Share on Facebook

Main News Page

ਕੀ ਸ਼ਸਤ੍ਰਧਾਰੀ ਰੱਬ ਹੈ ਜਾਂ ਦੁਰਗਾ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
021218

‘ਜਾਪੁ’ ਨਾਂ ਦੀ ਰਚਨਾ ਰੱਬ ਨੂੰ ਸ਼ਸਤ੍ਰਧਾਰੀ ਮੰਨਦੀ ਹੈ ਜੋ ਮਨਮਤਿ ਹੈ :

ਸ਼੍ਰੋ. ਕਮੇਟੀ ਵਲੋਂ ਸਿੱਖ ਰਹਤ ਮਰਯਾਦਾ ਰਾਹੀਂ ਬ੍ਰਾਹਮਣਵਾਦੀ ਪ੍ਰਭਾਵ ਹੇਠ ਨਿੱਤਨੇਮ ਵਿੱਚ ਪੜ੍ਹਾਈ ਜਾ ਰਹੀ ‘ਜਾਪੁ’ ਨਾਂ ਦੀ ਰਚਨਾ ਦੇ ਪ੍ਰਚੱਲਤ ਟੀਕਿਆਂ ਵਿੱਚ ਰੱਬ ਨੂੰ ਸ਼ਸਤ੍ਰਧਾਰੀ ਮੰਨਿਆਂ ਗਿਆ ਹੈ ਕਿਉਂਕਿ ਟੀਕਾਕਾਰਾਂ ਅਨੁਸਾਰ ਜਾਪੁ ਵਿੱਚ ਰੱਬ ਦੀਆਂ ਸਿਫ਼ਤਾਂ ਹਨ, ਪਰ ਅਜਿਹਾ ਨਹੀਂ ਹੈ ।

ਜੋ ਸ਼ਸਤ੍ਰਧਾਰੀ ਹੈ ਉਹ ਦੇਹਧਾਰੀ ਵੀ ਹੈ ।
ਦੇਹਧਾਰੀ ਪੰਜਾਂ ਤੱਤਾਂ{ਹਵਾ, ਪਾਣੀ, ਅੱਗ, ਧਰਤੀ, ਆਕਾਸ਼} ਦਾ ਬਣਿਆਂ ਹੁੰਦਾ ਹੈ ਜੋ ਸਦਾ ਨਹੀਂ ਰਹਿੰਦਾ । ‘ਜਾਪੁ’ ਵਿੱਚ ਰੱਬ ਨੂੰ ਦੇਹਧਾਰੀ ਮੰਨ ਕੇ ਉਸ ਦੇ ਹੱਥਾਂ ਵਿੱਚ ਦੋ ਤਰ੍ਹਾਂ ਦੇ ਹਥਿਆਰ ਫੜਾਏ ਗਏ ਹਨ- ਸ਼ਸਤ੍ਰ ਅਤੇ ਅਸਤ੍ਰ । ਸ਼ਸਤ੍ਰਾਂ ਨੂੰ ਹੱਥਾਂ ਵਿੱਚ ਫੜ ਕੇ ਵਾਰ ਕਰੀਦਾ ਹੈ ਜਿਵੇਂ ਤਲਵਾਰ, ਬੰਦੂਕ ਆਦਿਕ ਅਤੇ ਅਸਤ੍ਰਾਂ ਨੂੰ ਹੱਥਾਂ ਵਿੱਚੋਂ ਚਲਾ ਕੇ ਦੂਰ ਦੁਸ਼ਮਣਾਂ ਉੱਤੇ ਮਾਰਿਆ ਜਾਂਦਾ ਹੈ ਜਿਵੇਂ ਚੱਕ੍ਰ ਆਦਿਕ ।

‘ਜਾਪੁ’ ਨਾਂ ਦੀ ਰਚਨਾ ਲਿਖਿਆ ਗਿਆ ਹੈ-
ਨਮੋ ਸ਼ਸਤ੍ਰ ਪਾਣੇ॥ਨਮੋ ਅਸਤ੍ਰ ਮਾਣੇ॥52॥
ਇਸ ਬੰਦ ਨੂੰ ਰਹਤ ਮਰਯਾਦਾ ਵਿੱਚ ਲਿਖੇ ਬ੍ਰਾਹਮਣਵਾਦੀ ਰਚਨਾਵਾਂ ਨਾਲ਼ ਮਿਲ਼ਗੋਭਾ ਕੀਤੇ ਨਿੱਤਨੇਮ ਦੇ ਸ਼ਰਧਾਲੂ ਰੋਜ਼ਾਨਾ ਪੜ੍ਹਦੇ ਹਨ ਪਰ ਕਦੇ ਅਰਥਾਂ ਵਲ ਧਿਆਨ ਨਹੀਂ ਦਿੰਦੇ । ਜੇ ਅਰਥ ਪਤਾ ਕਰ ਲੈਣ ਤਾਂ ਇਹ ਰਚਨਾ ਕਦੇ ਵੀ ਨਾ ਪੜ੍ਹਨ ।

ਪ੍ਰਚੱਲਤ ਅਰਥ: - ਰੱਬ ਸ਼ਸਤ੍ਰ ਅਤੇ ਅਸਤ੍ਰ ਪਹਿਨ ਕੇ ਰੱਖਦਾ ਹੈ ।ਟੀਕਾਕਾਰਾਂ ਵਲੋਂ ਕੀਤੇ ਇਨ੍ਹਾਂ ਅਰਥਾਂ ਤੋਂ ਸਹਜੇ ਹੀ ਹੇਠ ਲਿਖੇ ਸਿੱਟੇ ਕੱਢੇ ਜਾ ਸਕਦੇ ਹਨ-
1). ਰੱਬ ਦੇਹਧਾਰੀ ਹੈ ਜੋ ਪੰਜਾਂ ਤੱਤਾਂ ਦਾ ਬਣਿਆਂ ਹੋਇਆ ਹੈ ।
2). ਰੱਬ ਤੋਂ ਵੱਡੀ ਕੋਈ ਸ਼ਕਤੀ ਹੈ ਜਿਸ ਤੋਂ ਉਸ ਨੂੰ ਮਾਰੇ ਜਾਣ ਦਾ ਡਰ ਲੱਗਦਾ ਹੈ । ਇਸ ਡਰ ਵਜੋਂ ਹੀ ਰੱਬ ਆਪਣੇ ਕੋਲ਼ ਸ਼ਸਤ੍ਰ ਅਤੇ ਅਸਤ੍ਰ ਰੱਖਦਾ ਹੋਵੇਗਾ ।
3). ਰੱਬ ਦੇ ਕੁੱਝ ਵੈਰੀ ਵੀ ਹਨ ਜਿਨ੍ਹਾਂ ਨੂੰ ਡਰਾਉਣ ਲਈ ਰੱਬ ਨੂੰ ਹਥਿਆਰਾਂ ਦੀ ਲੋੜ ਹੈ ।

ਉੱਪਰੋਕਤ ਸਿੱਟਿਆਂ ਪ੍ਰਤੀ ਗੁਰਮਤਿ ਵਿਚਾਰ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ:

1). ਰੱਬ ‘ਸਤਿ ਨਾਮੁ’ ਹੈ ਜਿਸ ਦਾ ਅਰਥ ਹੈ ਕਿ ਰੱਬ ਸਦਾ ਹੀ ਕਾਇਮ ਰਹਿਣ ਵਾਲ਼ਾ ਹੈ । ‘ਜਾਪੁ’ ਰਚਨਾ ਦਾ ਰੱਬ ਦੇ ਦੇਹਧਾਰੀ ਹੋਣ ਦਾ ਦਾਅਵਾ ਝੂਠਾ ਸਾਬਤ ਹੁੰਦਾ ਹੈ ਕਿਉਂਕਿ ਦੇਹਧਾਰੀ ਦੀ ਇੱਕ ਦਿਨ ਮੌਤ ਹੋ ਜਾਂਦੀ ਹੈ ਜਦੋਂ ਕਿ ਰੱਬ ‘ਅਕਾਲ ਮੂਰਤਿ’ (ਸਮੇਂ ਦੇ ਮਾਰੂ ਪ੍ਰਭਾਵ ਤੋਂ ਪਰੇ) ਹੈ । ਸਮਾਂ ਰੱਬ ਨੂੰ ਮਾਰ ਨਹੀਂ ਸਕਦਾ, ਦੇਹਧਾਰੀ ਨੂੰ ਮਾਰ ਸਕਦਾ ਹੈ । ਜੇ ਰੱਬ ਦੇਹਧਾਰੀ ਹੁੰਦਾ ਤਾਂ ਕਦੋਂ ਦਾ ਖ਼ਤਮ ਹੋ ਗਿਆ ਹੁੰਦਾ ਪਰ ਉਸ ਪ੍ਰਤੀ ਤਾਂ ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਹਨ-
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ {ਗਗਸ ਜਪੁ}

2). ‘ਜਾਪੁ’ ਅਨੁਸਾਰ ਰੱਬ ਤੋਂ ਕੋਈ ਵੱਡੀ ਸ਼ਕਤੀ ਹੈ ਜਿਸ ਕਾਰਣ ਉਹ ਆਤਮ ਰੱਖਿਆ ਲਈ ਹਥਿਆਰ ਰੱਖਦਾ ਹੈ । ਇਹ ਦਾਅਵਾ ਵੀ ਝੂਠਾ ਹੈ ।
ਗੁਰਬਾਣੀ ਅਨੁਸਾਰ ਰੱਬ ‘ਕਰਤਾ ਪੁਰਖੁ’ ਹੈ । ਸੱਭ ਸ਼ਕਤੀਆਂ ਰੱਬ ਨੇ ਬਣਾਈਆਂ ਹਨ ਜੋ ਰੱਬ ਤੋਂ ਛੋਟੀਆਂ ਹਨ । ਸਾਰੇ ਰਾਜੇ ਮਹਾਂਰਾਜੇ ਰੱਬ ਦੇ ਬਣਾਏ ਹੋਏ ਹਨ ਜੋ ਰੱਬ ਦੇ ਬਰਾਬਰ ਵੀ ਨਹੀਂ ਹੋ ਸਕਦੇ, ਜਿਵੇਂ :

ੳ). ਕੋਊ ਹਰਿ ਸਮਾਨਿ ਨਹੀ ਰਾਜਾ॥ {ਗਗਸ ਪੰਨਾਂ 856}
ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲ਼ੇ ਦੁਖੀ ਰਾਜੇ ਵੀ ਰੱਬ ਦੀ ਬੰਦਗੀ ਨਾਲ਼ ਹੀ ਸ਼ਾਂਤੀ ਨਸੀਬ ਕਰ ਸਕਦੇ ਹਨ, ਜਿਵੇਂ,

ਅ). ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ॥ {ਗਗਸ ਪੰਨਾਂ 264}
ਰੱਬ ਦੇ ਕਾਨੂੰਨ ਅਨੁਸਾਰ ਆਉਂਦੇ ਹੜ੍ਹਾਂ, ਤੁਫ਼ਾਨਾ, ਭੁਚਾਲ਼ਾਂ ਆਦਿਕ ਨੂੰ ਦੁਨੀਆਂ ਦੀ ਕੋਈ ਸ਼ਕਤੀ ਨਹੀਂ ਰੋਕ ਸਕਦੀ । ਰੱਬ ਦੀ ਸ਼ੱਕਤੀ ਅੱਗੇ ਸੱਭ ਸ਼ਕਤੀਆਂ ਬੇਬੱਸ ਹੋ ਜਾਂਦੀਆਂ ਹਨ, ਜਿਵੇਂ,

ੲ). ਤੁਧੁ ਜੇਵਡੁ ਤੂ ਹੈ ਪਾਰਬ੍ਰਹਮ ਨਾਨਕ ਸਰਣਾਈ॥ {ਗਗਸ ਪੰਨਾਂ 318}
ਅਰਥ: - ਪਾਰਬ੍ਰਹਮ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ । ਉਸ ਦੀ ਸ਼ਰਣ ਵਿੱਚ ਰਹਿਣਾ ਹੀ ਚੰਗਾ ਹੈ । ਉਸ ਰੱਬ ਜਿੱਡੀ ਹੋਰ ਕੋਈ ਸ਼ਕਤੀ ਨਹੀਂ ਹੈ, ਜਿਵੇਂ,

ਸ). ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨਾ ਸਾਈਆ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋਸਾਈਆ॥ {ਗਗਸ ਪੰਨਾਂ 1098}

3). ‘ਜਾਪੁ’ ਅਨੁਸਾਰ ਰੱਬ ਨੂੰ ਵੈਰੀਆਂ ਤੋਂ ਡਰ ਹੈ ਤਾਂ ਹੀ ਉਸ ਨੂੰ ਹਥਿਆਰਾਂ ਦੀ ਲੋੜ ਹੈ । ਮੰਗਲ਼ਾਚਰਨ ਇਸ ਸੋਚ ਨੂੰ ਰੱਦ ਕਰਦਾ ਕਹਿੰਦਾ ਹੈ ਕਿਉਂਕਿ ਰੱਬ ‘ਨਿਰਭਉ’ ਅਤੇ ‘ਨਿਰਵੈਰੁ’ ਸ਼ਕਤੀ ਹੈ । ਜੋ ਨਿਰਭਉ ਅਤੇ ਨਿਰਵੈਰੁ ਹੈ ਉਸ ਨੂੰ ਕਿਸੇ ਹਥਿਆਰ ਦੀ ਕੋਈ ਲੋੜ ਨਹੀਂ ਹੁੰਦੀ । ਜੋ ਨਿਰਭਉ ਹੈ ਕੋਈ ਵੈਰੀ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ । ਜਿਸ ਦਾ ਕਿਸੇ ਨਾਲ਼ ਕੋਈ ਵੈਰ ਹੀ ਨਹੀਂ ਉਸ ਦਾ ਕੋਈ ਵੈਰੀ ਕਿਵੇਂ ਹੋ ਸਕਦਾ ਹੈ । ਜੇ ਕੋਈ ਰੱਬ ਦਾ ਵੈਰੀ ਬਣ ਵੀ ਜਾਵੇ ਤਾਂ ਉਹ ਰੱਬ ਦਾ ਕੀ ਵਿਗਾੜ ਸਕਦਾ ਹੈ? ਰੱਬ ਦਾ ਕੋਈ ਪੰਜ ਭੂਤਕ ਸ਼ਰੀਰ ਨਹੀਂ ਹੈ ਅਤੇ ਉਹ ਅਗੰਮੁ ਹੈ ।
ਸੱਚਾਈ ਕੀ ਹੈ?

ਨਮੋ ਸ਼ਸਤ੍ਰ ਪਾਣੇ॥ ਨਮੋ ਅਸਤ੍ਰ ਮਾਣੇ॥’ ਸ਼ਬਦ ‘ਜਾਪੁ’ ਵਿੱਚ ਕਿਸ ਹਸਤੀ ਲਈ ਵਰਤੇ ਗਏ ਹਨ? ਆਓ ਉਸ ਹਸਤੀ ਨੂੰ ਅਖੌਤੀ ਦਸਮ ਗ੍ਰੰਥ ਵਿੱਚੋਂ ਭਾਲ਼ੀਏ ਕਿਉਂਕਿ ‘ਜਾਪੁ’ ਰਚਨਾ ਇਸੇ ਗ੍ਰੰਥ ਵਿੱਚ ਦਰਜ ਹੈ:
ਸ਼ਸਤ੍ਰ ਅਤੇ ਅਸਤ੍ਰ ਪਹਿਨਣ ਵਾਲ਼ੀ ਉਹ ਸ਼ਕਤੀ ਦੁਰਗਾ ਮਾਈ ਪਾਰਬਤੀ ਹੈ ਜਿਸ ਨੂੰ ਭਗਉਤੀ, ਭਵਾਨੀ, ਭਗਵਤੀ, ਚੰਡੀ, ਚੰਡਿਕਾ, ਕਾਲਿਕਾ, ਸ਼ਿਵਾ, ਗਿਰਿਜਾ, ਦੁਰਗਸ਼ਾਹ ਆਦਿਕ ਕਈ ਨਾਵਾਂ ਨਾਲ਼ ਬਿਆਨ ਕੀਤਾ ਗਿਆ ਹੈ ।
ਅਖੌਤੀ ਦਸਮ ਗ੍ਰੰਥ ਪੰਨਾਂ 309 ਉੱਤੇ ਕ੍ਰਿਸ਼ਨਾਵਤਾਰ ਵਿੱਚ
ਅਥ ਦੇਵੀ ਜੂ ਕੀ ਉਸਤਤ ਕਥਨੰ॥ ਭੁਜੰਗ ਪ੍ਰਯਾਤ ਛੰਦ॥

ਸ਼ਯਾਮ ਕਵੀ {ਕਵੀ ਸ਼ਯਾਮ ਦਾ ਨਾਂ ‘ਕ੍ਰਿਸ਼ਨਾਵਤਾਰ’ ਰਚਨਾ ਵਿੱਚ ਕਈ ਵਾਰੀ ਵਰਤਿਆ ਗਿਆ ਹੈ} ਵਲੋਂ ਲਿਖਿਆ ਸਿਰਲੇਖ ਧਿਆਨ ਨਾਲ਼ ਪੜ੍ਹਨ ਉਪਰੰਤ ਪਤਾ ਲੱਗਦਾ ਹੈ ਕਿ ਕਵੀ ਕਿਸੇ ‘ਦੇਵੀ’ ਦੀ ਸਿਫ਼ਤਿ ਕਰਨ ਲੱਗਾ ਹੈ, ਰੱਬ ਦੀ ਨਹੀਂ ਕਿਉਂਕਿ ਰੱਬ ‘ਦੇਵੀ’ ਨਹੀਂ ਹੁੰਦਾ ਅਤੇ ਦੇਵੀ ‘ਰੱਬ’ ਨਹੀਂ ਹੁੰਦੀ ।ਇਹ ਦੇਵੀ ਉਹੀ ਹੈ ਜੋ ‘ਚੰਡੀ ਚਰਿੱਤ੍ਰ ਉਕਤਿ ਬਿਲਾਸ’, ‘ਚੰਡੀ ਚਰਿੱਤ੍ਰ’ ਅਤੇ ‘ਵਾਰ ਦੁਰਗਾ ਕੀ’ (ਧੋਖੇ ਨਾਲ਼ ਬਦਲਿਆ ਨਾਂ- ਵਾਰ ਸ੍ਰੀ ਭਗਉਤੀ ਜੀ ਕੀ) ਵਿੱਚ ਇੰਦ੍ਰ ਦੀ ਸਹਾਇਤਾ ਕਰਦੀ ਦੈਂਤਾਂ ਨਾਲ਼ ਯੁੱਧ ਕਰਦੀ ਜਿੱਤ ਜਾਂਦੀ ਹੈ । ਇਨ੍ਹਾਂ ਰਚਨਾਵਾਂ ਵਿੱਚ ਇਸ ਦੇਵੀ ਨੂੰ ਦੁਰਗਾਸ਼ਾਹ, ਭਵਾਨੀ, ਚੰਡੀ, ਚੰਡਕਾ, ਚੰਡ, ਦੁਰਗਾ ਆਦਿਕ ਕਈ ਨਾਵਾਂ ਨਾਲ਼ ਲੜਦੀ ਲਿਖਿਆ ਗਿਆ ਹੈ ।

‘ਦੇਵੀ ਜੂ ਕੀ ਉਸਤਤ’ ਲਿਖਦਾ ਕਵੀ ਸ਼ਯਾਮ ਦੇਵੀ ਨੂੰ ਇਸਤ੍ਰੀ ਲਿੰਗ ਰੂਪ ਜਾਣ ਕੇ ਕਹਿੰਦਾ ਹੈ-
ੳ). ਅਥ ਦੇਵੀ ਜੂ ਕੀ ਉਸਤਤ ਕਥਨੰ॥ ਤੁਹੀ ਅਸਤ੍ਰਣੀ ਸ਼ਸਤ੍ਰਣੀ ਆਪ ਰੂਪਾ॥ ਤੁਹੀ ਅੰਬਕਾ ਜੰਭ ਹੰਤੀ ਅਨੂਪਾ॥421॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈਂ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈਂ॥424॥
ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰਧਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ॥427॥

ਕਵੀ ਸ਼ਯਾਮ ਨੇ ਦੁਰਗਾ ਦੇਵੀ ਨੂੰ ਸ਼ਸਤ੍ਰਣੀ ਅਤੇ ਅਸਤ੍ਰਣੀ ਕਿਹਾ ਹੈ । ਸਪੱਸ਼ਟ ਹੈ ਕਿ ਦੇਵੀ ਦੁਰਗਾ ਹੱਥਾਂ ਵਿੱਚ ਸ਼ਸਤ੍ਰ ਅਤੇ ਅਸਤ੍ਰ ਰੱਖਣ ਵਾਲ਼ੀ ਹੈ । ਰੱਬ ਨਾ ਤਾਂ ਸ਼ਸਤ੍ਰ ਰੱਖਦਾ ਹੈ ਅਤੇ ਨਾ ਹੀ ਅਸਤ੍ਰ ।

ਅ). ਚਰਿੱਤਰੋ ਪਾਖਿਯਾਨ ਦਾ ਪਹਿਲਾ ਚਰਿੱਤ੍ਰ {ਦਗ ਪੰਨਾਂ 809} ਦੁਰਗਾ ਦੇਵੀ ਪ੍ਰਤੀ ਲਿਖਿਆ ਗਿਆ ਹੈ ਜਿਸ ਵਿੱਚ ਕਵੀ ਦੁਰਗਾ ਨੂੰ ਸ਼ਸਤ੍ਰਣੀ ਅਤੇ ਅਸਤ੍ਰਣੀ ਲਿਖਦਾ ਹੈ ਜਿਵੇਂ-

ਤੁਹੀ ਖੜਗਧਾਰੀ ਤੁਹੀ ਬਾਢਵਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ॥
ਹਲੱਬੀ ਜੁਨੱਬੀ ਮਗਰਬੀ ਤੁਹੀ ਹੈ॥ ਨਿਹਾਰੋ ਜਹਾਂ ਆਪੁ ਠਾਢੀ ਵਹੀ ਹੈਂ॥
1॥

ਦੁਰਗਾ ਦੇਵੀ ਦੇ ਕੋਲ਼ ਸ਼ਸਤ੍ਰ ਹਨ, ਜਿਵੇਂ ਖੜਗ, ਤਰਵਾਰ, ਕਟਾਰੀ ਆਦਿਕ ਅਤੇ ਅਸਤ੍ਰ ਵੀ ਹਨ ਜਿਵੇਂ ਤੀਰ । ਉਪਰੋਕਤ ਬੰਦ ਰੱਬ ਦੀ ਸਿਫ਼ਤ ਵਿੱਚ ਨਹੀਂ ਸਗੋਂ ਦੇਵੀ ਦੀ ਉਸਤਤ ਵਿੱਚ ਹੈ ਅਤੇ ਇਹ ਤੱਥ ‘ਠਾਢੀ ਵਹੀ’ ਤੋਂ ਸਪੱਸ਼ਟ ਹੋ ਜਾਂਦਾ ਹੈ । ਠਾਢੀ ਦਾ ਅਰਥ ਹੈ ਖੜੀ ਅਤੇ ਵਹੀ ਦਾ ਅਰਥ ਹੈ ਓਥੇ ਹੀ । ਦੇਵੀ ਕਿਉਂਕਿ ਇਸਤ੍ਰੀ ਹੈ ਤਾਂ ਹੀ ਸ਼ਬਦ ‘ਠਾਢੀ ਵਹੀ’ ਵਰਤੇ ਗਏ ਹਨ । ਹਥਿਆਰ ਰੱਖਣ ਵਾਲ਼ਾ ਰੱਬ ਨਹੀਂ ਸਗੋਂ ਦੁਰਗਾ ਦੇਵੀ ਪਾਰਬਤੀ ਹੈ ਜੋ ਦੈਂਤਾਂ ਨਾਲ਼ ਯੁੱਧ ਕਰਦੀ ਹੈ ।

ਸ). ਪਾਰਸ ਨਾਥ ਰੁਦ੍ਰ ਅਵਤਾਰ ਕਥਨੰ ਪੰਨਾਂ ਦਗ 674
ਦੁਰਗਾ ਦੇਵੀ ਦਾ ਬਿਆਨ ਕਵੀ ਇਉਂ ਕਰਦਾ ਹੈ-
ਖੜਗਣੀ ਗੜਗਣੀ ਸੈਥਣੀ ਸਾਪਣੀ॥65॥
ਅੰਜਨੀ ਅੰਬਕਾ ਅਸਤ੍ਰਣੀ ਧਾਰਣੀ॥67॥
ਸ਼ਸਤ੍ਰਣੀ ਅਸਤ੍ਰਣੀ ਸੂਲਣੀ ਸਾਸਣੀ॥72॥

ਹ). ‘ਦੇਵੀ ਜੂ ਕੀ ਉਸਤਤ’ ਪੰਨਾਂ ਦਗ 115-17
ਭਵੀ ਭਾਰਗਵੀਯੰ ਨਮੋ ਸ਼ਸਤ੍ਰ ਪਾਣੰ॥ ਨਮੋ ਅਸਤ੍ਰ ਧਰਤਾ ਨਮੋ ਤੇਜ ਮਾਣੰ॥11॥230॥
ਨਮੋ ਚਾਪਣੀ ਚਰਮਣੀ ਖੜਗ ਪਾਣੰ॥ ਗਦਾ ਪਾਣਿਣੀ ਚੱਕ੍ਰਣੀ ਚਿੱਤ੍ਰ ਮਾਣੰ॥ ਨਮੋ ਸੂਲਣੀ ਸੈਥਣੀ ਪਾਣਿ ਮਾਤਾ॥12॥231॥
ਨਮੋ ਸ਼ਸਤ੍ਰਣੀ ਅਸਤ੍ਰਣੀ ਕਰਮ ਕਰਤਾ॥14॥233॥
ਨਮੋ ਕਾਲਕਾ ਖੜਗਪਾਣੀ ਕ੍ਰਿਪਾਣੀ॥24॥243॥

ਸਿੱਟਾ:
ਅਖੌਤੀ ਦਸਮ ਗ੍ਰੰਥ ਅਨੁਸਾਰ ਦੁਰਗਾ ਦੇਵੀ ਹੀ ਸ਼ਸਤ੍ਰ ਅਤੇ ਅਸਤ੍ਰ ਰੱਖਦੀ ਹੈ ਕਿਉਂਕਿ ਇਹੋ ਦੇਵੀ ਇੰਦ੍ਰ ਖ਼ਾਤਰ ਦੈਂਤਾਂ ਨਾਲ਼ ਭਿਆਨਕ ਯੁੱਧ ਕਰਦੀ ਹੈ ਅਤੇ ਇਸੇ ਦੇਵੀ ਦੀ ਸਿਫ਼ਤਿ ਹੀ ‘ਜਾਪੁ’ ਰਚਨਾ ਵਿੱਚ ‘ਨਮੋ ਸ਼ਸਤ੍ਰਪਾਣੇ॥ਨਮੋ ਅਸਤ੍ਰਮਾਣੇ॥ ਕਰਕੇ ਲਿਖੀ ਹੈ । ਰੱਬ ਦੇਹਧਾਰੀ ਨਹੀਂ ਹੈ ਇਸ ਲਈ ਰੱਬ ਕੋਈ ਸ਼ਸਤ੍ਰ ਅਤੇ ਅਸਤ੍ਰ ਨਹੀਂ ਰੱਖਦਾ । ਰੱਬ ਵਿਅੱਕਤੀ ਨਹੀਂ ਸਗੋਂ ਕਾਨੂੰਨ ਰੂਪ ਇੱਕ ਸ਼ਕਤੀ ਹੈ । ਸ਼ਸਤ੍ਰ ਅਸਤ੍ਰ ਰੱਖਣ ਵਾਲ਼ੇ ਦੇਹਧਾਰੀ ਵਿਅੱਕਤੀ ਦੀ ਇੱਕ ਦਿਨ ਮੌਤ ਹੋ ਜਾਂਦੀ ਹੈ ਜਦੋਂ ਕਿ ਰੱਬ ਦੀ ਕਦੇ ਮੌਤ ਨਹੀਂ ਹੁੰਦੀ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top