|
ਨਾਨਕ ਜੀ ਤੈਨੂੰ ਹੈ ਭੁਲਾਇਆ ਤੇਰੀ ਕੌਮ ਨੇ,
ਉੰਝ ਤੇਰਾ ਪੁਰਬ ਮਨਾਇਆ ਤੇਰੀ ਕੌਮ ਨੇ॥
ਬੇੜੀ ਦੇ ਮਲਾਹ ਰਾਜੇ ਸ਼ੀਹਾਂ ਦੇ ਗੁਲਾਮ ਹੋਗਏ,
ਝੂਠਿਆਂ ਨੂੰ ਤਖ਼ਤ ਬਠਾਇਆ ਤੇਰੀ ਕੌਮ ਨੇ॥
ਕੇਸਾਧਾਰੀ ਪਾਂਡੇ ਸੱਪ ਕੁੰਡਲੀਆਂ ਮਾਰ ਬਹਿ ਗਏ,
ਇਹਨਾਂ ਨੂੰ ਹੀ ਇਸ਼ਟ ਬਣਾਇਆ ਤੇਰੀ ਕੌਮ ਨੇ॥
ਤੇਰੇ ਘਰ ਵਿਚ ਫਿਰ ਪਾਂਡੇ ਪਰਧਾਨ ਹੋਗਏ,
ਲਾਲੋ ਜਿਹੇ ਸਿਖਾਂ ਨੂੰ ਭਜਾਇਆ ਤੇਰੀ ਕੌਮ ਨੇ॥
ਰੋੜਾਂ ਉੱਤੇ ਪੈ ਕੇ ਜਿਹੜੀ ਕੀਤੀ ਸੀ ਕਮਾਈ ਤੁਸੀਂ,
ਸਾਂਭਿਆ ਨਈ ਤੇਰਾ ਸਰਮਾਇਆ ਤੇਰੀ ਕੌਮ ਨੇ॥
ਅਰਸ਼ਾਂ ਦੀ ਬਾਣੀ ਵਿਚੋਂ ਇਕ ਨਾ ਕਮਾਈ ਕੀਤੀ,
ਸ਼ਬਦਾਂ ਨੂੰ ਉੰਝ ਬਹੁਤ ਗਾਇਆ ਤੇਰੀ ਕੌਮ ਨੇ॥ |
ਸ਼ਬਦਾਂ ਦੇ ਨਾਲ ਤੂੰ ਤਾਂ ਜਿੱਤ ਲਿਆ ਜੱਗ ਸਾਰਾ,
ਨਹੀਂ ਕੋਈ ਸ਼ਬਦ ਕਮਾਇਆ ਤੇਰੀ ਕੌਮ ਨੇ॥
ਬਾਣੀ ਜੈਸਾ ਹੀਰਾ ਜੀਹਨੇ ਚਾਨਣ ਬਖੇਰਨਾ ਸੀ,
ਸੱਚਖੰਡਾਂ ਵਿਚ ਹੈ ਲੁਕਾਇਆ ਤੇਰੀ ਕੌਮ ਨੇ॥
ਵੇਦਾਂ ਦੇ ਸਤਾਏ ਜਿਹੜੇ ਤੇਰੀ ਗੋਦ ਬੈਠ ਗਏ ਸੀ,
ਚੂਹੜੇ ਕਹਿ ਕੇ ਵੱਖਰਾ ਬਿਠਾਇਆ ਤੇਰੀ ਕੌਮ ਨੇ॥
ਚੂਹੜੇ ਚਮਿਆਰਾਂ ਦੇ ਅਲੱਗ ਕੀਤੇ ਗੁਰੂਘਰ,
ਨੀਚ ਕਹਿ ਕੇ ਇਹਨਾ ਨੂੰ ਸਤਾਇਆ ਤੇਰੀ ਕੌਮ ਨੇ॥
ਖੰਡੇ ਵਾਲੀ ਪਹੁਲ ਲਈ ਵੀ ਵੱਖਰਾ ਹੀ ਬਾਟਾ ਕਰ,
ਬੜਾ ਹੀ ਗੁਰੀਬਾਂ ਨੂੰ ਰੁਆਇਆ ਤੇਰੀ ਕੌਮ ਨੇ॥
ਮਾਵਾਂ ਭੈਣਾਂ ਧੀਆਂ ਨੂੰ ਸੀ ਦਿੱਤਾ ਸਨਮਾਨ ਜਿਹੜਾ,
ਕੁਖਾਂ ਵਿੱਚ ਮਾਰ ਕੇ ਮੁਕਾਇਆ ਤੇਰੀ ਕੌਮ ਨੇ॥ |
ਵੋਟਾਂ ਨਾਲ ਮੀਣੇ ਤੇ ਮਸੰਦਾਂ ਦੀ ਹੈ ਚੋਣ ਹੁੰਦੀ,
ਸੱਚਿਆਂ ਨੂੰ ਬੜਾ ਤੜਫ਼ਾਇਆ ਤੇਰੀ ਕੌਮ ਨੇ॥
ਤੇਰੇ ਉਪਦੇਸ਼ਾਂ ਉੱਤੋਂ ਜਿਹੜੇ ਆਪਾ ਵਾਰ ਗਏ ਨੇ,
ਉਹਨਾ ਦਾ ਵੀ ਨਹੀਂ ਮੁੱਲ ਪਾਇਆ ਤੇਰੀ ਕੌਮ ਨੇ॥
ਮਹਿਰੋਂ ਵਾਲਾ ਗੁਰਮੀਤ ਕਰਤਾ ਸ਼ੁਦਾਈ ਸੱਚੀਂ,
ਦੇ ਦੇ ਕੇ ਬੇਅੰਤ ਮਾਇਆ ਤੇਰੀ ਕੌਮ ਨੇ॥
ਨਾਨਕ ਜੀ ਤੈਨੂੰ ਹੈ ਭੁਲਾਇਆ ਤੇਰੀ ਕੌਮ ਨੇ,
ਉੰਝ ਤੇਰਾ ਪੁਰਬ ਮਨਾਇਆ ਤੇਰੀ ਕੌਮ ਨੇ॥

ਗੁਰਮੀਤ ਸਿੰਘ |