ਗੁਰ
ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਵਿੱਚ ਇਸ ਦੇ ਕਰਤਾ ਭਾਈ
ਸੰਤੋਖ ਸਿੰਘ ਨੇ ਰਾਸਿ ਨੰਬਰ 2 ਅੰਸ਼ੂ ਨੰਬਰ 41 ਅਤੇ 42
ਵਿੱਚ ਲਿਖਿਆ ਹੈ ਕਿ ਚੌਥੇ ਗੁਰੂ ਜੀ ਦਾ ਚੌਥਾ ਪੁੱਤਰ ਵੀ ਸੀ । ਚੌਥੇ ਗੁਰੂ ਜੀ ਦੇ ਤਿੰਨ
ਪੁੱਤਰ ਹੋਣ ਬਾਰੇ ਤਾਂ ਸੱਭ ਲਿਖਦੇ ਹਨ ਪਰ ਚੌਥੇ ਪੁੱਤਰ ਹੋਣ ਦੀ ਕਾਢ ਕਵੀ ਸੰਤੋਖ ਦੇ
ਹਿੱਸੇ ਹੀ ਆਈ ਹੈ । ਕਹਾਣੀ ਇਉਂ ਲਿਖੀ ਗਈ ਹੈ-
ਭਾਈ ਆਦਮ ਨੇ ਸਾਰੇ ਪੀਰ ਫ਼ਕੀਰ ਮਨਾ ਨੇ ਦੇਖੇ ਪਰ ਉਸ ਦੇ ਘਰ ਪੁੱਤਰ
ਨਾ ਹੋਇਆ । ਇੱਕ ਸਿੱਖ ਦੀ ਪ੍ਰੇਰਣਾ ਸਦਕਾ ਭਾਈ ਆਦਮ ਚੌਥੇ ਗੁਰੂ ਜੀ ਦੀ ਸ਼ਰਣ ਵਿੱਚ ਆਇਆ
। ਆਪਣੀ ਪਤਨੀ ਸਮੇਤ ਭਾਈ ਆਦਮ ਲੰਗਰ ਵਾਸਤੇ ਦੋ ਪੰਡਾਂ ਲੱਕੜਾਂ ਦੀਆਂ ਲਿਆਉਂਦੇ ਜਿਨ੍ਹਾਂ
ਵਿੱਚੋਂ ਇੱਕ ਪੰਡ ਆਪਣੀ ਝੁੱਗੀ ਵਿੱਚ ਰੱਖ ਕੇ ਦੂਜੀ ਪੰਡ ਲੰਗਰ ਵਿੱਚ ਦੇ ਦਿੰਦੇ । ਕਵੀ
ਅਨੁਸਾਰ ਇਉਂ 6 ਮਹੀਨੇ ਬੀਤ ਗਏ । ਸਿਆਲ ਦੀ ਠੰਢੀ ਰੁੱਤੇ ਭਾਈ ਆਦਮ ਨੇ ਸੰਗਤਾਂ ਨੂੰ,
ਥਾਂ ਥਾਂ ਅੰਗੀਠੇ ਬਾਲ਼ ਕੇ ਅੱਗ ਨਾਲ਼ ਰਾਹਤ ਦਿੱਤੀ ।
ਕਵੀ ਅਨੁਸਾਰ ਅਗਲੇ ਦਿਨ ਗੁਰੂ
ਜੀ ਨੇ ਭਾਈ ਆਦਮ ਨੂੰ ਵਰ ਮੰਗਣ ਲਈ ਕਿਹਾ ਜਿਸ ਤੇ ਉਸ ਨੇ ਬਿਰਧ ਅਵਸਥਾ ਕਾਰਣ ਨਾਮ ਦਾਨ
ਮੰਗਿਆ । ਗੁਰੂ ਜੀ ਨੇ ਕਿਹਾ ਕਿ ਹੋਰ ਸੋਚ ਵਿਚਾਰ ਲਓ ਅਤੇ ਕੱਲ੍ਹ ਨੂੰ ਦੱਸ ਦਿਓ । ਕਵੀ
ਅਨੁਸਾਰ ਅਗਲੇ ਦਿਨ ਭਾਈ ਆਦਮ ਅਤੇ ਉਸ ਪਤਨੀ ਨੇ ਨਾਮ ਦਾਨ ਦੀ ਥਾਂ ਪੁੱਤਰ ਮੰਗ ਲਿਆ ।
ਕਵੀ ਲਿਖਦਾ ਹੈ- ਗੁਰੂ ਜੀ ਨੇ
ਕਿਹਾ, “ਤੁਹਾਡੇ ਭਾਗਾਂ ਵਿੱਚ ਪੁੱਤਰ ਨਹੀਂ ਹੈ ਪਰ ਸਾਡਾ ਚੌਥਾ ਪੁੱਤਰ ਤੁਹਾਡੇ ਘਰ ਜਨਮ
ਲਵੇਗਾ । ਉਸ ਦਾ ਨਾਂ ਭਗਤੂ ਰੱਖਣਾ ।” ਕਵੀ ਅਨੁਸਾਰ ਭਾਈ ਆਦਮ ਅਤੇ ਉਸ ਦੀ ਪਤਨੀ ਘਰ ਚਲੇ
ਗਏ ਅਤੇ ਸਮਾਂ ਆਉਣ ਤੇ ਚੌਥੇ ਗੁਰੂ ਜੀ ਦੇ ਪੁੱਤਰ ਭਗਤੂ ਨੇ ਭਾਈ ਆਦਮ ਘਰ ਜਨਮ ਲਿਆ ।"
ਭਾਈ ਭਗਤੂ ਦੀ ਕਰਾਮਾਤ ਦੀ ਕਹਾਣੀ ਵੀ
ਕਵੀ ਨੇ ਲਿਖੀ ਹੈ । ਇਸ ਕਹਾਣੀ ਅਨੁਸਾਰ ਭਾਈ ਆਦਮ ਗੁਜ਼ਰ ਗਿਆ ਅਤੇ ਭਾਈ ਭਗਤੂ ਦੀ
ਮਾਤਾ ਉਸ ਨੂੰ ਪੰਜਵੇਂ ਗੁਰੂ ਜੀ ਦੇ ਦਰਸ਼ਨਾ ਲਈ ਲੈ ਕੇ ਚੱਲੀ ਤਾਂ ਰਸਤੇ ਵਿੱਚ ਉਸ ਬਿਰਧ
ਮਾਤਾ ਨੂੰ ਪਿਆਸ ਲੱਗ ਗਈ । ਜੇਠ ਦਾ ਮਹੀਨਾ ਸੀ । ਭਾਈ ਭਗਤੂ ਨੇ ਪਾਣੀ ਦੀ ਭਾਲ਼ ਵਿੱ ਜਾਣ
ਸਮੇਂ ਮਾਤਾ ਨੂੰ ਕਿਹਾ ਕਿ ਉਸ ਦੇ ਆਉਣ ਵਿੱਚ ਦੇਰ ਹੋ ਗਈ ਤਾਂ ਨੇੜੇ ਵਾਲ਼ੇ ਛੱਪੜ ਵਿੱਚੋਂ
ਮਿੱਟੀ ਦੀ ਡਲ਼ੀ ਚੁੱਕੀਂ ਤੇ ਪਾਣੀ ਆ ਜਾਵੇਗਾ ਤੇ ਫਿਰ ਡਲ਼ੀ ਨੂੰ ਵਾਪਸ ਰੱਖ ਦੇਵੀਂ ਤਾਂ
ਪਾਣੀ ਬੰਦ ਹੋ ਜਾਵੇਗਾ । ਬਿਰਧ ਮਾਤਾ ਨੇ ਅਜਿਹਾ ਹੀ ਕੀਤਾ ਪਰ ਪਾਣੀ ਪੀ ਕੇ ਮਿੱਟੀ ਦੀ
ਡਲ਼ੀ ਵਾਪਸ ਉਸ ਥਾਂ ਉੱਤੇ ਰੱਖਣੀ ਭੁੱਲ ਗਈ । ਛੱਪੜ ਪਾਣੀ ਨਾਲ਼ ਭਰ ਗਿਆ । ਬੱਕਰੀਆਂ ਪਾਣੀ
ਪੀਣ ਆ ਗਈਆਂ ਤੇ ਅਯਾਲੀ ਪਾਣੀ ਦੇਖ ਕੇ ਬੜਾ ਖ਼ੁਸ਼ ਹੋਇਆ । ਕਵੀ ਲਿਖਦਾ ਹੈ ਕਿ ਭਾਈ ਭਗਤੂ
ਦੀ ਇਸ ਕਰਾਮਾਤ ਨਾਲ਼ ਸਾਰਾ ਇਲਾਕਾ ਸਿੱਖ ਬਣ ਗਿਆ ।
ਹੈ ਨਾ ਗਪੌੜੇ?
ਕਵੀ ਨੇ ਚੌਥੇ ਗੁਰੂ ਜੀ ਦਾ ਚੌਥਾ ਪੁੱਤਰ ਵੀ ਲੱਭ ਲਿਆ ਜਿਸ ਨੂੰ ਭਾਈ ਅਦਮ ਦੇ ਘਰ ਜਨਮ
ਦੁਆ ਦਿੱਤਾ । ਨਾਮ ਦਾਨ ਨਾਲ਼ੋਂ ਪੁੱਤਰ ਦਾਨ ਸ੍ਰੇਸ਼ਟ ਬਣਾ ਦਿੱਤਾ । ਭਾਈ ਭਗਤੂ ਨੂੰ
ਕਰਾਮਾਤੀ ਬਣਾ ਦਿੱਤਾ ।