Khalsa News homepage

 

 Share on Facebook

Main News Page

ਗੁਰਬਾਣੀ ਵਿੱਚ ਕੁੱਝ "ਵਰਤ" ਰੱਖਣ ਦੀ ਗੁਰਮੁਖੀ ਵਿਧੀ
-:
ਪ੍ਰੋ. ਕਸ਼ਮੀਰਾ ਸਿੰਘ USA 19.12.19

ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਬਾਣੀ ਦੇ ਇੱਕ ਸ਼ਲੋਕ ਰਾਹੀਂ ਉਨ੍ਹਾਂ ਕੁੱਝ ਵਰਤਾਂ ਨੂੰ ਰੱਖਣ ਦੀ ਵਿਧੀ ਦੱਸੀ ਹੈ ਜੋ ਉਸ ਸਮੇਂ ਸਮਾਜ ਵਿੱਚ ਰੱਖੇ ਜਾਂਦੇ ਸਨ ਅਤੇ ਅੱਜ ਦੇ ਸਮੇਂ ਵਿੱਚ ਵੀ ਰੱਖੇ ਜਾਂਦੇ ਹਨ । ਵਰਤ ਤੋਂ ਭਾਵ ਹੈ- ਖ਼ਾਸ ਖ਼ਾਸ ਦਿਨਾਂ ’ਤੇ ਅੰਨ ਨਾਂਹ ਖਾਣ ਦਾ ਪ੍ਰਣ ਜਾਂ ਕੁੱਝ ਸਮੇ ਤਕ ਆਸਥਾ ਅਧੀਨ ਭੁੱਖੇ ਰਹਿਣਾ ਤਾਂ ਜੁ ਇਸ਼ਟ ਨੂੰ ਖ਼ੁਸ਼ ਕੀਤਾ ਜਾ ਸਕੇ ਅਤੇ ਮੁਰਾਦ ਪੂਰੀ ਹੋ ਸਕੇ ।

ਗੁਰੂ ਜੀ ਨੇ ਗੁਰਬਾਣੀ ਦੇ ਇੱਕ ਸ਼ਲੋਕ ਵਿੱਚ ਨਉਮੀ, ਦਸਵੀਂ, ਇਕਾਦਸ਼ੀ ਅਤੇ ਦੁਆਦਸ਼ੀ ਦੇ ਵਰਤ ਰੱਖਣ ਦੀ ਗੁਰਮੁਖੀ ਵਿਧੀ ਬਿਆਨ ਕੀਤੀ ਹੈ । ਗੁਰਬਾਣੀ ਵਿੱਚ ਇਸ ਵਿਧੀ ਦੇ ਦਰਸ਼ਨ ਗੁਰੂ ਜੀ ਨੇ ਇਉਂ ਕਰਵਾਏ ਹਨ:

ਨਉਮੀ (ਚੰਦ੍ਰਮਾ ਦੇ ਪੱਖ ਦੀ ਨੌਵੀਂ ਥਿਤਿ) ਦਾ ਵਰਤ ਰੱਖਣ ਦਾ ਢੰਗ:

ਮ:3॥ ਨਉਮੀ ਨੇਮ ਸਚੁ ਜੇ ਕਰੈ॥ ਕਾਮ ਕ੍ਰੋਧ ਤ੍ਰਿਸਨਾ ਉਚਰੈ॥ {ਪੰਨਾਂ ਗਗਸ 1245}
ਵਿਆਖਿਆ: - ਜੋ ਵਿਅੱਕਤੀ ਜੀਵਨ ਵਿੱਚ ਸੱਚ ਨੂੰ ਧਾਰਨ ਕਰ ਲੈਂਦਾ ਹੈ, ਭਾਵ ਇੱਕ ਰੱਬ ਨਾਲ਼ ਚਿੱਤ ਜੋੜੀ ਰੱਖਦਾ ਹੈ; ਕਾਮ, ਕ੍ਰੋਧ ਅਤੇ ਤ੍ਰਿਸ਼ਨਾ ਆਪਣੇ ਕਾਬੂ ਵਿੱਚ ਰੱਖਦਾ ਹੈ, ਉਸ ਨੂੰ ਨਉਮੀ ਦਾ ਵਰਤ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ । ਦੂਜੇ ਲਫ਼ਜ਼ਾਂ ਵਿੱਚ ਸੱਚ ਨਾਲ਼ ਚਿੱਤ ਜੋੜਨਾ ਅਤੇ ਕਾਮ, ਕ੍ਰੋਧ ਅਤੇ ਤ੍ਰਿਸ਼ਨਾ ਦੀ ਅਧੀਨਗੀ ਜਾਂ ਗ਼ੁਲਾਮੀ ਨਾ ਕਬੂਲਣਾ ਹੀ ਨਉਮੀ ਦਾ ਵਰਤ ਹੈ । ਗੁਰੂ ਜੀ ਅੱਗੇ ਬਖ਼ਸ਼ਸ਼ ਕਰਦੇ ਹਨ-

ਦਸਮੀ (ਚੰਦ੍ਰਮਾ ਦੇ ਪੱਖ ਦੀ ਦਸਮੀ ਥਿੱਤਿ) ਅਤੇ ਏਕਾਦਸ਼ੀ (ਚੰਦ੍ਰ ਮਹੀਨੇ ਦੀ ਹਨ੍ਹੇਰੇ ਅਤੇ ਚਾਨਣੇ ਪੱਖ ਦੀ ਗਿਆਰਵੀ ਥਿਤਿ) ਦਾ ਵਰਤ ਰੱਖਣਾ:

ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ॥
ਵਿਆਖਿਆ: - ਇਸ ਪਾਵਨ ਪੰਕਤੀ ਵਿੱਚ ਧੰਨੁ ਗੁਰੂ ਅਮਰਦਾਸ ਜੀ ਨੇ ਦਸਮੀ ਥਿੱਤਿ
ਅਤੇ ਏਕਾਦਸ਼ੀ ਦੇ ਵਰਤਾਂ ਨੂੰ ਰੱਖਣ ਦੇ ਢੰਗ ਦੀ ਗੱਲ ਕੀਤੀ ਹੈ ।

ਦਸਮੀ ਦੇ ਵਰਤ ਦਾ ਢੰਗ:
ਸ਼ਰੀਰ ਦੇ ਦਸਾਂ ਇੰਦ੍ਰਿਆਂ ਨੂੰ ਸੰਜਮ, ਧਾਰਮਿਕ ਅਤੇ ਸਮਾਜਿਕ ਮਰਯਾਦਾ ਵਿੱਚ ਰਹਿ ਕੇ ਵਰਤਣਾ ਹੀ ਦਸਮੀ ਦਾ ਵਰਤ ਹੈ । ਸ਼ਰੀਰ ਦੇ ਪੰਜ ਗਿਆਨ ਇੰਦ੍ਰੇ- Five senses of perception.  (ਅੱਖਾਂ, ਨੱਕ, ਕੰਨ, ਮੂੰਹ ਅਤੇ ਚਮੜੀ) ਅਤੇ ਪੰਜ ਕਰਮ ਇੰਦ੍ਰੇ-  Five senses of action.  (ਹੱਥ, ਪੈਰ, ਮੂੰਹ, ਪਿਸ਼ਾਬ ਰਸਤਾ ਅਤੇ ਗੁਦਾ) ਹਨ । ਗੁਰਬਾਣੀ ਵਿੱਚ ਕਈ ਇੰਦ੍ਰਿਆਂ ਨੂੰ ਸੰਬੋਧਨ ਕਰ ਕੇ ਵੀ ਇਨ੍ਹਾਂ ਨੂੰ ਕੁੱਝ ਉਪਦੇਸ਼ ਦਿੱਤੇ ਗਏ ਹਨ ਜੋ ਪ੍ਰਾਣੀ ਮਾਤ੍ਰ ਲਈ ਲਾਹੇਵੰਦ ਹਨ । ਇਨ੍ਹਾਂ ਇੰਦ੍ਰਿਆਂ ਨਾਲ਼ ਹੀ ਸਹੀ ਅਤੇ ਗ਼ਲਤ ਦੋਵੇਂ ਕੰਮ ਹੀ ਹੋ ਸਕਦੇ ਹਨ । ਇਨ੍ਹਾਂ ਰਾਹੀਂ ਦੱਸੇ ਗ਼ਲਤ ਕੰਮਾਂ ਤੋਂ ਬਚਣਾ ਹੀ ਦਸਮੀ ਦਾ ਵਰਤ ਰੱਖਣਾ ਹੈ ।

ਏਕਾਦਸ਼ੀ ਦਾ ਵਰਤ ਰੱਖਣ ਦਾ ਢੰਗ:
“ਏਕਾਦਸੀ ਏਕੁ ਕਰਿ ਜਾਣੈ” ਵਾਕ-ਅੰਸ਼ ਤੋਂ ਸਿੱਖਿਆ ਮਿਲ਼ਦੀ ਹੈ ਕਿ ਰੱਬ ਨੂੰ ਹਰ ਥਾਂ ਵਿਆਪਕ ਸਮਝ ਕੇ ਸਾਰਿਆਂ ਵਿੱਚ ਉਸ ਦੀ ਜੋਤਿ ਸਮਝ ਕੇ ਚੱਲਣਾ ਹੈ ਤਾਂ ਜੁ ਕਿਸੇ ਵਚਨ ਅਤੇ ਕਰਮ ਨਾਲ਼ ਕਿਸੇ ਦੂਜੇ ਦੇ ਦਿਲ ਨੂੰ ਬਿਨਾ ਵਜਹ {ਅ਼ਰਬੀ} ਸੱਟ ਨਾ ਵੱਜੇ । ਤੀਜੇ ਪਾਤਿਸ਼ਾਹ ਜੀ ਅਨੁਸਾਰ ਇਹ ਹੀ ਇਕਾਦਸ਼ੀ ਦਾ ਵਰਤ ਰੱਖਣਾ ਹੈ ।

ਦੁਆਦਸ਼ੀ (ਚੰਦ੍ਰਮਾ ਦੀ ਬਾਰਵੀਂ ਥਿਤਿ) ਦਾ ਵਰਤ ਰੱਖਣ ਦਾ ਢੰਗ:
ਤੀਜੇ ਗੁਰੂ ਜੀ ਦੀ ਲਿਖੀ ਪੰਕਤੀ ਦੀ ਵਿਚਾਰ ਕਰਦੇ ਹਾਂ-
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨ ਮਾਨੈ॥

ਦੁਆਦਸ਼ੀ ਦਾ ਵਰਤ ਰੱਖਣ ਦਾ ਢੰਗ ਹੈ ਕਿ ਪੰਜਾਂ ਨੂੰ ਆਪਣੇ ਅਧੀਨ ਰੱਖਿਆ ਜਾਵੇ । ਅਜਿਹਾ ਕਰਨ ਨਾਲ਼ ਹੇ ਨਾਨਕ! ਮਨ ਗੁਰੂ ਦੇ ਸ਼ਬਦ ਭਾਵ ਗੁਰਬਾਣੀ ਨੂੰ ਆਪਣੀ ਪੂਰੀ ਟੇਕ ਬਣਾ ਲੈਂਦਾ ਹੈ । ਗੁਰਬਾਣੀ ਵਿੱਚ ਪੰਜਾਂ ਦੀ ਬਹੁਤ ਵਿਆਖਿਆ ਕੀਤੀ ਗਈ ਹੈ । ਇਹ ਪੰਜ ਹਨ- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ- Lust, Wrath, Avarice, Worldly attachment and Ego. ਸਹਸਕ੍ਰਿਤੀ ਦੇ ਸ਼ਲੋਕਾਂ ਵਿੱਚ ਇਨ੍ਹਾਂ ਨੂੰ ਸੰਬੋਧਨ ਕਰਦਿਆਂ ਕੁੱਝ ਵਚਨ ਇਉਂ ਕੀਤੇ ਗਏ ਮਿਲ਼ਦੇ ਹਨ-

ਕਾਮ ਨੂੰ ਕਿਹਾ ਗਿਆ ਹੈ-
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ ਲੋਕ ਗੰਮ੍ਹ ਜਪ ਤਪ ਸੀਲ ਬਿਦਾਰਣਹ॥
ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥46॥

ਕ੍ਰੋਧ ਨੂੰ ਕਿਹਾ ਗਿਆ ਹੈ-
ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ॥ ਬਿਖਯੰਤ ਜੀਵੰ ਵਸ੍ਹ ਕਰੋਤਿ ਨਿਰਤ੍ਹ ਕਰੋਤਿ ਜਥਾ ਮਰਕਟਹ॥
ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ॥ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਹਾ ਕਰੋਤਿ ॥47॥

ਲੋਭ ਨੂੰ ਕਿਹਾ ਗਿਆ ਹੈ-
ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ॥ ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ॥
ਨ ਚ ਮਿਤ੍ਰੰ ਨ ਚ ਇਸਟੰ ਨ ਚ ਬਾਧਵ ਨ ਚ ਮਾਤ ਪਿਤਾ ਤਵ ਲਜਯਾ॥ ਅਕਰਣੰ ਕਰੋਤਿ ਅਖਾਦ੍ਹਿ ਖਾਦ੍ਹ ਅਸਾਜ੍ਹ ਸਾਜਿ ਸਮਜਯਾ॥
ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਹਾਪਿœ ਨਾਨਕ ਹਰਿ ਨਰਹਰਹ ॥48॥

ਮੋਹ ਨੂੰ ਕਿਹਾ ਗਿਆ ਹੈ-
ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ॥ ਗਣ ਗੰਧਰਬ ਦੇਵ ਮਾਨੁਖ੍ਹ ਪਸੁ ਪੰਖੀ ਬਿਮੋਹਨਹ॥ ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥45॥

ਅਹੰਕਾਰ ਨੂੰ ਕਿਹਾ ਗਿਆ ਹੈ-
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸੀਰਨਹ॥
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ॥ ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ॥
ਬੈਦ੍ਹ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥49॥

ਐਸੇ ਦੱਸੇ ਵਰਤਾਂ ਤੋਂ ਉੱਪਰ ਹੋਰ ਸਿੱਖਿਆ ਨਹੀਂ:

ਸ਼ਲੋਕ ਦੀ ਆਖ਼ਰੀ ਤੁਕ ਇਉਂ ਹੈ-
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥2॥

ਗੁਰੂ ਅਮਰਦਾਸ ਸਾਹਿਬ ਜੀ ਵਰਤ ਰੱਖਣ ਦਾ ਉਪਦੇਸ਼ ਕਰਨ ਵਾਲ਼ੇ ਪੰਡਿਤ ਨਾਲ਼ ਸੰਵਾਦ ਰਚਾਉਂਦੇ ਦੱਸਦੇ ਹਨ- ਹੇ ਪੰਡਿਤ ਜੀ! ਕਿ ਜੇ ਅਜਿਹੇ ਢੰਗ ਨਾਲ਼ ਵਰਤ ਰੱਖੇ ਜਾਣ ਤਾਂ ਅਧਿਆਤਮਕ ਮਾਰਗ ਉੱਤੇ ਚੱਲਦੇ ਹੋਏ ਸੱਚ ਨਾਲ਼ ਚਿੱਤ ਜੋੜ ਕੇ ਆਪਣਾ ਜੀਵਨ ਸਫ਼ਲ ਅਤੇ ਸੁਖਦਾਈ ਬਣਾਉਣ ਲਈ ਕਿਸੇ ਹੋਰ ਵਰਤ ਰੱਖਣ ਦੀ ਸਿੱਖਿਆ ਦੀ ਲੋੜ ਨਹੀਂ ਰਹਿ ਜਾਂਦੀ । ਇਹ ਵਿਧੀ ਕਿਸੇ ਖ਼ਾਸ ਦਿਨ ਦੇ ਭਰਮ ਤੋਂ ਬਿਨਾਂ ਹਰ ਸਮੇਂ ਹੀ ਅਪਨਾਉਣ ਯੋਗ ਹੈ । ਹਰ ਸਮੇਂ ਹੀ ਇਸ ਵਿਧੀ ਦੀ ਲੋੜ ਹੈ ਕਿਉਂਕਿ ਹਰ ਸਮੇਂ ਜੀਵਨ ਸੰਗ੍ਰਾਮ ਵਿੱਚ ਮੋਹ ਮਾਇਆ ਤੋਂ ਨਿਰਲੇਪ ਰਹਿਣ ਲਈ ਸ਼ੈਤਾਨੀ ਸ਼ਕਤੀਆਂ (5 ਚੋਰਾਂ) ਨਾਲ਼ ਯੁੱਧ ਹੋ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top