Main News Page

   

ਸਿੱਖਾਂ ਦੀ ਮਾਨਸਿਕਤਾ ਵਿੱਚ ਹੀ ਗੁਲਾਮੀ ਭਰ ਗਈ ਹੈ
ਅਮਰ ਜੀਤ ਸਿੰਘ ਚੰਦੀ

ਵਿਚਾਰਦਾ ਹਾਂ ਬਾਬਾ ਨਾਨਕ ਜੀ ਨੇ ਜਿਸ ਇੰਸਾਨ (ਸਿੱਖ) ਦੀ ਕਲਪਨਾ ਕੀਤੀ ਸੀ, ਜਿਸ ਨੂੰ ਸਜਾਣ ਸਵਾਰਨ ਲਈ ੨੩੯ ਸਾਲ ਦੇ ਲੰਮੇ ਸਮੇ ਦੇ ਨਾਲ ਬਿਖੜੇ ਪੈਂਡਿਆਂ ਦੀਆਂ ਵਾਟਾਂ ਝਾਗੀਆਂ ਸਨ, ਅੰਤਾਂ ਦੀਆਂ ਮੁਸੀਬਤਾਂ, ਤਸੀਹੇ ਝੱਲੇ ਸਨ, ਕੁਰਬਾਨੀਆਂ ਦਿੱਤੀਆਂ ਸੀ। ਜਿਸ ਵਿਚੋਂ ਉਹ ਖਾਲਸਾ ਪਰਗਟ ਹੋਇਆ ਸੀ, ਜਿਸ ਨੇ ਸਿੱਖਾਂ ਦਾ ਲਗਾਤਾਰ ੭੦ ਸਾਲ ਤੋਂ ਉਪਰ, ਜੰਗਲੀ ਜਾਨਵਰਾਂ ਵਾਙ ਸ਼ਿਕਾਰ, ਅਪਣੇ ਪਿੰਡੇ ਤੇ ਹੰਢਾਇਆ ਸੀ, ਅੰਤਾਂ ਦੇ ਤਸੀਹੇ ਝੱਲ ਕੇ ਦਿੱਤੀਆਂ ਸ਼ਹਾਦਤਾਂ ਦੌਰਾਨ ਵੀ ਕਿਸੇ ਇੱਕ ਸਿੱਖ ਨੇ ਵੀ ਬਾਬਾ ਨਾਨਕ ਜੀ ਦੇ ਸਿਧਾਂਤ, ਗੁਰਬਾਣੀ ਵਲੋਂ ਮੂੰਹ ਨਹੀਂ ਮੋੜਿਆ ਸੀ। ਸਰਕਾਰ ਵਲੋਂ ਐਲਾਨ ਕਰਨ ਤੇ ਵੀ ਕਿ ਸਿੱਖਾਂ ਦਾ ਸਫਾਇਆ ਕਰ ਦਿੱਤਾ ਗਿਆ ਹੈ, ਅਪਣੇ ਆਪ ਨੂੰ ਛੁਪਾਉਣ ਦਾ ਉਪਰਾਲਾ ਨਹੀਂ ਕੀਤਾ ਸੀ। ਉਹ ਸਿੱਖ ਅੱਜ ਕਿੱਥੇ ਲੁਕ ਗਏ ਹਨ? 

ਮੈਂ ਦੂਸਰੇ ਵਿਦਵਾਨਾਂ ਵਾਙ, ਇਹ ਤਾਂ ਨਹੀਂ ਲਿਖ ਸਕਾਂਗਾ ਕਿ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ? ਕਿਉਂਕਿ ਨਾ ਤਾਂ ਮੈਂ ਉਨ੍ਹਾਂ ਵਿਦਵਾਨਾਂ ਵਿਚੋਂ ਹਾਂ, ਜਿਨ੍ਹਾਂ ਦੀ ਗੱਲ ਹੀ ਆਮ ਸਿੱਖ ਦੀ ਸਮਝ ਤੋਂ ਬਾਹਰੀ ਹੁੰਦੀ ਹੈ, ਅਤੇ ਨਾ ਹੀ ਕਿਸੇ ਦੀ ਨਜ਼ਰ ਲਗਣੀ, ਬਾਬਾ ਨਾਨਕ ਜੀ ਦਾ ਸਿਧਾਂਤ ਹੈ। ਫਿਰ ਜਦੋਂ ਇਹ ਸੋਚਦਾ ਹਾਂ ਕਿ ਅੱਜ ਦੁਨੀਆਂ ਵਿੱਚ ਸਿੱਖਾਂ ਦੀ ਆਬਾਦੀ ਢਾਈ ਕ੍ਰੋੜ ਕਹੀ ਜਾਂਦੀ ਹੈ, ਫਿਰ ਵੀ ਕੋਈ ਸਿੱਖ (ਬਹੁਤ ਥੋੜਿਆਂ ਨੂੰ ਛੱਡ ਕੇ, ਜਿਨ੍ਹਾਂ ਨੂੰ ਆਬਾਦੀ ਦਾ ੧ % ਹੀ ਕਿਹਾ ਜਾ ਸਕਦਾ ਹੈ, ਪਰ ੧ % ਦਾ ਮਤਲਬ ਵੀ ਢਾਈ ਲੱਖ ਬਣਦਾ ਹੈ, ਜਦ ਕਿ ਢਾਈ ਹਜ਼ਾਰ ਲੱਭਣੇ ਵੀ ਮੁਸ਼ਕਲ ਹਨ) ਕਿਉਂ ਨਹੀਂ ਲੱਭ ਰਿਹਾ? ਤਾਂ ਕੁੱਝ ਗੱਲਾਂ ਸਾਮ੍ਹਣੇ ਆਉਂਦੀਆਂ ਹਨ। ਜਿਵੇਂ, 
ਸਿੱਖਾਂ ਦੀ ਇੱਕ ਰਾਜਸੀ ਪਾਰਟੀ ਹੈ, ਅਕਾਲੀ ਦਲ, ਅਕਾਲੀ ਦਲ ਕਿੰਨੇ ਹਨ? ਇਸ ਦੀ ਗਿਣਤੀ ਵੀ ਆਸਾਨ ਨਹੀਂ, ਹਰ ਕੋਈ ਅਪਣੇ ਨਾਮ ਨਾਲ ਸ਼੍ਰੋਮਣੀ ਅਕਾਲੀ ਦਲ ਲਿਖਦਾ ਹੈ, ਅਤੇ ਪਿੱਛੇ ਇੱਕ ਪੂਛ ਵੀ ਲਾਉਂਦਾ ਹੈ, ਪੂਛ ਹੀ ਉਸ ਦੀ ਪਛਾਣ ਹੈ, ਪੂਛ ਤੋਂ ਬਗੈਰ ਉਸ ਦੀ ਪਛਾਣ ਅਕਾਲੀ ਦਲਾਂ ਦੇ ਜੰਗਲ ਵਿੱਚ ਗਵਾਚ ਕੇ ਰਹਿ ਜਾਂਦੀ ਹੈ। ਜਦ ਥੋੜ੍ਹਾ ਧਿਆਨ ਨਾਲ ਵੇਖਦਾ ਹਾਂ ਤਾਂ ਧਰਤੀ ਤੇ ਇਕੋ ਅਕਾਲੀ ਦਲ ਨਜ਼ਰ ਆਉਂਦਾ ਹੈ, ਬਾਕੀ ਸਾਰੇ ਅਕਾਲੀ ਦਲ ਹਵਾ ਵਿੱਚ ਹੀ ਹਨ। ਧਰਤੀ ਵਾਲੇ ਅਕਾਲੀ ਦਲ ਦੀ ਪੂਛ ਬਾਦਲ ਹੈ, ਜੋ ਤਿੰਨ ਚਾਰ ਵਾਰੀ ਪੰਜਾਬ ਦਾ ਰਾਜਾ ਬਣ ਚੁੱਕਾ ਹੈ, ਜੋ ਖੁਲ੍ਹ ਕੇ ਐਲਾਨ ਕਰਦਾ ਹੈ ਕਿ ਉਸ ਦਾ ਆਰ, ਐਸ, ਐਸ, ਦੀ ਔਲਾਦ ਬੀ, ਜੇ, ਪੀ, ਨਾਲ ਮੀਆਂ ਬੀਵੀ ਵਾਲਾ ਰਿਸ਼ਤਾ ਹੈ। ਪਰ ਪਤਾ ਨਹੀਂ ਕਿਉਂ ਸਿੱਖ ਉਸ ਦੀ ਗੱਲ ਮੰਨ ਕੇ ਰਾਜ਼ੀ ਨਹੀਂ, ਜਦ ਕਿ ਉਸ ਨੇ ਅਪਣੀ ਕਥਨੀ ਨੂੰ, ਹਰ ਮੋੜ ਤੇ ਅਪਣੇ ਕੰਮਾਂ ਰਾਹੀਂ, ਸਹੀ ਸਾਬਤ ਕੀਤਾ ਹੈ? 

ਸਿੱਖ ਜਦ ਵੀ ਕੋਈ ਗੱਲ ਕਰਦੇ ਹਨ ਤਾਂ ਕਹਿੰਦੇ ਹਨ, “ਅਸੀਂ ਸ਼੍ਰੋਮਣੀ ਅਕਾਲੀ ਦਲ, ਬਾਦਲ ਸਾਹਿਬ ਨੂੰ ਅਪੀਲ ਕਰਦੇ ਹਾਂ “ਭਲੇ ਲੋਕੋ ਜ਼ਰਾ ਸੋਚੋ ਕੋਈ ਸੁਚੱਜੀ ਘਰ ਵਾਲੀ ਅਪਣੇ ਪਤੀ ਪਰਮੇਸ਼ਰ ਦੀ ਗੱਲ ਮੰਨੇਗੀ ਜਾਂ ਤੁਹਾਡੀ? ਉਸ ਦੇ ਪਤੀ ਨੇ ਉਸ ਨੂੰ ਹਦਾਇਤ ਦਿੱਤੀ ਹੈ ਕਿ ਸਿੱਖਾਂ ਨੂੰ “ਊੜਾ ਐੜਾ ਕਹਿਣ ਨਹੀਂ ਦੇਣਾ, ਸਿਰ ਤੇ ਜੂੜਾ ਰਹਿਣ ਨਹੀਂ ਦੇਣਾ” ਅਜਿਹੀ ਹਾਲਤ ਵਿੱਚ ਤੁਸੀਂ ਉਸ ਤੋਂ ਕੀ ਆਸ ਕਰਦੇ ਹੋ? ਮੁੜ-ਘਿੜ ਕੇ ਆਜ਼ਾਦ ਸੋਚ ਨੂੰ ਤਿਆਗਦੇ, ਉਸ ਅੱਗੇ ਹੀ ਬੇਨਤੀਆਂ ਕਰਨੀਆਂ, ਕੀ ਗੁਲਾਮ ਮਾਨਸਿਕਤਾ ਨਾਲੋਂ ਕੋਈ ਵੱਖਰੀ ਚੀਜ਼ ਹੈ? 

ਸਿੱਖਾਂ ਦੀ ਇਕ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਹੈ। ਜਿਸ ਵਿੱਚ ਚੁਣੇ ਜਾਣ ਵਾਲੇ ਬੰਦੇ, ਸੁਭਾਵਕ ਹੀ ਬਾਬਾ ਨਾਨਕ ਜੀ ਦੇ ਫਲਸਫੇ ਦੇ ਧਾਰਣੀ ਹੋਣੇ ਚਾਹੀਦੇ ਹਨ। ਪਰ ਗੁਰਦਵਾਰਾ ਚੋਣਾਂ ਵਿੱਚ ਉਹ ਅਪਣੀ ਸਿੱਖੀ ਨਾਲੋਂ ਜ਼ਿਆਦਾ ਨਸ਼ਿਆਂ, ਪੈਸੇ ਦੇ ਲਾਲਚ ਤੈ ਵਿਸ਼ਵਾਸ ਰੱਖਦੇ ਹਨ, ਉਹ ਇਹ ਮੰਨ ਕੇ ਚਲਦੇ ਹਨ ਕਿ ਸਿੱਖਾਂ ਨੇ ਵੋਟਾਂ, ਉਨ੍ਹਾਂ ਦੀ ਸਿੱਖੀ ਕਰ ਕੇ ਨਹੀਂ ਦੇਣੀਆਂ ਬਲਕਿ ਪੈਸੇ ਅਤੇ ਨਸ਼ਿਆਂ ਦੇ ਲਾਲਚ ਵਿੱਚ ਦੇਣੀਆਂ ਹਨ। ਅਜਿਹੀ ਮਾਨਸਿਕਤਾ ਵਾਲੇ ਬੰਦਿਆਂ ਨੂੰ ਸਿੱਖ ਤਾਂ ਨਹੀਂ ਕਿਹਾ ਜਾ ਸਕਦਾ, ਉਨ੍ਹਾਂ ਨੂੰ ਤਾਂ ਨਸ਼ੇ ਅਤੇ ਪੈਸੇ ਦੇ ਗੁਲਾਮ ਕਿਹਾ ਜਾ ਸਕਦਾ ਹੈ। 

ਇੱਕ ਬੰਦਾ ੨੭ ਸਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਹਿਣ ਮਗਰੋਂ ਵੀ, ਐਮ, ਪੀ, ਬਣਨ ਦੀ ਮਾਨਸਿਕਤਾ ਤੋਂ ਖਹਿੜਾ ਨਹੀਂ ਛੁਡਾ ਸਕਿਆ ਸੀ। (ਮਰਨ ਮਗਰੋਂ ਉਸ ਨੂੰ ਪੰਥ ਰਤਨ ਬਣਾ ਦਿੱਤਾ ਗਿਆ) ਇੱਕ ਬੰਦਾ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੀ ਵਿਚਾਰਾ ਕਾਰ ਵਿੱਚ ਜਾਂਦਾ, ਐਕਸੀਡੈਂਟ ਨਾਲ ਮਰ ਗਿਆ, ਉਸ ਦੀ ਕਾਰ ਵਿਚੋਂ ਸ਼ਰਾਬ ਦੀ ਪੂਰੀ ਪੇਟੀ ਮਿਲੀ, ਇੱਕ ਕੁੜੀ ਵਿਚਾਰੀ ਆਪਣਾ ਆਪ ਉਸ ਨੂੰ ਸੌਂਪ ਕੇ ਉਸ ਤੋਂ ਕੁੱਝ ਪੈਸੇ ਮਿਲਣ ਦੀ ਆਸ ਵਿੱਚ ਉਸ ਦੇ ਨਾਲ ਜਾਂਦੀ ਵੀ ਮਾਰੀ ਗਈ। (ਪਰ ਵਿਚਾਰਾ ਪੰਥ ਰਤਨ ਨਾ ਬਣ ਸਕਿਆ) ਅੱਜ ਕਲ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਾਦਲ ਦੇ ਲਫਾਫਿਆਂ ਵਿਚੋਂ ਨਿਕਲਦੇ ਵੇਖੇ ਜਾ ਸਕਦੇ ਹਨ। 
ਅਜਿਹੇ ਪ੍ਰਧਾਨਾਂ ਅੱਗੇ ਬੇਨਤੀਆਂ ਕਰਨੀਆਂ ਕਿ “ਪ੍ਰਧਾਨ ਜੀ ਤੁਸੀਂ ਗੁਰਦਵਾਰਿਆਂ ਦੀ ਹਾਲਤ ਸੁਧਾਰੋ ਜੀ, ਜਦ ਮੈਂ ਦਰਬਾਰ ਸਾਹਿਬ ਸਮੂਹ ਵਿਚ, ਤੁਹਾਡੀ ਸਰਾਂ ਵਿੱਚ ਰੁਕਿਆ ਹੋਇਆ ਸੀ ਤਾਂ, ਤੁਹਾਡੇ ਸੇਵਾਦਾਰਾਂ ਨੇ ਮੈਨੂੰ ਬੰਨ੍ਹ ਕੇ ਮੇਰੇ ਸਾਮ੍ਹਣੇ ਹੀ ਮੇਰੀ ਘਰ ਵਾਲੀ ਨਾਲ ਬਲਾਤਕਾਰ ਕੀਤਾ ਹੈ”। 

ਅਜਿਹੀ ਕਾਨਸਿਕਤਾ ਵਾਲੇ ਸਿੱਖਾਂ ਨੂੰ, ਕੀ ਬਾਬੇ ਨਾਨਕ ਜੀ ਦਾ ਸਿੱਖ ਮੰਨਿਆ ਜਾ ਸਕਦਾ ਹੈ? 

ਸਿੱਖਾਂ ਦੇ ਪੰਜ ਤਖਤ ਵੀ ਹਨ, ਜਿਨ੍ਹਾਂ ਦੇ ਅਖੌਤੀ ਜਥੇਦਾਰਾਂ ਦਾ ਕੰਮ, ਅਪਣੀਆਂ ਟਕਸਾਲਾਂ (ਜਿਨ੍ਹਾਂ ਦੇ ਉਹ ਸਿੱਖ ਹਨ, ਜੋ ਸਾਰੀਆਂ ਹੀ ਆਰ, ਐਸ, ਐਸ, ਦੀਆਂ ਗੁਲਾਮ ਹਨ) ਦਾ ਏਜੈਂਡਾ, ਸਿੱਖਾਂ ਤੇ ਲਾਗੂ ਕਰਨਾ ਹੈ, ਜਿਸ ਵਿੱਚ ਹਰ ਹੀਲੇ-ਵਸੀਲੇ ਸਿੱਖਾਂ ਕੋਲੋਂ ਪੈਸੇ ਭੋਟਣਾ ਹੈ। ਜਿਨ੍ਹਾਂ ਕੋਲ ਪਹੁੰਚੀਆਂ ਸ਼ਿਕਾਇਤਾਂ ਦਾ ਨਿਪਟਾਰਾ, ਪੈਸਿਆਂ ਦੀ ਸੌਦੇਬਾਜੀ ਦੇ ਆਧਾਰ ਤੇ ਹੁੰਦਾ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਅਸ਼ਲੀਲ ਕਿਤਾਬਾਂ ਨੂੰ ਮਾਨਤਾ ਦੇ ਕੇ, ਅਪਣੇ ਪ੍ਰਭੂਆਂ ਨੂੰ ਖੁਸ਼ ਕਰਨਾ ਹੈ। ਪੰਥ ਦੇ ਸਹੀ ਵਿਦਵਾਨਾਂ, ਪੰਥ ਦੇ ਸਹੀ ਪਰਚਾਰਕਾਂ, ਪੰਥ ਦੀ ਅੱਡਰੀ ਹੋਂਦ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਨਾ ਹੈ, ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਸਾਬਤ ਕਰਨਾ ਹੈ, ਸਿੱਖਾਂ ਨੂੰ ਹਰ ਢੰਗ ਨਾਲ ਕੁਰਾਹੇ ਪਾ ਕੇ, ਬਾਬੇ ਨਾਨਕ ਦੇ ਫਲਸਫੈ ਨਾਲੋਂ ਤੋੜ ਕੇ, ਸਿੱਖੀ ਨੂੰ ਬ੍ਰਾਹਮਣਵਾਦੀ ਖਾਰੇ ਸਮੁੰਦਰ ਵਿੱਚ ਡੋਬਣਾ ਹੈ। ਉਨ੍ਹਾਂ ਅੱਗੇ ਹੀ ਬੇਨਤੀਆਂ ਕਰਨ ਵਾਲੇ ਸਿੱਖ ਕਿ “ਜਥੇਦਾਰ ਜੀਉ, ਸਿੰਘ ਸਾਹਿਬ ਜੀ, ਕਿਰਪਾ ਕਰੋ ਜੀ, ਸਿੱਖੀ ਨੂੰ ਬਚਾਵੋ ਜੀ, ਸਿੱਖਾਂ ਨੂੰ ਕੋਈ ਸੁਚੱਜੀ ਸੇਧ ਦੇਵੋ ਜੀ”।

ਕੀ ਅਜਿਹੇ ਸਿੱਖਾਂ ਦੀ ਮਾਨਸਿਕ ਦਸ਼ਾ ਨੂੰ, ਗੁਲਾਮੀ ਤੋਂ ਅੱਡ ਕੁੱਝ ਕਿਹਾ ਜਾ ਸਕਦਾ ਹੈ? 

ਸਿੱਖਾਂ ਦੇ ਹਜ਼ਾਰਾਂ ਹੀ ਧਾਰਮਿਕ ਕਹੇ ਜਾਂਦੇ ਡੇਰੇ ਵੀ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਹੀ ਸੰਤ, ਬ੍ਰਹਮਗਿਆਨੀ, ਮਹਾਂਪੁਰਖ (ਸਿੱਖਾਂ ਨੂੰ ਕੁਰਾਹੇ ਪਾ ਕੇ, ਅਪਣੇ ਨਿੱਜ ਨਾਲ ਜੋੜਨ ਵਾਲੇ) ਹਨ। ਕੁੱਝ ਪੰਜਾਬ ਤੋਂ ਬਾਹਰਲੇ ਗੈਰ ਸਿੱਖ ਵੀ ਆ ਕੇ ਪੰਜਾਬ ਵਿੱਚ ਅਪਣੇ ਡੇਰੇ ਸਥਾਪਤ ਕਰੀ ਬੈਠੇ ਹਨ। ਇਨ੍ਹਾਂ ਦਾ ਕੰਮ ਅਪਣੇ ਡੇਰਿਆਂ ਵਿਚਲੇ ਭੋਰੇ ਨੁਮਾ ਐਸ਼ਗਾਹਾਂ ਵਿੱਚ ਨਸ਼ਿਆਂ ਦਾ ਸੇਵਨ ਕਰਨਾ, ਕਾਮ ਉਕਸਾਊ ਬਲਿਊ ਫਿਲਮਾਂ ਵੇਖਣਾ ਅਤੇ ਪੰਜਾਬ ਦੀਆਂ ਬੱਚੀਆਂ ਦੀ ਪੱਤ ਰੋਲਣਾ ਹੈ। ਜੋ ਇਨਹਾਂ ਦੀਆਂ ਬਦਕਾਰੀਆਂ ਤੋਂ ਬਾਗੀ ਹੁੰਦਾ ਦਿਸੇ, ਉਸ ਨੂੰ ਅਗਲੇ ਜਹਾਨ ਪਹੁੰਚਾ ਦੇਣਾ, ਜਿਸ ਦੀ ਖਬਰ ਵੀ ਇਨ੍ਹਾਂ ਦੇ ਕਿਲ੍ਹੇ ਨੁਮਾ ਡੇਰਿਆਂ ਤੋਂ ਬਾਹਰ ਨਿਕਲਣੀ ਮੁਸ਼ਕਲ ਹੈ। ਜੇ ਕਿਤੇ ਕੋਈ ਖਬਰ ਬਾਹਰ ਨਿਕਲ ਵੀ ਜਾਵੇ ਤਾਂ, ਵੋਟਾਂ ਦੇ ਭਿਖਾਰੀ, ਇਨ੍ਹਾਂ ਦੀਆਂ ਵੋਟਾਂ ਦੇ ਲਾਲਚ ਵਿਚ, ਪੁਲਸ ਨੂੰ ਕੋਈ ਕਾਰਵਾਈ ਕਰਨ ਤੋਂ ਰੋਕ ਦਿੰਦੇ ਹਨ। ਜੇ ਕੋਈ ਬਹੁਤੀ ਵੱਡੀ ਗੱਲ ਹੋਵੇ, ਅਤੇ ਮਾਮਲਾ ਕਚਹਿਰੀ ਵਿੱਚ ਪਹੁੰਚ ਜਾਵੇ ਤਾਂ, ਇਨ੍ਹਾਂ ਦੇ ਪੈਸੇ ਦਾ ਬਲ, ਵਜ਼ੀਰਾਂ ਦੇ ਪ੍ਰਭਾਵ ਦਾ ਬਲ ਮਿਲ ਕੇ ਸਾਲਾਂ ਬੱਧੀ ਮੁਕੱਦਮਾ ਲਟਕਾ ਕੇ, ਕੇਸ ਨੂੰ ਰੱਦੂ-ਬੱਦੂ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। 

ਅਜਿਹੇ ਡੇਰੇਦਾਰਾਂ ਦੀ ਸੇਵਾ, ਆਪਣੀ ਦੋ ਨੰਬਰ ਦੀ ਕਮਾਈ, ਅਪਣੀਆਂ ਭੈਣਾਂ, ਅਪਣੀਆਂ ਜਨਾਨੀਆਂ, ਅਪਣੀਆਂ ਧੀਆਂ, ਇਨ੍ਹਾਂ ਨੂੰ ਅਰਪਿਤ ਕਰ ਕੇ ਕਰਨ ਵਾਲੇ ਸਿੱਖਾਂ ਦੀ ਮਾਨਸਿਕਤਾ ਨੂੰ, ਕੀ ਆਜ਼ਾਦ ਸੋਚ ਵਾਲੀ, ਬਾਬਾ ਨਾਨਕ ਜੀ ਦੇ ਸਿੱਖਾਂ ਵਾਲੀ ਕਿਹਾ ਜਾ ਸਕਦਾ ਹੈ? 
ਸਿੱਖਾਂ ਦੀ ਇੱਕ ਸਰਕਾਰ ਵੀ ਹੈ, ਆਜ਼ਾਦ ਭਾਰਤ ਸਰਕਾਰ। ਜਿਸ ਦਾ ਕੰਮ ਬਟਵਾਰੇ ਦੇ ਨਾਂ ਥੱਲੇ, ਲੱਖਾਂ ਸਿੱਖ ਮਰਵਾ ਕੇ, ਹਰ ਹੀਲੇ ਸਿੱਖੀ ਨੂੰ ਖਤਮ ਕਰਨ ਤੋਂ ਹੀ ਸ਼ੁਰੂ ਹੁੰਦਾ ਹੈ। ਜਿਸ ਨੇ ਭਾਰਤ ਦੀ ਆਜ਼ਾਦੀ ਲਈ ੮੫% ਤੋਂ ਵੱਧ ਕੁਰਬਾਨੀਆਂ ਦੇਣ ਵਲਿਆਂ ਬਾਰੇ ਕਮਿਸ਼ਨਰਾਂ ਦੇ ਨਾਮ ਇਹ ਸਰਕੂਲਰ ਕੱਢ ਕੇ ਕਿ, ਸਿੱਖ ਜਰਾਇਮ ਪੇਸ਼ਾ ਲੋਕ ਹਨ, ਇਨ੍ਹਾਂ ਤੇ ਖਾਸ ਨਜ਼ਰ ਰੱਖੀ ਜਾਵੇ, ਇਨ੍ਹਾਂ ਦੀ ਹਰ ਹਰਕਤ ਦੀ ਖਬਰ ਪੁਲਸ ਕਪਤਾਨ ਨੂੰ ਦਿੱਤੀ ਜਾਵੇ, ਕਮਿਸ਼ਨਰਾਂ ਨੂੰ ਘੱਲ ਕੇ ਆਜ਼ਾਦੀ ਦਾ ਜਸ਼ਨ ਮਨਾਇਆ ਹੋਵੇ। ਜਿਸ ਨੇ ਇਸ ਸਰਕੂਲਰ ਬਾਰੇ ਸਿੱਖਾਂ ਨੂੰ ਜਾਣੂ ਕਰਵਾਉਣ ਵਾਲੇ ਕਮਿਸ਼ਨਰ, ਸਿਰਦਾਰ ਕਪੂਰ ਸਿੰਘ ਨੂੰ ਅਣਅਧਿਕਾਰਤ ਤੌਰ ਤੇ ਬਰਤਰਫ ਕਰ ਕੇ, ਸਾਰੀ ਉਮਰ ਕਚਹਿਰੀਆਂ ਦੇ ਧੱਕੇ ਖਾਣ ਮਗਰੋਂ ਵੀ ਇੰਸਾਫ ਨਾ ਦੇ ਕੇ, ਖੁੱਲੇਆਮ ਜ਼ਾਹਰ ਕਰ ਦਿੱਤਾ ਹੋਵੇ ਕਿ ਭਾਰਤ ਵਿੱਚ ਸਿੱਖਾਂ ਲਈ ਇੰਸਾਫ ਨਾਮ ਦੀ ਕੋਈ ਚੀਜ਼ ਨਹੀਂ ਹੈ, ਉਹ ਜੋ ਮਰਜ਼ੀ ਕਰ ਲੈਣ। 

ਸਾਰੇ ਸੂਬੇ ਬੋਲੀ ਦੇ ਆਧਾਰ ਤੇ ਬਨਾਉਣ ਮਗਰੋਂ ਵੀ, ਪੰਜਾਬ ਨੂੰ ਪੰਜਾਬੀ ਬੋਲੀ ਦਾ ਹੱਕ ਦੇਣ ਤੋਂ ਮਨ੍ਹਾ ਕਰ ਕੇ ਭਾਰਤ ਦਾ ਪ੍ਰਧਾਨ ਮੰਤ੍ਰੀ, ਨੈਹਰੂ ਕਹਿੰਦਾ ਹੈ “ਮੈਂ ਮੁਲਕ ਵਿੱਚ ਖਾਨਾ ਜੰਗੀ ਤਾਂ ਬਰਦਾਸ਼ਤ ਕਰ ਸਕਦਾ ਹਾਂ ਪਰ ਪੰਜਾਬੀ ਸੂਬਾ ਬਨਾਉਣਾ ਪਰਵਾਨ ਨਹੀਂ ਕਰ ਸਕਦਾ” ਸਰਕਾਰ ਮੁਲਕ ਵਿੱਚ ਹੀ ਪਾਬੰਦੀ ਲਗਾਉਂਦੀ ਹੈ ਕਿ ਫੌਜ ਵਿੱਚ ੨ % ਤੋਂ ਵੱਧ ਸਿੱਖ ਨਹੀਂ ਭਰਤੀ ਕੀਤੇ ਜਾ ਸਕਦੇ। ਫੌਜ ਦਾ ਕਾਨੂਨ ਹੈ ਕਿ ਇੱਕ ਹੈਲੀਕਾਪਟਰ ਵਿੱਚ ਇੱਕ ਤੋਂ ਵੱਧ ਫੌਜੀ ਜਰਨੈਲ, ਸਫਰ ਨਹੀਂ ਕਰ ਸਕਦਾ, ਪਰ ਸਭ ਕਾਨੂੰਨ ਛਿੱਕੇ ਟੰਗ ਕੇ ਇੱਕ ਹੈਲੀਕਾਪਟਰ ਵਿੱਚ ਪੰਜ ਸਿੱਖ ਜਰਨੈਲ ਬਿਠਾ ਕੇ, ਉਨ੍ਹਾਂ ਦਾ ਐਕਸੀਡੈਂਟ ਕਰਵਾ ਕੇ ਅਪਣੇ ਚਹੇਤਿਆਂ ਨੂੰ ਫੌਜ ਮੁਖੀ ਬਨਾਉਣ ਦਾ ਰਾਹ ਵੇਹਲਾ ਕਰ ਸਕਦੀ ਹੈ। ਸਿੱਖ ਫੌਜੀਆਂ ਨੂੰ ਕਸ਼ਮੀਰ, ਨਾਗਾਲੈਂਡ, ਅਤੇ ਸ੍ਰੀ ਲੰਕਾ ਆਦਿ ਥਾਵਾਂ ਤੇ ਘੱਲ ਕੇ ਓਥੋਂ ਦੇ ਲੋਕਾਂ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਘਾੜਤਾਂ ਘੜ੍ਹ ਸਕਦੀ ਹੈ। 

ਘੱਟ ਗਿਣਤੀਆਂ ਵਿੱਚ ਪਾੜਾ ਪਾਉਣ ਲਈ, ਪਾਕਿਸਤਾਨ, ਅਫਗਾਨਿਸਤਾਨ, ਕਸ਼ਮੀਰ ਵਿਚ, ਅਪਣੀਆਂ ਏਜੈਂਸੀਆਂ ਕੋਲੋਂ ਸਿੱਖ ਮਰਵਾ ਕੇ, ਮੁਸਲਮਾਨਾਂ ਤੇ ਇਲਜ਼ਾਮ ਲਾ ਸਕਦੀ ਹੈ। ਹਿੰਦੂ ਵੋਟਾਂ ਲੈਣ ਖਾਤਰ ਭਾਰਤੀ ਫੌਜਾਂ ਕੋਲੋਂ ਹੀ ਦਰਬਾਰ ਸਾਹਿਬ ਤੇ ਹਮਲਾ ਕਰਵਾ ਕੇ, ਹਜ਼ਾਰਾਂ ਸਿੱਖਾਂ ਸਮੇਤ, ਲੰਗਰ ਛਕਣ ਗਏ ਹਜ਼ਾਰਾਂ ਪੂਰਬੀਏ ਮਜ਼ਦੂਰ ਵੀ ਮਰਵਾ ਸਕਦੀ, ਅਕਾਲ ਤਖਤ ਦੀ ਬਿਲਡਿੰਗ ਢੈ ਢੇਰੀ ਕਰ ਸਕਦੀ ਹੈ। ਇੰਦਰਾਗਾਂਧੀ ਦੇ, ਅਪਣੇ ਬਾਡੀਗਾਰਡਾਂ, ਬੇਅੰਤ ਸਿੰਘ, ਸਤਵੰਤ ਸਿੰਘ ਹੱਥੋਂ ਮਾਰੇ ਜਾਣ ਤੇ, ਕੇਂਦਰੀ ਮੰਤ੍ਰੀਆਂ ਵਲੋਂ ਉਕਸਾਏ ਗੁੰਡਿਆਂ, ਪੁਲਸ, ਕੇਂਦਰੀ ਬਲਾਂ ਹੱਥੋਂ ਢਾਈ ਲੱਖ ਕਰੀਬ ਸਿੱਖ ਨੌਜਵਾਨ, ਬੇਰਹਮੀ ਨਾ ਮਰਵਾ ਕੇ, ੨੬ ਸਾਲ ਬੀਤ ਜਾਣ ਤੇ ਵੀ, ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ, ਸਿੱਖਾਂ ਨੂੰ ਕਮਿਸ਼ਨਾਂ ਅਤੇ ਮੁਕੱਦਮਿਆਂ ਦੇ ਵਿਖਾਵੇ ਵਿੱਚ ਫਸਾ ਕੇ, ਇੰਸਾਫ ਦੇਣ ਤੋਂ ਭਗੌੜੀ ਹੋ ਸਕਦੀ ਹੈ। 

ਸਿੱਖਾਂ ਵਲੋਂ ਅਜਿਹੀ ਸਰਕਾਰ ਅੱਗੇ ਹੀ ਲੇਲੜ੍ਹੀਆਂ ਕੱਢਣੀਆਂ ਕਿ ਛਤੀ ਸਿੰਘ ਪੁਰੇ ਦੇ ਸਿੱਖ ਕਤਲੇਆਮ ਦੀ ਮੁੜ ਜਾਂਚ ਕਰਵਾਈ ਜਾਵੇ, ਮਾਨਸਿਕ ਗੁਲਾਮੀ ਨਹੀਂ ਤਾਂ ਹੋਰ ਕੀ ਹੈ? (ਜਦ ਕਿ ਦੁਨੀਆਂ ਜਾਣਦੀ ਹੈ ਕਿ ਉਨ੍ਹਾਂ ਸਿੱਖਾਂ ਦਾ ਕਤਲੇਆਮ, ਭਾਰਤੀ ਏਜੈਂਸੀਆਂ ਵਲੋਂ ਪੂਰੇ ਪਲਾਨਿੰਗ ਨਾਲ ਕੀਤਾ ਗਿਆ ਸੀ) ਸਰਕਾਰ ਅੱਗੇ ਤਰਲੇ ਕਰਨੇ ਕਿ ੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਮਾਨਸਿਕ ਗੁਲਾਮੀ ਤੋਂ ਵੱਧ ਕੀ ਹੈ?

ਜਦ ਕਿਸੇ ਕੋਲ ਅਪਣਾ -- ਨਾ ਹੋਵੇ ਤਾਂ ਉਸ ਤੇ ਜ਼ਿਆਦਤੀਆਂ ਹੁੰਦੀਆਂ ਹੀ ਹਨ, ਸਿੱਖਾਂ ਤੇ ਵੀ ਸ਼ੁਰੂ ਤੋਂ ਹੀ ਹੁੰਦੀਆਂ ਰਹੀਆਂ ਹਨ, ਪਰ ਨਾਂ ਕਿਸੇ ਸਿੱਖ ਨੇ ਅਪਣਾ ਰਾਹ ਛੱਡਿਆ, ਨਾ ਮੁਆਫੀਆਂ ਮੰਗੀਆਂ। ਫਿਰ ਅੱਜ ਇਹ ਗੁਲਾਮੀ ਬਾਬਾ ਨਾਨਕ ਦੇ ਚਿਤਵੇ ਸਿੱਖ ਦੀ ਮਾਨਸਿਕਤਾ ਵਿੱਚ ਕਿੱਥੋਂ ਆ ਗਈ? ਉਠੋ ਹੰਭਲਾ ਮਾਰੋ, ਇਨ੍ਹਾਂ ਸ਼ੇਰ ਦੀ ਖੱਲ ਵਾਲੇ ਗਧਿਆਂ ਨੂੰ, ਜਿਨ੍ਹਾਂ ਨੂੰ ਸਿਰ ਤੇ ਬਿਠਾਇਆ ਹੋਇਆ ਹੈ, ਗਲੋਂ ਲਾਹ ਦੇਵੋ। ਗਿਣਤੀ ਦੇ ਚੱਕਰ ਵਿੱਚ ਨਾ ਪਵੋ, ਸ਼ੇਰਾਂ ਦੀ ਗਿਣਤੀ ਥੋੜ੍ਹੀ ਹੀ ਹੁੰਦੀ ਹੈ। ਇਹ ਵੀ ਯਾਦ ਰੱਖਣ ਦੀ ਗੱਲ ਹੈ ਕਿ ਸ਼ੇਰਾਂ ਦਾ ਦਬਦਬਾ ਤਦ ਤੱਕ ਹੀ ਹੁੰਦਾ ਹੈ, ਜਦ ਤੱਕ ਉਹ ਆਪਸ ਵਿੱਚ ਪਾਟੇ ਹੋਏ ਨਾ ਹੋਣ। 

ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਵਿਚਾਰਨ ਦੀਆਂ ਹਨ, ਜਿਨ੍ਹਾਂ ਨੂੰ ਮੈਂ ਵਸੋਂ ਦਾ ੧ % ਤੋਂ ਵੀ ਘੱਟ ਮੰਨਦਾ ਹਾਂ। ਅਸਲੀਅਤ ਇਹ ਹੈ ਕਿ ਇਨ੍ਹਾਂ ਵਿੱਚ ਵੀ ੮੦ % ਤੋਂ ਵੱਧ ਇਸ ਸੋਚਣੀ ਦੇ ਹਨ ਕਿ ਜੇ ਸਿੱਖੀ ਦਾ ਕੁੱਝ ਭਲਾ ਹੁੰਦਾ ਹੈ ਤਾਂ ਉਸ ਦਾ ਸਿਹਰਾ ਮੇਰੇ ਸਿਰ ਬੱਝੇ, ਜੇ ਇਹ ਸੇਹਰਾ ਮੇਰੇ ਸਿਰ ਨਹੀਂ ਬੱਝਦਾ ਤਾਂ ਅਜਿਹੇ ਭਲੇ ਦਾ ਮੈਨੂੰ ਕੀ ਲਾਭ? ਅਜਿਹੀ ਹਾਲਤ ਵਿੱਚ ਕੀ ਹੋ ਸਕਦਾ ਹੈ? ਸਿਰ ਜੋੜ ਕੇ ਸੋਚੋ। ਜੇ ਆਜ਼ਾਦੀ ਨਾ ਰਹੀ ਤਾਂ ਤੁਹਾਡੇ ਕੋਲ ਪੈਸਾ ਵੀ ਕਿਸੇ ਨਹੀਂ ਛੱਡਣਾ। ਤੁਹਾਡੇ ਗੁਰਦਵਾਰਿਆਂ ਤੇ ਲੱਗਾ ਸੋਨਾ, ਬੈਂਕ ਵਿੱਚ ਪਈਆਂ ਐਫ ਡੀਆਂ ਵੀ ਕਿਸੇ ਨਹੀਂ ਛੱਡਣੀਆਂ। ਪੰਥ ਦੇ ਦਸਵੰਧ ਦਾ ਪੈਸਾ ਪੰਥ ਭਲਾਈ ਲਈ ਹੈ, ਉਸ ਤੇ ਹੀ ਲਗਣਾ ਯਕੀਨੀ ਬਣਾਉ। ਇਸ ਸੋਚ ਲਈ ਮਾਨਸਿਕ ਗੁਲਾਮੀ ਦੂਰ ਕਰਨੀ ਹੀ ਪਵੇਗੀ, ਨਹੀਂ ਤਾਂ ਹਜ਼ਾਰਾਂ ਸਾਲਾਂ ਦੀ ਗੁਲਾਮੀ, ਤੁਹਾਡੀ ਕਿਸਮਤ ਵਿੱਚ ਲਿਖਣ ਤੋਂ ਕੋਈ ਨਹੀਂ ਰੋਕ ਸਕਦਾ। 

ਅਮਰ ਜੀਤ ਸਿੰਘ ਚੰਦੀ 
ਫੋਨ: ੯੧ ੯੭੫੬੨ ੬੪੬੨੧.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top