Share on Facebook

Main News Page

ਭਾਈ ਵੀਰ ਸਿੰਘ ਨੇ 41 ਵੀਂ ਵਾਰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜੋੜ ਕੇ ਅਨੱਰਥ ਕੀਤਾ !
-: ਪ੍ਰੋ. ਕਸ਼ਮੀਰਾ ਸਿੰਘ USA

ਪੰਡਿਤ ਅਤੇ ਸੰਪਰਦਾਈ ਗਿਆਨੀ ਹਜ਼ਾਰਾ ਸਿੰਘ ਨੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਕੀਤਾ ਸੀ। ਭਾਈ ਵੀਰ ਸਿੰਘ ਨੇ ਇਸ ਦੀ ਜਾਣਕਾਰੀ ਖ਼ਾਲਸਾ ਸਮਾਚਾਰ ਹਾਲ ਬਾਜ਼ਾਰ ਅੰਮ੍ਰਿਤਸਰ ਵਲੋਂ ਛਪੀ ‘ਵਾਰਾਂ ਭਾਈ ਗੁਰਦਾਸ’ {ਜੂਨ 1988 ਦੀ ਪ੍ਰਕਾਸ਼ਨਾ} ਵਿੱਚ ਹੇਠ ਲਿਖੇ ਅਨੁਸਾਰ ਆਰੰਭ ਵਿੱਚ ਦਿੱਤੀ ਹੈ:

“ਬੇਨਤੀ! ਭਾਈ ਗੁਰਦਾਸ ਦੀਆਂ ਵਾਰਾਂ ਸਿੱਖਾਂ ਵਿੱਚ ਪ੍ਰਮਾਣੀਕ ਬਾਣੀ ਦੀ ਪਦਵੀ ਰੱਖਦੀਆਂ ਹਨ ਅਤੇ ਸਨਾਤਨ ਸਿੱਖਾਂ ਵਿੱਚ ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਆਖਿਆ ਕਰਦੇ ਸੀ। ਇਸ ਬਾਣੀ ਦੀ ਬੋਲੀ ਠੇਠ ਪੰਜਾਬੀ ਹੈ।

"ਇਸ ਕਰਕੇ ਗ੍ਯਾਨੀ ਹਜ਼ਾਰਾ ਸਿੰਘ ਪੰਡਤ ਜੀ ਨੇ, ਜੋ ਬੜੇ ਲਾਇਕ ਵਿਦਵਾਨ ਸੇ, ਅਰ ਗੁਰਬਾਣੀ ਦੇ ਪ੍ਰਸਿੱਧ ਸੰਪਰਦਾਈ ਗਿਆਨੀ ਸੇ , ਆਪਣੇ ਜੀਵਨ ਦਾ ਆਖਰੀ ਸੇਵਾ ਦਾ ਕੰਮ ਇਹ ਟੀਕਾ ਤਿਆਰ ਕੀਤਾ, ਜੋ ਸਮਾਪਤ ਕਰ ਕੇ ਸ੍ਰੀ ਜੀ ਨੇ ਭਾਵਾਂ ਦੀ ਸੇਵਾ ਅਰ ਪ੍ਰਬੰਧ ਦੀ ਕੁਛ ਪੜਤਾਲ ਦਾਸ ਦੇ ਸਪੁਰਦ ਕਰਕੇ ਆਪਣੇ ਜੀਉਂਦੇ ਜੀਅ ਇਸ ਨੂੰ ਸੰਪੂਰਨ ਕਰਕੇ ਛਪਣੇ ਨਮਿਤ ਪ੍ਰੈਸ ਨੂੰ ਦੇ ਦਿੱਤਾ। ਕੁਛ ਫਰਮੇ ਛਪੇ ਆਪ ਨੇ ਵੇਖੇ ਸਨ ਪਰ ਸ਼ੋਕ! ਕਿ ਸਾਰੀ ਛਪੀ ਦਾ ਦਰਸ਼ਨ ਨਹੀਂ ਕਰ ਸਕੇ।
ਅੰਮ੍ਰਿਤਸਰ 1 ਅਗਸਤ 1911.

ਉਪਰੋਕਤ ਲਿਖਤ ਤੋਂ ਹੇਠ ਲਿਖੀ ਵਿਚਾਰ ਨਿਕਲ਼ਦੀ ਹੈ:

  1. ਹਜ਼ਾਰਾ ਸਿੰਘ ਸੰਪਰਦਾਈ ਗਿਆਨੀ ਅਤੇ ਪੰਡਿਤ ਸੀ । ਸੰਪਰਦਾ ‘ਨਿਰਮਲਾ’ ਸੀ ਜਾਂ ਹੋਰ ਇਸ ਦਾ ਜ਼ਿਕਰ ਨਹੀਂ।
  2. ਵਾਰਾਂ ਨੂੰ ‘ਬਾਣੀ’ ਲਿਖਿਆ ਗਿਆ ਜੋ ਭਾਈ ਵੀਰ ਸਿੰਘ ਦੀ ਬਹੁਤ ਵੱਡੀ ਭੁੱਲ ਹੈ। ਬਾਣੀ ਦਾ ਦਰਜਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ (ਰਾਗਮਾਲ਼ਾ ਤੋਂ ਬਿਨਾਂ) ਨੂੰ ਹੀ ਹੈ ਅਤੇ ਇਸ ਤੋਂ ਬਾਹਰ ਪਈ ਕੋਈ ਵੀ ਰਚਨਾ ਬਾਣੀ ਦਾ ਦਰਜਾ ਨਹੀਂ ਰੱਖਦੀ।
  3. ਭਾਈ ਵੀਰ ਸਿੰਘ ਸਿੱਖਾਂ ਦੇ ਇੱਕ ਹਿੱਸੇ ਨੂੰ ‘ਸਨਾਤਨੀ’ ਵੀ ਲਿਖ ਰਹੇ ਹਨ ਜੋ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਕਰਦੇ ਸਨ। ਇਸ ਤੋਂ ਭਾਵ ਹੈ ਕਿ ਕੇਵਲ ਸਨਾਤਨੀ ਸਿੱਖ ਹੀ ਅਜਿਹਾ ਖ਼ਿਆਲ ਰੱਖਦੇ ਹਨ। ‘ਸਨਾਤਨਵਾਦ’ ਦਾ ਦੂਜਾ ਨਾਂ ‘ਬ੍ਰਾਹਮਣਵਾਦ’ ਹੀ ਹੈ ਜਿਸ ਨੂੰ ਭਾਈ ਵੀਰ ਸਿੰਘ ਆਪਣੇ ਨਾਲ਼ ਵੀ ਸੰਬੰਧਤ ਕਰਦੇ ਹਨ।
  4. ਭਾਈ ਵੀਰ ਸਿੰਘ ਵਲੋਂ ਵਰਤੇ ਸ਼ਬਦ ‘ਅਰ’ ਦੀ ਗੁਰਬਾਣੀ ਗਿਆਨ ਸਾਹਿਤ ਵਿੱਚ ਕੋਈ ਹੋਂਦ ਨਹੀਂ ਹੈ। ਗੁਰਬਾਣੀ ਵਿੱਚ ਸ਼ਬਦ ‘ਅਰਿ’ (ਦੁਸ਼ਮਣ) ਜਾਂ ‘ਅਰੁ’ (ਅਤੇ) ਹੈ ਅਤੇ ‘ਅਰ’ ਸ਼ਬਦ ਦਾ ਕੋਈ ਅਰਥ ਨਹੀਂ ਹੈ।
  5. ਪੈਰੀਂ ਬਿੰਦੀ ਦਾ ਪ੍ਰਯੋਗ ਸ਼ੁਰੂ ਹੋਣ ਤੇ ਵੀ ਭਾਈ ਵੀਰ ਸਿੰਘ ਨੇ ‘ਸ਼੍ਰੀ’ (ਸ਼ੋਭਨੀਕ) ਦੀ ਥਾਂ ‘ਸ੍ਰੀ’ ( ਸੱਪ ਦੀ ਸਿਰੀ, ਛੋਟਾ ਸਿਰ- ਮਹਾਨ ਕੋਸ਼) ਸ਼ਬਦ ਦੀ ਨਿਰਾਰਥਕ ਵਰਤੋਂ ਕੀਤੀ ਹੈ।
  6. ਭਾਈ ਗੁਰਦਾਸ ਦੀਆਂ ਵਾਰਾਂ ਦੀ ਟੀਕਾ ਭਾਈ ਵੀਰ ਸਿੰਘ ਨੇ ਨਹੀਂ ਕੀਤਾ ਸਗੋਂ ਸੰਪਰਦਾਈ ਗਿਆਨੀ ਪੰਡਿਤ ਹਜ਼ਾਰਾ ਸਿੰਘ ਨੇ ਕੀਤਾ ਹੈ। ਇਸ ਟੀਕੇ ਵਿੱਚ 41ਵੀਂ ਵਾਰ ਭਾਈ ਵੀਰ ਸਿੰਘ ਨੇ ਖ਼ੁਦ ਸ਼ਾਮਲ ਕੀਤੀ ਹੈ।

ਬਖੇੜਾ ਖੜ੍ਹਾ ਕੀਤਾ:

ਭਾਈ ਵੀਰ ਸਿੰਘ ਨੇ ਹੀ 41ਵੀਂ ਵਾਰ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸ਼ਾਮਲ ਕਰਕੇ ਬਖੇੜਾ ਖੜ੍ਹਾ ਕੀਤਾ ਅਤੇ ‘ਸਨਾਤਨਵਾਦ’ ਨੂੰ ਸਿੱਖਾਂ ਵਿੱਚ ਪ੍ਰਚੱਲਤ ਕੀਤਾ ਸੀ। ਪੁਸਤਕ ਦੇ ਆਰੰਭ ਦੀ ‘ਬੇਨਤੀ’ ਵਿੱਚ ਆਪ ਹੀ ਭਾਈ ਵੀਰ ਸਿੰਘ ਨੇ ਇਸ ਤਰ੍ਹਾਂ ਇਸ ਸਨਾਤਨਵਾਦੀ ਕਾਰਵਾਈ ਦਾ ਜ਼ਿਕਰ ਕਰਦਿਆਂ ਇਉਂ ਲਿਖਿਆ ਹੈ:-

ਆਪ ਦੀ ਇਹ ਆਖਰੀ ਯਾਦਗਾਰ ਅਰ ਪੰਥ ਨੂੰ ਲੋੜੀਦੀਂ ਸ਼ੈ ਭਾਗਾਂ ਵਿੱਚ ਕੁਛ ਵੇਰ ਅੱਗੇ ਛਪ ਚੁੱਕੀ ਹੈ, ਹੁਣ ਫੇਰ ਮੁਕੰਮਲ 41ਵੀਂ ਵਾਰ ਸ਼ਾਮਲ ਕਰਕੇ (ਚੌਥੀ ਐਡੀਸ਼ਨ) ਪ੍ਰਕਾਸਤ ਕੀਤੀ ਜਾਂਦੀ ਹੈ”।
41ਵੀਂ ਵਾਰ ਦੇ ਮਿਲ਼ਦੇ ਹੋਰ ਨਾਂ ਵੀ ਹਨ, ਜਿਵੇ:-

ਭਾਈ ਵੀਰ ਸਿੰਘ ਵਲੋਂ ਛਪਵਾਈ ‘ਟੀਕਾ ਵਾਰਾਂ ਭਾਈ ਗੁਰਦਾਸ’ ਪੁਸਤਕ ਵਿੱਚ 41ਵੀਂ ਵਾਰ ਦਾ ਸਿਰਲੇਖ ਉਸ ਨੇ ਲਿਖਆ ਹੈ-

‘ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ’

ਖ਼ਾਲਸਾ ਸਮਾਚਾਰ ਵਲੋਂ ਛਪੀ ਪੁਸਤਕ ਦੇ ਪੰਨਾਂ 636 ਉੱਤੇ ਭਾਈ ਵੀਰ ਸਿੰਘ ਨੇ 41ਵੀਂ ਵਾਰ ਦਾ ਇੱਕ ਹੋਰ ਸਿਰਲੇਖ ਦੱਸਦਿਆਂ ਲਿਖਿਆ ਹੈ-

“ਪਾਠਾਂਤ੍ਰ ਐੳਂ ਬੀ ਹਨ- ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10”
ਪੁਨਾ:- “ਉਪਮਾ ਸ੍ਰੀ ਸਤਿਗੁਰੂ ਜੀ ਕੀ ਪਾਤਸ਼ਾਹੀ 10}॥”

ਅਗਿਆਨੀ ਪ੍ਰਕਾਸ਼ਕਾਂ ਨੇ 41ਵੀਂ ਵਾਰ ਨੂੰ ਭਾਈ ਗੁਰਦਾਸ ਭੱਲੇ ਨਾਲ਼ ਜੋੜਨ ਦਾ ਯਤਨ ਕਰਦਿਆਂ ਲਿਖਿਆ:-

“ਰਾਮਕਲੀ ਵਾਰ ਪਾਤਸ਼ਾਹੀ ਦਸਵੇਂ ਕੀ 10॥ ਬੋਲਣਾ ਗੁਰਦਾਸ ਭੱਲੇ ਜੀ ਕਾ”

ਬਿਨਾਂ ਖੋਜ ਪੜਤਾਲ਼ ਤੋਂ ਕੀਤਾ ਕੰਮ:

ਬਿਨਾਂ ਖੋਜ ਪੜਤਾਲ਼ ਕਰਨ ਤੋਂ ਭਾਈ ਵੀਰ ਸਿੰਘ ਵਲੋਂ ਸਨਾਤਨਵਾਦ ਦਾ ਪ੍ਰਚਾਰ ਕਰਦੀ 41ਵੀਂ ਵਾਰ ਨੂੰ ਲਿਖੇ ਸਿਰਲੇਖ ਦੁਆਰਾ ਦਸਵੇਂ ਗੁਰੂ ਜੀ ਨਾਲ਼ ਜੋੜਨਾ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸ਼ਾਮਲ ਕਰਨਾ ਅੰਧਵਿਸ਼ਵਾਸੀ ਸ਼ਰਧਾ ਵਿੱਚੋਂ ਨਿਕਲ਼ੀ ਘਟੀਆ ਸੋਚ ਸੀ ਜਿਸ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ।

ਗਿਆਨੀ ਹਜ਼ਾਰਾ ਸਿੰਘ ਨੂੰ ਵੀ ਨਾਲ਼ ਜੋੜਿਆ:
ਭਾਈ ਵੀਰ ਸਿੰਘ ਨੇ 41ਵੀਂ ਵਾਰ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜੋੜਨ ਦੀ ਇੱਛਾ ਨੂੰ, ਗ਼ਲਤ ਸੋਚ ਨਾਲ਼ ਹੀ, ਗਿਆਨੀ ਹਜ਼ਾਰਾ ਸਿੰਘ ਨਾਲ਼ ਜੋੜ ਦਿੱਤਾ ਹੈ, ਭਾਵੇਂ, ਗਿਆਨੀ ਜੀ ਦੀ ਸੋਚ ਅਜਿਹੀ ਨਹੀਂ ਸੀ। ਪੁਸਤਕ ਦੇ ਪੰਨਾਂ 637 ਉੱਤੇ ਭਾਈ ਵੀਰ ਸਿੰਘ ਨੇ ਇਸ ਵਾਰੇ ਇਉਂ ਲਿਖਿਆ ਹੈ:-

“ਗ੍ਯਾਨੀ ਜੀ ਦੇ ਆਪਣੇ ਸੰਚੇ ਵਿੱਚ ਇਸ ਵਾਰ (41ਵੀਂ ਵਾਰ) ਦਾ ਮੂਲ਼ ਤਾਂ ਹੈ ਪਰ ਟੀਕਾ ਨਹੀਂ ਹੋਯਾ ਹੋਯਾ, ਪਰ ਹੇਠਾਂ ਕਿਤੇ ਕਿਤੇ ਪ੍ਰਯਾਯ ਲਾਏ ਹੋਏ ਹਨ। ਸ਼ਾਯਦ ਸਮੇਂ ਨੇ ਆਗਿਆ ਨਹੀਂ ਦਿੱਤੀ ਕਿ ਇਸ ਦਾ ਟੀਕਾ ਹੋ ਕੇ ਬੀ ਪੋਥੀ ਦੇ ਨਾਲ਼ ਜੋੜੀ ਜਾਏ। ਭਾਵੇਂ ਉਨ੍ਹਾਂ ਦਾ ਮਨਸ਼ਾ ਟੀਕਾ ਕਰਨ ਤੇ ਨਾਲ਼ ਜੋੜਨ ਦਾ ਸੀ । ਅਸੀਂ ਉਨ੍ਹਾਂ ਦੇ ਇਸ ਮਨਸ਼ਾ ਨੂੰ ਸਮਝਕੇ ਇਹ ਵਾਰ ਇਸ (ਚਉਥੀ) ਐਡੀਸ਼ਨ ਵਿੱਚ ਕੁੱਝ ਪ੍ਰਯਾਯ ਉਨ੍ਹਾਂ ਦੇ ਹੋਰ ਮਿਲ਼ਾ ਕੇ ਜੋੜ ਰਹੇ ਹਾਂ। ਵਾਰ ਸੁਖੈਨ ਹੈ ਅਤੇ ਸਾਰੀ ਟੀਕਾ ਨਹੀਂ ਕੀਤੀ ਗਈ”।

ਸੋਚਣ ਵਾਲ਼ੀਆਂ ਗੱਲਾਂ:

  1. ਜੇ ਗਿਆਨੀ ਹਜ਼ਾਰਾ ਸਿੰਘ ਦੀ ਮਨਸ਼ਾ 41ਵੀਂ ਵਾਰ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸ਼ਾਮਲ ਕਰਨ ਦੀ ਸੀ ਤਾਂ ਜੀਉਂਦੇ ਜੀਅ ਉਨ੍ਹਾਂ ਨੇ ਭਾਈ ਵੀਰ ਸਿੰਘ ਨੂੰ ਕਿਉਂ ਨਾ ਲਿਖਤੀ ਜਾਂ ਮੌਖਿਕ ਆਦੇਸ਼ ਦਿੱਤਾ ?
  2. ਭਾਈ ਵੀਰ ਸਿੰਘ ਨੇ ਕਿਵੇਂ ਅੰਦਾਜ਼ਾ ਲਾ ਲਿਆ ਕਿ ਗਿਆਨੀ ਹਜ਼ਾਰਾ ਸਿੰਘ ਵੀ 41ਵੀਂ ਵਾਰ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ?
  3. ਮੰਨ ਲਓ, ਭਾਈ ਵੀਰ ਸਿੰਘ ਨੇ ਗਿਆਨੀ ਜੀ ਦੀ ਅੰਦਰੂਨੀ ਮਨਸ਼ਾ ਨੂੰ ਠੀਕ ਬੁੱਝਿਆ ਤਾਂ ਭਾਈ ਵੀਰ ਸਿੰਘ ਨੇ ਆਪਣੇ ਦਿਮਾਗ਼ ਤੋਂ ਕਿਉਂ ਨਹੀਂ ਕੰਮ ਲਿਆ ਕਿ ਇਹ ਵਾਰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸ਼ਾਮਲ ਨਹੀਂ ਕਰਨੀ ਚਾਹੀਦੀ। ਜਦੋਂ ਇਹ ਵਾਰ ਭਾਈ ਗੁਰਦਾਸ ਭੱਲੇ ਦੀ ਲਿਖੀ ਹੋਈ ਹੀ ਨਹੀਂ ਸੀ ਤਾਂ ਭਾਈ ਵੀਰ ਸਿੰਘ ਨੂੰ ਇਸ ਵਾਰ ਨੂੰ 41ਵੀਂ ਵਾਰ ਦਾ ਰੁਤਬਾ ਦੇ ਕੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸ਼ਾਮਲ ਕਰਨ ਦੀ ਕੀ ਕਾਹਲ਼ੀ ਸੀ? ਕੀ ਭਾਈ ਵੀਰ ਸਿੰਘ ਨੇ ਸਿੱਖ ਕੌਮ ਅਤੇ ਭਾਈ ਗੁਰਦਾਸ ਨਾਲ਼ ਧੋਖਾ ਨਹੀਂ ਕੀਤਾ? ਸਿੱਖ ਕੌਮ ਨੂੰ ਸੱਚਾਈ ਤੋਂ ਜਾਣੂੰ ਕਰਾਉਣ ਦੀ ਵਜਾਇ ਭਾਈ ਵੀਰ ਸਿੰਘ ਨੇ ਕੌਮ ਨੂੰ ਕਿਉਂ ਹਨ੍ਹੇਰੇ ਵਿੱਚ ਰੱਖਿਆ?
  4. ਜੇ ਇਸ ਵੱਖਰੀ ਵਾਰ ਦਾ ਟੀਕਾ ਕਰਨਾ ਹੀ ਸੀ ਤਾਂ ਇਸ ਨੂੰ ਵੱਖਰੇ ਕਿਤਾਬਚੇ ਵਿੱਚ ਛਪਾਉਣਾ ਚਾਹੀਦਾ ਸੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਇਹ ਕਿਤਾਬਚਾ ਅੱਡ ਰੱਖਣਾ ਚਾਹੀਦਾ ਸੀ।
  5. ਧੱਕੇ ਜਾਂ ਧੋਖੇ ਨਾਲ਼ ਕਿਸੇ ਲਿਖਾਰੀ ਦੀਆਂ ਲਿਖਤਾਂ ਵਿੱਚ ਕਿਸੇ ਹੋਰ ਲਿਖਾਰੀ ਦੀ ਕੋਈ ਲਿਖਤ ਉਹੀ ਨਾਂ ਰੱਖ ਕੇ ਛਪਵਾਉਣੀ ਪਾਪ ਤੋਂ ਪਰੇ ਅਪਰਾਧ ਵੀ ਹੈ। ਕ੍ਰਮ ਅੰਕ 41ਵੀਂ ਵਾਰ ਤੋਂ ਇਹੀ ਜ਼ਾਹਰ ਹੁੰਦਾ ਹੈ ਕਿ ਇਹ ਭਾਈ ਗੁਰਦਾਸ ਦੀ ਹੀ 40ਵੀਂ ਤੋਂ ਅਗਲੀ ਵਾਰ ਹੈ ਜੋ ਸੱਚਾਈ ਨਹੀਂ ਹੈ।

ਸਨਾਤਨਵਾਦੀ ਵਿਾਚਰਧਾਰਾ ਦਾ ਅਸਰ:

ਇਸ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਸਨਾਤਨਵਾਦੀ ਵਿਚਾਰਧਾਰਾ ਨੇ ਭਾਈ ਵੀਰ ਸਿੰਘ ਨੂੰ ਵੀ ਆਪਣੀ ਜਕੜ ਵਿੱਚ ਲਿਆ ਹੋਇਆ ਸੀ। ‘ਕਾਲਕਾ’ ਸ਼ਬਦ ‘ਕਾਲਿਕਾ’ ਤੋਂ ਬਣਦਾ ਹੈ ਜਿਸ ਦਾ ਅਰਥ ਪਾਰਬਤੀ ਦਾ ਇੱਕ ਰੂਪ ਕਾਲਿਕਾ ਦੇਵੀ ਹੈ। ਭਾਈ ਵੀਰ ਸਿੰਘ ਨੇ ‘ਕਾਲਕਾ’ ਦੇ ਅਰਥ ਕਰਦਿਆਂ ਵੀ ਸਨਾਤਨਵਾਦ ਨੂੰ ਨਹੀਂ ਛੱਡਿਆ, ਜਿਵੇਂ:- “ਕਾਲਕਾ ਜੀ ਤੋਂ ਮੁਰਾਦ ਵਾਹਿਗੁਰੂ ਜੀ ਦੀ ਹੈ, ਵਾਹਿਗੁਰੂ ਅਲਿੰਗ ਹੈ”। ਸ਼ਾਇਦ ਭਾਈ ਵੀਰ ਸਿੰਘ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਨ ਦਾ ਬਹੁਤ ਘੱਟ ਅਭਿਆਸ ਸੀ। ਗੁਰਬਾਣੀ ਵਿੱਚ ਕਿਤੇ ਵੀ ਰੱਬ ਲਈ ‘ਵਾਹਿਗੁਰੂ’ ਸ਼ਬਦ ਨਹੀਂ ਵਰਤਿਆ ਗਿਆ। ਗੁਰਬਾਣੀ ਵਿੱਚ ਰੱਬ ਨੂੰ ਕਿਤੇ ਵੀ ਇਸਤ੍ਰੀ ਲਿੰਗ ਰੂਪ ਵਿੱਚ ਨਹੀਂ ਬਿਆਨ ਕੀਤਾ ਗਿਆ। ਰੱਬ ਤਾਂ ਖ਼ਸਮ ਹੈ ਅਤੇ ਅਸੀਂ ਉਸ ਦੀਆਂ ਜੀਵ ਇਸਤ੍ਰੀਆਂ ਹਾਂ। ਗੁਰਬਾਣੀ ਵਿੱਚ ਰੱਬ ਨੂੰ ਮਾਂ, ਪਿਉ, ਭਰਾ, ਰਿਸ਼ਤੇਦਾਰ, ਪੁੱਤਰ, ਸਖਾ, ਸੱਜਣ ਮਿੱਤਰ ਸਮਝਿਆ ਗਿਆ ਹੈ। “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਧਪੁ ਤੂ ਮੇਰਾ ਭਰਾਤਾ॥” ਵਾਕ ਨੂੰ ਧਿਆਨ ਨਾਲ਼ ਵਿਚਾਰੋ। ‘ਮਾਤਾ’ ਸ਼ਬਦ ਨਾਲ਼ ‘ਮੇਰਾ’ ਸ਼ਬਦ ਹੈ ‘ਮੇਰੀ’ ਨਹੀਂ। ‘ਮੇਰਾ ਮਾਤਾ’ ਹੈ ‘ਮੇਰੀ ਮਾਤਾ’ ਨਹੀਂ। ‘ਮੇਰਾ ਮਾਤਾ’ ਤੋਂ ਭਾਵ ਹੈ ਤੂੰ ਹੀ ਮਾਤਾ ਦੇ ਥਾਂ ਹੈ । ਇਵੇਂ ਹੀ ਤੂਂ ਹੀ ਪਿਤਾ ਦੇ ਥਾਂ ਹੈਂ। ਰੱਬ ਨੂੰ ਕਿਤੇ ਵੀ ਮੇਰੀ ਸੱਜਣੀ, ਮੇਰੀ ਸਖੀ, ਮੇਰੀ ਮਾਤਾ, ਮੇਰੀ ਸਹੇਲੀ ਨਹੀਂ ਲਿਖਿਆ ਗਿਆ। ਕੋਈ ਇੱਕ ਪੰਕਤੀ ਵੀ ਸਾਬਤ ਨਹੀਂ ਕਰਦੀ ਕਿ ਰੱਬ ‘ਇਸਤਰੀ ਲਿੰਗ’ ਵੀ ਹੈ। ਰੱਬ ਆ ਗਈ ਨਹੀਂ, ਰੱਬ ਆ ਗਿਆ ਹੁੰਦਾ ਹੈ। ਅਕਾਲਪੁਰਖ ਮਿਲ਼ਿਆ ਹੁੰਦਾ ਹੈ, ਅਕਾਲਪੁਰਖ ਮਿਲ਼ੀ ਨਹੀਂ ਹੁੰਦਾ। ਇਸ ਤਰ੍ਹਾਂ ਭਾਈ ਵੀਰ ਸਿੰਘ ਵਲੋਂ ‘ਕਾਲਕਾ’ ਦੇ ਅਰਥ ਰੱਬ ਕਰਨੇ ਨਿਰਾ ਅਨੱਰਥ ਹੈ।

ਸੂਰਜ ਪ੍ਰਕਾਸ, ਪੰਥ ਪ੍ਰਕਾਸ਼, ਗੁਰਬਿਲਾਸ ਪਾ 10 ਲਿਖਿਤ ਕਵੀ ਸੁੱਖਾ ਸਿੰਘ ਅਤੇ ਕੁਇਰ ਸਿੰਘ ਸਾਰੇ ਹੀ ਕਹਿੰਦੇ ਹਨ ਕਿ ਦਸਵੇਂ ਗੁਰੂ ਜੀ ਨੇ ਕਾਲਕਾ (ਦੁਰਗਾ) ਦੇਵੀ ਪੂਜੀ ਅਤੇ ਉਸ ਤੋਂ ‘ਕਰਦ’ ਰੂਪ ਵਿੱਚ ਆਸ਼ੀਰਵਾਦ ਲੈ ਕੇ ਕਰਦ ਨਾਲ਼ ਹੀ ਪਾਹੁਲ ਤਿਆਰ ਕੀਤੀ। ਭਾਈ ਵੀਰ ਸਿੰਘ ਨੂੰ ਇਹ ਪੁਸਤਕਾਂ ਵੀ ਪੜ੍ਹ ਲੈਣੀਆਂ ਚਾਹੀਦੀਆਂ ਸਨ ਤਾਂ ਜੁ ‘ਕਾਲਕਾ’ ਦੇ ਅਰਥ ਸਪੱਸ਼ਟ ਹੋ ਜਾਂਦੇ ਅਤੇ ਸਿੱਖ ਭੰਭਲ਼ਭੂਸੇ ਵਿੱਚ ਨਾ ਪੈਂਦੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top