Share on Facebook

Main News Page

ਪ੍ਰਚਾਰਕਾਂ ਦੀ ਦਸਤਾਰ ਅਤੇ ਸੱਚ ਦਾ ਪਰਚਾਰ ਕਿਵੇਂ ਹੋਵੇ, ਕੁੱਝ ਸੁਝਾਅ...
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. 14 May 2018

ਪ੍ਰਚਾਰਕਾਂ ਦੀ ਦਸਤਾਰ ਉੱਤੇ ਹੋ ਰਹੇ ਹਮਲਿਆਂ ਵਿੱਚ ਵਾਧਾ ਅਤੇ ਪ੍ਰਚਾਰਕਾਂ ਦੀ ਕੁੱਟ ਮਾਰ ਕਰ ਕੇ ਉਨ੍ਹਾਂ ਵਿਰੁੱਧ ਹੀ ਸ਼੍ਰੀ ਅਕਾਲ ਤਖ਼ਤ ਉੱਤੇ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ, ਕੁੱਟ ਮਾਰ ਕਰਨ ਵਾਲ਼ਿਆਂ ਦੇ ਹਮਾਇਤੀਆਂ ਵਲੋਂ ਬੇਨਤੀ ਕਰਨੀ, ਸਿੱਖ ਕੌਮ ਲਈ ਕਿਸੇ ਭਿਆਨਕ ਖ਼ਤਰੇ ਦੀ ਘੰਟੀ ਵੱਜਣ ਤੋਂ ਘੱਟ ਨਹੀਂ। ਜਾਗਰੂਕ ਸਿੱਖਾਂ, ਜਾਗਰੂਕ ਸਿੱਖ ਜਥੇਬੰਦੀਆਂ, ਜਾਗਰੂਕ ਸਿੱਖ ਟੈਲੀਵੀਜ਼ਨ ਚਾਲਕਾਂ, ਜਾਗਰੂਕ ਸਿੱਖ ਰੇਡੀਓ ਪ੍ਰਬੰਧਕਾਂ ਅਤੇ ਸਿੱਖੀ ਦੇ ਵਰਤਮਾਨ ਅਤੇ ਭਵਿੱਖ ਲਈ ਚਿੰਤਤ ਸੱਭ ਸੁਹਿਰਦ ਵੀਰਾਂ ਅਤੇ ਭੈਣਾਂ ਨੂੰ ਆਪਸੀ ਸਹਿਯਗਿ ਨਾਲ਼ ਕੋਈ ਸਾਂਝੀ ਜਥੇਬੰਦੀ ਬਣਾ ਕੇ ਇਸ ਗੰਭੀਰ ਵਿਸ਼ੇ ਵਲ ਤੱਤਕਾਲ਼ ਧਿਆਨ ਦੇਣ ਦੀ ਲੋੜ ਹੈ {ਜਾਗਰੂਕ ਪ੍ਰਚਾਰਕਾਂ ਨੂੰ ਵੀ ਵਿਚਾਰਾਂ ਵਿੱਚ ਭਾਗ ਲੈਣ ਲਈ ਸੱਦਿਆ ਜਾ ਸਕਦਾ ਹੈ} ਨਹੀਂ ਤਾਂ ‘ਅਬ ਪਛੁਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈਂ ਖੇਤ’ ਵਾਲ਼ੀ ਸਥਿੱਤੀ ਦਾ ਸੱਭ ਨੂੰ ਸਾਮ੍ਹਣਾ ਕਰਨਾ ਪੈ ਸਕਦਾ ਹੈ। ਸਥਿੱਤੀ ਨੂੰ ਸਮਝਦਿਆਂ ਕੁੱਝ ਕੁ ਵਿਚਾਰ ਅਤੇ ਸੁਝਾਅ ਹੇਠਾਂ ਪੇਸ਼ ਕੀਤੇ ਗਏ ਹਨ:-

ਸੱਚ ਦੀ ਆਵਾਜ਼ ਕਿੱਥੇ ਸੁਣਾਈ ਜਾਵੇ?

  1. ਦੇਸ਼ ਪ੍ਰਦੇਸ਼ ਵਿੱਚ ਬਣੇ ਗੁਰੂ-ਡੰਮ੍ਹ ਚਲਾਉਣ ਵਾਲ਼ਿਆਂ ਦੇ ਅੱਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸ਼ੁੱਧ ਰੂਪ ਵਿੱਚ ਸੁਣਨ ਲਈ ਤਿਆਰ ਨਹੀਂ। ਕਿਉਂਕਿ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਝੂਠ ਦਾ ਪਰਚਾਰ ਕਰਦੀਆਂ ਆ ਰਹੀਆਂ ਹਨ। ਸੱਚ ਸੁਣਦੇ ਸਮੇਂ ਝੂਠੇ ਨੂੰ ਅੱਗ ਲੱਗ ਜਾਂਦੀ ਹੈ- ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ। { ਗਗਸ ਪੰਨਾਂ 646}
  2. ਵੱਖ-ਵੱਖ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਬਹੁਗਿਣਤੀ ਗੁਰਦੁਆਰਿਆਂ ਦੇ ਪ੍ਰਬੰਧਕ ਸੱਚ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ।
  3. ਔਸਤਨ ਨੱਬੇ ਫੀਸਦੀ ਸਿੱਖ ਸੰਗਤ ਸੱਚ ਦੀ ਗੱਲ ਸੁਣਨ ਲਈ ਤਿਆਰ ਨਹੀਂ ਕਿਉਂਕਿ ਉਨ੍ਹਾਂ ਨੇ ਝੂਠ ਬਹੁਤ ਸੁਣਿਆਂ ਹੋਇਆ ਹੈ ।
  4. ਸ਼੍ਰੋਮਣੀ ਕਮੇਟੀ ਅਤੇ ਇਸ ਦੇ ਬਹੁ ਗਿਣਤੀ ਮੁਲਾਜ਼ਮ ਸੱਚ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ।

ਸੱਚ ਦੀ ਆਵਾਜ਼ ਕਿਉਂ ਨਹੀਂ ਸੁਣੀ ਜਾ ਰਹੀ?

  1. ਸੰਨ 1925 ਵਿੱਚ ਹੋਂਦ ਵਿੱਚ ਆਈ ‘ਰਾਸ਼ਟਰੀ ਸਵੰਯ ਸੇਵਕ ਸੰਘ’ ਨਾਂ ਦੀ ਸੰਸਥਾ ਦਾ ਬ੍ਰਾਹਮਣਵਾਦੀ ਪ੍ਰਭਾਵ ਉੱਚ ਪਦਵੀਆਂ ਉੱਤੇ ਬੈਠੇ ਬਹੁਤੇ ਸਿੱਖਾਂ ਨੇ ਆਪਣੀਆਂ ਖ਼ੁਦਗਰਜ਼ੀਆਂ ਪੂਰੀਆਂ ਕਰਨ ਲਈ ਕਬੂਲ ਲਿਆ ਹੈ। ਇਸੇ ਪ੍ਰਭਾਵ ਥੱਲੇ ਬਹੁਤ ਸਾਰੇ ਪੀ ਅੱੈਚ. ਡੀ. ਸਿੱਖ ਅਤੇ ਉੱਚੇ ਧਾਰਮਿਕ ਅਹੁਦਿਆਂ ਉੱਤੇ ਬੈਠੇ ਸਿੱਖ ਆਗੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਅਧੂਰਾ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਖੇ ਸਿਪਾਹੀ ਬਣਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਹੀ ਗੁਰੂ ਚਾਹੀਦਾ ਹੈ। ਬ੍ਰਾਹਮਣਵਾਦ ਸੱਚ ਦੀ ਆਵਾਜ਼ ਨਹੀਂ ਸੁਣਨ ਦਿੰਦਾ।

  2. ਸੰਨ 1931 ਤੋਂ ਸੰਨ 1945 ਤਕ ਬਣਾਈ ਗਈ ‘ਸਿੱਖ ਰਹਿਤ ਮਰਯਾਦਾ’ ਰਾਹੀਂ ਸਿੱਖਾਂ ਦੀ ਸਰਬ ਉੱਚ ਸੰਸਥਾ ਸ਼੍ਰੋ. ਕਮੇਟੀ ਨੇ ਬਾਹਰੀ ਅਤੇ ਅੰਦਰੂਨੀ ਬ੍ਰਾਹਮਣਵਾਦੀ ਪ੍ਰਭਾਵ ਰਾਹੀਂ ਸੱਚ ਵਿੱਚ ਝੂਠ ਨੂੰ ਰਲ਼ਾ ਕੇ ਸਿੱਖ ਸੰਗਤਾਂ ਵਿੱਚ ਪ੍ਰਚੱਲਤ ਕਰ ਦਿੱਤਾ। ਇਸ ਝੂਠ ਵਿੱਚ ਹੋਰ ਵਾਧਾ ਅੱਜ ਕੱਲ੍ਹ ਓਦੋਂ ਕੀਤਾ ਗਿਆ ਜਦੋਂ ਕੀਰਤਨ ਵਾਲ਼ੀ ਮੱਦ ਵਿੱਚ ਅਖਉਤੀ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਗਾਇਨ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਗਈ। ਸਿੱਖਾਂ ਨੂੰ ਸ਼੍ਰੋ. ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਰਾਮ ਕਾਰ’ ਵਿੱਚੋਂ ਬਾਹਰ ਨਿਕਲਣ ਦਾ ਰਾਹ ਪੱਧਰਾ ਕਰ ਦਿੱਤਾ। ਅਰਦਾਸਿ, ਨਿੱਤਨੇਮ ਅਤੇ ਪਾਹੁਲ ਦੀਆਂ ਬਾਣੀਆਂ ਵਿੱਚ ਝੂਠ ਰਲ਼ਾ ਕੇ ਇਨ੍ਹਾਂ ਨੂੰ ਮਿਲ਼ਗੋਭਾ ਕਰ ਦਿੱਤਾ ਗਿਆ। ਸਿੱਖਾਂ ਦੇ ਮਨਾਂ ਵਿੱਚ ਸਾਲਾਂ ਬੱਧੀ ਵਸ ਚੁੱਕਾ ਉਹੀ ਝੂਠ ਸੱਚ ਦੀ ਆਵਾਜ਼ ਨੂੰ ਸੁਣਨ ਨਹੀਂ ਦੇ ਰਿਹਾ।

  3. ਗੁਰੂ-ਡੰਮ੍ਹ ਦੀਆਂ ਲਿਖੀਆਂ, ਗੁਰਬਾਣੀ ਦੀ ਬ੍ਰਾਹਮਣਵਾਦੀ ਪ੍ਰਭਾਵ ਅਧੀਨ ਕੀਤੀ ਵਿਆਖਿਆ ਵਾਲ਼ੀਆਂ, ਪੁਸਤਕਾਂ ਗੁਰੂ ਡੰਮ੍ਹ ਦੇ ਸ਼ਰਧਾਲੂਆਂ ਨੂੰ ਸਾਲਾਂ ਬੱਧੀ ਪੜ੍ਹਾਈਆਂ ਗਈਆਂ ਹਨ ਜੋ ਸੱਚ ਦੀ ਆਵਾਜ਼ ਨੂੰ ਨਹੀਂ ਸੁਣਨ ਦਿੰਦੀਆਂ। ਗੁਰੂ ਡੰਮ੍ਹ ਚਾਹੁੰਦਾ ਹੈ ਕਿ ਗੁਰਬਾਣੀ ਦਾ ਪ੍ਰਚਾਰ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਅਨੁਸਾਰ ਹੀ ਹੋਵੇ ਅਤੇ ਇਹ ਕਿਸੇ ਹੋਰ ਪਰਚਾਰ ਨੂੰ ਬਰਦਾਸ਼œ ਨਹੀਂ ਕਰਦਾ। ਗੁਰੂ-ਡੰਮ੍ਹ ਵਲੋਂ ਫ਼ਰੀਦਕੋਟੀ ਟੀਕੇ ਵਿੱਚ ਗੁਰਬਾਣੀ ਦੀ ਵਿਆਖਿਆ ਦੇ ਨਾਲ਼ ਲਿਖੀਆਂ ਗੱਪ ਕਹਾਣੀਆਂ ਨੂੰ ਵੀ ਆਪਣੇ ਸ਼ਰਧਾਲੂਆਂ ਵਿੱਚ ਵਾਰ-ਵਾਰ ਦੁਹਰਾ ਕੇ ਬਹੁਤ ਪ੍ਰਚੱਲਤ ਕਰ ਦਿੱਤਾ ਹੈ । ਜੇ ਕੋਈ ਗੁਰਬਾਣੀ ਦੀ ਰੌਸ਼ਨੀ ਵਿੱਚ ਇਨ੍ਹਾਂ ਗੱਪ ਕਹਾਣੀਆਂ ਦਾ ਪਾਜ ਉਘੇੜਦਾ ਹੈ ਤਾਂ ਉਸ ਦੀ ਪੱਗ ਨੂੰ ਹੱਥ ਪਾਇਆ ਜਾਂਦਾ ਹੈ।

  4. ਗੁਰਬਾਣੀ ਵਿਆਕਰਣ ਅਨੁਸਾਰ ਕੀਤੇ ਗੁਰਬਾਣੀ ਦੇ ਪ੍ਰੋ. ਸਾਹਿਬ ਸਿੰਘ ਦੇ ਟੀਕੇ ਦੀ ਗੁਰੂ-ਡੰਮ੍ਹ ਵਲੋਂ ਭਰਪੂਰ ਵਿਰੋਧਤਾ ਕੀਤੀ ਜਾ ਰਹੀ ਹੈ ਅਤੇ ਇਹ ਵਿਰੋਧਤਾ ਸੱਚ ਦੀ ਆਵਾਜ਼ ਨਹੀਂ ਸੁਣਨ ਦਿੰਦੀ।

  5. ਸ਼੍ਰੋ. ਕਮੇਟੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵਲੋਂ ਪ੍ਰੋ. ਸਾਹਿਬ ਦੇ ਕੀਤੇ ਗੁਰਬਾਣੀ ਦੇ ਟੀਕੇ ਨੂੰ ਛਾਪਣ ਤੋਂ, ਪ੍ਰੋ ਸਾਹਿਬ ਸਿੰਘ ਨੂੰ ਕਮੇਟੀ ਵਿੱਚ ਸੱਦ ਕੇ ਉਸ ਦੇ ਸਾਮ੍ਹਣੇ ਹੀ, ਕੋਰੀ ਨਾਂਹ ਕਰ ਦਿੱਤੀ ਗਈ ਸੀ ਅਖੇ ਇਸ ਟੀਕੇ ਵਿੱਚ ਪ੍ਰਚੱਲਤ ਗੱਪ ਕਹਾਣੀਆਂ ਦਾ ਵਿਰੋਧ ਕੀਤਾ ਗਿਆ ਹੈ । ਇਸ ਨਾਂਹ ਨੇ ਗੁਰੂ-ਡੰਮ੍ਹ ਨੂੰ ਗੱਪ ਕਹਾਣੀਆਂ ਸੁਣਾਉਣ ਵਿੱਚ ਹੋਰ ਵੀ ਉਤਸ਼ਾਹਤ ਕੀਤਾ ਜਦੋਂ ਕਿ ਪ੍ਰੋ. ਸਾਹਿਬ ਸਿੰਘ ਦਾ ਕੀਤਾ ਟੀਕਾ ਗੱਪ ਕਹਾਣੀਆਂ ਦਾ ਪਾਜ ਉਘੇੜਦਾ ਹੈ।

  6. ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬਿਲਾਸ ਆਦਿਕ ਪੁਸਤਕਾਂ ਦੀਆਂ ਸਾਲਾਂ ਬੱਧੀ ਸੁਣਾਈਆਂ ਗੱਪ ਕਹਾਣੀਆਂ ਦਾ ਝੂਠ ਵੀ ਸੱਚ ਦੀ ਆਵਾਜ਼ ਨੂੰ ਸੁਣਨ ਨਹੀਂ ਦਿੰਦਾ ਕਿਉਂਕਿ ਗੁਰਬਾਣੀ ਇਸ ਝੂਠ ਦਾ ਪਰਦਾ ਫ਼ਾਸ਼ ਕਰਦੀ ਹੈ।

  7. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ, ਗੁਰੂ-ਡੰਮ੍ਹ ਚਲਾਉਣ ਵਾਲ਼ਿਆਂ ਵਲੋਂ, ਆਪਣੇ ਸ਼ਰਧਾਲੂਆਂ ਨੂੰ ਕੋਹਾਂ ਦੂਰ ਰੱਖ ਕੇ, ਉਨ੍ਹਾਂ ਦੇ ਹੱਥੀਂ ਮਾਲ਼ਾ ( ਜੋ ਗੁਰਮਤਿ ਤੋਂ ਉਲ਼ਟ ਕਰਮ ਹੈ) ਫੜਾ ਕੇ, ਮੂਰਤੀਆਂ ਦੀ ਪੂਜਾ ਆਦਿਕ ਵਲ ਲਾ ਕੇ ਗੁਰਮਤਿ ਵਿਰੋਧੀ ਝੂਠੀਆਂ ਕਹਾਣੀਆਂ ਨਾਲ਼ ਜੋੜਨਾ ਵੀ ਸੱਚ ਦੀ ਆਵਾਜ਼ ਨੂੰ ਸੁਣਨ ਨਹੀਂ ਦਿੰਦਾ।

  8. ਆਮ ਸਿੱਖਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਅਰਥਾਂ ਸਮੇਤ ਗੁਰਬਾਣੀ ਵਿਆਕਰਣ ਅਨੁਸਾਰ ਕੀਤੇ ਗੁਰਬਾਣੀ ਦੇ ਟੀਕਿਆਂ ਨੂੰ ਅਤੇ ਖੋਜ ਪੜਚੋਲ਼ ਕੇ ਲਿਖੇ ਸਿੱਖ ਇਤਿਹਾਸ ਨੂੰ ਪੜ੍ਹਨ ਲਈ ਸਮਾਂ ਨਾ ਕੱਢਣਾ ਪਰ ਗੁਰੂ-ਡੰਮ੍ਹ ਦੇ ਟਿਕਾਣਿਆਂ ਉੱਤੇ ਚੱਕਰ ਮਾਰਦਿਆਂ ਝੂਠੀਆਂ ਮੂਠੀਆਂ ਕਰਾਮਾਤੀ ਕਹਾਣੀਆਂ ਸੁਣਨ ਵਿੱਚ ਕੀਮਤੀ ਸਮਾਂ ਨਸ਼ਟ ਕਰਨਾ ਵੀ ਸੱਚ ਦੀ ਆਵਾਜ਼ ਨੂੰ ਨਹੀਂ ਸੁਣਨ ਦੇ ਰਿਹਾ।

  9. ਬਹੁਤੀਆਂ ਗੁਰਦੁਆਰਾ ਕਮੇਟੀਆਂ ਦੀ ਪੱਗਾਂ ਲਾਹੁਣ ਵਾਲ਼ਿਆਂ ਨਾਲ਼ ਮਿਲ਼ੀ ਭੁਗਤ ਹੋਣੀ ਵੀ ਸੱਚ ਦੀ ਆਵਾਜ਼ ਵਿੱਚ ਰੁਕਾਵਟ ਹੈ। ਜਰਮਨੀ ਵਿੱਚ ਭਾਈ ਪੰਥਪ੍ਰੀਤ ਸਿੰਘ ਨਾਲ਼ ਵਾਪਰੀ ਘਟਨਾ ਵਿੱਚ ਗੁਰਦੁਆਰਾ ਕਮੇਟੀ ਨੇ ਸਾਥ ਦਿੱਤਾ ਅਤੇ ਪੱਗਾਂ ਲਾਹੁਣ ਵਾਲ਼ਿਆਂ ਦੀ ਪੁਲਿਸ ਦੁਆਰਾ ਭੁਗਤ ਸਵਾਰੀ ਗਈ। ਗਿਆਨੀ ਇੰਦਰ ਸਿੰਘ ਘੱਗਾ ਅਤੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲ਼ਿਆਂ ਨਾਲ਼ ਵਾਪਰੀਆਂ ਘਟਨਾਵਾਂ ਵਿੱਚ ਕਮੇਟੀਆਂ ਨੇ ਪ੍ਰਚਾਰਕਾਂ ਨੂੰ ਬੁਲਾ ਕੇ ਆਪਣੇ ਸਾਮ੍ਹਣੇ ਉਨ੍ਹਾਂ ਦੀ ਬੇਪੱਤੀ ਹੁੰਦੀ ਦੇਖੀ, ਪਰ ਪੁਲਿਸ ਨੂੰ ਸੂਚਿਤ ਕਰ ਕੇ ਹਮਲਾਆਵਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਕਮੇਟੀਆਂ ਉੱਤੇ ਨਿਸਚੇ ਹੀ ਸ਼ੱਕ ਦੀ ਸੂਈ ਜਾਂਦੀ ਹੈ।

ਸਮੇਂ ਦੀ ਮੰਗ ਕੀ ਹੈ?

  1. ਜਿਹੜੀਆਂ ਗੁਰਦੁਆਰਾ ਕਮੇਟੀਆਂ ਪੱਗਾਂ ਲਾਹੁਣ ਵਾਲ਼ਿਆਂ ਦਾ ਸਾਥ ਦੇ ਕੇ ਪ੍ਰਚਾਰਕਾਂ ਦੀ ਬੇ-ਇੱਜ਼ਤੀ ਕਰਵਾ ਰਹੀਆਂ ਹਨ ਉਨ੍ਹਾਂ ਦੇ ਸੱਦੇ ਉੱਤੇ ਕੋਈ ਪ੍ਰੋਗ੍ਰਾਮ ਨਾ ਦਿੱਤਾ ਜਾਵੇ। ਜਾਣ ਤੋਂ ਪਹਿਲਾਂ ਕਿਸੇ ਤਰ੍ਹਾਂ ਪੜਤਾਲ਼ ਜ਼ਰੂਰ ਕਰ ਲਈ ਜਾਵੇ।

  2. ਕਥਾ ਸੁਣਨ ਲਈ ਜਿਹੜੀਆਂ ਕਮੇਟੀਆਂ, ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਕਰਨ ਦੀ, ਸਪੌਂਸਰ ਵਿੱਚ ਲਿਖਤੀ ਗਰੰਟੀ ਵੀ ਦੇਣ, ਓਥੇ ਹੀ ਕਥਾ ਕੀਤੀ ਜਾਵੇ। ਆਪਣੇ ਨਾਲ਼ ਕੁੱਝ ਹੋਰ ਸਾਥੀ ਵੀ ਰੱਖ ਲਏ ਜਾਣ ਤਾਂ ਚੰਗਾ ਹੈ। ਟਾਈਗਰ ਜਥਾ ਯੂ. ਕੇ. ਇਸ ਪਾਸੇ ਇੱਕ ਉਦਾਹਰਣ ਹੈ।

  3. ਸੱਚ ਦੀ ਆਵਾਜ਼ ਸੁਣਨ ਵਾਲ਼ਿਆਂ ਦਾ ਸਹਿਯੋਗ ਲੈ ਕੇ ਆਪਣੇ ਵੱਖਰੇ ਧਾਰਮਿਕ ਅਸਥਾਨ ਬਣਾਏ ਜਾ ਸਕਦੇ ਹਨ ਜਿੱਥੇ ਕਿਸੇ ਦਾ ਕੋਈ ਦਖ਼ਲ ਨਾ ਹੋਵੇ। ਸਥਾਨਕ ਪ੍ਰਸ਼ਾਸਨ ਤੋਂ ਪੁਲਿਸ ਦੀ ਮੱਦਦ ਵੀ ਲਈ ਜਾ ਸਕਦੀ ਹੈ ਤਾਂ ਜੋ ਸਤਿ ਸੰਗਤ ਵਿੱਚ ਕੋਈ ਵਿਘਨ ਨਾ ਪਾ ਸਕੇ। ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਅਜਿਹਾ ਹੀ ਅਸਥਾਨ ਬਣਾਇਆ ਹੋਇਆ ਹੈ ਜਿੱਥੇ ਉਹ ਸੱਚ ਦੀ ਆਵਾਜ਼ ਬਿਨਾਂ ਕਿਸੇ ਡਰ ਤੋਂ ਬੁਲੰਦ ਕਰ ਰਹੇ ਹਨ ਅਤੇ ਸਿੱਖ ਸੰਗਤ ਹਾਜ਼ਰੀ ਭਰ ਕੇ ਸੁਣ ਰਹੀ ਹੈ।

  4. ਸੱਚ ਦੀ ਆਵਾਜ਼ ਬੁਲੰਦ ਕਰਨ ਵਾਲ਼ੇ ਦੇਸ਼ ਵਿਦੇਸ਼ ਦੇ ਪ੍ਰਚਾਰਕ ਇਕੱਠੇ ਹੋ ਕੇ ਸਾਂਝੀ ਰਣਨੀਤੀ ਤਿਆਰ ਕਰਨ ਕਿ ਸਿੱਖੀ ਦੀ ਪੱਗ ਕਿਵੇਂ ਬਚਾਉਣੀ ਹੈ। ਇਸ ਕੰਮ ਲਈ ਕੋਈ ਵੀ ਸੱਜਣ ਪਹਿਲ ਕਰ ਕੇ ਕਿਸੇ ਢੁੱਕਵੀ ਥਾਂ ਉੱਤੇ ਸਾਰੇ ਪ੍ਰਚਾਰਕਾਂ ਨੂੰ ਸੱਦਾ ਭੇਜ ਕੇ ਬੁਲਾ ਸਕਦਾ ਹੈ। ਕੁੱਝ ਇੱਕ ਲਈ ਵੀਡੀਓ ਕਾਨਫ਼੍ਰੰਸਿੰਗ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਕੰਮ ਲਈ ਕੋਈ ਜਰਮਨੀ ਵਾਲ਼ਾ ‘ਹੰਸਪਾਲ’ ਵੀ ਬਣ ਕੇ ਵੀ ਨਿੱਤਰ ਸਕਦਾ ਹੈ । ਵਾਰੀ ਵਾਰੀ ਇਕੱਲਿਆਂ ਇਕੱਲਿਆਂ ਕੁੱਟ ਖਾ ਕੇ ਪ੍ਰਚਾਰ ਤੋਂ ਸੰਨਿਆਸ ਲੈ ਕੇ ਘਰੀਂ ਬੈਠ ਜਾਣਾ ਵੀ ਸਿੱਖੀ ਦਾ ਕੁੱਝ ਨਹੀਂ ਸਵਾਰ ਸਕੇਗਾ।

  5. ਆਪਣਾ ਰੇਡੀਓ ਅਤੇ ਟੈਲੀਵੀਜ਼ਨ ਵੀ ਚਲਾਇਆ ਜਾ ਸਕਦਾ ਹੈ ਜਿੱਥੇ ਵਾਰੀ ਵਾਰੀ ਪ੍ਰਚਾਰਕ ਆਪਣਾ ਪ੍ਰੋਗ੍ਰਾਮ ਦੇ ਸਕਦੇ ਹਨ ਜਾਂ ਪਹਿਲਾਂ ਹੀ ਚੱਲਦੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲ਼ੇ ਅਜਿਹੇ ਸਾਧਨਾਂ ਦੀ ਸੱਚ ਦੇ ਪ੍ਰਚਾਰ ਲਈ ਵਰਤੋਂ ਕੀਤੀ ਜਾ ਸਕਦੀ ਹੈ। ਸਿੰਘ ਨਾਦ ਰੇਡੀਓ ਵੀ ਅਜਿਹਾ ਇੱਕ ਸਾਧਨ ਬਣਿਆਂ ਹੋਇਆ ਹੈ।

  6. ਆਪਣਾ ਅਖ਼ਬਾਰ ਜਾਂ ਮੈਗਜ਼ੀਨ ਵੀ ਕੱਢਿਆ ਜਾ ਸਕਦਾ ਹੈ। ਛੋਟੇ ਛੋਟੇ ਕਿਤਾਬਚੇ ਬਣਾ ਕੇ ਵੀ ਵੰਡੇ ਜਾ ਸਕਦੇ ਹਨ। ਮਾਇਕ ਸਹਿਯੋਗ ਵੀ ਲਿਆ ਜਾ ਸਕਦਾ ਹੈ ।

  7. ਕੋਈ ਐਸਾ ਪ੍ਰੋਗ੍ਰਾਮ ਵੀ ਹੋ ਸਕਦਾ ਹੈ ਜਿਸ ਵਿੱਚ ਪੱਗਾਂ ਲਾਹੁਣ ਵਾਲ਼ਿਆਂ ਅਤੇ ਜਾਗਰੂਕ ਪ੍ਰਚਾਰਕਾਂ ਨੂੰ ਆਪੋ ਆਪਣਾ ਪੱਖ, ਵਿਵਾਦਤ ਸਿੱਖ ਮਸਲਿਆਂ ਉੱਤੇ, ਰੱਖਣ ਲਈ, ਵਿਸ਼ਵ ਪੱਧਰ ਉੱਤੇ ਸੈਮੀਨਾਰ ਰਚਾਅ ਕੇ, ਸਮਾਂ ਦਿੱਤਾ ਜਾ ਸਕਦਾ ਹੈ। ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਸਿੱਖ ਖੋਜੀ ਨਿਰਣਾ ਕਰਨ ਲਈ ਸੱਦੇ ਜਾ ਸਕਦੇ ਹਨ।

  8. ਦੋਹਾਂ ਧਿਰਾਂ ਵਲੋਂ ਆਪੋ ਆਪਣੇ ਸਿੱਖ ਵਿਦਵਾਨਾਂ ਦਾ ਵਿਸ਼ਵ ਪੱਧਰੀ ਸੈਮੀਨਾਰ ਰਚਾਅ ਕੇ ਉਨ੍ਹਾਂ ਵਿਦਵਾਨਾਂ ਪਾਸੋਂ ਵਿਵਾਦਤ ਸਿੱਲ਼ ਮਸਲਿਆਂ ਉੱਤੇ ਉਨ੍ਹਾਂ ਦੇ ਵਿਚਾਰ ਸੰਗਤਾਂ ਦੇ ਇਕੱਠ ਵਿੱਚ ਲਏ ਜਾ ਸਕਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਰੌਸ਼ਨੀ ਵਿੱਚ ਜੋ ਵਿਚਾਰ ਸਹੀ ਹੋਣ ਉਹ ਮੰਨ ਲਏ ਲਏ ਜਾਣ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top