Khalsa News homepage

 

 Share on Facebook

Main News Page

ਸ਼ੇਖ਼ ਫਰੀਦ ਜੀ ਅਤੇ ਕਾਂ
-:
ਪ੍ਰੋ. ਕਸ਼ਮੀਰਾ ਸਿੰਘ USA 19.12.19

ਪਰ ਵੀ ਨਹੀਂ, ਕਾਲ਼ੇ ਵੀ ਨਹੀਂ, ਉੱਡਦੇ ਵੀ ਨਹੀਂ ਪਰ ਹਨ ਕਾਂ

ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ਼ ਫ਼ਰੀਦ ਜੀ ਦੇ ਤਿੰਨ ਸ਼ਲੋਕ ਨੰਬਰ 90, 91 ਅਤੇ 92 ਹਨ। ਗੁਰਬਾਣੀ ਵਿਆਕਰਣ ਅਨੁਸਾਰ ਇਨ੍ਹਾਂ ਦੇ ਅਰਥ ਨਾ ਸਮਝਣ ਕਾਰਣ ਇਨ੍ਹਾਂ ਸ਼ਲੋਕਾਂ ਵਿੱਚ ਵਰਤੇ ਸ਼ਬਦ ‘ਕਾਗ’, ‘ਕਾਗਾ’ ਦੇ ਰਹੱਸ ਨੂੰ, ਕਿ ਇਹ ਮਨੁੱਖ ਨੂੰ ਲੱਗੇ ਮਾਰੂ ਚਸਕੇ ਹਨ, ਨਹੀਂ ਸਮਝਿਆ ਜਾ ਸਕਿਆ। ਲੋਕਾਂ ਨੇ ਸ਼ੇਖ਼ ਫ਼ਰੀਦ ਜੀ ਦੀ ਕਮਜ਼ੋਰ ਸ਼ਰੀਰ ਵਰਗੀ ਤਸਵੀਰ ਦੇ ਨਾਲ਼ ਨਾਲ਼ ਕਾਲ਼ਾ ਉੱਡਣ ਵਾਲ਼ਾ ਕਾਂ ਵੀ ਬਣਾ ਦਿੱਤਾ। ਏਥੋਂ ਤਕ ਕਿ ਮੰਦਰ ਵਿੱਚ ਸ਼ੇਖ਼ ਫ਼ਰੀਦ ਦੇ ਬੁੱਤ ਕੋਲ਼ ਵੀ ਇੱਕ ਕਾਂ ਦਾ ਪੱਕਾ ਬੁੱਤ ਵੀ ਬਣਾ ਦਿੱਤਾ ਜਿਵੇਂ ਦੋਹਾਂ ਦਾ ਪੱਤਾ ਰਿਸ਼ਤਾ ਹੀ ਬਣ ਗਿਆ ਹੋਵੇ। ਕਹਾਣੀਕਾਰਾਂ ਨੇ ਫ਼ਰੀਦ ਜੀ ਨੂੰ ਕਿਸੇ ਜੰਗਲ਼ ਵਿੱਚ ਤਪ ਕਰਨ ਲਈ ਕਿਸੇ ਖੂਹ ਵਿੱਚ ਪੁੱਠਾ ਲਟਕਿਆ ਵੀ ਕਹਿ ਦਿੱਤਾ ਤਾਂ ਜੁ ਕਲ਼ਪੇ ਗਏ ਕਾਂ ਪੈਰਾਂ ਦੀਆਂ ਤਲ਼ੀਆਂ ਨੂੰ ਚੂੰਡ ਵੀ ਸਕਣ ਪਰ ਉਨ੍ਹਾਂ ਨੇ ਫ਼ਰੀਦ ਜੀ ਦੇ ਹੱਥਾਂ ਦੀਆਂ ਨਰਮ ਤਲ਼ੀਆਂ ਜ਼ਰੂਰ ਬਚਾ ਲਈਆਂ।

ਕੀ ਸ਼ੇਖ਼ ਫ਼ਰੀਦ ਜੀ ਜੰਗਲ ਵਿੱਚ ਤੱਪ ਕਰਨ ਗਏ ਸਨ?

ਗੁਰੂ ਗ੍ਰੰਥ ਸਾਹਿਬ ਵਿੱਚ ਫ਼ਰੀਦ ਜੀ ਦਾ ਆਪਣਾ ਸ਼ਲੋਕ ਨੰਬਰ 19 ਕਹਿੰਦਾ ਹੈ- – ਹੇ ਫ਼ਰੀਦ! ਆਖ ਕਿ ਪ੍ਰਾਣੀਆਂ ਤੂੰ ਜੰਗਲ਼ ਵਿੱਚ ਰੱਬ ਨੂੰ ਲੱਭਦਾ ਕਿਉਂ ਕੰਡੇ ਲੁਆ ਰਿਹਾ ਹੈ, ਰੱਬ ਤਾਂ ਤੇਰੇ ਅੰਦਰ ਵਸਦਾ ਹੈ ਤੇ ਤੂੰ ਜੰਗਲ਼ ਵਿੱਚ ਕਿਉਂ ਭਉਂਦਾ ਫਿਰਦਾ ਹੈਂ?

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢਹਿ॥
19॥ ਗਗਸ 1378/17

ਝੂਠੀ ਕਹਾਣੀ ਘੜਨ ਵਾਲ਼ੇ ਨੇ ਸ਼ਾਇਦ ਇਸ ਸ਼ਲੋਕ ਦੇ ਅਰਥ ਨਹੀਂ ਪੜੇ ਹੋਣੇ, ਇੰਝ ਜਾਪਦਾ ਹੈ। ਫ਼ਰੀਦ ਜੀ ਗ੍ਰਹਿਸਤੀ ਸਨ ਤੇ ਜੰਗਲ਼ ਵਿੱਚ ਭਉਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ।

ਫਰੀਦ ਜੀ ਦਾ ਪਰਿਵਾਰ:
ਉਨ੍ਹਾਂ ਦੇ ਤਿੰਨ ਵਿਆਹ ਹੋਏ ਸਨ, 3 ਧੀਆਂ ਤੇ 5 ਪੁੱਤਰਾਂ ਵਾਲ਼ੇ ਸਨ। ਪਰਿਵਾਰ ਦੀ ਪਾਲਣਾ ਜੰਗਲਾਂ ਵਿੱਚ ਤਪ ਕਰ ਕੇ ਸ਼ਰੀਰ ਨੂੰ ਸੁਕਾਉਣ ਵਾਲ਼ੇ ਕਿਵੇਂ ਕਰ ਸਕਦੇ ਹਨ? ਪਰਾਂ ਵਾਲ਼ੇ ਕਾਵਾਂ ਦੀ ਕਹਾਣੀ ਘੜਨ ਵਾਲ਼ੇ ਇਸ ਗੱਲ ਨੂੰ ਭੁੱਲ ਗਏ।

ਸ਼ਲੋਕਾਂ ਦੀ ਵਿਚਾਰ:
ਫਰੀਦਾ ਤਨੁ ਸੁਕਾ, ਪਿੰਜਰੁ ਥੀਆ, ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁੜਿਓ, ਦੇਖੁ ਬੰਦੇ ਕੇ ਭਾਗ ॥90॥ {ਪੰਨਾ 1382}

ਪਦ ਅਰਥ:- ਥੀਆ-ਹੋ ਗਿਆ ਹੈ । ਪਿੰਜਰੁ ਥੀਆ-ਹੱਡੀਆਂ ਦੀ ਮੁੱਠ ਹੋ ਗਿਆ ਹੈ । ਖੂੰਡਹਿ-ਠੂੰਗ ਰਹੇ ਹਨ । ਕਾਗ-ਕਾਂ, ਵਿਕਾਰ, ਦੁਨੀਆਵੀ ਪਦਾਰਥਾਂ ਦੇ ਚਸਕੇ. ਬਹੁ-ਵਚਨ ਪੁਲਿੰਗ ਨਾਂਵ (Plural number, Masculine gender, Noun), ਸੰਸਕ੍ਰਿਤ ‘ਕਾਕ’ ਤੋਂ ਬਣਿਆਂ ‘ਕਾਗ’। ਅਜੈ-ਅਜੇ ਭੀ (ਜਦੋਂ ਕਿ ਸਰੀਰ ਦੁਨੀਆ ਦੇ ਭੋਗ ਭੋਗਿ ਭੋਗਿ ਕੇ ਆਪਣੀ ਸਤਿਆ ਭੀ ਗਵਾ ਬੈਠਾ ਹੈ) । ਨ ਬਾਹੁੜਿਓ-ਨਹੀਂ ਤੁੱਠਾ, ਤਰਸ ਨਹੀਂ ਕੀਤਾ ।

ਅਰਥ:- ਹੇ ਫਰੀਦ ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ । (ਫਿਰ ਭੀ, ਇਹ) ਬਿਨਾਂ ਪਰਾਂ ਤੋਂ ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ, ਇਨ੍ਹਾਂ ਵਲ ਖਿੱਚੀ ਜਾ ਰਹੇ ਹਨ) । ਵੇਖੋ, (ਵਿਕਾਰਾਂ ਵਿਚ ਡਿੱਗੇ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸ਼ਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਪ੍ਰਸੰਨ ਨਹੀਂ, ਦਇਆਵਾਨ ਨਹੀਂ (ਭਾਵ, ਇਸ ਦੀ ਚਸਕਿਆਂ ਦੀ ਝਾਕ ਮਿਟੀ ਨਹੀਂ) ।90।

ਕਾਗਾ ਕਰੰਗ ਢਢੋਲਿਆ, ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ, ਪਿਰ ਦੇਖਨ ਕੀ ਆਸ ॥91॥ {ਪੰਨਾ 1382}

ਪਦ ਅਰਥ:- ਕਾਗਾ-ਕਰਤਾ ਕਾਰਕ (Nominative case) ਬਹੁ ਵਚਨ ਸ਼ਬਦ ਹੈ, ਪਾਠ ਹੈ ‘ਕਾਗਾਂ’; ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨੀਆਵੀ ਪਦਾਰਥਾਂ ਦੇ ਚਸਕਿਆਂ ਨੇ । ਕਰੰਗ-ਪਿੰਜਰ, ਬਹੁਤ ਲਿੱਸਾ ਹੋਇਆ ਹੋਇਆ ਸਰੀਰ । ਸਗਲਾ-ਸਾਰਾ । ਮਤਿ ਛੁਹਉ-ਰੱਬ ਕਰ ਕੇ ਕੋਈ ਨਾਹ ਛੇੜੇ (ਵੇਖੋ, ਸ਼ਲੋਕ ਨੰ: 25 ਵਿਚ ਲਫ਼ਜ਼ ‘ਭਿਜਉ’, ‘ਵਰਸਉ’ ਅਤੇ ‘ਤੁਟਉ’ ਤੇ ਇਸੇ ਵਿਆਕਰਣਕ ਸ਼੍ਰੇਣੀ (Imperative mood Third person Singular number,  ਹੁਕਮੀ ਭਵਿਖਤ ਤੀਜਾ ਪੁਰਖ ਇੱਕ-ਵਚਨ) ਦਾ ਸਬਦ ਹੈ ‘ਛੁਹਉ’) । ਆਸ-ਤਾਂਘ ।

ਅਰਥ:- ਇਨ੍ਹਾਂ ਪਰਾਂ ਤੋਂ ਬਿਨਾਂ ਕਾਵਾਂ ਨੇ ਸ਼ਰੀਰ ਦਾ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਂਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸ਼ਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸ਼ਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)। ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਦੇ ਦੀਦਾਰ ਕਰਨ ਦੀ ਭਾਵਨਾ ਟਿਕੀ ਰਹੇ ।91।

ਕਾਗਾ ਚੂੰਡਿ ਨ ਪਿੰਜਰਾ, ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ, ਮਾਸੁ ਨ ਤਿਦੂ ਖਾਹਿ ॥92॥ {ਪੰਨਾ 1382}

ਪਦ ਅਰਥ:- ਕਾਗਾ-ਸੰਬੋਧਨ ਕਾਰਕ ਇੱਕ-ਵਚਨ (ੜੋਚੳਟਵਿੲ ਚੳਸੲ, ਸ਼ਨਿਗੁਲੳਰ ਨੁਮਬੲਰ) ਹੇ ਕਾਂ ! ਹੇ ਦੁਨੀਆਵੀ ਪਦਾਰਥਾਂ ਦੇ ਚਸਕੇ ! ਚੂੰਡਿ ਨ-ਨਾਹ ਠੂੰਗ । ਪਿੰਜਰਾ-ਸੁੱਕਾ ਹੋਇਆ ਸ਼ਰੀਰ । ਬਸੈ-ਬੱਸੈ, (ਜੇ) ਵੱਸ ਵਿਚ (ਹੈ), ਜੇ ਤੇਰੇ ਵੱਸ (ਵਸ਼){ ਵਸ- ਵਸਣਾਂ। ਵਸ਼- ਕਾਬੂ ਵਿੱਚ} ਵਿੱਚ ਹੈ, ਜੇ ਤੂੰ ਕਰ ਸਕੇਂ , ਜੇ ਤੇਰੇ ਵਿੱਲ ਵਿੱਚ ਮੇਰੇ ਲਈ ਰਹਿਮ ਹੈ। ਤ-ਤਾਂ । ਜਿਤੁ-ਜਿਸ ਵਿੱਚ । ਜਿਤੁ ਪਿੰਜਰੈ-ਜਿਸ ਸ਼ਰੀਰ ਵਿਚ । ਤਿਦੂ-ਤਿਦੂੰ, ਉਸ ਸ਼ਰੀਰ ਵਿਚੋਂ ।

ਅਰਥ:- ਹੇ ਦੁਨਿਆਵੀ ਪਦਾਰਥਾਂ ਦੇ ਚਸਕੇ ਕਾਂ ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ (ਮੈਨੂੰ ਛੱਡ ਦੇ), ਜਿਸ ਸ਼ਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਂਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ ! ਮੇਰੇ ਇਸ ਸ਼ਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਹੁਣ ਮਾਰੀ ਖ਼ਲਾਸੀ ਕਰ । ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) ।92।

ਬਿਨਾਂ ਪਰਾਂ ਤੋਂ ਕਾਵਾਂ ਦਾ ਜ਼ਿਕਰ ਹੋਰ ਪ੍ਰਸੰਗਾਂ ਵਿੱਚ ਵੀ ਹੈ ਜਿਵੇਂ:

ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ ਗਗਸ {91/6}
ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥ {ਗਗਸ 477/4}
ਨਾਨਕ ਨਾਮ ਵਿਹੂਣਿਆ ਤਿਨ ਤਨ ਖਾਵਹਿ ਕਾਉ॥ {1247/11}

ਪਰਾਂ ਵਾਲ਼ੇ ਕਾਵਾਂ ਦਾ ਜ਼ਿਕਰ ਵੀ ਦੇਖੋ:
ਉਡਹੁ ਨ ਕਾਗਾ ਕਾਰੇ॥ {ਗਗਸ 338/1}
ਕਾਰੇ- ਕਾਲ਼ੇ ਬਲੳਚਕ ।
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ॥ {522/4}
ਕਾਉ- ਕਾਉਂ ਚਰੋਾ ।

ਨੋਟ: ਪਰਾਂ ਵਾਲ਼ੇ ਕਾਂ ਤੇ ਲਿੱਸੇ ਸ਼ਰੀਰ ਵਾਲ਼ੀ ਸ਼ੇਖ਼ ਫ਼ਰੀਦ ਜੀ ਦੀ ਤਸਵੀਰ ਘਰਾਂ ‘ਚੋਂ ਹਟਾ ਕੇ ਉੱਥੇ ਸ਼ੇਖ਼ ਫ਼ਰੀਦ ਜੀ ਦਾ ਸ਼ਲੋਕ ‘ਫ਼ਰੀਦਾ ਜੰਗਲੁ ਜੰਗਲੁ-----॥’ ਲਿਖਵਾ ਕੇ ਲੈਮੀਨੇਟ ਕਰਵਾ ਕੇ ਲਾ ਦੇਣਾ ਚਾਹੀਦਾ ਹੈ। ਸਿੱਖ ਕੌਮ ਵਲੋਂ ਵੀ ਇੱਸ ਤਸਵੀਰ ਦੇ ਬਣਾਉਣ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top