ਸ਼੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ‘ਬਾਬਰਬਾਣੀ’ ਸ਼ਬਦ ਨਹੀਂ ਹੈ । ਅਸਲ ਸ਼ਬਦ ‘ਬਾਬਰਵਾਣੀ’ ਹੈ ।
ਦੇਖੋ ਇਹ ਪੰਕਤੀ: -
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ( ਗਗਸ
ਪੰਨਾਂ 417)
ਨੋਟ:
‘ਕੁਇਰੁ’ ਸ਼ਬਦ ਪਠਾਣ ਸ਼ਾਹਜ਼ਾਦੇ ਲਈ ਵਰਤਿਆ ਹੈ ਅਤੇ ਇਹ
ਪੁਲਿੰਗ ਸ਼ਬਦ ਹੈ। ਸਿੱਖ ਬੀਬੀਆਂ ਲਈ ਵਰਤਿਆ ‘ਕੌਰ’ ਸ਼ਬਦ
‘ਕੁਇਰ’ ਦਾ ਹੀ ਰੂਪ ਹੈ ਜਿਸ ਦਾ ਅਰਥ ਹੈ ਸ਼ਾਹਜ਼ਾਦਾ। ਬੀਬੀ ਕਿਉਂ ਕਿ ਸ਼ਾਹਜ਼ਾਦੀ
ਹੈ। ਬੀਬੀਆਂ ਲਈ ਅਸਲ ਸ਼ਬਦ ‘ਕੌਰਿ’ ਸੀ ਜੋ ਸਿਹਾਰੀ ਨੂੰ ਛੱਡ ਦੇਣ ਨਾਲ਼ ‘ਕੌਰ’ ਰਹਿ ਗਿਆ
(ਮਹਾਨ ਕੋਸ਼)। ਕੁਇਰ ਤੋਂ ਇਸਤਰੀ ਲਿੰਗ ਸ਼ਬਦ ਕੁਇਰਿ ਹੰਦਾ ਹੈ। ਇਹ ਸ਼ਬਦ ਕੁੰਵਰ ਅਤੇ
ਕੁੰਵਰਿ ਸਨ ਜਿਨ੍ਹਾਂ ਵਿੱਚ /ਵ/ ਧੁਨੀ /ਅ/ ਵਿੱਚ ਬਦਲ ਗਈ।
‘ਬਾਬਰਵਾਣੀ’ ਦਾ ਅਰਥ ਮਹਾਨਕੋਸ਼ ਅਨੁਸਾਰ
ਹੈ - ਬਾਬਰ ਦੀ ਆਗਿਆ, ਬਾਬਰ ਦੀ ਦੁਹਾਈ ।
ਪ੍ਰੋ. ਸਾਹਿਬ ਸਿੰਘ ਨੇ ਵੀ ਇਸ ਦਾ ਅਰਥ ‘ਬਾਬਰ ਦੀ ਦੁਹਾਈ’ ਕੀਤਾ ਹੈ । ਦੋਹਾਂ ਅਰਥਾਂ
ਨੂੰ ਮਿਲ਼ਾ ਦੇਣ ਨਾਲ਼ ਅਰਥ ਬਣਦਾ ਹੈ- ਬਾਬਰ ਦੀ ਆਗਿਆ ਦੀ ਦੁਹਾਈ। ‘ਬਾਬਰਵਾਣੀ ਫਿਰਿ ਗਈ’
ਦਾ ਅਰਥ ਬਣਿਆਂ- ਬਾਬਰ ਦੀ ਆਗਿਆ ਦੀ ਦੁਹਾਈ ਪੈਣ ਲੱਗ ਪਈ। ਹਰ ਪਾਸੇ ਬਾਬਰ ਦਾ ਹੁਕਮ
ਗੂੰਜਣ ਲੱਗ ਪਿਆ।
ਅਜੀਬ ਟਪਲ਼ਾ !!!
‘ਬਾਬਰਵਾਣੀ’ ਦਾ ਅਰਥ ਭੁਲੇਖੇ ਨਾਲ਼
ਬਾਬਰ ਦੀ ਬਾਣੀ ਵਾਲ਼ੇ ਸ਼ਬਦ ਸਮਝਿਆ ਜਾਂਦਾ ਹੈ, ਜੋ ਸਹੀ ਨਹੀਂ ਹੈ। ਬਾਬਰ ਦੀ ਕੋਈ
ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ‘ਬਾਬਰਵਾਣੀ’ ਸ਼ਬਦ ਨੂੰ ‘ਬਾਬਰਬਾਣੀ’
ਸ਼ਬਦ ਨਹੀਂ ਸਮਝਣਾ ਚਾਹੀਦਾ।
ਵਾਣੀ ਸ਼ਬਦ ਕੀ ਹੈ?
ਮਹਾਨ ਕੋਸ਼ ਅਨੁਸਾਰ ‘ਵਾਣੀ’ ਸ਼ਬਦ ਦੇ ਅਰਥ ਕੀ ਹਨ?
1. ਵਾਣੀ ਦਾ ਅਰਥ - ਫ਼ੁਰਮਾਨ, ਵਚਨ। ਇਹ ਅਰਥ
‘ਬਾਬਰਵਾਣੀ’ ਸ਼ਬਦ ਨੂੰ ਸਮਝਣ ਲਈ ਵਰਤਿਆ ਗਿਆ ਹੈ।
2. ਵਾਣੀ ਦਾ ਅਰਥ- ਰੰਗਤ। ਜਿਵੇਂ:-
ਸ੍ਰੀ ਰੰਗਿ ਰਾਤੀ ਫਿਰੈ ਮਾਤੀ ਉਦਕੁ ਗੰਗਾਵਾਣੀ। (ਗਗਸ
ਪੰਨਾਂ 567)
ਉਦਕੁ ਗੰਗਾ ਵਾਣੀ- ਗੰਗਾ ਦੀ ਰੰਗਤ ਵਾਲ਼ਾ ਨਿਰਮਲ ਪਾਣੀ। ਉਦਕੁ- ਪਾਣੀ।
3. ਵਾਣੀ ਦਾ ਅਰਥ- ਪਾਣੀ। ਜਿਵੇਂ: -
ਸਲੋਕੁ ਮਃ ੧ ॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ
ਖਾਹੀ॥ (ਗਗਸ ਪੰਨਾਂ 149)।
ਪੀਅਹਿ ਮਲਵਾਣੀ- ਮੈਲ਼ ਵਾਲ਼ਾ ਪਾਣੀ ਪੀਂਦੇ ਹਨ । ਮਲਵਾਣੀ=ਮਲ+ਵਾਣੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!