Main News Page

ਇੱਕ ਤਰਲਾ ਅਕਾਲੀ ਫੂਲਾ ਸਿੰਘ ਜੀ ਨੂੰ

ਅੱਜ ਹੋਵੇ ਜੇ ਅਕਾਲੀ ਫੂਲਾ ਸਿੰਘ ਸ਼ੇਰ ਦੂਲ੍ਹਾ,
ਰੋ-ਰੋ ਕੌਮ ਦੇ ਦੱਸ ਦਿਆਂ ਦਰਦ ਸਾਰੇ।
ਫੌਜ਼ ਹਿਜੜਿਆਂ ਦੀ ਤਖ਼ਤ ‘ਤੇ ਆਣ ਬੈਠੀ,
ਖੂੰਜੇ ਲਾ ਛੱਡੇ ਨੇ ਕੌਮ ਦੇ ਮਰਦ ਸਾਰੇ।
ਪੰਜਾਂ ਤਖਤਾਂ ਦੇ ਝੂਠੇ ਜੱਥੇਦਾਰ ਜਿਹੜੇ,
ਫੜੀ ਫਿਰਦੇ ਨੇ ਨੰਗੀ ਕਰਦ ਸਾਰੇ ।
ਗਾਟੇ ਕੌਮ ਦੇ ਉਤਾਰ ਕੇ ਧਰੀ ਜਾਂਦੇ ,
ਹਨੇਰਗਰਦੀ ਦੀ ਉੱਡਦੀ ਏ ਗਰਦ ਸਾਰੇ।

ਪਾਵਾਂਗਾ ਵਾਸਤਾ ਕੌਮ ਦੇ ਸਰਦਾਰ ਤਾਈਂ,
ਕੌਮ ਤੇਰੀ ਹੈ ਮੰਦੜੇ ਹਾਲ ਸ਼ੇਰਾ।
ਉਸ ਤਖ਼ਤ ਦਾ ਤੂੰ ਕਦੇ ਸੀ ਜੱਥੇਦਾਰ ਹੁੰਦਾ,
ਜਿਹਨੂੰ ਆਖਦੇ ਤਖ਼ਤ ਅਕਾਲ ਸ਼ੇਰਾ।
ਜੱਥੇਦਾਰ ਬੇਇਮਾਨਾਂ ਜੋ ਤਖ਼ਤ ‘ਤੇ ਆਣ ਚੜਿਐ,
ਉਹ ਰਲ ਗਿਐ ਦੁਸ਼ਮਨਾਂ ਨਾਲ ਸ਼ੇਰਾ।
ਕੌਮ ਦਾਅ ‘ਤੇ ਲਾਉਣ ਨੂੰ ਬਹੁਤ ਬੈਠੇ,
ਤੇਰੇ ਵਰਗਿਆਂ ਦਾ ਪੈ ਗਿਆ ਕਾਲ ਸ਼ੇਰਾ।

ਰਾਜੇ ਰਣਜੀਤ ਸਿੰਘ ਨੂੰ ਤੁਸਾਂ ਨੇ ਝੁਕਾ ਦਿੱਤਾ,
ਪਰ ਰਾਜੇ ਪਏ ਅੱਜ ਇਨ੍ਹਾਂ ਨੂੰ ਝੁਕਾਂਵਦੇ ਨੇ।
ਜਿਹੜੀ ਡੋਰ ਸਿਆਸੀ ਗਲਾਂ ਦੇ ਨਾਲ ਬੱਧੀ,
ਜਿਧਰ ਨੂੰ ਖਿੱਚਣ ਓਧਰ ਪਏ ਜਾਂਵਦੇ ਨੇ।
ਆਪਣੇ ਆਪ ਨਾਂ ਕੁੱਝ ਵੀ ਬੋਲ ਸਕਦੇ,
ਓਹੀਓ ਬੋਲਦੇ ਜੋ ਆਕਾ ਅਖਵਾਂਵਦੇ ਨੇ।
ਵਢ੍ਹੀ ਲੈ ਕੇ ਨੇ ਇਹ ਪੱਖਪਾਤ ਕਰਦੇ,
ਇੱਕ ਪਾਸੜਾ ਹਕਮ ਸੁਣਾਂਵਦੇ ਨੇ।
 
ਸੱਚ ਕਹਿਣ ਦੀ ਰੱਤਾ ਨਾਂ ਰਹੀ ਹਿੰਮਤ,
ਝੂਠ ਆਸਰੇ ਨੇ ਡੰਗ ਟਪਾਈ ਜਾਂਦੇ।
ਨਾਨਕਸ਼ਾਹੀ ਕਲੰਡਰ ਨੂੰ ਲਾ ਖੂੰਜੇ,
ਸਿੱਖ ਰਹਿਤ ਮਰਯਾਦਾ ‘ਤੇ ਅੱਖ ਟਿਕਾਈ ਜਾਂਦੇ।
ਬਿਪਰਵਾਦ ਦਾ ਅਸਰ ਕਬੂਲਦੇ ਨੇ,
ਗੰ੍ਰਥ ਦਸਵੇਂ ਨੂੰ ਭੂਏ ਚੜ੍ਹਾਈ ਜਾਂਦੇ।
ਹਿੱਤ ਕੌਮ ਦੇ ਸਦਾ ਲਈ ਭੁੱਲ ਬੈਠੇ,
ਦੁਬਿਧਾ ਵਿੱਚ ਨੇ ਕੋਮ ਨੂੰ ਪਾਈ ਜਾਂਦੇ।

ਕੋਈ ਹੋਵੇ ਤੇਰੇ ਜਿਹਾ ਜੱਥੇਦਾਰ ਜਿਹੜਾ,
ਰਾਜੇ ਰਣਜੀਤ ਤਾਈਂ ਸਜ਼ਾ ਸੁਣਾ ਦੇਵੇ।
ਨੱਥ ਪਾ ਦਏ ਮਕੜਾਂ ਬਾਦਲਾਂ ਨੂੰ,
ਨਾਨੀ ਚੇਤੇ ਇਹਨਾਂ ਦੀ ਕਰਵਾ ਦੇਵੇ।
ਕੋਈ ਆਵੇ ਇਹਨਾਂ ਨੂੰ ਘੜੀਸਣੇ ਲਈ,
ਖਾਕੀ ਨਿੱਕਰਾਂ ਇਹਨਾਂ ਦੀਆਂ ਲੁਹਾ ਦੇਵੇ।
ਫੜੇ ਤ੍ਰਿਸ਼ੂਲ ਨੇ ਜੋ ਮਹਾਰਾਜਿਆਂ ਨੇ,
ਹੱਥੀਂ ਆਣਕੇ ਕੋਈ ਕ੍ਰਿਪਾਨ ਫੜਾ ਦੇਵੇ।

ਪਰ ਅਫਸੋਸ ਹੈ ਕੋਈ ਨਾਂ ਨਜ਼ਰ ਆਵੇ,
ਮੇਰੀ ਕੌਮ ਦੀ ਬਿਗੜੀ ਸਵਾਰਨੇ ਨੂੰ।
ਕੋਈ ਬਣਕੇ ਅੱਜ ਮਲਾਹ ਆਵੇ,
ਡੁੱਬ ਦੀ ਬੇੜੀ ਕੌਮ ਦੀ ਤਾਰਨੇ ਨੂੰ।
ਚਾਰੇ ਪਾਸਿਓ ਕੌਮ ਲਈ ਬਹੁਤ ਖ਼ਤਰਾ,
ਬਹੁਤ ਬੈਠੇ ਨੇ ਕੌਮ ਤਾਈਂ ਮਾਰਨੇ ਨੂੰ।
‘ਮੋਰਜੰਡ’ਦਾ ਜਸਵੰਤ ਸਿੰਘ ਤਾਂ ਤਿਆਰ ਬੈਠੈ,
ਜਿੰਦ ਕੌਮ ਤੋਂ ਆਪਣੀ ਵਾਰਨੇ ਨੂੰ।

ਗਿਆਨੀ ਜਸਵੰਤ ਸਿੰਘ ‘ਮੋਰਜੰਡ’(ਮਲੇਸ਼ਿਆ)
ਫੋਨ ਨੰ:0060-16-454-8663


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top