰਯਾਦਾ ਨੂੰ ਮੰਨਣ ਦਾ ਇਹ ਅਰਥ ਨਹੀਂ ਕਿ ਦੁਰਗਾ ਅਤੇ ਮਹਾਂਕਾਲ਼ ਦੇ ਪੁਜਾਰੀ ਵੀ ਬਣ ਜਾਓ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਮੱਥਾ ਵੀ ਟੇਕੀ ਜਾਓ? ਇੱਕ ਮਿਆਨ ਵਿੱਚ ਦੋ ਤਲਵਾਰਾਂ ਪਾਉਣ ਦੀ ਤੁਸੀਂ ਕਿਹੜੀ ਜਾਦੂ ਦੀ ਛੜੀ ਵਰਤ ਰਹੇ ਹੋ?

3. ਜੇ ਤੁਹਾਡੇ ਵਿੱਚ ਦਮ ਹੈ ਤਾਂ:

ਜੇ ਵਾਕਿਆ ਈ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਅਤੇ ਤੁਹਾਡੇ ਵਿੱਚ ਦਮ ਹੈ ਤਾਂ ਇਹ ਕਿਉਂ ਨਹੀਂ ਕਹਿੰਦੇ ਕਿ ‘ਸਿੱਖ ਰਹਤ ਮਰਯਾਦਾ’ ਨੂੰ ਓਥੇ ਤਕ ਮੰਨੋ ਜਿੱਥੋਂ ਤਕ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਤਕ ਸੀਮਤ ਹੈ?

ਖ਼ਾਲਸਾ ਨਿਊਜ਼ ਟੀਮ ਨੂੰ ਵੀ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਤੋਂ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੈ ਕੇ ਪੋਸਟ ਕਰਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗ ਮਾਲ਼ਾ ਤੋਂ ਬਿਨਾਂ) ਦੀ ਜੈ ਜੈਕਾਰ ਹੋਵੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top