Khalsa News homepage

 

 Share on Facebook

Main News Page

ਭਗਤ ਨਾਮ ਦੇਵ ਜੀ ਨੇ ਦੁਰਗਾ ਅਤੇ ਮਹਾਂਕਾਲ਼ ਨੂੰ ਮਨ ਮੰਦਰ ਵਿੱਚੋਂ ਬਾਹਰ ਕੱਢਿਆ
-: ਪ੍ਰੋ. ਕਸ਼ਮੀਰਾ ਸਿੰਘ USA
15.11.2020
#KhalsaNews #ProfKashmiraSinghUSA #BhagatNaamdev #Durga #Mahakaal #Seetla

ਦੁਰਗਾ ਕੌਣ ਹੈ?
ਇਹ ਹਿੰਦੂ ਮੱਤ ਵਿੱਚ ਪਾਰਬਤੀ ਦੇਵੀ ਦਾ ਨਾਂ ਹੀ ਦੁਰਗਾ ਹੈ । ਪਾਰਬਤੀ ਦੇ ਪਤੀ ਦਾ ਨਾਂ ਸ਼ਿਵ ਦੇਵਤਾ ਹੈ । ਪਾਰਬਤੀ ਨੂੰ ਮਹਾਂ ਮਾਈ, ਜੱਗ ਮਾਈ, ਜੱਗ ਮਾਤਾ, ਲੋਕ ਮਾਤਾ, ਆਦਿ ਭਵਾਨੀ, ਦੁਰਗਾ, ਦੁਰਗਸ਼ਾਹ, ਚੰਡੀ, ਗਿਰਿਜਾ, ਭਗਵਤੀ, ਕਾਲਿਕਾ ਆਦਿਕ ਕਈ ਨਾਵਾਂ ਨਾਲ਼ ਜਾਣਿਆਂ ਜਾਂਦਾ ਹੈ । ਹਿੰਦੂ ਮੱਤ ਵਿੱਚ ਜਿੰਨੇ ਵੀ ਦੇਵੀਆਂ ਦੇ ਵੱਖ-ਵੱਖ ਨਾਂ ਹਨ ਉਹ ਪਾਰਬਤੀ ਦੇ ਹੀ ਰੂਪ ਮੰਨੇਂ ਗਏ ਹਨ ।

ਅਖੌਤੀ ਦਸਮ ਗ੍ਰੰਥ ਵਿੱਚ ਪਾਰਬਤੀ ਹੀ ਦੁਰਗਾ ਨਾਂ ਹੇਠ ਦੈਂਤਾਂ ਨਾਲ਼ ਲੜਦੀ ਜਿੱਤ ਪ੍ਰਾਪਤ ਕਰ ਕੇ ਇੰਦ੍ਰ ਦੇਵਤੇ ਨੂੰ ਅਖੌਤੀ ਸਵਰਗਪੁਰੀ ਦਾ ਰਾਜ ਦੈਂਤਾਂ ਕੋਲ਼ੋਂ ਵਾਪਸ ਦਿਵਾਉਂਦੀ ਹੈ ਅਤੇ ਆਪਣੀ ਜੈ ਜੈਕਾਰ ਤਿੰਨਾਂ ਲੋਕਾਂ ਵਿੱਚ ਕਰਾਉਂਦੀ ਹੈ । ਮਾਰਕੰਡੇ ਪੁਰਾਣ ਵਿੱਚ ਲਿਖੀ ਦੁਰਗਾ ਸਪਤਸ਼ਤੀ (ਦੁਰਗਾ ਦੀ ਸਿਫ਼ਤਿ ਵਾਲ਼ੀ 700 ਸ਼ਲੋਕਾਂ ਦੀ ਕਥਾ) ਵਾਲ਼ੀ ਇਹ ਲੜਾਈ ਵਾਲ਼ੀ ਕਥਾ ਅਖੌਤੀ ਦਸਮ ਗ੍ਰੰਥ ਵਿੱਚ ਤਿੰਨ ਰਚਨਾਵਾਂ ਵਿੱਚ ਦਰਜ ਕੀਤੀ ਗਈ ਹੈ । ਇਹ ਰਚਨਾਵਾਂ ਹਨ- ਚੰਡੀ ਚਰਿੱਤ੍ਰ ਉਕਤ ਬਿਲਾਸ, ਚੰਡੀ ਚਰਿੱਤ੍ਰ ਅਤੇ ਵਾਰ ਦੁਰਗਾ ਕੀ ।

ਵਾਰ ਦੁਰਗਾ ਕੀ ਉਹੀ ਹੈ ਜਿਸ ਦਾ ਨਾਂ ਸੰਨ 1897 ਵਿੱਚ ਛਾਪੇ ਗਏ ਅਖੌਤੀ ਦਸਮ ਵਿੱਚ ਧੋਖੇ ਨਾਲ਼ ਬਦਲ ਕੇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ ਦਸਵੀਂ ਲਿਖ ਦਿੱਤਾ ਗਿਆ ਸੀ । ਦੁਰਗਾ ਦੀ ਥਾਂ ਭਗਉਤੀ ਸ਼ਬਦ ਨੂੰ ਸਿਰਲੇਖ ਵਿੱਚ ਵਰਤਿਆ ਗਿਆ ਸੀ ਜਿਸ ਤੋਂ ਸਪੱਸ਼ਟ ਹੈ ਕਿ ਦੁਰਗਾ ਅਤੇ ਭਗਉਤੀ ਇੱਕੋ ਦੇਵੀ ਪਾਰਬਤੀ ਦੇ ਨਾਂ ਹਨ ।

ਮਹਾਂਕਾਲ਼ ਕੌਣ ਹੈ?
ਹਿੰਦੂ ਮੱਤ ਵਿੱਚ ਸ਼ਿਵ ਦੇਵਤੇ ਤੋਂ ਕਈ ਰੂਪ ਬਣੇ ਹਨ । ਸ਼ਿਵ ਦੇ 8 ਭਿਆਨਕ ਰੂਪਾਂ ਵਿੱਚ ਭੈਰਉਂ ਦਾ ਨਾਂ ਹੈ । ਸ਼ਿਵ ਦੇ 12 ਜੋਤ੍ਰੀਲਿੰਗਮਾਂ ਵਿੱਚ ਮਹਾਂਕਾਲ਼ ਦੇਵਤੇ ਦਾ ਨਾਂ ਹੈ । ਮਹਾਂਕਾਲ਼ ਦੇਵਤਾ ਸ਼ਿਵ ਦਾ ਹੀ ਰੂਪ ਹੈ । ਮਹਾਂਕਾਲ਼ ਦੀ ਆਰਾਧਨਾ ਸ਼ਿਵ ਦੀ ਹੀ ਪੂਜਾ ਹੈ । ਸ਼ਿਵ ਦੀ ਪੂਜਾ ਵਿੱਚ ਮਹਾਂਕਾਲ਼ ਦੀ ਵੀ ਪੂਜਾ ਹੈ । ਮਹਾਂਕਾਲ਼ ਦੇਵਤਾ ਅਖੌਤੀ ਦਸਮ ਗ੍ਰੰਥ ਦੇ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਦੈਂਤਾਂ ਨਾਲ਼ ਯੁੱਧ ਕਰਦਾ ਹੈ ਤਾਂ ਜੁ ਦੂਲਹ ਦੇਈ ਸੁੰਦਰੀ ਨਾਲ਼ ਵਿਆਹ ਕਰਾ ਸਕੇ । ਕਦੇ ਸੋਚੋ ਕਿ ਰੱਬ ਵੀ ਕਦੇ ਵਿਆਹ ਰਚਾਉਂਦਾ ਹੈ? ਬਹੁ ਗਿਣਤੀ ਸਿੱਖ ਮਹਾਂਕਾਲ਼ ਨੂੰ ਰੱਬ ਹੀ ਮੰਨੀ ਬੈਠੇ ਹਨ ।

ਮਹਾਂਕਾਲ਼ ਦੇਵਤੇ ਬਾਰੇ ਤ੍ਰਿਅ ਚਰਿੱਤ੍ਰ ਨੰਬਰ 404 ਦੇ ਸਾਰੇ 405 ਬੰਦ ਸੱਭ ਕੁਝ ਬਿਆਨ ਕਰ ਰਹੇ ਹਨ ਕਿ ਇਹ ਕੌਣ ਹੈ । ਜਦੋਂ ਮਹਾਂਕਾਲ਼ ਦੀ ਜਿੱਤ ਹੈ ਜਾਂਦੀ ਹੈ ਤਾਂ ਤ੍ਰਿਅ ਚਰਿੱਤਰ ਦਾ ਲਿਖਾਰੀ ਇਸੇ ਮਹਾਂਕਾਲ਼ ਨੂੰ ਸ਼ਕਤੀਸ਼ਾਲੀ ਮੰਨ ਕੇ ਇਸੇ ਕੋਲ਼ ਕਬਿਯੋ ਬਾਚ ਬੇਨਤੀ ਚੌਪਈ {ਬੰਦ ਨੰਬਰ 377 ਤੋਂ 401 ਤਕ ਚੌਪਈ ਵਿੱਚ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਵਲੋਂ ਪਾਏ ਗਏ ਹਨ । ਦੋ ਬੰਦ ਛੱਡ ਦਿੱਤੇ ਗਏ ਹਨ । ਦੇਖੋ ਪੰਨਾਂ ਦਗ 1386 ਤੋਂ 1388} ਦੇ ਰੂਪ ਵਿੱਚ ਆਪਣੀ ਰੱਖਿਆ ਲਈ ਅਰਦਾਸ ਕਰਦਾ ਲੇਲ੍ਹੜੀਆਂ ਕੱਢਦਾ ਕਹਿੰਦਾ ਹੈ ਕਿ ਜਿਵੇਂ ਸਾਰੇ ਦੈਂਤ ਨਾਸ਼ ਕੀਤੇ ਹਨ ਇਸੇ ਤਰ੍ਹਾਂ ਮੇਰੇ ਦੁਸ਼ਟਾਂ ਨੂੰ ਵੀ ਨਾਸ਼ ਕਰ ਦਿਓ । ਚੌਪਈ ਵਾਲ਼ੇ ਇਸੇ ਤ੍ਰਿਅ ਚਰਿੱਤ੍ਰ ਵਿੱਚ ਮਹਾਂਕਾਲ਼ ਦੇ ਹੋਰ ਨਾਂ ਵੀ ਵਰਤੇ ਗਏ ਹਨ ਜਿਵੇਂ ਕਿ- ਅਸਧੁਜ, ਅਸਕੇਤ, ਕਾਲ਼, ਖੜਗਾਧੁਜ ਆਦਿਕ । ਨਿੱਤਨੇਮ ਵਿੱਚ, ਸੰਨ 1931 ਤੋਂ 1945 ਤਕ ਮੁਕੰਮਲ ਹੋਈ ਸਿੱਖ ਰਹਿਤ ਮਰਯਾਦਾ ਰਾਹੀਂ ਵਾਧੂ ਜੋੜੀ ਗਈ ਚੌਪਈ ਵਿੱਚ, ਇਹ ਸਾਰੇ ਨਾਂ ਸ਼ਿਵ ਦੇਵਤੇ ਦੇ ਰੂਪ ਮਹਾਂਕਾਲ਼ ਦੇ ਹੀ ਹਨ ਜਿਸ ਅੱਗੇ ਕਵੀ ਨੇ ਆਪਣੀ ਰੱਖਿਆ ਲਈ ਅਤੇ ਦੁਸ਼ਟਾਂ ਨੂੰ ਮਾਰਨ ਲਈ ਬੇਨਤੀ ਕੀਤੀ ਹੈ ।

ਸਿੱਖਾਂ ਦੇ ਪੂਜਯ ਬਣਾਏ ਜਾ ਰਹੇ ਹਨ ਦੁਰਗਾ ਅਤੇ ਮਹਾਂਕਾਲ਼:
ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਈਆਂ ਰਚਨਾਵਾਂ ਦੇ ਆਧਾਰ ਤੇ ਸਿੱਖਾਂ ਨਾਲ਼ ਅਕਾਰਥ ਹੀ ਦੁਰਗਾ ਅਤੇ ਮਹਾਂਕਾਲ਼ ਨੂੰ ਸਿੱਖਾਂ ਦੇ ਮਾਤਾ ਅਤੇ ਪਿਤਾ {ਸਰਬਕਾਲ਼ ਹੈ ਪਿਤਾ ਹਮਾਰਾ। ਦੇਬਿ ਕਾਲਕਾ ਮਾਤ ਹਮਾਰਾ।5। ਪੰਨਾਂ 73 ਦਗ} ਕਹਿ ਕੇ ਜੋੜਿਆ ਜਾ ਰਿਹਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਮੰਨਣ ਵਾਲ਼ੇ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰਦੇ ।

ਭਗਤ ਨਾਮ ਜੀ ਦੇ ਦੁਰਗਾ ਅਤੇ ਮਹਾਂਕਾਲ਼ ਬਾਰੇ ਵਿਚਾਰ:
ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ਨੰਬਰ 874 ਉੱਤੇ ਦਰਜ ਭਗਤ ਨਾਮ ਦੇਵ ਜੀ ਦਾ ਇੱਕ ਸ਼ਬਦ ਅਤੇ ਉਸ ਦੀ ਵਿਚਾਰ ਵਿਆਖਿਆ ਜਿਵੇਂ ਪ੍ਰੋ. ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਕੀਤੀ ਹੈ ਉਹ ਹੇਠ ਲਿਖੇ ਅਨੁਸਾਰ ਹੈ:

ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥

ਨੋਟ: ਅਖ਼ੀਰਲੀ ਤੁੱਕ ਵਿਚ ਸੰਬੋਧਨ ਕਰ ਕੇ ਜਿਸ ਮੀਤ ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰਉ, ਸ਼ਿਵ, ਮਹਾ ਮਾਈ ਆਦਿਕ ਦੀ ਪੂਜਾ ਵਲੋਂ ਵਰਜਦੇ ਹਨ ਉਹ ਕੋਈ ਪੰਡਤ ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸ ਦੇ ਆਪਣੇ ਹੀ ਧਰਮ-ਪੁਸਤਕ ਗੀਤਾ ਵਲ ਭੀ ਦਿਵਾਉਂਦੇ ਹਨ ।

ਪਦਅਰਥ:- ਭੈਰਉ-ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ । ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ । ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ । ਸੀਤਲਾ-ਚੀਚਕ (ਸਮੳਲਲ ਪੋਣ) ਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ । ਖਰ-ਖੋਤਾ । ਖਰ ਬਾਹਨੁ-ਖੋਤੇ ਦੀ ਸਵਾਰੀ ਕਰਨ ਵਾਲਾ । ਛਾਰ-ਸੁਆਹ ।1। ਤਉ-ਤਾਂ । ਰਮਈਆ-ਸੋਹਣਾ ਰਾਮ । ਲੈ ਹਉ-ਲਵਾਂਗਾ । ਆਨ-ਹੋਰ । ਬਦਲਾਵਨਿ-ਬਦਲੇ ਵਿਚ, ਵੱਟੇ ਵਿਚ । ਦੈ ਹਉ-ਦੇ ਦਿਆਂਗਾ ।1।ਰਹਾਉ। ਬਰਦ-ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ) । ਡਉਰੂ-ਡਮਰੂ ।2। ਮਹਾ-ਵੱਡੀ । ਮਹਾ ਮਾਈ-ਵੱਡੀ ਮਾਂ, ਪਾਰਵਤੀ । ਸੈ-ਤੋਂ । ਹੋਇ-ਬਣ ਕੇ । ਅਉਤਰੈ-ਜੰਮਦਾ ਹੈ ।3। ਕਹੀਅਤ-ਕਹੀ ਜਾਂਦੀ ਹੈ । ਭਵਾਨੀ-ਦੁਰਗਾ ਦੇਵੀ । ਬਰੀਆ-ਵਾਰੀ । ਛਪਾਨੀ-ਲੁਕ ਜਾਂਦੀ ਹੈ ।4। ਗਹੁ-ਫੜ, ਪਕੜ, ਆਸਰਾ ਲੈ । ਮੀਤਾ-ਹੇ ਮਿੱਤਰ ਪੰਡਤ! ਇਉ-ਇਸੇ ਤਰ੍ਹਾਂ ਹੀ ।5।

ਅਰਥ: ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ । ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ।1। (ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।1।ਰਹਾਉ। ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ।2। ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।3। ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।4। ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ।5।2।6।

ਸ਼ਬਦ ਦਾ ਭਾਵ:- ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ ।

ਗੁਰਬਾਣੀ ਦੇ ਸ਼ਬਦ ਤੋਂ ਮਿਲ਼ਦੀ ਸੇਧ:
ਭਗਤ ਨਾਮ ਦੇਵ ਜੀ ਨੇ ਭੈਰਉਂ ਜਤੀ, ਸ਼ੀਤਲਾ ਦੇਵੀ, ਸ਼ਿਵ (ਮਹਾਂਕਾਲ਼ ਦੇਵਤਾ ਜਿਸ ਦਾ ਇੱਕ ਰੂਪ ਹੈ), ਦੁਰਗਾ/ਪਾਰਬਤੀ/ਮਹਾਂ ਮਾਈ/ਆਦਿ ਭਵਾਨੀ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਹੈ । ਭਗਤ ਜੀ ਨੇ ਤਾਂ ਸਾਰੇ ਦੇਵਤੇ ਹੀ ਪ੍ਰਭੂ ਦੇ ਨਾਮ ਦੇ ਵੱਟੇ ਵਿੱਚ ਦੇ ਦਿੱਤੇ ਹਨ ਅਤੇ ਆਪਣੇ ਕੋਲ਼ ਕੋਈ ਵੀ ਪੂਜਾ ਵਾਸਤੇ ਨਹੀਂ ਰੱਖਿਆ ।

ਗੁਰਬਾਣੀ ਤੋਂ ਅਗਵਾਈ ਲੈਂਦਿਆਂ ਸਿੱਧ ਹੋ ਗਿਆ ਕਿ ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਭੂ ਪਰਮਾਤਮਾਂ ਨਾਲ਼ ਜੁੜਨ ਦੀ ਸੱਚੀ ਅਤੇ ਸੁੱਚੀ ਵਿਚਾਰਧਾਰਾ ਨਾਲ਼ੋਂ ਤੋੜ ਕੇ ਦੁਰਗਾ ਅਤੇ ਮਹਾਂਕਾਲ਼ ਦੇ ਲੜ ਲਾਉਣ ਦੀ ਸਿੱਖੀ ਦੇ ਦੁਸ਼ਮਣਾਂ ਦੀ ਡੂੰਘੀ ਚਾਲ ਹੈ । ਇਸ ਚਾਲ ਰਾਹੀਂ ਦਸਵੇਂ ਪਾਤਿਸ਼ਾਹ ਜੀ ਨੂੰ ਵੀ ਅਖੌਤੀ ਦਸਮ ਗ੍ਰੰਥ ਨਾਲ਼ ਜੋੜ ਕੇ ਪ੍ਰਭੂ ਪਰਮੇਸ਼ਰ ਦੀ ਥਾਂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਣ ਵਾਲ਼ੇ ਬਣਾਇਆ ਜਾ ਰਿਹਾ ਹੈ ਜੋ ਥਾਂ ਥਾਂ ਲਿਖੇ ਅਥ ਦੇਵੀ ਜੂ ਕੀ ਉਸਤਤਿ ਕਥਨੰ ਵਾਲ਼ੇ ਸਿਰਲੇਖਾਂ ਤੋਂ ਪ੍ਰਗਟ ਹੈ, ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਘੋਰ ਉਲੰਘਣਾ ਹੈ । ਸਿੱਖਾਂ ਦੇ ਮਨ ਮੰਦਰਾਂ ਵਿੱਚ ਦੁਰਗਾ ਦੇਵੀ ਅਤੇ ਮਹਾਂਕਾਲ਼ ਦੇਵਤੇ ਦੀ ਪੂਜਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ।

ਗੁਰੂ ਰਾਖਾ!
(3 ਨਵੰਬਰ, 2020. ਸਮਾਂ 1:20 ਬਾਅਦ ਦੁਪਹਿਰ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top