Share on Facebook

Main News Page

ਕੀ ਦਸਵੇਂ ਗੁਰੂ ਜੀ ਦੇ ਪ੍ਰਕਾਸ ਦਿਹਾੜੇ ਉੱਤੇ "ਤਹੀ ਪ੍ਰਕਾਸ਼ ਹਮਾਰਾ ਭਯੋ" ਕਵਿਤਾ ਪੜ੍ਹਨ ਲਾਇਕ ਹੈ ?
-: ਪ੍ਰੋ. ਕਸ਼ਮੀਰਾ ਸਿੰਘ
USA

ਮੁਰ ਪਿਤ ਪੂਰਬ ਕਿਯਸਿ ਪਯਾਨਾ । ਭਾਂਤਿ ਭਾਂਤਿ ਕੇ ਤੀਰਥਿ ਨਾਨਾ।
ਜਬ ਹੀ ਜਾਤ ਤ੍ਰਿਬੇਣੀ ਭਏ । ਪੁੰਨ ਦਾਨ ਦਿਨ ਕਰਤ ਬਿਤਏ।
ਤਹੀ ਪ੍ਰਕਾਸ਼ ਹਮਾਰਾ ਭਯੋ। ਪਟਨਾ ਸ਼ਹਿਰ ਬਿਖੈ ਭਵ ਲਯੋ।
(ਅਥ ਕਬਿ ਜਨਮ ਕਥਨੰ, ਅਖੌਤੀ ਦਸਮ ਗ੍ਰੰਥ ਪੰਨਾਂ 59)

ਇਸ ਕਵਿਤਾ ਰਾਹੀਂ ਕਵੀ ਨੇ ਇੱਕ ਤੀਰ ਨਾਲ਼ ਸਿੱਖੀ ਵਿਰੁੱਧ ਤਿੰਨਿ ਨਿਸ਼ਾਨੇ ਸਾਧੇ ਹਨ।

ਪਹਿਲਾ ਨਿਸ਼ਾਨਾ ਹੈ ਧੰਨੁ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਪਾਤਿਸ਼ਾਹ ਨੂੰ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕਰਦੇ ਸਿੱਧ ਕਰਕੇ ਗੁਰੂ ਜੀ ਦੀ ਨਿਰਾਦਰੀ ਕਰਨੀ।

ਦੂਜਾ ਨਿਸ਼ਾਨਾ ਹੈ ਮਨਮੱਤਿ ਦੇ ਇਹ ਬੋਲ ਦਸਵੇਂ ਗੁਰੂ ਜੀ ਦੇ ਪਵਿੱਤ੍ਰ ਮੁੱਖ ਤੋਂ ਬੁਲਾਉਣੇ ਤਾਂ ਜੁ ਸਿੱਖਾਂ ਨੂੰ ਭਾਵਕ ਕਰ ਕੇ ਉਨ੍ਹਾਂ ਦੇ ਮਨਾਂ ਵਿੱਚ ਹਿੰਦੂ ਤੀਰਥਾਂ ਦੀ ਮਹਾਨਤਾ ਦਰਸ਼ਾਈ ਜਾ ਸਕੇ।

ਤੀਜਾ ਨਿਸ਼ਾਨਾ ਹੈ ਦਸਵੇਂ ਗੁਰੂ ਜੀ ਦੀ ਨਿਰਾਦਰੀ ਕਰਨੀ।

ਹੁਣ ਮਨਮੱਤਿ ਦਾ ਪ੍ਰਚਾਰ ਕਰਦੀ ਇੱਸ ਕਵਿਤਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਕਸਵੱਟੀ ਉੱਤੇ ਪਰਖ ਕੇ ਦੇਖਦੇ ਹਾਂ ਕਿ ਅਸਲੀਅਤ ਕੀ ਹੈ -

1. ਕਵਿਤਾ ਕਹਿੰਦੀ ਹੈ ਕਿ ਨੌਵੇਂ ਗੁਰੂ ਜੀ ਨੇ ਪੁੱਤਰ ਪ੍ਰਾਪਤੀ ਦੀ ਇੱਛਾ ਨਾਲ਼ ਭਾਂਤ ਭਾਂਤ ਦੇ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕੀਤਾ। ਧੁਰ ਕੀ ਬਾਣੀ ਤਾਂ ਤੀਰਥਾਂ ਦੇ ਇਸ਼ਨਾਨ ਦੀ ਵਿਚਾਰਧਾਰਾ ਦਾ ਥਾਂ-ਥਾਂ ਖੰਡਨ ਕਰਦੀ ਹੈ। ਧੁਰ ਕੀ ਬਾਣੀ ਵਿੱਚੋਂ ਪ੍ਰਮਾਣ ਵਿਚਾਰਨੇ ਜ਼ਰੂਰੀ ਹਨ:

ੳ. ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ (ਜਪੁ)। ਅਰਥ- ਲੱਖਾਂ ਵਾਰੀ ਤੀਰਥ ਇਸ਼ਨਾਨ ਕਰਨ ਨਾਲ਼ ਵੀ ਮਨ ਦੀ ਪਵਿੱਤ੍ਰਤਾ ਨਹੀਂ ਹੋ ਸਕਦੀ। ਸੋਚੈ ਸ਼ਬਦ ਸੰਸਕ੍ਰਿਤ ਦੇ ‘ਸ਼ੌਚ’ ਤੋਂ ਬਣਿਆਂ ਹੈ। ਸ਼ੌਚ ਤੋਂ ‘ਸ਼ੌਚਾਲਿਅ’ ਵੀ ਬਣਦਾ ਹੈ, ਭਾਵ , ਤੀਰਥਾਂ ਦੇ ਪਾਣੀ ਨਾਲ਼ ਮਨ ਨੂੰ ਪਵਿੱਤ੍ਰ ਕਰਨ ਦੀ ਕਿਰਿਆ। ‘ਸੋਚੈ’ ਦਾ ਪਾਠ ‘ਸ਼ੋਚੈ’ ਅਤੇ ‘ਸੋਚਿ’ ਦਾ ਪਾਠ ‘ਸ਼ੋਚਿ’ ਹੈ। ਸੋਚੈ ਦਾ ਅਰਥ- ‘ਸੋਚਣਾ’ ਬਿਲਕੁਲ ਨਹੀਂ ਹੈ।

ਅ. ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥(ਜਪੁ)। ਅਰਥ- ਮੈਂ ਤੀਰਥਾਂ ਉੱਤੇ ਤਾਂ ਨਾਵ੍ਹਾਂ ਜੇ ਉਸ ਪ੍ਰਭੂ ਨੂੰ ਇਉਂ ਕਰਦਾ ਚੰਗਾ ਲੱਗਾਂ । ਜੇ ਮੈਂ ਅਜਿਹੇ ਇਸ਼ਨਾਨ ਕਰਦਾ ਪ੍ਰਭੂ ਨੂੰ ਚੰਗਾ ਹੀ ਨਹੀਂ ਲੱਗਦਾ ਤਾਂ ਮੈ ਤੀਰਥਾਂ ਦੇ ਇਸ਼ਨਾਨ ਕਰਕੇ ਕੀ ਖੱਟਣਾ ਹੈ?

ੲ. ਗੁਰ ਸਮਾਨਿ ਤੀਰਥੁ ਨਹੀ ਕੋਇ॥
ਅਰਥ- ਗੁਰੂ ਖ਼ੁਦ ਹੀ ਤੀਰਥ ਹੈ ਜਿੱਸ ਦੇ ਗਿਆਨ ਦੇ ਉਪਦੇਸ਼ ਨਾਲ਼ ਹਉਮੈ(ਹਉਂ+ਮੈਂ= ਮੈਂ +ਮੈਂ, ਮੈਂ ਹੀ ਮੈਂ ਹਾਂ ਦੀ ਰੱਟ) ਦੀ ਮੈਲ਼ ਨਾਸ਼ ਹੋਣੀ ਹੈ। ਜੇ ਸਿੱਖਾਂ ਦਾ ਗੁਰੂ ਆਪ ਹੀ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕਰੇ ਤਾਂ ਸਿੱਖ ਕਿੱਧਰ ਨੂੰ ਜਾਣਗੇ? ਜ਼ਰੂਰੀ ਹੈ ਕਿ ਭੋਲ਼ੇ ਭਾਲ਼ੇ ਅਨਪੜ੍ਹ ਸਿੱਖ ਭੀ ਤੀਰਥਾਂ ਵਲ ਰੁਖ ਕਰਨਗੇ। ਇਹ ਤਾਂ ਨਿਰੀ ਮਨਮੱਤਿ ਹੋ ਗਈ। ਗੁਰੂ-ਤੀਰਥ ਨੂੰ ਹੋਰ ਤੀਰਥਾਂ ਦੀ ਕੋਈ ਮੁਥਾਜੀ ਨਹੀਂ ਹੁੰਦੀ ਅਤੇ ਨਾ ਹੀ ਨੌਵੇਂ ਗੁਰੂ ਜੀ ਕਿਸੇ ਤੀਰਥ ਉੱਤੇ ਇਸ਼ਨੲਨ ਕਰਨ ਗਏ। ਇਹ ਬ੍ਰਾਹਮਣਵਾਦੀ ਕਵੀਆਂ ਦੀ ਸਾਜਿਸ਼ ਹੈ ਕਿ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਸ਼ਾਮਲ ਕੀਤਾ ਜਾਵੇ।

ਸ. ਤੀਰਥਿ ਨਾਵਣਿ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸ਼ਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ (ਗਗਸ 687/14)
ਅਰਥ- ਸਤਿਗੁਰੂ ਜੀ ਬਚਨ ਕਰਦੇ ਹਨ- ਮੈਂ ਤੀਰਥ ਉੱਤੇ ਇਸ਼ਨਾਨ ਕਰਨ ਜਾਂਦਾ ਹਾਂ, ਪਰ ਮੇਰਾ ਤੀਰਥੁ ਨਾਮੁ ਹੈ, ਪ੍ਰਭੂ ਦੀ ਸਿਫ਼ਤਿ ਸਾਲਾਹ ਹੈ। ਸ਼ਬਦ ਦੀ ਵੀਚਾਰ ਅਤੇ ਸ਼ਬਦ ਦਾ ਗਿਆਨ ਹੀ ਸੱਚਾ ਤੀਰਥ ਅਸਥਾਨ ਹੈ। ਕਿਸੇ ਹੋਰ ਥਾਂ ਹਿੰਦੂ ਮੱਤ ਦੇ ਵੱਖ ਵੱਖ ਮੰਨੇ ਗਏ ਦਸ ਦਿਨਾਂ ਉੱਤੇ ਜਾਣ ਦੀ ਮੈਂਨੂੰ ਕੋਈ ਲੋੜ ਨਹੀਂ ਹੈ। ਇਹ ਦਸ ਹਿੰਦੂ ਪੁਰਬ ਹਨ-
ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ, ਸੂਰਜ ਗ੍ਰਹਿਣ, ਚੰਦ ਗ੍ਰਹਿਣ, ਚਾਨਣਾਂ ਐਤਵਾਰ, ਦੋ ਇਕਾਦਸ਼ੀਆਂ ਅਤੇ ਦੇ ਚੌਦੇ। ਇਨ੍ਹਾਂ ਪੁਰਬਾਂ ਦਾ ਸਿੱਖੀ ਨਾਲ਼ ਕੋਈ ਸੰਬੰਧ ਨਹੀਂ ਹੈ, ਭਾਵੇਂ, ਬਹੁਤੇ ਸਿੱਖ ਗੁਰ ਸ਼ਬਦ ਗਿਆਨ ਤੋਂ ਕੋਰੇ ਹੋਣ ਕਾਰਨ ਅਜੇ ਵੀ ਇਨ੍ਹਾਂ ਪੁਰਬਾਂ ਨੂੰ ਸਿਰ ਉੱਤੇ ਚੁੱਕੀ ਫਿਰਦੇ ਹਨ। ਗੁਰੂ ਨੇ ਇਨ੍ਹਾਂ ਨੂੰ ਧੁਰ ਕੀ ਬਾਣੀ ਵਿੱਚ ਪਹਿਲਾਂ ਹੀ ਸਿੱਖੀ ਤੋਂ ਇੱਕ ਪਾਸੇ ਕੀਤਾ ਹੋਇਆ ਹੈ।

ਹ. ਤੀਰਥੁ ਹਮਰਾ ਹਰਿ ਕੋ ਨਾਮੁ॥ (ਗਗਸ 1142/10)

ਕ. ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥ (ਗਗਸ 140/3)

ਖ. ਸੁਣਿਐ ਅਠਿਸਠਿ ਕਾ ਇਸਨਾਨੁ॥ (ਜਪੁ)

ਗ. ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ। (ਗਗਸ 1116/9)। ਤੀਜੇ ਸਤਿਗੁਰੂ ਜੀ ਨੇ ਤੀਰਥਾਂ ਉੱਪਰ ਜਾਣ ਦਾ ਉੱਦਮ ਇਸ ਲਈ ਕੀਤਾ ਕਿ ਲੋਕਾਂ ਨੂੰ ਉਸ ਗ਼ਲਤੀ ਤੋਂ ਸੁਚੇਤ ਕੀਤਾ ਜਾ ਸਕੇ ਜਿਹੜੀ ਗ਼ਲਤੀ ਉਹ ਆਪ , ਗੁਰੂ ਬਣਨ ਤੋਂ ਪਹਿਲਾਂ, ਤੀਰਥ ਰਟਨ ਨਾਲ਼ ਕਰਦੇ ਰਹੇ ਸਨ।

2. ਸਿੱਖ ਦੀ ਤ੍ਰਿਬੇਣੀ ਕੀ ਹੈ?
ਕਵਿਤਾ ਕਹਿੰਦੀ ਹੈ ਕਿ ਨੌਵੇਂ ਗੁਰੂ ਜੀ ਨੇ ਤ੍ਰਿਬੇਣੀ (ਪ੍ਰਯਾਗ, ਅਲਾਹਾਬਾਦ) ਦੇ ਅਸਥਾਨ ਉੱਤੇ ਜਾ ਕੇ ਆਪਣੇ ਦਿਨ ਪੁੰਨ ਦਾਨ ਕਰਦਿਆਂ ਬਿਤਾਏ ਜੋ ਸਿੱਖੀ ਵਿਚਾਰਧਾਰਾ ਅਨੁਸਾਰ ਸਰਾਸਰ ਗ਼ਲਤ ਹੈ। ਸਿੱਖੀ ਵਿੱਚ ਤ੍ਰਿਬੇਣੀ ਕੀ ਹੈ, ਧੁਰ ਕੀ ਬਾਣੀ ਵਿੱਚੋਂ ਸਮਝਦੇ ਹਾਂ-

ਤ੍ਰਿਬੇਣੀ- ਤਿੰਨਿ ਨਦੀਆਂ ਗੰਗਾ, ਜਮੁਨਾ ਅਤੇ ਸਰਸਵਤੀ ਦਾ ਸੰਗਮ ਜੋ ਅਲਾਹਾਬਾਦ ਵਿੱਚ ਹੈ। ਸਿੱਖ ਲਈ ਤ੍ਰਿਬੇਣੀ ਦਾ ਇਸ਼ਨਾਨ ਕੀ ਹੈ, ਹੇਠ ਲਿਖੀਆਂ ਪਾਵਨ ਪੰਕਤੀਆਂ ਵਿੱਚ ਦਰਜ ਹੈ-
ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ॥
ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ॥
(ਗਗਸ 688/1)

ਪਦ-ਅਰਥ:- ਮਤੇ- ਮੱਤਿ। ਸਹਜਿ- ਆਤਮਕ ਅਡੋਲਤਾ ਵਿੱਚਿ।  ਨਾਵੈ- ਆਤਮਕ ਇਸ਼ਨਾਨ ਕਰਦਾ ਹੈ।
ਅਰਥ- ਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ । (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਸਿੱਖ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ । ਸਿੱਖ ਲਈ ਪ੍ਰਾਗ ਇਸ਼ਨਾਨ ਦੀ ਕੋਈ ਮਹਾਨਤਾ ਨਹੀਂ ਹੈ। ਗੁਰੂ ਹੀ ਤੀਰਥ ਹੈ।

3. ਪੁੰਨ ਦਾਨ ਅਤੇ ਸਿੱਖੀ:

ਕਵਿਤਾ ਕਹਿੰਦੀ ਹੈ ਕਿ ਪੁੰਨ ਦਾਨ ਕਰਨ ਨਾਲ਼ ਪੁੱਤ੍ਰ ਮਿਲ਼ਿਆ। ਸਿੱਖੀ ਵਿੱਚ ਅਜਿਹੇ ਪੁੰਨ ਦਾਨ ਦੀ ਕੋਈ ਥਾਂ ਨਹੀਂ ਹੈ। ਧੁਰ ਕੀ ਬਾਣੀ ਵਿੱਚ ਸਿੱਖ ਲਈ ਇਸ ਬਾਰੇ ਇਉਂ ਲਿਖਿਆ ਮਿਲ਼ਦਾ ਹੈ-

ੳ. ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ॥ (ਗਗਸ 566/9)।
ਅ. ਪੁਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ॥ (ਗਗਸ 243/8)।
ੲ. ਪੁਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮ॥ (ਗਗਸ 401/2)।
ਸ. ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ॥1॥ ਤਉ ਨ ਪੁਜਹਿ ਹਰਿ ਕਰਿਤਿ ਨਾਮਾ॥ (ਗਗਸ 873/9)
ਪ੍ਰਾਗ ਇਸਨਾਨੇ- ਤ੍ਰਿਬੇਣੀ ਦਾ ਇਸ਼ਨਾਨ। ਅਨੇਕ ਦਾਨ ਅਤੇ ਤ੍ਰਿਬੇਣੀ ਦਾ ਇਸਨਾਨ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਬਰਾਬਰ ਨਹੀਂ ਹੋ ਸਕਦੇ। ਸਿੱਖ ਤ੍ਰਿਬੇਣੀ ਦੇ ਇਸ਼ਨਾਨ ਨੂੰ ਠੂਠਾ ਦਿਖਾਉਂਦਾ ਹੈ।

4. ਕੀ ਤ੍ਰਿਬੇਣੀ ਦੇ ਇਸਨਾਨ ਨਾਲ਼ ਪੁੱਤਰ ਮਿਲਿਆ?

ਕਵਿਤਾ ਇਸੇ ਮਨਮੱਤਿ ਦਾ ਪ੍ਰਚਾਰ ਕਰਦੀ ਹੈ- ਜਬ ਹੀ ਜਾਤ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ। ਤਹੀ ਪ੍ਰਕਾਸ਼ ਹਮਾਰਾ ਭਯੋ। ਪਟਨਾ ਸ਼ਹਰ ਬਿਖੈ ਭਵ ਲਯੋ।

ਇਹ ਕੋਰੀ ਮਨਮੱਤਿ ਹੈ ਕਿ ਸੁੱਖਾਂ ਸੁੱਖਣ ਲਈ ਤੀਰਥਾਂ ਦਾ ਇਸ਼ਨਾਨ ਕੀਤਾ ਜਾਵੇ ਤੇ ਪੁੰਨ ਦਾਨ ਕੀਤੇ ਜਾਣ। ਤ੍ਰਿਬੇਣੀ ਦਾ ਇਸ਼ਨਾਨ ਸਿੱਖ ਲਈ ਜ਼ੀਰੋ ਅਹਿਮੀਅਤ ਰੱਖਦਾ ਹੈ। ਗੁਰੂ ਪਾਤਿਸ਼ਾਹਾਂ ਦੀ, ਇਸ ਰਚਨਾ ਰਾਹੀਂ , ਘੋਰ ਨਿਰਾਦਰੀ ਕੀਤੀ ਗਈ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਗਹਿਰੀ ਸੱਟ ਮਾਰੀ ਗਈ ਹੈ।
ਕਿਸੇ ਅਧਿਕਾਰੀ ਦੇ ਕੰਨ ਉੱਤੇ ਜੂੰ ਨਹੀਂ ਸਰਕਦੀ!

ਜਦੋਂ ਕੋਈ ਰਾਗੀ ਜਥਾ ਇਸ ਕੱਚੀ ਰਚਨਾ ਨੂੰ ਸੰਗਤ ਵਿੱਚ ਗਾਉਂਦਾ ਹੈ ਤਾਂ ਕਮੇਟੀ ਦੇ ਕਿਸੇ ਵੀ ਪ੍ਰਧਾਨ, ਚੇਅਰਮੈਨ, ਸਕੱਤ੍ਰ, ਖ਼ਜ਼ਾਨਚੀ ਅਤੇ ਸੰਗਤ ਵਿੱਚੋਂ ਕਿਸੇ ਵੀ ਵਿਦਵਾਨ ਜਾਂ ਤਰਕਸ਼ੀਲ ਦੇ ਕੰਨਾਂ ਉੱਤੇ ਜੂੰ ਤਕ ਨਹੀਂ ਸਰਕਦੀ ਸਗੋਂ ਰਾਗੀ ਜਥੇ ਨੂੰ ਮਾਇਆ ਦੇ ਗੱਫ਼ੇ ਦੇ ਕੇ ਇਸ ਝੂਠੀ ਰਚਨਾ ਉੱਤੇ ਸੱਚ ਦੀ ਮੁਹਰ ਲਾ ਦਿੱਤੀ ਜਾਂਦੀ ਹੈ। ਪ੍ਰਬੰਧਕ ਕਮੇਟੀਆਂ ਦੇ ਗੁਰ ਸ਼ਬਦ ਗਿਆਨ ਦੇ ਨਿਕਲ਼ੇ ਦਿਵਾਲ਼ੇ ਦਾ ਵੀ ਇਹ ਸੂਚਕ ਹੈ। ਇੱਸ ਤੋਂ ਇਹ ਵੀ ਭਾਵ ਨਿਕਲ਼ਦਾ ਹੈ ਕਿ ਰਾਗੀ ਸੱਜਣ ਸਾਰਿਆਂ ਨੂੰ ਬੁੱਧੂ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਵਿੱਚ ਸਫ਼ਲ ਰਹਿੰਦੇ ਹਨ। ਰਾਗੀ ਸੱਜਣਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਿੱਖੀ ਵਿਚਾਰਧਾਰਾ ਨੂੰ ਮੰਨੂਵਾਦ/ ਬ੍ਰਾਹਮਵਾਦ/ ਬਿੱਪਰਵਾਦ ਦਾ ਰੰਗ ਦੇਕੇ ਸੰਗਤਾਂ ਨੂੰ ਵੀ ਗੁੰਮਰਾਹ ਕਰਨ ਦੇ ਦੋਸ਼ੀ ਬਣ ਰਹੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਣ ਬੁੱਝ ਕੇ ਨਿਰਾਦਰੀ ਕਰ ਰਹੇ ਹਨ। ਸਿੱਖ ਗੁਰੂ ਪਾਤਿਸ਼ਾਹਾਂ ਨੂੰ ਹਿੰਦੂ ਤੀਰਥਾਂ ਦੇ ਪੁਜਾਰੀ ਸਾਬਤ ਕਰਨ ਵਿੱਚ ਉਹ ਵੀ ਹਿੱਸਾ ਪਾ ਰਹੇ ਹਨ। ਗੁਰੂ ਦੀ ਕਚਹਿਰੀ ਵਿੱਚੋਂ ਉਹ ਸਜ਼ਾ ਤੋਂ ਬਚ ਨਹੀਂ ਸਕਦੇ।

ਸਿੱਖਾਂ ਕੋਲ਼ ਗੁਰ ਸ਼ਬਦ ਗਿਆਨ ਦਾ ਕੀਮਤੀ ਭੰਡਾਰ ਧੁਰ ਕੀ ਬਾਣੀ ਦੇ ਹੁੰਦਿਆਂ ਹੋਇਆਂ ਵੀ ਸਿੱਖ ਅਗਿਆਨਤਾ ਦਾ ਮਨਮਤੀ ਰਸਤਾ ਛੱਡਣ ਲਈ ਤਿਆਰ ਨਹੀਂ ਹਨ।

ਜੋ ਰਚਨਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਦੂਰ ਲੈ ਜਾਂਦੀ ਹੋਵੇ ਉਹ ਕਦੇ ਵੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਅਜਿਹਾ ਹੋ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬ੍ਰਾਹਮਣਵਾਦ ਦੀਆਂ ਜੜ੍ਹਾਂ ਸਿੱਖੀ ਵਿਚਾਰਧਾਰਾ ਵਿੱਚ ਬਹੁਤ ਡੂੰਘੀਆਂ ਲੱਗ ਚੁੱਕੀਆਂ ਹਨ। ਜੇ ਇਸੇ ਤਰ੍ਹਾਂ ਹੀ ਸਿੱਖਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪੱਖੋਂ ਅਵੇਸਲ਼ਾਪਨ ਰਿਹਾ ਤਾਂ ਬ੍ਰਾਹਮਣਵਾਦ ਨੇ ਜੋ ਪਾਰਸੀ, ਜੈਨੀ ਅਤੇ ਬੋਧੀ ਧਰਮਾਂ ਨਾਲ਼ ਕੀਤਾ ਸਿੱਖ ਧਰਮ ਨਾਲ਼ ਵੀ ਐਸਾ ਹੁੰਦਾ ਦੇਖਣ ਲਈ ਤਿਆਰ ਰਹਿਣ। ਹਰ ਪਾਸਿਓਂ ਬ੍ਰਾਹਮਣਵਾਦ ਵਲੋਂ ਸਿੱਖੀ ਉੱਤੇ ਪ੍ਰਗਟ ਅਤੇ ਲੁਕਵੇਂ ਮਾਰੂ ਹਮਲੇ ਜਾਰੀ ਹਨ ਜੋ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ਚੱਲੇ ਆ ਰਹੇ ਹਨ!!!

ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖਾਂ ਉੱਤੇ ਸੱਭ ਤੋਂ ਭਿਆਨਕ ਅਤੇ ਮਾਰੂ ਹਮਲਾ ਹੋ ਚੁੱਕਾ ਹੈ, ਭਾਵੇਂ, 6,600 ਤੋਂ ਵੱਧ ਪੁਸਤਕਾਂ ਬ੍ਰਾਹਣਵਾਦ ਵਲੋਂ ਸਿੱਖੀ ਵਿਚਾਰਧਾਰਾ ਅਤੇ ਇਤਿਹਾਸ ਨੂੰ ਹਿੰਦੂ ਮੱਤ ਦੀ ਰੰਗਤ ਦੇਣ ਲਈ ਵੀ ਲਿਖੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਤੋਂ ਆਮ ਸਿੱਖ ਬਿਲਕੁਲ ਨਾਵਾਕਫ਼ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top