Share on Facebook

Main News Page

ਗੁਰਬਾਣੀ ਦੇ ਸੰਦਰਭ ਵਿੱਚ ਰਾਗਾਂ ਨਾਲ ‘ਘਰੁ’ ਦੀ ਸੂਚਨਾ
-: ਪ੍ਰੋ. ਕਸ਼ਮੀਰਾ ਸਿੰਘ USA
02.07.19

ਗੁਰਬਾਣੀ ਦੇ ਬਹੁਤੇ ਸਿਰਲੇਖਾਂ ਵਿੱਚ ‘ਘਰੁ’ ਜਾਂ ‘ਘਰਿ’ (ਘਰ ਵਿੱਚ- ‘ਘਰੁ’ ਦਾ ਅਧਿਕਰਣ ਕਾਰਕ) ਸ਼ਬਦ ਵਰਤਿਆ ਮਿਲ਼ਦਾ ਹੈ । ਇਸ ਸ਼ਬਦ ਦੀ ਵਰਤੋਂ, ‘ਘਰੁ’ ਜਾਂ ‘ਘਰਿ’ ਸ਼ਬਦ ਪ੍ਰਤੱਖ ਤੌਰ 'ਤੇ ਲਿਖ ਕੇ ਜਾਂ ‘ਘਰੁ’ ਦੀ ਸੂਚਨਾ ਰਾਗ-ਸੂਚਕ ਸ਼ਬਦਾਂ ਦੇ ਪੈਰੀਂ ਕੇਵਲ ਬਾਰੀਕ ਅੰਕ ਲਾ ਕੇ ਦੋ ਤਰ੍ਹਾਂ ਕੀਤੀ ਗਈ ਹੈ । ਕੁੱਝ ਉਦਾਹਰਣਾਂ ਦੇਖੋ:

ੳ. ਸਿਰੀ ਰਾਗੁ ਮਹਲਾ 5 ਘਰੁ 1॥ {ਗਗਸ 42}
* ਉੱਚਾਰਣ ਵਿਧੀ- ਸ਼ਿਰੀ ਰਾਗੁ ਮਹਲਾ ਪੰਜਵਾਂ ਘਰੁ ਪਹਿਲਾ

ਅ. ਰਾਗੁ ਗਉੜੀ ਪੂਰਬੀ1 ਮਹਲਾ 5॥ {ਗਗਸ 204}
* ਉੱਚਾਰਣ ਵਿਧੀ- ਰਾਗੁ ਗਉੜੀ ਪੂਰਬੀ ਘਰੁ ਪਹਿਲਾ ਮਹਲਾ ਪੰਜਵਾਂ

ੲ. ਰਾਗੁ ਗਉੜੀ ਪੂਰਬੀ1 ਕਬੀਰ ਜੀ॥
* ਉੱਚਾਰਣ ਵਿਧੀ- ਰਾਗੁ ਗਉੜੀ ਪੂਰਬੀ ਘਰੁ ਪਹਿਲਾ ਕਬੀਰ ਜੀ

ਸ. ਸ੍ਰੀ ਰਾਗੁ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ ਗਾਵਣਾ॥ {ਗਗਸ 93}

‘ਘਰੁ’ ਨੰਬਰ ਦੀ ਗਿਣਤੀ ਕਿੰਨੀ ਹੈ?

ਗੁਰਬਾਣੀ ਵਿੱਚ 1 ਤੋਂ 17 ਤਕ ਘਰੁ ਨੰਬਰ ਹਨ । ਘਰ ਦੇ ਸੂਚਕ ਅੰਕ ਨੂੰ ਕਰਮ ਵਾਚਕ ਸੰਖਿਆਕ ਵਿਸ਼ੇਸ਼ਣ ਮੰਨ ਕੇ ਪਾਠ ਵਿੱਚ ਸ਼ਾਮਲ ਕਰੀਦਾ ਹੈ, ਜਿਵੇਂ, ਘਰੁ 1 ਨੂੰ ਘਰੁ ਪਹਿਲਾ, ਘਰੁ 2 ਨੂੰ ਘਰੁ ਦੂਜਾ ਆਦਿਕ ਪੜ੍ਹੀਦਾ ਹੈ ।

ਨੋਟ: ਜਿਹੜੀ ਬਾਣੀ ਰਾਗਾਂ ਵਿੱਚ ਨਹੀਂ ਲਿਖੀ ਉਸ ਬਾਣੀ ਨਾਲ਼ ‘ਘਰੁ’ ਦੀ ਵਰਤੋਂ ਵੀ ਨਹੀਂ ਹੈ ਜਿਵੇਂ ਮੰਗਲ਼ (ਵਾਰਤਕ), ਜਪੁ, ਸਲੋਕ, ਸਵਯੇ, ਮੁੰਦਾਵਣੀ ਮਹਲਾ 5, ਗੱਲ ਕੀ ‘ ਜਪੁ’ ਬਾਣੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ਨੰਬਰ 1353 ( ਜੈਜਾਵੰਤੀ ਰਾਗੁ ਦੇ ਸ਼ਬਦਾਂ ਤੋਂ ਪਿੱਛੋਂ ) ਸਾਰੀ ਬਾਣੀ {ਰਾਗਮਾਲ਼ਾ ਗੁਰਬਾਣੀ ਨਹੀਂ ਹੈ} ਰਾਗ-ਮੁਕਤ ਅਤੇ ਘਰ-ਮੁਕਤ ਹੈ। ਰਾਗਮਾਲ਼ਾ ਗੁਰੂ-ਕ੍ਰਿਤ ਨਹੀਂ, ਪਰ ਇਹ ਵੀ ਰਾਗ ਮੁਕਤ ਇੱਕ ਰਚਨਾ {ਬਾਣੀ ਨਹੀਂ} ਹੈ ਜਿਸ ਦਾ ਸਿੱਖੀ ਨਾਲ਼ ਸੰਬੰਧ ਨਹੀਂ ਹੈ । ਰਹਤ ਮਰਯਾਦਾ ਬਣਾਉਣ ਵਾਲ਼ੀ ਸ਼੍ਰੋ. ਕਮੇਟੀ ਨੇ ਵੀ ਇਸ ਨੂੰ ਪੜ੍ਹਨ ਜਾਂ ਨਾ ਪੜ੍ਹਨ ਦੀ ਗੱਲ ਲਿਖੀ ਹੈ, ਪਰ ਅਜਿਹਾ ਲਿਖ ਕੇ ਸਿੱਖ ਕੌਮ ਵਿੱਚ ਦੁਬਿਧਾ ਜ਼ਰੂਰ ਪਾ ਦਿੱਤੀ ਹੈ । ਜੇ ਇਹ ਪੜ੍ਹਨੀ ਹੀ ਨਹੀਂ ਤਾਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਕਿਉਂ ਰੱਖਿਆ ਜਾ ਰਿਹਾ ਹੈ ? ਜਿਵੇਂ ਹੋਰ 6-7 ਕੱਚੀਆਂ ਬਾਣੀਆਂ ਨੂੰ ਬਾਹਰ ਕੱਢਿਆ ਸੀ ਰਾਗਮਾਲ਼ਾ ਨੂੰ ਵੀ ਓਦੋਂ ਹੀ ਕੱਢ ਦੇਣਾ ਬਣਦਾ ਸੀ। ਇਸ ਦਾ ਸ਼੍ਰੋਮਣੀ ਕਮੇਟੀ ਕੋਲ਼ ਕੋਈ ਜਵਾਬ ਨਹੀਂ ਕਿਉਂਕਿ ਉਹ ਬ੍ਰਾਹਮਣਵਾਦ ਦਾ ਪੱਖ ਪੂਰ ਕੇ ਸਿੱਖਾਂ ਨੂੰ ਆਪਸ ਵਿੱਚ ਉਲ਼ਝਾਈ ਰੱਖਣਾ ਚਾਹੁੰਦੀ ਹੈ ਅਤੇ ਅਜਿਹਾ ਹੋ ਰਿਹਾ ਹੈ।

ਰਾਗਾਂ ਨਾਲ਼ ਵਰਤੇ ‘ਘਰੁ’ ਤੋਂ ਕੀ ਸੂਚਨਾ ਮਿਲ਼ਦੀ ਹੈ?

ਇੱਕ ਗੱਲ ਤਾਂ ਸਪੱਸ਼ਟ ਹੈ ਕਿ ਇਸ ਸ਼ਬਦ ਦਾ ਰਾਗ ਵਿੱਦਿਆ ਨਾਲ਼ ਹੀ ਸੰਬੰਧ ਹੈ ਕਿਉਂਕਿ ਰਾਗ-ਮੁਕਤ ਬਾਣੀ ਨਾਲ਼ ਇਹ ਸ਼ਬਦ ਨਹੀਂ ਵਰਤਿਆ ਗਿਆ ।

ਘਰੁ ਸ਼ਬਦ ਬਾਰੇ ਖੋਜੀਆਂ ਦੇ ਵਿਚਾਰ:

1. ਮਹਾਨ ਕੋਸ਼ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ਵਿੱਚ ‘ਘਰੁ’ ਬਾਰੇ ਲਿਖਿਆ ਹੈ-

ੳ. ਇੱਕ ਹੀ ਰਾਗ ਦੇ ਸਰਗਮਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ।
ਅ. ਇਸ ਤੋਂ ਗਵੱਯੇ ਨੂੰ ਸੂਚਨਾ ਮਿਲ਼ਦੀ ਹੈ ਕਿ ਸ਼ਬਦ ਨੂੰ ਰਾਗ ਦੇ ਇਤਨਵੇਂ ਸੁਅਰਪ੍ਰਸਤਾਰ ਅਨੁਸਾਰ ਗਾਓ ।
ਮਹਾਨ ਕੋਸ਼ ਵਿੱਚ ਸੁਅਰਪ੍ਰਸਤਾਰ ਦਾ ਖ਼ੁਲਾਸਾ ਨਹੀਂ ਕੀਤਾ ਗਿਆ, ਸੂਚਨਾ ਅਧੂਰੀ ਹੈ ।

2. ਸਿੱਖ ਰੀਸਰਚ ਇੰਨਸਟੀਚਿਊਟ ਵਲੋਂ ਛਾਪੀ ਪੁਸਤਕ ਵਿੱਚ ‘ਘਰੁ’ ਬਾਰੇ www.SikhNet.com ਉੱਤੇ ਲਿਖਿਆ ਹੈ-

“Gharu indicates the rhythm, the pitch and the variation of notes”. { Source- Guru Granth Sahib its language and grammar a book by Sikh Research Institute}

ਇਸ ਪੁਸਤਕ ਵਿੱਚ ਵੀ ‘ਘਰੁ’ ਬਾਰੇ ਵਿਸਥਾਰ ਨਾਲ਼ ਜਾਣਕਾਰੀ ਨਹੀਂ ਦਿੱਤੀ ਗਈ ।

3. www.Gurbani.org ਉੱਤੇ ਸ. ਟੀ ਸਿੰਘ ਵਲੋਂ ‘ਘਰੁ’ ਬਾਰੇ ਹੇਠ ਲਿਖੀ ਸੂਚਨਾ ਦਿੱਤੀ ਹੈ-

“It gives a hint to Raagees as to what musical clef (beat) to sing the Shabad in. In other words, "Gharu" binds music and poetry in their metrical-form”.

4. www.Sikhiwiki.org ਵਾਲ਼ਿਆਂ ਵਲੋਂ ਅਤੇ ਸ. ਟੀ ਸਿੰਘ ਵਲੋਂ ‘ਘਰੁ’ ਬਾਰੇ ਦਿੱਤੀ ਸੂਚਨਾ ਇੱਕੋ ਜਿਹੀ ਹੈ ਜਿਸ ਵਿੱਚ ‘ਘਰੁ’ ਨੰਬਰ ਤੋਂ ਤਾਲ ਵਿੱਚ ਵਰਤੇ ਤਾਲ਼ੀ ਨੰਬਰ ਦਾ ਬੋਧ ਹੋਣਾ ਦੱਸਿਆ ਗਿਆ ਹੈ ।

ਉੱਪਰੋਕਤ ਨੰਬਰ 3-4 ਅਨੁਸਾਰ ‘ਘਰੁ’ ਬਾਰੇ ਸੂਚਨਾ:

ਇਹ ਸੂਚਨਾ ਦੇਣ ਤੋਂ ਪਹਿਲਾਂ ਤਾਲ ਬਾਰੇ ਕੁੱਝ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੁ ਸੂਚਨਾ ਦੀ ਸਮਝ ਆ ਜਾਵੇ । ਤਾਲ (beat) ਦਾ ਸੰਬੰਧ ਤਬਲੇ ਨਾਲ ਹੁੰਦਾ ਹੈ । ਤਾਲ ਵਿੱਚ ਮਾਤ੍ਰਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੋੜ ਅਨੁਸਾਰ ਵਿਭਾਗਾਂ ਵਿੱਚ ਵੰਡਿਆ ਗਿਆ ਹੁੰਦਾ ਹੈ । ਤਾਲ ਵਿੱਚ ਪਹਿਲੀ ਮਾਤ੍ਰਾ ਨੂੰ ਸਮ ਕਿਹਾ ਜਾਂਦਾ ਹੈ । ਸਮ ਤੋਂ ਬਿਨਾਂ ਤਾਲ ਵਿੱਚ ਤਾਲ਼ੀ ਅਤੇ ਖਾਲੀ ਦੇ ਅੰਕ ਹੁੰਦੇ ਹਨ ਕਿ ਕਿੰਨਵੀਂ-ਕਿੰਨਵੀਂ ਮਾਤ੍ਰਾ ਉੱਤੇ ਤਾਲ਼ੀ ਅਤੇ ਖਾਲੀ ਹੈ । ਰਾਗੀ ਨੂੰ ਤਾਲ਼ੀ ਅਤੇ ਖਾਲੀ ਦੀ ਮਾਤ੍ਰਾ ਅਤੇ ਜੋੜੀ ਉੱਤੇ ਇਨ੍ਹਾਂ ਦੇ ਬੋਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ । ਹੇਠ ਲਿਖੀਆਂ ਦੋ ਤਾਲਾਂ ਵਿੱਚ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ-

ਕਹਿਰਵਾ ਤਾਲ - 8 ਮਾਤਰਾਂ, ਪਹਿਲੀ ਮਾਤ੍ਰਾ ਉੱਤੇ ਤਾਲੀ, ਪੰਜਵੀਂ ਮਾਤ੍ਰਾ ਉੱਤੇ ਖਾਲੀ ਅਤੇ 4-4 ਮਾਤ੍ਰਾਂ ਦੇ ਦੋ ਵਿਭਾਗ । ਸਮ ਨੂੰ ਗੁਣਾ ਦੇ ਨਿਸ਼ਾਨ ਨਾਲ਼, ਤਾਲ਼ੀਆਂ ਨੂੰ ਅੰਕਾਂ ਨਾਲ਼ ਅਤੇ ਖਾਲੀ ਮਾਤ੍ਰਾ ਨੂੰ ਸਿਫ਼ਰ ਨਾਲ਼ ਲਿਖਿਆ ਜਾਂਦਾ ਹੈ ।

ਮਾਤ੍ਰਾ 1 2 3 4 5 6 7 8
ਬੋਲ ਧਾ ਗੇ ਨਾ ਤੀ ਨਾ ਕੇ ਧਿੰ ਨਾ
ਚਿੰਨ੍ਹ X       O      

ਤੀਨ ਤਾਲ - 16 ਮਾਤ੍ਰਾਂ, 4 ਵਿਭਾਗ, 3 ਤਾਲ਼ੀਆਂ ਅਤੇ ਇੱਕ ਖਾਲੀ
ਮਾਤ੍ਰਾ ਨੰਬਰ 9 ਤੇ ਖਾਲੀ, 1, 5 ਅਤੇ 13 ਉੱਤੇ ਤਾਲ਼ੀ ।

ਮਾਤ੍ਰਾ 1 2 3 4 5 6 7 8 9 10 11 12 13 14 15 16
ਬੋਲ ਧਾ ਧਿੰ ਧਿੰ ਧਾ ਧਾ ਧਿੰ ਧਿੰ ਧਾ ਧਾ ਤਿੰ ਤਿੰ ਤਾ ਤਾ ਧਿੰ ਧਿੰ ਧਾ
ਚਿੰਨ੍ਹ X       2       O       3      

ਘਰੁ ਤੋਂ ਮਿਲ਼ਦੀ ਸੂਚਨਾ (ਨੰਬਰ 3-4 ਅਨੁਸਾਰ) ਹੇਠ ਲਿਖੀ ਜਾਂਦੀ ਹੈ-

‘ਘਰੁ’ ਵਾਲ਼ੇ ਸੂਚਕ ਅੰਕ ਦਾ ਅਰਥ ਹੈ- ਸ਼ਬਦ ਨੂੰ ਉਸ ਤਾਲ ਵਿੱਚ ਗਾਉਣਾ ਜਿਸ ਵਿੱਚ ਸੂਚਕ ਅੰਕ ਜਿੰਨੀਆਂ ਤਾਲ਼ੀਆਂ ਹੋਣ । ਜੇ ‘ਘਰੁ’ 1 ਹੈ ਤਾਂ ਤਾਲ ਇੱਕ ਤਾਲ਼ੀ ਵਾਲ਼ਾ ਚੁਣਿਆਂ ਜਾਂਦਾ ਹੈ, ਘਰੁ 12 ਹੈ ਤਾਂ ਸ਼ਬਦ ਦਾ ਗਾਇਨ 12 ਤਾਲ਼ੀਆਂ ਵਾਲੇ ਤਾਲ ਵਿੱਚ ਕਰਨਾ ਹੁੰਦਾ ਹੈ ਆਦਿਕ । ਵੇਰਵਾ ਇਸ ਪ੍ਰਕਾਰ ਹੈ-

ਘਰੁ ਨੰਬਰ  ਤਾਲ਼ੀ/ਤਾਲੀਆਂ ਸੰਬੰਧਤ ਤਾਲ ਜੋ ਰਾਗ ਨਾਲ਼ ਵੱਜ ਸਕਦਾ ਹੈ
1 1 ਦਾਦਰਾ ਅਤੇ ਕਹਿਰਵਾ
2 2 ਰੂਪਕ ਅਤੇ ਤਲਵਾੜਾ
3 3 ਤਿੰਨ, ਛੋਟਾ ਤਿੰਨ, ਠੁਮਰੀ, ਧਮਾਰ, ਚੰਚਲ, ਝੱਪ, ਸੂਲਫਾਕ, ਦੀਪਚੰਦੀ, ਚਾਚਰ, ਝੂਮਰਾ ਅਤੇ ਸਿਖਰ ਤਾਲ
4 4 ਚਾਰ, ਇੱਕ, ਆਡਾ ਚੁਤਾਲਾ, ਭਾਨ ਮਤੀ, ਜਗ ਪਾਲ ਅਤੇ ਜੈ ਤਾਲ
5 5 ਪੰਜ ਤਾਲ ਸਵਾਰੀ
6 6 ਖਟ ਅਤੇ ਇੰਦ੍ਰ ਤਾਲ
7 7 ਮਤ ਤਾਲ
8 8 ਅਸ਼ਟ ਮੰਗਲ਼ ਤਾਲ
9 9 ਮੋਹਿਨੀ ਤਾਲ
10 10 ਬ੍ਰਹਮ ਤਾਲ
11 11 ਰੁਦ੍ਰ ਤਾਲ
12 12 ਵਿਸ਼ਨੂ ਤਾਲ
13 13 ਮੁਚਕੁੰਡ ਤਾਲ
14 14 ਮਹਾਸ਼ਨੀ ਤਾਲ
15 15 ਮਿਸ਼ਰ ਬਰਨ ਤਾਲ
16 16 ਕੁਲ ਤਾਲ
17 17 ਚਰਚਰੀ ਤਾਲ

ਉੱਪਰ ਦਿੱਤੇ ਤਾਲ 6 ਤੋਂ 47 ਮਾਤ੍ਰਾਂ ਰੱਖਦੇ ਹਨ ।

ਵਿਚਾਰ ਦਾ ਸਾਰ:

ਅਜੋਕੇ ਯੁੱਗ ਵਿੱਚ ਜਿਸ ਤਰ੍ਹਾਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਉਸ ਤੋਂ ਲੱਗਦਾ ਨਹੀਂ ਕਿ ਸਾਰੇ ਘਰਾਂ ਵਿੱਚ ਕੋਈ ਕੀਰਤਨ ਕਰਨ ਦੇ ਸਮਰੱਥ ਹੈ। ਪ੍ਰਯੋਗ ਵਿੱਚ ਆਮ ਕਰਕੇ ਦਾਦਰਾ, ਕਹਿਰਵਾ, ਤਿੰਨ, ਝੱਪ, ਇੱਕ, ਦੀਪਚੰਦੀ ਜਾਂ ਦੋ ਚਾਰ ਹੋਰ ਤਾਲ ਹੀ ਵਰਤੇ ਜਾ ਰਹੇ ਹਨ । ਬਹੁਤੇ ਕੀਰਤਨੀਏ ਤਾਂ ਭੰਗੜੇ-ਗਿੱਧੇ ਵਾਲ਼ੇ ਤਾਲਾਂ ਤੋਂ ਅਗਾਂਹ ਨਹੀਂ ਤੁਰਦੇ ਅਤੇ ਪੰਜਾਬੀ-ਹਿੰਦੀ ਗਾਇਕਾਂ ਦੇ ਵਰਤੇ ਤਾਲਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ । ‘ਘਰੁ’ ਸ਼ਬਦ ਦੀ ਖੋਜ ਦੀ ‘ਤਾਲ਼ੀਆਂ ਦੀ ਗਿਣਤੀ ਵਾਲ਼ੀ’ ਜੇ ਇਹ ਵਿਚਾਰਧਾਰਾ ਸਹੀ ਹੈ ਤਾਂ ਗੁਰਬਾਣੀ ਸੰਗੀਤ ਦੇ ਵਿਦਵਾਨਾਂ ਵਲੋਂ ਇਸ ਨਾਲ ਸਹਿਮਤ ਹੋ ਕੇ, ਤਬਲਾ ਵਾਦਕਾਂ ਨੂੰ 17 ਘਰਾਂ ਦੇ ਤਾਲਾਂ ਦੀ ਸਿਖਲਾਈ ਦੇ ਕੇ, ਇਸ ਵਿਧੀ ਨੂੰ ਕੀਰਤਨ ਰਾਹੀਂ ਉਜਾਗਰ ਕਰਨ ਦੀ ਅਤੀ ਲੋੜ ਹੈ । ਜੇ 17 ਘਰਾਂ ਵਾਲ਼ੇ 6 ਤੋਂ 47 ਮਾਤ੍ਰਾਂ ਵਾਲ਼ੇ ਤਾਲਾਂ ਨੂੰ ਰਾਗ-ਗਾਇਨ ਵਿੱਚ ਵਰਤਣਾ ਸੰਭਵ ਨਹੀਂ ਜਾਪਦਾ ਜਾਂ ‘ਘਰੁ’ ਸ਼ਬਦ ਦੀ ਇਹ ਖੋਜ ਠੀਕ ਨਹੀਂ, ਤਾਂ ਵਿਸ਼ਵ ਵਿਦਿਆਲਿਆਂ ਦੇ ਗੁਰਬਾਣੀ ਸੰਗੀਤ ਦੇ ਵਿਦਵਾਨ ਪ੍ਰੋਫੈੱਸਰ ਆਪਣੀ ਖੋਜ ਅਨੁਸਾਰ ਦੱਸਣ ਕਿ ਗੁਰਬਾਣੀ ਵਿੱਚ ਰਾਗਾਂ ਨਾਲ਼ ਵਰਤੇ ‘ਘਰੁ’ ਸ਼ਬਦ ਨੂੰ ਕਿਸ ਅਰਥ ਵਿੱਚ ਦੇਖਿਆ ਜਾਵੇ, ਕਿਉਂਕਿ ਇਹ ਸ਼ਬਦ ਗੁਰਬਾਣੀ ਦੇ ਮਹਾਨ ਵਿਰਸੇ ਦਾ ਸ਼ਬਦ ਹੈ ਜੋ ਅੱਜ ਤਕ ਅਰਥ ਪੱਖੋਂ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top