ਗੁਰੂ
ਨਾਨਕ ਸਾਹਿਬ ਨੇ ਜਪੁ ਜੀ ਬਾਣੀ ਨੂੰ ਹਰ ਸਿੱਖ ਲਈ ਬਣਾਏ ਸਵੇਰ ਦੇ ਨਿੱਤਨੇਮ ਵਿੱਚ ਸ਼ਾਮਲ
ਕਰ ਲਿਆ ਸੀ । ਗੁਰੂ ਅਰਜਨ ਸਾਹਿਬ ਵਲੋਂ ਇਸ ਰੀਤਿ ਨੂੰ ਪੋਥੀ ਸਾਹਿਬ ਰਾਹੀਂ ਲਿਖਤੀ ਰੂਪ
ਵਿੱਚ ਪੱਕਾ ਕਰ ਦਿੱਤਾ ਗਿਆ । ਦਮਦਮੀ ਬੀੜ ਰਾਹੀਂ ਇਸ ਰੀਤਿ ਨੂੰ ਦਸਵੇਂ ਪਾਤਿਸ਼ਾਹ ਨੇ ਵੀ
ਪਰਵਾਨਗੀ ਬਖ਼ਸ਼ ਦਿੱਤੀ ਸੀ । ਜਪੁ ਜੀ ਦੀ ਪੰਜਵੀਂ ਪਉੜੀ ਇਉਂ ਹੈ :
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ
ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ
ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ
ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ
ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ
ਦਾਤਾ ਸੋ ਮੈ ਵਿਸਰਿ ਨ ਜਾਈ॥5॥
ਸੰਨ 1897 ਵਿੱਚ ਅੰਗ੍ਰੇਜ਼ ਸਰਕਾਰ ਅਤੇ ਅੰਗ੍ਰੇਜ਼ ਸਰਕਾਰ ਦੇ
ਬ੍ਰਾਹਮਣਵਾਦੀ ਪਿੱਠੂ ਖੇਮ ਸਿੰਘ ਬੇਦੀ ਦੇ ਇਸ਼ਾਰਿਆਂ 'ਤੇ ਅੰਮ੍ਰਿਤਸਰ ਦੀ
‘ਗੁਰਮਤਿ ਗ੍ਰੰਥ ਪ੍ਰਚਾਰਕ ਸਭਾ’ ਵਲੋਂ ਬਣਾਏ ਗਏ ਅਖੌਤੀ ਦਸ਼ਮ ਗ੍ਰੰਥ ਵਿੱਚ ਸ਼ਿਵ ਦੇਵਤੇ
ਦੇ 12 ਜੋਤ੍ਰਿਲਿੰਗਮਾਂ ਵਿੱਚੋਂ ਮਹਾਂਕਾਲ਼ ਦੇਵਤੇ ਅਤੇ ਪਾਰਬਤੀ ਦੇ ਰੂਪ ਦੁਰਗਾ ਦੇਵੀ
ਨੂੰ ਇਸ਼ਟ ਰੂਪ ਵਿੱਚ ਸਾਲਾਹਿਆ ਅਤੇ ਵਡਿਆਇਆ ਗਿਆ ਹੈ। ਦੁਰਗਾ ਦੇਵੀ ਲਈ ਹੋਰ ਕਈ ਨਾਂ ਵੀ
ਇਸ ਗ੍ਰੰਥ ਵਿੱਚ ਵਰਤੇ ਗਏ ਹਨ ਜਿਵੇਂ, ਸ਼ਿਵਾ, ਭਗਉਤੀ, ਕਾਲਿਕਾ, ਚੰਡਿਕਾ, ਚੰਡ, ਭਵਾਨੀ,
ਗਿਰਿਜਾ, ਦੁਰਗਸ਼ਾਹ ਆਦਿਕ । ਮਹਾਂਕਾਲ਼ ਦੇਵਤੇ ਦੇ ਹੋਰ ਨਾਂ ਵੀ ਵਰਤੇ ਗਏ ਹਨ ਜਿਵੇਂ, ਕਾਲ਼,
ਸਰਬਕਾਲ਼, ਸਰਬਲੋਹ, ਖੜਗਕੇਤ, ਖੜਗਾਧੁਜ, ਅਸਿਕੇਤ, ਅਸਿਪਾਨ ਆਦਿਕ । ਮਹਾਂਕਾਲ਼ ਦੇਵਤੇ ਦਾ
ਮੰਦਰ ਮੱਧਪ੍ਰਦੇਸ਼ ਦੇ ਉਜੈਨ ਵਿੱਚ ਸਥਾਪਤ ਕੀਤਾ ਗਿਆ ਹੈ । ਪਾਰਬਤੀ ਦੇਵੀ ਦੇ ਵੱਖ-ਵੱਖ
ਨਾਵਾਂ ਨਾਲ਼ ਬਹੁਤ ਸਾਰੇ ਮੰਦਰ ਬਣੇ ਹੋਏ ਹਨ । ਇਹ ਤਾਂ ਸਪੱਸ਼ਟ ਹੈ ਕਿ ਦੁਰਗਾ ਦੇਵੀ ਅਤੇ
ਮਹਾਂਕਾਲ਼ ਦੇਵਤਾ ਹਿੰਦੂ ਮੱਤ ਵਿੱਚ ਪੂਜੇ ਜਾਂਦੇ ਹਨ।
ਜਪੁ ਦੀ ਪੰਜਵੀਂ ਪਉੜੀ ਦੀ ਵਿਚਾਰ ਅਤੇ ਸਮਝ ਨਾਲ਼ ਕਿਵੇਂ ਹਿੰਦੂ ਮੱਤ ਦੇ ਮਹਾਂਕਾਲ਼ ਦੇਵਤੇ
ਅਤੇ ਪਾਰਬਤੀ ਮਾਈ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਕੀਤਾ ਗਿਆ ਹੈ, ਹੁਣ ਇਸ ਨੂੰ
ਸਮਝਦੇ ਹਾਂ-
1. ਪਉੜੀ ਵਿੱਚ
ਰੱਬ ਪ੍ਰਤੀ ਵਿਚਾਰ:
ਜਪੁ ਦੀ ਪਉੜੀ ਵਿੱਚ “ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥” ਦੱਸਦੀ ਹੈ
ਕਿ ਰੱਬ ਨੂੰ ਕਿਤੇ ਵੀ ਸਥਾਪਤ ਨਹੀਂ ਕੀਤਾ ਜਾ ਸਕਦਾ । ਰੱਬ ਆਪਣੇ ਆਪ ਤੋਂ ਹੀ ਹੈ ਜੋ
ਕਿਸੇ ਦਾ ਕੀਤਾ ਹੋਇਆ ਨਹੀਂ ਹੈ।
ਮਹਾਂਕਾਲ਼ ਦੇਵਤੇ ਦੀ ਜਪੁ ਦੀ ਪਉੜੀ ਦੀ
ਕਸਵੱਟੀ ਨਾਲ਼ ਪਰਖ:
ਰੱਬ ਸਥਾਪਤ ਨਹੀਂ ਕੀਤਾ ਜਾ ਸਕਦਾ ਪਰ ਮਹਾਂਕਾਲ਼ ਦੇਵਤੇ ਨੂੰ
ਉਜੈਨ ਦੇ ਮਹਾਂਕਾਲ਼ ਮੰਦਰ ਵਿੱਚ ਸਥਾਪਤ ਕੀਤਾ ਗਿਆ ਹੈ ਫਿਰ ਮਹਾਂਕਲ਼ ਦੇਵਤਾ ਸਿੱਖਾਂ
ਲਈ ਰੱਬ ਕਿਵੇਂ ਹੈ? ਰੱਬ ਕਿਸੇ ਦਾ ਕੀਤਾ ਹੋਇਆ ਵੀ ਨਹੀਂ ਹੈ ਜਦੋਂ ਕਿ ਮਹਾਂਕਾਲ਼ ਦੇਵਤਾ
ਕਿਸੇ ਮੂਰਤੀ ਰੂਪ ਵਿੱਚ ਕਿਸੇ ਬੁੱਤਘਾੜੇ ਦਾ ਕੀਤਾ ਜਾਂ ਬਣਾਇਆ ਹੋਇਆ ਹੈ ਫਿਰ ਮਹਾਂਕਾਲ਼
ਦੇਵਤਾ ਸਿ1ਖਾਂ ਲਈ ਰੱਬ ਕਿਵੇਂ ਹੋ ਗਿਆ? ਰੱਬ ਕਿਉਂਕਿ ਕਿਤੇ ਸਥਾਪਤ ਨਹੀਂ ਕੀਤਾ ਜਾ ਸਕਦਾ
ਇਸ ਲਈ ਰੱਬ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ ।
ਮਹਾਂਕਾਲ਼ ਦੇਵਤੇ ਦੀ ਮੂਰਤੀ ਵੀ ਬਣੀ ਹੋਈ ਹੈ ਫਿਰ ਮਹਾਂਕਾਲ਼ ਦੇਵਤਾ ਸਿੱਖਾਂ ਲਈ ਰੱਬ ਕਿਵੇਂ
ਹੋ ਸਕਦਾ ਹੈ? ਰੱਬ ਕਿਸੇ ਹੋਰ ਹਸਤੀ ਦਾ ਰੂਪ ਜਾਂ ਸਰੂਪ ਨਹੀਂ ਹੈ ਜਦੋਂ ਕਿ ਮਹਾਂਕਾਲ਼
ਦੇਵਤਾ ਸ਼ਿਵ ਦੇਵਤੇ ਦਾ 12 ਰੂਪਾਂ ਵਿੱਚੋਂ ਇੱਕ ਰੂਪ ਹੈ ਫਿਰ ਮਹਾਂਕਾਲ਼ ਦੇਵਤਾ ਸਿੱਖਾਂ
ਦਾ ਰੱਬ ਕਿਵੇਂ ਹੈ? ਬਾਣੀ ਦੀ ਕਸਵੱਟੀ ਅਨੁਸਾਰ ਸਪੱਸ਼ਟ ਹੋ ਗਿਆ ਕਿ ਮਹਾਂਕਾਲ਼ ਹਿੰਦੂ ਮੱਤ
ਵਿੱਚ ਇੱਕ ਦੇਵਤਾ ਹੈ ਜੋ ਸਰਬ ਵਿਆਪਕ ਰੱਬ ਨਹੀਂ ਹੈ ।
ਬੜੇ ਅਫ਼ਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਕਹੇ ਜਾਂਦੇ
ਹੋ ਚੁੱਕੇ ਕੁੱਝ ਧੁਰੰਧਰ ਕਥਾ ਵਾਚਕ ਅਤੇ ਵਿਦਵਾਨ ਮਹਾਂਕਾਲ਼ ਦੇਵਤੇ ਨੂੰ ਸਿੱਖਾਂ ਦਾ ਰੱਬ
ਦੱਸਦੇ ਰਹੇ ਤਾਂ ਜੁ ਅਖੌਤੀ ਦਸ਼ਮ ਗ੍ਰੰਥ ਨੂੰ ਬਚਾਇਆ ਜਾ ਸਕੇ ਅਤੇ ਦਸਵੇਂ ਗੁਰੂ ਜੀ ਦੇ
ਨਾਂ ਲਾਇਆ ਜਾ ਸਕੇ । ਹੁਣ ਵੀ ਕਈ ਚੋਟੀ ਦੇ ਕਥਾਵਾਚਕ ਇਨ੍ਹਾਂ ਦੇ ਪਦ ਚਿੰਨਾਂ ਉੱਪਰ ਚੱਲ
ਕੇ ਅਜਿਹੀ ਦੁਹਾਈ ਪਾ ਰਹੇ ਹਨ ਜੋ ਸਿੱਖ ਕੌਮ ਵਾਸਤੇ ਬਹੁਤ ਵੱਡੀ ਫੁੱਟ ਦਾ ਕਾਰਣ ਬਣ
ਚੁੱਕਾ ਹੈ।
ਸਿੱਖੀ ਵਿਰੋਧੀ ਸ਼ਕਤੀਆਂ ਦਾ ਸਦਾ ਹੀ ਇਹ ਨਿਸ਼ਾਨਾ ਰਿਹਾ ਹੈ ਕਿ
ਸਿੱਖਾਂ ਨੂੰ ਕਮਜ਼ੋਰ ਕਰਨ ਦਾ ਸਾਧਨ ਉਨ੍ਹਾਂ ਨੂੰ ਆਪਸ ਵਿੱਚ ਲੜਾਉਣਾਂ ਅਤੇ ਭਰਾ
ਮਾਰੂ ਜੰਗ ਵਿੱਚ ਉਲ਼ਝਉਣਾ ਹੀ ਹੈ ਅਤੇ ਇੱਸ ਨਿਸ਼ਾਨੇ ਦੀ ਪ੍ਰਾਪਤੀ ਵਿੱਚ ਅੰਗ੍ਰੇਜ਼ ਸਰਕਾਰ
ਵੀ ਸਫ਼ਲ ਹੋਈ ਅਤੇ ਮੌਜੂਦਾ ਅਜਿਹੀਆਂ ਜਥੇਬੰਦੀਆਂ ਵੀ ਸਫ਼ਲਤਾ ਵਲ ਵਧ ਚੁਕੀਆਂ ਹਨ । ਕਿਸੇ
ਦੇਵਤੇ ਨੇ ਰੱਬ ਨੂੰ ਨਹੀਂ ਬਣਾਇਆ {ਕੀਤਾ ਨਾ ਹੋਇ} ਸਗੋਂ ਰੱਬ ਤੋਂ ਹੀ ਸਾਰੀ ਸ੍ਰਿਸ਼ਟੀ
ਹੋਂਦ ਵਿੱਚ ਆਈ ਹੈ । ਮਹਾਂਕਾਲ਼ ਨੂੰ ਰੱਬ ਆਖ ਕੇ ਬਹੁਤੇ ਸਿੱਖ ਖ਼ੁਦ ਹੀ ਗੁਰੂ ਨਾਨਕ
ਸਾਹਿਬ ਜੀ ਦੇ ਜਪੁ ਜੀ ਦੀ ਵਿਚਾਰ ਅਧੀਨ ਪਉੜੀ ਵਿੱਚ ਦਿੱਤੇ ਰੱਬੀ ਉਪਦੇਸ਼ ਤੋਂ ਬਾਗ਼ੀ ਹੋ
ਚੁੱਕੇ ਹਨ ਅਤੇ ਅਖੌਤੀ ਦਸ਼ਮ ਗ੍ਰੰਥ ਨੂੰ ਦਸਵੇਂ ਗੁਰੂ ਜੀ ਵਲੋਂ ਗੁਰਿਆਈ ਪਰਾਪਤ ਸ਼੍ਰੀ
ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਸਿੱਖਾਂ ਦਾ ਅਸਲੀ ਗੁਰੂ ਸਾਬਤ ਕਰਨ ਵਿੱਚ ਦਸਵੇਂ ਗੁਰੂ
ਜੀ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਪੱਬਾਂ ਭਾਰ ਹੋਏ ਫਿਰਦੇ ਹਨ । ਕੀ ਗੁਰੂ ਦੀ ਸੱਚੀ
ਬਾਣੀ ਦੇ ਉਪਦੇਸ਼ ਤੋਂ ਅਜਿਹੇ ਬਾਗ਼ੀ ਹੋਏ ਸਿੱਖ ਜੇ ਰੋਜ਼ਾਨਾ ਜਪੁ ਜੀ ਦਾ ਪਾਠ ਕਰਦੇ ਹਨ
ਤਾਂ ਕੀ ਉਹ ਹੁਣ ਤਕ ਜਪੁ ਜੀ ਦੀ ਪੰਜਵੀਂ ਪਉੜੀ ਦੇ ਅਰਥ ਨਹੀਂ ਸਮਝ ਸਕੇ? ਬੜੇ ਅਚੰਭੇ
ਵਾਲ਼ੀ ਗੱਲ ਹੈ ।
2. ਜਪੁ ਦੀ ਪੰਜਵੀਂ ਪਉੜੀ ਦਾ ਉਪਦੇਸ਼
ਹੈ-
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ
ਪਾਰਬਤੀ ਮਾਈ॥
ਇਸ ਸਿਧਾਂਤਕ ਪੰਕਤੀ ਦਾ ਉਪਦੇਸ਼ ਸਿਧਾਂਤਕ ਤੌਰ 'ਤੇ ਮਹਾਂਕਾਲ਼ ਦੇਵਤੇ ਨੂੰ, ਗੋਰਖ ਨਾਥ
ਨੂੰ, ਬ੍ਰਹਮਾ ਦੇਵਤੇ ਨੂੰ ਅਤੇ ਦੁਰਗਾ ਮਾਈ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਬਾ ਨਾਨਕ
ਦੇ ਸਮੇਂ ਤੋਂ ਹੀ ਬਾਹਰ ਕਰ ਚੁੱਕਾ ਹੈ ।
ਪਾਠ ਤਾਂ ਬਹੁਤ ਕੀਤੇ ਗਏ ਹਨ ਪਰ ਅਰਥ ਵਿਚਾਰ ਦੇ ਪੱਖੋਂ
ਅਣਗਹਿਲੀ ਵਰਤਣ ਦੇ ਕਾਰਣ ਅੱਜ ਬਹੁਤ ਸਾਰੇ ਸਿੱਖ ਗੁਰਬਾਣੀ ਦੇ ਰੱਬੀ ਗਿਆਨ ਦੇ ਗਾਹਕ ਨਹੀਂ
ਰਹੇ ਜਿਸ ਦੇ ਸਿੱਟੇ ਵਜੋਂ ਮਹਾਂਕਾਲ਼ ਦੇਵਤਾ ਅਤੇ ਦੁਰਗਾ ਮਾਈ, ਜਿਨ੍ਹਾਂ ਨੂੰ
ਬਾਬਾ ਨਾਨਕ ਦੇ ਸਮੇਂ ਤੋਂ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤਕ ਸਿੱਖੀ ਦੇ ਵਿਹੜੇ
ਵਿੱਚ ਝਾਕਣ ਤਕ ਦਾ ਮੌਕਾ ਨਹੀਂ ਮਿਲ਼ਿਆ ਸੀ, ਅੱਜ ਉਨ੍ਹਾਂ ਦੇ ਵਿਹੜੇ ਵਿੱਚ ਲੁੱਡੀਆਂ ਪਾ
ਰਹੇ ਹਨ ਕਿਉਂਕਿ ਸਿੱਖ ਰਹਿਤ ਮਰਯਾਦਾ ਰਾਹੀਂ ਪੜ੍ਹੇ ਜਾ ਰਹੇ ਨਿੱਤਨੇਮ ਅਤੇ ਕੀਤੀ ਜਾਂਦੀ
ਅਰਦਾਸਿ ਰਾਹੀਂ ਇਨ੍ਹਾਂ ਦੀ ਮਾਨਤਾ ਜੁ ਉਨ੍ਹਾਂ ਦੇ ਘਰਾਂ ਵਿੱਚ ਹੋ ਰਹੀ ਹੈ ਅਤੇ ਇਹ
ਮਾਨਤਾ ਹੀ ਦੇਵੀ ਦੇਵਤੇ ਲਈ ਲੁੱਡੀਆਂ ਪਾਉਣ ਵਾਲ਼ੀ ਗੱਲ ਹੈ । ਸਿੱਖਾਂ ਨੂੰ ਅਜਿਹਾ ਕਰਨਾ
ਨਹੀਂ ਸ਼ੋਭਦਾ ਪਰ ਜਾਪਦਾ ਹੈ ਕਿ ਉਹ ਹੇਠ ਲਿਖੇ ਕਾਰਣਾ ਕਰਕੇ ਹੀ ਅਜਿਹਾ ਕਰ ਰਹੇ ਹੋ ਸਕਦੇ
ਹਨ-
ੳ). ਜਾਂ ਤਾਂ ਸਿੱਖੀ ਵਿਰੋਧੀ
ਸ਼ਕਤੀਆਂ ਵਲੋਂ ਦਿੱਤੇ ਕਿਸੇ ਤਰ੍ਹਾਂ ਦੇ ਵੱਡੇ ਲਾਲਚ ਅਧੀਨ ਅਜਿਹਾ ਕਰ ਰਹੇ ਹਨ ਤਾਂ ਜੁ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖਾਂ ਦਾ ਧਿਆਨ ਹਟਾ ਕੇ ਅਖੌਤੀ ਦਸ਼ਮ ਗ੍ਰੰਥ ਦੀਆਂ
ਮਾਰਕੰਡੇ ਪੁਰਾਣ, ਸ਼ਿਵ ਪੁਰਾਣ ਅਤੇ ਭਾਗਵਤ ਪੁਰਾਣ ਸਮੇਤ ਤ੍ਰਿਅ ਚਰਿੱਤ੍ਰਾਂ ਦੀਆਂ
ਕਹਾਣੀਆਂ ਦੇ ਪਾਠ ਵਲ ਲਾਇਆ ਜਾ ਸਕੇ ।
ਅ). ਜਾਂ ਉਹ ਅੰਧ ਵਿਸ਼ਵਾਸ
ਅਧੀਨ ਦਸਵੇਂ ਪਾਤਿਸ਼ਾਹ ਨੂੰ ਅਖੌਤੀ ਦਸ਼ਮ ਗ੍ਰੰਥ ਦਾ ਰਚੈਤਾ ਮੰਨ ਕੇ ਮਹਾਂਕਾਲ਼ ਦੇਵਤੇ ਅਤੇ
ਦੁਰਗਾ ਦੇਵੀ ਨੂੰ ਜਾਣ ਬੁੱਝ ਕੇ ਰੱਬ ਨਾਲ਼ ਵੀ ਤੁਲਨਾ ਦੇ ਰਹੇ ਹਨ ਤਾਂ ਜੁ ਉਨ੍ਹਾਂ
ਅਨੁਸਾਰ ਅਖੌਤੀ ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਹੀ ਦੱਸਿਆ ਜਾ ਸਕੇ ।
ੲ). ਜਾਂ ਉਹ ਸ਼੍ਰੀ ਗੁਰੂ
ਗ੍ਰੰਥ ਸਾਹਿਬ ਦੀ ਸੱਚੀ ਬਾਣੀ ਦੇ ਨਿਰੇ ਤੋਤਾ ਰੱਟਨੀ ਪਾਠਾਂ ਵਿੱਚ ਹੀ ਰੁੱਝੇ ਰਹੇ ਅਤੇ
ਸੱਚੀ ਬਾਣੀ ਦੀ ਵਿਚਾਰਧਾਰਾ ਦੀ ਪੂਰੀ ਸਮਝ ਤੋਂ ਕੋਰੇ ਰਹਿ ਗਏ ਹਨ ।
ਸ). ਜਾਂ ਉਹ ਇਹ ਮੰਨ ਰਹੇ ਹਨ
ਕਿ ਸਮੁੱਚੇ ਸਿੱਖ ਪੰਥ (ਅਸਲ ਵਿੱਚ ਸ਼੍ਰੋ. ਕਮੇਟੀ ਨੇ) ਨੇ ਹੀ ਉਨ੍ਹਾਂ ਨੂੰ ਸਿੱਖ ਰਹਿਤ
ਮਰਯਾਦਾ ਰਾਹੀਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨਾਲ਼ ਇਹ ਕਹਿ ਕੇ ਜੋੜਿਆ ਹੈ ਕਿ ਇਹ ਦਸਵੇਂ
ਗੁਰੂ ਜੀ ਦੀਆਂ ਰਚੀਆਂ ਹੋਈਆਂ ਹਨ ਜੋ ਉਨ੍ਹਾਂ ਨੂੰ ਗ਼ਲਤ ਨਹੀਂ ਜਾਪਦਾ । ਉਹ ਇਹ ਮੰਨ ਕੇ
ਚੱਲ ਰਹੇ ਹੋਣ ਕਿ ਸਿੱਖ ਪੰਥ ਸਿੱਖਾਂ ਨੂੰ ਕੁਰਾਹੇ ਨਹੀਂ ਪਾ ਸਕਦਾ ।
ਹ). ਜਾਂ ਉਹ ਇਹ ਮੰਨ ਕੇ ਚੱਲ
ਰਹੇ ਹਨ ਕਿ ਪੰਜ ਪਿਆਰੇ ਖੰਡੇ ਦੀ ਪਾਹੁਲ ਦੇਣ ਲਈ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਦੇ
ਹਨ ਜੋ ਉਨ੍ਹਾਂ ਦੀ ਸੋਚ ਅਨੁਸਾਰ ਗੁਰੂ ਕ੍ਰਿਤ ਹੀ ਹੋ ਸਕਦੀਆਂ ਹਨ ਕਿਉਂਕਿ ਉਨ੍ਹਾਂ
ਅਨੁਸਾਰ ਸਿੱਖ ਪੰਥ ਨੇ ਹੀ ਸਿੱਖ ਰਹਿਤ ਮਰਯਾਦਾ ਰਾਹੀਂ ਇਹ ਰਚਨਾਵਾਂ ਪਾਹੁਲ ਦੇਣ ਸਮੇਂ
ਪੜ੍ਹਨ ਲਈ ਕਿਹਾ ਹੈ ।
3. ਸਿੱਖਾਂ ਲਈ ਪਾਰਬਤੀ ਮਾਈ ਗੁਰੂ ਨਹੀਂ:
ਸਿੱਖਾਂ ਲਈ ਪਾਰਬਤੀ ਮਾਈ ਗੁਰੂ ਨਹੀਂ ਹੈ ਅਤੇ ਇੱਸ ਤੱਥ ਨੂੰ ਜਪੁ ਜੀ ਦੀ ਪੰਜਵੀਂ ਪਉੜੀ
ਵਿੱਚ ਸਪੱਸ਼ਟ ਕਰ ਦਿੱਤਾ ਗਿਆ ਹੈ । ਗੁਰੂ ਹੀ ਸਰਬ ਸਮਰੱਥ ਹੈ ਜਿਸ ਨੂੰ ਛੱਡ ਕੇ ਸਿੱਖ
ਕਿਸੇ ਹੋਰ ਦੇਵੀ ਜਾਂ ਦੇਵਤੇ ਨੂੰ ਗੁਰੂ ਨਹੀਂ ਮੰਨ ਸਕਦਾ । ਸਿੱਖਾਂ ਦੁਆਰਾ ਦੇਵੀ
ਦੇਵਤਿਆਂ ਦੀ ਕਿਸੇ ਵੀ ਰੂਪ ਵਿੱਚ ਪੂਜਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਹੀਂ ਹੈ ਜਿਸ
ਦੀ ਪ੍ਰੋੜਤਾ ਹੇਠ ਲਿਖੇ ਕੁੱਝ ਪ੍ਰਮਾਣਾਂ ਤੋਂ ਹੁੰਦੀ ਹੈ-
ੳ).
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ
ਤੇਹਿ ॥6॥ {ਗਗਸ ਪੰਨਾਂ 637}
ਅ). ਰਾਮਕਲੀ ਮਹਲਾ 5॥
ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥ ਅਵਤਾਰ ਨ
ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥1॥
ਅਪਨੀ ਗਤਿ ਆਪਿ ਜਾਨੈ॥ ਸੁਣਿ ਸੁਣਿ ਅਵਰ ਵਖਾਨੈ॥1॥ ਰਹਾਉ॥ ਸੰਕਰਾ ਨਹੀ ਜਾਨਹਿ ਭੇਵ॥
ਖੋਜਤ ਹਾਰੇ ਦੇਵ॥
ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ ॥2॥ {ਗਗਸ ਪੰਨਾਂ 894}
ਵਿਚਾਰ: ਇਸ ਪ੍ਰਮਾਣ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ
ਕਿ ਬ੍ਰਹਮਾ ਰੱਬ ਨਹੀਂ, ਈਸ਼ਰ (ਸ਼ਿਵ) ਰੱਬ ਨਹੀਂ ਅਤੇ ਦੇਵੀਆਂ (ਪਾਰਬਤੀ ਆਦਿਕ) ਰੱਬ ਨਹੀਂ
। ਸਿੱਖ ਕੇਵਲ ਗੁਰੂ ਪਰਮੇਸ਼ਰ ਦੀ ਸਿਫ਼ਤਿ ਸਾਲਾਹ ਹੀ ਕਰ ਸਕਦਾ ਹੈ ਹੋਰ ਕਿਸੇ ਦੇਵੀ ਦੇਵਤੇ
ਦੀ ਨਹੀ । ਸ਼ਬਦ ਵਿੱਚ ਸ਼ਿਵ (ਜਿਸ ਦਾ ਇੱਕ ਰੂਪ ਹੀ ਮਹਾਂਕਾਲ਼ ਹੈ) ਅਤੇ ਮਹਾਂ ਮਾਈ ਪਾਰਬਤੀ
ਦਾ ਵੀ ਜ਼ਿਕਰ ਕਰ ਕੇ ਅਸਲੀਅਤ ਬਿਆਨ ਕੀਤੀ ਗਈ ਹੈ ਜਿਸ ਤੋਂ ਹਰ ਸਿੱਖ ਨੂੰ ਯੋਗ ਅਗਵਾਈ
ਮਿਲ਼ਦੀ ਹੈ ।
ੲ).
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ॥ ਜੋਗੀ ਗੋਰਖੁ ਗੋਰਖੁ ਕਰਿਆ॥ ਮੈ ਮੂਰਖ ਹਰਿ ਹਰਿ ਜਪੁ
ਪੜਿਆ॥1॥ {ਗਗਸ ਪੰਨਾਂ 163}
ਵਿਚਾਰ: ਧੰਨੁ ਗੁਰੂ ਰਾਮਦਾਸ ਸਾਹਿਬ ਜੀ ਨੇ ਸਪੱਸ਼ਟ
ਕੀਤਾ ਹੈ ਕਿ ਸਿੱਖ ਨੂੰ ਕਿਸੇ ਸਿਮ੍ਰਿਤਿ ਜਾਂ ਸ਼ਾਸਤ੍ਰ ਦਾ ਉਪਦੇਸ਼ ਧਾਰਨ ਕਰਨ ਜਾਂ ਗੋਰਖ
ਗੋਰਖ ਕਰਨ ਦੀ ਲੋੜ ਨਹੀਂ ਹੈ । ਸਿੱਖ ਦਾ ਰਸਤਾ ਗੁਰੂ ਉਪਦੇਸ਼ ਦੁਆਰਾ ਰੱਬ ਨਾਲ਼ ਹੀ ਜੁੜਨ
ਦਾ ਹੈ ।
ਸ). ਜੋਗੀ
ਗੋਰਖੁ ਗੋਰਖੁ ਕਰੈ॥ ਹਿੰਦੂ ਰਾਮ ਨਾਮੁ ਉਚਰੈ॥ ਮੁਸਲਮਾਨ ਕਾ ਏਕੁ ਖੁਦਾਇ॥ ਕਬੀਰ ਕਾ ਸੁਆਮੀ
ਰਹਿਆ ਸਮਾਇ ॥4॥ {ਗਗਸ ਪੰਨਾਂ 1160}
ਹ).
ਗੋਂਡ ॥ ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ
॥1॥ ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ ॥2॥ ਮਹਾ ਮਾਈ ਕੀ ਪੂਜਾ ਕਰੈ॥
ਨਰ ਸੈ ਨਾਰਿ ਹੋਇ ਅਉਤਰੈ॥3॥
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥4॥ ਗੁਰਮਤਿ ਰਾਮ ਨਾਮ ਗਹੁ ਮੀਤਾ॥
ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥ {ਗਗਸ ਪੰਨਾਂ 874}
ਵਿਚਾਰ: ਸ਼ਬਦ ਤੋਂ ਸਪੱਸ਼ਟ ਹੈ ਕਿ ਰੱਬ ਦੇ ਨਾਂ ਤੋਂ
ਬਿਨਾਂ ਕਿਸੇ ਦੇਵੀ ਦੇਵਤੇ ਦਾ ਨਾਮ ਜਪਣ ਦੀ ਲੋੜ ਨਹੀਂ ਹੈ ।
ਨੋਟ:- ਅਖ਼ੀਰਲੀ ਤੁੱਕ ਵਿਚ
ਸੰਬੋਧਨ ਕਰ ਕੇ ਜਿਸ “ਮੀਤ” ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰਉ, ਸ਼ਿਵ, ਮਹਾ ਮਾਈ
ਆਦਿਕ ਦੀ ਪੂਜਾ ਵਲੋਂ ਵਰਜਦੇ ਹਨ ਉਹ ਕੋਈ ‘ਪੰਡਤ’ ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸ
ਦੇ ਆਪਣੇ ਹੀ ਧਰਮ-ਪੁਸਤਕ ‘ਗੀਤਾ’ ਵਲ ਭੀ ਦਿਵਾਉਂਦੇ ਹਨ ।
ਪਦਅਰਥ:- ਭੈਰਉ-ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ । ਸ਼ਿਵ
ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ । ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ
ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ । ਸੀਤਲਾ-ਚੀਚਕ (ਸਮੳਲਲ ਪੋਣ) ਦੀ ਮੰਨੀਂ
ਜਾਂਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ । ਖਰ-ਖੋਤਾ । ਖਰ ਬਾਹਨੁ-ਖੋਤੇ ਦੀ ਸਵਾਰੀ
ਕਰਨ ਵਾਲਾ । ਛਾਰ-ਸੁਆਹ ।1। ਤਉ-ਤਾਂ । ਰਮਈਆ-ਸੋਹਣਾ ਰਾਮ । ਲੈ ਹਉ-ਲਵਾਂਗਾ । ਆਨ-ਹੋਰ
। ਬਦਲਾਵਨਿ-ਬਦਲੇ ਵਿਚ, ਵੱਟੇ ਵਿਚ । ਦੈ ਹਉ-ਦੇ ਦਿਆਂਗਾ ।1।ਰਹਾਉ। ਬਰਦ-ਬਲਦ (ਇਹ ਸ਼ਿਵ
ਜੀ ਦੀ ਸਵਾਰੀ ਹੈ) । ਡਉਰੂ-ਡਮਰੂ ।2। ਮਹਾ-ਵੱਡੀ । ਮਹਾ ਮਾਈ-ਵੱਡੀ ਮਾਂ, ਪਾਰਵਤੀ ।
ਸੈ-ਤੋਂ । ਹੋਇ-ਬਣ ਕੇ । ਅਉਤਰੈ-ਜੰਮਦਾ ਹੈ ।3। ਕਹੀਅਤ-ਕਹੀ ਜਾਂਦੀ ਹੈ । ਭਵਾਨੀ-ਦੁਰਗਾ
ਦੇਵੀ । ਬਰੀਆ-ਵਾਰੀ । ਛਪਾਨੀ-ਲੁਕ ਜਾਂਦੀ ਹੈ ।4। ਗਹੁ-ਫੜ, ਪਕੜ, ਆਸਰਾ ਲੈ । ਮੀਤਾ-ਹੇ
ਮਿੱਤਰ ਪੰਡਤ! ਇਉ-ਇਸੇ ਤਰ੍ਹਾਂ ਹੀ ।5। ਅਰਥ:- ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ,
ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ
। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ
ਦੇ ਨਾਲ) ਸੁਆਹ ਹੀ ਉਡਾਉਂਦਾ ਹੈ ।1। (ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ
ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ,
ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ)
।1।ਰਹਾਉ। ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ
ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ
ਵਾਂਗ) ਡਮਰੂ ਵਜਾਉਂਦਾ ਹੈ ।2। ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ
ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ
ਸਕਦਾ ਹੈ) ।3। ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ)
ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ
ਪਾਸ ਭੀ ਨਹੀਂ ਹੈ) ।4।
ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ
ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ।5।2।6। ਸ਼ਬਦ ਦਾ
ਭਾਵ:- ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ
ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ
ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ । (ਗੁਰੂ ਗ੍ਰੰਥ ਸਾਹਿਬ
ਦਰਪਣ- ਪ੍ਰੋ. ਸਾਹਿਬ ਸਿੰਘ)
ਅਖੌਤੀ ਦਸਮ ਗ੍ਰੰਥ ਵਿੱਚ ਕੀ ਪਾਰਬਤੀ
ਹੀ ਦੁਰਗਾ ਹੈ?
ਹਾਂ, ਪਾਰਬਤੀ ਨੂੰ ਹੀ ਦੁਰਗਾ ਅਤੇ ਹੋਰ ਕਈ ਨਾਵਾਂ ਨਾਲ਼ ਲਿਖਿਆ
ਹੋਇਆ ਹੈ । ਇੰਦ੍ਰ, ਜਿਸ ਦਾ ਰਾਜ ਦੈਂਤ ਖੋਹ ਲੈਂਦੇ ਹਨ ਅਤੇ ਉਸ ਨੂੰ ਮਾਰਕੰਡੇ ਪੁਰਾਣ
ਦੀ ਕਹਾਣੀ ਅਨੁਸਾਰ ਇੰਦ੍ਰ ਪੁਰੀ ਵਿੱਚੋਂ ਬਾਹਰ ਕੱਢ ਦਿੰਦੇ ਹਨ, ਆਪਣੀ ਫਰਿਆਦ ਲੈ ਕੇ
ਦੇਵਤਿਆਂ ਸਮੇਤ ਕੈਲਾਸ਼ ਪਰਬਤ ਉੱਤੇ ਜਾਂਦਾ ਹੈ ਜਿੱਥੇ ਸ਼ਿਵ ਅਤੇ ਪਾਰਬਤੀ ਦਾ ਨਿਵਾਸ
ਮੰਨਿਆਂ ਜਾਂਦਾ ਹੈ । ਕੈਲਾਸ਼ ਪਰਬਤ ਉੱਤੇ ਉਡੀਕ ਕਰਦਿਆਂ ਇੱਕ ਦਿਨ ਦੇਵੀ ਇਸ਼ਨਾਨ ਕਰਨ ਲਈ
ਬਾਹਰ ਨਿਕਲ਼ਦੀ ਹੈ ਜਿਸ ਕੋਲ਼ ਇੰਦ੍ਰ ਆਪਣਾ ਰਾਜ ਖੋਹੇ ਜਾਣ ਦਾ ਰੋਣਾ ਰੋਂਦਾ ਹੈ ।
ਪ੍ਰਮਾਣ ਵਜੋਂ ਦੇਖੋ-
ਦੋਹਰਾ॥ ਅਗਨਤ ਮਾਰੇ ਗਨੈ ਕੋ ਭਜੇ ਜੁ ਸੁਰ ਕਰਿ ਤ੍ਰਾਸ॥
ਧਾਰਿ ਧਿਆਨ ਮਨ ਸ਼ਿਵਾ ਕੋ ਤਕੀ ਪੁਰੀ ਕੈਲਾਸ਼॥19॥ {ਦਗ 76}
ਦੋਹਰਾ॥ ਦੇਵਨ ਕੋ ਧਨ ਧਾਮ ਸਭ ਦੈਤਨ ਲੀਓ ਛਿਨਾਇ॥
ਦਏ ਕਾਢ ਸੁਰ ਧਾਮ ਤੇ ਬਸੇ ਸ਼ਿਵ ਪੁਰੀ ਜਾਇ॥20॥
ਦੋਹਰਾ॥ ਕਿਤਕਿ ਦਿਵਸ ਬੀਤੇ ਨਾਵ੍ਹਨ ਨਿਕਸੀ ਦੇਵ॥
ਬਿਧਿ ਪੂਰਬ ਸਭ ਦੇਵਤਨ ਕਰੀ ਦੇਵ ਕੀ ਸੇਵ॥21॥
ਰੇਖਤਾ॥ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਲੀਯਾ ਮਹਿਖਾਸੁਰ ਛੀਨ ਹਮਾਰਾ ਧਾਮ ਹੈ॥
ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕਿ ਕਦੀਮ ਤਕ ਆਏ ਤੇਰੀ ਸਾਮ ਹੈ॥22॥
ਦੋਹਰਾ॥ ਸੁਨਤ ਬਚਨ ਏ ਚੰਡਕਾ ਮਨ ਮੈ ਉਠੀ ਰਿਸਾਇ॥
ਸਭ ਦੈਤਨ ਕਉ ਛੈ ਕਰਉ ਬਸਉ ਸ਼ਿਵ ਪੁਰੀ ਜਾਇ॥23॥
ਕੈਲਾਸ਼ ਪਰਬਤ ਤੋਂ ਇੰਦ੍ਰ ਨੂੰ ਹੌਂਸਲਾ ਦੇਣ ਵਾਲ਼ੀ ਪਾਰਬਤੀ ਹੈ
ਜੋ ਸ਼ਿਵਾ ਨਾਮ ਵਾਲ਼ੀ ਹੈ ਅਤੇ ਸ਼ਿਵ ਦੀ ਪਤਨੀ ਹੈ ।
ਸਪੱਸ਼ਟ ਹੋ ਗਿਆ ਕਿ ਇਹੀ ਪਾਰਬਤੀ ਦੁਰਗਾ, ਸ਼ਿਵਾ, ਦੁਰਗਸ਼ਾਹ, ਭਵਾਨੀ
ਆਦਿਕ ਕਈ ਨਾਵਾਂ ਨਾਲ਼ ਦੈਂਤਾਂ ਨਾਲ਼ ਲੜਦੀ ਹੈ, ਜਿੱਤ ਪ੍ਰਾਪਤ ਕਦੀ ਹੈ ਅਤੇ ਇੰਦ੍ਰ ਨੂੰ
ਮੁੜ ਰਾਜ ਸਿੰਘਾਸਣ ਉੱਤੇ ਬਿਠਾਉਂਦੀ ਹੈ ।ਗਿਆਨ ਦਾ ਏਨਾਂ ਭੰਡਾਰ ਹੁੰਦਿਆਂ ਪਤਾ ਨਹੀਂ
ਕਿਉਂ ਨਹੀਂ ਸਮਝਿਆ ਜਾ ਰਿਹਾ ਕਿ ਦੁਰਗਾ ਦੇਵੀ, ਲੋਕ ਮਾਤਾ, ਜਗ ਮਾਤਾ, ਜਗਮਾਇ, ਭਵਾਨੀ,
ਚੰਡਕਾ, ਕਾਲਿਕਾ ਆਦਿਕ ਨਾਂ ਪਾਰਬਤੀ ਦੇ ਹੀ ਹਨ ਜਿਸ ਬਾਰੇ ਜਪੁ
ਜੀ ਦੀ ਪੰਜਵੀਂ ਪਉੜੀ ਵਿੱਚ ਸਪੱਸ਼ਟ ਕਰ ਦਿੱਤਾ ਹੋਇਆ ਹੈ ਕਿ ਪਾਰਬਤੀ ਸਿੱਖਾਂ ਦੀ ਗੁਰੂ
ਨਹੀਂ। ਇਸ ਦੇਵੀ ਨਾਲ਼ ਸਿੱਖ ਜਗਤ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਹੀ
ਸਿੱਖਾਂ ਲਈ ਗੁਰੂ ਹੈ, ਹੋਰ ਕੋਈ ਦੇਵੀ ਅਤੇ ਦੇਵਤਾ ਨਹੀਂ।