Share on Facebook

Main News Page

ਸ਼੍ਰੋਮਣੀ ਕਮੇਟੀ ਦੇ ਸਿੱਖੀ ਵਿਰੋਧੀ ਕਾਰਨਾਮੇ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
081018

ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਯੋਗ ਅਗਵਾਈ ਲਈ 15 ਨਵੰਬਰ ਸੰਨ 1920 ਬਣੀ ਅਤੇ 30 ਅਪ੍ਰੈਲ ਸੰਨ 1921 ਵਿੱਚ ਅੰਗ੍ਰੇਜ਼ ਸਰਕਾਰ ਦੁਆਰਾ ਰਜਿਸਟਰਡ ਕੀਤੀ ਗਈ ਸੀ ਜਿਸ ਵਿੱਚ ਅੰਗ੍ਰੇਜ਼ ਸਰਕਾਰ ਦੇ ਪਿੱਠੂ ਅਤੇ ਸਿੱਖੀ ਦੇ ਦੁਸ਼ਮਣ 36 ਮੈਂਬਰ ਵੀ ਸ਼ਾਮਲ ਕਰ ਲਏ ਗਏ ਸਨ।

ਗੁਰਦੁਆਰਾ ਸੁਧਾਰ ਲਹਿਰ ਚਲਾ ਕੇ ਇਸ ਨੇ ਸ਼ਲਾਘਾ ਯੋਗ ਕੰਮ ਕੀਤਾ ਜਿਸ ਨਾਲ਼ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਕਮੇਟੀ ਕੋਲ਼ ਆ ਗਿਆ। ਹੌਲੀ ਹੌਲੀ ਇਹ ਕਮੇਟੀ ਬ੍ਰਾਹਮਣਵਾਦ ਦਾ ਸ਼ਿਕਾਰ ਹੁੰਦੀ ਗਈ। ਇਸ ਦੇ ਕੁੱਝ ਕੁ ਕਾਲ਼ੇ ਕਾਰਨਾਮਿਆਂ ਉੱਤੇ ਇੱਕ ਝਾਤ ਪਾਈ ਗਈ ਹੈ।

ੳ). ਸ਼੍ਰੋ. ਕਮੇਟੀ ਸੰਨ 1945 ਵਲੋਂ ਗੁਰੂ ਬਖ਼ਸ਼ਿਆ ਨਿੱਤ-ਨੇਮ ਭੰਗ ਕਰ ਕੇ ਆਪਣੇ ਆਪ ਨੂੰ ਗੁਰੂ ਤੋਂ ਸਿਆਣੀ ਬਣ ਕੇ ਦਸ਼ਮ ਗ੍ਰੰਥ ਨੂੰ ਸਿੱਖਾਂ ਦੇ ਗਲ਼ ਮੜ੍ਹਨਾ।

ਅ). ਅਜੋਕੀ ਸ਼੍ਰੋ. ਕਮੇਟੀ ਵਲੋਂ ‘ਸਿੱਖ ਰਹਤ ਮਰਯਾਦਾ’ ਦੀ ਕੀਰਤਨ ਵਾਲ਼ੀ ਮੱਦ ਵਿੱਚ ਆਪੂੰ ਤਬਦੀਲੀ ਕਰ ਕੇ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਦੁਆਰਿਆਂ ਵਿੱਚ ਪੜ੍ਹੇ ਜਾਣ ਲਈ ਰਾਹ ਪੱਧਰਾ ਕਰਨਾ। ਦੇਖੋ ਸਬੂਤ-

ੲ). ‘ਸਿੱਖੋਂ ਕਾ ਇਤਿਹਾਸ’ ਨਾਂ ਦੀ ਹਿੰਦੀ ਵਿੱਚ ਲਿਖੀ ਪੁਸਤਕ ਨੂੰ ਆਪਣੀ ਮੁਹਰ ਹੇਠ ਛਪਵਾਉਣਾ ਜਿਸ ਵਿੱਚ ਗੁਰੂ ਪਾਤਿਸ਼ਾਹਾਂ ਦੀ ਪੁੱਜ ਕੇ ਨਿਰਾਦਰੀ ਕੀਤੀ ਗਈ ਹੈ ।ਪੜ੍ਹੋ ਇਸ ਕਿਤਾਬ ਵਿੱਚੋਂ ਕੁੱਝ ਸਤਰਾਂ ਅਤੇ ਦੇਖੋ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ: -

ਗੁਰੁ ਤੇਗ ਬਹਾਦਰ ਜੀ ਨੂੰ ਚੋਰ ਲਿਖਿਆ ਗਿਆ ਹੈ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਲਿਖਿਆ ਹੈ ਕਿ ਉਸ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਬਾਅਦ ਹਰਗਬਿੰਦ ਜੀ ਆ ਗਿਆ, ਜੋ ਕਿ ਬਹੁਤ ਹੀ ਡਰਪੋਕ ਸੀ, ਅਰਜਨ ਕੇ ਮਰਨੇ ਕੇ ਬਾਅਦ ਹਰਗਬਿੰਦ ਦਾ ਦਿਮਾਗੀ ਸੰਤੁਲਨ ਖੋ ਗਿਆ। ਹਰਗਬਿੰਦ ਜਬ ਸੋਤਾ ਥਾ ਤੋ ਸਾਥ ਬੰਦੂਕਧਾਰੀ ਪਹਿਰੇ ਪੇ ਖੜੇ ਰਹਿਤੇ, ਹਰ ਰਾਏ ਕੇ ਦੋ ਬੇਟੇ ਥੇ, ਵੱਡੇ ਬੇਟੇ ਕੀ ਉਮਰ 15 ਅਤੇ ਛੋਟੇ ਕੀ 6 ਸਾਲ ਥੀ। ਵੱਡੇ ਬੇਟੇ ਕੋ ਗੱਦੀ ਇਸ ਲਈ ਨਹੀਂ ਦੀ ਕਿਉਂਕਿ ਵੋਹ ਨੌਕਰਾਣੀ ਕਾ ਬੇਟਾ ਥਾ”।

ਸ). ਆਰ ਐੱਸ ਐੱਸ ਦੇ ਮੈਂਬਰ ਹਰਚਰਨ ਸਿੰਘ ਨੂੰ ਕਮੇਟੀ ਦਾ ਚੀਫ਼ ਸਕੱਤਰ ਨਿਯੁੱਕਤ ਕਰ ਕੇ ਗੋਲਕ ਉੱਤੇ ਤਕਰੀਬਨ 150,000 ਰੁਪਏ ਦਾ ਮਹੀਨਾਵਾਰ ਬੋਝ ਪਾਉਣਾ ।

ਹ). ਸੌਦਾ ਸਾਧ ਨੂੰ ਮੁਆਫ਼ੀ ਦੇਣ ਸਮੇਂ ਜਥੇਦਾਰਾਂ ਨੂੰ ਅਜਿਹਾ ਕਰਨ ਤੋਂ ਨਾ ਰੋਕਣਾ ਜਦੋਂ ਕਿ ਜਥੇਦਾਰ ਸ਼੍ਰੋ. ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮ ਹੁੰਦੇ ਹਨ ।

ਕ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਵਿੱਚ ਕੋਮ ਦੀ ਯੋਗ ਅਗਵਾਈ ਨਾ ਕਰ ਸਕਣਾ ।

ਖ). ਕਮੇਟੀ ਵਲੋਂ ‘ਸਿੱਖ ਇਤਿਹਾਸ ਦੇ ਕੁੱਝ ਪੱਤਰੇ’ ਨਾਮਕ ਕਿਤਾਬ ਨੂੰ ਛਾਪਣਾ ਜਿਸ ਵਿੱਚ ਜੋ ਲਿਖਿਆ ਗਿਆ ਹੈ ਉਸ ਦੇ ਕੁੱਝ ਨਮੂਨੇ ਹੇਠਾਂ ਦਿੱਤੇ ਗਏ ਹਨ: -

1. ਗੁਰੂ ਨਾਨਕ ਸਾਹਿਬ ਜੀ ਸੱਯਦ ਹੁਸੈਨ ਦੇ ਮੁਰੀਦ ਸਨ । ਗੁਰੂ ਨਾਨਕ ਸਾਹਿਬ ਜੀ ਨੇ ਉਸਦੇ ਹੀ ਕਲਾਮ ਨੂੰ ਪੰਜਾਬੀ ਚ ਲਿਖਕੇ ਗ੍ਰੰਥ ਬਣਾਇਆ ਜਿਸਦਾ ਗ੍ਰੰਥ (ਸਾਹਿਬ) ਨਾਮ ਰੱਖਿਆ ਗਿਆ? (ਪੰਨਾਂ 47)
2. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੂਆ ਤੋ ਜਬਰੀ ਧਨ ਇਕੱਠਾ ਕਰਦੇ ਸਨ । ਜਿਸ ਦੇ ਦੋਸ਼ ਵਿੱਚ ਔਰੰਗਜੇਬ ਨੇ ਗੁਰੂ ਜੀ ਨੂੰ ਕਤਲ ਕਰਕੇ ਉਹਨਾਂ ਦੇ ਸਰੀਰ ਦੇ ਕੁਝ ਅੰਗਾਂ ਨੂੰ ਸ਼ਹਿਰ ਦੀਆ ਗਲ਼ੀਆਂ ਵਿੱਚ ਲਟਕਾਇਆ । (ਪੰਨਾਂ 50)
3. ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬਜ਼ਾਦਿਆਂ ਦੀਆ ਸ਼ਹਾਦਤਾਂ ਉਪਰੰਤ ਆਪਣਾ ਦਿਮਾਗੀ ਤਵਾਜ਼ਨ ਗੁਆ ਬੈਠੇ ਸਨ । ਉਹ ਉਦਾਸੀ ਤੇ ਪਰੇਸ਼ਾਨੀ ਕਾਰਨ " ਉਹ ਆਪਣੇ ਪੁੱਤਰਾਂ ਦੇ ਬਦਲੇ ਦੇ ਗ਼ਮ ਨਾਲ ਮਰ ਗਏ ।" (ਪੰਨਾਂ 51)
ਗ). ਗੁਰਬਿਲਾਸ ਪਾ: ਛੇਵੀਂ ਪੁਸਤ ਨੂੰ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਤੋਂ ਸੰਪਾਦਿਤ ਕਰਵਾ ਕੇ ਛਾਪਣਾ ਇਸ ਪੁਸਤਕ ਅਨੁਸਾਰ:

1. ਮਾਤਾ ਗੰਗਾ ਜੀ ਦੇ ਪੇਟ ਵਿੱਚ ਓਦੋਂ ਹੀ ਹਵਾ ਭਰ ਗਈ ਸੀ ਜਦੋਂ ਭਾਈ ਬੁੱਢਾ ਜੀ ਕੋਲ਼ੋਂ ਉਹ ਵਰ ਲੈਣ ਗਏ ਸਨ ।
2. ਦਰਬਾਰ ਸਾਹਿਬ ਸਿੱਖਾਂ ਦਾ ਗੁਰਦੁਆਰਾ ਨਹੀਂ ਸਗੋਂ ਵਿਸ਼ਣੂ ਮੰਦਰ ਹੈ ਜੋ ਵਿਸ਼ਣੂ ਦੇ ਆਸ਼ੀਰਵਾਦ ਨਾਲ਼ ਬਣਿਆਂ ਸੀ।
3. ਪੰਜਵੇਂ ਗੁਰੂ ਜੀ ਵਲੋਂ ਪੋਥੀ ਸਾਹਿਬ ਰਚੀ ਗਈ ਸੀ ਪਰ ਇਸ ਗ੍ਰੰਥ ਨੇ ‘ਪੋਥੀ’ ਦੀ ਦੀ ਦਰਬਾਰ ਸਾਹਿਬ ਵਿੱਚ ਸਥਾਪਨਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਬਣਾ ਕੇ ਸਿੱਖਾਂ ਦੇ ਅੱਖੀਂ ਘੱਟਾ ਪਾ ਦਿੱਤਾ ਜਦੋਂ ਕਿ ‘ਪੋਥੀ’ ਸਾਹਿਬ ਨੂੰ ਗੁਰੂ ਦੀ ਪਦਵੀ ਦਸਵੇਂ ਗੁਰੂ ਜੀ ਵਲੋਂ ਸੰਨ 1708 ਵਿੱਚ ਦਿੱਤੀ ਗਈ ਸੀ।
4. ਧਰਮਸ਼ਾਲ਼ਾਂ ਜਾਂ ਦੁਰਦੁਆਰੇ ਲਈ ‘ਮੰਦਰ’ ਸ਼ਬਦ ਦੀ ਵਰਤੋਂ ਵੀ ਇਸੇ ਪੁਸਤਕ ਨੇ ਸ਼ੁਰੂ ਕੀਤੀ ਹੈ । ਹਰਿਮੰਦਰ ਤੋਂ ਭਾਵ ਹੈ ਵਿਸ਼ਣੂ ਦਾ ਮੰਦਰ। ਵਿਸ਼ਣੂ ਹੀ ਆਪਣੀ ਲੱਛਮੀ ਸਮੇਤ ਰੂਪ ਬਦਲ ਕੇ ਸੇਵਾ ਕਰਨ ਲਈ ਆਇਆ ਸੀ। ਮੰਦਰਾਂ ਦੀ ਤਰ੍ਹਾਂ ਵਿਸ਼ਣੂ ਹੀ ਦਰਬਾਰ ਸਾਹਿਬ ਵਿੱਚ ਸਥਿੱਤ ਹੈ, ਪੁਸਤਕ ਗੁਰ ਬਿਲਾਸ ਕਹਿੰਦੀ ਹੈ । ਇਸ ਪੁਸਤਕ ਵਿੱਚੋਂ ਪ੍ਰਮਾਣ ਵਜੋਂ ਕੁੱਝ ਕੁ ਬੰਦ ਹੇਠ ਦਿੱਤੇ ਜਾਂਦੇ ਹਨ:

ੳ). ਪੰਜਵੇਂ ਗੁਰੂ ਜੀ ਨੇ ਪੋਥੀ ਲਿਖੀ ਸੀ ਪਰ ਇਹ ਪੁਸਤਕ ਕਹਿੰਦੀ ਹੈ ਕਿ ਗੁਰੂ ਜੀ ਨੇ ਗੁਰੂ ਗ੍ਰੰਥ ਤਿਆਰ ਕੀਤਾ ਸੀ ਜਦੋਂ ਕਿ ਪੋਥੀ ਨੂੰ ਗੁਰਤਾ ਨਹੀਂ ਮਿਲ਼ੀ ਸੀ।
ਸਵੈਯਾ ॥
ਸ੍ਰੀ ਗੁਰ ਲਾਇ ਦੀਵਾਨ ਤਬੈ, ਅਤਿ ਅਨੰਦ ਸੋਂ ਇਹ ਭਾਂਤ ਅਲਾਈ ।
ਭਾਈ ਗੁਰਦਾਸ ਸੁਨੋ ਚਿਤ ਦੈ, ਅਬ ਸੇਤ ਰਚੋ ਭਵ ਸਿੰਧੁ ਤਰਾਈ ।
ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ ।
ਮ੍ਰਿਤੰ ਭਵ ਤਾਹਿ ਮਿਟੈ ਨਰ ਕੀ, ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ ॥
309॥
(ਗੁਰ ਬਿਲਾਸ ਪਾਤਿਸ਼ਾਹੀ 6)

ਭਾਵ ਇਹ ਤਜ਼ਰਬੇਕਾਰ ਗੁੰਮਨਾਮ ਵਿਦਵਾਨ ਪ੍ਰੋਹਿਤ ਜੀ ( ਪੁਸਤਕ ਦਾ ਗੁੰਮਨਾਮ ਲਿਖਾਰੀ) , ਗਿਆਨਦਾਤਾ ਪੰਚਮ ਪਾਤਸ਼ਾਹ ਜੀ ਦੇ ਹੀ ਮੁਖਾਰਬਿੰਦ ਵਿਚ ਇਹ ਬਚਨ, ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ ।ਮ੍ਰਿਤੰ ਭਵ ਤਾਹਿ ਮਿਟੈ ਨਰ ਕੀ ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ ॥309॥ ਪਾ ਕੇ ਗੁਰੂ-ਸ਼ਬਦ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ-ਜੁਗਤ ਸੁਆਰਨ ਦੀ ਲੋੜ ਦਾ ਭੋਗ ਪਾ ਦਿੱਤਾ । ਇਹ ਦੁੱਖਦਾਈ ਉਪਦਰ ਵੀ ਪੰਚਮ ਪਾਤਸ਼ਾਹ ਜੀ ਦੀ ਜ਼ਬਾਨੀ !
ਚੌਪਈ ॥
ਐਸ ਅਵਾਜ ਗ੍ਰੰਥ ਗੁਰ ( ਗੁਰੂ ਗ੍ਰੰਥ) ਲਈ । ਸੁਨਿ ਗੁਰਸਿੱਖ ਮਨਿ ਅਨੰਦ ਪਾਈ । ਸੰਤ ਕੇ ਕਾਰਜ ਆਪਿ ਖਲੋਯਾ । ਕਾਰ ਕਢਨ ਹਿਤ ਕਾਮਾ ਹੋਆ ॥27॥

ਅ). ਵਿਸ਼ਣੂ ਦੇਵਤਾ ਪੰਜਵੇਂ ਗੁਰੂ ਜੀ ਨੂੰ ਆਦੇਸ਼ ਦੇ ਰਿਹਾ ਹੈ ਮੰਦਰ ਰਚੋ ਜੋ ਮੇਰਾ ਹੀ ਰੂਪ ਹੈ ਅਤੇ ਇਸ ਦਾ ਨਾਂ ਹਰਿਮੰਦਰ ਹੈ: -
ਹਰਿਮੰਦਰ ਕੋ ਚਾਰ ਦਰ ਸੁੰਦਰ ਰਚੋ ਅਪਾਰ । ਤਲਾਵ ਮਧਿ ਮੰਦਰੁ ਰਚੋ ਕਰਿਹੋ ਪੁਲ ਸੁਖੁ ਧਾਰਿ ॥44॥
ਇਹ ਮੰਦਰ ਮਮ ਰੂਪ ਹੈ ਹਰਿਮੰਦਰ ਇਹੁ ਨਾਮੁ ।  ਰਿਧਿ ਸਿਧਿ ਇਹ ਥਾਂ ਰਹੈ ਨਿਸ ਦਿਨ ਆਠੋਜਾਮ ॥45॥
ਮਮ ਰੂਪ- ਮੇਰਾ, ਭਾਵ ਵਿਸ਼ਣੂ ਦਾ, ਰੂਪ ਹੈ।

ਇਹ "ਮੰਦਰ‟ ਅਸਲ ਵਿਚ ਮੇਰਾ (ਵਿਸ਼ਨੂੰ) ਦਾ ਹੀ ਸਾਖਸ਼ਾਤ ਰੂਪ ਹੈ । (ਭਾਵ, ਹਰਿਮੰਦਰ ਦੇ ਰੂਪ ਵਿਚ ਮੈਂ ਆਪ ਉਵੇਂ ਹੀ ਅਸਥਿਤ ਹਾਂ, ਜਿਵੇਂ ਭਾਰਤ ਦੇ ਬਾਕੀ ਹਿਦੂੰ ਦੇਵ-ਮੰਦਰਾਂ ਵਿਚ ਮੂਰਤੀ ਰੂਪ ਵਿਚ ਸਥਾਪਤ ਹੋ ਕੇ ਪੂਜਿਆ ਜਾ ਰਿਹਾ ਹਾਂ । ਰਾਤ ਦਿਨ ਅਠੇ ਪਹਿਰ ਰਿਧੀਆਂ ਸਿਧੀਆਂ ਇਸ ਥਾਂ ਤੇ ਹਾਜ਼ਿਰ ਰਹਿਣਗੀਆਂ ॥45॥

ਸੋਚਣ ਵਾਲ਼ੀ ਗੱਲ –
ਸੁਜਾਨ ਪਾਠਕ ਨੂੰ ‘ਜਪੁ’ ਜੀ ਦੀ 29ਵੀਂ ਪਉੜੀ ਦੀ ਇਸ ਪੰਗਤੀ ਵਿਚਲਾ ਗੁਰਮਤਿ-ਸਿਧਾਂਤ ਰੂਪ ਫੁਰਮਾਨ ਵੀ ਜਰੂਰ ਯਾਦ ਹੋਵੇਗਾ- “ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ” ਭਾਵ ਰਿਧੀਆਂ ਸਿਧੀਆਂ ਮਨੁੱਖ ਨੂੰ ਪ੍ਰਭੂ ਨਾਮ ਤੋਂ ਹਟਾ ਕੇ ਮਾਇਆ ਦੇ ਸੁਆਦ ਵਲ ਨੂੰ ਧੂ ਕੇ ਲੈ ਜਾਂਦੀਆਂ ਹਨ । ਇਸ ਲਈ ਜੋਗੀਆਂ ਵਾਲੀਆਂ ਇਨ੍ਹਾਂ ਰਿਧੀਆਂ ਸਿਧੀਆਂ ਦਾ ਗੁਰੂ ਦਰਬਾਰ ਦੇ ਨੇੜੇ ਆਉਣ ਦਾ ਕੀ ਕੰਮ ਸੀ ?

ੲ). ਗੁਰਬਿਲਾਸ ਕਹਿੰਦਾ ਹੈ ਕਿ ਭਾਈ ਬੁੱਢੇ ਜੀ ਦੀ ਆਸ਼ੀਰਬਾਦ ਨਾਲ਼ ਮਾਤਾ ਗੰਗਾ ਜੀ ਦੇ ਪੇਟ ਵਿੱਚ ਉਸੇ ਸਮੇਂ ਹਵਾ ਭਰ ਗਈ ਪਰ ਇਹ ਗ਼ੈਰ ਕੁਦਰਤੀ ਹੈ। ਦੇਖੋ ਗੁਰਬਿਲਾਸ ਦਾ ਬੰਦ ਨੰਬਰ 128-129

ਦੋਹਰਾ॥
ਸੰਬਤ ਸੋਰਹਿ ਸੈ ਤਬੈ ਇਕਵੰਜਾ ਕਰ ਜਾਨ॥ ਅਸੂ ਦਿਨ ਇਕੀਸਵੀ ਬੁਢੇ ਬਚਨ ਬਖਾਨ॥128॥
ਤਿਸੈ ਛਿਨੈ ਮਾਤਾ ਉਦਰ ਕੀਨੋ ਪਵਨ ਨਿਵਾਸ॥ ਮਾਤਾ ਮਨ ਹਰਖਤ ਭਈ ਚਿਤ ਮਹਿ ਬਢਿਓ ਹੁਲਾਸ॥129॥

ਸ਼੍ਰੋ. ਕਮੇਟੀ ਨੂੰ ਗੁਰਬਿਲਾਸ ਦੀ ਇਸ ਪੁਸਤਕ ਦੀ ਸੰਪਾਦਨਾ ਕਰਵਾਉਣ ਦੀ ਥਾਂ ਇਸ ਵਿੱਚ ਲਿਖੀਆਂ ਮਨਮਤਾਂ ਨੂੰ ਉਜਾਗਰ ਕਰਵਾਉਣਾ ਚਾਹੀਦਾ ਸੀ ਤਾਂ ਜੁ ਸਿੱਖੀ ਵਿਹੜੇ ਵਿੱਚੋਂ ਇਹ ਪੁਸਤਕ ਪਾਸੇ ਹੋ ਜਾਂਦੀ।

ਸ਼੍ਰੋ. ਕਮੇਟੀ ਦੀਆਂ ਉਪਰੋਕਤ ਕਾਰਵਾਈਆਂ ਤੋਂ ਸਿੱਟਾ ਕੱਢਣਾ ਔਖਾ ਨਹੀਂ ਕਿ ਇਹ ਕਮੇਟੀ ਬ੍ਰਾਹਮਣਵਾਦ ਦੀ ਚੁੰਗਲ਼ ਵਿੱਚ ਪੂਰੀ ਤਰ੍ਹਾਂ ਫਸ ਚੁੱਕੀ ਹੈ ਤਾਂ ਜੁ ਹੀ ਸਿੱਖੀ ਦਾ ਨੁਕਸਾਨ ਕੀਤਾ ਜਾ ਸਕੇ। ਸਿੱਖਾਂ ਨੂੰ ਇਸ ਦਾ ਬਦਲ ਲੱਭਣਾ ਪਵੇਗਾ।

ਮੌਜੂਦਾ ਸ਼੍ਰੋ. ਕਮੇਟੀ ਦੇ ਪ੍ਰਧਾਨ ਇੱਕ ਯੀਸੂ ਮਸੀਹ ਦੇ ਚੇਲੇ ਤੋਂ ਆਸ਼ੀਰਵਾਦ ਲੈਂਦੇ ਹੋਏ ਦੀ ਵੀਡੀਓ ਦੇਖਣ ਲਈ https://youtu.be/tz_3zFyLgUE ਲਿੰਕ 'ਤੇ ਜਾਓ।

ਨੋਟ: ਸੋਸ਼ਲ ਮੀਡੀਏ ਤੋਂ, https://archive.org/details/GurBilasPatshahiChevi/page/n1  ਤੋਂ ਗੁਰਬਿਲਾਸ ਪਾ: ਛੇਵੀ ਪੜ੍ਹਨ ਅਤੇ ਹੋਰ ਲਿਖਤਾਂ ਤੋਂ ਕੁੱਝ ਜਾਣਕਾਰੀ ਲੈਣ ਲਈ ਸ. ਮਹਿੰਦਰ ਸਿੰਘ ਖ਼ਾਲਸਾ, ਆਰਕਾਈਵ ਵਾਲ਼ਿਆਂ ਅਤੇ ਸ. ਪ੍ਰਭਜੀਤ ਸਿੰਘ ਧਵਨ ਦੁਬਈ ਵਾਲ਼ਿਆਂ ਦਾ ਧੰਨਵਾਦ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top