Khalsa News homepage

 

 Share on Facebook

Main News Page

ਮਾਤਾ ਗੁਜਰ ਕੌਰ ਅਤੇ ਨੌਵੇਂ ਗੁਰੂ ਜੀ ਵਲੋਂ ਪੁੱਤਰ ਪ੍ਰਾਪਤੀ ਲਈ ਤੀਰਥਾਂ ਉੱਤੇ ਨਹਾਉਣ ਦੀ ਗੱਪ ਕਹਾਣੀ ਗੁਰਬਾਣੀ ਵਲੋਂ ਰੱਦ
-: ਪ੍ਰੋ. ਕਸ਼ਮੀਰਾ ਸਿੰਘ USA
09.02.2020

ਇੱਥੇ ਉਸ ਗੱਪ ਕਹਾਣੀ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਬਹੁਤੇ ਪ੍ਰਚਾਰਕ ਸਿੱਖ ਸੰਗਤਾਂ ਵਿੱਚ ਬੜੇ ਮਾਣ ਨਾਲ਼ ਸੁਣਾਉਂਦੇ ਹਨ । ਸਿੱਖ ਸੰਗਤਾਂ ਵਿੱਚੋਂ ਜੇ ਕੋਈ ਇਸ ਕਹਾਣੀ ਦਾ ਵਿਰੋਧ ਜਤਾਉਂਦਾ ਹੈ ਤਾਂ ਉਸ ਦੁਆਲ਼ੇ ਡਾਂਗ ਕੱਢ ਲਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਰਚਨਾ ਤਾਂ ਹਰ ਥਾਂ ਹੀ ਪੜ੍ਹੀ ਜਾਂਦੀ ਹੈ ਪਰ ਕਦੇ ਇਸ ਦਾ ਵਿਰੋਧ ਹੁੰਦਾ ਨਹੀਂ ਸੁਣਿਆਂ । ਅਜਿਹਾ ਵਰਤਾਰਾ ਉਹ ਲੋਕ ਕਰਦੇ ਹਨ ਜਿਨ੍ਹਾਂ ਨੇ ਗੁਰਬਾਣੀ ਨੂੰ ਕਦੇ ਵੀ ਅਰਥਾਂ ਸਮੇਤ ਨਾ ਪੜ੍ਹਿਆ ਅਤੇ ਨਾ ਵਿਚਾਰਿਆ ਹੈ, ਭਾਵੇਂ, ਉਹ ਆਪਣੇ ਆਪ ਨੂੰ ਘੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਵੱਡੇ ਸ਼ਰਧਾਲੂ ਅਖਵਾਉਂਦੇ ਹਨ । ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖਣ ਤੋਂ ਬਿਨਾਂ ਹੀ ਦਸਵੇਂ ਗੁਰੂ ਜੀ ਵਲੋਂ ਲਿਖੀਆਂ ਮੰਨਣਾ ਸ਼ਾਇਦ ਵੱਡਾ ਦੁਖਾਂਤ ਹੈ ।

ਜਿੱਸ ਗੱਪ ਕਹਾਣੀ ਦੀ ਗੱਲ ਉੱਪਰ ਕੀਤੀ ਗਈ ਹੈ, ਉਹ ਅਖੌਤੀ ਦਸਮ ਗ੍ਰੰਥ ਦੇ ਪੰਨਾਂ 59 ਉੱਤੇ ਅਥ ਕਬਿ ਜਨਮ ਕਥਨੰ ਦੇ ਸਿਰਲੇਖ ਹੇਠ ਚੌਪਈ ਵਜੋਂ ਦਰਜ ਹੈ । ਦੇਖੋ ਇਹ ਚੌਪਈ -

ਮੁਰ ਪਿਤ ਪੂਰਬ ਕਿਯਸਿ ਪਯਾਨਾ । ਭਾਂਤਿ ਭਾਂਤਿ ਕੇ ਤੀਰਥਿ ਨਾਨਾ ।
ਜਬ ਹੀ ਜਾਤ ਤ੍ਰਿਬੇਣੀ ਭਏ । ਪੁੰਨ ਦਾਨ ਦਿਨ ਕਰਤ ਬਿਤਏ ।1।
ਤਹੀ ਪ੍ਰਕਾਸ਼ ਹਮਾਰਾ ਭਯੋ । ਪਟਨਾ ਸ਼ਹਰ ਬਿਖੈ ਲਯੋ ।
ਮਦ੍ਰ ਦੇਸ਼ ਹਮ ਕਉ ਲੇ ਆਏ । ਭਾਂਤਿ ਭਾਂਤਿ ਦਾਈਅਨ ਦੁਲਰਾਏ ।2।

ਕੀਨੀ ਅਨਿਕ ਭਾਂਤਿ ਤਨ ਰੱਛਾ । ਦੀਨੀ ਭਾਂਤਿ ਭਾਂਤਿ ਕੀ ਸਿੱਛਾ ।
ਜਬ ਹਮ ਧਰਮ ਕਰਮ ਮੋ ਆਏ । ਦੇਵ ਲੋਕ ਤਬ ਪਿਤਾ ਸਿਧਾਏ ।3।

ਚੌਪਈ ਦੇ ਸਿਰਲੇਖ ਬਾਰੇ ਵਿਚਾਰ:
ਸਿਰਲੇਖ ਦੱਸਦਾ ਹੈ ਕਿ - ਹੁਣ ਕਵੀ ਦਾ ਜਨਮ ਕਥਨ ਕੀਤਾ ਜਾ ਰਿਹਾ ਹੈ । ਪ੍ਰਸ਼ਨ ਹੈ ਕਿ ਕਿਹੜੇ ਕਵੀ ਦਾ ਜਨਮ? ਅਖੌਤੀ ਦਸਮ ਗ੍ਰੰਥ ਦੇ ਕਵੀਆਂ ਵਿੱਚ ਰਾਮ ਅਤੇ ਸ਼ਿਆਮ ਦੇ ਨਾਂ ਆਮ ਵਰਤੇ ਗਏ ਹਨ । ਜਿਸ ਢੰਗ ਨਾਲ਼ ਸਿੱਖ ਜਥੇ ਇਹ ਰਚਨਾ ਗਾ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਉਹ ਦਸਵੇਂ ਗੁਰੂ ਜੀ ਨੂੰ ਹੀ ਕਵੀ ਮੰਨ ਰਹੇ ਹਨ, ਰਾਮ ਅਤੇ ਸ਼ਿਆਮ ਨੂੰ ਨਹੀਂ ।

ਕੀ ਦਸਵੇਂ ਗੁਰੂ ਜੀ ਨੂੰ ਕਵੀ ਮੰਨਣ ਦਾ ਕੋਈ ਨੁਕਸਾਨ ਹੈ?
ਹਾਂ, ਬਹੁਤ ਵੱਡਾ ਨੁਕਸਾਨ ਹੈ । ਜੇ ਇਹ ਰਚਨਾਂ ਦਸਵੇਂ ਗੁਰੂ ਜੀ ਦੀ ਲਿਖੀ ਮੰਨ ਲਈ ਜਾਵੇ ਤਾਂ ਇਸ ਦੇ ਹੇਠ ਲਿਖੇ ਸਿੱਟੇ ਕੱਢੇ ਜਾ ਸਕਦੇ ਹਨ: -

1. ਦਸਵੇਂ ਗੁਰੂ ਜੀ ਖ਼ੁਦ ਆਪਣੇ ਜਨਮ ਦੀ ਕਹਾਣੀ ਆਪ ਹੀ ਦੱਸ ਰਹੇ ਹਨ ਕਿ ਉਨ੍ਹਾਂ ਦਾ ਮਾਤਾ ਦੇ ਗਰਭ ਵਿੱਚ ਕਿੱਥੇ ਪਰਵੇਸ਼ ਹੋਇਆ ਸੀ ਜਦੋਂ ਕਿ ਕੋਈ ਵੀ ਪਿਤਾ ਆਪਣੇ ਬੱਚੇ ਨਾਲ਼ ਅਜਿਹੀ ਗੱਲ ਸਾਂਝੀ ਨਹੀਂ ਕਰਦਾ ।
2. ਦਸਵੇਂ ਗੁਰੂ ਜੀ ਆਪਣੀ ਕਲਮ ਨਾਲ਼ ਲਿਖ ਰਹੇ ਹਨ ਕਿ ਪਿਤਾ ਗੁਰੂ ਤੇਗ਼ ਬਹਾਦੁਰ ਅਤੇ ਮਾਤਾ ਗੁਜਰ ਕੌਰ ਜੀ ਭਾਂਤ ਭਾਂਤ ਦੇ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕਰਨ ਗਏ ਸਨ ਤਾਂ ਜੁ ਉਨ੍ਹਾਂ ਦੇ ਘਰ ਔਲਾਦ ਪੈਦਾ ਹੋਵੇ ।
3. ਭਾਂਤ ਭਾਂਤ ਦੇ ਹਿੰਦੂ ਤੀਰਥਾਂ ਵਿੱਚ ਸ਼ਕਤੀ ਹੈ ਕਿ ਉਨ੍ਹਾਂ ਤੋਂ ਔਲਾਦ ਪ੍ਰਾਪਤ ਹੋ ਜਾਂਦੀ ਹੈ ।
4. ਤੀਰਥ ਇਸ਼ਨਾਨ ਦੇ ਨਾਲ਼ ਨਾਲ਼ ਗੁਰੂ ਜੀ ਨੇ ਇਹ ਵੀ ਲਿਖ ਦਿੱਤਾ ਹੈ ਕਿ ਉਨ੍ਹਾਂ ਦੇ ਮਾਤਾ ਅਤੇ ਪਿਤਾ ਨੇ ਤ੍ਰਿਬੇਣੀ (ਅਲਾਹਾਬਾਦ) ਦੇ ਅਸਥਾਂਨ ਤੇ ਇਸ਼ਨਾਨ ਕਰਨ ਦੇ ਨਾਲ਼ ਬਹੁਤ ਪੁੰਨ ਦਾਨ ਵੀ ਕੀਤਾ ਕਿ ਘਰ ਔਲਾਦ ਪੈਦਾ ਹੋ ਜਾਵੇ ।
5. ਦਾਨ ਪੁੰਨ ਕਰਨ ਨਾਲ਼ ਵੀ ਔਲਾਦ ਦੀ ਪ੍ਰਾਪਤੀ ਵਿੱਚ ਸਹਾਇਤਾ ਹੋ ਜਾਂਦੀ ਹੈ ।
6. ਦਸਵੇਂ ਗੁਰੂ ਜੀ ਇਸ ਰਚਨਾ ਰਾਹੀਂ ਕਹਿੰਦੇ ਹਨ ਕਿ ਉਨ੍ਹਾਂ ਦਾ ਗਰਭ ਪ੍ਰਵੇਸ਼ ਤ੍ਰਿਬੇਣੀ ਬਿਖੇ ਹੋਇਆ ਸੀ ਜਦੋਂ ਕਿ ਕੇਵਲ ਮਾਤਾ ਪਿਤਾ ਨੂੰ ਹੀ ਇਸ ਗੱਲ ਦਾ ਪਤਾ ਹੁੰਦਾ ਹੈ ।

ਪ੍ਰਸ਼ਨ: ਕੀ ਉਪਰੱਕਤ ਸਿੱਟੇ ਗੁਰਬਾਣੀ ਦੀ ਕਸਵੱਟੀ ਸਹਿ ਸਕਦੇ ਹਨ?
ਉੱਤਰ: ਨਹੀਂ ।

ਵਿਚਾਰ: ਗੁਰਬਾਣੀ ਦਾ ਖ਼ਜ਼ਾਨਾ ਖ਼ੁਦ ਦਸਵੇਂ ਗੁਰੂ ਜੀ ਨੇ ਘੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਿੱਖ ਕੌਮ ਨੂੰ ਸੌਂਪਿਆ ਸੀ । ਇਸ ਖ਼ਜ਼ਾਨੇ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਵਿਚਾਰ ਅਧੀਨ ਰਚਨਾ ਸਿੱਖੀ ਵਿਚਾਰਧਾਰਾ ਦੇ ਪੂਰੀ ਤਰ੍ਹਾਂ ਉਲ਼ਟ ਹੈ । ਕੀ ਗੁਰੂ ਨੂੰ ਕਿਸੇ ਤੀਰਥ ਉੱਤੇ ਨਹਾਉਣ ਦੀ ਲੋੜ ਹੈ? ਕੀ ਔਲਾਦ ਪ੍ਰਾਪਤੀ ਤੀਰਥਾਂ ਦੇ ਇਸ਼ਨਾਨ ਤੋਂ ਹੁੰਦੀ ਹੈ ਕਿ ਰੱਬੀ ਹੁਕਮ ਅਨੁਸਾਰ ਹੁੰਦੀ ਹੈ? ਜੇ ਗੁਰੂ ਹੀ ਤੀਰਥਾਂ ਦੇ ਇਸ਼ਨਾਨ ਅਤੇ ਦਾਨ ਪੁੰਨ ਕਰ ਕੇ ਆਸਾਂ ਪੂਰੀਆਂ ਕਰਨ ਤਾਂ ਸਿੱਖਾਂ ਦੀਆਂ ਆਸਾਂ ਗੁਰੂ ਕਿਵੇਂ ਪੂਰੀਆਂ ਕਰ ਸਕਦੇ ਹਨ? ਅਜਿਹੇ ਤਮਾਮ ਸਵਾਲਾਂ ਦੇ ਉੱਤਰ ਗੁਰਬਾਣੀ ਵਿੱਚੋਂ ਮਿਲ਼ ਜਾਂਦੇ ਹਨ । ਆਓ ਦੇਖੀਏ ਗੁਰਬਾਣੀ ਵਿੱਚ ਗੁਰੂ ਪਾਤਿਸ਼ਾਹਾਂ ਵਲੋਂ ਹੀ ਸਿੱਖਾਂ ਨੂੰ ਕੀ ਉਪਦੇਸ਼ ਦਿੱਤੇ ਗਏ ਹਨ: -

1. ਤੀਰਥ ਇਸ਼ਨਾਨ ਨਾਲ਼ ਇੱਛਾਂ ਪੂਰੀਆਂ ਨਹੀਂ ਹੁੰਦੀਆਂ ਸਗੋਂ ਗੁਰੂ ਤੋਂ ਪ੍ਰਾਪਤ ਨਾਮ ਅੰਮ੍ਰਿਤ ਨਾਲ਼ ਹੁੰਦੀਆਂ ਹਨ । ਦੇਖੋ ਪ੍ਰਮਾਣ-
ਧਨਾਸਰੀ ਮਹਲਾ 4॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ॥1॥- ਗਗਸ ਪੰਨਾਂ 669/18

2. ਤੀਰਥਾਂ ਦੇ ਇਸ਼ਨਾਨ ਅਤੇ ਦਾਨ ਪੁੰਨ ਲੋਕਾਂ ਵਿੱਚ ਜ਼ਰਾ ਕੁ ਵਾਹ ਵਾਹ ਤੋਂ ਬਿਨਾਂ ਹੋਰ ਕੁੱਝ ਨਹੀਂ ਸਵਾਰਦੇ । ਗੁਰੂ ਪਰਮੇਸ਼ਰ ਦੇ ਉਪਦੇਸ਼ ਨੂੰ ਸੁਣਨਾ, ਮੰਨਣਾ ਅਤੇ ਮਨ ਵਿੱਚ ਪ੍ਰੇਮ ਭਰੀ ਸ਼ਰਧਾ ਰੱਖਣੀ ਹੀ ਮਨ ਦਾ ਅੰਦਰਲੇ ਤੀਰਥ ਉੱਤੇ ਇਸ਼ਨਾਨ ਹੈ । ਦੇਖੋ ਇਹ ਪ੍ਰਮਾਣ-

ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥ ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ -ਗਗਸ ਪੰਨਾਂ 4/14

3. ਗੁਰੂ ਤਾਂ ਖ਼ੁਦ ਹੀ ਤੀਰਥ ਹੈ ਜਿਸ ਨੂੰ ਭਾਂਤ ਭਾਂਤ ਦੇ ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ ਹੁੰਦੀ । ਦੇਖੋ ਇਹ ਪ੍ਰਮਾਣ-
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥3॥- ਗਗਸ ਪੰਨਾਂ 17/14

4. ਸਤਿਗੁਰੂ ਹੀ ਅਸਲੀ ਤੀਰਥ ਹੈ ਅਤੇ ਸਿੱਖਾਂ ਦੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨ ਦੇ ਸਮਰੱਥ ਹੈ । ਦੇਖੋ ਇਹ ਪ੍ਰਮਾਣ-
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ॥ ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ॥- ਗਗਸ ਪੰਨਾਂ 26/5

5. ਗੁਰੂ ਤਾਂ ਖ਼ੁਦ ਹੀ ਤੀਰਥ ਹੈ । ਗੁਰੂ ਤਾਂ ਖ਼ੁਦ ਹੀ ਪਾਰਜਤ ਦਾ ਰੁੱਖ ਹੈ ਜਿਸ ਨੂੰ ਕਿਸੇ ਤੀਰਥ ਇਸ਼ਨਾਨ ਦੀ ਲੋੜ ਨਹੀਂ ਹੈ । ਦੇਖੋ ਇਹ ਪ੍ਰਮਾਣ-
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ॥- ਗਗਸ ਪੰਨਾਂ 52/14

6. ਪੂਰਾ ਸਤਿਗੁਰੂ ਖ਼ੁਦ ਹੀ ਤੀਰਥ ਹੈ ਜਿਸ ਨੂੰ ਕਿਸੇ ਤੀਰਥ ਇਸ਼ਨਾਨ ਦੀ ਜ਼ਰੂਰਤ ਨਹੀਂ ਹੈ । ਦੇਖੋ ਇਹ ਵਚਨ-
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥ ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ॥- ਗਗਸ ਪੰਨਾਂ 140/3

7. ਪ੍ਰਭੂ ਨਾਮ ਤੋਂ ਬਿਨਾਂ ਹੋਰ ਜਤ, ਸਤ ਅਤੇ ਤੀਰਥ ਇਸ਼ਨਾਨ ਸੱਭ ਖਿਲਾਰੇ ਹੀ ਹਨ ਜੋ ਕਿਸੇ ਕੰਮ ਨਹੀਂ । ਗੁਰਬਾਣੀ ਦਾ ਉਪਦੇਸ਼ ਹੈ-
ਜਤੁ ਸਤੁ ਤੀਰਥੁ ਮਜਨੁ ਨਾਮਿ॥ ਅਧਿਕ ਬਿਥਾਰੁ ਕਰਉ ਕਿਸੁ ਕਾਮਿ॥ ਨਰ ਨਾਰਾਇਣ ਅੰਤਰਜਾਮਿ ॥3॥- ਗਗਸ ਪੰਨਾਂ 153/12
ਅਰਥ: - ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ । ਮੈਂ (ਜਤ, ਸਤ, ਤੀਰਥ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ, ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ।

8. ਗੁਰੂ ਖ਼ੁਦ ਹੀ ਤੀਰਥ ਹੈ ਜਿਸ ਨੂੰ ਕਿਸੇ ਤੀਰਥ ਇਸ਼ਨਾਨ ਦੀ ਲੋੜ ਨਹੀਂ ਹੈ । ਗੁਰੂ ਤੋਂ ਮਿਲ਼ਦਾ ਗਿਆਨ ਹੀ ਮਨ ਦਾ ਇਸ਼ਨਾਨ ਕਰਾ ਦਿੰਦਾ ਹੈ । ਪ੍ਰਮਾਣ ਦੇਖੋ-
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥- ਗਗਸ ਪੰਨਾਂ 250/4

9. ਗੁਰੂ ਨਾਲ਼ੋਂ ਕੋਈ ਤੀਰਥ ਵੱਡਾ ਨਹੀਂ ਹੈ । ਕੋਈ ਤੀਰਥ ਵੱਡਾ ਨਹੀਂ ਹੁੰਦਾ ਸਗੋਂ ਤੀਰਥ ਪੈਦਾ ਕਰਨ ਵਾਲ਼ਾ ਵੱਡਾ ਹੁੰਦਾ ਹੈ ।
ਕਹਿ ਕਬੀਰ ਹਉ ਭਇਆ ਉਦਾਸੁ॥ ਤੀਰਥੁ ਬਡਾ ਕਿ ਹਰਿ ਕਾ ਦਾਸੁ ॥3॥42॥- ਗਗਸ ਪੰਨਾਂ 331/17

10. ਦੁਨੀਆਂ ਵਿੱਚ ਕੋਈ ਵੀ ਤੀਰਥ ਗੁਰੂ ਦੇ ਬਰਾਬਰ ਨਹੀਂ ਹੈ, ਭਾਵ, ਗੁਰੂ ਸਾਰੇ ਤੀਰਥਾਂ ਤੋਂ ਵੱਡਾ ਹੈ ਤਾਂ ਗੁਰੂ ਨੂੰ ਕਿਸੇ ਤੀਰਥ ਇਸ਼ਨਾਨ ਦੀ ਕੀ ਲੋੜ ਹੈ? ਪ੍ਰਮਾਣ ਦੇਖੋ-
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥3॥- ਗਗਸ ਪੰਨਾਂ 437/3

11. ਗੁਰੂ ਜੀ ਖ਼ੁਦ ਕਹਿੰਦੇ ਹਨ ਕਿ ਤੀਰਥ ਤਾਂ ਮਨ ਦੇ ਅੰਦਰ ਹੀ ਹੈ ਕਿਉਂਕਿ ਰੱਬ ਅੰਦਰ ਹੀ ਬੈਠਾ ਹੈ । ਇਸੇ ਤੀਰਥ ਉੱਤੇ ਨਹਾਉਣ ਨਾਲ਼ ਹੀ ਮਨ ਦੀ ਮੈਲ਼ ਦੂਰ ਹੁੰਦੀ ਹੈ । ਫਿਰ ਗੁਰੂ ਨੂੰ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਦੀ ਕੀ ਲੋੜ ਹੈ? ਦੇਖੋ ਇਹ ਪ੍ਰਮਾਣ-
ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥- ਗਗਸ ਪੰਨਾਂ 587/5

12. ਜਦੋਂ ਸ਼ਬਦ ਗੁਰੂ ਜੀ ਦੀ ਵਿਚਾਰ ਵਿੱਚੋਂ ਕੀਤੇ ਗੁਰੂ ਦਰਸ਼ਨ ਨਾਲ਼ 68 ਤੀਰਥਾਂ ਦੇ ਇਸ਼ਨਾਨ ਦੀ ਲੋੜ ਹੀ ਨਹੀਂ ਰਹਿੰਦੀ ਤਾਂ ਗੁਰੂ ਨੂੰ ਖ਼ੁਦ ਕਿਸੇ ਤੀਰਥ ਇਸ਼ਨਾਨ ਦੀ ਕੀ ਲੋੜ ਹੈ? ਪ੍ਰਮਾਣ ਹਾਜ਼ਰ ਹੈ-
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ॥ ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ॥2॥-ਗਗਸ ਪੰਨਾਂ 597/13

13. ਜਿਸ ਗੁਰੂ ਦਾ ਉਪਦੇਸ਼ ਹੀ ਸਿੱਖ ਦੇ ਮਨ ਨੂੰ ਸੱਚੇ ਨਾਮ ਨਾਲ਼ ਇਸ਼ਨਾਨ ਕਰਾ ਦਿੰਦਾ ਹੈ ਉਸ ਗੁਰੂ ਨੂੰ ਕਿਸੇ ਤੀਰਥ ਇਸ਼ਨਾਨ ਦੀ ਕਿਉਂ ਲੋੜ ਪਵੇ? ਜਿਸ ਗੁਰੂ ਦਾ ਉਪਦੇਸ਼ ਰੋਗੀ ਸੰਸਾਰ ਨੂੰ ਠੀਕ ਕਰਦਾ ਹੈ ਉਸ ਗੁਰੂ ਨੂੰ ਖ਼ੁਦ ਕਿਤੇ ਤੀਰਥ ਇਸ਼ਨਾਨ ਕਰਦੇ ਦੱਸਣਾ ਗੁਰੂ ਦੀ ਨਿਰਾਦਰੀ ਹੈ । ਵਚਨ ਹਨ-
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ॥1॥- ਗਗਸ ਪੰਨਾਂ 687/14

14. ਗੁਰਬਾਣੀ ਤਾਂ ਸਪੱਸ਼ਟ ਦੱਸਦੀ ਹੈ ਕਿ ਭਾਂਤ ਭਾਂਤ ਦੇ ਤੀਰਥਾਂ ਦੇ ਇਸ਼ਨਾਨ ਹਉਮੈ ਦੀ ਮੈਲ਼ ਹੀ ਲਾਉਂਦੇ ਹਨ । ਗੁਰੂ ਦਾ ਦਿੱਤਾ ਗਿਆਨ ਹੀ ਮਨ ਦਾ ਇਸ਼ਨਾਨ ਕਰਾਉਂਦਾ ਹੈ । ਵਿਚਾਰੋ ਇਹ ਬੋਲ-
ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ॥ ਕਦਿ ਪਾਵਉ ਸਾਅਖੌਤੀ ਦਸਮਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥4॥- ਗਗਸ ਪੰਨਾਂ 687/4

15. ਗੁਰੂ ਜੀ ਖ਼ੁਦ ਦੱਸ ਰਹੇ ਹਨ ਕਿ ਰੱਬੀ ਯਾਦ ਹੀ ਤੀਰਥ ਹੈ । ਗੁਰੂ ਦੇ ਸ਼ਬਦ ਦੀ ਵੀਚਾਰ ਹੀ ਤੀਰਥ ਹੈ ਜਿਸ ਨਾਲ਼ ਹਿੰਦੂ ਮੱਤ ਦੇ 10 ਦਿਨਾਂ ਉੱਤੇ ਤੀਰਥ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ । ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈ । ਪ੍ਰਮਾਣ ਹੈ-
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥- ਗਗਸ ਪੰਨਾਂ 687/14

ਅਰਥ: - ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ । ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ । ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ} ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ ।

16. ਜਦੋਂ ਗੁਰੂ ਦੇ ਸਮਾਨ ਦੁਨੀਆਂ ਦਾ ਕੋਈ ਤੀਰਥ ਹੀ ਨਹੀਂ ਹੈ ਤਾਂ ਦਸਵੇਂ ਗੁਰੂ ਜੀ ਨਹੀਂ ਲਿਖ ਸਕਦੇ ਕਿ ਉਨ੍ਹਾਂ ਦੇ ਮਾਤਾ ਪਿਤਾ ਜੀ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਕਰਨ ਗਏ ਸਨ । ਅਜਿਹਾ ਲਿਖਣਾ ਹੀ ਗੁਰੂ ਪਦਵੀ ਦੀ ਨਿਰਾਦਰੀ ਹੈ । ਪੜ੍ਹੋ ਇਹ ਬੋਲ-
ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ ॥1॥ ਰਹਾਉ॥- ਗਗਸ ਪੰਨਾਂ 1328/19
ਅਰਥ:- ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ । ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ।1।

17. ਗੁਰੂ ਤਾਂ ਖ਼ੁਦ ਹੀ ਤੀਰਥ ਹੈ ਜਿਸ ਨੂੰ ਭਾਂਤ ਭਾਂਤ ਦੇ ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ ਹੈ । ਗੁਰਬਾਣੀ ਦਾ ਪ੍ਰਮਾਣ ਹੈ-
ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ॥ ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ॥10॥- ਗਗਸ ਪੰਨਾਂ 1411/7

18. ਤੀਰਥ ਤਾਂ ਅੰਦਰ ਹੀ ਹੈ ਫਿਰ ਬਾਰਲੇ ਤੀਰਥਾਂ ਉੱਤੇ ਇਸ਼ਨਾਨ ਦੀ ਕੀ ਜ਼ਰੂਰਤ ਹੈ? ਪ੍ਰਮਾਣ ਹੈ-
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥- ਗਗਸ ਪੰਨਾਂ 1109/12

19. ਗੁਰਬਾਣੀ ਅਨੁਸਾਰ ਤੀਰਥ ਤਾਂ ਪ੍ਰਭੂ ਦਾ ਨਾਮ ਹੈ ਜੋ ਗੁਰੂ ਕੋਲ਼ੋਂ ਮਿਲ਼ਦਾ ਹੈ ਫਿਰ ਗੁਰੂ ਨੂ ਖ਼ੁਦ ਤੀਰਥ ਇਸ਼ਨਾਨ ਦੀ ਕੀ ਜ਼ਰੂਰਤ ਹੈ? ਦੇਖੋ ਇਹ ਬੋਲ -
ਤੀਰਥੁ ਹਮਰਾ ਹਰਿ ਕੋ ਨਾਮੁ॥ ਗੁਰਿ ਉਪਦੇਸਿਆ ਤਤੁ ਗਿਆਨੁ ॥1॥ਰਹਾਉ॥ - ਗਗਸ ਪੰਨਾਂ 1142/10

20. ਜੇ ਤ੍ਰਿਬੇਣੀ ਦਾ ਇਸ਼ਨਾਨ ਅਤੇ ਦਾਨ ਪੁੰਨ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤਾਂ ਫਿਰ ਗੁਰੂ ਪਾਤਿਸ਼ਾਹ ਨੂੰ ਭਾਂਤ ਭਾਂਤ ਦੇ ਤੀਰਥਾਂ ਉੱਤੇ ਇਸ਼ਨਾਨ ਕਰਦੇ ਅਤੇ ਦਾਨ ਪੁੰਨ ਕਰਦੇ ਲਿਖ ਕੇ ਗੁਰੂ ਦੀ ਨਿਰਾਦਰੀ ਨਹੀਂ ਕੀਤੀ ਗਈ? ਕੀ ਇਹ ਨਿਰਾਦਰੀ ਦਸਵੇਂ ਗੁਰੂ ਜੀ ਨੇ ਕਵੀ ਬਣ ਕੇ ਕੀਤੀ ਹੈ? ਸੋਚੋ ਅਤੇ ਪੜ੍ਹੋ ਇਹ ਪ੍ਰਮਾਣ-

ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ 1॥ ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ ॥1॥
ਤਉ ਨ ਪੁਜਹਿ ਹਰਿ ਕੀਰਤਿ ਨਾਮਾ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ॥1॥ਰਹਾਉ॥
- ਗਗਸ ਪੰਨਾਂ 873/8

ਅਰਥ:- ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ (ਤ੍ਰਿਬੇਣੀ) ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ।1। ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ । ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ।1।ਰਹਾਉ।

ਸਿੱਟਾ: ਗੁਰਬਾਣੀ ਦੀ ਖੋਜ ਤੋਂ ਮਿਲ਼ਦੇ ਪ੍ਰਮਾਣਾਂ ਦੇ ਆਧਾਰ 'ਤੇ ਡੰਕੇ ਦੀ ਚੋਟ ਨਾਲ਼ ਇਹ ਕਿਹਾ ਜਾ ਸਕਦਾ ਹੈ ਕਿ ਮੁਰ ਪਿਤ ਪੂਰਬ---- ਵਾਲ਼ੀ ਚੌਪਈ ਰਾਮ, ਸ਼ਿਆਮ ਆਦਿਕ ਕਿਸੇ ਕਵੀ ਦੀ ਲਿਖੀ ਹੋਈ ਹੈ ਜੋ ਗੁਰੂ ਤੇਗ਼ ਬਹਾਦੁਰ, ਮਾਤਾ ਗੁਜਰ ਕੌਰ ਅਤੇ ਦਸਵੇਂ ਗੁਰੂ ਜੀ ਦੀ ਅਤੀ ਨਿਰਾਦਰੀ ਕਰਦੀ ਹੈ । ਇਸ ਰਚਨਾ ਦਾ ਸਿੱਖ ਸੰਗਤਾਂ ਵਿੱਚ ਪ੍ਰਚਾਰਕਾਂ ਵਲੋਂ ਪ੍ਰਚਾਰ ਕਰਨਾ ਘੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕਲੰਕਿਤ ਕਰਨ ਦੇ ਨਾਲ਼-ਨਾਲ਼ ਗੁਰੂ ਪਾਤਿਸ਼ਾਹਾਂ ਨੂੰ ਹਿੰਦੂ ਮੱਤ ਦੇ ਭਾਂਤ ਭਾਂਤ ਤੀਰਥਾਂ ਉੱਤੇ ਇਸ਼ਨਾਨ ਕਰਦੇ ਦੱਸਣਾ ਗੁਰੂ ਪਦਵੀ ਦੀ ਬਹੁਤ ਵੱਡੀ ਨਿਰਾਦਰੀ ਹੈ । ਇਹ ਪਾਪ ਕਿਸੇ ਤੋਂ ਨਾ ਹੋਵੇ । ਜੇ ਕਿਸੇ ਤੋਂ ਹੋ ਗਿਆ ਹੈ ਤਾਂ ਅਗਾਂਹ ਤੋਂ ਇਸ ਤੋਂ ਤੌਬਾ ਕਰੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਉੱਚੀ ਰੱਖੀ ਜਾ ਸਕਦੀ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top