Main News Page

   

ਜਾਗੋ ਖਾਲਸਾ

ਉੱਠੋ ਸਿੰਘੋ ਉੱਠੋ, ਜਾਗੋ ਹੁਣ ਹੋਸ਼ ਕਰੋ, ਮਰਿਯਾਦਾ ਤੜਫ਼ ਰਹੀ ਹੈ ਸਿਧਾਂਤ ਦਮ ਤੋੜ ਰਹੇ ਨੇ,
ਉਨ੍ਹਾਂ ਰਾਹਾਂ ਦੇ ਅਸੀਂ ਬਣੇ ਫਿਰ ਪਾਂਧੀ, ਜਿਥੋਂ ਸਦੀਆਂ ਪਹਿਲਾਂ ਗੁਰੂ ਨਾਨਕ ਸਾਨੂੰ ਮੋੜ ਰਹੇ ਨੇ॥

ਉਡਿੱਆ ਧਰਮ ਸੀ ਜਦੋਂ ਖੰਭ ਲਾਕੇ, ਰਾਜੇ ਸੀਂਹ ਮੁਕੱਦਮ ਕੁੱਤੇ ਹੋਏ ਸਾਰੇ ਮੱਚ ਰਹੀ ਦੁਹਾਈ ਸੀ,
ਅਕਾਲ ਪੁਰਖ ਨੂੰ ਓੁਦੋਂ ਤਰਸ ਆਇਆ, ਤਾਹੀਂਓ ਗੁਰੂ ਨਾਨਕ ਜਿਹੀ ਨੂਰੀ ਜੋਤ ਪ੍ਰਗਟਾਈ ਸੀ।
ਸਮੇਂ ਦੇ ਜ਼ਾਲਮ ਤੇ ਕਠੋਰ ਹਾਕਮ ਨੂੰ, ਜਿੰਨ੍ਹਾਂ ਬਾਬਰ ਦੀ ਥਾਂ ਜ਼ਾਬਰ ਜਿਹੇ ਕਰੜੇ ਸ਼ਬਦ ਕਹੇ ਨੇ,
ਉੱਠੋ ਸਿੰਘੋ ਉੱਠੋ, ਜਾਗੋ ---------------------------------------

ਵੱਖਰੀ ਨਿਆਰੀ ਹਸਤੀ ਦਾ ਖਿਆਲ ਭੁਲਿੱਆ, ਦੇਖੋ ਦੇਖੀ ਅਸੀਂ ਬਿਪਰਨ ਕੀ ਰੀਤ ਰਲ ਗਏ,
ਚਾਲਾਂ ਸਫਲ ਹੋਈਆਂ ਪੰਥ ਦੋਖੀਆਂ ਦੀਆਂ, ਅੰਧਵਿਸ਼ਵਾਸ਼ਾਂ ਦੇ ਫਿਰ ਬੁੱਝੇ ਹੋਏ ਦੀਪ ਜਲ ਪਏ।
ਵਿਸਾਰ ਦਿੱਤਾ ਵਿਰਸੇ ਦੇ ਵਾਰਸਾਂ ਨੂੰ, ਨਿਆਰੇਪਣ ਦੀ ਸਲਾਮਤੀ ਲਈ ਜਿੰਨ੍ਹਾਂ ਜ਼ੁਲਮ ਸਹੇ ਨੇ।
ਉੱਠੋ ਸਿੰਘੋ ਉੱਠੋ, ਜਾਗੋ ----------------------------------------

ਗੁਰਦਵਾਰੇ, ਡੇਰੇ, ਠਾਕਰਦੁਆਰੇ ਜਾਂ ਮੰਦਿਰ ਵਿੱਚ ਕੋਈ ਬਹੁਤਾ ਅਜਕੱਲ੍ਹ ਨਹੀਂ ਹੈ. ਫਰਕ ਰਿਹਾ,
ਉਹ ਪੂਜਦੇ ਨੇ ਪੱਥਰਾਂ ਨੂੰ, ਅਸੀ ਪੂਜਦੇ ਗ੍ਰੰਥ, ਕਿਤੇ ਨਾ ਨਾਨਕਸ਼ਾਹੀ ਵਿਚਾਰ ਵਾਲਾ ਤਰਕ ਰਿਹਾ।
ਕਦੇ ਹਿੰਦੂ ਸਿੱਖ ਏਕਤਾ ਦੇ ਲਾਉਣ ਨਾਹਰੇ, ਕਦੇ ਸਾਨੂੰ ਲਵ ਕੁਸ਼ ਨਾਲ ਮੱਲੋਮੱਲੀ ਜੋੜ ਰਹੇ ਨੇ
ਉੱਠੋ ਸਿੰਘੋ ਉੱਠੋ, ਜਾਗੋ----------------------------------------

ਸਿਆਸਤ ਦੀ ਘੋੜੀ ਅੱਜ ਧਰਮ ਬਣਿਆ, ਤੇ ਸਿਆਸਤ ਨਿਕੰਮੇਂ ਲੀਡਰਾਂ ਦੀ ਰਖ਼ੇਲ ਬਣ ਗਈ,
ਵੋਟਾਂ ਦੀ ਨੀਤੀ ਹੋਈ ਭਾਰੂ ਸਭ ਪਾਸੇ, ਸਿਆਸੀ ਤਾਕਤ ਧਰਮ ਦੀ ਘੋੜੀ ਦੀ ਨਕੇਲ ਬਣ ਗਈ।
ਗੋਲਕ ਲੁੱਟੀ ਜਾ ਰਹੀ ਹੈ ਵੋਟਾਂ ਲਈ, ਆਗੂ ਮਚਲੇ ਹੋਕੇ ਅੰਦਰੋਂ ਕਰ ਰਾਜਸੀ ਜੋੜ ਤੋੜ ਰਹੇ ਨੇ,
ਉੱਠੋ ਸਿੰਘੋ ਉੱਠੋ, ਜਾਗੋ ----------------------------------------

ਖਿੜ੍ਹੇ ਮੱਥੇ ਸਨ ਸਿੱਖ ਪ੍ਰਵਾਨ ਕਰਦੇ, ਹੁਕਮ ਜਾਰੀ ਹੁੰਦਾ ਸੀ ਜਦੋ ਕੋਈ ਸ੍ਰੀ ਅਕਾਲ ਤਖ਼ਤ ਦਾ,
ਅੱਜ ਹੁਕਮਨਾਮੇ ਨੂੰ ਕੋਈ ਪੁੱਛਦਾ ਨਹੀ, ਵੇਖੋ ਗੁਰਸੰਗਤ ਜੀ ਤਕਾਜ਼ਾ ਇਹ ਮਾੜੇ ਵਕਤ ਦਾ।
‘ਧਨੌਲੇ’ ਰਾਜਨੀਤੀਵਾਨ ਆਪਣੇ ਹਿੱਤ ਲਈ, ਹੁਕਮਨਾਮੇ ਮਰਜ਼ੀ ਨਾਲ ਤੋੜ ਮਰੋੜ ਰਹੇ ਨੇ,

ਉੱਠੋ ਸਿੰਘੋ ਉੱਠੋ, ਜਾਗੋ ਹੁਣ ਹੋਸ਼ ਕਰੋ, ਮਰਿਯਾਦਾ ਤੜਫ਼ ਰਹੀ ਹੈ ਸਿਧਾਂਤ ਦਮ ਤੋੜ ਰਹੇ ਨੇ,
ਉਨ੍ਹਾਂ ਰਾਹਾਂ ਦੇ ਤੁਸੀ ਬਣੇ ਫਿਰ ਪਾਂਧੀ, ਜਿਥੋ ਸਦੀਆਂ ਪਹਿਲਾਂ ਗੁਰੂ ਨਾਨਕ ਸਾਨੂੰ ਮੋੜ ਰਹੇ ਨੇ॥

ਗੁਰਿੰਦਰ ਪਾਲ ਸਿੰਘ ਧਨੌਲਾ 9316176519


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top