Share on Facebook

Main News Page

"ਪਾਇ ਗਹੇ ਜਬ ਤੇ ਤੁਮਰੇ..." ਵਿੱਚ ‘ਤੁਮਰੇ’ ਸ਼ਬਦ ਦੀ ਵਰਤੋਂ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
03 Apr 2018

ਪੂਰਾ ਸਵੱਯਾ ਇਉਂ ਹੈ:

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨਾ ਮਾਨਯੋ।
ਸਿਮ੍ਰਿਤਿ ਸ਼ਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਮਨ ਏਕ ਨਾ ਮਾਨਯੋ
ਅ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨਾ ਕਹਯੋ ਸਭ ਤੋਹਿ ਬਖਾਨਯੋ।
963।

ਇਹ ਸਵੱਯਾ ਅਖੌਤੀ ਦਸ਼ਮ ਗ੍ਰੰਥ ਦੀ ਰਾਮਾਇਣ ਵਿੱਚੋਂ ਲਿਆ ਹੈ:

ਧੰਨੁ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ ਦਮਦਮੀ ਬੀੜ ਰਾਹੀਂ ਪ੍ਰਵਾਨ ਕੀਤੇ ਪਾਤਿਸ਼ਾਹੀ ਨਿੱਤ-ਨੇਮ ਵਿੱਚ ‘ਰਾਮਾਇਣ’ ਵਿੱਚੋਂ ਇੱਕ ਸਵੱਯਾ ਸੰਨ 1945 ਵਿੱਚ ਵਾਧੂ ਜੋੜਿਆ ਗਿਆ ਸੀ ਜੋ ‘ਪਾਇ ਗਹੇ ਜਬ ਤੇ ਤੁਮਰੇ’ ਤੋਂ ਸ਼ੁਰੂ ਹੁੰਦਾ ਹੈ। ਇਹ ਸਵੱਯਾ ਦਸ਼ਮ ਗ੍ਰੰਥ ਵਿੱਚ ‘ਰਾਮਾਵਤਾਰ’ ਦਾ 963ਵਾਂ ਬੰਦ ਹੈ। ਇਹ ਸਵੱਯਾ ਸੰਨ 1936 ਵਿੱਚ ਪ੍ਰਵਾਨ ਕੀਤੀ ਰਹਤ ਮਰਯਾਦਾ ਵਿੱਚ ਨਹੀਂ ਸੀ, ਭਾਵੇਂ ਸ਼ਿਵ ਜੀ ਦੇ ਇੱਕ ਰੂਪ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਵਿੱਚ ਉਚਾਰੀ ‘ਕਬਿਯੋ ਬਾਚ ਬੇਨਤੀ ਚੌਪਈ’ ਪਹਿਲਾਂ ਹੀ ਸ਼ਾਮ ਦੇ ਪਾਠ ਵਿੱਚ ਵਾਧੂ ਸ਼ਾਮਲ ਕੀਤੀ ਜਾ ਚੁੱਕੀ ਸੀ।

ਰਹਤ ਮਰਯਾਦਾ ਵਾਲ਼ਾ ਨਿੱਤ-ਨੇਮ ਗੁਰੂ ਕ੍ਰਿਤ ਨਹੀਂ ਹੈ:

ਰਹਤ ਮਰਯਾਦਾ ਵਾਲ਼ਾ ਨਿੱਤ-ਨੇਮ ਗੁਰੂ ਕ੍ਰਿਤ ਨਹੀਂ ਹੈ ਸਗੋਂ ਗੁਰੂ ਵਲੋਂ ਬਖ਼ਸ਼ੇ ਨਿੱਤ-ਨੇਮ ਨੂੰ ਭੰਗ ਕਰਕੇ ਸ਼੍ਰੋ. ਕਮੇਟੀ ਵਲੋਂ ਬਣਾਇਆ ਗਿਆ ਨਿੱਤ-ਨੇਮ ਹੈ ਜੋ ਸਿੱਖਾਂ ਦੇ ਗਲ਼ ਪਾਇਆ ਜਾ ਚੁੱਕਾ ਹੈ।

ਸ਼੍ਰੋ. ਕਮੇਟੀ ਉੱਤੇ ਸਾਲਾਂ-ਬੱਧੀ ਰਹੀ ਸਿੱਖਾਂ ਦੀ ਅੰਧ ਵਿਸ਼ਵਾਸੀ ਸ਼ਰਧਾ:

ਸ਼੍ਰੋ. ਕਮੇਟੀ ਉੱਤੇ ਅੰਧ-ਵਿਸ਼ਵਾਸੀ ਸ਼ਰਧਾ ਅਧੀਨ ਹੀ ਸਿੱਖ ਸਾਲਾਂ ਬੱਧੀ ਇਸ ਮਿਲ਼ਗੋਭਾ ਨਿੱਤ-ਨੇਮ ਨੂੰ ਕਰਦੇ ਰਹੇ। ਇਹ ਪਤਾ ਲੱਗਣ ਉੱਤੇ ਵੀ ਕਿ ਗੁਰੂ ਹੁਕਮਾਂ ਨੂੰ ਪਰੇ ਸੁੱਟ ਕੇ ਇਹ ਇੱਕ ਕਮੇਟੀ ਦਾ ਬ੍ਰਾਹਮਣਵਾਦੀ ਜ਼ੋਰ ਨਾਲ਼ ਬਣਾਇਆ ਮਿਲ਼ਗੋਭਾ ਨਿੱਤ-ਨੇਮ ਹੈ , ਚੰਗੇ ਪੜ੍ਹੇ ਲਿਖੇ ਸਿੱਖ ਵੀ ਹੋਈ ਗ਼ਲਤੀ ਨੂੰ ਦੁਹਰਾ ਕੇ ਗੁਰੂ ਹੁਕਮਾਂ ਦੀ ਅਵੱਗਿਆ ਵਿੱਚ ਹੀ ਹਿੱਸਾ ਪਾ ਰਹੇ ਹਨ।

ਦਸਵੇਂ ਗੁਰੂ ਜੀ ਦੇ ਹੁਕਮਾਂ ਉੱਤੇ ਦਸ਼ਮ ਗ੍ਰੰਥੀਆਂ ਦਾ ਭਰੋਸਾ ਨਹੀਂ ਰਿਹਾ:

ਦਸਵੇਂ ਗੁਰੂ ਜੀ ਵਲੋਂ ਦਮਦਮੀ ਬੀੜ ਰਾਹੀਂ ਪ੍ਰਵਾਨਿਤ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨਿੱਤ-ਨੇਮ ਉੱਤੇ ਵੀ ਇਹ ਸਿੱਖ ਵਿਸ਼ਵਾਸ ਨਹੀਂ ਕਰ ਰਹੇ। ਸ਼ਾਹੀ ਨਿੱਤ-ਨੇਮ ਵਿੱਚ ਜੋੜੀਆਂ ਦਸ਼ਮ ਗ੍ਰੰਥ ਦੀਆ ਬ੍ਰਾਹਮਣਵਾਦੀ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ ਕਿਉਂਕ ਦਮਦਮੀ ਬੀੜ ਵਿੱਚ ਉਨ੍ਹਾਂ ਅਜਿਹੀ ਕੋਈ ਰਚਨਾ ਦਰਜ ਹੀ ਨਹੀਂ ਕੀਤੀ ਸੀ ।

ਨਿੱਤ-ਨੇਮ ਵਿੱਚ ਜੋੜੀਆਂ ਵਾਧੂ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਵਲੋਂ ਕੋਈ ਮਾਨਤਾ ਨਹੀਂ:

ਜੇ ਮੰਨ ਵੀ ਲਿਆ ਜਾਵੇ ਕਿ ਇਹ ਰਚਨਾਵਾਂ ਓਦੋਂ ਮੌਜੂਦ ਸਨ ਤਾਂ ਇਨ੍ਹਾਂ ਦੀ ਕੋਈ ਕੀਮਤ ਦਸਵੇਂ ਗੁਰੂ ਜੀ ਵਲੋਂ ਨਹੀਂ ਪਾਈ ਗਈ। ਸ਼੍ਰੋ. ਕਮੇਟੀ ਨੇ ਹੀ ਸਿੱਖਾਂ ਦੇ ਗਲ਼ ਇਹ ਰਚਨਾਵਾਂ ਪਾ ਕੇ ਸਿੱਖਾਂ ਨੂੰ ਆਪਸ ਵਿੱਚ ਇੱਟ ਕੁਤੇ ਦੇ ਵੈਰੀ ਬਣਾ ਛੱਡਿਆ ਹੈ ਜਿਸ ਨਾਲ਼ ਬ੍ਰਾਹਮਣਵਾਦ ਦੇ ਸਿੱਖੀ ਨੂੰ ਖ਼ਤਮ ਕਰਨ ਦੇ ਮਨਸੂਬੇ ਪੂਰੇ ਹੋ ਰਹੇ ਹਨ।

ਰੋਜ਼ਾਨਾ ਨਿੱਤ-ਨੇਮ ਦਾ ਸਹੀ ਸਰੂਪ ਕੀ ਹੈ ਅਤੇ ਕਿੱਸ ਨੇ ਬਖ਼ਸ਼ਿਆ?

ਸਿੱਖ ਕੌਮ ਨੂੰ ਗੁਰੂ ਪਾਤਿਸ਼ਾਹ ਆਪ ਹੀ ਆਪਣੇ ਹੱਥੀਂ ਰੋਜ਼ਾਨਾ ਦੇ ਨਿੱਤ-ਨੇਮ ਦਾ ਸਰੂਪ ਬਖ਼ਸ਼ ਗਏ ਸਨ ਜੋ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਪਰ ਦਰਜ ਹੈ, ਜਦੋਂ ਕਿ ਰਾਗ-ਵਾਰ ਬਾਣੀ 14 ਪੰਨੇਂ ਤੋਂ ਸ਼ੁਰੂ ਹੁੰਦੀ ਹੈ। ਪਹਿਲੇ 13 ਪੰਨੇਂ ਰਾਗ-ਵਾਰ ਨਹੀਂ ਸਗੋਂ ਵੱਖ-ਵੱਖ ਰਾਗਾਂ ਵਿੱਚੋਂ ਸ਼ਬਦ ਚੁਣ ਕੇ ਬਣਾਏ ਸੰਗ੍ਰਿਹ ਹਨ। ‘ਜਪੁ’ ਬਾਣੀ ਸੰਪੂਰਨ ਇੱਕ ਰਚਨਾ ਹੈ।

ਸ਼੍ਰੋ. ਕਮੇਟੀ ਵੱਡੀ ਕਿ ਗੁਰੂ?

ਸ਼੍ਰੋ, ਕਮੇਟੀ ਨੇ ਇਸੇ ਨਿੱਤ-ਨੇਮ ਨੂੰ ਆਧਾਰ ਮੰਨ ਕੇ ਇਸੇ ਵਿੱਚ, ਗੁਰੂ ਦੀ ਕਰਨੀ ਵਿੱਚ ਦਖ਼ਲ ਦਿੰਦੇ ਹੋਏ ਆਪਣੇ ਆਪ ਨੂੰ ਗੁਰੂ ਨਾਲੋਂ ਵੱਡੀ ਸੰਸਥਾ ਸਮਝ ਕੇ, ਗੁਰੂ-ਬਖ਼ਸ਼ੇ ਨਿੱਤ-ਨੇਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਐਸੇ ਮਨਮਤੀ ਅਤੇ ਬ੍ਰਾਹਮਣਵਾਦੀ ਵਾਧੇ ਕੀਤੇ ਮਾਨੋ ਸਿੱਖ ਕੌਮ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।

ਪੁਰਾਤਨ ਸਿੱਖਾਂ ਦੇ ਗੁਰੂ-ਬਖ਼ਸ਼ੇ ਨਿੱਤ-ਨੇਮ ਦੇ ਸਬੂਤ :

ਪੁਰਾਤਨ ਸਿੱਖ ਸਵੇਰੇ ‘ਜਪੁ’ ਜੀ, ਸ਼ਾਮ ਨੂੰ ‘ਸੋਦਰੁ’ ਅਤੇ ਸੋ ‘ਪੁਰਖੁ’ ਦੇ 9 ਸ਼ਬਦ ਅਤੇ ਰਾਤੀਂ ਸੌਣ ਵੇਲੇ ‘ਸੋਹਿਲਾ’ (ਪੰਜ ਸ਼ਬਦਾਂ ਦਾ ਸੰਗ੍ਰਿਹ) ਪੜ੍ਹਦੇ ਸਨ। ਇਸ ਦੇ ਸਬੂਤ ਲੱਗਭੱਗ 250 ਸਾਲ ਪੁਰਾਣੇ ਇੱਕ ਗੁਟਕੇ ( ਯੂ ਟਿਊਬ ਉੱਤੇ ਦੇਖੋ) ਤੋਂ ਮਿਲ਼ੇ ਹਨ ਜਿਸ ਵਿੱਚ ਛਾਪੇ ਦੀ ਬੀੜ ਦੇ ਪਹਿਲਾ 13 ਪੰਨਿਆਂ ਵਾਲ਼ੀਆਂ ਦਾ ਨਿੱਤ-ਨੇਮ ਦਰਜ ਹੈ। ਇੱਕ ਹੋਰ ਸਬੂਤ ਵਜੋਂ ਇੱਕ ‘ਦਸ਼ਮੇਸ਼ ਗੁਟਕਾ’ ਵੀ ਮਿਲ਼ਿਆ ਹੈ ਜਿਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ‘ਪਟਿਆਲ਼ਾ’ ਸ਼ਬਦ ਅਧੀਨ ਦਰਜ ਹੈ। ਇਹ ਗੁਟਕਾ ਸ. ਆਲਾ ਸਿੰਘ ਦੇ ਬੁਰਜ ਵਿੱਚ ਪਿਆ ਹੈ ਜਿਸ ਵਿੱਚ ਪਹਿਲੇ 13 ਪੰਨਿਆਂ ਵਲ਼ੀਆਂ ਬਾਣੀਆਂ ਸਮੇਤ ਪੜ੍ਹਨ ਲਈ ਹੋਰ ਬਾਣੀਆਂ ਵੀ ਹਨ ਪਰ ਦਸ਼ਮ ਗ੍ਰੰਥ ਦੀ ਕੋਈ ਰਚਨਾ ਗੁਟਕੇ ਵਿੱਚ ਸ਼ਾਮਲ ਨਹੀਂ ਹੈ।

ਸਵੱਯੇ ਵਿੱਚ ‘ਤੁਮਰੇ’ ਸ਼ਬਦ ਦੇ ਕੀ ਅਰਥ ਹਨ?

ਤੁਮਰੇ ਸ਼ਬਦ ਦਾ ਅਰਥ ਮਹਾਂਕਾਲ਼ ਹੈ: ਦਸ਼ਮ ਗ੍ਰੰਥ ਵਿੱਚ ਰਾਮਾਇਣ ਦੀ ਕਹਾਣੀ ਲ਼ਿਖਣ ਵਾਲ਼ਾ ਆਪਣੇ ਉੱਪਰ ਕਿਸ ਦੀ ਕਿਰਪਾ ਮੰਨਦਾ ਹੈ? ਸਪੱਸ਼ਟ ਉੱਤਰ ਹੈ -ਸ਼੍ਰੀ ‘ਅਸਿਪਾਨ’ ਦੀ। ਇਸੇ ਲਿਖਾਰੀ ਨੇ ਕ੍ਰਿਪਾ ਕਰਨ ਵਾਲ਼ੀ ਇਸ ਹਸਤੀ ਨੂੰ ‘ਅਸਿਕੇਤ’, ਖੜਗਕੇਤ, ਅਤੇ ‘ਅਸਿਧੁਜ’ ਵੀ ਲਿਖਿਆ ਹੈ ਜੋ ‘ਮਹਾਂਕਾਲ਼’ ਇੱਕ ਹਿੰਦੂ ਦੇਵਤੇ ਦੇ ਵੱਖ-ਵੱਖ ਨਾਂ ਹਨ। ਇਸ ਦੀਆਂ ਝਲਕਾਂ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਮਿਲ਼ਦੀਆਂ ਹਨ ਜਿੱਥੋਂ ‘ਕਬਿਯੋ ਬਾਚ ਬੇਨਤੀ ਚੌਪਈ’ ਸਿੱਖਾਂ ਦੇ ਗਲ਼ ਪਾਈ ਜਾ ਚੁੱਕੀ ਹੈ। ਸਵੱਯੇ ਦਾ ਲਿਖਾਰੀ ਕਹਿੰਦਾ ਹੈ ਕਿ ਉਸ ਨੂੰ ‘ਅਸਿਪਾਨ’ /ਮਹਾਂਕਾਲ਼ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਅਧੀਨਗੀ ਪ੍ਰਵਾਨ ਨਹੀਂ ਹੈ। ਇੱਕ ਮਹਾਂਕਾਲ਼ ਦੇ ਪੈਰ ਫੜ ਕੇ ਲਿਖਾਰੀ ਕਿਸੇ ਹੋਰ ਰਾਮ, ਰਹੀਮ, ਪੁਰਾਨ, ਕੁਰਾਨ, ਸਿੰਮ੍ਰਿਤਿ, ਸ਼ਾਸਤ੍ਰ, ਵੇਦ ਆਦਿਕ ਨੂੰ ਨਹੀਂ ਮੰਨਦਾ, ਭਾਵੇਂ, ਕਿ ਲਿਖਾਰੀ ਰਾਮ ਦੀ ਕਹਾਣੀ ਵੀ ਲਿਖ ਰਿਹਾ ਹੈ ਜੋ ਪੁਰਾਨ (ਭਾਗਵਤ ਪੁਰਾਨ) ਵਿਚ ਹੀ ਦਰਜ ਹੈ।

‘ਤੁਮਰੇ’ ਸ਼ਬਦ ਦਾ ਅਰਥ ਅਕਾਲਪੁਰਖ ਨਹੀਂ:

ਸਵੱਯੇ ਵਿੱਚ ਆਏ ‘ਤੁਮਰੇ’ ਸ਼ਬਦ ਦਾ ਅਰਥ ਅਕਾਲਪੁਰਖ ਨਹੀਂ ਕਿਉਂਕਿ ਲਿਖਾਰੀ ਨੂੰ ਮਹਾਂਕਾਲ਼ ਦੇਵਤੇ ਤੋਂ ਵੱਡਾ ਹੋਰ ਕੋਈ ਨਹੀਂ ਹੈ। ਲਿਖਾਰੀ ਦੇ ਦੋ ਹੀ ਇਸ਼ਟ ਹਨ- ਇੱਕ ਦੁਰਗਾ ਅਤੇ ਦੂਜਾ ਮਹਾਂਕਾਲ਼। ਸਾਰੇ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖਾਰੀ ਇਨ੍ਹਾਂ ਦੋਵੇਂ ਹਸਤੀਆਂ ਨੂੰ ਥਾਂ-ਥਾਂ ਵਡਿਆਉਂਦਾ ਹੈ। ਤ੍ਰਿਅ ਚਰਿੱਤ੍ਰ ਨੰਬਰ 404 ਰੱਜ ਕੇ ਮਹਾਂਕਾਲ਼ ਦੇ ਸੋਹਿਲੇ ਗਾਉਂਦਾ ਹੈ। ਬਹੁਤ ਥਾਵਾਂ ਉੱਤੇ ‘ਅਥ ਦੇਵੀ ਜੂ ਕੀ ਉਸਤਤ ਕਥਨੰ’ ਲਿਖ ਕੇ ਲਿਖਾਰੀ, ਜੋ ਵੀ ਹੈ, ਦੇਵੀ ਦੁਰਗਾ ਦੇ ਸੋਹਿਲੇ ਗਾਉਂਦਾ ਨਹੀਂ ਥੱਕਦਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top