ਕੁੱਝ
ਪ੍ਰਕਾਸ਼ਕਾਂ ਨੇ ਮਾਇਆ (ਨਾਗਣੀ) ਨਾਲ਼ ਪਿਆਰ ਕਰਨ ਦੀ ਦੌੜ ਵਿੱਚ ਗੁਰਬਾਣੀ ਦੀ ਆਪਣੇ ਹਿੱਤਾਂ
ਲਈ ਵਰਤੋਂ ਕੀਤੀ ਹੈ । ਗੁਰਬਾਣੀ ਨੂੰ ਪਦ-ਛੇਦ ਕਰਵਾ ਕੇ ਬੀੜਾਂ, ਗੁਟਕੇ ਅਤੇ ਪੋਥੀਆਂ
ਛਾਪ ਕੇ ਖ਼ੂਬ ਕਮਾਈ ਕਰ ਲਈ ਪਰ ਸ਼ਬਦ-ਜੋੜਾਂ ਦੀਆਂ ਅਨੇਕਾਂ ਗ਼ਲਤੀਆਂ ਵੀ ਹੋਂਦ ਵਿੱਚ ਲਿਆ
ਦਿੱਤੀਆਂ ਜਿਵੇਂ ਗਯੰਦ ਭੱਟ ਦੇ ਸਵਯਾਂ ਵਿੱਚ ‘ਵਾਹਿ ਗੁਰੂ’
{ਹੇ ਗੁਰੂ ਰਾਮਦਸ ਜੀ ! ਤੁਸੀਂ ਧੰਨੁ ਹੋ} ਨੂੰ ‘ਵਾਹਿਗੁਰੂ’, ‘ਵਾਹ ਗੁਰੂ’ ਨੂੰ ‘ਵਾਹਗੁਰੂ’,
ਪੰਨਾਂ 606 ਉੱਤੇ ‘ਕੁਵਲੀਆਪੀੜੁ’ {ਹਾਥੀ} ਨੂੰ
‘ਕੁਵਲੀਆ ਪੀੜੁ’, ਸਹਸਕ੍ਰਿਤੀ ਸ਼ਲੋਕਾਂ ਵਿੱਚ ਅਤੇ ਪੰਨਾਂ 708 ਉੱਤੇ 18 ਵਾਰੀ ‘ਨ ਚ’
ਨੂੰ ‘ਨਚ’, ਪੰਨਾਂ ਨੰਬਰ 242 ਅਤੇ 794 ਉੱਤੇ
‘ਦੁਧਾਥਣੀ’ {ਔਰਤ ਦੇ ਜੀਵਨ ਦੀ ਇੱਕ ਅਵਸਥਾ} ਨੂੰ
‘ਦੁਧਾ ਥਣੀ, ‘ਸਹ ਕੇ ਰੇ ਬੋਲਾ’ {ਰੇ ਬੋਲਾ- ਅਨਾਦਰੀ
ਦੇ ਵਚਨ}, ਨੂੰ ‘ਸਹ ਕੇਰੇ ਬੋਲਾ’ {ਕੇਰੇ- ਦੇ} ਆਦਿਕ ਲਿਖ ਦਿੱਤਾ ਗਿਆ ।
ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਆਰਤੀ ਸੰਗ੍ਰਿਹ ਨਹੀਂ ਸੀ,
ਪ੍ਰਕਾਸ਼ਕਾਂ ਨੇ ਉਹ ਵੀ ਆਪਣੀ ਮਰਜ਼ੀ ਨਾਲ਼ ਕੁੱਝ ਸ਼ਬਦਾਂ ਨੂੰ ਇਕੱਠੇ ਕਰ ਕੇ ਬਣਾ ਦਿੱਤਾ
ਤਾਂ ਜੁ ਮੰਦਰਾਂ ਵਿੱਚ ਹੋ ਹੀ ਆਰਤੀ ਦੀ ਤਰਜ਼ ਤੇ ਗੁਰਦੁਆਰਿਆਂ ਵਿੱਚ ਵੀ ਆਰਤੀ ਇੱਕ ਵੱਖਰੀ
ਖ਼ਾਸ ਚੀਜ਼ ਬਣ ਜਾਵੇ । ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਹੀ ਸ਼ਬਦ ਹੈ ਜਿਸ ਦਾ ਸਿਰਲੇਖ
ਹੈ “ਧਨਾਸਰੀ ਮਹਲਾ 1 ਆਰਤੀ” ਜਿਸ ਤੋਂ ਕੁਦਰਤਿ ਵਿੱਚ
ਹੋ ਰਹੀ ਰੱਬੀ ਆਰਤੀ ਦੀ ਸੂਝ ਪੈਂਦੀ ਹੈ । ਇਸੇ ਤਰ੍ਹਾਂ ‘ਕੁੱਝ ਸ਼ਬਦ ਚੁਣ ਕੇ
‘ਦੁੱਖ ਭੰਜਨੀ ਸਾਹਿਬ’, ‘ਸੰਕਟ ਮੋਚਨ’ ਆਦਿਕ ਨਵੇਂ
ਸੰਗ੍ਰਿਹ ਵੀ ਬਣਾ ਦਿੱਤੇ ਗਏ ਜੋ ਗੁਰਬਾਣੀ ਵਿੱਚ ਧੰਨੁ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਨਹੀਂ
ਬਣਾਏ ਸਨ । ਪ੍ਰਕਾਸ਼ਕਾਂ ਨੇ ਇਹ ਸੱਭ ਆਪਣੇ ਲਾਭ ਹਿੱਤ ਸਿੱਖਾਂ ਨੂੰ ਵੱਖ-ਵੱਖ ਸ਼ਬਦਾਂ ਦੇ
ਰਟਨ ਨਾਲ਼ ਵੱਖ-ਵੱਖ ਰੋਗ ਦੂਰ ਕਰਨ ਦਾ ਝਾਂਸਾ ਦੇ ਕੇ ਕੀਤਾ ਅਤੇ ਗੁਟਕੇ ਵੇਚ ਕੇ ਕਮਾਈ
ਕੀਤੀ ।
ਹੁਣ ਗੱਲ ਕਰਦੇ
ਹਾਂ- ‘ਆਸਾ ਕੀ ਵਾਰ’ ਦੀ:
ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸਤ ਪੋਥੀ
ਦੇ ਤਤਕਰੇ ਵਿੱਚ ‘ਆਸਾ ਕੀ ਵਾਰ’ ਸਿਰਲੇਖ ਹੈ ਜਦੋਂ ਕਿ ਪੰਨਾਂ 462 ਉੱਤੇ ਸ਼ੁਰੂ ਹੋ ਰਹੀ
ਵਾਰ ਦਾ ਸਿਰਲੇਖ ਹੈ-
ਆਸਾ ਮਹਲਾ 1॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ
ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ॥
ਗੁਰੂ ਨਾਨਕ ਸਾਹਿਬ ਸਮੇਂ ਆਸਾ ਕੀ ਵਾਰ
ਦਾ ਸਰੂਪ ਕੇਵਲ 24 ਪਉੜੀਆਂ ਹੀ ਸੀ । ਪ੍ਰੋ. ਸਾਹਿਬ ਸਿੰਘ ਅਨੁਸਾਰ ਪੰਜਵੇਂ ਗੁਰੂ
ਜੀ ਨੇ ਇੱਕ ਜਿਲਦ ਵਿੱਚ ਬਾਣੀ ਦਰਜ ਕਰਨ ਦੀ ਤਰਤੀਬ ਬਣਾਉਣ ਸਮੇਂ 22 ਵਿਚੋਂ 20 ਵਾਰਾਂ
ਦੀਆਂ ਪਉੜੀਆਂ ਦੇ ਨਾਲ਼ ਆਪਣੇ ਅਤੇ ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੇ ਰਚੇ ਸ਼ਲੋਕ ਵੀ ਲੋੜ
ਅਨੁਸਾਰ ਢੁੱਕਵੀਆਂ ਥਾਵਾਂ ਉੱਤੇ ਦਰਜ ਕਰਵਾ ਦਿੱਤੇ ਸਨ ਅਤੇ ਬਾਕੀ ਬਚੇ ਸ਼ਲੋਕਾਂ ਨੂੰ
‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਦਰਜ ਕਰਵਾ ਦਿੱਤਾ ਸੀ ।
ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ
ਦਾ ਸਰੂਪ:
ਪੰਜਵੇਂ ਗੁਰੂ ਜੀ ਦੀ ਬਣਾਈ ਬਾਣੀ ਦੀ ਤਰਤੀਬ ਅਨੁਸਾਰ ਹੁਣ ‘ਆਸਾ ਕੀ ਵਾਰ’ ਵਿੱਚ ਸ਼ਲੋਕ
ਅਤੇ 24 ਪਉੜੀਆਂ ਹੀ ਹਨ । ਵਾਰ ਦੇ ਇਸ ਸਰੂਪ ਨੂੰ ਪੰਜਵੇਂ ਗੁਰੂ ਜੀ ਵਲੋਂ
ਬਣਾਇਆ ਸਰੂਪ ਕਿਹਾ ਜਾਂਦਾ ਹੈ ਜਿਸ ਦਾ ਕੀਰਤਨ ਸ਼ਾਇਦ ਕਿਸੇ ਵੀ ਰਾਗੀ ਜਥੇ ਵਲੋਂ ਨਹੀਂ
ਕੀਤਾ ਜਾ ਰਿਹਾ ।
ਗੁਰਦੁਆਰਿਆਂ ਵਿੱਚ ਆਸਾ ਕੀ ਵਾਰ ਦੇ ਕਿਹੜੇ ਸਰੂਪ ਦਾ ਕੀਰਤਨ
ਹੋ ਰਿਹਾ ਹੈ?
ਆਸਾ ਕੀ ਵਾਰ ਦਾ ਇਹ ਉਹ ਸਰੂਪ ਹੈ ਜੋ ਸੰਭਵ ਤੌਰ 'ਤੇ
ਪ੍ਰਕਾਸ਼ਕਾਂ ਵਲੋਂ ਹੀ ਬਣਾਇਆ ਗਿਆ ਹੈ । ਪ੍ਰਕਾਸ਼ਕਾਂ ਨੇ ਮਾਇਆ ਇਕੱਠੀ ਕਰਨ ਲਈ
ਪੋਥੀਆਂ ਵੇਚਣ ਦੀ ਦੌੜ ਵਿੱਚ ਕਦੇ ‘ਪੰਚ ਸ਼ਬਦੀ ਆਸਾ ਦੀ ਵਾਰ’ ਅਤੇ ਕਦੇ ‘ਬਹੁ ਸ਼ਬਦੀ ਆਸਾ
ਦੀ ਵਾਰ’ ਦੀਆਂ ਪੋਥੀਆਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਬਿਨਾਂ ਸੋਚ ਸਮਝ ਦੇ ਖ਼ਰੀਦਿਆ ਗਿਆ
ਅਤੇ ਇਨ੍ਹਾਂ ਪੋਥੀਆਂ ਤੋਂ ਆਸਾ ਕੀ ਵਾਰ ਦਾ ਨਵਾਂ ਸਰੂਪ ਸ਼ੁਰੂ ਹੋ ਗਿਆ ਜੋ ਪੰਜਵੇਂ ਗੁਰੂ
ਜੀ ਦੀ ਸੋਚ ਦੇ ਉਲ਼ਟ ਹੈ ।
ਹੁਣ ਨਵੇਂ ਸਰੂਪ ਵਾਲ਼ੀ ਆਸਾ ਕੀ ਵਾਰ
ਵਿੱਚ ਰਲ਼ਾ ਕੇ ਕੀ ਕੀ ਹੋਰ ਪੜ੍ਹਿਆ ਜਾ ਰਿਹਾ ਹੈ?
ਹਰ ਪਉੜੀ ਤੋਂ ਪਹਿਲਾਂ ਇੱਕ ਛੱਕਾ ਪੜ੍ਹਿਆ ਜਾ ਰਿਹਾ
ਹੈ । ਛੱਕੇ ਤੋਂ ਪਿੱਛੋਂ ਸ਼ਲੋਕ ਅਤੇ ਪਉੜੀ ਜਾਂਦੀ ਹੈ । ਦੂਜੀ ਪਉੜੀ ਦੇ ਸ਼ਲੋਕ
ਪੜ੍ਹਨ ਤੋਂ ਪਹਿਲਾਂ ਇੱਕ ਜਾਂ ਦੋ ਸ਼ਬਦ ਪੜ੍ਹੇ ਜਾਂਦੇ ਹਨ । ਵਾਰ ਵਿੱਚ ਛੱਕੇ ਅਤੇ ਸ਼ਬਦ
ਪੰਜਵੇਂ ਗੁਰੂ ਜੀ ਦੀ ਬਣਾਈ ‘ਆਸਾ ਕੀ ਵਾਰ’ ਦੀ ਤਰਤੀਬ ਦਾ ਭਾਗ ਨਹੀਂ ਹਨ ।
ਕੁੱਝ ਪ੍ਰਸ਼ਨ ਜ਼ਰੂਰ ਉੱਠਦੇ ਹਨ:
1. ਹੁਣ ਸੋਚੋ ਕਿ
ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਾਲ਼ੀ ‘ਆਸਾ ਕੀ ਵਾਰ’ ਦਾ ਕੀਰਤਨ ਹੋ ਰਿਹਾ
ਹੈ ਜਾਂ ਪ੍ਰਕਾਸ਼ਕਾਂ ਦੀ ਤਰਤੀਬੀ ‘ਆਸਾ ਕੀ ਵਾਰ’ ਦਾ?
2. ਕੀ ਪੰਜਵੇਂ ਗੁਰੂ ਜੀ ਦੀ ਬਣਾਈ ਇਸ ਬਾਣੀ ਦੀ
ਤਰਤੀਬ ਨੂੰ ਭੰਗ ਕਰਨ ਦਾ ਕਿਸੇ ਨੂੰ ਅਧਿਕਾਰ ਹੈ?
3. ਕੀ ਅਰਦਾਸੀਆ ਅਰਦਾਸਿ ਸਮੇਂ ‘ਆਸਾ ਕੀ ਵਾਰ
ਦੇ ਭੋਗ ਪਏ ਹਨ’ ਕਹਿ ਕੇ ਝੂਠ ਨਹੀਂ ਬੋਲ ਰਿਹਾ ਹੁੰਦਾ ਜਦੋਂ ਕਿ ਇਸ ਭੋਗ ਵਿੱਚ 24
ਛੱਕੇ ਅਤੇ ਕਈ ਸ਼ਬਦ ਵੀ ਪੜ੍ਹੇ ਗਏ ਹੁੰਦੇ ਹਨ?
4. ਕੀ ਕੋਈ ਕਿਸੇ ਨੂੰ ਜਪੁ / ਸੁਖਮਨੀ ਦਾ ਪਾਠ
ਸੁਣਾਉਣ ਸਮੇਂ ਉਸ ਵਿੱਚ ਕੋਈ ਹੋਰ ਸ਼ਬਦ ਅਤੇ ਛੱਕੇ ਆਦਿਕ ਪੜ੍ਹ ਕੇ ਪਾਠ ਦੀ ਅਖੰਡਤਾ
ਤੋੜ ਸਕਦਾ ਹੈ? ਜੇ ਨਹੀਂ ਤਾਂ ‘ਆਸਾ ਕੀ ਵਾਰ’ ਦੀ ਅਖੰਡਤਾ ਕਿਉਂ ਤੋੜੀ ਜਾ ਰਹੀ ਹੈ?
5. ਕੀ ਸੰਪਟ ਲਾ ਕੇ ਕੀਤੇ ਗਏ ਪਾਠ ਅਤੇ
ਪ੍ਰਕਾਸ਼ਕਾਂ ਦੀ ਬਣਾਈ ‘ਆਸਾ ਕੀ ਵਾਰ’ ਵਿੱਚ ਕੋਈ ਅੰਤਰ ਰਹਿ ਗਿਆ ਹੈ? ਕੀ ਇਸ ਤਰ੍ਹਾਂ
ਬਾਣੀ ਦੇ ਪਾਠ ਦੀ ਅਖੰਡਤਾ ਭੰਗ ਨਹੀਂ ਹੁੰਦੀ?
6. ਕੀ ਗੁਰਦੁਆਰਿਆਂ ਦੇ ਪ੍ਰਬੰਧਕ ਰਾਗੀ ਸਿੰਘਾਂ
ਨੂੰ ਕਹਿ ਕੇ ਗੁਰੂ ਗ੍ਰੰਥ ਸਾਹਿਬ ਵਾਲ਼ੀ ‘ਆਸਾ ਕੀ ਵਾਰ’ ਦਾ ਕੀਰਤਨ ਪ੍ਰਚੱਲਤ ਨਹੀਂ
ਕਰਵਾ ਸਕਦੇ?
7. ਕੀ ਰਾਗੀ ਸਿੰਘਾਂ ਵਿੱਚ ਇਹ ਜੁਅਰਤ ਨਹੀਂ ਆ
ਸਕਦੀ ਕਿ ਉਹ ਪੰਜਵੇਂ ਗੁਰੂ ਜੀ ਵਾਲ਼ੀ ਆਸਾ ਕੀ ਵਾਰ ਦਾ ਹੀ ਕੀਰਤਨ ਕਰਨ?
ਸੋਚ ਵਿਚਾਰ:
ਜੇ ਕਿਸੇ ਰਾਗੀ ਜਥੇ ਨੂੰ ਆਸਾ ਕੀ ਵਾਰ ਲਈ 3 ਘੰਟੇ ਦਾ ਸਮਾਂ ਦਿੱਤਾ ਗਿਆ ਹੋਵੇ ਤਾਂ ਜਥੇ
ਨੂੰ ਚਾਹੀਦਾ ਹੈ ਕਿ ਉਹ ਪੰਜਵੇਂ ਗੁਰੂ ਜੀ ਵਾਲ਼ੀ ਆਸਾ ਕੀ ਵਾਰ {ਸ਼ਲੋਕ ਅਤੇ ਪਉੜੀਆਂ} ਦਾ
ਕੀਰਤਨ ਕਰਨ ਉਪਰੰਤ ਬਾਕੀ ਬਚਦੇ ਸਮੇਂ ਵਿੱਚ ਗੁਰਬਾਣੀ ਦੇ ਹੋਰ ਸ਼ਬਦਾਂ ਦਾ ਕੀਰਤਨ ਕਰੇ
ਤਾਂ ਗੁਰੂ ਗ੍ਰੰਥ ਸਾਹਿ਼ਬ ਵਿੱਚ ਦਰਜ ‘ਆਸਾ ਕੀ ਵਾਰ’ ਦੀ ਅਖੰਡਤਾ ਵੀ ਬਣੀ ਰਹਿ ਸਕਦੀ
ਹੈ, ਮਿਲ਼ਿਆ ਸਮਾਂ ਵੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਪੰਜਵੇਂ ਗੁਰੂ ਜੀ ਦਾ ਹੁਕਮ ਵੀ
ਮੰਨਿਆਂ ਜਾ ਸਕਦਾ ਹੈ ।