👉
ਲੜੀ ਜੋੜਨ ਲਈ
ਪਿਛਲੇ ਭਾਗ ਪੜ੍ਹੋ
ਡੇਰਾਵਾਦ
ਪ੍ਰਫੁਲਤ ਹੋਣ ਦੇ ਸਮਾਜਿਕ ਕਾਰਨ ਵੀ ਉਤਨੇ ਹੀ ਬਲਵਾਨ ਹਨ ਜਿਤਨੇ ਕਿ
ਮਾਨਸਿਕ ਕਾਰਣ।
ਅਸਲ ਵਿੱਚ ਮਾਨਸਿਕਤਾ ਵਿਚੋਂ ਹੀ ਸਮਾਜ ਦਾ ਅਸਲ ਰੂਪ ਨਿਖਰਦਾ ਹੈ। ਬ੍ਰਾਹਮਣਵਾਦੀ
ਮਾਨਸਿਕਤਾ ਵਿੱਚ ਪਲੇ ਭਾਰਤੀ ਸਮਾਜ ਵਿਚੋਂ ਕੋਈ ਵੀ ਕੌਮ ਇਸ ਦੇ ਸਮਾਜਿਕ ਪ੍ਰਭਾਵ ਤੋਂ
ਪੂਰੀ ਤਰ੍ਹਾਂ ਨਿਰਲੇਪ ਨਹੀਂ ਰਹਿ ਸਕੀ। ਇਸ ਦਾ ਪ੍ਰਭਾਵ ਸਾਡੀ ਮਾਨਸਿਕਤਾ 'ਤੇ ਤਾਂ ਹੀ
ਘੱਟ ਸਕਦਾ ਹੈ ਜੇ ਆਪਣੇ ਧਰਮ ਦੇ ਮੂਲ ਨਾਲ ਜੁੜੇ ਰਹੀਏ।
ਨਾ ਸਿਰਫ ਆਪਣੀ ਕੌਮ ਦੇ, ਧਰਮ ਦੇ, ਸਿਧਾਤਾਂ ਨੂੰ ਸਮਝੀਏ ਬਲਕਿ ਉਨ੍ਹਾਂ ਤੇ ਦ੍ਰਿੜਤਾ
ਨਾਲ ਪਹਿਰਾ ਦੇਈਏ। ਅਸੀਂ ਸਿੱਖ ਕੌਮ ਦੀ ਗੱਲ ਵੀ ਕਰ ਲਈਏ ਤਾਂ ਜਿਤਨੀ ਦੇਰ ਇਹ ਗੁਰਬਾਣੀ
ਦੇ ਅਲੌਕਿਕ ਗਿਆਨ ਨਾਲ ਜੁੜੀ ਰਹੀ, ਇਸ ਦੀ ਵਿਲਖਣਤਾ ਵੀ ਬਣੀ ਰਹੀ ਅਤੇ ਭਾਰਤੀ
ਬ੍ਰਾਹਮਣਵਾਦੀ ਪ੍ਰਭਾਵ ਇਸ ਦੇ ਸਮਾਜਿਕ ਰੁਪ ਨੂੰ ਬਹੁਤਾ ਪ੍ਰਭਾਵਤ ਨਹੀਂ ਕਰ ਸਕਿਆ। ਸਗੋਂ
ਇਸ ਨੇ ਜੀਵਨ ਦੇ ਕਈ ਖੇਤਰਾਂ ਵਿੱਚ ਭਾਰਤੀ ਸਮਾਜ ਦੇ ਦੂਸਰੇ ਅੰਗਾਂ ਨੂੰ ਪ੍ਰਭਾਵਿਤ ਕੀਤਾ
ਅਤੇ ਉਨ੍ਹਾਂ ਵਿੱਚ ਵੀ ਜੀਵਨ ਦੀ ਸਵੱਛਤਾ ਅਤੇ ਸਮਾਜਿਕ ਨਿਰਮਲਤਾ ਲਿਆਉਣੀ ਸ਼ੁਰੂ ਕਰ ਦਿੱਤੀ।
ਸਮੇਂ ਦੇ ਨਾਲ ਸਿੱਖ ਗੁਰਬਾਣੀ ਨੂੰ ਅਪਨਾਉਣ ਦੀ ਬਜਾਏ, ਗੁਰਬਾਣੀ ਅਨੁਸਾਰ ਜੀਵਨ ਨੂੰ
ਢਾਲਣ ਦੀ ਬਜਾਏ, ਇਸ ਦੀ ਪੂਜਾ ਵਿੱਚ ਲੱਗ ਗਿਆ। ਅੱਜ ਜੀਵਨ ਦੇ ਬਹੁਤੇ ਅੰਗਾਂ ਵਿੱਚ
ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਸਮਾਜਿਕ ਬਣਤਰ ਇਸ ਤੇ ਭਾਰੂ ਹੋ ਚੁੱਕੇ ਹਨ।
ਜਾਤ-ਪਾਤ, ਊਚ-ਨੀਚ ਦਾ ਕੋਹੜ:
ਬ੍ਰਾਹਮਣ ਨੇ ਭਾਰਤੀ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਹੋਇਆ
ਹੈ, ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ। ਇਸ ਵੰਡੀ ਦਾ ਵੀ ਇੱਕ ਆਪਣਾ ਇਤਿਹਾਸ ਹੈ। ਭਾਰਤ
ਦੇ ਮੂਲ ਨਿਵਾਸੀਆਂ ਨੂੰ ਦ੍ਰਾਵਿੜ ਸਭਿਅਤਾ ਕਿਹਾ ਜਾਂਦਾ ਸੀ। ਇਹ ਦ੍ਰਾਵਿੜ ਲੋਕ ਬੜੇ
ਸਿੱਧੇ-ਸਾਦੇ, ਅਮਨ ਪਸੰਦ ਅਤੇ ਖੁਸ਼ਹਾਲ ਲੋਕ ਸਨ। ਭਾਰਤ ਤੇ ਅਕਸਰ ਬਾਹਰੋਂ ਹਮਲੇ ਹੁੰਦੇ
ਰਹੇ। ਦ੍ਰਾਵਿੜ ਲੋਕਾਂ ਦੀ ਸਾਦਗੀ ਅਤੇ ਅਮਨ ਪਸੰਦੀ ਉਨ੍ਹਾਂ ਦੀ ਕਮਜ਼ੋਰੀ ਬਣ ਗਈ। ਦੱਖਣ
ਦਾ ਵਧੇਰੇ ਹਿੱਸਾ ਸਮੁੰਦਰ ਨਾਲ ਅਤੇ ਉੱਤਰ ਅਤੇ ਉੱਤਰ ਪੂਰਬ ਵਧੇਰੇ ਪਹਾੜਾਂ ਨਾਲ ਘਿਰਿਆ
ਹੋਣ ਕਾਰਨ ਇਹ ਹਮਲੇ ਵਧੇਰੇ ਉੱਤਰ-ਪੱਛਮ ਖੇਤਰ ਵਲੋਂ ਹੁੰਦੇ ਰਹੇ। ਹੌਲੀ ਹੌਲੀ ਵਧੇਰੇ
ਦ੍ਰਾਵਿੜ ਲੋਕ ਦਖਣ ਵਲ ਸੁੰਗੜਦੇ ਗਏ। ਇਨ੍ਹਾਂ ਵਿਚੋਂ ਹੀ ਕਈ ਜੰਗਲਾਂ ਜਾਂ ਪਹਾੜਾਂ ਵਿੱਚ
ਜਾ ਲੁਕੇ ਅਤੇ ਉਥੋਂ ਆਰਿਆ ਲੋਕਾਂ ਵਿਰੁਧ ਗੁਰੀਲਾ ਕਿਸਮ ਦੀ ਜੰਗ ਕਰਦੇ ਰਹੇ, ਇਨ੍ਹਾਂ
ਨੂੰ ਹੀ ਅਜ ਆਦੀਵਾਸੀ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਹੀ ਆਰਿਆ ਲੋਕਾਂ (ਅਜ ਦੇ ਬ੍ਰਾਹਮਣਾਂ)
ਵਲੋਂ ਰਾਖਸ਼ਸ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਵੀ ਇੱਕ ਕੌਡਾ ਰਾਖਸ਼ਸ ਦੀ ਸਾਖੀ
ਬਹੁਤ ਪ੍ਰਚਲਤ ਹੈ, ਜਦਕਿ ਅਸਲੀਅਤ ਵਿੱਚ ਕੌਡਾ ਭੀਲ ਜਾਂ ਕੌਡਾ ਆਦੀਵਾਸੀ ਕਿਹਾ ਜਾਣਾ
ਚਾਹੀਦਾ ਹੈ। ਬਾਹਰੋਂ ਅਕਸਰ ਧਾੜਵੀਆਂ ਨੇ ਆਉਣਾ ਅਤੇ ਦ੍ਰਾਵਿੜ ਲੋਕਾਂ ਦੀ ਮਾਰ-ਕੁੱਟ ਅਤੇ
ਵੱਡੀ ਪਧਰ ਤੇ ਲੁੱਟ ਖਸੁੱਟ ਕਰਨੀ। ਇਨ੍ਹਾਂ ਪੁਰਾਤਨ ਹਮਲਾਵਾਰਾਂ ਵਿਚੋਂ ਸਕਾਈਦੀ, ਕੁਸ਼ਨ
ਅਤੇ ਹੂਨ ਆਦਿ ਦੇ ਨਾਂਅ ਵਿਸ਼ੇਸ਼ ਕਰਕੇ ਲਏ ਜਾ ਸਕਦੇ ਹਨ। ਬਾਹਰੋਂ ਆਉਣ ਵਾਲੇ ਹਮਲਾਵਾਰ
ਅਕਸਰ ਲੁੱਟ ਮਾਰ ਕਰ ਕੇ ਵਾਪਸ ਚਲੇ ਜਾਂਦੇ ਪਰ ਇਨ੍ਹਾਂ ਵਿਚੋਂ ਕਈ ਇਥੇ ਭਾਰਤ ਵਿੱਚ ਹੀ
ਵੱਸ ਜਾਂਦੇ।
ਇਸੇ ਹਮਲਾਵਾਰਾਂ ਦੀ ਲੜੀ ਵਿੱਚ ਹੀ ਆਰਿਆ ਲੋਕ
ਵੀ ਆਏ। ਇਹ ਲੋਕ ਈਰਾਨ ਅਤੇ ਦੱਖਣੀ ਰੂਸ ਵੱਲੋਂ ਆਏ ਸਮਝੇ ਜਾਂਦੇ ਹਨ। (ਆਹਰੋਨ ਡੈਨੀਅਲ
ਅਨੁਸਾਰ, ਉਸ ਦੀ ਵੈਬਸਾਈਟ-http://adaniel.tripod.com,
Adaniel’s info site ਤੋਂ ਇਕੱਤਰ
ਜਾਣਕਾਰੀ ਦੇ ਅਧਾਰ ਤੇ)। ਇਹ ਬਹੁਤ ਸ਼ਾਤਰ ਲੋਕ ਸਨ। ਆਪਣੀ ਤਾਕਤ ਅਤੇ ਚਤੁਰਾਈ ਨਾਲ ਇਨ੍ਹਾਂ
ਦ੍ਰਾਵਿੜ ਲੋਕਾਂ ਨੂੰ ਸਹਿਜੇ ਹੀ ਆਪਣਾ ਗੁਲਾਮ ਬਣਾ ਲਿਆ। ਆਰਿਆ ਲੋਕਾਂ ਨੇ ਸਮੂਹਿਕ ਰੂਪ
ਵਿੱਚ ਭਾਰਤ ਵਿੱਚ ਹੀ ਵਸਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਨੂੰ ਹਰ ਵੇਲੇ ਇਹ ਡਰ ਖਾਈ ਜਾਂਦਾ
ਸੀ ਕਿ ਜਿਵੇਂ ਹੀ ਦ੍ਰਾਵਿੜ ਲੋਕਾਂ ਵਿੱਚ ਕੁੱਝ ਤਾਕਤ ਅਤੇ ਜਾਗ੍ਰਿਤੀ ਆਈ ਇਹ ਸਾਨੂੰ ਇਥੋਂ
ਜਾਣ ਲਈ ਆਖਣਗੇ, ਜਿਵੇਂ ਕਿ ਅਸੀਂ ਵੇਖਿਆ ਹੈ ਕਿ ਤਕਰੀਬਨ ਦੋ ਸੌ ਸਾਲ ਦੇ ਰਾਜ ਤੋਂ ਬਾਅਦ
ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ। ਦ੍ਰਾਵਿੜ ਲੋਕਾਂ ਨੂੰ ਸਦੀਵੀ ਤੌਰ 'ਤੇ ਗੁਲਾਮ
ਬਣਾ ਕੇ ਰਖਣ ਲਈ ਇਨ੍ਹਾਂ ਧਰਮ ਦੇ ਨਾਂਅ ਤੇ ਇੱਕ ਸਾਜਸ਼ ਰਚੀ। ਇਨ੍ਹਾਂ ਉਸ ਸਮੇਂ ਦੇ ਭਾਰਤੀ
ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡ ਦਿੱਤਾ, ਜਿਸ ਵਿੱਚ ਆਰਿਆ ਲੋਕ ਆਪ ਸਭ ਤੋਂ ਉਪਰ
ਬ੍ਰਾਹਮਣ ਬਣ ਕੇ ਬੈਠ ਗਏ ਅਤੇ ਆਪਣੇ ਆਪ ਨੂੰ ਧਾਰਮਿਕ ਆਗੂ ‘ਦੇਵਤੇ` ਦੇ ਰੂਪ ਵਿੱਚ
ਸਥਾਪਤ ਕਰ ਲਿਆ। ਇਨ੍ਹਾਂ ਦਾ ਕੰਮ ਆਪਣੀ ਅਤੇ ਆਪਣੇ ਥਾਪੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ,
ਕਰਾਉਣੀ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ, ਧਾਰਮਿਕ ਕਿਰਿਆ ਅਤੇ ਸੰਸਕਾਰ ਕਰਨੇ ਅਤੇ ਬਾਕੀ
ਸਾਰੇ ਵਰਣਾਂ ਤੋਂ ਧਰਮ ਦੇ ਨਾਂਅ ਤੇ ਦਾਨ ਲੈਣਾ ਸੀ। ਬਾਹਰੋਂ ਆਏ ਦੂਸਰੇ ਹਮਲਾਵਾਰ ਜੋ
ਕੁੱਝ ਇਥੇ ਵੱਸ ਗਏ ਸਨ ਅਤੇ ਜਿਨ੍ਹਾਂ ਨੂੰ ਇਹ ਆਰਿਆ ਲੋਕ ਆਪਣੇ ਵਾਂਗ ਹੀ ਤਾਕਤਵਰ ਅਤੇ
ਭਵਿੱਖ ਵਿੱਚ ਆਪਣੇ ਵਾਸਤੇ ਖਤਰਾ ਵੀ ਸਮਝਦੇ ਸਨ, ਉਨ੍ਹਾਂ ਨੂੰ ਇਨ੍ਹਾਂ ਕਸ਼ਤਰੀ, ਜਿਸ ਨੂੰ
ਅਸੀਂ ਆਮ ਤੌਰ ਤੇ ਖਤਰੀ ਕਹਿ ਦੇਂਦੇ ਹਾਂ, ਦਾ ਦਰਜਾ ਦਿੱਤਾ। ਕਸ਼ਤਰੀ ਦਾ ਕੰਮ ਰਾਜ ਕਰਨਾ
ਅਤੇ ਰਾਜ ਦੀ ਰੱਖਿਆ ਕਰਨਾ ਸੀ, ਪਰ ਉਸ ਦਾ ਰਾਜਗੁਰੂ ਬ੍ਰਾਹਮਣ ਸੀ। ਇਸ ਤਰ੍ਹਾਂ ਉਹ ਰਾਜ
ਕਰਦਾ ਹੋਇਆ ਵੀ ਧਾਰਮਿਕ ਤੌਰ ਤੇ ਬ੍ਰਾਹਮਣ ਦੇ ਪਰਾਧੀਨ ਸੀ। ਕਿਸੇ ਵੀ ਤਰ੍ਹਾਂ ਦੇ ਬਾਹਰੀ
ਹਮਲੇ ਜਾਂ ਅਦਰੂਨੀ ਝਗੜੇ ਦੀ ਹਾਲਤ ਵਿੱਚ ਦੇਸ਼ ਦੀ ਰੱਖਿਆ ਕਰਨ ਦਾ ਕੰਮ ਇਸ ਦਾ ਸੀ, ਬਲਕਿ
ਹਰ ਹਾਲਾਤ ਵਿੱਚ ਹੀ ਇਸ ਦਾ ਪਹਿਲਾ ਫਰਜ਼ ਬ੍ਰਾਹਮਣ ਦੀ ਰੱਖਿਆ ਕਰਨਾ ਸੀ। ਸੋ ਲੋੜ ਪੈਣ ਤੇ
ਲੜੇ ਮਰੇ ਕਸ਼ਤਰੀ ਅਤੇ ਬ੍ਰਾਹਮਣ ਐਸ਼ ਕਰੇ। ਇਸ ਤਰ੍ਹਾਂ ਹਮਲਾਵਾਰ ਜਾਂ ਕਸ਼ਤਰੀ ਦੋਨਾਂ ਵਿਚੋਂ
ਜਿਹੜਾ ਵੀ ਮਰੇ ਬ੍ਰਾਹਮਣ ਭਾਵ ਆਰਿਆ ਭਾਈਚਾਰੇ ਦਾ ਦੁਸ਼ਮਣ ਹੀ ਮਰਦਾ ਸੀ।
ਇਤਿਹਾਸ ਵਿੱਚ ਐਸੇ
ਵਰਨਣ ਵੀ ਆਉਂਦੇ ਹਨ ਕਿ ਜਦੋਂ ਕਦੀ ਬ੍ਰਾਹਮਣ ਨੂੰ ਇਹ ਮਹਿਸੂਸ ਹੋਇਆ ਕਿ ਖਤਰੀ
ਲੋਕ ਵਧੇਰੇ ਤਾਕਤਵਰ ਹੋ ਗਏ ਹਨ ਤਾਂ ਇਸ ਨੇ ਆਪ ਹਥਿਆਰ ਚੁੱਕ ਕੇ ਵੀ ਖਤਰੀ ਲੋਕਾਂ ਨੂੰ
ਮਾਰਿਆ, ਇਸ ਸਿਲਸਿਲੇ ਵਿੱਚ ਪਰਸਰਾਮ ਨਾਂਅ ਦੇ ਬ੍ਰਾਹਮਣ ਦਾ ਵਰਨਣ ਖਾਸ ਤੌਰ ਤੇ ਆਉਂਦਾ
ਹੈ। ਆਰਿਆ ਲੋਕਾਂ ਨੇ ਦ੍ਰਾਵਿੜ ਸਮਾਜ ਨੂੰ ਵਧੇਰੇ ਕਮਜ਼ੋਰ ਕਰਨ ਲਈ, ਇਸ ਨੂੰ ਦੋ ਹਿੱਸਿਆ
ਵਿੱਚ ਵੰਡ ਦਿੱਤਾ। ਆਰਿਆ ਵਿਦਵਾਨ ਇਹ ਸਮਝਦੇ ਸਨ ਕਿ ਕਿਸੇ ਸਮਾਜ ਦੀ ਅਗਵਾਈ ਉਸ ਦੇ ਕੁੱਝ
ਸੂਝਵਾਨ ਅਤੇ ਸਮਰੱਥ ਲੋਕ ਹੀ ਕਰ ਸਕਦੇ ਹਨ, ਗਰੀਬ ਆਦਮੀ ਤਾਂ ਆਪਣੀ ਦੋ ਵੇਲੇ ਦੀ ਰੋਟੀ
ਕਮਾਉਣ ਤੋਂ ਹੀ ਵਿਹਲਾ ਨਹੀਂ ਹੁੰਦਾ। ਉਨ੍ਹਾਂ ਨੇ ਦ੍ਰਾਵਿੜ ਭਾਈਚਰੇ ਦੇ ਐਸੇ ਕੁੱਝ
ਸੂਝਵਾਨ ਅਤੇ ਸਮਰੱਥ ਲੋਕਾਂ ਨੂੰ ਵੈਸ਼ ਦਾ ਨਾਂਅ ਦਿੱਤਾ ਅਤੇ ਉਨ੍ਹਾਂ ਨੂੰ ਵਪਾਰ ਕਰਨ ਦਾ
ਕੰਮ ਸੌਂਪਿਆ। ਅਸੀਂ ਸਭ ਜਾਣਦੇ ਹਾਂ ਕਿ ਵਪਾਰ ਸਦਾ ਵਧੇਰੇ ਧਨ ਕਮਾਉਣ ਦਾ ਸਾਧਨ ਰਿਹਾ
ਹੈ, ਅਤੇ ਜਿਹੜਾ ਵਧੇਰੇ ਧਨ ਕਮਾਉਣ ਦੇ ਲੋਭ ਵਿੱਚ ਪੈ ਜਾਵੇ, ਉਹ ਉਸ ਤੋਂ ਅੱਗੇ ਹੋਰ
ਕੁੱਝ ਸੋਚ ਹੀ ਨਹੀਂ ਸਕਦਾ ਬਲਕਿ ਉਸ ਨੂੰ ਹਰ ਵੇਲੇ ਇਹੀ ਡਰ ਲੱਗਾ ਰਹਿੰਦਾ ਹੈ ਕਿ ਉਸ ਦੀ
ਸਥਾਪਤ ਕੀਤੀ ਵਪਾਰਕ ਸੰਸਥਾ ਕਿਤੇ ਢਹਿ ਢੇਰੀ ਨਾ ਹੋ ਜਾਵੇ ਅਤੇ ਉਸ ਦਾ ਕਮਾਇਆ ਧਨ ਕਿਤੇ
ਗੁਆਚ ਨਾ ਜਾਵੇ। ਉਸ ਨੇ ਆਪਣੇ ਭਾਈਚਾਰੇ ਜਾਂ ਕੌਮ ਬਾਰੇ ਕੀ ਸੋਚਣਾ ਹੈ? ਬਾਕੀ ਦੇ ਸਾਰੇ
ਦ੍ਰਾਵਿੜ ਸਮਾਜ ਨੂੰ ਉਸ ਨੇ ਸ਼ੂਦਰ ਗਰਦਾਨ ਦਿੱਤਾ। ਸ਼ੂਦਰ ਦਾ ਕੰਮ ਉਪਰਲੇ ਤਿੰਨ ਵਰਣਾਂ ਦੀ
ਸੇਵਾ ਕਰਨਾ ਸੀ। ਦ੍ਰਾਵਿੜ ਲੋਕ ਵਧੇਰੇ ਤੌਰ ਤੇ ਕਿਉਂਕਿ ਮਿਹਨਤਕਸ਼ ਅਤੇ ਕਿਰਤੀ ਸਨ, ਇਸ
ਨੇ ਸਾਰੇ ਕਿਰਤਾਂ ਨੂੰ ਸ਼ੁਦਰ ਲੋਕਾਂ ਨਾਲ ਜੋੜ ਦਿੱਤਾ ਅਤੇ ਹਰ ਕਿਰਤੀ ਨੂੰ ਸ਼ੂਦਰ ਗਰਦਾਨ
ਦਿੱਤਾ। ਇਤਨਾ ਹੀ ਨਹੀਂ ਹਰ ਕਿਰਤ ਨੂੰ ਇੱਕ ਜਾਤ ਦਾ ਨਾਂ ਦੇ ਦਿੱਤਾ ਗਿਆ, ਜਿਸ ਨਲ ਇਹ
ਆਪਸ ਵਿੱਚ ਹੀ ਹੋਰ ਕਈ ਜਾਤਾਂ ਵਿੱਚ ਵੰਡੇ ਜਾਣ। ਇਨ੍ਹਾਂ ਅੰਦਰ ਹੀਨ ਭਾਵਨਾ ਭਰਨ ਲਈ
ਇਨ੍ਹਾਂ ਨੂੰ ਨੀਚ ਤੇ ਅਛੂਤ ਆਖਿਆ ਅਤੇ ਇਨ੍ਹਾਂ ਦਾ ਸਦੀਵੀ ਮਾਨਸਿਕ ਸੋਸ਼ਣ ਕਰਨ ਲਈ ਇਨ੍ਹਾਂ
ਨੂੰ ਵਿਦਿਆ ਦੇ ਅਧਿਕਾਰ ਤੋਂ ਵੀ ਸਖਣਾ ਕਰ ਦਿੱਤਾ ਤਾਕਿ ਗਿਆਨ ਵਿਹੂਣੇ ਰਹਿ ਕੇ ਇਹ ਸਦੈਵ
ਬ੍ਰਾਹਮਣ ਦੇ ਮਾਨਸਿਕ ਗੁਲਾਮ ਬਣੇ ਰਹਿਣ। ਇਨ੍ਹਾਂ ਨੂੰ ਅਪਮਾਨਤ ਕਰਨ ਲਈ ਐਸੀ ਵਿਵਸਥਾ
ਤਿਆਰ ਕੀਤੀ ਕਿ ਉਪਰਲੇ ਵਰਣਾਂ ਵਾਲੇ, ਖਾਸ ਤੌਰ ਤੇ ਬ੍ਰਾਹਮਣ ਸੂਦਰ ਦਾ ਪ੍ਰਛਾਵਾਂ ਪੈਣ
ਨਾਲ ਭਿਟ ਜਾਂਦਾ ਸੀ ਅਤੇ ਸਜ਼ਾ ਦਾ ਪਾਤਰ ਬਣਦਾ ਸੀ। ਧਰਮ ਦੇ ਨਾਂਅ ਤੇ ਰਚੀ ਗਈ ਇਹ ਇੱਕ
ਐਸੀ ਸਾਜਿਸ਼ ਹੈ ਕਿ ਕਈ ਸਦੀਆਂ ਬੀਤ ਜਾਣ ਤੇ ਵੀ ਭਾਰਤੀ ਸਮਾਜ ਇਸ ਤੋਂ ਛੁਟਕਾਰਾ ਨਹੀਂ ਪਾ
ਸਕਿਆ। ਦੁਨੀਆਂ ਵਿੱਚ ਮਨੁੱਖੀ ਭੇਦਭਾਵ ਦੀ ਇਸ ਤੋਂ ਖਤਰਨਾਕ ਖੇਡ ਹੋਰ ਕਿਤੇ ਨਜ਼ਰ ਨਹੀਂ
ਆਉਂਦੀ, ਜਿਥੇ ਉਹ ਮਨੁੱਖ ਜੋ ਅਜੇ ਦੁਨੀਆਂ ਵਿੱਚ ਆਇਆ ਹੀ ਨਹੀਂ ਜਿਸਨੇ ਕਦੇ ਪੰਜ ਸੌ ਜਾਂ
ਹਜ਼ਾਰ ਸਾਲ ਬਾਅਦ ਜਨਮ ਲੈਣਾ ਹੈ, ਉਸ ਦਾ ਸਮਾਜ ਵਿੱਚ ਸਥਾਨ ਅਤੇ ਪੇਸ਼ਾ (Status
and Profession in society) ਪਹਿਲਾਂ
ਹੀ ਨੀਯਤ ਕਰ ਦਿੱਤਾ ਗਿਆ ਹੋਵੇ ਕਿ ਇਸ ਕੁੱਲ ਵਿੱਚ ਜਦੋਂ ਵੀ ਕੋਈ ਬੱਚਾ ਜਨਮ ਲਏਗਾ, ਉਹ
ਚੂੜ੍ਹਾ, ਚਮਾਰ, ਕਸਾਈ, ਲੋਹਾਰ ਤ੍ਰਖਾਣ ਜਾਂ ਛੀਪਾ ਆਦਿ ਆਦਿ. . ਅਖਵਾਏਗਾ ਅਤੇ ਉਸ ਦਾ
ਕੰਮ ਲੋਕਾਂ ਦੇ ਮੱਲ-ਮੂਤਰ ਦੀ ਗੰਦਗੀ ਢੋਣਾ, ਮਰੇ ਜਾਨਵਰਾਂ ਦੀ ਸੰਭਾਲ ਕਰਨੀ, ਉਪਰਲੇ
ਤਿੰਨ ਵਰਣਾਂ ਦੀ ਲੋੜ ਦੀ ਹਰ ਵਸਤੂ ਤਿਆਰ ਕਰਨੀ ਆਦਿ ਅਤੇ ਤਿੰਨ ਉੱਚੇ ਵਰਣਾਂ ਦੀ ਸੇਵਾ
ਕਰਨਾ ਹੋਵੇਗਾ। (ਵਿਸ਼ੇਸ਼ ਬੇਨਤੀ: ਦਾਸ ਨੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਿਸੇ ਮਨੁੱਖ
ਜਾਂ ਭਾਈਚਾਰੇ ਦਾ ਅਪਮਾਨ ਕਰਨ ਲਈ ਨਹੀਂ ਕੀਤੀ ਸਗੋਂ ਕੇਵਲ ਇਸ ਸਾਜਿਸ਼ ਦੀ ਸੱਚਾਈ ਸਮਾਜ
ਅੱਗੇ ਰਖਣ ਲਈ ਕੀਤੀ ਹੈ। ਮੈਂ ਹਰ ਮਨੁੱਖ ਨੂੰ ਬਰਾਬਰ ਸਮਝਦਾ ਹਾਂ, ਸਭ ਵਿੱਚ ਉਸ ਇੱਕ
ਅਕਾਲ ਪੁਰਖ ਦੀ ਅਗਮੀ ਜੋਤਿ ਮਹਿਸੂਸ ਕਰਦਾਂ ਹਾਂ ਅਤੇ ਕਿਸੇ ਮਨੁੱਖ ਜਾਂ ਭਾਈ ਚਾਰੇ ਦਾ
ਕਿਸੇ ਤਰ੍ਹਾਂ ਵੀ ਅਪਮਾਨ ਕਰਨ ਦਾ ਸੋਚ ਵੀ ਨਹੀਂ ਸਕਦਾ। ਫਿਰ ਵੀ ਕਿਸੇ ਦੀਆਂ ਭਾਵਨਾਵਾਂ
ਨੂੰ ਠੇਸ ਲੱਗੀ ਹੋਵੇ ਤਾਂ ਮੈਂ ਖਿਮਾਂ ਦਾ ਜਾਚਕ ਹਾਂ ਜੀ।) ਆਰਥਿਕ ਪਾੜਾ ਵੱਧਣ ਦੇ
ਨਾਲ ਵੈਸ਼ ਅਤੇ ਸ਼ੂਦਰ ਦੇ ਵਿੱਚ ਵੀ ਫਾਸਲਾ ਵਧਦਾ ਗਿਆ। ਹਾਲਾਤ ਇਹ ਹਨ ਕਿ ਅੱਜ ਵੈਸ਼ ਆਪਣੇ
ਆਪ ਨੂੰ ਬ੍ਰਾਹਮਣ ਅਤੇ ਖਤਰੀ ਦੇ ਵਧੇਰੇ ਨੇੜੇ ਮਹਿਸੂਸ ਕਰਦਾ ਹੈ। ਸ਼ੂਦਰ ਦੀ ਨੇੜਤਾ ਤੋਂ
ਉਸ ਨੂੰ ਹੀਨ ਭਾਵਨਾ ਮਹਿਸੂਸ ਹੁੰਦੀ ਹੈ। ਇਸ ਸਾਰੀ ਸਾਜਿਸ਼ ਦਾ ਸੂਤਰਧਾਰ ਮਨੂੰ ਨਾਂਅ ਦਾ
ਆਰਯ ਵਿਦਵਾਨ ਸੀ, ਜਿਸ ਨੇ ਮਨੂੰ ਸਿਮ੍ਰਤੀ ਨਾਂਅ ਦੀ ਕਿਤਾਬ ਵਿੱਚ ਇਸ ਖਤਰਨਾਕ ਵਿਵਸਥਾ
ਦਾ ਵਖਿਆਨ ਕੀਤਾ। ਇਸ ਵਾਸਤੇ ਇਸ ਵਿਵਸਥਾ ਨੂੰ ਮਨੂੰਵਾਦ ਵੀ ਆਖਿਆ ਜਾਂਦਾ ਹੈ।
ਦੁਨੀਆਂ ਵਿੱਚ ਆਰਥਿਕ ਪੱਧਰ ਤੇ ਵਰਗ ਵੰਡ ਹਮੇਸ਼ਾਂ ਰਹੀ ਹੈ। ਪਰ
ਇਹ ਵਰਗ ਵੰਡ ਸਥਾਈ ਨਹੀਂ ਹੈ, ਇਹ ਹਮੇਸ਼ਾਂ ਬਦਲਦੀ ਰਹੀ ਹੈ, ਅਤੇ ਕਿਸੇ ਲਈ ਕਦੇ ਵੀ ਬਦਲ
ਸਕਦੀ ਹੈ। ਜੋ ਅੱਜ ਬਹੁਤ ਗਰੀਬ ਹੈ, ਉਹ ਕੁੱਝ ਧਨ ਕਮਾ ਕੇ ਕਲ ਆਪਣੇ ਤੋਂ ਉਪਰਲੇ ਵਰਗ
ਵਿੱਚ ਆ ਸਕਦਾ ਹੈ। ਅਤੇ ਅੱਜ ਦਾ ਧਨਾਡ ਦੌਲਤ ਗੁਆ ਕੇ ਹੇਠਲੇ ਗਰੀਬ ਵਰਗ ਵਿੱਚ ਪਹੁੰਚ
ਸਕਦਾ ਹੈ। ਮੌਜੂਦਾ ਸਮਾਜ ਵਿੱਚ ਕੱਲ ਦੇ ਵੱਡੇ ਧਨਾਡ, ਸਮੇਂ ਨਾਲ ਗਰੀਬੀ ਨਾਲ ਜੂਝਦੇ ਅਤੇ
ਬੀਤੇ ਕੱਲ ਦੇ ਗਰੀਬ ਕਰੋੜਾਂ ਵਿੱਚ ਖੇਡਦੇ ਆਮ ਵੇਖੇ ਜਾ ਸਕਦੇ ਹਨ। ਪਰ ਇਹ ਵਰਣ ਵੰਡ ਦੀ
ਸਾਜਿਸ਼ ਇਤਨੀ ਖਤਰਨਾਕ ਅਤੇ ਸਥਾਈ ਹੈ ਕਿ ਜੋ ਅੱਜ ਜਿਸ ਜਾਤਿ, ਵਰਣ ਵਿੱਚ ਜਨਮਿਆਂ ਹੈ,
ਹਮੇਸ਼ਾਂ ਉਸੇ ਜਾਤ, ਵਰਣ ਦਾ ਹੀ ਰਹੇਗਾ ਬਲਕਿ ਉਸ ਦੀਆਂ ਆਉਣ ਵਾਲੀਆਂ ਕੁੱਲਾਂ ਵੀ ਇਸ ਤੋਂ
ਮੁਕਤ ਨਹੀਂ ਹੋ ਸਕਣਗੀਆਂ।
ਸਤਿਗੁਰੂ ਜੀ ਨੇ ਬ੍ਰਾਹਮਣ ਦੁਆਰਾ ਸਮਾਜ ਵਿੱਚ ਜਾਤ-ਪਾਤ, ਊਚ-ਨੀਚ
ਦੇ ਫੈਲਾਏ ਕੋਹੜ ਖਿਲਾਫ ਇੱਕ ਇਨਕਲਾਬ ਸ਼ੂਰੂ ਕੀਤਾ ਸੀ। ਜਿਸ ਸਮੇਂ ਆਪਣੇ ਆਪ ਨੂੰ ਉੱਚੀਆਂ
ਜਾਤਾਂ ਦੇ ਸਮਝਣ ਵਾਲੇ ਲੋਕ ਅਖੌਤੀ ਨੀਵੀਆਂ ਜਾਤਾਂ ਦੇ ਪਰਛਾਵੇਂ ਨਾਲ ਭਿਟ ਜਾਂਦੇ ਸਨ,
ਉਸ ਵੇਲੇ ਗੁਰੂ ਨਾਨਕ ਪਾਤਿਸ਼ਾਹ ਭਾਈ ਲਾਲੋ ਜੀ ਦੇ ਘਰ ਜਾਕੇ ਰਹਿੰਦੇ ਸਨ। ਸੰਸਾਰ ਦੇ
ਲੋਕਾਂ ਆਖਿਆਂ ਸੀ, ਗੁਰੂ ਨਾਨਕ ਪਾਤਿਸ਼ਾਹ ਆਪ ਤਾਂ ਖਤਰੀ ਹੋ, ਉੱਚੀ ਕੁਲ ਦੇ ਹੋ, ਕਿਥੇ
ਇੱਕ ਛੋਟੀ ਜਾਤ ਵਾਲੇ ਤ੍ਰਖਾਣ ਦੇ ਘਰ ਆ ਟਿਕੇ ਹੋ। ਸਤਿਗੁਰੂ ਨੇ ਫੁਰਮਾਇਆ ਸੀ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ
ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। {ਸਿਰੀ
ਰਾਗੁ ਮਹਲਾ ੧, ਪੰਨਾ ੧੫}
(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ
ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ
ਅਤਿ ਨੀਵੇਂ ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ (ਕਿਉਂਕਿ
ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।
੪। ੩।
ਇਤਨਾ ਹੀ ਨਹੀਂ, ਸਤਿਗੁਰੂ ਨੂੰ ਹੱਕ ਸੱਚ ਦੀ ਕਮਾਈ ਕਰਨ ਵਾਲੇ
ਭਾਈ ਲਾਲੋ ਸਭ ਤੋਂ ਉੱਚੀ ਜਾਤ ਦੇ ਦਿਸਦੇ ਸਨ ਅਤੇ ਭਾਈ ਲਾਲੋ ਜੀ ਦੀਆਂ ਕਿਰਤ ਕਮਾਈ ਦੀਆਂ
ਕੋਧਰੇ ਦੀਆਂ ਰੋਟੀਆਂ `ਚੋਂ ਦੁੱਧ ਘਿਓ ਦਾ ਸੁਆਦ ਆਉਂਦਾ ਸੀ। ਜਾਤਿ ਅਭਿਮਾਨੀ ਅਤੇ ਗਰੀਬਾਂ
ਦਾ ਹੱਕ ਮਾਰ ਕੇ ਧਨ ਇਕਤਰ ਕਰਨ ਵਾਲੇ, ਮਲਕ ਭਾਗੋ ਦੇ ਪਕਵਾਨਾਂ `ਚੋਂ ਗਰੀਬਾਂ ਦਾ
ਨਿਚੋੜਿਆ ਲਹੂ ਵਗਦਾ ਦਿਸਦਾ ਸੀ। ੫੪ ਸਾਲ ਦਾ ਲੰਬਾ ਸਮਾਂ ਗੁਰੂ ਨਾਨਕ ਪਾਤਿਸ਼ਾਹ ਦੇ ਸਭ
ਤੋਂ ਨੇੜੇ ਰਹਿਣ ਵਾਲੇ ਸਾਥੀ ਭਾਈ ਮਰਦਾਨਾ ਜੀ ਵੀ ਭਾਰਤੀ ਸਮਾਜ ਦੀਆਂ ਨਜਰਾਂ ਵਿੱਚ ਛੋਟੀ
ਜਾਤ ਦੇ ਡੂੰਮ (ਮਰਾਸੀ) ਸਨ। ਸਭ ਤੋਂ ਪਹਿਲਾਂ ਖੰਡੇ-ਬਾਟੇ ਦੀ ਪਾਹੁਲ (ਅੰਮ੍ਰਿਤ) ਦੀ
ਪਾਵਨ ਦਾਤ ਪ੍ਰਾਪਤ ਕਰਨ ਵਾਲੇ ਵੀ ਪੰਜਾਂ `ਚੋਂ ਚਾਰ ਸਮਾਜ ਦੀਆਂ ਅਖੌਤੀ ਛੋਟੀਆਂ ਜਾਤਾਂ
ਵਿਚੋਂ ਸਨ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਪੰਜ ਪਿਆਰੇ
ਕਹਿ ਕੇ ਨਿਵਾਜਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ੧੫ ਇਲਾਹੀ ਭਗਤਾਂ ਦੀ ਬਾਣੀ
ਦਰਜ ਕੀਤੀ ਗਈ ਉਹ ਵੀ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ ਜਾਂ ਇਲਾਕੇ ਦੇ ਭੇਦਭਾਵ ਦੇ ਕੀਤੀ
ਗਈ। ਅੱਜ ਸੰਸਾਰ ਦਾ ਜੋ ਪ੍ਰਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸੀਸ ਨਿਵਾਉਂਦਾ ਹੈ,
ਉਹ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤ ਰਵਿਦਾਸ ਜੀ, ਕਬੀਰ ਜੀ, ਸੈਣ ਜੀ, ਨਾਮਦੇਵ ਜੀ,
ਤ੍ਰਿਲੋਚਨ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸ਼ੇਖ ਫਰੀਦ ਜੀ ਭਾਵ ਉਹ ਸਾਰੇ ਭਗਤ ਸਾਹਿਬਾਨ
ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਦੇ ਅਗੇ ਬਰਾਬਰ ਸੀਸ
ਨਿਵਾਉਂਦਾ ਹੈ। ਗੁਰਬਾਣੀ ਦੇ ਬੇਅੰਤ ਸ਼ਬਦ ਸਾਨੂੰ ਜਾਤ-ਪਾਤ ਦੇ ਕੋਹੜ ਤੋਂ ਬਚਕੇ ਰਹਿਣ ਲਈ
ਪ੍ਰੇਰਨਾ ਦੇਂਦੇ ਹਨ:
ਫਕੜ ਜਾਤੀ ਫਕੜੁ ਨਾਉ। ਸਭਣਾ ਜੀਆ ਇਕਾ ਛਾਉ।।
ਆਪਹੁ ਜੇ ਕੋ ਭਲਾ ਕਹਾਏ।। ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ
ਪਾਇ।। ੧।। {ਸਲੋਕ ਮ: ੧।। ਪੰਨਾ ੮੩}
ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ,
(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇੱਕ ਹੀ
ਹੈ)। (ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ
ਚੰਗਾ ਨਹੀਂ ਬਣ ਜਾਂਦਾ)। ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ
ਵਿੱਚ (ਭਾਵ, ਸੱਚੀ ਦਰਗਾਹ ਵਿੱਚ ਲੇਖੇ ਵੇਲੇ) ਆਦਰ ਹਾਸਲ ਕਰੇ।
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।
(ਮਹਲਾ ੧, ਪੰਨਾ ੩੪੯)
ਹੇ ਭਾਈ! ਸਭਣਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ
ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ।
ਗਰਭ ਵਾਸ ਮਹਿ ਕੁਲੁ ਨਹੀ ਜਾਤੀ।। ਬ੍ਰਹਮ ਬਿੰਦੁ ਤੇ
ਸਭ ਉਤਪਾਤੀ।। ੧।।
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ।। ਬਾਮਨ ਕਹਿ ਕਹਿ ਜਨਮੁ ਮਤ
ਖੋਏ।। ਰਹਾਉ।। (ਕਬੀਰ ਜੀ, ਪੰਨਾ ੩੨੪)
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼
ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿੱਚ ਤਾਂ
ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਦੱਸ, ਹੇ ਪੰਡਿਤ !
ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ ?
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿੱਚ
ਅਜਾਈਂ) ਨਾਹ ਗਵਾਓ। ੧। ਰਹਾਉ।
ਬਲਕਿ ਇਸੇ ਸ਼ਬਦ ਦੇ ਅਗਲੇ ਪਦੇ ਵਿੱਚ ਭਗਤ ਕਬੀਰ ਜੀ ਬ੍ਰਾਮਹਣ ਨੂੰ
ਤਾਨ੍ਹਾ ਮਾਰਦੇ ਹੋਏ ਆਖਦੇ ਹਨ ਕਿ ਜੇ ਤੂੰ ਅਪਣੀ ਜਾਤਿ ਅਭਿਮਾਨ ਕਾਰਨ ਆਪਣੇ ਆਪ ਨੂੰ
ਦੂਸਰਿਆਂ ਤੋਂ ਉੱਚਾ ਸਮਝਦਾ ਹੈ, ਤੂੰ ਬ੍ਰਾਹਮਣੀ ਦੇ ਪੇਟ ਤੋਂ ਜੰਮਣ ਦਾ ਮਾਣ ਕਰਦਾ ਹੈ
ਤਾਂ ਫਿਰ ਤੂੰ ਸੰਸਾਰ ਤੇ ਆਉਣ ਦਾ ਰਾਹ ਵੀ ਕੋਈ ਹੋਰ ਕਿਉਂ ਨਹੀਂ ਬਣਾਇਆ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ
ਆਇਆ।।
ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕੁਲ, ਜਾਤ ਜਾਂ ਵਰਣ ਵਿੱਚ ਜਨਮ
ਲੈਣ ਕਰ ਕੇ ਕਿਸੇ ਨੂੰ ਛੋਟਾ ਜਾਂ ਨੀਵਾਂ ਨਹੀਂ ਆਖਿਆ, ਬਲਕਿ ਨੀਵਾਂ ਉਸ ਨੂੰ ਆਖਿਆ, ਜੋ
ਮਨੁੱਖਾ ਜੀਵਨ ਪ੍ਰਾਪਤ ਕਰ ਕੇ ਆਪਣੇ ਮੂਲ ਅਕਾਲ ਪੁਰਖ ਨਾਲੋਂ ਟੁੱਟਾ ਹੋਇਆ ਹੈ:
ਖਸਮੁ ਵਿਸਾਰਹਿ ਤੇ ਕਮਜਾਤਿ।। ਨਾਨਕ ਨਾਵੈ ਬਾਝ ਸਨਾਤਿ।।
{ਜਪੁ, ਪੰਨਾ ੯}
ਹੇ ਨਾਨਕ !
ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ, ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ
ਹਨ। ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ।
ਜਾਂ ਫੇਰ ਸਤਿਗੁਰੂ ਨੇ ਔਗੁਣਾਂ ਨੂੰ ਅਤੇ ਅਕਾਲ ਪੁਰਖ ਨਾਲੋਂ
ਟੁੱਟਣ ਕਰ ਕੇ ਔਗੁਣਾਂ ਵਿੱਚ ਗਲਤਾਨ ਹੋਏ ਸਰੀਰ ਨੂੰ ਨੀਚ ਆਖਿਆ ਹੈ। ਸਤਿਗੁਰੂ ਦੇ ਪਾਵਨ
ਬਚਨ ਹਨ:
ਮੁਖਿ ਨਿੰਦਾ ਆਖਾ ਦਿਨੁ ਰਾਤਿ।। ਪਰ ਘਰੁ ਜੋਹੀ ਨੀਚ ਸਨਾਤਿ।।
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ।। ਧਾਣਕ ਰੂਪਿ ਰਹਾ ਕਰਤਾਰ।।
{ਸਿਰੀ ਰਾਗੁ ਮਹਲਾ ੧, ਪੰਨਾ ੨੪}
ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ
ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ
ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ !
ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ।
ਇਸ ਵਿਸ਼ੇ ਤੇ ਗੁਰਮਤਿ ਵਿਚਾਰਧਾਰਾ ਨੂੰ ਵਧੇਰੇ ਚੰਗੀ ਤਰ੍ਹਾਂ
ਸਮਝਣ ਲਈ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਇੱਕ ਸਾਖੀ ਨੂੰ ਵਿਚਾਰ ਲੈਣਾ ਠੀਕ
ਹੋਵੇਗਾ। ਸੰਸਾਰ ਨੂੰ ਤਾਰਦੇ ਹੋਏ ਸਤਿਗੁਰੂ ਬਨਾਰਸ ਦੇ ਕੋਲ ਪਹੁੰਚੇ ਹਨ, ਸਾਮ੍ਹਣੇ ਵੇਖਦੇ
ਹਨ ਕਿ ਇੱਕ ਬ੍ਰਾਹਮਣ ਭੋਜਨ ਤਿਆਰ ਕਰਨ ਵਾਸਤੇ ਆਪਣਾ ਚੌਂਕਾ ਤਿਆਰ ਕਰ ਰਿਹਾ ਹੈ। ਉਸਨੇ
ਚੌੰਕੇ ਤੇ ਗੋਬਰ ਦਾ ਪੋਚਾ ਮਾਰਿਆ, ਫਿਰ ਚੁਲੀ ਵਿੱਚ ਪਾਣੀ ਲੈਕੇ ਉਸ ਦੇ ਦੁਆਲੇ ਕਾਰ (ਲੀਕ)
ਕੱਢੀ ਤੇ ਫੇਰ ਚੁੱਲ੍ਹੇ ਵਿੱਚ ਅੱਗ ਮਘਾਈ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ
ਕਿਹਾ, ਮਰਦਾਨਿਆਂ ਭੋਜਨ ਛੱਕਣ ਦਾ ਸਮਾਂ ਹੋ ਗਿਆ ਹੈ, ਤੂੰ ਵੀ ਪ੍ਰਸ਼ਾਦਾ ਤਿਆਰ ਕਰ ਲੈ।
ਮਰਦਾਨਾ ਜੀ ਨੇ ਸੱਤ ਬਚਨ ਕਹਿੰਦੇ ਹੋਏ ਪੁੱਛਿਆ, ਪਰ ਅੱਗ ਕਿਥੋਂ
ਲਿਆਵਾਂ?
ਉਸ ਸਮੇਂ ਅੱਗ ਬਾਲਣ ਲਈ ਮਾਚਿਸ ਜਾਂ ਲਾਈਟਰ ਆਦਿ ਨਹੀਂ ਸਨ
ਹੁੰਦੇ। ਰਸੋਈ ਬਨਾਉਣ ਤੋਂ ਬਾਅਦ ਵੀ ਕੁੱਝ ਲੱਕੜ ਆਦਿ ਸੁਲਗਦੀ ਰੱਖੀ ਜਾਂਦੀ ਸੀ ਅਤੇ
ਜਦੋਂ ਦੁਬਾਰਾ ਲੋੜ ਹੋਵੇ ਉਨ੍ਹਾਂ ਕੋਲਿਆਂ ਤੋਂ ਮੱਘਾ ਲਈ ਜਾਂਦੀ ਸੀ।
ਸਤਿਗੁਰੂ ਨੇ ਬ੍ਰਾਹਮਣ ਦੇ ਚੌਕੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ,
ਜਾ! ਪੰਡਤ ਕੋਲੋਂ ਦੋ ਕੋਲੇ ਮੰਗ ਲਿਆ।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦਾ ਇਸ਼ਾਰਾ ਸਮਝਦੇ ਹੋਏ ਝੱਟ
ਹੀ ਬ੍ਰਾਹਮਣ ਦੇ ਚੌਕੇ ਉਤੇ ਜਾ ਚੜ੍ਹੇ ਅਤੇ ਦੋ ਕੋਲਿਆਂ ਦੀ ਮੰਗ ਕੀਤੀ। ਬ੍ਰਾਹਮਣ ਨੇ
ਘੁੰਮ ਕੇ ਵੇਖਿਆ ਕਿ ਇੱਕ ਛੋਟੀ ਜ਼ਾਤ ਦੇ ਡੂੰਮ (ਮਿਰਾਸੀ) ਨੇ ਉਸ ਦਾ ਚੌਕਾ ਅਪਵਿੱਤਰ ਕਰ
ਦਿੱਤਾ ਹੈ ਤਾਂ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਅਤੇ ਬਲਦੀ ਅੱਗ ਦੀ ਚੁਆਤੀ ਚੁੱਕ ਕੇ
ਮਰਦਾਨਾ ਜੀ ਦੇ ਮਗਰ ਦੌੜਿਆ। ਅੱਗੇ ਮਰਦਾਨਾ ਜੀ ਪਿੱਛੇ ਬ੍ਰਾਹਮਣ, ਦੋਵੇਂ ਦੌੜਦੇ ਹੋਏ
ਗੁਰੂ ਨਾਨਕ ਸਾਹਿਬ ਕੋਲ ਪਹੁੰਚੇ। ਗੁਰੂ ਨਾਨਕ ਸਾਹਿਬ ਨੇ ਮੁਸਕੁਰਾਉਂਦੇ ਹੋਏ ਬ੍ਰਾਹਮਣ
ਨੂੰ ਕਿਹਾ, ਪੰਡਿਤ ਜੀ ਤੁਸੀਂ ਆਪ ਕਿਉਂ ਖੇਚਲ ਕੀਤੀ, ਅਸੀਂ ਤਾਂ ਬੰਦਾ ਭੇਜਿਆ ਸੀ। ਨਾਲੇ
ਅਸੀਂ ਤਾਂ ਦੋ ਅੰਗਾਰੇ ਹੀ ਮੰਗੇ ਸਨ, ਤੁਸੀਂ ਪੂਰੀ ਚੁਆਤੀ ਹੀ ਲੈ ਆਏ ਹੋ?
ਪਹਿਲਾਂ ਹੀ ਗੁੱਸੇ ਨਾਲ ਤਪਿਆ ਹੋਇਆ ਬ੍ਰਾਹਮਣ ਹੋਰ ਵੀ ਲਾਲ-ਪੀਲਾ
ਹੁੰਦਾ ਹੋਇਆ ਬੋਲਿਆ, ਤੁਸੀਂ ਆਪ ਤਾਂ ਸ਼ੂਦਰਾਂ ਨਾਲ ਮੇਲਜੋਲ ਰਖ ਕੇ ਆਪਣਾ ਜੀਵਨ ਅਪਵਿੱਤਰ
ਕੀਤਾ ਹੋਇਆ ਹੈ, ਹੁਣ ਤੁਹਾਡੇ ਇਸ ਸਾਥੀ ਨੇ ਆਕੇ ਮੇਰਾ ਚੌਕਾ ਵੀ ਭਿੱਟ ਦਿੱਤਾ ਹੈ।
ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਨੂੰ ਸਮਝਾਉਣ ਵਾਸਤੇ
ਇਹ ਸ਼ਬਦ ਉਚਾਰਨ ਕੀਤਾ:
ਸਲੋਕ ਮ: ੧।। ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰਨਿੰਦਾ ਘਟ ਚੂਹੜੀ
ਮੁਠੀ ਕ੍ਰੋਧਿ ਚੰਡਾਲਿ।।
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ।। ਸਚੁ ਸੰਜਮੁ
ਕਰਣੀ ਕਾਰਾਂ ਨਾਵਣੁ ਨਾਉ ਜਪੇਹੀ।। ਨਾਨਕ ਅਗੈ ਊਤਮ ਸੇਈ ਜਿ ਪਾਪਾ ਪੰਦਿ ਨ ਦੇਹੀ।। ੧।।
{ਪੰਨਾ ੯੧}
ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ
ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ
ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ
ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ? ਹੇ ਨਾਨਕ! ਜੋ ਮਨੁੱਖ ‘ਸੱਚ` ਨੂੰ
(ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ
ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ
ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ
ਜਾਂਦੇ ਹਨ। ੧।
ਸਤਿਗੁਰੂ ਨੇ ਸਮਝਾਇਆ ਕਿ ਹੇ ਪੰਡਤ! ਤੂੰ ਸਮਾਜ ਦੇ ਇੱਕ ਹਿੱਸੇ
ਨਾਲ ਸਬੰਧਤ ਲੋਕਾਂ ਨੂੰ ਨੀਚ ਆਖਦਾ ਹੈ ਪਰ ਨੀਚ ਕੋਈ ਵਿਅਕਤੀ ਨਹੀਂ ਹੁੰਦਾ, ਬਲਕਿ ਨੀਚ
ਤਾਂ ਉਹ ਨਫਰਤ ਅਤੇ ਵਿਤਕਰੇ ਭਰੀ ਵਿਕਾਰੀ ਸੋਚ ਹੈ, ਜੋ ਤੁਹਾਡੀ ਮਾਨਸਿਕਤਾ ਉਤੇ ਕਾਬਜ਼
ਹੋਈ ਬੈਠੀ ਹੈ।
ਇਤਨਾ ਸਪਸ਼ਟ
ਸਿਧਾਂਤ ਹੋਣ ਦੇ ਬਾਵਜੂਦ, ਅਸੀਂ ਜਾਤ-ਪਾਤ ਅਤੇ ਊਚ-ਨੀਚ ਦੇ ਇਸ ਕੈਂਸਰ ਨੂੰ ਮੁੜ ਆਪਣੀ
ਕੌਮ ਅੰਦਰ ਵਾੜ ਲਿਆ ਹੈ। ਜਿਨ੍ਹਾਂ ਸਮਾਜ ਦੇ ਲਿਤਾੜੇ ਹੋਏ ਵੀਰਾਂ ਨੂੰ ਗੁਰੂ
ਨਾਨਕ ਪਾਤਿਸ਼ਾਹ ਨੇ ਆਪਣੇ ਸੀਨੇ ਨਾਲ ਲਾ ਕੇ ਸਮਾਜ ਵਿੱਚ ਬਰਾਬਰੀ ਬਖਸ਼ੀ ਸੀ, ਉਨ੍ਹਾਂ ਨੂੰ
ਮਜ਼੍ਹਬੀ, ਦਲਿਤ ਅਤੇ ਹੋਰ ਪਤਾ ਨਹੀਂ ਕੀ ਕੀ ਕਹਿ ਕੇ ਤ੍ਰਿਸਕਾਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੇ ਗੁਰਦੁਆਰੇ ਅੱਲਗ ਬਣ ਰਹੇ ਹਨ, ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਣ ਵਾਲੇ ਕਈ
ਮੂਰਖ ਸਿੱਖ ਉਨ੍ਹਾਂ ਗੁਰਦੁਆਰਿਆਂ ਵਿਚੋਂ ਪ੍ਰਸ਼ਾਦ ਨਹੀਂ ਲੈਂਦੇ, ਲੰਗਰ ਨਹੀਂ ਛਕਦੇ।
ਸੁਆਰਥੀ ਲੋਕ ਤਾਂ ਲੋਕਾਈ ਦੀ ਅਗਿਆਨਤਾ ਦਾ ਫਾਇਦਾ ਚੁੱਕਣ ਲਈ ਮੌਕੇ ਦੀ ਭਾਲ ਵਿੱਚ ਹੀ
ਰਹਿੰਦੇ ਹਨ। ਕੁੱਝ ਵੱਡੇ ਪਖੰਡੀ ਅਖੌਤੀ ਸੰਤ, ਮਹਾਪੁਰਖ ਬਣਨ ਲਈ ਅਤੇ ਕੁੱਝ ਗੁਰਦੁਆਰਿਆਂ
ਦੇ ਪ੍ਰਧਾਨ ਬਣਨ ਲਈ ਫੌਰੀ ਤੌਰ ਆਪਣੇ ਡੇਰੇ ਜਾਂ ਅਲੱਗ ਗੁਰਦੁਆਰੇ ਅਤੇ ਸੰਸਥਾਵਾਂ ਬਣਾਉਣ
ਲੱਗ ਪੈਂਦੇ ਹਨ। ਅੱਗੇ ਵੀ ਜਾਤ-ਪਾਤ ਵਿੱਚ ਗਲਤਾਣ ਸਮਾਜ, ਆਪਣੀ ਕੌਮੀਅਤ ਜਾਂ ਭਾਈਚਾਰੇ
ਦੇ ਨਾਂਅ ਤੇ ਉਨ੍ਹਾਂ ਦੇ ਮਗਰ ਲਗ ਤੁਰਦਾ ਹੈ। ਬਗੈਰ ਇਹ ਸੋਚੇ, ਸਮਝੇ ਕਿ ਸਤਿਗੁਰੂ ਨੇ
ਤਾਂ ਵੱਡਾ ਉਪਕਾਰ ਕਰ ਕੇ ਸਾਡੀ ਸਭ ਦੀ ਇੱਕ ਸਾਂਝੀ ਕੌਮ ਖਾਲਸਾ ਪੰਥ ਬਣਾ ਦਿੱਤੀ ਹੈ ਅਤੇ
ਅਲੱਗ ਕੌਮ ਦੇ ਨਾਂਅ ਤੇ ਬਣਨ ਵਾਲੀ ਹਰ ਸੰਸਥਾ, ਡੇਰਾ ਜਾਂ ਗੁਰਦੁਆਰਾ ਸਾਡੀ ਸਭ ਦੀ ਸਾਂਝੀ
ਕੌਮ ਖਾਲਸਾ ਪੰਥ ਨੂੰ ਕਮਜ਼ੋਰ ਕਰਦਾ ਹੈ। ਇਥੇ ਇਹ ਦਸਣਾ ਵੀ ਜਾਇਜ਼ ਹੋਵੇਗਾ ਕਿ ਬ੍ਰਾਹਮਣ
ਦੀ ਇਸ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਵਰਣਵੰਡ ਵਿਵਸਥਾ ਨੇ ਹੀ ਦੇਸ਼ ਨੂੰ ਤਕਰੀਬਨ ੮੦੦
ਸਾਲ ਦੀ ਗੁਲਾਮੀ ਵੱਲ ਧਕ ਦਿੱਤਾ ਸੀ, ਅਤੇ ਸਤਿਗੁਰੂ ਨੇ ਇਸ ਵਰਣਵੰਡ ਨੂੰ ਖਤਮ ਕਰਕੇ
ਸਾਂਝੀ ਖਾਲਸਾ ਕੌਮ ਤਿਆਰ ਕਰ ਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ। ਅੱਜ ਸਾਨੂੰ ਸਭ
ਨੂੰ ਇਹ ਸਮਝਣ ਦੀ ਲੋੜ ਹੈ ਕਿ ਬ੍ਰਾਹਮਣਵਾਦ ਰੂਪੀ ਅਜਗਰ ਦਾ ਮੁਕਾਬਲਾ ਇਕੱਠੇ ਹੋ ਕੇ,
ਵੱਡੀ ਤਾਕਤ ਬਣਾਕੇ ਹੀ ਕੀਤਾ ਜਾ ਸਕਦਾ ਹੈ। ਜੇ ਅਲੱਗ ਅਲੱਗ ਕੌਮਾਂ ਜਾਂ ਊਚ-ਨੀਚ ਦੇ ਭਰਮ
ਵਿੱਚ ਖਾਲਸਾ ਪੰਥ ਵਿੱਚ ਪਾੜ ਪੈ ਗਿਆ ਤਾਂ ਇਹ ਬ੍ਰਾਹਮਣਵਾਦੀ ਅਜਗਰ ਸਿੱਖ ਕੌਮ ਨੂੰ ਆਪਣੇ
ਕਲਾਵੇ ਚ ਲੈਕੇ ਇਸ ਨੂੰ ਪੂਰੀ ਤਰ੍ਹਾਂ ਨਿਗਲ ਜਾਣ ਲਈ ਤੱਤਪਰ ਹੈ। ਇਸ ਦਾ ਸਭ ਤੋਂ ਮਾੜਾ
ਪ੍ਰਭਾਵ ਉਨ੍ਹਾਂ ਭਾਈਚਾਰਿਆਂ ਤੇ ਪਵੇਗਾ ਜੋ ਬ੍ਰਾਹਮਣ ਦੀਆਂ ਗਰਦਾਨੀਆਂ ਛੋਟੀਆਂ ਜਾਤਾਂ
ਵਿਚੋਂ ਆਏ ਹਨ, ਕਿਉਂਕਿ ਉਹ ਮੁੜ ਤੋਂ ਬ੍ਰਾਹਮਣ ਦੀ ਉਸੇ ਮਾਨਸਿਕ ਗੁਲਾਮੀ ਵਿੱਚ ਚਲੇ
ਜਾਣਗੇ, ਜਿਨ੍ਹਾਂ `ਚੋਂ ਸਤਿਗੁਰੂ ਨੇ ਉਨ੍ਹਾਂ ਨੂੰ ਸਦੀਆਂ ਦੀ ਕੋਸ਼ਿਸ਼ ਤੋਂ ਬਾਅਦ ਕਢਿਆ
ਹੈ। ਅੱਜ ਇਨ੍ਹਾਂ ਡੇਰਿਆਂ ਵਿੱਚ ਜਾਣ ਵਾਲੇ ਬਹੁਤੇ ਉਹੀ ਪੀੜਤ ਲੋਕ ਹਨ। ਬਲਕਿ ਮੈਨੂੰ
ਤਾਂ ਇਹ ਕਹਿਣ ਵਿੱਚ ਵੀ ਗੁਰੇਜ ਨਹੀਂ ਕਿ ਅਸੀਂ ਉਨ੍ਹਾਂ ਕੋਲੋ ਗੁਰੂ ਗ੍ਰੰਥ ਸਾਹਿਬ ਜੀ
ਦੀ ਸਿੱਖੀ ਖੋਹ ਕੇ ਉਨ੍ਹਾਂ ਨੂੰ ਇਨ੍ਹਾਂ ਬਾਬਿਆਂ ਦੇ ਸਿੱਖ ਬਣਨ ਲਈ ਮਜਬੂਰ ਕਰ ਰਹੇ
ਹਾਂ। ਇੱਕ ਅੰਦਾਜ਼ੇ ਮੁਤਾਬਿਕ, ਸਭ ਤੋਂ ਵੱਡੇ ਪੰਥ ਦੋਖੀ ਡੇਰੇਦਾਰ ਗੁਰਮੀਤ ਰਾਮ ਰਹੀਮ,
ਪਿਆਰਾ ਭਨਿਆਰਾ, ਨਕਲੀ ਨਿੰਰਕਾਰੀ, ਡੇਰਾ ਬਿਆਸ ਅਤੇ ਪਖੰਡੀ ਆਸ਼ੂਤੋਸ਼ ਦੇ ਡੇਰਿਆਂ ਤੇ ਜਾਣ
ਵਾਲੇ ੭੫-੮੦ % ਲੋਕ ਉਹ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਿਸ਼ਾਹ ਨੇ ਬਰਾਬਰੀ ਬਖਸ਼ੀ ਸੀ,
ਪਰ ਅਸੀਂ ਗੁਰੂ ਨਾਨਕ ਦੇ ਸਿੱਖ ਕਹਾਉਣ ਵਾਲਿਆਂ ਨੇ ਮੁੱੜ ਇਨ੍ਹਾਂ ਨੂੰ ਅਖੌਤੀ ਦਲਿਤ ਜਾਂ
ਮਜਬੀ ਸਿੱਖ ਆਦਿ ਬਣਾ ਦਿਤਾ ਹੈ। ਇਨ੍ਹਾਂ ਹਾਲਾਤ ਨੂੰ ਵੇਖ ਕੇ ਕਈ ਇਨ੍ਹਾਂ ਵਿਚੋਂ ਹੀ
ਪਖੰਡੀ ਬਾਬੇ ਬਣ ਗਏ ਹਨ, ਅਤੇ ਉਨ੍ਹਾਂ ਦੀ ਜ਼ਾਤ-ਬਿਰਾਦਰੀ ਵਾਲੇ ਵੱਡੀ ਗਿਣਤੀ ਵਿੱਚ ਉਥੇ
ਜਾਂਦੇ ਹਨ ਕਿ ਇਹ ਸਾਡੀ ਕੌਮ ਦਾ ਡੇਰਾ ਹੈ। ਨਤੀਜਾ ਇਹ ਹੁੰਦਾ ਹੈ ਕਿ ਹੌਲੀ ਹੌਲੀ ਉਹ
ਸਿੱਖ ਕੌਮ ਤੋਂ ਦੂਰ ਹੋਈ ਜਾਂਦੇ ਹਨ ਅਤੇ ਉਸ ਡੇਰੇ ਬਲਕਿ ਡੇਰੇਦਾਰ ਦੇ ਸਿੱਖ ਵਧੇਰੇ ਬਣ
ਜਾਂਦੇ ਹਨ।
ਪ੍ਰਮਾਣ ਦੇ ਰੂਪ ਵਿੱਚ ਡੇਰਾ ਬੱਲਾਂ ਦੀ ਗੱਲ ਕਰਨੀ ਚਾਹਾਂਗਾ। ਇਹ
ਡੇਰਾ ਵੀ ਰਵਿਦਾਸੀ ਭਾਈਚਾਰੇ ਦੀ ਭਲਾਈ ਦੇ ਨਾਂਅ ਤੇ ਹੋਂਦ ਵਿੱਚ ਆਇਆ। ਇਹ ਡੇਰਾ ਪਿੰਡ
ਗਿੱਲ ਪੱਟੀ ਜ਼ਿਲਾ ਬਠਿੰਡਾ ਦੇ ਹਰਨਾਮ ਦਾਸ ਵਲੋਂ ਜਲੰਧਰ ਨੇੜੇ ਪਿੰਡ ਬੱਲਾਂ ਵਿੱਚ ਸ਼ੁਰੂ
ਕੀਤਾ ਗਿਆ। ਹਰਨਾਮ ਦਾਸ ਨੇ ਆਪਣਾ ਅਖੌਤੀ ਸੰਤ ਬਣਨ ਦਾ ਸਫਰ ਇੱਕ ਪਿੱਪਲ ਦੇ ਦਰਖਤ ਦੀ
ਪੂਜਾ ਨਾਲ ਸ਼ੁਰੂ ਕੀਤਾ ਸੀ, ਇਸ ਲਈ ਇਹ ਪਿੱਪਲ ਦਾਸ ਦੇ ਨਾਂਅ ਨਾਲ ਹੀ ਮਸ਼ਹੂਰ ਹੋ ਗਿਆ।
ਜਿਵੇਂ ਹਰ ਡੇਰੇ ਨਾਲ ਹੁੰਦਾ ਹੈ ਕਿ ਇਸ ਦੇ ਪਹਿਲੇ ਡੇਰੇਦਾਰਾਂ ਨਾਲ ਕਈ ਕਰਾਮਾਤੀ
ਕਹਾਣੀਆਂ ਜੋੜ ਦਿੱਤੀਆਂ ਜਾਂਦੀਆਂ ਹਨ, ਅਤੇ ਉਸ ਦੇ ਵਾਰਸ ਕਹਾਉਣ ਵਾਲੇ ਉਨ੍ਹਾਂ ਕਰਾਮਾਤੀ
ਕਹਾਣੀਆਂ ਦੇ ਸਿਰ ਤੇ ਆਪਣੀਆਂ ਗੱਦੀਆਂ (ਦੁਕਾਨਦਾਰੀਆਂ) ਨੂੰ ਅੱਗੇ ਵਧਾਉਂਦੇ ਹਨ, ਇਸ
ਹਰਨਾਮ ਦਾਸ ਉਰਫ ਪਿਪਲ ਦਾਸ ਦੇ ਨਾਂਅ ਨਾਲ ਵੀ ਕਈ ਕਰਾਮਾਤੀ ਕਹਾਣੀਆਂ ਜੋੜ ਦਿੱਤੀਆਂ
ਗਈਆਂ। ਇਸ ਦੇ ਪੁੱਤਰ ਸਰਵਨ ਦਾਸ ਜੋ ਇਸ ਦੀ ਮੌਤ ਤੋਂ ਬਾਅਦ ਇਸ ਦੀ ਗੱਦੀ ਦਾ ਵਾਰਸ
ਡੇਰੇਦਾਰ ਬਣਿਆ ਨੇ ਇਹ ਮਹਿਸੂਸ ਕੀਤਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ
ਵਿੱਚ ਹੋਣ ਕਾਰਨ ਅਤੇ ਸਿੱਖ ਕੌਮ ਦੇ ਸਿਧਾਂਤਾਂ ਵਿੱਚ ਊਚ–ਨੀਚ, ਜਾਤ ਪਾਤ ਦਾ ਪੂਰਨ ਖੰਡਨ
ਹੋਣ ਅਤੇ ਮਨੁੱਖੀ ਭਾਈਚਾਰੇ ਅਤੇ ਬਰਾਬਰੀ ਦੀ ਅਮੋਲਕ ਵਿਚਾਰਧਾਰਾ ਹੋਣ ਕਾਰਨ ਪੰਜਾਬ ਅਤੇ
ਇਸਦੇ ਨੇੜਲੇ ਇਲਾਕਿਆਂ ਵਿਚਲੇ ਇਸ ਭਾਈਚਾਰੇ ਦੇ ਬਹੁਤੇ ਲੋਕ ਗੁਰੂ ਗ੍ਰੰਥ ਸਾਹਿਬ ਦਾ
ਬਹੁਤ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਅਪਨਾ ਚੁੱਕੇ ਹਨ। ਉਨ੍ਹਾਂ
ਨੂੰ ਪ੍ਰਭਾਵਤ ਕਰਨ ਅਤੇ ਆਪਣੇ ਨਾਲ ਜੋੜਨ ਲਈ ਇਸ ਨੇ ਆਪਣੇ ਡੇਰੇ ਵਿੱਚ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ।
ਪਹਿਲੇ ਪਹਿਲ ਤਾਂ ਸਭ ਕੁੱਝ ਠੀਕ ਰਿਹਾ ਪਰ ਜਿਵੇਂ ਹੋਰ ਵੀ ਬਹੁਤੇ
ਡੇਰਿਆਂ ਜਿਵੇਂ ਕਿ ਨਕਲੀ ਨਿਰੰਕਾਰੀ, ਡੇਰਾ ਬਿਆਸ, ਪਿਆਰਾ ਭਨਿਆਰਾ ਅਤੇ ਅਖੌਤੀ ਸੱਚਾ
ਸੌਦਾ ਸਿਰਸਾ ਆਦਿ ਵਿੱਚ ਹੋਇਆ ਹੈ ਕਿ ਜਦੋਂ ਇਨ੍ਹਾਂ ਦੀਆਂ ਆਪਣੀਆਂ ਗੱਦੀਆਂ ਸਥਾਪਤ ਹੋ
ਜਾਂਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪੈਂਦੇ ਹਨ, ਆਪ ਸਿੰਘਾਸਨ ਲਾ ਕੇ
ਬੈਠਣਾ ਸ਼ੁਰੂ ਕਰ ਦੇਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਵਾਂਗ ਵਰਤਣਾ
ਸ਼ੁਰੂ ਕਰ ਦੇਂਦੇ ਹਨ। ਜਦੋਂ ਸਿੱਖਾਂ ਵਿੱਚ ਇਸ ਗਲਤ ਵਰਤਾਰੇ ਪ੍ਰਤੀ ਰੋਸ ਜਾਗਦਾ ਹੈ, ਜੋ
ਕਿ ਕਈ ਵਾਰੀ ਖੂਨੀ ਟਕਰਾਅ ਦੇ ਹਾਲਾਤ ਤੱਕ ਵੀ ਪਹੁੰਚ ਜਾਂਦਾ ਹੈ ਤਾਂ ਉਹ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਉਥੋਂ ਚੁੱਕ ਦੇਂਦੇ ਹਨ। ਇਸ ਨਾਲ ਉਨ੍ਹਾਂ ਨੂੰ ਕੋਈ ਖਾਸ ਫਰਕ ਨਹੀਂ
ਪੈਂਦਾ ਕਿਉਂਕਿ ਉਹ ਪਹਿਲੇ ਹੀ ਆਪਣੇ ਸ਼ਰਧਾਲੂਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ
ਆਪਣੇ ਨਿਜ ਨਾਲ ਜੋੜ ਚੁੱਕੇ ਹੁੰਦੇ ਹਨ। ਜਦੋਂ ਇਸ ਡੇਰੇ ਬਲਾਂ ਦੇ ਡੇਰੇਦਾਰਾਂ ਨੇ ਵੀ
ਆਪਣੇ ਸ਼ਰਧਾਲੂਆਂ ਵਿੱਚ ਮਾਨਤਾ ਪ੍ਰਾਪਤ ਕਰ ਲਈ ਤਾਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ
ਸਤਿਕਾਰ ਅਤੇ ਮਰਯਾਦਾ ਨੂੰ ਭੁਲਾਕੇ ਸਤਿਗੁਰੂ ਦੇ ਸਾਹਮਣੇ ਹੀ ਅਪਣੀਆਂ ਗੱਦੀਆਂ ਲਾਉਣੀਆਂ
ਸ਼ੁਰੁ ਕਰ ਦਿੱਤੀਆਂ। ਇਸ ਨਾਲ ਸਿੱਖਾਂ ਅੰਦਰ ਇੱਕ ਸੁਭਾਵਕ ਗੁੱਸੇ ਦੀ ਲਹਿਰ ਫੈਲ ਗਈ। ਇਥੇ
ਇਹ ਦਸ ਦੇਣਾ ਵੀ ਯੋਗ ਹੋਵੇਗਾ ਕਿ ਇਨ੍ਹਾਂ ਦੇ ਡੇਰੇਦਾਰ ਭਾਵੇਂ ਕੇਸ ਦਾੜ੍ਹੀ ਸਿੱਖਾਂ
ਵਾਂਗ ਰਖਦੇ ਹਨ ਅਤੇ ਸਿਰ ਤੇ ਪੱਗ ਵੀ ਬੰਨਦੇ ਹਨ, ਪਰ ਉਨ੍ਹਾਂ ਸਿੱਖੀ ਕਦੇ ਧਾਰਨ ਨਹੀਂ
ਕੀਤੀ। ਇਨ੍ਹਾਂ ਵਿਚੋਂ ਕਿਸੇ ਨੇ ਵੀ ਜਾਤ-ਪਾਤ, ਊਚ-ਨੀਚ, ਕਰਮਕਾਂਡ ਦਾ ਭਰਮਜਾਲ ਤੋੜਣ
ਵਾਲੀ, ਸਿੱਖੀ ਵਿੱਚ ਦਾਖਲੇ ਦੀ ਪ੍ਰਤੀਕ ਖੰਡੇ ਦੀ ਪਾਹੁਲ ਨਹੀਂ ਛਕੀ, ਇਥੋਂ ਤੱਕ ਕਿ
ਆਪਣੇ ਨਾਂਅ ਨਾਲ ਸਿੰਘ ਸ਼ਬਦ ਦੀ ਵਰਤੋਂ ਵੀ ਨਹੀਂ ਕਰਦੇ। ਉਂਝ ਵੀ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਅਨੁਸਾਰ ਪ੍ਰਚਾਰ ਕਰਨ ਦੀ ਬਜਾਏ, ਆਪਣੇ ਪੇਰੋਕਾਰਾਂ ਨੂੰ ਆਪਣਾ ਹੀ ਕੋਈ ਨਾਮਦਾਨ
ਦੇਂਦੇ ਹਨ। ਗੁਰੂ ਮਰਯਾਦਾ ਨੂੰ ਪ੍ਰਣਾਏ ਸਿੱਖਾਂ ਨੇ ਕਈ ਵਾਰੀ ਇਨ੍ਹਾਂ ਨੂੰ ਸਮਝਾਉਣ ਦੀ
ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਮਰਯਾਦਾ ਦਾ ਪੂਰਾ ਖਿਆਲ ਰਖਿਆ
ਜਾਵੇ ਪਰ ਉਸ ਦਾ ਕੋਈ ਅਸਰ ਨਾ ਹੋਇਆ।
੨੪ ਮਈ ੨੦੦੯ ਵਾਲੇ ਦਿਨ ਆਸਟਰੀਆ ਦੇਸ਼ ਦੀ ਰਾਜਧਾਨੀ ਵੀਆਨਾ
ਵਿਚਲੇ, ਇਨ੍ਹਾਂ ਦੇ ਇੱਕ ਡੇਰੇ ਵਿਚ, ਜਿਥੇ ਇਨ੍ਹਾਂ ਦੇ ਡੇਰੇਦਾਰ ਨਿਰੰਜਨ ਦਾਸ ਅਤੇ
ਰਾਮਾਨੰਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਲਾਕੇ ਬੈਠੇ ਹੋਏ ਸਨ, ਕੋਲ ਕੁੱਝ
ਵਚਨਬੱਧ ਸਿੱਖ ਆਪਣਾ ਰੋਸ ਪ੍ਰਗੱਟ ਕਰਨ ਅਤੇ ਸਮਝਾਉਣ ਵਾਸਤੇ ਗਏ। ਇਹ ਗੱਲ-ਬਾਤ ਗਿਆਨ
ਚਰਚਾ ਬਣਨ ਦੀ ਬਜਾਏ ਬਹਿਸ ਦਾ ਰੂਪ ਧਾਰਨ ਕਰ ਗਈ ਅਤੇ ਤਲਖੀ ਬਹੁਤ ਵਧ ਗਈ। ਨਤੀਜਾ ਇਹ
ਹੋਇਆ ਕਿ ਡੇਰੇ ਦੇ ਸੇਵਾਦਾਰਾਂ ਅਤੇ ਪੈਰੋਕਾਰਾਂ ਵਲੋਂ, ਉਨ੍ਹਾਂ ਸਿੱਖ ਨੌਜੁਆਨਾਂ ਤੇ
ਹਮਲਾ ਕਰ ਦਿੱਤਾ ਗਿਆ ਅਤੇ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਇਥੋਂ ਤੱਕ ਕਿ ਇੱਕ
ਨੌਜੁਆਨ ਨੂੰ ਉਬਲਦੇ ਹੋਏ ਦਾਲ ਦੇ ਕੜਾਹੇ ਵਿੱਚ ਸੁਟ ਦਿੱਤਾ ਗਿਆ। ਸਿੱਖ ਨੌਜੁਆਨ ਗਿਣਤੀ
ਵਿੱਚ ਬਹੁਤ ਥੋੜ੍ਹੇ ਸਨ ਅਤੇ ਡੇਰਾ ਸਮਰਥਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਕੋਈ ਵਾਹ ਨਾ
ਜਾਂਦੀ ਵੇਖਕੇ ਉਨ੍ਹਾਂ ਨੌਜੁਆਨਾ ਵਲੋਂ ਆਪਣੀ ਸਵੈਰਖਿਆ ਵਾਸਤੇ ਗੋਲੀ ਚਲਾ ਦਿੱਤੀ ਗਈ,
ਜਿਸ ਦੇ ਨਤੀਜੇ ਵਜੋਂ ਹਰਨਾਮ ਦਾਸ ਜ਼ਖਮੀਂ ਹੋ ਗਿਆ ਅਤੇ ਰਾਮਾਨੰਦ ਮਾਰਿਆ ਗਿਆ।
ਭਾਵੇਂ ਮੈਂ ਧਰਮ ਦੇ ਖੇਤਰ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ
ਜਾਇਜ਼ ਨਹੀਂ ਸਮਝਦਾ ਅਤੇ ਕ੍ਰਿਪਾਨ ਦੀ ਬਜਾਏ ਗਿਆਨ ਖੜਗ ਨਾਲ ਹੀ ਅਜਿਹੇ ਹਾਲਾਤ ਦਾ
ਮੁਕਾਬਲਾ ਕਰਨ ਨੂੰ ਸਹੀ ਤਰੀਕਾ ਸਮਝਦਾ ਹਾਂ ਪਰ ਇਹ ਵੀ ਸੱਚਾਈ ਹੈ ਕਿ ਕਿਸੇ ਵੇਲੇ ਹਾਲਾਤ
ਐਸਾ ਮੋੜ ਲੈ ਜਾਂਦੇ ਹਨ ਕਿ ਹਥਿਆਰਾਂ ਦੀ ਵਰਤੋਂ ਮਜਬੂਰੀ ਬਣ ਜਾਂਦੀ ਹੈ। ਦੂਸਰਾ ਜਿਵੇਂ
ਉਸ ਸਮੇਂ ਪ੍ਰਚਾਰਿਆ ਗਿਆ ਅਤੇ ਅੱਜ ਵੀ ਕਿਹਾ ਜਾਂਦਾ ਹੈ, ਇਹ ਵੀ ਬਿਲਕੁਲ ਗਲਤ ਹੈ ਕਿ ਉਸ
ਨੂੰ ਨਿਰਦੋਸ਼ ਮਾਰਿਆ ਗਿਆ ਜਾਂ ਕਿਸੇ ਫਿਰਕੇ ਜਾਂ ਕੌਮ ਨਾਲ ਸਬੰਧ ਹੋਣ ਕਰਕੇ ਮਾਰਿਆ ਗਿਆ।
ਪਰ ਜਿਵੇਂ ਸਦਾ ਹੀ ਹੁੰਦਾ ਆਇਆ ਹੈ, ਸੁਅਰਥੀ ਲੋਕ ਐਸੇ ਮੌਕੇ ਦਾ
ਫਾਇਦਾ ਚੁੱਕਦੇ ਹਨ, ਇਨ੍ਹਾਂ ਦੇ ਡੇਰੇ ਵਲੋਂ ਇਸ ਨੂੰ ਸਿੱਖ ਅਤੇ ਰਵਿਦਾਸੀ ਭਾਈਚਾਰੇ
ਵਿਚਕਾਰ ਲੜਾਈ ਦਾ ਨਾਂਅ ਦੇ ਦਿੱਤਾ ਗਿਆ। ਪੰਜਾਬ ਵਿੱਚ ਰਵਿਦਾਸੀ ਭਾਈਚਾਰੇ ਦੇ ਭੋਲੇ
ਨੌਜੁਆਨਾਂ ਨੇ ਖੁਲ੍ਹ ਕੇ ਖੂਨ ਖਰਾਬਾ ਕੀਤਾ। ਸਭ ਤੋਂ ਘਟੀਆ ਰੋਲ ਅਕਾਲੀ ਦਲ ਦਾ ਰਿਹਾ।
ਉਨ੍ਹਾਂ ਨੂੰ ਬਸ ਇਹ ਚਿੰਤਾ ਪੈ ਗਈ ਕਿ ਉਨ੍ਹਾਂ ਦੇ ਵੋਟ ਬੈਂਕ ਨੂੰ ਖੋਰਾ ਲੱਗ ਜਾਵੇਗਾ,
ਇਸ ਲਈ ਉਨ੍ਹਾਂ ਸੱਚਾਈ ਸੰਗਤਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਡੇਰੇ
ਦਾ ਪੱਖ ਹੀ ਲਿਆ। ਇਥੋਂ ਤੱਕ ਕਿ ਦੰਗਾ ਫਸਾਦ ਕਰ ਰਹੇ ਨੌਜੁਆਨਾਂ ਨੂੰ ਵੀ ਕਈ ਦਿਨ ਪੂਰੀ
ਛੂਟ ਦੇ ਦਿੱਤੀ। ਹੋਰ ਤਾਂ ਹੋਰ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਕੋਲੋਂ ਵੀ ਉਨ੍ਹਾਂ
ਦੇ ਪੱਖ ਵਿੱਚ ਇੱਕ ਵਿਵਾਦਤ ਬਿਆਨ ਜਾਰੀ ਕਰਵਾ ਦਿੱਤਾ।
ਬੇਸ਼ਕ ਇੱਕ ਅਨਮੋਲ ਮਨੁੱਖੀ ਜੀਵਨ ਵੀ ਗਿਆ, ਬਹੁਤ ਖੂਨ ਵੀ ਡੁੱਲਿਆ
ਅਤੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ ਪਰ ਇਸ ਸਭ ਦਾ ਅਸਲ ਨੁਕਸਾਨ ਸਿੱਖ ਕੌਮ ਨੂੰ
ਭਰਨਾ ਪਿਆ। ਭਾਵੇਂ ਇਸ ਮੰਦਭਾਗੀ ਵਾਰਦਾਤ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ
ਵਿਚਾਰਧਾਰਾ ਨੂੰ ਪ੍ਰਨਾਏ ਹੋਏ, ਇਸੇ ਭਾਈਚਾਰੇ `ਚੋਂ ਆਏ ਗੁਰਸਿੱਖਾਂ ਨੂੰ ਕੋਈ ਫਰਕ ਨਹੀਂ
ਪਿਆ ਪਰ ਇਸ ਡੇਰੇ ਦੇ ਡੇਰੇਦਾਰ ਰਵਿਦਾਸੀ ਭਾਈਚਾਰੇ ਦੇ ਵੱਡੇ ਭਾਵੁਕ ਹਿੱਸੇ ਨੂੰ ਸਿੱਖੀ
ਤੋਂ ਦੂਰ ਲੈ ਜਾਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਨੇ ਇਸ ਵੰਡ ਨੂੰ ਪੱਕਾ ਅਤੇ ਯਕੀਨੀ
ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੁੱਕ ਕੇ ਕੇਵਲ ਭਗਤ ਰਵਿਦਾਸ ਜੀ ਦੀ ਬਾਣੀ
ਅਲੱਗ ਛਾਪ ਕੇ, ਉਸ ਦਾ ਪ੍ਰਕਾਸ਼ ਕਰ ਲਿਆ। ਜਿਵੇਂ ਕਿ ਮੈਂ ਹੁਣੇ ਉਪਰ ਲਿਖਿਆ ਹੈ, ਜਿਹੜੇ
ਕੇਸ ਰੱਖ ਕੇ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ, ਪਾਹੁਲ ਛੱਕ ਕੇ ਪੂਰਨ ਰੂਪ
ਵਿੱਚ ਸਿੱਖੀ ਧਾਰਨ ਕਰ ਚੁੱਕੇ ਸਨ, ਉਹ ਤਾਂ ਪਹਿਲਾਂ ਹੀ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ
ਆਏ, ਸਗੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੁੱਕਣ ਦੇ ਫੈਸਲੇ ਤੇ ਇਨ੍ਹਾਂ ਦੇ ਆਪਣੇ
ਡੇਰੇ ਵਿੱਚ ਵੀ ਬਹੁਤ ਰੋਸ ਹੋਇਆ ਅਤੇ ਵੰਡੀ ਪੈ ਗਈ।
ਮੈ ਸਮਝਦਾ ਹਾਂ ਕਿ ਅਸਲ ਨੁਕਸਾਨ ਰਵਿਦਾਸ ਭਾਈਚਾਰੇ ਦੇ ਭੋਲੇ
ਹਿੱਸੇ ਨੂੰ ਪਿਆ ਕਿ ਉਨ੍ਹਾਂ ਦੀ ਜਿਸ ਸਾਜਿਸ਼ੀ ਬ੍ਰਾਹਮਣਵਾਦੀ ਵਿਵਸਥਾ ਦੀਆਂ ਜੰਜੀਰਾਂ
ਨੂੰ ਤੋੜ ਕੇ ਗੁਰਮਤਿ ਦੇ ਚਾਨਣ ਵਿੱਚ ਧਾਰਮਿਕ, ਸਮਾਜਿਕ ਅਤੇ ਮਾਨਸਿਕ ਅਜ਼ਾਦੀ ਵਲ ਕਦਮ ਵਧ
ਰਹੇ ਸਨ, ਉਹ ਆਸ ਵੀ ਖਤਮ ਹੋ ਗਈ ਅਤੇ ਉਨ੍ਹਾਂ ਨੂੰ ਮੁੜ ਉਸੇ ਬ੍ਰਾਹਮਣਵਾਦੀ ਮਾਨਸਿਕ ਅਤੇ
ਸਮਾਜਿਕ ਗੁਲਾਮੀ ਵਿੱਚ ਜਕੜਨ ਦਾ ਰਾਹ ਪੱਧਰਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ
ਭਗਤ ਰਵਿਦਾਸ ਜੀ ਦੀ ਅਮੋਲਕ ਬਾਣੀ ਪੂਰਨ ਰੂਪ ਵਿੱਚ ਉਨ੍ਹਾਂ ਦੀ ਪ੍ਰਮਾਣੀਕ ਬਾਣੀ ਹੈ,
ਜਿਸ ਨੂੰ ਦੁਨੀਆਂ ਦੀ ਕੋਈ ਤਾਕਤ ਨਾ ਅਲੱਗ ਕਰ ਸਕਦੀ ਹੈ ਅਤੇ ਨਾ ਹੀ ਉਸ ਵਿੱਚ ਕੋਈ ਰਲਾ
ਪਾ ਸਕਦਾ ਹੈ। ਉਸ ਨੂੰ ਅਲੱਗ ਛਾਪਦਿਆਂ ਉਸ ਵਿੱਚ ਕੁੱਝ ਸਮਾਜ ਵਿੱਚ ਪ੍ਰਚਲਤ ਰਚਨਾਵਾਂ ਵੀ
ਸ਼ਾਮਲ ਕਰ ਲਈਆਂ ਗਈਆਂ, ਜਿਸ ਨਾਲ ਭਗਤ ਸਾਹਿਬ ਦੀ ਅਮੋਲਕ ਵਿਚਾਰਧਾਰਾ ਬਾਰੇ ਵਡੇ ਸਿਧਾਂਤਕ
ਭੁਲੇਖੇ ਪੈ ਸਕਦੇ ਹਨ। ਇਸ ਦਾ ਲਾਹਾ ਕੇਵਲ ਅਤੇ ਕੇਵਲ ਬ੍ਰਾਹਮਣੀ ਤਾਕਤਾਂ ਨੂੰ ਹੀ
ਮਿਲੇਗਾ। ਵੈਸੇ ਤਾਂ ਇਨ੍ਹਾਂ ਵਲੋਂ ਆਪਣੇ ਪੈਰੋਕਾਰਾਂ ਨੂੰ ਕਿਸੇ ‘ਆਦਿ ਧਰਮ` ਵਲ ਲੈਕੇ
ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਹ ਵੀ ਪੱਕੀ ਸਚਾਈ ਹੈ ਕਿ ਅੱਜ ਤੱਕ ਗੁਰਮਤਿ
ਵਿਚਾਰਧਾਰਾ ਤੋਂ ਇਲਾਵਾ ਹੋਰ ਕੋਈ ਐਸੀ ਵਿਚਾਰਧਾਰਾ ਪ੍ਰਫੁਲਤ ਨਹੀਂ ਹੋ ਸਕੀ ਜੋ
ਗੈਰਮਨੁੱਖੀ ਬ੍ਰਾਹਮਣੀ ਵਿਚਾਰਧਾਰਾ ਅਤੇ ਮਨੂੰਵਾਦ ਨੂੰ ਸਿੱਧੀ ਚੁਣੌਤੀ ਦੇ ਸਕੇ।
ਇਹ ਡੇਰਾਵਾਦ ਦਾ ਰੋਗ ਇੱਕ ਛੂਤ ਦੇ ਰੋਗ ਵਾਂਗ ਹੈ, ਜੋ ਇੱਕ
ਦੂਸਰੇ ਨੂੰ ਵੇਖ ਕੇ ਤੇਜੀ ਨਾਲ ਫੈਲਦਾ ਹੈ। ਜੇ ਅਖੌਤੀ ਛੋਟੀਆਂ ਜਾਤਾਂ ਦੇ ਭੇਖ ਵਿੱਚ
ਡੇਰੇ ਬਣ ਰਹੇ ਹਨ ਤਾਂ ਆਪਣੇ ਆਪ ਨੂੰ ਉਚੀਆਂ ਜਾਤਾਂ ਸਮਝਣ ਵਾਲੇ ਮੂਰਖ ਵੀ ਪਿਛੇ ਨਹੀਂ,
ਉਨ੍ਹਾਂ ਨੂੰ ਗੁੰਮਰਾਹ ਕਰਨ ਵਾਲੇ ਡੇਰੇ ਵੀ ਰੋਜ਼ ਪ੍ਰਫੁਲਤ ਹੋ ਰਹੇ ਹਨ ਜਿਵੇਂ ਕਿ ਭੁੱਚੋ
ਮੰਡੀ ਨੇੜੇ ਡੇਰਾ ਰੂਮੀ ਕਲਾਂ, ਸਿੱਖ ਕੌਮ ਵਿੱਚ ਜੱਟ ਭਾਈਚਾਰੇ ਦਾ ਅਲੰਬਰਦਾਰ ਸਮਝਿਆ
ਜਾਂਦਾ ਹੈ। ਪਹਿਲਾਂ ਤਾਂ ਇਸ ਡੇਰੇ ਵਿੱਚ ਅਖੌਤੀ ਛੋਟੀਆਂ ਜਾਤਾਂ ਵਾਲਿਆਂ ਦਾ ਦਾਖਲਾ ਹੀ
ਬੰਦ ਸੀ ਪਰ ਕੌਮ ਵਿੱਚ ਬਹੁਤ ਰੋਸ ਪੈਦਾ ਹੋਣ ਨਾਲ ਕੁੱਝ ਫਰਕ ਪਿਆ ਹੈ ਪਰ ਲੰਗਰ ਵਿੱਚ
ਅਖੌਤੀ ਛੋਟੀਆਂ ਜਾਤਾਂ ਅਤੇ ਜੱਟਾਂ ਦੇ ਭਾਂਡੇ ਅਜੇ ਵੀ ਅਲੱਗ ਰਖੇ ਜਾਂਦੇ ਹਨ। ਇਸ ਡੇਰੇ
ਨੂੰ ਸ਼ੁਰੂ ਕਰਨ ਵਾਲੇ ਹਰਨਾਮ ਸਿੰਘ, ਜਿਸਨੂੰ ਆਮ ਤੌਰ ਤੇ ਮਹਾ ਹਰਨਾਮ ਸਿੰਘ ਕਹਿ ਕੇ
ਵਡਿਆਇਆ ਜਾਂਦਾ ਹੈ ਦੇ ਨਾਂ ਤੇ ਹੋਰ ਵੀ ਕਈ ਡੇਰੇਦਾਰ ਆਪਣੀਆਂ ਹੱਟੀਆਂ ਚਲਾ ਰਹੇ ਹਨ।
ਸੁਭਾਵਕ ਹੈ ਕਿ ਇਨ੍ਹਾਂ ਦੀ ਵਿਚਾਰਧਾਰਾ ਵੀ ਉਹੀ ਹੈ। ਇਹ ਵੀ ਨਹੀਂ ਕਿ ਇਨ੍ਹਾਂ ਡੇਰਿਆਂ
ਵਿੱਚ ਕੇਵਲ ਕਿਸੇ ਇੱਕ ਜਾਤੀ ਨਾਲ ਸਬੰਧਤ ਲੋਕ ਹੀ ਜਾਂਦੇ ਹਨ ਸਗੋਂ ਛੋਟੀਆਂ ਜਾਤਾਂ ਦੇ
ਕਹੇ ਭਾਈਚਾਰੇ ਨੂੰ ਉਨ੍ਹਾਂ ਡੇਰਿਆਂ ਵਿੱਚ ਲੈਕੇ ਜਾਣ ਵਾਲੇ ਅਕਸਰ ਸੁਆਰਥੀ ਕਿਸਮ ਦੇ
ਆਪਣੇ ਆਪ ਨੂੰ ਉਚੀਆਂ ਜਾਤਾਂ ਕਹਾਉਣ ਵਾਲੇ ਕੁੱਝ ਲੋਕ ਹੀ ਹੁੰਦੇ ਹਨ। ਇਸੇ ਤਰ੍ਹਾਂ
ਜ਼ਲਾਲਤ ਨੂੰ ਬਰਦਾਸ਼ਤ ਕਰ ਕੇ ਵੀ ਕਈ ਛੋਟੀਆਂ ਜਾਤਾਂ ਦੇ ਕਹਾਉਣ ਵਾਲੇ ਵੀ ਰੂਮੀ ਵਾਲੇ
ਡੇਰੇ ਤੇ ਜਾਂਦੇ ਹਨ। ਧਰਮ ਦੇ ਭੁਲੇਖੇ ਵਿੱਚ ਫੈਲੀ ਇਸ ਮਾਨਸਿਕ ਗੁਲਾਮੀ ਨੂੰ ਕੋਈ ਵਿਰਲੇ
ਹੀ ਤੋੜ ਸਕੇ ਹਨ। ਇਸੇ ਤਰ੍ਹਾਂ ਸਿੱਖ ਕੌਮ ਵਿਚੋਂ ਅਖੌਤੀ ਖਤਰੀ ਭਾਈਚਾਰੇ ਦਾ ਕੁੱਝ
ਰੁਝਾਨ ਡੇਰਾ ਬਿਆਸ ਵੱਲ ਰਹਿੰਦਾ ਹੈ।
ਅੱਜ ਸਿੱਖ ਕੌਮ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ
ਜਾਤ ਭਲਾਈ ਦੇ ਨਾਂ ਤੇ ਬਣਨ ਵਾਲੇ ਇਹ ਡੇਰੇ ਨਾ ਉਨ੍ਹਾਂ ਦੇ ਫਿਰਕੇ ਦੇ ਹਿਤੂ ਹਨ ਅਤੇ ਨਾ
ਹੀ ਸਿੱਖ ਕੌਮ ਦੇ, ਬਲਕਿ ਦੋਹਾਂ ਦੇ ਵੱਡੇ ਦੁਸ਼ਮਨ ਹਨ। ਕਿਉਂਕਿ ਇਸ ਤਰ੍ਹਾਂ ਨਾ ਸਿਰਫ ਉਹ
ਬ੍ਰਾਹਮਣ ਦੀ ਵਰਣ ਵੰਡ ਨੂੰ ਜ਼ਿੰਦਾ ਰਖਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਸਗੋਂ ਸਿੱਖ
ਕੌਮ ਵਿੱਚ ਵੰਡੀਆਂ ਪਾ ਕੇ ਕਮਜ਼ੋਰ ਕਰਨ ਦਾ ਖਤਰਨਾਕ ਖੇਲ੍ਹ ਵੀ ਖੇਲ੍ਹ ਰਹੇ ਹਨ। ਸਮੂਹਕ
ਰੂਪ ਵਿੱਚ ਸਾਰੇ ਮਨੁੱਖੀ ਭਾਈਚਾਰੇ ਦਾ, ਵਿਸ਼ੇਸ਼ ਰੂਪ ਵਿੱਚ ਅਖੌਤੀ ਦਲਿਤ ਸਮਾਜ ਦਾ ਸਭ
ਤੋਂ ਵੱਡਾ ਹਿਤ ਇਸ ਗੱਲ ਵਿੱਚ ਹੈ, ਕਿ ਸਮਾਜ ਵਿੱਚ ਇਸ ਗੈਰ ਮਨੁੱਖੀ ਵਰਣਵੰਡ ਦਾ ਮੂਲੋਂ
ਨਾਸ ਹੋਵੇ ਅਤੇ ਹਰ ਮਨੁੱਖ ਬਰਾਬਰ ਦਾ ਇਨਸਾਨ ਬਣ ਕੇ ਜੀ ਸਕੇ।
ਕਿਸੇ ਦੁਸ਼ਮਨ ਕੋਲੋਂ ਭਲੇ ਦੀ ਆਸ ਰਖਣਾ ਵੀ ਵੱਡੀ ਮੂਰਖਤਾ ਹੁੰਦੀ
ਹੈ ਸੋ ਅਸਲ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਕੌਮ ਸਿਧਾਂਤਾਂ ਨੂੰ ਪਿਠ ਦੇਵੇਗੀ
ਤਾਂ ਸੁਆਰਥੀ ਲੋਕ ਤਾਂ ਉਸ ਦਾ ਫਾਇਦਾ ਚੁਕਣਗੇ ਹੀ। ਸਭ ਤੋਂ ਵੱਡੀ ਜ਼ਿਮੇਂਵਾਰੀ ਸਿੱਖ ਕੌਮ
ਉਤੇ ਹੈ ਕਿ ਆਪਣੇ ਸਤਿਗੁਰੂ ਦੇ ਬਖਸ਼ੇ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਂਦੇ ਹੋਏ,
ਇਸ ਜਾਤ-ਪਾਤ, ਊਚ ਨੀਚ ਦੇ ਕੋਹੜ ਨੂੰ ਪੂਰੀ ਤਰ੍ਹਾਂ ਹੂੰਝ ਕੇ ਸਿੱਖੀ ਦੇ ਨਿਰਮਲ ਵਿਹੜੇ
`ਚੋਂ ਦੂਰ ਸੁੱਟ ਦੇਵੇ, ਤਾਂ ਜੋ ਕੋਈ ਵੀ ਮੌਕਾ ਪ੍ਰਸਤ, ਸੁਆਰਥੀ ਕੌਮ ਜਾਂ ਭਾਈਚਾਰੇ ਦੇ
ਨਾਂ ਤੇ ਕਿਸੇ ਫਿਰਕੇ ਨੂੰ ਗੁੰਮਰਾਹ ਕਰ ਕੇ ਆਪਣੀ ਦੁਕਾਨਦਾਰੀ ਨਾ ਚਲਾ ਸਕੇ।