Share on Facebook

Main News Page

ਸਿੱਖੀ ਦੀ ਬੇੜੀ ਨੂੰ ਡੋਬਣ ਲਈ ਯਤਨਸ਼ੀਲ ਕੁੱਝ ਪ੍ਰਚਾਰਕ
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. 03 Apr 2018

ਗੁਰਬਾਣੀ ਦੀ ਕਥਾ ਦਾ ਲਾਈਵ ਟੈਲੀਕਾਸਟ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਦਾ ਲਾਈਵ ਟੈਲੀਕਾਸਟ ਕੁੱਝ ਧਾਰਮਿਕ ਸਥਾਨਾਂ ਤੋਂ ਦਿਖਾਇਆ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਅਤੇ ਸੁੱਚੀ ਵਿਚਾਰਧਾਰਾ ਨੂੰ ਸੁਖੈਨ ਅਤੇ ਵਿਆਕਰਣਿਕ ਢੰਗ ਨਾਲ਼ ਦੱਸ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਕੀਤੀ ਜਾ ਸਕਦੀ ਹੈ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਇਸ ਦਾ ਕਾਰਣ ਬ੍ਰਾਹਮਣਵਾਦੀ/ਸਨਾਤਨਵਦੀ ਤਲਵਾਰ ਹੈ ਜੋ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਦੇ ਸਿਰ ਉੱਤੇ ਲਟਕ ਰਹੀ ਹੈ ਜਿਸ ਕਾਰਣ ਉਹ ਬ੍ਰਾਹਮਣਵਾਦ ਦਾ ਪ੍ਰਚਾਰ ਕਰਵਾਉਣ ਲਈ ਮਜ਼ਬੂਰ ਹਨ। ਇਹ ਪਤਾ ਨਹੀਂ ਇਸ ਵਿੱਚ ਉਨ੍ਹਾਂ ਨੂੰ ਕੀ ਲਾਭ ਹੈ।

ਪਹਿਲਾਂ ਹੁੰਦੀ ਦਿੱਲੀ ਤੋਂ ਕਥਾ:
ਸਿੱਖ ਸੰਗਤਾਂ ਨੇ ਦੇਖਿਆ ਹੈ ਕਿ ਸ. ਪਰਮਜੀਤ ਸਿੰਘ ਸਰਨਾ ਦੀ ਦਿੱਲੀ ਕਮੇਟੀ ਦੀ ਪ੍ਰਧਾਨਗੀ ਸਮੇਂ ਕਥਾ ਕਰ ਰਹੇ ਪ੍ਰਚਾਰਕ ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਹੀ ਸੰਗਤਾਂ ਦੇ ਸਨਮੁਖ ਰੱਖਿਆ ਕਰਦੇ ਸਨ। ਸਿੱਖਾਂ ਵਿੱਚ ਆਪਸੀ ਲੜਾਈ ਦਾ ਕਾਰਣ ਬਣੇ ਅਖੌਤੀ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਕਥਾ ਵਿੱਚ ਬਿਆਨ ਕਰਨ ਤੋਂ ਦੂਰ ਰਹਿੰਦੇ ਸਨ।

ਗੁਰਬਾਣੀ ਦੀ ਕਥਾ ਦੀ ਅੱਜ ਦੀ ਸਥਿਤੀ:
ਅੱਜ ਦੀ ਸਥਿਤੀ ਇਹ ਕਿ ਸਰਨੇ ਵੇਲੇ ਦੇ ਪ੍ਰਚਾਰਕਾਂ ਨੂੰ ਸਟੇਜ਼ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਜਾਂਦਾ। ਹਾਂ, ਅਖੌਤੀ ਦਸ਼ਮ ਗ੍ਰੰਥ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਣ ਵਾਲ਼ਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਅਤੇ ਪ੍ਰਬੰਧਕ ਉਨ੍ਹਾਂ ਤੋਂ ਮਨ ਚਾਹਿਆ ਪ੍ਰਚਾਰ ਕਰਵਾ ਰਹੇ ਹਨ, ਗੁਰੂ ਚਾਹਿਆ ਨਹੀਂ। ਪ੍ਰਚਾਰਕ ਖ਼ੁਸ਼ ਹਨ ਕਿ ਉਨ੍ਹਾਂ ਨੂੰ ਸਟੇਜ਼ ਤਾਂ ਮਿਲ਼ ਹੀ ਰਹੀ ਹੈ ਭਾਵੇਂ ਕੁੱਝ ਗ਼ਲਤ ਵੀ ਕਹਿ ਜਾਣ ਤਾਂ ਕੋਈ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਦੀ ਬਾਣੀ ਨੂੰ ਦੂਜੇ ਨੰਬਰ ਉੱਤੇ ਰੱਖਣ ਅਤੇ ਦਸ਼ਮ ਗ੍ਰੰਥ ਦੀਆਂ ਅਪ੍ਰਵਾਨਤ ਰਚਨਾਵਾਂ ਨੂੰ ਪਹਿਲੇ ਨੰਬਰ ਉੱਤੇ ਲਿਆਉਣ ਵਿੱਚ ਪੂਰਾ ਤਾਣ ਲਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਹੁੰਦੇ ਕਥਾ ਦੇ ਪ੍ਰਸਾਰਣ ਦੀ ਵੀ ਇਹੀ ਸਥਿਤੀ ਹੈ। ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੱਚ ਦਾ ਹੋਕਾ ਦੇਣ ਵਾਲ਼ੇ ਬਹੁਤ ਘੱਟ ਹਨ।

ਬ੍ਰਾਹਮਣਵਾਦੀ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ:
ਬ੍ਰਾਹਮਣਵਾਦ ਦਾ ਏਜੰਡਾ ਹੀ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਹਰ ਹਾਲਤ ਵਿੱਚ ਕਾਇਮ ਕਰਨਾ ਹੈ। ਇਹ ਸ਼ਰੀਕ ਕੋਈ ਹੋਰ ਨਹੀਂ ਬਲਕਿ ‘ਦਸ਼ਮ ਗ੍ਰੰਥ’ ਹੈ। ਦੋ ਤਖ਼ਤਾਂ ਉੱਪਰ ਤਾਂ ਇਸ ਨੂੰ ਸੱਚੇ ਗੁਰੂ ਦੇ ਬਰਾਬਰ ਦਾ ਸ਼ਰੀਕ ਬਣਾਉਣ ਵਿੱਚ ਬ੍ਰਾਹਮਣਵਾਦ ਸਫ਼ਲ ਵੀ ਹੋ ਚੁੱਕਾ ਹੈ ਅਤੇ ਬਾਕੀ ਸਥਾਨਾਂ ਉੱਪਰ ਵੀ ਅਜਿਹਾ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਖ਼ੁਦ ਸਿੱਖ ਹੀ ਬ੍ਰਾਹਮਣਵਾਦ ਦੀ ਮਨਸ਼ਾ ਪੂਰੀ ਕਰ ਰਹੇ ਹਨ। ਹਰ ਇਕ ਸਿੱਖ ਨੂੰ ਪਤਾ ਹੈ ਦੁਰਗਾ ਦੇਵੀ ਦੇ ਪਾਠ ਵਾਲ਼ੀ ‘ਵਾਰ ਦੁਰਗਾ ਕੀ’ ਦੀ ਕਥਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਕੀਤੀ ਜਾ ਚੁੱਕੀ ਹੈ ਜਿਸ ਨਾਲ਼ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਦਸਵੇਂ ਗੁਰੂ ਜੀ ਦੁਰਗਾ ਮਾਈ ਦੇ ਪੁਜਾਰੀ ਸਨ ਅਤੇ ਉਨ੍ਹਾਂ ਨੇ ਦੇਵੀ ਦੁਰਗਾ ਦੀਆਂ ਸਿਫ਼ਤਾਂ ‘ਵਾਰ ਦੁਰਗਾ ਕੀ’ ਵਿੱਚ ਕੀਤੀਆਂ ਹਨ।

ਧੱਕੇ ਨਾਲ਼ ਦਸਵੇਂ ਗੁਰੂ ਜੀ ਨੂੰ ਅਖੌਤੀ ਦਸ਼ਮ ਗ੍ਰੰਥ ਦੇ ਲਿਖਾਰੀ ਬਣਾਇਆ ਜਾ ਰਿਹਾ ਹੈ:
ਬਿਨਾਂ ਕਿਸੇ ਸਬੂਤ ਦੇ, ਵਾਰ ਦੁਰਗਾ ਕੀ ਕਥਾ ਕਰਨ ਵਾਲ਼ੇ ਪ੍ਰਚਾਰਕ ਨੇ, ਇਸ ਰਚਨਾ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜ ਦਿੱਤਾ ਅਤ ਸਿੱਖ ਸ਼੍ਰੋਤੇ ਚੁੱਪ-ਚਾਪ ਜਰ ਗਏ। ਦਸ਼ਮ ਗ੍ਰੰਥ ਦੀ ਕੋਈ ਰਚਨਾ ਬੋਲਣ ਸਮੇਂ ਕਥਾ ਵਾਚਕ ਉਸ ਰਚਨਾ ਨੂੰ ਦਸਵੇਂ ਗੁਰੂ ਜੀ ਦੀ ਲਿਖੀ ਕਹਿ ਕੇ ਪ੍ਰਚਾਰਦੇ ਹਨ । ਅਜਿਹਾ ਕਰ ਕੇ ਇਹ ਪ੍ਰਚਾਰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਨਾਂ ਕਿਸੇ ਗੁਰੂ ਭੈ ਤੋਂ ਪ੍ਰਚੰਡ ਝੂਠ ਬੋਲ ਰਹੇ ਹਨ। ਨਿਰਾ ਝੂਠ ਹੀ ਨਹੀਂ ਬੋਲ ਰਹੇ, ਸੰਗਤਾਂ ਨੂੰ ਪੁੱਠੀ ਪੱਟੀ ਵੀ ਨਾਲ਼ੋ-ਨਾਲ਼ ਪੜ੍ਹਾਈ ਜਾ ਰਹੇ ਹਨ ਕਿ ਦਸ਼ਮ ਗ੍ਰੰਥ ਦਸਵੇਂ ਗੁਰੂ ਜੀ ਨੇ ਲਿਖਿਆ ਹੈ।

ਖੋਜ ਹੋਣ 'ਤੇ ਵੀ ਪ੍ਰਚਾਰਕਾਂ ਦੀ ਅਗਿਆਨਤਾ ਕਾਇਮ ਹੈ:
ਅਖੌਤੀ ਦਸ਼ਮ ਗ੍ਰੰਥ ਵਿੱਚ ਇੱਕ ਵਾਰੀ ਵੀ ਕਵੀ ਵਜੋਂ ਦਸਵੇਂ ਗੁਰੂ ਜੀ ਦਾ ਨਾਂ ਨਹੀਂ ਹੈ। ਰਾਮ, ਸ਼ਯਾਮ, ਕਾਲ਼ ਆਦਿਕ ਕਵੀਆਂ ਨੇ ਆਪਣੇ ਕਵੀ ਹੋਣ ਦੀ ਹੋਂਦ ਤਾਂ ਦਰਸ਼ਾਈ ਹੈ ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਦਸਵੇਂ ਗੁਰੂ ਵੀ ਕਵੀਆਂ ਵਿੱਚ ਸ਼ਾਮਲ ਹਨ। ਇਸਮਾਈਲਾਬਾਦ ਨੇ ਲੱਗਭੱਗ 4 ਸਾਲ ਅਖੌਤੀ ਦਸ਼ਮ ਗ੍ਰੰਥ ਦਾ ਅਧਿਐਨ ਕਰ ਕੇ ਜਿਹੜੇ ਕਵੀਆਂ ਦੇ ਨਾਂ ਦਿੱਤੇ ਹਨ ਉਨ੍ਹਾਂ ਵਿੱਚ ਕਿਤੇ ਵੀ ਦਸਵੇਂ ਗੁਰੂ ਜੀ ਦਾ ਨਾਂ ਨਹੀਂ ਹੈ। ਫਿਰ ਵੀ ਕਥਾਕਾਰ ਛਾਤੀ ਠੋਕ ਕੇ ਝੂਠ ਬੋਲਦੇ ਨਹੀਂ ਥੱਕਦੇ ਅਤੇ ਕਹਿੰਦੇ ਹਨ ਕਿ ‘ਕਲਗੀਧਰ ਪਾਤਿਸ਼ਾਹ ਦੀ ਬਾਣੀ ਅਕਾਲ ਉਸਤਤ ਵਿੱਚ ਗੁਰੂ ਜੀ ਫ਼ੁਰਮਾਉਂਦੇ ਹਨ---’, ਹਾਲਾਂ ਕਿ ਇਹ ਰਚਨਾ ਕਾਲ਼/ਮਹਾਂਕਾਲ਼ ਦੀ ਉਸਤਤ ਹੈ, ਰੱਬ ਦੀ ਨਹੀਂ।

ਕਥਾਕਾਰ 5 ਕਰੋੜ ਦਾ ਇਨਾਮ ਜਿੱਤਣ ਦਾ ਦਾਵਾ ਕਿਉਂ ਨਹੀਂ ਪੇਸ਼ ਕਰਦੇ?
ਅਖੌਤੀ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਦਸਵੇਂ ਗੁਰੂ ਕ੍ਰਿਤ ਮੰਨਣ ਵਾਲ਼ੇ 5 ਕਰੋੜ ਦਾ ਇਨਾਮ ਜਿਤਣ ਲਈ ਆਪਣਾ ਦਾਵਾ ਸਬੂਤਾਂ ਸਮੇਤ ਪੇਸ਼ ਕਰਨ ਅਤੇ ਕੁੱਝ ਖੱਟ ਲੈਣ ਲਈ ਅੱਗੇ ਆਉਣ ਤਾਂ ਪਤਾ ਲੱਗ ਜਾਵੇ ਕਿ ਉਨ੍ਹਾਂ ਵਿੱਚ ਝੂਠ ਬੋਲਣ ਦਾ ਕਿੰਨਾਂ ਕੁ ਦਮ ਹੈ। ਇਹ ਇਨਾਮ ਸ. ਜਸਵਿੰਦਰ ਸਿੰਘ ਡੁਬਈ ਵਾਲ਼ਿਆਂ ਵਲੋਂ ਰੱਖਿਆ ਗਿਆ ਹੈ। ਖ਼ਾਲਸਾ ਨਿਊਜ਼ ਉੱਤੇ ਇਸ ਇਨਾਮ ਦੀਆਂ ਸ਼ਰਤਾਂ ਪੜ੍ਹੀਆਂ ਜਾ ਸਕਦੀਆਂ ਹਨ। ਅਖੌਤੀ ਦਸ਼ਮ ਗ੍ਰੰਥ ਨੂੰ ਦਸਵੇਂ ਗੁਰੂ ਜੀ ਨਾਲ਼ ਧੱਕੇ ਨਾਲ਼ ਜਾਂ ਸਬੂਤਾਂ ਨਾਲ਼ ਜੋੜਨ ਵਾਲ਼ਿਆਂ ਲਈ ਇਨਾਮ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ।

ਕੀ ਦਸਵੇਂ ਪਾਤਿਸ਼ਾਹ ਜੀ ਵਲੋਂ ਲਿਖੀ ਕੋਈ ਗੁਰਬਾਣੀ ਹੈ?
ਉੱਤਰ ਨਾ ਵਿੱਚ ਹੈ। ਜੇ ਉਨ੍ਹਾਂ ਵਲੋਂ ਲਿਖੀ ਗੁਰਬਾਣੀ ਦੀ ਕੋਈ ਰਚਨਾ ਹੁੰਦੀ ਤਾਂ ਉਹ ਉੱਥੇ ਹੀ ਦਰਜ ਹੋਣੀ ਸੀ ਜਿੱਥੇ ਬਾਕੀ ਗੁਰੂ ਪਾਤਿਸ਼ਾਹਾਂ ਦੀ ਬਾਣੀ ਹੋਰ ਬਾਣੀਕਾਰਾਂ ਦੀਆਂ ਲਿਖਤਾਂ ਸਮੇਤ (ਦਮਦਮੀ ਬੀੜ) ਦਰਜ ਸੀ।

ਕਥਾਕਾਰਾਂ ਨੂੰ ਬੇਨਤੀ:
ਲਾਈਵ ਟੈਲੀਕਾਸਟ ਰਾਹੀਂ ਕਥਾ ਕਰ ਰਹੇ ਸੱਜਣਾਂ ਪ੍ਰਤੀ ਬੇਨਤੀ ਹੈ ਕਿ ਜੇ ਸੱਚੀ ਅਤੇ ਕੱਚੀ ਬਾਣੀ ਦੀ ਪਰਖ ਪੜਚੋਲ ਕਰਨ ਦੀ ਸਮਰੱਥਾ ਨਹੀਂ ਤਾਂ ਦਸ਼ਮ ਗ੍ਰੰਥ ਦੇ ਪ੍ਰਚਾਰ ਪ੍ਰਤੀ ਚੁੱਪ ਰਹਿਣ । ਜੇ ਅਖੌਤੀ ਦਸ਼ਮ ਗ੍ਰੰਥ ਦਾ ਪ੍ਰਚਾਰ ਨਾ ਕਰਨ ਨਾਲ਼ ਕੋਈ ਕਥਾ ਕਰਨ ਲਈ ਨਹੀਂ ਬੁਲਾਉਂਦਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਭਰੋਸਾ ਕਾਇਮ ਰੱਖੋ। ਰਿਜ਼ਕ ਤਾਂ ਰੱਬ ਸੱਭ ਨੂੰ ਦਿੰਦਾ ਹੈ। ਸੱਚੀ ਕਿਰਤ ਨੂੰ ਚੁਣੋਂ। ਜਿਸ ਰਚਨਾ ਦੀ ਨਾ Authenticity ਅਤੇ ਨਾ Historicity ਹੈ ਉਸ ਨੂੰ ਗੁਰੂ ਪਾਤਿਸ਼ਾਹਾਂ ਨਾਲ਼ ਨਾ ਜੋੜੋ। ਗੁਰੂ ਦੀ ਬਾਣੀ ਓਹੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ (ਰਾਗਮਾਲ਼ਾ ਤੋਂ ਬਿਨਾਂ) ਹੈ ਅਤੇ ਜਿਸ ਨੂੰ ਦਸਵੇਂ ਗੁਰੂ ਜੀ ਨੇ ਆਪ ਗੁਰਤਾ ਬਖ਼ਸ਼ਸ਼ ਕੀਤੀ ਸੀ। ਦਸਵੇਂ ਗੁਰੂ ਜੀ ਦੀ ਕਰਨੀ ਨੂੰ ਚੁਨੌਤੀ ਨਾ ਦਿਓ। ਅੰਧਵਿਸ਼ਵਾਸ ਦੇ ਹਨ੍ਹੇਰੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਰੌਸ਼ਨੀ ਨਾਲ਼ ਬਾਹਰ ਆਓ।

ਸਾਵਧਾਨ !!!
ਯਾਦ ਰੱਖੋ, ਤੁਹਾਡੇ ਤੋਂ ਬਹੁਤ ਵੱਧ ਪੜ੍ਹੇ ਲਿਖੇ ਖੋਜੀ ਸੱਜਣ ਸੰਗਤ ਵਿੱਚ ਬੈਠੇ ਹੁੰਦੇ ਹਨ ਜੋ ਤੁਹਾਡੀਆਂ ਆਪਿ-ਹੁਦਰੀਆਂ ਗੱਲਾਂ ਉੱਤੇ ਜ਼ਰੂਰ ਹੱਸ ਰਹੇ ਹੁੰਦੇ ਹੋਣਗੇ। ਜਿਸ ਦਿਨ ਉਹ ਤੁਹਾਡੀਆਂ ਸਿੱਖੀ ਵਿਰੋਧੀ ਕੀਤੀਆਂ ਗੱਲਾਂ ਦਾ ਜਵਾਬ ਦੇਣ ਲੱਗ ਪਏ ਓਦੋਂ ਪਤਾ ਲੱਗੇਗਾ ਕਿ ਸਟੇਜ਼ ਉੱਤੇ ਮੁੜ ਬੈਠਣਾ ਹੈ ਕਿ ਨਹੀਂ। ਸਿੱਖ ਕੌਮ ਦੀ ਬੇੜੀ ਵਿੱਚ ਬ੍ਰਾਹਮਣਵਾਦੀ ਪੱਥਰ ਹੋਰ ਸੁੱਟਣ ਦੀ ਥਾਂ ਇਸ ਵਿੱਚ ਪਹਿਲਾਂ ਡੇਗੇ ਗਏ ਪੱਥਰ ਕੱਢਣ ਦੀ ਹਿੰਮਤ ਕਰੋ। ਅਖੌਤੀ ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਨਾ ਬਣਾਓ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top