Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਡੇਰਾਵਾਦ ਦੇ ਪ੍ਰਫੁੱਲਤ ਹੋਣ ਦੇ ਮਾਨਸਿਕ ਕਾਰਣ (ਭਾਗ ਦਸਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਅੱਜ ਦੋ ਪੱਖਾਂ ਤੋਂ ਆਪਣੀ ਗਹਿਰ ਗੰਭੀਰ ਸਵੈ ਪੜਚੋਲ ਕਰਨ ਦੀ ਲੋੜ ਹੈ। ਪਹਿਲਾ ਕਿ ਸਿੱਖ ਧਰਮ ਸਭ ਤੋਂ ਉੱਚੇ ਸੁੱਚੇ ਸਿਧਾਂਤਾਂ ਵਾਲਾ ਨਵੀਨਤਮ ਧਰਮ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹੇ ਇਲਾਹੀ ਗਿਆਨ ਸਾਗਰ ਗੁਰੂ ਦੀ ਅਗਵਾਈ ਪ੍ਰਾਪਤ ਹੈ। ਇਸ ਦੇ ਬਾਵਜੂਦ ਇਤਨੀ ਵੱਡੀ ਗਿਣਤੀ ਵਿੱਚ ਸਿੱਖ ਇਨ੍ਹਾਂ ਡੇਰਿਆਂ ਦੀ ਦਲਦਲ ਵਿੱਚ ਕਿਉਂ ਗਲਤਾਨ ਹੁੰਦੇ ਜਾ ਰਹੇ ਹਨ? ਦੂਸਰਾ ਕਿ ਇਤਨੀਆਂ ਕੁਰਬਾਨੀਆਂ ਦੇ ਬਾਵਜੂਦ ਲੁੜੀਂਦੇ ਨਤੀਜੇ ਕਿਉ ਨਹੀਂ ਆ ਰਹੇ? ਕੌਮ ਹਰ ਦਿਨ ਨਿਘਾਰ ਵੱਲ ਕਿਉਂ ਜਾ ਰਹੀ ਹੈ?

ਜੇ ਅਸੀਂ ਇਸ ਡੇਰਾਵਾਦ ਦੇ ਪ੍ਰਫੁਲਤ ਹੋਣ ਦੇ ਕਾਰਨਾਂ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਮਨੁੱਖੀ ਮਾਨਸਿਕਤਾ ਨੂੰ ਸਮਝਣਾ ਪਵੇਗਾ। ਮਨੁੱਖੀ ਮਾਨਸਿਕਤਾ ਅਤੇ ਸੁਭਾਅ ਵੀ ਕਾਫੀ ਹੱਦ ਤੱਕ ਮਾਹੌਲ ਅਨੁਸਾਰ ਵਿਕਸਤ ਹੁੰਦੇ ਹਨ। ਭਾਰਤ ਵਿੱਚ ਜੋ ਬ੍ਰਾਹਮਣੀ ਮਾਹੌਲ ਹੈ, ਉਸ ਵਿੱਚ ਆਮ ਮਨੁੱਖੀ ਸੁਭਾਅ ਵਿੱਚ ਚਾਰ ਪ੍ਰਮੁਖ ਕਮਜ਼ੋਰੀਆਂ ਹਨ: ਡਰ, ਤ੍ਰਿਸ਼ਨਾ, ਅਗਿਆਨਤਾ ਅਤੇ ਅੰਧਵਿਸ਼ਵਾਸ। ਤਕਰੀਬਨ ਹਰ ਕੌਮ ਦੇ ਧਾਰਮਿਕ ਆਗੂਆਂ ਨੇ ਇਨ੍ਹਾਂ ਮਨੁੱਖੀ ਕਮਜ਼ੋਰੀਆਂ ਦੀ ਵੱਡੀ ਦੁਰਵਰਤੋਂ ਕਰਦਿਆਂ, ਮਨੁੱਖਤਾ ਦਾ ਵੱਡਾ ਸੋਸ਼ਣ ਕੀਤਾ ਹੈ। ਭਾਰਤੀ ਸਮਾਜ ਵਿੱਚ ਤਾਂ ਬ੍ਰਾਹਮਣ ਨੇ ਇਨ੍ਹਾਂ ਕਮਜ਼ੋਰੀਆਂ ਕਾਰਨ ਹੀ ਸਮਾਜ ਨੂੰ ਆਪਣਾ ਮਾਨਸਿਕ ਗੁਲਾਮ ਬਣਾਈ ਰੱਖਿਆ ਹੈ। ਅਜ ਸਿੱਖ ਕੌਮ ਵਿੱਚ ਇਹ ਪਖੰਡੀ ਬਾਬੇ, ਉਸੇ ਬ੍ਰਾਹਮਣ ਦਾ ਕੰਮ ਨਿਭਾ ਰਹੇ ਹਨ। ਇਹ ਸਿੱਖ ਕੌਮ ਅੰਦਰ, ਇਨ੍ਹਾਂ ਮਨੁੱਖੀ ਕਮਜ਼ੋਰੀਆਂ ਦਾ ਲਾਭ ਉਠਾ ਕੇ ਕੌਮ ਦਾ ਮਾਨਸਿਕ, ਸਰੀਰਕ ਅਤੇ ਆਰਥਿਕ ਸੋਸ਼ਣ ਕਰ ਰਹੇ ਹਨ।

ਡਰ:

ਇੱਕ ਆਮ ਮਨੁੱਖ ਹਰ ਵੇਲੇ ਡਰ ਦੇ ਮਾਹੌਲ ਵਿੱਚ ਵਿਚਰਦਾ ਹੈ। ਸੱਭ ਤੋਂ ਪਹਿਲਾਂ ਰਿਜ਼ਕ ਦਾ ਡਰ, ਨੌਕਰੀ ਮਿਲੇਗੀ ਜਾਂ ਨਹੀਂ? ਕਾਰੋਬਾਰ ਚਲੇਗਾ ਜਾਂ ਨਹੀਂ? ਇਮਤਿਹਾਨ ਚੋਂ ਪਾਸ ਹੋਵਾਂਗਾ ਜਾਂ ਨਹੀਂ? ਕਿਤੇ ਸਰੀਰ ਰੋਗੀ ਨਾ ਹੋ ਜਾਵੇ? ਰੋਗ ਠੀਕ ਹੋਵੇਗਾ ਕਿ ਨਹੀਂ? ਜੀਵਨ ਸਾਥੀ ਕੈਸਾ ਮਿਲੇਗਾ? ਔਲਾਦ ਸਿਆਣੀ ਹੋਵੇਗੀ ਕਿ ਨਹੀਂ? ਬੁੱਢਾਪੇ ਵਿੱਚ ਔਲਾਦ ਮੇਰੀ ਸੇਵਾ ਕਰੇਗੀ ਜਾਂ ਨਹੀਂ? ਕੋਈ ਦੁਰਘਟਨਾ ਨਾ ਹੋ ਜਾਵੇ! ਕੋਈ ਕੁਦਰਤੀ ਬਿਪਦਾ ਨਾ ਆ ਜਾਵੇ, ਕਮਾਈ ਹੋਈ ਮਾਇਆ ਕਿਤੇ ਗੁਆਚ ਨਾ ਜਾਵੇ! ਆਦਿ। ਇੰਝ ਮਾਇਆ ਵਿੱਚ ਗਲਤਾਨ ਹੋਇਆ ਮਨੁੱਖ, ਹਰ ਵੇਲੇ, ਹਰ ਗੱਲ ਤੋਂ, ਹਰ ਚੀਜ਼ ਤੋਂ ਡਰੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵੀ ਫੁਰਮਾਉਂਦੀ ਹੈ:

ਬਿਖੁ ਸੰਚੈ ਨਿਤ ਡਰਤਾ ਫਿਰੈ।।  {ਭੈਰਉ ਮਹਲਾ ੫, ਪੰਨਾ ੧੧੩੯}

ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ 

ਭੈ ਭੰਜਨ ਪ੍ਰਭ ਮਨਿ ਨ ਬਸਾਹੀ।। ਡਰਪਤ ਡਰਪਤ ਜਨਮ ਬਹੁਤੁ ਜਾਹੀ।। ੧।।  {ਗਉੜੀ ਮਹਲਾ ੫, ਪੰਨਾ ੧੯੭}

ਹੇ ਭਾਈ ! ਜੇਹੜੇ ਮਨੁੱਖ) ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਨਹੀਂ ਵਸਾਂਦੇ, ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ। ੧।

ਸਭ ਤੋਂ ਵੱਡਾ ਡਰ ਮੌਤ ਦਾ ਹੈ। ਕੋਈ ਮਰਨਾ ਨਹੀ ਚਾਹੁੰਦਾ। ਹਰ ਕੋਈ ਲੰਬੀ ਉਮਰ ਦੀ ਕਾਮਨਾ ਕਰਦਾ ਹੈ। ਹਿੰਦੂ ਮਿਥਿਹਾਸ ਅਨੁਸਾਰ ਪੁਰਾਣੇ ਸਮੇਂ ਦੇ ਰਿਸ਼ੀ, ਮੁਨੀ ਆਪਣੀ ਉਮਰ ਲੰਬੀ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਯੋਗ ਸਾਧਨਾਵਾਂ ਕਰਦੇ ਸੀ ਅਤੇ ਤੱਪ ਸਾਧਦੇ ਸੀ। ਅੱਜ ਵੀ ਹਸਪਤਾਲਾਂ ਵਿੱਚ ਲੱਗੀਆਂ ਲੰਬੀਆਂ ਕਤਾਰਾਂ, ਦੁਆਈਆਂ ਵੇਚਣ ਵਾਲਿਆਂ ਦੀਆਂ ਅਨਗਿਣਤ ਦੁਕਾਨਾਂ, ਵੈਦਾਂ ਹਕੀਮਾਂ ਦੀ ਭਰਮਾਰ ਵੀ ਇਸੇ ਕਰ ਕੇ ਹੈ ਕਿਉਂਕਿ ਮੱਨੁਖ ਵੱਧ ਤੋਂ ਵੱਧ ਜੀਣਾ ਚਾਹੁੰਦਾ ਹੈ। ਮੱਨੁਖਾਂ ਦੀ ਤਾਂ ਗਲ ਹੀ ਛੱਡ ਦੇਈਏ, ਕਿਸੇ ਭੈੜੀ ਤੋਂ ਭੈੜੀ ਜੂਨ ਵਿੱਚ ਪਿਆ ਜੀਵ, ਕਿਸੇ ਗੰਦਗੀ ਵਿੱਚ ਪਲ ਰਿਹਾ ਕੀੜਾ ਵੀ ਮਰਨਾ ਨਹੀ ਚਾਹੁੰਦਾ। ਜੇ ਕਿਤੇ ਮੌਤ ਸਾਮ੍ਹਣੇ ਨਜ਼ਰ ਆ ਜਾਵੇ ਤਾਂ ਜਿਵੇਂ ਉਹ ਜਾਨ ਬਚਾਉਣ ਲਈ ਦੌੜਦਾ ਹੈ, ਛੱਟਪਟਾਂਦਾ ਹੈ, ਉਸ ਤੋਂ ਸਹਿਜੇ ਹੀ ਪਤਾ ਲਗਦਾ ਹੈ ਕਿ ਉਹ ਮਰਨਾ ਬਿਲਕੁਲ ਨਹੀਂ ਚਾਹੁੰਦਾ। ਸਤਿਗੁਰ ਦੀ ਪਾਵਨ ਬਾਣੀ ਵੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ:

ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ।।  {ਸਿਰੀਰਾਗੁ ਮਹਲਾ ੧, ਪੰਨਾ ੬੩}

ਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ।

ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ।।  {ਮਃ ੩, ਪੰਨਾ ੫੫੫}

ਮਰਨ ਤੋਂ ਸਾਰਾ ਸੰਸਾਰ ਡਰਦਾ ਹੈ, ਹਰ ਕੋਈ ਜੀਊਣਾ ਚਾਹੁੰਦਾ ਹੈ।

ਅਸਲ ਵਿੱਚ ਗੱਲ ਮੌਤ ਤੇ ਵੀ ਨਹੀਂ ਮੁਕਦੀ। ਪੁਜਾਰੀ ਸ਼੍ਰੇਣੀ ਦੁਆਰਾ ਪਾਏ ਗਏ ਭਰਮ ਕਾਰਨ ਮੌਤ ਤੋਂ ਵੀ ਅੱਗੇ, ਮਰਨ ਤੋਂ ਬਾਅਦ ਸੁਰਗ ਮਿਲੇਗਾ ਜਾਂ ਨਰਕ? ਦਾ ਡਰ ਬਣਿਆ ਰਹਿੰਦਾ ਹੈ। ਪਾਵਨ ਬਾਣੀ ਇਸ ਪ੍ਰਥਾਏ ਸਾਨੂੰ ਅਗਵਾਈ ਬਖਸ਼ਿਸ਼ ਕਰਦੀ ਹੈ:

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ।। ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ।। ੧।।  {ਰਾਗੁ ਗਉੜੀ ਪੂਰਬੀ ਕਬੀਰ ਜੀ, ਪੰਨਾ ੩੩੭}

ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿੱਚ ਹੀ ਨਿਵਾਸ ਨਾਹ ਮਿਲ ਜਾਏ। ਜੋ ਕੁੱਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿੱਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ। ੧।

ਇਹ ਤਾਂ ਕੇਵਲ ਕੁੱਝ ਇੱਕ ਸੰਕੇਤ ਮਾਤਰ ਹਨ। ਅਸਲ ਵਿੱਚ ਤਾਂ ਮੱਨੁਖ ਨੇ ਪਤਾ ਨਹੀਂ ਕਿਤਨੇ ਕੁ ਡਰ ਪਾਲ ਰਖੇ ਹਨ ਅਤੇ ਇਨ੍ਹਾਂ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ। ਹਰ ਕੌਮ ਦੇ ਪਖੰਡੀ ਧਾਰਮਿਕ ਆਗੂਆਂ ਨੇ ਇਸ ਮਨੁੱਖੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਮਨੁੱਖਤਾ ਦਾ ਭਰਪੂਰ ਸੋਸ਼ਣ ਕੀਤਾ ਹੈ। ਬ੍ਰਾਹਮਣ ਨੇ ਇਸ ਮਨੁੱਖੀ ਕਮਜ਼ੋਰੀ ਦਾ ਭਰਪੂਰ ਫਾਇਦਾ ਚੁੱਕਿਆ ਅਤੇ ਲੋਕਾਈ ਨੂੰ ਆਪਣਾ ਮਾਨਸਿਕ ਗੁਲਾਮ ਬਣਾਉਣ ਲਈ ਇਨ੍ਹਾਂ ਸਭ ਸਮੱਸਿਆਵਾਂ ਨੂੰ ਗ੍ਰਹਾਂ ਨਾਲ ਜੋੜ ਦਿੱਤਾ ਕਿ ਹੇ ਭਾਈ ਤੇਰੇ ਗ੍ਰਹ ਮਾੜੇ ਚਲ ਰਹੇ ਹਨ, ਇਸ ਕਰਕੇ ਤੇਰੇ ਜੀਵਨ ਵਿੱਚ ਇਹ ਸਮੱਸਿਆਵਾਂ ਆ ਰਹੀਆਂ ਹਨ ਅਤੇ ਫੇਰ ਇਨ੍ਹਾਂ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਲਈ ਭਾਂਤ ਭਾਂਤ ਦੇ ਮੰਤ੍ਰ ਤਿਆਰ ਕੀਤੇ, ਜਿਵੇਂ ਲੰਬੀ ਉਮਰ ਲਈ, ਇਮਤਿਹਾਨ `ਚੋਂ ਪਾਸ ਹੋਣ ਲਈ, ਦੇਹ ਅਰੋਗਤਾ ਲਈ, ਨੌਕਰੀ ਲੱਗਣ ਲਈ, ਆਦਿ ਆਦਿ।

ਇਸ ਤੋਂ ਇਲਾਵਾ ਹੋਰ ਕਈ ਕਰਮਕਾਂਡ ਘੜ ਲਏ। ਇਸੇ ਤਰ੍ਹਾਂ ਮੁਸਲਮਾਨ ਕੌਮ ਵਿੱਚ ਪੀਰਾਂ ਫਕੀਰਾਂ ਨੇ ਟੂਣੇ, ਤਬੀਤ ਆਦਿ ਜੰਤਰ ਤਿਆਰ ਕਰ ਲਏ। ਇਸ ਮਨੁੱਖੀ ਕਮਜ਼ੋਰੀ ਦਾ ਭਰਪੂਰ ਫਾਇਦਾ ਚੁੱਕ ਕੇ ਆਪਣੇ ਪੈਰੋਕਾਰਾਂ ਦਾ ਭਰਪੂਰ ਸੋਸ਼ਣ ਕਰਨ ਵਿੱਚ ਕੋਈ ਵੀ ਧਾਰਮਿਕ ਆਗੂ ਪਿੱਛੇ ਨਹੀਂ ਰਿਹਾ ਅਤੇ ਇਸ ਬਹਾਨੇ ੳਨ੍ਹਾਂ ਆਪਣੇ ਪੈਰੋਕਾਰਾਂ ਨੂੰ ਰੱਜ ਕੇ ਲੁੱਟਿਆ ਹੈ। ਗੁਰਬਾਣੀ ਤੋਂ ਟੁੱਟਣ ਕਾਰਨ ਅੱਜ ਦਾ ਆਮ ਸਿੱਖ ਵੀ ਇਸ ਡਰ ਦੇ ਮਾਹੌਲ ਤੋਂ ਮੁਕਤ ਨਹੀਂ ਹੋ ਸਕਿਆ। ਜੇ ਕੋਈ ਫਰਕ ਪਿਆ ਤਾਂ ਸਿਰਫ ਇਤਨਾ ਕਿ ਬਹੁਤਾਤ ਬ੍ਰਾਹਮਣ ਨੂੰ ਛੱਡ ਕੇ ਇਨ੍ਹਾਂ ਅਖੌਤੀ ਸੰਤਾਂ ਦੇ ਡੇਰਿਆ ਤੇ ਜਾਣੇ ਸ਼ੁਰੂ ਹੋ ਗਏ। ਅੱਜ ਉਹੀ ਬ੍ਰਾਹਮਣੀ ਮਾਰਗ ਤੇ ਚਲਦੇ ਹੋਏ, ਸਿੱਖ ਕੌਮ ਵਿੱਚ ਇਹ ਅਖੌਤੀ ਬਾਬੇ ਪਹਿਲਾਂ ਤਾਂ ਸਿੱਖਾਂ ਅੰਦਰ ਭਾਂਤ ਭਾਂਤ ਦੇ ਡਰ ਪੈਦਾ ਕਰਦੇ ਹਨ, ਫਿਰ ਡਰ ਤੋਂ ਮੁਕਤੀ ਪਾਉਣ ਲਈ, ਕਈ ਤਰ੍ਹਾਂ ਦੇ ਕਰਮ ਕਾਂਡ, ਚਲੀਹੇ, ਸੁਖਣਾ, ਮੰਤਰ ਜਾਪ ਆਦਿ ਦੱਸ ਕੇ ਅਤੇ ਕਈ ਤਰ੍ਹਾਂ ਦੇ ਤਬੀਤ, ਟੂਣੇ ਆਦਿ ਦੇਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top