ਗੁਰਬਾਣੀ
ਅਨੁਸਾਰ ਮੂੰਹ ਦੀ ਜੂਠ ਤੋਂ ਮੁਰਾਦ ਹੈ - ਮੂੰਹ ਵਿੱਚ ਦੰਦਾਂ ਦੀ ਦੰਦੀ ਤੋਂ ਬਚੀ
ਰਹਿਣ ਵਾਲ਼ੀ ਜ਼ਬਾਨ ਨਾਲ਼ ਈਰਖਾ ਵੱਸ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜਿਸ ਨਾਲ਼ ਮੂੰਹ ਜੂਠਾ
ਰਹਿੰਦਾ ਹੈ । ਫੁੱਲ ਨੂੰ ਜਾਣ ਬੁੱਝ ਕੇ ਕੰਡਾ ਆਖਣਾ ਫੁੱਲ ਦੀ ਨਿੰਦਿਆ ਹੈ । ਨਿੰਦਾ ਕਰਨ
ਦਾ ਆਦੀ ਆਪਣਾ ਮੂੰਹ ਸਦਾ ਜੂਠਾ ਰੱਖਦਾ ਹੈ । ਨਿੰਦਕ ਬਾਰੇ ਗੁਰਬਾਣੀ ਵਿੱਚੋਂ ਕੁੱਝ
ਪ੍ਰਮਾਣ ਹਨ:
ੳ). ਜੋ ਦਾਸ ਤੇਰੇ ਕੀ
ਨਿੰਦਾ ਕਰੇ ਤਿਸੁ ਮਾਰਿ ਪਚਾਈ॥ {ਗਗਸ ਪੰਨਾਂ 517/7}
ਅ). ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ
ਕਰੰਨਿ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥6॥ {ਗਗਸ ਪੰਨਾਂ 755/7}
ੲ). ਨਿੰਦਕੁ ਸੋਧਿ ਸਾਧਿ ਬੀਚਾਰਿਆ॥ ਕਹੁ
ਰਵਿਦਾਸ ਪਾਪੀ ਨਰਕਿ ਸਿਧਾਰਿਆ॥4॥ {ਗਗਸ ਪੰਨਾਂ 875/18}
ਸ). ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ
ਭਾਣਾ॥ {ਗਗਸ ਪੰਨਾਂ 381/1}
ਹ) ਜੋ ਨਿੰਦੈ ਤਿਸੁ ਕਾ ਪਤਨੁ ਹੋਇ॥ {ਗਗਸ ਪੰਨਾਂ 867/16}
ਕ). ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ
ਮਾਇਆਧਾਰੀ॥ {ਗਗਸ ਪੰਨਾਂ 507/6}
ਖ). ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ॥ {ਗਗਸ
ਪੰਨਾਂ 1137/17}
ਕਿਹੜੇ ਸਾਧਨ ਮੂੰਹ ਦੀ ਜੂਠ ਦੂਰ ਨਹੀਂ ਕਰ ਸਕਦੇ?
1. ਰਾਗਾਂ ਦਾ ਗਾਇਨ ਕਰਨਾ ।
2. ਵੇਦਾਂ ਦਾ ਪਾਠ ਕਰਨਾ, ਭਾਵ, ਬਿਨਾਂ ਅਰਥ ਵਿਚਾਰ ਤੋਂ ਧਾਰਮਿਕ ਪੁਸਤਕਾਂ ਦੇ ਪਾਠਾਂ
ਦੀਆਂ ਲੜੀਆਂ ਚਲਾਉਣੀਆਂ ।
3. ਸੂਰਜ ਅਤੇ ਚੰਦ ਨਾਲ਼ ਸੰਬੰਧਤ ਦਿਨਾਂ ਨੂੰ ਪਵਿੱਤ੍ਰ ਮੰਨ ਕੇ ਪੂਜਾ ਪਾਠ ਕਰਨਾ,
ਜਿਵੇਂ- ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ, ਚੰਦ ਗ੍ਰਹਿਣ, ਸੂਰਜ ਗ੍ਰਹਿਣ, ਚਾਨਣਾ
ਐਤਵਾਰ ਆਦਿਕ ਦਿਨਾਂ ਉੱਤੇ ਪੂਜਾ ਪਾਠ ਕਰਨਾ ।
4. ਅੰਨ ਦਾ ਤਿਆਗ ਕਰਨਾ, ਭਾਵ, ਖ਼ਾਸ ਖ਼ਾਸ ਦਿਨਾਂ ਨੂੰ ਸ਼ੁੱਭ ਮੰਨ ਕੇ ਵਰਤ ਰੱਖਣੇ ।
5. ਤੀਰਥਾਂ ਉੱਤੇ ਦੇਹੀ ਨੂੰ ਧੋਣਾ ।
6. ਮੀਂਹ ਪੈਂਦਾ ਦੇਖ ਕੇ ਇੰਦ੍ਰ ਦੇਵਤੇ ਦੀ ਪੂਜਾ ਕਰਨੀ ।
7. ਧਰਤੀ ਵਿੱਚ ਗੁਫ਼ਾ ਬਣਾ ਕੇ ਉਸ ਵਿੱਚ ਬੈਠੇ ਰਹਿਣਾ । ਰੱਬ ਦੀ ਭਾਲ਼ ਵਿੱਚ ਧਰਤੀ
ਦਾ, ਰਮਤੇ ਸਾਧੂਆਂ ਦੀ ਤਰ੍ਹਾਂ, ਰਟਨ ਕਰਨਾ ।
8. ਪਾਣੀ ਵਿੱਚ ਖੜ੍ਹੇ ਹੋ ਕੇ ਤਪੱਸਿਆ ਕਰਨਾ ।
9. ਪ੍ਰਾਣਾਯਾਮ ਰਾਹੀਂ ਸਮਾਧੀਆਂ ਲਾਉਣੀਆਂ ।
ਮੂੰਹ ਦੀ ਜੂਠ ਕਿਵੇਂ ਦੂਰ ਹੋ ਸਕਦੀ
ਹੈ?
ਜਿੰਨਾਂ ਚਿਰ ਪ੍ਰਾਣੀ ਆਪਣੇ ਗੁਰੂ ਦੇ ਦੱਸੇ ਮਾਰਗ ਨੂੰ ਮਨ ਕਰ ਕੇ
ਨਹੀਂ ਅਪਣਾਉਂਦਾ ਅਤੇ ਗੁਰੂ ਵਲੋਂ ਮੂੰਹ ਫੇਰਨਾ ਨਹੀਂ ਛੱਡਦਾ ਓਨਾਂ ਚਿਰ ਉਸ ਵਿੱਚ ਆਤਮਕ
ਜੀਵਨ ਨੂੰ ਉੱਚਾ ਚੁੱਕਣ ਵਾਲ਼ਾ ਕੋਈ ਗੁਣ ਵਧ ਫੁੱਲ ਨਹੀਂ ਸਕਦਾ ਅਤੇ ਨਿੰਦਾ ਚੁਗਲੀ ਦੀ
ਵਾਦੀ ਤੋਂ ਛੁਟਕਾਰਾ ਨਹੀਂ ਹੋ ਸਕਦਾ ।
ਉੱਪਰ ਲਿਖੀ ਵਿਚਾਰ ਨੂੰ ਗੁਰਬਾਣੀ ਰਾਹੀਂ ਬਹੁਤ ਚੰਗੀ ਤਰ੍ਹਾਂ ਹੇਠ
ਲਿਖੇ ਸ਼ਲੋਕ ਵਿੱਚ ਸਮਝਾਇਆ ਗਿਆ ਹੈ, ਲੋੜ ਹੈ ਗੁਰਬਾਣੀ ਦੇ ਅਰਥਾਂ ਨੂੰ ਵਿਚਾਰ ਮੰਡਲ਼
ਵਿੱਚ ਲਿਆ ਕੇ ਸਮਝ ਕੇ ਗੁਰੂ ਦੇ ਦੱਸੇ ਅਧਿਆਤਕ ਰਾਹ ਉੱਤੇ ਦ੍ਰਿੜਤਾ ਨਾਲ਼ ਚੱਲਣ ਦੀ: -
ਸਲੋਕ ਮਹਲਾ 1 ॥
ਜੂਠਿ ਨ ਰਾਗੀ ਜੂਠਿ ਨ ਵੇਦੀ ॥ ਜੂਠਿ ਨ ਚੰਦ ਸੂਰਜ ਕੀ ਭੇਦੀ॥
ਜੂਠਿ ਨ ਅੰਨੀ ਜੂਠਿ ਨ ਨਾਈ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ॥
ਜੂਠਿ ਨ ਧਰਤੀ ਜੂਠਿ ਨ ਪਾਣੀ॥ ਜੂਠਿ ਨ ਪਉਣੈ ਮਾਹਿ ਸਮਾਣੀ॥
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥1॥ {ਗਗਸ ਪੰਨਾਂ
1240}
ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!