Share on Facebook

Main News Page

‘ਸਗਲ ਦੁਆਰ ਕਉ ਛਾਡਿ ਕੈ...’ ਦੋਹਰੇ ਦਾ ਅਰਥ ਅਤੇ ਲਿਖਾਰੀ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
26 Mar 2018

ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਦਸਵੇਂ ਗੁਰੂ ਜੀ ਵਲੋਂ ਪ੍ਰਵਾਨਿਤ, ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਵਾਲ਼ੇ ਗੁਰੂ-ਬਖ਼ਸ਼ੇ ਨਿੱਤ-ਨੇਮ ਨੂੰ ਸੰਨ 1931 ਤੋਂ 1945 ਦੇ ਸਮੇਂ ਸ਼੍ਰੋ. ਕਮੇਟੀ ਵਲੋਂ ਬਣਾਈ ਗਈ ‘ਸਿੱਖ ਰਹਿਤ ਮਰਯਾਦਾ’ ਨੇ ਤਾਰ-ਤਾਰ ਕਰ ਦਿੱਤਾ ਸੀ। ਓਦੋਂ ਤੋਂ ਹੀ ਸਿੱਖ ਅੰਧ ਵਿਸ਼ਵਾਸੀ ਸ਼ਰਧਾ ਅਧੀਨ ਸ਼੍ਰੋ. ਕਮੇਟੀ ਦਾ ਬਣਾਇਆ ਨਿੱਤ-ਨੇਮ ਹੀ ਕਰਦੇ ਆ ਰਹੇ ਹਨ, ਭਾਵੇਂ, ਬਹੁਤ ਘੱਟ ਗਿਣਤੀ ਵਿੱਚ ਸਿੱਖ ਇਹ ਨਿੱਤ-ਨੇਮ ਛੱਡ ਕੇ ਗੁਰੂ-ਬਖ਼ਸ਼ਿਆ ਨਿੱਤ-ਨੇਮ ਮੁੜ ਤੋਂ ਅਪਨਾਅ ਚੁੱਕੇ ਹਨ। ਸ਼੍ਰੋ. ਕਮੇਟੀ ਨੇ ‘ਸੋਹਲੇ’ ਦੇ ਸ਼ਬਦਾਂ ਨੂੰ ਜਿਉਂ ਦੇ ਤਿਉਂ ਰੱਖ ਕੇ ਸਵੇਰ ਅਤੇ ਸ਼ਾਮ ਦੇ ਨਿੱਤ-ਨੇਮ ਵਿੱਚ ਮਨ ਮਰਜ਼ੀ ਨਾਲ਼ ਜਾਂ ਅੰਧਵਿਸ਼ਵਾਸੀ ਸ਼ਰਧਾ ਅਧੀਨ ਜਾਂ ਕਿਸੇ ਬ੍ਰਾਹਮਣਵਾਦੀ ਪ੍ਰਭਾਵ ਅਧੀਨ ਵਾਧੇ ਕਰ ਦਿੱਤੇ ਜੋ ਸਿੱਖਾਂ ਵਿੱਚ ਆਪਸੀ ਫੁੱਟ ਦਾ ਕਾਰਣ ਬਣ ਚੁੱਕੇ ਹਨ।

ਬਦਲੇ ਗਏ ਨਿੱਤ-ਨੇਮ ਵਿੱਚ ਹੀ ਵਿਚਾਰ ਅਧੀਨ ਦੋਹਰਾ ਪਾਇਆ ਗਿਆ ਸੀ। ਇਸ ਦੋਹਰੇ ਰਾਹੀਂ ਸਿੱਖਾਂ ਨੂੰ ‘ਰਾਮਾਇਣ’ ਦੀ ਹੋਂਦ ਦਾ ਚੇਤਾ ਕਰਾਇਆ ਜਾ ਰਿਹਾ ਹੈ ਤਾਂ ਜੁ ਉਹ ਇਹ ਨਾ ਕਹਿ ਸਕਣ ਕਿ ਰਾਮਾਇਣ ਦੀ ਕਹਾਣੀ ਕਦੇ ਵਾਪਰੀ ਹੀ ਨਹੀਂ, ਭਾਵੇਂ, ਰਾਮਾਇਣ ਦੀ ਕਹਾਣੀ 9ਵੀਂ ਸਦੀ ਵਿੱਚ ਹੋਏ ਯੂਨਾਨ ਦੇ ਪ੍ਰਸਿੱਧ ਕਵੀ ਹੋਮਰ ਦੇ ਲਿਖੇ ਮਹਾਂ-ਕਾਵਿ ਓਡੀਸੀ ਦੀ ਨਕਲ ਹੈ।

ਹੋਮਰ ਨੂੰ ਮਹਾਂ-ਕਾਵਿ ਲਿਖਣ ਵਾਲਾਂ ਸੰਸਾਰ ਦਾ ਸੱਭ ਤੋਂ ਪਹਿਲਾ ਲਿਖਾਰੀ ਮੰਨਿਆਂ ਜਾਂਦਾ ਹੈ। "ਓਡੀਸੀ" ਇਕ ਰਾਜੇ ਓਡੀਸੀਅਸ (Odysseus) ਦੀ ਦੱਸ ਸਾਲ ਭਟਕਣ ਦੀ ਕਹਾਣੀ ਹੈ। ਸਭਿਅਤਾ ਅਤੇ ਇਲਾਕੇ ਦੇ ਵਖਰੇਵੇਂ ਪਾਸੇ ਕਰ ਦਿਓ ਤਾਂ ਸਾਫ ਹੋ ਜਾਂਦਾ ਹੈ ਕਿ ਰਮਾਇਣ ਦੀ ਕਹਾਣੀ ਇਸੇ ਯੁਨਾਨੀ ਮਹਾਂਕਾਵ ਦਾ ਉਤਾਰਾ ਹੈ। ਜਿਵੇਂ ਰਾਜੇ ਓਡੀਸੀਅਸ ਦੀ ਕਹਾਣੀ "ਓਡੀਸੀ", ਉਵੇਂ ਹੀ ਰਾਜੇ ਰਾਮ ਦੀ ਕਹਾਣੀ "ਰਾਮਾਇਣ"।

ਕੱਟੜ-ਹਿੰਦੂ ਜਮਾਤ, ਆਰ ਐਸ ਐਸ, ਇਹਨਾਂ ਤੱਥਾਂ ਤੋਂ ਹਿੰਦੂ ਧਰਮ ਦੀ ਹੋਂਦ ਨੂੰ ਖਤਰੇ ਤੋਂ ਭਲੀ ਭਾਂਤ ਜਾਣੂ ਹੈ। ਇਸ ਲਈ ਉਹ 5 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਆਪਣੇ ਸਕੂਲਾਂ ਅਤੇ ਆਪਣੀਆਂ ਸ਼ਖਾਵਾਂ ਵਿਚ ਪੜਾਉਂਦੀ ਹੈ ਉਹਨਾਂ ਵਿਚ ਇਕ ਸਵਾਲ ਇਹ ਵੀ ਹੈ, ਕਿ "ਉਹ ਕਿਹੜੇ ਯੁਨਾਨੀ ਮਹਾਂਕਾਵ ਹਨ ਜਿਹੜੇ ਰਮਾਇਣ ਅਤੇ ਮਹਾਂਭਾਰਤ ਦੀ ਨਕਲ ਮਾਰ ਕੇ ਲਿਖੇ ਗਏ ਹਨ?!" ਪਰ ਖਤਰਾ ਟਾਲਿਆ ਜਾ ਸਕਦਾ ਹੈ ਖਤਮ ਨਹੀਂ ਕੀਤਾ ਜਾ ਸਕਦਾ - ਕਿਉਂਕਿ ਹੋਮਰ ਅਤੇ ਉਸਦੇ ਇਹਨਾਂ ਮਹਾਂਕਾਵਾਂ ਦੇ ਹਵਾਲੇ ਰਮਾਇਣ ਅਤੇ ਮਹਾਂਭਾਰਤ ਦੇ ਪਹਿਲੇ ਹਵਾਲਿਆਂ ਤੋਂ ਘਟੋ-ਘੱਟ ਸੱਤ-ਅੱਠ ਸੌ ਸਾਲ ਪੁਰਾਣੇ ਹਨ!...( ਸ. ਬਲਵੰਤ ਸਿੰਘ ਰਾਮੂਵਾਲ਼ੀਆ ਦੇ ਛਪੇ ‘ਖ਼ਾਲਸਾ ਨਿਊਜ਼’ ਦੇ ਲੇਖ ਵਿੱਚੋਂ)

 

ਪੂਰਾ ਦੋਹਰਾ ਇਉਂ ਹੈ:-
ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ।
ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।864।
(ਪੰਨਾਂ 254 ਦਗ, ਰਾਮਾਵਤਾਰ)


‘ਅਥ ਚੌਬੀਸ ਅਉਤਾਰ ਕਥਨੰ॥’ ਰਚਨਾ ਦਾ ਆਧਾਰ-ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ ਜਿਸ ਵਿਚ ਵਿਸ਼ਨੂੰ ਦੇ 24 ਅਉਤਾਰਾਂ ਮਛ, ਕੱਛ ਨਰ ਨਾਰਾਇਣ,ਮਹਾ ਮੋਹਨੀ ਅਵਤਾਰ, ਵਾਰਾਹ ,ਨਰਸਿੰਘ, ਬਾਵਨ ਅਵਤਾਰ, ਪਰਸਰਾਮ ਅਵਤਾਰ, ਬ੍ਰਹਮਾ ਅਵਤਾਰ, ਰੁਦ੍ਰ ਅਵਤਾਰ, ਜਲੰਧਰ ਅਵਤਾਰ, ਬਿਸਨੁ ਅਵਤਾਰ, ਮਧੁ ਕੈਟਭ ਬਧ 14ਵਾਂ ਅਵਤਾਰ ਬਿਸਨੁ, ਅਰਿਹੰਤ ਦੇਵ ਅਵਤਾਰ, ਮਨੁ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ, ਚੰਦ੍ਰ ਅਵਤਾਰ, ਅਤੇ ਬੀਸਵਾਂ ਰਾਮ ਅਵਤਾਰ ਦਾ ਜ਼ਿਕਰ ਹੈ । (ਸ. ਦਲਬੀਰ ਸਿੰਘ ਐੱਮ. ਅੱਸ ਸੀ. ਦੀ ਪੁਸਤਕ ਦਸ਼ਮ ਗ੍ਰੰਥ ਦੀ ਅਸਲੀਅਤ ਵਿੱਚੋਂ)।


ਵਿਚਾਰ ਅਧੀਨ ਦੋਹਰਾ ‘ਰਾਮਾਵਤਾਰ’ ਅਰਥਾਤ ‘ਰਾਮਾਇਣ’ ਵਿੱਚੋਂ ਲਿਆ ਗਿਆ ਹੈ। ਇਹ ਰਚਨਾ 864 ਬੰਦਾਂ ਵਾਲ਼ੀ ਹੈ ਜੋ ਦਸ਼ਮ ਗ੍ਰੰਥ ਦੇ ਪੰਨਾਂ 188 ਤੋਂ 254 ਤਕ ਦਰਜ ਹੈ।


ਇਸ ਰਚਨਾ ਦਾ ਲਿਖਾਰੀ ਕੌਣ ਹੈ?


ਕੀ ਇਸ ਰਚਨਾ ਦਾ ਲਿਖਾਰੀ ਕੋਈ ਗੋਬਿੰਦ ਨਾਂ ਦਾ ਵਿਅੱਕਤੀ ਹੈ? ਇਸ ਦਾ ਉੱਤਰ ਇਸੇ ਰਚਨਾ ਵਿੱਚੋਂ ਮਿਲ਼ ਜਾਂਦਾ ਹੈ ਕਿ ਇਸ ਰਚਨਾ ਦਾ ਲਿਖਾਰੀ ਗੋਬਿੰਦ ਨਹੀਂ ਹੈ ਸਗੋਂ ਸ਼ਯਾਮ ਕਵੀ ਹੈ। ਪ੍ਰਮਾਣ ਵਜੋਂ ਦੇਖੋ ਇਹ ਬੰਦ:-


ਬੰਦ ਨੰਬਰ 323 ਪੰਨਾਂ ਦਗ 213:
ਅਥ ਬਨ ਮੋ ਪ੍ਰਵੇਸ਼ੰ ਕਥਨੰ॥ ਦੋਹਰਾ ॥
ਇਹ ਬਿਧਿ ਮਾਰਿ ਬਿਰਾਧ ਕਉਬਨ ਮੇ ਧਸੇ ਨਿਸ਼ੰਗ॥ ਸੁ ਕਬਿ ਸਯਾਮ ਇਹ ਬਿਧਿ ਕਹਿਓ ਰਘੁਬਰ ਜੁੱਧ ਪ੍ਰਸੰਗ॥
---ਇਤਿ ਸ਼੍ਰੀ ਬਚਿੱਤ੍ਰ ਨਾਟਕੇ ਰਾਮ ਅਵਤਾਰ ਕਥਾ ਸੂਪਨਖਾ ਕੋ ਨਾਕ ਕਾਟਬੋ ਧਯਾਇ ਸਮਾਪਤਮ ਸਤੁ ਸੁਭਮ ਸਤੁ॥


ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ ਕਿ ਦੋਹਰਾ ਕਿਸੇ ਗੋਬਿੰਦ ਨਾਂ ਦੇ ਕਵੀ ਦਾ ਲਿਖਿਆ ਨਹੀਂ ਹੈ ਸਗੋਂ ਸ਼ਯਾਮ ਕਵੀ ਦੀ ਰਚਨਾ ਹੈ। ਸ. ਜਸਵੰਤ ਸਿੰਘ ਇਸਮਾਈਲਾਬਾਦ ਵਲੋਂ ਦਸ਼ਮ ਗ੍ਰੰਥ ਦੇ ਕੀਤੇ ਅਰਥਾਂ ਵਿੱਚ ਦਿੱਤੇ ਕਵੀਆਂ ਦੇ ਨਾਵਾਂ ਵਿੱਚ ਕਿਸੇ ‘ਗੋਬਿੰਦ’ ਨਾਂ ਦੇ ਕਵੀ ਦਾ ਕੋਈ ਜ਼ਿਕਰ ਨਹੀਂ ਹੈ, ਭਾਵੇਂ, ਉਸ ਨੇ ਰਾਮ. ਸ਼ਯਾਮ, ਕਾਲ਼ ਆਦਿਕ ਕਵੀਆਂ ਦੇ ਨਾਂ ਲਿਖੇ ਹਨ ਅਤੇ ਇਹ ਵੀ ਦੱਸਿਆ ਹੈ ਕਿ ਇਹ ਨਾਂ ਕਿੰਨੀ ਕਿੰਨੀ ਵਾਰੀ ਵਰਤੇ ਗਏ ਹਨ।

 

‘ਗੋਬਿੰਦ ਦਾਸ ਤੁਹਾਰ’ ਦੇ ਕੀ ਅਰਥ ਹਨ?

 

ਦਸ਼ਮ ਗ੍ਰੰਥ ਦਾ ਜੋ ਵੀ ਲਿਖਾਰੀ ਹੈ ਉਸ ਦੇ ਇਸ਼ਟ ਦੁਰਗਾ ਅਤੇ ਮਹਾਂਕਾਲ਼ ਹਨ ਜਿਨ੍ਹਾਂ ਦੇ ਹੋਰ ਕਈ ਨਾਂ ਵੀ ਲਿਖੇ ਗਏ ਹਨ। ਲਿਖਾਰੀ ਨੂੰ ਕਿਸ਼ਨ, ਬਿਸ਼ਨ, ਗਣੇਸ਼, ਰਾਮ, ਰਹੀਮ, ਵੇਦ, ਪੁਰਾਣ, ਕਤੇਬ, ਕੁਰਾਣ ਆਦਿਕ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਸ ਨੂੰ ਦੁਰਗਾ ਅਤੇ ਮਹਾਂਕਾਲ ਤੋਂ ਕੋਈ ਹੋਰ ਵੱਡਾ ਨਹੀਂ ਦਿਸਦਾ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕਵੀ ਇੱਕ ਪਾਸੇ ਤਾਂ ਭਾਗਵਤ ਪੁਰਾਣ ਦੀ ਰਾਮ ਦੀ ਸਿਫ਼ਤਿ ਵਾਲ਼ੀ ਕਹਾਣੀ ਲਿਖ ਰਿਹਾ ਹੈ ਅਤੇ ਦੂਜੇ ਪਾਸੇ ਪੁਰਾਣ ਅਤੇ ਰਾਮ ਦਾ ਖੰਡਨ ਵੀ ਕਰ ਰਿਹਾ ਹੈ ਕਿ ਉਹ ਇਨ੍ਹਾਂ ਨੂੰ ਨਹੀਂ ਮੰਨਦਾ। ਜੇ ਕਵੀ ਨੂੰ ਹਿੰਦੂ ਮੱਤ ਦੀਆਂ ਪੁਸਤਕਾਂ ‘ਪੁਰਾਣਾ’ ਵਿੱਚ ਕਹੇ ਮੱਤਾਂ ਉੱਤੇ ਵਿਸ਼ਵਾਸ ਹੀ ਨਹੀਂ ਤਾਂ ਉਸ ਨੇ ‘ਭਾਗਵਤ ਪਰਾਣ, ਸ਼ਿਵ ਪੁਰਾਣ, ਮਾਰਕੰਡੇ ਪੁਰਾਣ ਆਦਿਕ ਪੁਸਤਕਾਂ ਵਿੱਚੋਂ ਦੁਰਗਾ ਅਤੇ ਮਹਾਂਕਾਲ਼ ਦੀਆਂ ਸਿਫ਼ਤਾਂ ਵਾਲ਼ੀਆਂ ਕਹਾਣੀਆਂ ਲੈ ਕੇ ਏਡਾ ਵੱਡਾ ਦਸ਼ਮ ਗ੍ਰੰਥ ਕਾਹਦੇ ਵਾਸਤੇ ਲਿਖਿਆ? ਇਹ ਕਵੀ ਦਾ ਦੋਗਲਾ ਪਨ ਹੈ ਜਿਸ ਦੀਆਂ ਰਚਨਾਵਾਂ ਦਸ਼ਮ ਗ੍ਰੰਥ ਵਿੱਚ ਇਕੱਠੀਆਂ ਕੀਤੀਆਂ ਗਈਆਂ ਹਨ।

 

‘ਗੋਬਿੰਦ ਦਾਸ ਤੁਹਾਰ’ ਸ਼ਬਦ ਦੇ ਅਰਥ ਸਮਝਣ ਲਈ ਲਿਖਾਰੀ ਵਲੋਂ ਲਿਖੇ ਰਾਮਾਵਤਾਰ ਦੇ ਕੁੱਝ ਹੋਰ ਬੰਦ ਵੀਚਾਰ ਗੋਚਰੇ ਕਰਨੇ ਪੈਣਗੇ ਤਾਂ ਜੁ ਗੱਲ ਪਕੜ ਵਿੱਚ ਆ ਜਾਵੇ। ਰਾਮਾਇਣ ਦੀ ਕਥਾ ਦੀ ਸਮਾਪਤੀ ਉਪਰੰਤ ਕਵੀ ਨੇ 6 ਬੰਦਾਂ ਵਾਲ਼ੀ ਇੱਕ ਚੌਪਈ ਲਿਖੀ ਹੈ ਜਿਸ ਵਿੱਚੋਂ ਹੇਠ ਲਿਖੇ ਅੰਸ਼ ਵਿਚਾਰ ਵਿੱਚ ਲਏ ਗਏ ਹਨ:-


1. ਕਵੀ ਵਲੋਂ ‘ਵਿਸ਼ਣੂ ਭਗਤੀ’ ਦੀ ਵਡਿਆਈ:
ਬੰਦ ਨੰਬਰ 859- ਰਾਮਾਵਤਾਰ-
ਜੋ ਇਹ ਕਥਾ ਸੁਨੈ ਅਰੁ ਗਾਵੈ। ਦੂਖ ਪਾਪ ਤਿਹ ਨਿਕਟ ਨ ਆਵੈ।
ਬਿਸ਼ਨ ਭਗਤੀ ਕੀ ਇਹ ਫਲ ਹੋਈ।ਆਧਿ ਬਿਆਧਿ ਛ੍ਵੈ ਸਕੈ ਨ ਕੋਈ।


2. ਕਵੀ ਨੇ ਭਗਵਤ ਦੀ ਕਿਰਪਾ ਹੋਈ ਮੰਨੀ ਹੈ:
ਰਾਮਾਵਤਾਰ- ਬੰਦ ਨੰਬਰ 861-
ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦਿ।
ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦਿ।


3. ਕਵੀ ਨੇ ਰਾਮਾਵਤਾਰ ਲਿਖਣ ਵਿੱਚ ਅਸਿਪਾਨ ਦੇਵਤੇ ਦੀ ਉਸ ਉੱਪਰ ਹੋਈ ਕਿਰਪਾ ਮੰਨਿਆਂ:
ਸ਼੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਓ ਸਭ ਤੋਹਿ ਬਖਾਨਿਯੋ


4. ਕਵੀ ਨੇ ਗੋਬਿੰਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਆਸਰੇ ਛੱਡ ਕੇ ਉਸ ਨੇ ਓਸੇ ਦਾ ਦੁਆਰ ਪਕੜਿਆ ਹੈ:
ਰਾਮਾਵਤਾਰ ਬੰਦ ਨੰਬਰ 864-
ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।


ਕਵੀ ਨੇ ਰਾਮਾਇਣ ਦੀ ਕਥਾ ਲਿਖਣ ਵਿੱਚ ਚਾਰ ਹਸਤੀਆਂ ਦੀ ਕਿਰਪਾ ਦੀ ਗੱਲ ਮੰਨੀ ਹੈ- ਬਿਸ਼ਨ, ਭਗਵਤ, ਅਸਿਪਾਨ ਅਤੇ ਗੋਬਿੰਦ। ਕਵੀ ਦੀਆਂ ਕੀਤੀਆਂ ਹੋਰ ਲਿਖਤਾਂ ਵਿੱਚੋਂ ਅਸਿਕੇਤ, ਅਸਿਧੁਜ, ਖੜਗਧੁਜ. ਖੜਗਕੇਤ ਆਦਿਕ ਨਾਂ ਮਹਾਂਕਾਲ਼ ਦੇਵਤੇ ਲਈ ਵਰਤੇ ਗਏ ਹਨ ਜੋ ਤ੍ਰਿਅ ਚਰਿੱਤ੍ਰ ਨੰਬਰ 404 (ਕਬਿਯੋ ਬਾਚ ਬੇਨਤੀ ਚੌਪਈ ਵਾਲ਼ਾ) ਪੜ੍ਹਨ ਤੋਂ ਸਪੱਸ਼ਟ ਹੋ ਜਾਂਦੇ ਹਨ। ਰਾਮਾਇਣ ਦੀ ਕਥਾ ਵਿੱਚ ਵੀ ਕਵੀ ‘ਸ਼੍ਰੀ ਅਸਿਪਾਨ’ ਦੀ ਉਸ ਉੱਪਰ ਹੋਈ ਕਿਰਪਾ ਨੂੰ ਪ੍ਰਵਾਨ ਕਰਦਾ ਹੈ। ਇਸ ਤੋਂ ਸਹਜੇ ਹੀ ਪਤਾ ਲੱਗ ਜਾਂਦਾ ਹੈ ਕਿ ਬਿਸ਼ਨ, ਭਗਵਤ, ਅਸਿਪਾਨ ਅਤੇ ਗੋਬਿੰਦ ਨਾਂ ਕਵੀ ਨੇ ਇੱਕੋ ਹਸਤੀ ਮਹਾਂਕਾਲ਼ ਦੇਵਤੇ ਲਈ ਹੀ ਵਰਤੇ ਹਨ। ‘ਅਸਿਪਾਨ’ ਅਤੇ ‘ਗੋਬਿੰਦ’ ਦੋਵੇਂ ਸ਼ਬਦ ਸੰਬੋਧਨ ਕਾਰਕ ਵਿੱਚ ਵਰਤੇ ਗਏ ਹਨ, ਕਰਤਾ ਕਾਰਕ ਵਿੱਚ ਨਹੀਂ ਕਿਉਂਕਿ ਇਹ ਦੇਵੇਂ ਸ਼ਬਦ ਹੀ ‘ਉਕਾਰਾਂਤ’ ਨਹੀਂ ਹਨ। ‘ਬਿਸ਼ਨ’ ਅਤੇ ‘ਭਗਵਤ’ ਸ਼ਬਦ ਸੰਬੰਧ ਕਾਰਕ ਵਿੱਚ ਹਨ। ਗੋਬਿੰਦ ਦਾ ਅਰਥ ਰਾਮ ਚੰਦ੍ਰ ਵੀ ਨਹੀਂ ਕਿਉਂਕਿ ਕਵੀ ਰਾਮ ਨੂੰ ਵੀ ਮਹਾਂਕਾਲ਼ ਦੇ ਮੁਕਾਬਲੇ ਕੁੱਝ ਨਹੀਂ ਸਮਝਦਾ।


ਸਿੱਟਾ: ‘ਰਾਮਾਇਣ’ ਦਾ ਕਵੀ ਸ਼ਯਾਮ ਹੈ । ਗੋਬਿੰਦ ਕਿਸੇ ਕਵੀ ਦਾ ਨਾਂ ਨਹੀਂ ਹੈ ਸਗੋਂ ਕਵੀ ਨੇ ਇਹ ਸ਼ਬਦ ਮਹਾਂਕਾਲ਼ ਦੇਵਤੇ ਲਈ ਵਰਤਿਆ ਹੈ । ਇਹ ਮਹਾਂਕਾਲ਼ ਦੇਵਤਾ ਸ਼ਿਵ ਜੀ ਦੇ 12 ਜਿਓਤ੍ਰੀਲਿੰਗਮਾ ਵਿੱਚੋਂ ਹੀ ਹੈ ਜਿਸ ਦਾ ਮੰਦਰ ਉਜੈਨ ਵਿੱਚ ਬਣਿਆ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖ਼ਸ਼ੇ ਨਿੱਤ-ਨੇਮ ਵਿੱਚ ਰਾਮਾਇਣ ਦੀ ਕਥਾ ਵਿੱਚੋਂ ਸੰਨ 1945 ਵਿੱਚ ਸ਼੍ਰੋ. ਕਮੇਟੀ ਨੇ ਦੋ ਰਚਨਾਵਾਂ ਬੰਦ ਨੰਬਰ 963 ਅਤੇ 964 ਸ਼ਾਮਲ ਕੀਤੀਆਂ ਸਨ ਜੋ ਸੰਨ 1936 ਵਾਲ਼ੀ ਰਹਤ ਮਰਯਾਦਾ ਵਿੱਚ ਨਹੀਂ ਸਨ। ਜਿਉਂ ਜਿਉਂ ਸ਼੍ਰੋ. ਕਮੇਟੀ ਬ੍ਰਾਹਮਣਵਾਦ ਦਾ ਪ੍ਰਭਾਵ ਕਬੂਲਦੀ ਗਈ ਸਿੱਖਾਂ ਦਾ ਦਸਵੇਂ ਗੁਰੂ ਜੀ ਵਲੋਂ ਪ੍ਰਵਾਨਿਤ ਸ਼ਾਹੀ ਨਿੱਤ-ਨੇਮ ਮਿਲ਼ਗੋਭਾ ਹੁੰਦਾ ਗਿਆ। ਮਿਲ਼ਗੋਭਾ ਨਿੱਤ-ਨੇਮ ਵਾਲ਼ੀ ਰਹਤ ਮਰਯਾਦਾ ਨੂੰ ਸੰਨ 1945 ਵਿੱਚ ਸ਼੍ਰੋ. ਕਮੇਟੀ ਨੇ ਹੀ ਪ੍ਰਵਾਨਗੀ ਦਿੱਤੀ ਸੀ। ਸ਼੍ਰੋ. ਕਮੇਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top