Main News Page

   

ਬਚਿੱਤਰ ਨਾਟਕ ਬਨਾਮ ਬਚਿੱਤਰ ਨਾਟਕੀਆ

ਕਿਰਪਾਲ ਸਿੰਘ ਬਠਿੰਡਾ

  ਬਚਿੱਤਰ ਨਾਟਕ ਸਿੱਖਾਂ ਦੇ ਗਲ਼ ਪਿਆ ਇਕ ਅਜੀਬ ਕਿਸਮ ਦਾ ਨਾਟਕ ਹੈ, ਜਿਸ ਦੇ ਲਿਖਾਰੀ ਨੇ ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਰੱਜ ਕੇ ਤੌਹੀਨ ਕੀਤੀ ਹੈ ਅਤੇ ਗੁਰਮਤਿ ਸਿਧਾਂਤਾਂ ਦੀਆਂ ਧੱਜ਼ੀਆਂ ਉਡਾਈਆਂ ਹਨ ਪਰ ਉਸ ਲਿਖਾਰੀ ਦਾ ਇਹ ਕਮਾਲ ਹੀ ਹੈ ਕਿ ਇਸ ਦੇ ਬਾਵਜੂਦ ਉਸ ਨੇ ਇਸ ਅਜੀਬ ਨਾਟਕ ‘ਚ ਸਿੱਖਾਂ ਦੀ ਇੱਥੋਂ ਤੱਕ ਸ਼ਰਧਾ ਕਾਇਮ ਰੱਖੀ ਹੈ ਕਿ ਜੇ ਕੋਈ ਵਿਦਵਾਨ ਇਸ ਦੀ ਰਚਨਾਂ ਦੀ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਨਾਲ ਤੁਲਨਾ ਕਰਕੇ ਇਹ ਸਮਝਾਉਣ ਦਾ ਯਤਨ ਕਰੇ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ, ਸਿੱਖ ਵਿਰੋਧੀ ਕਿਸੇ ਸਾਕਤ ਮਤੀਏ ਦੀ ਰਚਨਾ ਹੈ, ਜਿਸ ਵਿਚ ਲੱਚਰਪੁਣੇ ਤੋਂ ਇਲਾਵਾ ਗੁਰਮਤਿ ਸਧਾਂਤਾਂ ਦੇ ਉਲਟ ਜਿਵੇ ਕਿ ਨਸ਼ਿਆਂ ਦੀ ਵਰਤੋਂ, ਕੇਸ ਕਤਲ ਕਰਨ, ਪਤੀ ਪਤਨੀ ਦੇ ਪਵਿਤਰ ਮੰਨੇ ਗਏ ਸਮਾਜਿਕ ਰਿਸ਼ਤਿਆਂ ’ਚ ਵਿਸਾਹ ਘਾਤ ਕਰਕੇ ਸਭ ਤੋਂ ਨਜਦੀਕ ਮੰਨੇ ਗਏ ਜੀਵਨ ਸਾਥੀ ਦਾ ਕਤਲ ਕਰਨਾ ਅਤੇ ਸਿੱਖਾਂ ਨੂੰ ਦਸਤਾਰ ਬਖਸ ਕੇ ਸਰਦਾਰੀਆਂ ਬਖਸਣ ਵਾਲੇ ਗੁਰੂ ਗੋਬਿੰਦ ਸਿੰਘ ਨੂੰ ਯਾਤਰੀਆਂ ਦੀਆਂ ਪੱਗਾਂ ਲਾਉਣ ਵਾਲੇ ਵਿਖਾਇਆਂ ਗਿਆ ਹੈ ਇਸ ਲਈ ਇਸ ਨੂੰ ਗੁਰੂ ਸਾਹਿਬ ਦੀ ਰਚਨਾ ਦੱਸ ਕੇ ਉਨ੍ਹਾਂ ਦੀ ਪਾਵਨ ਸਖੀਅਤ ’ਤੇ ਧੱਬਾ ਨਾ ਲਾਉ। ਤਾਂ ਡੇਰੇਦਾਰਾਂ ਤੋਂ ਲੈ ਕੇ ਅਕਾਲ ਤਖਤ ਦੇ ਜਥੇਦਾਰ ਤੱਕ ਅਤੇ ਇਕ ਆਮ ਸਿੱਖ ਤੋਂ ਲੈ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੱਕ ੳਸ ਵਿਦਾਵਾਨ ਨੂੰ ਗੁਰੂ ਨਿੰਦਕ ਦੱਸ ਕੇ ਪੰਥ ‘ਚੋਂ ਛੇਕਣ ਤੱਕ ਚਲੇ ਜਾਂਦੇ ਹਨ ਅਤੇ ਉਸ ਦੇ ਹੱਕ ਦੇ ਵਿਚ ਬੋਲਣ ਵਾਲੇ ਨੂੰ ਪੰਥ ਦੋਖੀ ਦੱਸ ਕੇ ਪੰਥ ’ਚੋ ਛੇਕਣ ਦੇ ਡਰਾਵੇ ਦਿੰਦੇ ਹਨ। ਸਭ ਤੋ ਵੱਧ ਅਜੀਬ ਗੱਲ ਇਹ ਹੈ ਕਿ ਜਿਸ ਸੌਦਾ ਸੰਪਾਦਕ ਨੇ ਇਸ ਬਚਿੱਤਰ ਨਾਟਕ ਦਾ ਸਭ ਤੋਂ ਵੱਧ ਵਿਰੋਧ ਕੀਤਾ, ਉਹ ਖ਼ੁਦ ਹੁਣ ਇੱਕ ਬਚਿੱਤਰ ਨਾਟਕੀਏ ਦਾ ਰੂਪ ਧਾਰਨ ਕਰ ਚੁੱਕਾ ਹੈ।

 

ਜੇਕਰ ਜਨਵਰੀ 2001 ਜਦੋਂ ਇਸ ਨੇ ਇੱਕ ਮਾਸਕ ਪੱਤਰ ਅਰੰਭ ਕੀਤਾ ਸੀ ਤੋਂ ਲੈ ਕੇ ਦਸੰਬਰ 2005 ਤੱਕ ਜਦੋਂ ਇਹ ਇੱਕ ਰੋਜ਼ਾਨਾ ਅਖ਼ਬਾਰ ਦੇ ਰੂਪ ਵਿੱਚ ਸਾਹਮਣੇ ਆਇਆ, ਤੋਂ ਲੈ ਕੇ ਅੱਜ ਤੱਕ, ਇਸ ਵਿੱਚ ਛਪੇ ਲੇਖ, ਸੰਪਾਦਕੀ ਅਤੇ ਨਿਜੀ ਡਾਇਰੀ ਦੇ ਪੰਨੇ ਮੁੜ ਧਿਆਨ ਨਾਲ ਪੜ੍ਹੇ ਜਾਣ ਤਾਂ ਪਤਾ ਲੱਗਦਾ ਹੈ ਕਿ ਇਸ ਬਹੁਰੂਪੀਏ ਬਚਿੱਤਰ ਨਾਟਕੀਏ ਨੇ ਆਪਣੇ ਕਿਤਨੇ ਰੰਗ ਰੂਪ ਬਦਲੇ ਹਨ, ਜਿਸ ਵਿੱਚ ਸਿੱਖ ਧਰਮ ਦੀ ਹਰ ਮਹਾਨ ਸੰਸਥਾ ਇੱਥੋਂ ਤੱਕ ਕਿ 9 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਹੀ ਸ਼ੱਕੀ ਬਣਾ ਕੇ ਤਹਿਸ਼ ਨਹਿਸ਼ ਕਰਨ ਦਾ ਅਸਫ਼ਲ ਯਤਨ ਕੀਤਾ ਹੈ। ਇਸ ਦੇ ਬਾਵਜ਼ੂਦ ਆਪਣੇ ਪਾਠਕਾਂ ਨੂੰ ਇਸ ਕਦਰ ਸ਼ਰਧਾਲੂ ਬਣਾ ਲਿਆ ਹੈ ਕਿ ਉਹ ਇਸ ਨੂੰ ਧਰਮ ਦਾ ਮਸੀਹਾ ਸਮਝਣ ਲੱਗ ਪਏ ਹਨ ਅਤੇ ਇਹ ਕਹਿਣ ਤੱਕ ਚਲੇ ਜਾਂਦੇ ਹਨ ਕਿ ਸਪੋਕਸਮੈਨ ਪੜ੍ਹੇ ਬਿਨਾਂ ਉਨ੍ਹਾਂ ਦਾ ਨਿਤਨੇਮ ਪੂਰਾ ਨਹੀਂ ਹੁੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਧਰਮ ਵਿੱਚ ਪੁਜਾਰੀਆਂ ਰਾਹੀਂ ਦਾਖ਼ਲ ਕੀਤੇ ਬ੍ਰਾਹਮਣਵਾਦ ਅਤੇ ਕੁੜ ਕਬਾੜ ਨੂੰ ਸਿਰਫ਼ ਇਹ ਸੌਦਾ ਸੰਪਾਦਕ ਹੀ ਹੂੰਝ ਕੇ ਬਾਹਰ ਸੁੱਟਣ ਦੇ ਸਮਰਥ ਹਨ। ਜਿਹੜੇ ਇਸ ਹਰਮਨ ਪਿਆਰੇ ਅਖ਼ਬਾਰ ਤੇ ਇਸ ਦੇ ਸੌਦਾ ਸੰਪਾਦਕ ਦਾ ਵਿਰੋਧ ਕਰਦੇ ਹਨ, ਉਹ ਸਿੱਖ ਹੀ ਨਹੀਂ ਹਨ। ’’ ਇਸ ਬਚਿੱਤਰ ਨਾਟਕੀਏ ਸੌਦਾ ਸੰਪਾਦਕ ਦੇ ਗਿਰਗਟ ਵਾਂਗ ਬਦਲਦੇ ਰੰਗ ਵੇਖਣ ਲਈ ਆਉ ਇਸ ਦੇ ਪੁਰਾਣੇ ਕੁਝ ਲੇਖਾਂ ’ਤੇ ਪੰਛੀ ਝਾਤ ਮਾਰੀਏ। 


ਜਨਵਰੀ 1994 ਤੋਂ ਲੈ ਕੈ ਹੁਣ ਤੱਕ ਇਸ ਨੇ 100 ਤੋਂ ਵੱਧ ਵਾਰ ਦਾਅਵਾ ਕੀਤਾ ਹੈ ਕਿ ਪੰਥਕ ਅਖ਼ਬਾਰ ਚਾਲੂ ਕਰਨ ਲਈ ਆਪਣੀ ਕਰੋੜਾਂ ਰੁਪਏ ਦੀ ਸਾਰੀ ਜਾਇਦਾਦ ਇੱਕ ਟਰੱਸਟ ਰਾਹੀਂ ਕੌਮ ਦੇ ਹਵਾਲੇ ਕਰ ਦਿੱਤੀ ਹੈ। ਕਿਹੜੀ ਕੌਮ ਦੇ ਹਵਾਲੇ ਕੀਤੀ ਗਈ, ਇਹ ਤਾਂ 28 ਫਰਵਰੀ 2010 ਦੇ ਆਪਣੇ ਅਖ਼ਬਾਰ ਵਿੱਚ ਪੰਨਾ ਨੰ: 2 ’ਤੇ ਪ੍ਰਕਾਸ਼ਿਤ ਫਾਰਮ-4 ਵਿੱਚ ਦਿੱਤੀ ਗਈ ਜਾਣਕਾਰੀ ਹੈ, ਜਿਸ ਵਿੱਚ ਸਪੱਸ਼ਟ ਦੱਸਿਆ ਗਿਆ ਹੈ ਕਿ ਇਸ ਅਖ਼ਬਾਰ ਦੇ ਮਾਲਕ-ਮਾਲਕਣ ਸਿਰਫ਼ ਪਤੀ-ਪਤਨੀ ਆਪ ਹੀ ਹਨ। ਇਸ ਤੋਂ ਇਲਾਵਾ ਸਾਰੀ ਜਾਇਦਾਦ ਦਾਨ ਕਰਨ ਦਾ ਪਰਦਾਫਾਸ਼ ਵੀ ਨਾਲੋਂ ਨਾਲ ਆਪ ਹੀ ਕਰਦੇ ਰਹੇ ਹਨ। ਜਿਵੇਂ ਕਿ ਸਤੰਬਰ 1995 ਮਾਸਕ ਅੰਕ ਵਿੱਚ ਪੰਨਾ ਨੰ: 9 ’ਤੇ ਸਪਤਾਹਿਕ ਤੇ ਰੋਜ਼ਾਨਾ ਅਖ਼ਬਾਰ ਬਣਾਉਣ ਲਈ ਸਪੋਕਸਮੈਨ ਟਰੱਸਟ ਦੀ ਕਾਇਮੀ ਦਾ ਐਲਾਨ ਕੀਤਾ ਗਿਆ, ਜਿਸ ਦੇ ਪਹਿਲੇ 5 ਟਰੱਸਟੀ ਸਨ 1. ਕੁਲਦੀਪ ਸਿੰਘ 2. ਗੁਰਤੇਜ ਸਿੰਘ 3. ਸਰਦਾਰਨੀ ਜਗਜੀਤ ਕੌਰ ਪਤਨੀ ਸ: ਜੋਗਿੰਦਰ ਸਿੰਘ 4. ਕਾਬਲ ਸਿੰਘ ਜਰਮਨੀ 5. ਸਰਦਾਰਨੀ ਜਗਦੀਪ ਕੌਰ। ਇਸ ਟਰੱਸਟ ਲਈ ਇੱਕ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਿੱਖ ਲੀਡਰ (ਸ: ਪ੍ਰਕਾਸ਼ ਸਿੰਘ ਬਾਦਲ, ਸ: ਗੁਰਚਰਨ ਸਿੰਘ ਟੌਹੜਾ, ਸ: ਸਿਮਰਨਜੀਤ ਸਿੰਘ ਮਾਨ), ਸਿੱਖ ਸੰਸਥਾਵਾਂ (ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ)। ਸਿੱਖ ਵਿਦਵਾਨਾਂ, ਸਿੱਖ ਅਫ਼ਸਰਾਂ, ਜੱਜਾਂ ਅਤੇ ਵਕੀਲਾਂ ਆਦਿ ਦੇ ਪ੍ਰਤੀਨਿਧ ਵੀ ਲਏ ਜਾਣਗੇ।

 

ਜਨਵਰੀ 1996 ਦੇ ਅੰਕ ਦੀ ਸੰਪਾਦਕੀ ਵਿੱਚ ਮਹੱਤਵਪੂਰਨ ਐਲਾਨ ਕੀਤਾ ਗਿਆ : ਸਪੋਕਸਮੈਨ ਨੂੰ ਸਪਤਾਹਿਕ ਅਤੇ ਰੋਜ਼ਾਨਾ ਪਰਚੇ ਦਾ ਰੂਪ ਦੇਣ ਲਈ ਟਰੱਸਟ ਵੀ ਕਾਇਮ ਕਰ ਦਿੱਤਾ ਗਿਆ ਹੈ, ਕਾਨੂੰਨੀ ਕਾਰਵਾਈ ਮੁਕੰਮਲ ਹੋਣ ਮਗਰੋਂ ਸ਼ਾਇਦ ਅਗਲੇ ਮਹੀਨੇ ਤੋਂ ਇਹ ਆਪਣਾ ਕੰਮ ਕਰਨਾ ਵੀ ਸ਼ੁਰੂ ਕਰ ਦੇਵੇਗਾ। ਜੂਨ ’96 ਦੇ ਮਾਸਕ ਅੰਕ ਵਿੱਚ ਇਸ ਦੀ ਪਤਨੀ ਦਾ ਪੰਨਾ ਨੰ: 28 ’ਤੇ ਲੇਖ ਛਪਿਆ ਹੈ, ਜਿਸ ਵਿੱਚ ਉਨ੍ਹਾਂ ਜ਼ਿਕਰ ਕੀਤਾ : ਕੰਪਨੀ ਦਾ ਲਾਭ ਪਹਿਲਾਂ ਹੀ ਸਪੋਕਸਮੈਨ ਦੇ ਖਾਤੇ ਵਿੱਚ ਜਾ ਰਿਹਾ ਹੈ, ਹੁਣ ਕੰਪਨੀ ਦੀ ਸਾਰੀ ਜਾਇਦਾਦ (ਜੋ ਹੁਣ ਕਈ ਕਰੋੜ ਦੀ ਹੈ) ਇੱਕ ਟਰੱਸਟ ਰਾਹੀਂ ਕੌਮ ਦੇ ਹਵਾਲੇ ਕਰ ਦਿੱਤੀ ਹੈ। ਇਸ ਦਾ ਭਾਂਡਾ ਇਸ ਨੇ ਖ਼ੁਦ ਹੀ ਚੌਰਾਹੇ ਵਿੱਚ ਭੰਨ ਦਿੱਤਾ ਜਦੋਂ ਜਨਵਰੀ ’97 ਵਿੱਚ ਉਸ ਦਾ ਇੰਟਰਵਿਊ ਛਪਿਆ, ਜਿਸ ਵਿੱਚ ਇੱਕ ਪ੍ਰਸ਼ਨ ਦਾ ਉਤਰ ਦਿੰਦਿਆਂ ਸਪੱਸ਼ਟ ਲਿਖਿਆ ਹੈ, ‘‘ਕਾਨੂੰਨੀ ਸਥਿੱਤੀ ਇਹ ਹੈ ਕਿ ਜਿਸ ਦਿਨ ਕੰਪਨੀ (ਜੇ.ਪੀ.ਸੀ. ਲਿਮਟਿਡ) ਟਰੱਸਟ ਦੀ ਮਾਲਕੀ ਹੇਠ ਚਲੀ ਗਈ, ਉਸ ਦਿਨ ਤੋਂ ਇਹ ਮੁਨਾਫ਼ੇ ਵਾਲਾ ਕੰਮ ਅਰਥਾਤ ਬਜ਼ਾਰ ਦੀ ਛਪਾਈ ਵਾਲਾ ਕੰਮ ਨਹੀਂ ਕਰ ਸਕੇਗੀ। ਹੁਣ ਛਪਾਈ ਦਾ ਬਾਹਰ ਦਾ ਕੰਮ ਕਰਕੇ ਕੰਪਨੀ ਹਰ ਮਹੀਨੇ ਸਪੋਕਸਮੈਨ ਨੂੰ ਲੱਖ ਡੇਢ ਲੱਖ ਰੁਪਈਆ ਦੇ ਦਿੰਦੀ ਹੈ। ਸਾਡੀ ਬੜੀ ਕੋਸ਼ਿਸ ਹੈ ਕਿ ਟਰੱਸਟ ਨੂੰ ਕੰਪਨੀ ਦੀ ਕਮਾਈ ਦੀ ਲੋੜ ਨਾ ਰਹੇ ਤਾਂ ਕਿ ਕੰਪਨੀ ਅਤੇ ਹੋਰ ਸਾਰਾ ਕੁਝ ਰਸਮੀ ਤੌਰ ’ਤੇ ਟਰੱਸਟ ਦੇ ਹਵਾਲੇ ਕੀਤਾ ਜਾ ਸਕੇ। ਉਂਝ ਹੁਣ ਵੀ ਕੰਪਨੀ ਦੀ ਕਮਾਈ ਕਿਸੇ ਪ੍ਰਬੰਧਕ ਨੂੰ ਨਹੀਂ ਮਿਲਦੀ ਕੇਵਲ ਸਪੋਕਸਮੈਨ ਨੂੰ ਮਿਲਦੀ ਹੈ ਜਾਂ ਕੰਪਨੀ ਦੀਆਂ ਦੇਣਦਾਰੀਆਂ ਦੀ ਅਦਾਇਗੀ ਲਈ ਵਰਤੀ ਜਾਂਦੀ ਹੈ। ਸਪਤਾਇਕ ਪਰਚੇ ਲਈ ਲੋੜੀਂਦੀ 2 ਕਰੋੜ ਦੀ ਰਕਮ ਇਕੱਤਰ ਹੋਣ ਮਗਰੋਂ ਕੰਪਨੀ ਨੂੰ ਬਾਹਰ ਦਾ ਕੰਮ ਕਰਨ ਦੀ ਲੋੜ ਨਹੀਂ ਰਹਿ ਜਾਵੇਗੀ ਤੇ ਇਹ ਬਕਾਇਦਾ ਟਰੱਸਟ ਦੇ ਹਵਾਲੇ ਕਰ ਦਿੱਤੀ ਜਾਵੇਗੀ। ਦਸੰਬਰ ’96 ਅੰਕ ਵਿੱਚ ਪੰਨਾ ਨੰ: 3-4 ’ਤੇ ਸਿੱਖ ਪ੍ਰੈਸ ਦੇ ਇਸ਼ਤਿਹਾਰ ਸਿਰਲੇਖ ਹੋਰ ਸਪੱਸ਼ਟ ਲਿਖਿਆ ਹੈ ਕਿ ਟਰੱਸਟ ਕਾਇਮ ਕਰ ਦਿੱਤਾ ਹੈ ਅਤੇ ਮਜ਼ਬੂਤ ਸਿੱਖ ਪ੍ਰੈਸ ਦੀ ਕਾਇਮੀ ਲਈ ਆਪਣੀ ਸਾਰੀ ਜਾਇਦਾਦ (ਜੇ.ਪੀ.ਜੀ. ਲਿਮਟਿਡ) ਸਮੇਤ ਟਰੱਸਟ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ। ਅਗੱਸਤ ’97 ਅੰਕ ਦੇ ਆਖਰੀ ਪੰਨੇ ’ਤੇ ਸਪੋਕਸਮੈਨ ਵੀਕਲੀ ਵਲੋਂ ਇਸ਼ਤਿਹਾਰ ਦਿੱਤਾ ਗਿਆ, ਜਿਸ ਵਿੱਚ ਲਿਖਿਆ ਹੈ : ਰੋਜਾਨਾ ਸਪੋਕਸਮੈਨ ਦਾ ਮਾਲਕ ਸਪੋਕਸਮੈਨ ਟਰੱਸਟ ਹੋਵੇਗਾ, ਜਿਸ ਵਿੱਚ ਗ਼ੈਰ ਸਿਆਸੀ, ਉਘੇ ਤੇ ਨਿਸ਼ਕਾਮ ਟਰੱਸਟੀ ਲਏ ਜਾਣਗੇ। 


ਟਿੱਪਣੀ : ਹੁਣ ਇਹ ਕੌਣ ਦੱਸੇਗਾ ਕਿ ਸਤੰਬਰ ’95 ਵਿੱਚ ਐਲਾਨੇ ਸਪੋਕਸਮੈਨ ਟਰੱਸਟ ਅਤੇ ਟਰੱਸਟੀਆਂ ਦਾ ਕੀ ਬਣਿਆ? ਉਸ ਤੋਂ ਬਾਅਦ ਜਨਵਰੀ ’96, ਜੂਨ 96, ਦਸੰਬਰ ’96, ਜਨਵਰੀ ’97 ਵਿੱਚ ਟਰੱਸਟ ਕਾਇਮ ਕਰ ਦਿੱਤਾ ਗਿਆ ਹੈ, ਸਾਰੀ ਜਾਇਦਾਦ ਟਰੱਸਟ ਦੇ ਹਵਾਲੇ ਕਰ ਦਿੱਤੀ ਗਈ ਹੈ, ਆਦਿ ਨਿਰੋਲ ਝੂਠ ਨਹੀਂ ਲਿਖਿਆ ਗਿਆ ਜਦੋਂ ਕਿ ਟਰੱਸਟ ਡੀਡ ਅਨੁਸਾਰ ਟਰੱਸਟ ਨਵੰਬਰ ’97 ਵਿੱਚ ਕਾਇਮ ਕੀਤਾ ਗਿਆ ਹੈ, ਜਿਸ ਵਿੱਚ ਸਪੱਸ਼ਟ ਲਿਖਿਆ ਹੈ ਕਿ ਟਰੱਸਟ ਨੂੰ ਸਿਰਫ਼ 501 ਰੁਪਏ ਹੀ ਦਿੱਤੇ ਗਏ ਹਨ। ਮੋਢੀ ਮੈਂਬਰ (ਭਾਵ ਦੋਨੋਂ ਮੀਆਂ ਬੀਵੀ ਜਾਂ ਦੋਹਾਂ ਵਿੱਚੋਂ ਕੋਈ ਇੱਕ) ਬਾਕੀ ਸੱਤ ਟਰੱਸਟੀਆਂ ਨੂੰ ਜਦੋਂ ਚਾਹੁਣ ਰੱਖ ਸਕਦੇ ਹਨ ਤੇ ਕੱਢ ਸਕਦੇ ਹਨ। ਬਾਕੀ 7 ਟਰੱਸਟੀਆਂ ਦੇ ਫੈਸਲੇ ਨੂੰ ਰੱਦ ਕਰ ਸਕਦੇ ਹਨ ਜਦੋਂ ਕਿ ਦੋਹਾਂ ਪਤੀ-ਪਤਨੀ (ਮੋਢੀ ਮੈਂਬਰਾਂ) ਦੇ ਫੈਸਲੇ ਨੂੰ ਬਾਕੀ ਸੱਤ ਮੈਂਬਰ ਸਰਬਸੰਮਤੀ ਨਾਲ ਵੀ ਰੱਦ ਨਹੀਂ ਕਰ ਸਕਦੇ। ਬਾਕੀ 7 ਮੈਂਬਰ ਨਿਯੁਕਤ ਕਰਨ ਦੇ ਅਧਿਕਾਰ ਦੋਹਾਂ ਮੋਢੀ ਮੈਂਬਰਾਂ (ਪਤੀ-ਪਤਨੀ) ਕੋਲ ਹੀ ਹੋਣਗੇ ਤੇ ਬਾਕੀ 7 ਮੈਂਬਰਾਂ ਦੀ ਮੁਨਿਆਦ ਕੇਵਲ ਦੋ ਸਾਲ ਲਈ ਹੋਵੇਗੀ ਜਾਂ ਜਿੰਨੇ ਸਮੇਂ ਲਈ ਦੋਵੇਂ ਪਤੀ-ਪਤਨੀ ਚਾਹੁਣਗੇ। ਸਾਰੀ ਡੀਡ ਵਿੱਚ ਪੰਥ ਜਾਂ ਸਿੱਖ ਕੌਮ ਦਾ ਨਾਮ ਤੱਕ ਨਹੀਂ ਵਰਤਿਆ ਗਿਆ ਅਤੇ ਨਾ ਹੀ ਕਿਧਰੇ ਸਲਾਹਕਾਰ ਬੋਰਡ ਦਾ ਭੋਗ ਪਾਇਆ ਗਿਆ ਹੈ। ਫਿਰ ਮਰਨ ਲੱਗਿਆਂ ਭਾਵੇਂ ਆਪਣੀਆਂ ਧੀਆਂ-ਜੁਆਈਆਂ ਨੂੰ ਫਾਊਂਡਰ ਟਰੱਸਟੀ ਬਣਾ ਦੇਣ, ਕਾਨੂੰਨੀ ਤੌਰ ’ਤੇ ਕੋਈ ਵਿਰੋਧ ਨਹੀਂ ਹੋ ਸਕੇਗਾ। 


ਖ਼ੈਰ ਇੱਥੋਂ ਹੁਣ ਮੇਰੇ ਸਮੇਤ ਇਸ ਦੇ ਬਹੁਤੇ ਸਮਰਥਕਾਂ ਨੂੰ ਕੋਈ ਇਤਰਾਜ ਨਹੀਂ ਸੀ ਕਿ ਕੌਮ ਅਤੇ ਪੰਥ ਦੇ ਨਾਮ ’ਤੇ ਅਨੇਕਾਂ ਡੇਰੇਦਾਰ ਕਰੋੜਾਂ ਰੁਪਏ ਦੀ ਸੰਪਤੀ ਬਣਾਈ ਬੈਠੇ ਹਨ, ਜੇ ਸੌਦਾ ਸੰਪਾਦਕ ਵੀ ਕੋਈ ਨਿਜੀ ਜਾਇਦਾਦ ਬਣਾ ਲੈਂਦਾ ਹੈ ਤਾਂ ਕੋਈ ਹਰਜ ਨਹੀਂ ਬਸ਼ਰਤੇ ਕਿ ਅਜ਼ਾਦ ਪੰਥਕ ਮੀਡੀਆ ਕਾਇਮ ਕਰਕੇ ਸਿੱਖ ਧਰਮ ’ਤੇ ਚੜ੍ਹੀ ਬਿਪਰਵਾਦੀ ਅਮਰਵੇਲ ਨੂੰ ਲਾਹ ਸੁੱਟਣ ਵਿੱਚ ਕਾਮਯਾਬ ਹੋ ਜਾਵੇ। 


ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਸਬੰਧੀ ਇਸ ਦੇ ਬਦਲਵੇਂ ਰੂਪ ਵੇਖੋ : ਜਨਵਰੀ 1994 ਦੇ ਅੰਕ ਵਿੱਚ ਲਿਖਿਆ : ਸਪੋਕਸਮੈਨ ਦਾ ਸਲਾਨਾ ਮੈਂਬਰ ਬਣ ਕੇ ਤੁਸੀਂ ਚਾਰ ਰੰਗੀਨ ਤਸਵੀਰਾਂ ਵਾਲਾ ਸੁੰਦਰ ਕੈਲੰਡਰ ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦੇ ਹੋ। (ਇਸ ਕੈਲੰਡਰ ਤੇ ਇੱਕ ਤਸਵੀਰ ਵਿੱਚ ਦਸਵੇਂ ਪਾਤਸ਼ਾਹ ਬਾਟੇ ਵਿੱਚ ਖੰਡਾ ਫੇਰ ਰਹੇ ਸਨ, ਮਾਤਾ ਸਾਹਿਬ ਕੌਰ ਜੀ ਪਤਾਸੇ ਪਾ ਰਹੇ ਹਨ। ਇਹ ਤਸਵੀਰ ਪਿੱਛਲੇ ਸਾਲ ਤੱਕ ਇਸ ਦੇ ਡਰਾਇੰਗ ਰੂਮ ਵਿੱਚ ਲੱਗੀ ਹੋਈ ਸੀ ਅਤੇ ਸ਼ਾਇਦ ਹੁਣ ਵੀ ਲੱਗੀ ਹੋਈ ਹੋਵੇ, ਪਰ ਇਸ ਦੇ ਬਾਵਜ਼ੂਦ ਹੁਣ ਇਹ ਅੰਮ੍ਰਿਤ ਛਕਾਉਣ ਨੂੰ ਇੱਕ ਬ੍ਰਾਹਮਣੀ ਰੀਤ ਦੱਸ ਰਹੇ ਹਨ)


ਅਕਾਲ ਤਖਤ, ਜਥੇਦਾਰ ਅਤੇ ਹੁਕਮਨਾਮਿਆਂ ਸਬੰਧੀ : ਅਕਤੂਬਰ 1994 ਦੀ ਸੰਪਾਦਕੀ ਵਿੱਚ ਸੌਦਾ ਸੰਪਾਦਕ ਨੇ ਆਪ ਹੀ ਪ੍ਰਸ਼ਨ ਪੁੱਛਿਆ ‘‘ਕੀ ਕੋਈ ਅਜਿਹੀ ਸੰਸਥਾ ਸਿੱਖਾਂ ਕੋਲ ਹੈ, ਜੋ ਪੰਥ ਦੀ ਚੜ੍ਹਦੀ ਕਲਾ ਦਾ ਕਾਰਨ ਵੀ ਬਣ ਸਕਦੀ ਹੋਵੇ ਤੇ ਜਿਸ ਨੂੰ ਕੇਂਦਰ ਦੀਆਂ ਚਾਲਾਂ ਤੋਂ ਬਚਾਇਆ ਜਾ ਸਕਦਾ ਹੋਵੇ?’’ ਆਪ ਹੀ ਇਸ ਪ੍ਰਸ਼ਨ ਦਾ ਉਤਰ ਦਿੱਤਾ ਹੈ ‘‘ਸਾਡਾ ਜਵਾਬ ਹੈ ਕਿ ਹਾਂ, ਅਜਿਹੀ ਸੰਸਥਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਸਿੱਖਾਂ ਨੂੰ ਦਿੱਤੀ ਹੈ। ਬਸ ਗਲਤੀ ਇਹ ਹੋਈ ਹੈ ਕਿ ਅਸੀਂ ਇਸ ਨੂੰ ਤਖਤ ਨਹੀਂ ਸਮਝਿਆ ਤੇ ਸਾਧਾਰਣ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਹੈ। ਅਕਾਲ ਤਖਤ ਗੁਰਦੁਆਰਾ ਨਹੀਂ ਗੁਰੂ ਨੇ ਤਖਤ ਬਣਾ ਕੇ ਪੰਥ ਨੂੰ ਦਿੱਤਾ ਸੀ।’’ ਮਈ 1996 ਅੰਕ ਵਿੱਚ ‘ਸਪੋਕਸਮੈਨ ਬਿਊਰੋ’ ‘ਵਾਦ-ਵਿਵਾਦ ਵਾਲੇ ਪ੍ਰਸ਼ਨਾਂ ਦੇ ਹੱਲ’ ਦੀ ਦੂਜੀ ਕਿਸ਼ਤ ਵਿੱਚ ਲਿਖਦਾ ਹੈ ਕਿ ‘ਹਰ ਝਗੜੇ ਵਾਲੇ ਪ੍ਰਸ਼ਨ ਬਾਰੇ ਅੰਤਮ ਨਿਰਣਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾ ਦਿੱਤਾ ਜਾਏ, ਜਿਸ ਨੂੰ ਮੰਨਣਾ ਸਾਰੇ ਪੰਥ ਲਈ ਲਾਜਮੀ ਹੋਵੇ।’’

 

ਜਨਵਰੀ 1997 ਅੰਕ ਦੀਆਂ ਟਿੱਪਣੀਆਂ ਵਿੱਚ ਭਾਈ ਰਣਜੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਜਪੋਸ਼ੀ ਦੀ ਖ਼ਬਰ ਛਾਪੀ ਗਈ ਤੇ ਉਨ੍ਹਾਂ ਦੀ ਜਥੇਦਾਰੀ ਵਿੱਚ ਪੂਰਾ ਭਰੋਸਾ ਪ੍ਰਗਟਾਇਆ ਗਿਆ ਹੈ। ਜੁਲਾਈ 1997 ਦੀਆਂ ਟਿੱਪਣੀਆਂ ਵਿੱਚ ‘‘ਅਕਾਲ ਤਖਤ ਦੇ ਨਿਰਣਿਆਂ ਦਾ ਸਤਿਕਾਰ ਕਿਵੇਂ ਕਰੀਏ?’’ ਸਿਰਲੇਖ ਹੇਠ ਲਿਖਿਆ ਹੈ : ‘‘ ਜਿਨ੍ਹਾਂ ਸਿਆਸਤਦਾਨਾਂ ਨੂੰ ਅਕਾਲ ਤਖਤ ਦੇ ਹੁਕਮ ਸਦਕਾ ਕੁਝ ਛੱਡਣਾ ਜਾਂ ਤਿਆਗਣਾ ਪੈਂਦਾ ਹੈ, ਉਹ ਝੱਟ ਐਲਾਨ ਕਰ ਦਿੰਦੇ ਹਨ ਕਿ ਅਕਾਲ ਤਖਤ ਨੂੰ ਤਾਂ ਮੈਂ ਸੁਪ੍ਰੀਮ ਮੰਨਦਾ ਹਾਂ ਪਰ ਮੌਜ਼ੂਦਾ ਜਥੇਦਾਰ ਕਿਉਂਕਿ ਠੀਕ ਬੰਦਾ ਨਹੀਂ ਇਸ ਲਈ ਉਸ ਦਾ ਹੁਕਮ ਮੈਨੂੰ ਪ੍ਰਵਾਨ ਨਹੀਂ। ਅੱਗੇ ਲਿਖਦੇ ਹਨ : ਅਜਿਹਾ ਢੁੱਚਰ ਡਾਹਣ ਵਾਲਿਆਂ ਨੂੰ ਕੋਈ ਪੁੱਛੇ ਕਿ, ਕੀ ਅਦਾਲਤਾਂ ਦੇ ਸਾਰੇ ਜੱਜ ਤੁਹਾਡੀ ਨਜ਼ਰ ਵਿੱਚ ਅਰਸ਼ੋਂ ਉਤਰੇ ਬੰਦੇ ਹੁੰਦੇ ਹਨ ਕਿ ਤੁਸੀਂ ਹਰ ਅਦਾਲਤੀ ਹੁਕਮ ਮੰਨਦੇ ਹੋ? ਜਦੋਂ ਤੁਹਾਨੂੰ ਪਤਾ ਹੈ ਕਿ ਜੱਜ ਦੂਜੀ ਧਿਰ ਨਾਲ ਮਿਲਿਆ ਹੋਇਆ ਹੈ ਜਾਂ ਰਿਸ਼ਵਤਖ਼ੋਰ ਹੈ ਜਾਂ ਤੁਹਾਡੇ ਨਾਲ ਜਾਤੀ ਦੁਸ਼ਮਣੀ ਰੱਖਦਾ ਹੈ ਤਾਂ ਵੀ ਤੁਸੀਂ ਬੜੀ ਹਲੀਮੀ ਨਾਲ ਅਤੇ ਬੜੀ ਸਲੀਕੇ ਵਾਲੀ ਭਾਸ਼ਾ ਵਿੱਚ ਉਸ ਨੂੰ ਬੇਨਤੀ ਕਰਦੇ ਹੋ ਪਰ ਉਸ ਵਿਰੁਧ ਕੋਈ ਮਾੜਾ ਸ਼ਬਦ ਨਹੀਂ ਵਰਤ ਸਕਦੇ ਵਰਨਾ ਹੱਤਕ ਅਦਾਲਤ ਦੇ ਜ਼ੁਰਮ ਵਿੱਚ ਧਰ ਲਏ ਜਾਂਦੇ ਹਨ।

 

ਤਹਿਜੀਬ ਯਾਫ਼ਤਾ ਲੋਕ ਜਾਣਦੇ ਹਨ ਕਿ ਸੰਸਥਾਵਾਂ ਦੀ ਪ੍ਰਤਿਭਾ ਕਾਇਮ ਕਰਨ ਲਈ ਆਪਣੇ ਨਾਲ ਹੋਈਆਂ ਜਿਆਦਤੀਆਂ ਨੂੰ ਵੀ ਜਰਨਾ ਪੈਂਦਾ ਹੈ ਜਾਂ ਬੜੇ ਢੰਗ ਅਤੇ ਸਲੀਕੇ ਨਾਲ ਰੋਸ ਪ੍ਰਗਟ ਕੀਤਾ ਜਾਂਦਾ ਹੈ। ਜੱਜ ਵੀ ਬੜੇ ਗਲਤ ਫੈਸਲੇ ਕਰਦੇ ਹਨ ਪਰ ਕਿਸੇ ਵਿਅਕਤੀ ਨੂੰ ਇਹ ਹੱਕ ਨਹੀਂ ਕਿ ਗਲਤ ਫੈਸਲਿਆਂ ਦੀ ਆੜ ਵਿੱਚ ਅਦਾਲਤ ਦਾ ਰੋਹਬ ਅਤੇ ਰੁਤਬਾ ਘਟਾਉਣ ਵਾਲੀ ਕੋਈ ਗੱਲ ਕਰ ਸਕੇ। ਅਕਾਲ ਤਖਤ ਸਿੱਖਾਂ ਦੀ ਸੁਪ੍ਰੀਮ ਕੋਰਟ ਹੈ, ਜਿਸ ਦੇ ਫੈਸਲਿਆਂ ਵਿਰੁਧ ਹੋਰ ਅਪੀਲ ਨਹੀਂ ਕੀਤੀ ਜਾ ਸਕਦੀ ਕੇਵਲ ਸਿਰ ਝੁਕਾ ਕੇ ਦੁਬਾਰਾ ਗੌਰ ਕਰਨ ਦੀ ਬੇਨਤੀ ਹੀ ਕੀਤੀ ਜਾ ਸਕਦੀ ਹੈ। ਜਿਹੜੇ ਲੀਡਰ, ਅਖ਼ਬਾਰਾਂ ਵਿੱਚ ਬਿਆਨ ਦੇਣ ਲੱਗ ਜਾਂਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਜਥੇਦਾਰ ਵਿਰੁਧ ਨਹੀਂ ਬੋਲ ਰਹੇ ਹੁੰਦੇ ਸਗੋਂ ਪਵਿੱਤਰ ਰਵਾਇਤ ਨੂੰ ਚੁਣੌਤੀ ਦੇ ਰਹੇ ਹੁੰਦੇ ਹਨ। ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮਨਾਮਾ, ਜਥੇਦਾਰ ਦਾ ਹੁਕਮਨਾਮਾ ਨਹੀਂ ਹੁੰਦਾ, ਸਮੁੱਚੇ ਪੰਥ ਦਾ ਅਤੇ ਗੁਰੂ ਦਾ ਹੁਕਮਨਾਮਾ ਹੁੰਦਾ ਹੈ। ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਅਧੀਨਗੀ ਸਹਿਤ, ਨਿਮਾਣੇ ਸਿੱਖ ਵਾਂਗ, ਮੁੜ ਅਕਾਲ ਤਖਤ ’ਤੇ ਜਾਏ ਤੇ ਆਪਣਾ ਪੱਖ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰੇ ਪਰ ਅਕਾਲ ਤਖਤ ਦਾ ਅੰਤਮ ਨਿਰਣਾ ਪ੍ਰਵਾਨ ਕਰਨ ਲਈ ਵੀ ਤਿਆਰ ਰਹੇ। 


ਅਕਾਲ ਤਖਤ ਸਬੰਧੀ ਬਦਲਿਆ ਹੋਇਆ ਰੂਪ : 28 ਜਨਵਰੀ 2007 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਲਿਖਿਆ ਹੈ : ਭਾਈ ਗੁਰਦਾਸ ਜੀ ਵਲੋਂ ਅਕਾਲ ਤਖਤ ਸਾਹਿਬ ਦਾ ਜਿਕਰ ਨਾ ਕੀਤੇ ਜਾਣ ਦਾ ਇੱਕ ਅਰਥ ਇਹ ਵੀ ਹੈ ਕਿ ਅਕਾਲ ਤਖਤ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਮਹੱਤਤਾ ਨਹੀਂ ਦਿੱਤੀ। ਬੱਸ ਇਹ ਦੀਵਾਨ ਸਜਾਉਣ ਲਈ ਇੱਕ ਥੜਾ (ਅੱਜ ਦੀ ਭਾਸ਼ਾ ਵਿੱਚ ਸਟੇਜ) ਮਾਤਰ ਸੀ, ਜਿਸ ਉਤੇ ਗੁਰੂ ਸਹਿਬ ਦੀਵਾਨ ਦੇ ਸਮੇਂ ਬੈਠਦੇ ਹੋਣਗੇ। ਜੇ ਅਕਾਲ ਤਖਤ ਸਾਹਿਬ ਦਾ ਕੋਈ ਮਹੱਤਵ ਗੁਰੂ ਹਰਗੋਬਿੰਦ ਸਾਹਿਬ ਲਈ ਹੁੰਦਾ ਤਾਂ ਉਹ ਅੰਮ੍ਰਿਤਸਰ ਨਾ ਛੱਡਦੇ। 


ਹੁਣ ਤਾਂ ਇਹ ਬਚਿੱਤਰ ਨਾਟਕੀਆ ਸੌਦਾ ਸੰਪਾਦਕ ਇਹ ਵੀ ਨਹੀਂ ਮੰਨਦਾ ਕਿ ਬਾਬੇ ਨਾਨਕ ਨੇ ਨਾਸਵੰਤ ਸਰੀਰ ਬਾਬਾ ਲਹਿਣਾ ਨੂੰ ਗੁਰਗੱਦੀ ਦਿੱਤੀ ਹੋਵੇ। ਭਾਈ ਗੁਰਬਖਸ਼ ਸਿੰਘ ਲੁਧਿਆਣੇ ਵਾਲੇ ਨੂੰ ਇਸ ਦਾ ਪ੍ਰਚਾਰ ਕਰਨ ਦਾ ਮੋਰਚਾ ਸੰਭਾਲਿਆ ਹੋਇਆ ਹੈ। ਫਿਰ ਜੇ ਪਿੱਛਲੇ 9 ਗੁਰੂ ਸਾਹਿਬ ਹੋਏ ਹੀ ਨਹੀਂ ਤਾਂ 6ਵੇਂ ਗੁਰੂ ਵਲੋਂ ਅਕਾਲ ਤਖਤ ਬਣਾਉਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। 


ਸਿੱਖ ਰਹਿਤ ਮਰਯਾਦਾ ਸਬੰਧੀ ਵੀਚਾਰ : ‘‘ਜਨਵਰੀ 1997 ਅੰਕ ਵਿੱਚ ਛਪੀ ਆਪਣੀ ਇੰਟਰਵਿਊ ਦੇ ਅਖੀਰ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ : ‘‘ਉਨ੍ਹਾਂ ਸਾਰੀਆਂ ਸਿੱਖ ਸੰਸਥਾਵਾਂ ਗੁਰਦੁਆਰਿਆਂ ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਅਸਤੀਫ਼ਾ ਦੇਣ ਲਈ ਕਹਿਣ, ਜਿਨ੍ਹਾਂ ਦੇ ਪ੍ਰਵਾਰ ਸਿੱਖ ਰਹਿਤ ਮਰਯਾਦਾ ਤੋਂ ਬਾਗੀ ਹਨ। ਪਰ ਹੁਣ ਇਹ ਸਿੱਖ ਰਹਿਤ ਮਰਯਾਦਾ ਨੂੰ ਬ੍ਰਾਹਮਣਵਾਦੀ ਜੰਜਾਲ ਦੱਸਦਾ ਹੈ, ਜਿਹੜੀ ਸਿੱਖਾਂ ਨੂੰ ਨਾਨਕ ਫਲਸਫੇ ਨਾਲੋਂ ਤੋੜ ਕੇ ਬਚਿੱਤਰ ਨਾਟਕ, ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਪੁਜਾਰੀਵਾਦ ਨਾਲ ਜੋੜਦੀ ਹੈ। 


ਗੁਰਬਾਣੀ ’ਚ ਤਬਦੀਲੀ ਸਬੰਧੀ ਵੀਚਾਰ : ਅਕਤੂਬਰ 1994 ਦੇ ਅੰਕ ਵਿੱਚ ਲਿਖ ਰਹੇ ਹਨ : ‘‘ਰਾਮ ਰਾਇ ਨੇ ਦਿੱਲੀ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ‘‘ਮਿਟੀ ਮੁਸਲਮਾਨ ਕੀ’’ ਨੂੰ ‘ਮਿਟੀ ਬੇਈਮਾਨ ਕੀ’ ਵਿੱਚ ਬਦਲ ਦਿੱਤਾ ਤਾਂ ਗੁਰੂ ਘਰ ਤੋਂ ਹਮੇਸ਼ਾਂ ਲਈ ਛੇਕਿਆ ਗਿਆ। ਉਂਝ ਉਹ ਕੋਈ ਘੱਟ ਵਿਦਵਾਨ ਨਹੀਂ ਸੀ ਤੇ ਜੇ ਉਪ੍ਰੋਕਤ ਅਵੱਗਿਆ ਨਾ ਕਰਦਾ ਤਾਂ ਸਿੱਖ ਪੰਥ ਵਿੱਚ ਬੜੀ ਸਤਿਕਾਰ ਵਾਲੀ ਥਾਂ ਉਸ ਨੂੰ ਹਾਸਲ ਰਹਿਣੀ ਸੀ। ਪਰ ਰਾਮ ਰਾਏ ਨੇ ਅਜਿਹਾ ਕਿਉਂ ਕੀਤਾ? ਯਕੀਨਨ ਉਸ ਦੀ ਆਤਮਾ ਕਮਜੋਰ ਸੀ ਤੇ ਉਹ ਹਾਕਮ ਦੇ ਗੁੱਸੇ ਨੂੰ ਵੇਖਣ ਦੀ ਹਿੰਮਤ ਨਹੀਂ ਸੀ ਰੱਖਦਾ। 


ਬਦਲਿਆ ਹੋਇਆ ਰੂਪ : 16 ਮਾਰਚ 2010 ਦੇ ਆਪਣੇ ਸੰਪਾਦਕੀ ਵਿੱਚ ਲਿਖਦੇ ਹਨ : ‘‘ਹੋਰ ਵੀ ਬੜੇ ਧਰਮ ਹਨ। ਉਨ੍ਹਾਂ ਦੇ ਵੀ ਪੂਜਯ ਗ੍ਰੰਥ ਹਨ। ਕਿਸੇ ਹੋਰ ਨੇ ‘ਸਸਕਾਰ ਕਰਨ’ ਜਾਂ ਲਗ, ਅੱਖਰ ਮਾਤਰਾ’ ਵਿੱਚ ਤਬਦੀਲੀ ਨੂੰ ਗੁਨਾਹ ਨਾ ਬਣਾਇਆ। ਕਿਉਂ? ਖ਼ੁਦ ਕਿਸੇ ਗੁਰੂ ਨੇ ਇਹ ਪਾਬੰਦੀ ਕਿਉਂ ਨਾ ਆਇਦ ਕੀਤੀ? ਨਿਰਮਲਿਆਂ ਨੂੰ ਹੀ ਇਹ ਸਭ ਕਿਉਂ ਸੁਝਿਆ?


ਅਕਾਲ ਤਖਤ ਦੀ ਸਰਵਉਚਤਾ ਸਬੰਧੀ ਵਿਚਾਰ : 26 ਅਕਤੂਬਰ 2003 ਨੂੰ ਵਿਸ਼ਵ ਸਿੱਖ ਕਨਵੈਨਸ਼ਨ ਦਾ ਮੁੱਖ ਮਤਾ ਹੀ ਇਸ ਪ੍ਰਕਾਰ ਸੀ : ‘‘ਮੁਖ ਮਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਪ੍ਰਵਾਨ ਕਰਦਾ ਹੋਇਆ, ਇੱਕ ਪਾਵਨ ਤਖਤ ਦੇ ਅਸਲ ਅਰਥਾਂ ਨੂੰ ਵੀ ਸਪੱਸ਼ਟ ਕਰਦਾ ਹੈ ਕਿ ਅਕਾਲ ਤਖਤ ਤੋਂ ਫੈਸਲੇ ਲੈਣ ਜਾਂ ਗੁਰਮਤੇ ਕਰਨ ਦਾ ਅਧਿਕਾਰ ਕਿਸੇ ਗ੍ਰੰਥੀ ਜਾਂ ਗ੍ਰੰਥੀਆਂ ਨੂੰ ਨਹੀਂ ਸਗੋਂ ਕੇਵਲ ਤੇ ਕੇਵਲ ਗੁਰੂ ਪੰਥ ਨੂੰ ਹੈ।’’ ਉਸ ਕਨਵੈਨਸ਼ਨ ’ਚ ਪਾਸ ਹੋਏ 7 ਗੁਰਮਤੇ ‘‘200 ਸਾਲਾਂ ਮਗਰੋਂ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਨੇ ‘ਸਰਬੱਤ ਖ਼ਾਲਸਾ’ ਰਾਹੀਂ ਪਾਸ ਕੀਤੇ ਗੁਰਮਤੇ ਸਿਰਲੇਖ ਹੇਠ ਮਾਸਕ ਅੰਕ ਦਸੰਬਰ 2003 ਵਿੱਚ ਅਤੇ ਹੁਣ ਦੁਬਾਰਾ 11 ਅਪ੍ਰੈਲ 2010 ਦੇ ਅਖ਼ਬਾਰ ਵਿੱਚ ਛਪ ਚੁੱਕੇ ਹਨ ਪਰ ਇਸ ਬਚਿੱਤਰ ਨਾਟਕੀਏ ਸੌਦਾ ਸੰਪਾਦਕ ਦੀ ਅਜੀਬ ਵਿਡੰਬਨਾ ਵੇਖੋ। 11 ਅਪ੍ਰੈਲ 2010 ਨੂੰ ਹੀ ਦਿੱਲੀ ਕਮੇਟੀ ਵਲੋਂ ਦਿੱਲੀ ਵਿਖੇ ਕਰਵਾਈ ਗਈ ਵਿਸ਼ਵ ਸਿੱਖ ਕਨਵੈਨਸ਼ਨ ਵਿੱਚ ਐਲਾਨਨਾਮਾ ਕੀਤਾ ਗਿਆ ‘‘ਸਮੁੱਚਾ ਸਿੱਖ ਜਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਿਤ ਹੈ। ਸ਼੍ਰੀ ਅਕਾਲ ਤਖਤ ਸਾਹਿਬ, ਗੁਰੂ ਪੰਥ ਦੀ ਜਥੇਬੰਦਕ ਸ਼ਕਤੀ ਦਾ ਪ੍ਰਤੀਕ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਦੀਆਂ ਸਮੂਹਿਕ ਭਾਵਨਾਵਾਂ ਅਤੇ ਗੁਰੂ ਆਸੇ ਅਨੁਸਾਰ ਹੋਇਆ ਗੁਰਮਤਾ ਹੀ ਕੌਮ ਲਈ ਹੁਕਮਨਾਮਾ ਹੋ ਸਕਦਾ ਹੈ।’’ ਤਕਨੀਕੀ ਤੌਰ ’ਤੇ ਇਸ ਐਲਾਨਨਾਮੇ ਦੀ ਸ਼ਬਦਾਵਲੀ ਬਚਿੱਤਰ ਨਾਟਕੀਏ ਸੌਦਾ ਸੰਪਾਦਕ ਦੀ ਦੇਖ ਰੇਖ ਹੇਠ 2003 ’ਚ ਹੋਈ ਕਨਵੈਨਸ਼ਨ ’ਚ ਪਾਸ ਕੀਤੇ ਗਏ ਗੁਰਮਤੇ ਨਾਲੋਂ ਗੁਰਮਤਿ ਨਾਲ ਜਿਆਦਾ ਮੇਲ ਖਾਂਦੀ ਹੈ ਪਰ ਇਸ ਦੀ ਬੇਸ਼ਰਮੀ ਦੀ ਹੱਦ ਵੇਖੋ ਕਿ ਇਹ ਅਤੇ ਇਸ ਦੇ ਸਮਰਥਕ ਇਸ ਐਲਾਨਨਾਮੇ ਨੂੰ ਮੁੱਢੋਂ ਨਕਾਰ ਰਹੇ ਹਨ ਅਤੇ ਦੋਸ਼ ਲਾ ਰਹੇ ਹਨ ਕਿ ਦਿੱਲੀ ਵਾਲੀ ਕਨਵੈਨਸ਼ਨ ਸਿੱਖ ਸੰਗਤਾਂ ’ਚ ਦੁਬਿਧਾ ਪੈਦਾ ਕਰ ਰਹੀ ਹੈ ਕਿਉਂਕਿ ਇਸ ਨੇ ਪੁਜਾਰੀਵਾਦ ਨੂੰ ਮੁੱਢੋਂ ਰੱਦ ਨਹੀਂ ਕੀਤਾ ਅਤੇ ਅਕਾਲ ਤਖਤ ਦੀ ਸਰਵਉਚਤਾ ਦਾ ਢੋਲ ਪਿੱਟਿਆ ਜਾ ਰਿਹਾ ਹੈ ਜਦੋਂ ਕਿ ਸਿੱਖਾਂ ਲਈ ਸਰਵਉਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਉਸ ਦੇ ਮੁਕਾਬਲੇ ਕੋਈ ਦੂਜਾ ਜਾਂ ਤੀਜਾ ਸਰਵਉਚ ਨਹੀਂ ਹੋ ਸਕਦਾ। 


ਮੈਂ ਸਮਝਦਾ ਹਾਂ ਕਿ ਅਜੀਤ ਅਖ਼ਬਾਰ ਨੇ ਪੰਥਕ ਮੁੱਦੇ ਮੁੱਢੋਂ ਹੀ ਵਿਸਾਰ ਕੇ ਕੋਈ ਚੰਗਾ ਕੰਮ ਨਹੀਂ ਕੀਤਾ। ਉਸ ਦੇ ਇਸ ਅਵੇਸਲੇਪਨ ਨਾਲ ਹੀ ਸੌਦਾ ਸੰਪਾਦਕ ਦੇ ਅਖ਼ਬਾਰ ਦੀ ਚੜ੍ਹਤ ਹੋਈ ਹੈ। ਮੈਂ ਹੁਣ ਵੀ ਅਜੀਤ ਅਖ਼ਬਾਰ ਦੀ ਕੋਈ ਤਰਫਦਾਰੀ ਨਹੀਂ ਕਰ ਰਿਹਾ ਪਰ ਇਹ ਦੱਸਣ ਦਾ ਯਤਨ ਕਰ ਰਿਹਾ ਹਾਂ ਕਿ ਕਿਸ ਤਰ੍ਹਾਂ ਹਰ ਮੌਕੇ ’ਤੇ ਆਪਣੀ ਮਤ ਅਤੇ ਕਾਰਵਾਈ ਨੂੰ ਸਰਵਸ੍ਰੇਸ਼ਟ ਦੱਸਣ ਦਾ ਯਤਨ ਕਰਦਾ ਹੈ। 13 ਮਈ 2007 ਨੂੰ ਅਜੀਤ ਅਖ਼ਬਾਰ ਨੇ ਸੌਦਾ ਸਾਧ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਲਿਬਾਸ ਵਿੱਚ ਜਾਮ-ਏ-ਇੰਸਾਂ ਪਿਲਾਉਣ ਵਾਲੇ ਪੋਸਟਰ ਦਾ ਇਸ਼ਤਿਹਾਰ ਛਾਪ ਦਿੱਤਾ। ਸੌਦਾ ਸੰਪਾਦਕ ਨੇ ਇਸ ਮਸਲੇ ਨੂੰ ਆਪਣੇ ਅਖ਼ਬਾਰ ਵਿੱਚ ਖ਼ੂਬ ਉਛਾਲਿਆ, ਜਿਸ ਸਦਕਾ ਇਸ ਦੇ ਅਖ਼ਬਾਰ ਦੀ ਖ਼ੂਬ ਪਬਲੀਸਿਟੀ ਹੋਈ ਤੇ ਸਰਕੂਲੇਸ਼ਨ ਵਧੀ।

 

ਸੌਦਾ ਸੰਪਾਦਕ ਜਿਥੇ ਆਪਣੀ ਪਿੱਠ ਆਪ ਹੀ ਥਾਪੜਦਾ ਨਹੀਂ ਥੱਕਦਾ ਕਿ ਉਸ ਨੇ ਸੌਦਾ ਸਾਧ ਵਿਰੁੱਧ ਸਿੱਖ ਜਗਤ ਵਿੱਚ ਜਾਗ੍ਰਿਤੀ ਪੈਦਾ ਕਰਕੇ ਡੇਰਾਵਾਦ ਨੂੰ ਠੱਲ੍ਹ ਪਾਈ ਹੈ, ਉਥੇ ਅਜੀਤ ਨੂੰ ਕੋਸਦਾ ਨਹੀਂ ਥੱਕਦਾ ਕਿ ਉਸ ਨੇ ਸੌਦਾ ਸਾਧ ਦਾ ਇਸ਼ਤਿਹਾਰ ਛਾਪ ਕੇ ਪੰਥ ਦੀ ਪਿੱਠ ’ਚ ਛੁਰਾ ਮਾਰਿਆ ਹੈ। ਪਰ ਇਹ ਭੁੱਲ ਜਾਂਦਾ ਹੈ ਕਿ ਜੇ ਅਜੀਤ ਨੇ ਇਹ ਇਸ਼ਤਿਹਾਰ ਛਾਪਿਆ ਤਾਂ ਹੀ ਬਚਿੱਤਰ ਨਾਟਕੀਏ ਸੌਦਾ ਸੰਪਾਦਕ ਦੇ ਹੱਥ ਇਹ ਇਸ਼ੂ ਆਇਆ ਤੇ ਸੌਦਾ ਸਾਧ ਦੀਆਂ ਸਰਗਰਮੀਆਂ ਨੂੰ ਕੁਝ ਸਮੇਂ ਤੱਕ ਠੱਲ੍ਹ ਪਈ। ਆਪਣੇ ਆਪ ਨੂੰ ਘਿਰ ਗਿਆ ਮਹਿਸੂਸ ਕਰਕੇ ਸੌਦਾ ਸਾਧ ਨੇ ਤਿੰਨ ਵਾਰ (ਅਖੌਤੀ) ਮੁਆਫ਼ੀ ਮੰਗੀ ਪਰ ਵਿਵਾਦ ਠੰਡਾ ਪੈਣ ਦੇ ਡਰੋਂ ਹਰ ਵਾਰ ਸੌਦਾ ਸੰਪਾਦਕ ਨੇ ਖ਼ਬਰਾਂ ਅਤੇ ਸੰਪਾਦਕੀਆਂ ਵਿੱਚ ਲਿਖਿਆ ਕਿ ‘‘ਇਹ ਮੁਆਫ਼ੀਨਾਮਾ ਨਹੀਂ ਸਗੋਂ ਪ੍ਰੈਸ ਨੋਟ ਸਨ। ਸੌਦਾ ਸਾਧ ਆਪਣੀ ਗਲਤੀ ਵੀ ਨਹੀਂ ਮੰਨਦਾ, ਅਖੌਤੀ ਮੁਆਫ਼ੀਨਾਮੇ ਪਿੱਛੋਂ ਜਾਮ-ਏ-ਇੰਸਾਂ ਪਿਲਾਉਣ ਦੀ ਗਲਤੀ ਵੀ ਦੁਹਰਾਈ ਜਾਂਦਾ ਹੈ ਤਾਂ ਮੁਆਫ਼ੀ ਕਿਸ ਗੱਲ ਦੀ?’’ 24 ਜੂਨ 2007 ਦੀ ਨਿਜੀ ਡਾਇਰੀ ਵਿੱਚ ਲਿਖਿਆ ਹੈ ਕਿ ‘‘ਜੇ ਅਕਾਲੀਆਂ ਨੂੰ ਮੁਆਫ਼ੀਨਾਮੇ ਦੇ ਅੰਤਰਰਾਸ਼ਟਰੀ ਪੱਧਰ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਤਾਂ ਮੁਆਫ਼ੀ ਦਾ ਢੋਲ ਕਿਉਂ ਪਿੱਟਦੇ ਹਨ? ਉਹ ਚੁੱਪ ਕਰਕੇ ਬੈਠ ਜਾਣ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ ਬੇਅਦਬੀ ਨੂੰ ਉਸੇ ਤਰ੍ਹਾਂ ਭੁੱਲ ਜਾਣ, ਜਿਵੇਂ ਧਰਮਯੁੱਧ ਮੋਰਚੇ ਦੀਆਂ ਮੰਗਾਂ ਭੁੱਲ ਚੁੱਕੇ ਹਨ।’’

 

ਪਰ ਹੁਣ ਆਪਣੇ ਵੇਲੇ ਲੁਧਿਆਣੇ ਤੋਂ ਆਪਣੇ ਇੱਕ ਪ੍ਰੈਸ ਰੀਪੋਰਟਰ ਵਲੋਂ 19 ਮਾਰਚ ਨੂੰ ਲਾਈ ਖ਼ਬਰ ਨੂੰ ਹੀ ਕਹਿ ਰਿਹਾ ਹੈ ਕਿ ‘‘ਭਾਵੇਂ ਸੰਪਾਦਕੀ ਵਿੱਚ ਗਲਤ ਕੁਝ ਵੀ ਨਹੀਂ ਸੀ ਤੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ ਪਰ ਫਿਰ ਵੀ ਵਿਦਵਾਨਾਂ ਦੀ ਰਾਇ ਨੂੰ ਸਿਰ ਮੱਥੇ ਮੰਨਦਿਆਂ ਉਸ ਨੇ ਆਪਣਾ 16 ਮਾਰਚ ਵਾਲਾ ਸੰਪਾਦਕੀ ਵਾਪਿਸ ਲੈ ਲਿਆ ਹੈ ਤੇ ਖਿਮਾਂ ਜਾਚਨਾ ਮੰਗ ਲਈ ਹੈ, ਇਸ ਲਈ ਵਿਵਾਦ ਆਪਣੇ ਆਪ ਖਤਮ ਹੋ ਗਿਆ।’’ ਪਰ ਇਸ ਦੇ ਬਾਵਜ਼ੂਦ 19 ਮਾਰਚ ਤੋਂ ਅੱਜ ਤੱਕ ਆਪਣੇ ਸੰਪਾਦਕੀ ਨੂੰ ਠੀਕ ਦੱਸਣ ਲਈ ਕਈ ਸਤਿਕਾਰਯੋਗ ਸਾਊ ਵਿਦਵਾਨਾਂ ਦੇ ਬਿਆਨਾਂ ਵਿੱਚ ਆਪਣੇ ਮੁਤਾਬਿਕ ਸੋਧ ਕਰਕੇ ਆਪਣੇ ਪੱਖ ਵਿੱਚ ਛਾਪ ਰਿਹਾ ਹੈ ਤੇ ਲਿਬੜੀ ਮੱਝ ਵਾਂਗ ਉਨ੍ਹਾਂ ਨੂੰ ਵੀ ਪੂਛ ਮਾਰ ਕੇ ਲਬੇੜ ਰਿਹਾ ਹੈ। ਘੱਟ ਤੋਂ ਘੱਟ ਤਿੰਨ ਵਿਦਵਾਨਾਂ ਦੇ ਮੇਰੇ ਕੋਲ ਸਬੂਤ ਹਨ, ਜਿਨ੍ਹਾਂ ਦੇ ਅਸਲੀ ਬਿਆਨਾਂ ਵਿੱਚ ਤਬਦੀਲੀ ਕਰਕੇ ਆਪਣੇ ਪੱਖ ਵਿੱਚ ਛਾਪਿਆ ਪਰ ਉਨ੍ਹਾਂ ਦੀ ਪਤਾ ਨਹੀਂ ਕੀ ਮਜ਼ਬੂਰੀ ਹੈ ਕਿ ਉਹ ਸੱਚ ਬੋਲਣ ਤੋਂ ਲਾਚਾਰ ਕਿਉਂ ਹੋਏ ਬੈਠੇ ਹਨ? ਬੇਸ਼ੱਕ ਅੱਗੇ ਤੋਂ ਉਨ੍ਹਾਂ ਇਸ ਦੇ ਪੱਖ ਵਿੱਚ ਬਿਆਨ ਦੇਣੇ ਬੰਦ ਕਰ ਦਿੱਤੇ ਹਨ ਤੇ ਹੁਣ ਸਿਰਫ਼ ਰਾਜਨੀਤਕ ਖਾਸ ਕਰਕੇ ਕਾਂਗਰਸੀਆਂ ਦੇ ਬਿਆਨ ਹੀ ਉਸ ਦੇ ਹੱਕ ਵਿੱਚ ਛਪ ਰਹੇ ਹਨ। 


2006 ’ਚ ਸੰਤ ਅਤਰ ਸਿੰਘ ਮਸਤੂਆਣੇ ਵਿਰੁੱਧ ਛਪੇ ਇੱਕ ਪਾਠਕ ਦੇ ਪੱਤਰ ਪਿੱਛੋਂ ਬਾਬਾ ਹਰਨਾਮ ਸਿੰਘ ਧੁੰਮਾ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗਰਮ ਗਰਮ ਭਾਸ਼ਣ ਦਿੱਤੇ ਤੇ ਕਈ ਥਾਵਾਂ ’ਤੇ ਸੌਦਾ ਸੰਪਾਦਕ ਵਿਰੁੱਧ ਸੜਕਾਂ ’ਤੇ ਜਾਮ ਲੱਗੇ ਤਾਂ ਸੌਦਾ ਸੰਪਾਦਕ ਨੇ ਕਈ ਵਾਰ ਲਿਖਿਆ ਕਿ ਸੜਕਾਂ ’ਤੇ ਜਾਮ ਲਾਉਣੇ, ਮਾਰ ਦਿਆਂਗੇ, ਸੋਧ ਦਿਆਂਗੇ ਦੀਆਂ ਧਮਕੀਆਂ ਅਤੇ ਹੈਦਰੀ ਨਾਹਰੇ ਲਾਉਣੇ ਸੱਭਿਅਕ ਸਮਾਜ ਵਿੱਚ ਸੋਭਾ ਨਹੀਂ ਦਿੰਦੇ, ਇਸ ਲਈ ਧਾਰਮਿਕ ਵਿਵਾਦ ਗੱਲਬਾਤ ਰਾਹੀਂ ਸੁਲਝਾਉਣੇ ਚਾਹੀਦੇ ਹਨ ਅਤੇ ਜੇ ਗੱਲਬਾਤ ਰਾਹੀਂ ਨਾ ਸੁਲਝਾਏ ਜਾ ਸਕਣ ਤਾਂ ਦੇਸ਼ ਦੀਆਂ ਅਦਾਲਤਾਂ ਤੋਂ ਨਿਆਂ ਕਰਵਾ ਲੈਣਾ ਚਾਹੀਦਾ ਹੈ। ਪਰ ਹੁਣ ਜਦੋਂ ਸੋਧ ਦਿਆਂਗੇ ਜਾਂ ਮਾਰ ਦਿਆਂਗੇ ਦਾ ਕੋਈ ਨਾਹਰਾ ਨਹੀਂ ਗੁੂੰਜਿਆ ਅਤੇ ਨਾ ਹੀ ਕਿਧਰੇ ਜਲਸੇ ਜਲੂਸ ਕੱਢੇ ਗਏ ਹਨ ਅਤੇ 1 ਮਹੀਨੇ ਦੀ ਹਿਚਕਿਚਾਹਟ ਪਿੱਛੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਕੇਸ ਦਰਜ਼ ਕਰਵਾ ਦਿੱਤਾ ਹੈ ਤਾਂ ਉਲਟੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਧਾਰਮਿਕ ਵਿਵਾਦ ਦਾ ਫੈਸਲਾ ਅਦਾਲਤਾਂ ਵਿੱਚ ਨਹੀਂ ਜਾਣਾ ਚਾਹੀਦਾ ਅਤੇ ਅਖੌਤੀ ਮੁਆਫ਼ੀ ਮੰਗ ਲੈਣ ਪਿੱਛੋਂ ਹੀ ਖਤਮ ਕਰ ਦੇਣਾ ਚਾਹੀਦਾ ਸੀ। ਜਦੋਂ ਕਿ ਇਹ ਖ਼ੁਦ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਅਦਾਲਤਾਂ ਵਿੱਚ ਲੈ ਕੇ ਗਿਆ ਹੈ। ਆਪਣਾ ਕਸੂਰ ਮੰਨਣ ਦੀ ਥਾਂ ਸੌਦਾ ਸੰਪਾਦਕ ਇਸ ਸਾਰੇ ਵਿਵਾਦ ਦਾ ਦੋਸ਼ੀ ਅਜੀਤ ਅਖ਼ਬਾਰ ਨੂੰ ਦੱਸ ਰਿਹਾ ਹੈ ਅਤੇ ਹੁਣ ਨਵਾਂ ਪੈਂਤੜਾ ਬਦਲ ਲਿਆ ਹੈ, ਅਖੇ ‘‘ਸਪੋਕਸਮੈਨ ਦੀ ਵਧ ਰਹੀ ਹਰਮਨ ਪਿਆਰਤਾ ਦੇ ਡਰੋਂ ਬਾਦਲ ਦਲ ਨੂੰ ਘਬਰਾਹਟ ਹੋ ਗਈ ਸੀ, ਇਸ ਲਈ ਆਉਣ ਵਾਲੀਆਂ ਚੋਣਾਂ ਵਿੱਚ ਹਾਰ ਦੇ ਡਰੋਂ ਪ੍ਰਕਾਸ਼ ਸਿੰਘ ਨੇ ਉਹੀ 4 ਬੰਦੇ ਅੱਗੇ ਲਾ ਕੇ ਸਪੋਕਸਮੈਨ ਬੰਦ ਕਰਵਾਉਣ ਲਈ ਮੇਰੇ ਵਿਰੁਧ ਕੇਸ ਦਰਜ਼ ਕਰਵਾਇਆ ਹੈ।’’ 


ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਸੋੜੀ ਸਿਆਸੀ ਹਿੱਤਾਂ ਲਈ ਧਰਮ ਦਾ ਨੁਕਸਾਨ ਕੀਤੇ ਜਾਣ ਕਰਕੇ ਮੈਂ ਅੱਜ ਤੱਕ ਕਦੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿੱਚ ਕੁਝ ਨਹੀਂ ਲਿਖਿਆ ਅਤੇ ਹੁਣ ਵੀ ਨਹੀਂ ਲਿਖ ਰਿਹਾ ਪਰ ਹਰ ਗੱਲ ਦਾ ਦੋਸ਼ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਮੜ ਕੇ ਕਿਸੇ ਵਿਅਕਤੀ ਨੂੰ ਦੋਸ਼ ਮੁਕਤ ਕਰਾਰ ਦੇਣਾ ਵੀ ਕਿਸੇ ਪੱਖੋਂ ਜਾਇਜ਼ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ ਹਿੰਦੀ ਵਿੱਚ ‘‘ਸਿੱਖ ਇਤਿਹਾਸ’’ ਪੁਸਤਕ ਲਿਖ ਕੇ ਵੰਡਣ ਵਾਲੀ ਸ਼੍ਰੋਮਣੀ ਕਮੇਟੀ ਅਤੇ ‘ਵੇਨਿਟੀ ਇਨ ਕਾਰਨੇਸ਼ਨ’ ਪੁਸਤਕ ਲਿਖ ਕੇ ਗੁਰੂ ਮਾਤਾਵਾਂ ਦਾ ਅਪਮਾਨ ਕਰਨ ਵਾਲੇ ਪੱਤਰਕਾਰ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇ ਕਿਸੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਵਿੱਚ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਤਾਂ ਕਸੂਰਵਾਰ ਹੈ ਹੀ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸੌਦਾ ਸੰਪਾਦਕ ਨੂੰ ਵੀ ਇਹ ਖੁੱਲ੍ਹ ਮਿਲ ਗਈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਸਬੰਧੀ ਸ਼ੰਕੇ ਖੜ੍ਹੇ ਕਰਕੇ ਅਤੇ ਫਿਰ ਵਿਰੋਧੀਆਂ ਵਿਰੁੱਧ ਰੋਲ਼ਾ ਪਾ ਕੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਦਾ ਹਮੇਸ਼ਾ ਵਾਂਗ ਯਤਨ ਕਰਦਾ ਰਹੇ।

 

ਹੈਰਾਨੀ ਦੀ ਗੱਲ ਇਹ ਹੈ ਕਿ ਸੌਦਾ ਸੰਪਾਦਕ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਗਿਆਨੀ ਗੁਰਬਚਨ ਸਿੰਘ ਅਤੇ ਅਕਾਲ ਤਖਤ ਦੇ ਸਾਬਕਾ ਮੁਖ ਸੇਵਾਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਹਮੇਸ਼ਾ ਵਿਰੋਧ ਕਰਦੇ ਆਏ ਹਨ ਅਤੇ ਅੱਜ ਤੱਕ ਇਨ੍ਹਾਂ ਦੋਵਾਂ ਦੀ ਕਦੀ ਇੱਕ ਵੀ ਗੱਲ ਦੀ ਸਿਫ਼ਤ ਨਹੀਂ ਕੀਤੀ ਪਰ ਹੁਣ ਗੁਰੂ ਗ੍ਰੰਥ ਸਾਹਿਬ ’ਚ ਗਲਤੀਆਂ ਕੱਢਣ ਦੇ ਮਾਮਲੇ ‘ਚ ਉਹ ਇਨ੍ਹਾਂ ਦੋਵਾਂ ਦਾ ਬੜੀ ਚਤੁਰਾਈ ਨਾਲ ਸਹਾਰਾ ਲੈ ਰਹੇ ਹਨ ਕਿ ਗਿਆਨੀ ਗੁਰਬਚਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਜੋੜਾਂ ਦੀਆਂ 1500 ਗਲਤੀਆਂ ਕੱਢੀਆਂ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਜੋਗਿੰਦਰ ਸਿੰਘ ਤਲਵਾੜੇ ਨੇ 500 ਦੇ ਲਗਭਗ ਗਲਤੀਆਂ ਕੱਢੀਆਂ। ਸੌਦਾ ਸੰਪਾਦਕ ਸਪੱਸ਼ਟ ਕਰਨ ਕਿ ਉਹ ਇਨ੍ਹਾਂ ਵਿਅਕਤੀਆਂ ਦੀ ਕਿਸੇ ਹੋਰ ਗੱਲ ਨੂੰ ਵੀ ਸਹੀ ਮੰਨਦੇ ਹਨ ਜਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ‘ਚ ਗਲਤੀਆਂ ਕੱਢਣ ਵਿੱਚ ਹੀ ਇਨ੍ਹਾਂ ਨੂੰ ਸਹੀ ਮੰਨਦੇ ਹਨ? 


ਅਸਲ ਗੱਲ ਇਹ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਬਣਨ ਉਪ੍ਰੰਤ ਗੁਰੂ ਗ੍ਰੰਥ ਸਹਿਬ ਨੂੰ ਸ਼ੁੱਧ ਸਰੂਪ ਵਿੱਚ ਛਾਪਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹ ਫੈਸਲਾ ਹੋਇਆ ਕਿ ਉਤਾਰੇ ਕਰਦੇ ਸਮੇਂ ਲਗਾਂ-ਮਾਤਰਾਂ ਵਿੱਚ ਹੋਈਆਂ ਗਲਤੀਆਂ ਨੂੰ ਘੱਟ ਤੋਂ ਘੱਟ ਕਰਨ ਲਈ ਕਰਤਾਰਪੁਰੀ ਬੀੜ ਨਾਲ ਸੁਧਾਈ ਕੀਤੀ ਜਾਵੇ, 9ਵੇਂ ਪਾਤਸਾਹ ਦੀ ਬਾਣੀ ਕਿਉਂਕਿ ਕਰਤਾਰਪੁਰੀ ਬੀੜ ਵਿੱਚ ਦਰਜ਼ ਨਹੀਂ, ਇਸ ਲਈ ਇਸ ਦੀ ਸੁਧਾਈ ਦਮਦਮੀ ਬੀੜ ਅਨੁਸਾਰ ਕੀਤੀ ਜਾਵੇ। ਗਿਆਨੀ ਗੁਰਬਚਨ ਸਿੰਘ ਕਿਉਂਕਿ ਦਮਦਮੀ ਟਕਸਾਲ ਦਾ ਮੁਖੀ ਸੀ, ਇਸ ਲਈ ਉਹ ਦਮਦਮੀ ਬੀੜ ਨੂੰ ਜਿਆਦਾ ਮਾਣਤਾ ਦੇਣਾ ਚਾਹੁੰਦੇ ਸਨ, ਇਸ ਲਈ ਛਾਪੇ ਵਾਲੀ ਬੀੜ ’ਚ ਬਾਣੀ ਦੀ ਦਮਦਮੀ ਬੀੜ ਨਾਲ ਤੁਲਨਾ ਕਰਕੇ ਉਨ੍ਹਾਂ 1500 ਗਲਤੀਆਂ ਦੀ ਲਿਸਟ ਤਿਆਰ ਕਰ ਲਈ।

 

ਗਿਆਨੀ ਵੇਦਾਂਤੀ ਅਤੇ ਤਲਵਾੜਾ ਨੇ ਹੋਰਨਾਂ ਹੱਥ ਲਿਖਤ ਬੀੜਾਂ ਨਾਲ ਤੁਲਨਾ ਕਰਕੇ ਵਿਆਕਰਣ ਪੱਖੋਂ 500 ਕੁ ਐਸੀਆਂ ਤੁਕਾਂ ਦੀ ਲਿਸਟ ਤਿਆਰ ਕਰਕੇ ਸੁਝਾਅ ਦਿੱਤਾ ਕਿ ਹੱਥ ਲਿਖਤੀ ਉਤਾਰੇ ਕਰਦੇ ਸਮੇਂ ਇਹ ਗਲਤੀਆਂ ਸੁਭਾਵਿਕ ਹੀ ਹੋ ਗਈਆਂ ਹਨ, ਜਿਹੜੀਆਂ ਕਿ ਇਸ ਢੰਗ ਨਾਲ ਸੋਧ ਲੈਣੀਆਂ ਚਾਹੀਦੀਆਂ ਹਨ। ਇਨ੍ਹਾਂ ਤਿੰਨੇ ਵਿਅਕਤੀਆਂ ਦਾ ਕਦਾਚਿਤ ਭਾਵ ਸੌਦਾ ਸੰਪਾਦਕ ਵਾਲਾ ਨਹੀਂ ਸੀ ਕਿ ਬਾਬੇ ਨਾਨਕ ਦੀ ਅਸਲੀ ਪੋਥੀ ਸਾੜ ਦਿੱਤੀ ਗਈ ਅਤੇ ਬਾਕੀ ਵਿੱਚ ਸਮੇਂ ਸਮੇਂ ਸਿਰ ਬੇਅੰਤ ਤਬਦੀਲੀਆਂ ਕਰਕੇ ਹੁਣ ਵਾਲੀ ਮੌਜ਼ੂਦਾ ਬੀੜ ਨੂੰ ਬਿਲਕੁਲ ਨਕਲੀ ਬਣਾ ਦਿੱਤਾ ਗਿਆ ਹੈ, ਜਿਸ ਦੀ ਖੋਜ ਕਰਕੇ ਇਸ ਨੂੰ ਸੋਧਣ ਦੀ ਲੋੜ ਹੈ। ਸਪੱਸ਼ਟ ਰੂਪ ਵਿੱਚ ਆਪਣੀ ਗਲਤੀ ਮੰਨਣ ਦੀ ਥਾਂ ਹਾਲੀ ਵੀ ਇਹ ਬਚਿੱਤਰ ਨਾਟਕੀਆ ਬਚਿੱਤਰ ਚਾਲਾਂ ਚੱਲਣ ਤੋਂ ਬਾਜ਼ ਨਹੀਂ ਆ ਰਿਹਾ।

 

18 ਅਪ੍ਰੈਲ 2010 ਦੀ ਨਿਜੀ ਡਾਇਰੀ ਵਿੱਚ ਲਿਖ ਰਹੇ ਹਨ : ‘‘ਰੋਜ਼ਾਨਾ ਸਪੋਕਸਮੈਨ’ ਵਿਰੁੱਧ ਤਾਜ਼ਾ ਹਮਲੇ ਦਾ ਕਾਰਨ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ। ਪਹਿਲਾਂ ਕਾਵਾਂ, ਚਿੜੀਆਂ ਰਾਹੀਂ ਸ਼ੁਰੂ ਕੀਤੀ ਗਈ ਕਾਂਏ ਕਾਂਏ ਤੇ ਚੀਂ ਚੀਂ ਦੀ ਸਮਝ ਵੀ ਆ ਗਈ। ਗੁਰਦੁਆਰਾ ਚੋਣਾਂ ਦੌਰਾਨ, ਸਪੋਕਸਮੈਨ ਦੀ ਅਵਾਜ਼ (ਲੋਕ ਅਵਾਜ਼) ਨੂੰ ਕਮਜ਼ੋਰ ਕਰਨ ਲਈ ਇਹ ਜਰੂਰੀ ਸੀ ਕਿ ਇਸ ਨੂੰ ਅੰਨ੍ਹੇ ਝੂਠ, ਪੁਲਿਸ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਧਰਮ ਵਿਰੋਧੀ, ਗੁਰਬਾਣੀ ਵਿਰੋਧੀ ਤੇ ਨਾਸਤਕ ਵਜੋਂ ਪੇਸ਼ ਕੀਤਾ ਜਾਵੇ ਪਰ ਜਨਤਾ ਸਭ ਕੁਛ ਜਾਨਤੀ ਹੈ।...ਇਨ੍ਹਾਂ ਵਿੱਚ ਨਿਜੀ ਰੰਜਿਸ਼ ਰੱਖਣ ਵਾਲੇ ਇੱਕ ਦੋ ‘ਪੱਤਰਕਾਰ’ ਵੀ ਸਨ, ਜਿਨ੍ਹਾਂ ਨੂੰ ਮਜ਼ਬੂਰੀ ਵਸ ਸਪੋਕਸਮੈਨ ਦੇ ਪ੍ਰਬੰਧਕਾਂ ਨੇ ਅਲਵਿਦਾ ਕਹਿ ਦਿੱਤੀ ਸੀ। (ਮੇਰਾ ਇਸ ਵਿੱਚ ਕੋਈ ਹੱਥ ਨਹੀਂ ਸੀ) ਅਤੇ ਕੁਝ ਰਸਾਲੇ ਵੀ ਸਨ ਤੇ ਇਨ੍ਹਾਂ ਸਾਰੇ ਲੋਕਾਂ ਦੀਆਂ ਵੈਬਸਾਈਟਾਂ ਵੀ ਮੇਰੇ ਵਿਰੁੱਧ ਸਰਗਰਮ ਹੋ ਗਈਆਂ ਸਨ।...ਉਨ੍ਹਾਂ ਨੂੰ ਮੇਰੀ ਲਿਖਤ ਮਿਲ ਗਈ ਸੀ, ਜਿਸ ਨੁੂੰ ਵਰਤ ਕੇ ਉਹ ਮੇਰੇ ਵਿਰੁੱਧ ਪ੍ਰਚਾਰ ਕਰਨ ਲਗ ਪਏ ਸਨ? ਨਹੀਂ...।’’ 


ਜੇ ਸੌਦਾ ਸੰਪਾਦਕ ਉਨ੍ਹਾਂ ਵਿਰੁੱਧ ਕਾਏਂ ਕਾਏਂ ਅਤੇ ਚੀਂ ਚੀਂ ਕਰਨ ਵਾਲੀਆਂ ਕਾਵਾਂ ਚਿੜੀਆਂ ਅਤੇ ਉਨ੍ਹਾਂ ਵਿੱਚ ਸ਼ਾਮਲ ਹੋਏ ਇੱਕ ਦੋ ਪੱਤਰਕਾਰਾਂ ਦਾ ਨਾਮ ਨਹੀਂ ਲਿਖ ਸਕਦਾ ਤਾਂ ਉਸ ਦੀ, ਉਸ ਲਲਕਾਰ ਵਿੱਚ ਕੋਈ ਦਮ ਨਹੀਂ ਰਹਿ ਗਿਆ, ਜਿਸ ਵਿੱਚ ਲਿਖਿਆ ਸੀ ‘ਜੇ ਸ਼ੇਰਾਂ ਕੋਲੋਂ ਜਵਾਬ ਲੈਣਾ ਹੈ ਤਾਂ ਸ਼ੇਰ ਬਣ ਕੇ ਆਉ।’’ ਮੈਨੂੰ ਪਤਾ ਹੈ ਕਿ ਸ਼ੇਰ ਦੀ ਖੱਲ ਪਹਿਨਣ ਵਾਲਾ ਇਹ ਗਿੱਦੜ ਆਪਣੇ ਨਿਜੀ ਰੰਜਿਸ਼ ਰੱਖਣ ਵਾਲੇ ਪੱਤਰਕਾਰਾਂ ਦਾ ਨਾਮ ਲੈਣ ਤੋਂ ਵੀ ਡਰਦਾ ਹੈ, ਇਸ ਲਈ ਖ਼ੁਦ ਹੀ ਦੱਸਣਾ ਪਏਗਾ ਕਿ ਉਹ ਪੱਤਰਕਾਰ ਹਨ 1. ਕਿਰਪਾਲ ਸਿੰਘ ਬਠਿੰਡਾ (ਇਸ ਲੇਖ ਦਾ ਲਿਖਾਰੀ) 2. ਹਰਲਾਜ ਸਿੰਘ ਬਹਾਦਰਪੁਰ। ਮੈਨੂੰ ਪਤਾ ਹੈ ਕਿ ਇਹ ਗਿੱਦੜ ਇਨ੍ਹਾਂ ਦੇ ਕੱਢੇ ਜਾਣ ਦੀ ਮਜ਼ਬੂਰੀ ਅਤੇ ਕਾਰਨ ਵੀ ਨਹੀਂ ਦੱਸ ਸਕਦਾ, ਇਸ ਲਈ ਬੇਸ਼ੱਕ ਬਹੁਤੇ ਪਾਠਕ ਤਾਂ ਪਹਿਲਾਂ ਹੀ ਜਾਣਦੇ ਹਨ ਪਰ ਇਸ ਦੀ ਮਜ਼ਬੂਰੀ ਤੇ ਕਾਰਨ ਵੀ ਮੈਨੂੰ ਹੀ ਦੱਸਣੇ ਪੈਣਗੇ। ਮੇਰੀ ਇਸ ਸੌਦਾ ਸੰਪਾਦਕ ਨਾਲ ਕੋਈ ਰੰਜਿਸ਼ ਨਹੀਂ ਸੀ ਸਗੋਂ ਇਨ੍ਹਾਂ ਦਾ ਸਮਰਥਕ ਤੇ ਹਮਦਰਦ ਹੋਣ ਦੇ ਨਾਤੇ ਇਨ੍ਹਾਂ ਨੂੰ ਉਸ ਮੁਸ਼ਕਲ ਵਿੱਚ ਫਸਣ ਤੋਂ ਬਚਾਉਣਾ ਚਾਹੁੰਦਾ ਸੀ, ਜਿਸ ਵਿੱਚ ਇਹ ਹੁਣ ਫਸ ਗਏ ਹਨ।

 

ਏਕਸ ਕੇ ਬਾਰਕ ਜਥੇਬੰਦੀ ਬਣਨ ਵਾਲੇ ਦਿਨ ਤੋਂ ਹੀ ਇਨ੍ਹਾਂ ਨੂੰ ਸਲਾਹ ਦੇਣੀ ਸ਼ੁਰੂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ, ਇਸ ਦੀ ਪਦ ਪਦਵੀ ਅਤੇ ਗੁਰੂ ਸਾਹਿਬਾਨ ਦੇ ਸਤਿਕਾਰ ਸਬੰਧੀ ਕੋਈ ਨਵਾਂ ਵਿਵਾਦ ਖੜ੍ਹਾ ਨਾ ਕੀਤਾ ਜਾਵੇ ਪਰ ਲੱਗਦਾ ਹੈ ਕਿ ਇਨ੍ਹਾਂ ਨੇ ਤਾਂ ਅਖ਼ਬਾਰ ਹੀ ਇਸੇ ਮਕਸਦ ਦੀ ਪੂਰਤੀ ਲਈ ਕੱਢਿਆ ਸੀ, ਇਸ ਲਈ ਇਨ੍ਹਾਂ ਨੂੰ ਮੇਰੀਆਂ ਸਲਾਹਾਂ ਚੰਗੀਆਂ ਨਾ ਲੱਗੀਆਂ ਤੇ ਸਲਾਹ ਦੇਣ ’ਤੇ ਮੇਰੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ (ਇਸ ਦਾ ਕੁਝ ਹਵਾਲਾ ਗੁਰਨਾਮ ਸਿੰਘ ਅਕੀਦਾ ਵਲੋਂ ਲਿਖੀ ਪੁਸਤਕ ‘ਪੱਤਰਕਾਰ ਦੀ ਮੌਤ’ ਵਿੱਚ ਲਿਖਿਆ ਹੋਇਆ ਮਿਲਦਾ ਹੈ ਅਤੇ ਬਾਕੀ ਦਾ ਉਸ ਸਮੇਂ ਮੀਟਿੰਗ ’ਚ ਮੌਜ਼ੂਦ ਮੈਂਬਰਾਂ ਤੋਂ ਅੱਜ ਵੀ ਪੁੱਛਿਆ ਜਾ ਸਕਦਾ ਹੈ) ਤੇ ਅੰਤ ਕੱਢ ਦਿੱਤਾ। ਬੇਸ਼ੱਕ ਮੈਂ ਹੀ ਇਸ ਨਾਲੋਂ ਖਹਿੜਾ ਛੁੱਟਣ ’ਤੇ ਰੱਬ ਦਾ ਸ਼ੁਕਰ ਕੀਤਾ ਪਰ ਇਸ ਦੇ ਬਾਵਜ਼ੂਦ 9 ਮਹੀਨੇ ਤੱਕ ਇਨ੍ਹਾਂ ਵਿਰੁੱਧ ਇੱਕ ਅੱਖਰ ਵੀ ਲਿਖਿਆ ਜਾ ਬੋਲਿਆ ਨਹੀਂ ਜਦ ਤੱਕ ਇਨ੍ਹਾਂ ਦੀ ਸਾਜਿਸ਼ ਬੀਬੀ ਸੁਰਿੰਦਰ ਕੌਰ ਨਿਹਾਲ ਨੇ ਬੇਪਰਦ ਨਹੀਂ ਕੀਤੀ। ਸਤੰਬਰ 2009 ਤੋਂ ਲੈ ਕੇ ਅੱਜ ਤੱਕ ਸੌਦਾ ਸੰਪਾਦਕ ਦੇ ਸਬੰਧ ’ਚ 20 ਲੇਖਾਂ ਤੋਂ ਵੱਧ ਲੇਖ ਲਿਖੇ ਹਨ, ਜਿਨ੍ਹਾਂ ਵਿੱਚ ਇਸ ਦੀ ਵਿਰੋਧਤਾ ਨਹੀਂ ਬਲਕਿ ਗੁਰਬਾਣੀ, ਸਿੱਖ ਇਤਿਹਾਸ ਅਤੇ ਇਸ ਦੇ ਹੀ ਅਖ਼ਬਾਰ ਦੀਆਂ ਮਿਤੀ ਤੇ ਪੰਨਾ ਨੰ: ਸਹਿਤ ਲਿਖਤਾਂ ਦੇ ਅਧਾਰ ’ਤੇ ਇਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਕਿ ਇਹ ਅੱਜ ਵਾਲੀ ਮੁਸੀਬਤ ਵਿੱਚ ਨਾ ਫਸ ਜਾਣ। ਪਰ ‘‘ਮਾਤਾ ਭੈਸਾ ਅੰਮੁਹਾ ਜਾਇ॥’’ ਦੇ ਗੁਰਫੁਰਮਾਨ ਅਨੁਸਾਰ ਇਹ ਮਸਤਿਆ ਝੋਟਾ ਮੋੜਿਆ ਨਾ ਮੁੜਿਆ ਤੇ ਅਖੀਰ ਅੱਜ ਵਾਲੀ ਕਸੂਤੀ ਸਥਿੱਤੀ ਵਿੱਚ ਫਸ ਗਿਆ। ਹੁਣ ਇਸ ਨੂੰ ਚੰਗੀ ਸਲਾਹ ਦੇਣ ਵਾਲਾ ਹਰ ਸੁਹਿਰਦ ਵਿਅਕਤੀ ਨਿਜੀ ਦੁਸ਼ਮਣ ਵਿਖਾਈ ਦਿੰਦਾ ਹੈ। 


ਦੂਸਰਾ ਪੱਤਰਕਾਰ ਹਰਲਾਜ ਸਿੰਘ ਆਪਣੀ ਨਿਜੀ ਦੁਸ਼ਮਣੀ ਦਾ ਵੇਰਵਾ ਤਾਂ ਆਪ ਹੀ ਚੰਗੀ ਤਰ੍ਹਾਂ ਦੇ ਸਕਦਾ ਹੈ ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਉਸ ਵਲੋਂ ਭੇਜੀ ਗਈ ਸੱਚੀ ਖਬਰ ਜੇ ਕਿਸੇ ਸਮਾਜ ਵਿਰੋਧੀ ਅਨਸਰ ਦੇ ਵਿਰੁੱਧ ਜਾਂਦੀ ਸੀ ਤਾਂ ਪਤਾ ਲੱਗਣ ’ਤੇ ਉਹ ਅਨਸਰ ਸੌਦਾ ਸੰਪਾਦਕ ਨੂੰ ਬਹੁਤ ਹੀ ਛੋਟੀ ਰਕਮ ਤਿੰਨ ਤੋਂ 4 ਹਜ਼ਾਰ ਰੁਪਈਆ ਦੇ ਕੇ ਜਾਂ ਇਸ਼ਤਿਹਾਰ ਦੇਣ ਦਾ ਲਾਰਾ ਲਾ ਕੇ ਖ਼ਬਰ ਰੁਕਵਾਉਣ ਵਿੱਚ ਸਫ਼ਲ ਹੋ ਜਾਂਦਾ ਸੀ। ਹਰਲਾਜ ਸਿੰਘ ਨੂੰ ਇਹ ਬਹੁਤ ਹੀ ਬੁਰਾ ਲੱਗਾ ਕਿ ‘ਸੱਚ ਸੁਣਾਇਸੀ ਸਚ ਕੀ ਬੇਲਾ’ ਦੀ ਤੁਰਕ ਵਰਤਣ ਵਾਲੇ ਜਿਸ ਅਖ਼ਬਾਰ ਦਾ ਸੌਦਾ ਸੰਪਾਦਕ ਹੀ ਇਤਨੇ ਘਟੀਆ ਪੱਧਰ ਦੀ ਸੌਦੇਬਾਜ਼ੀ ’ਤੇ ਉਤਰ ਆਵੇ ਤਾਂ ਉਸ ਦਾ ਪੱਤਰਕਾਰ ਬਣੇ ਰਹਿਣਾ ਤਾਂ ਮੱਥੇ ’ਤੇ ਕਲੰਕ ਲਵਾਉਣ ਵਾਲੀ ਗੱਲ ਹੈ ਤਾਂ ਅਜਿਹੀਆਂ ਸੌਦੇਬਾਜ਼ੀਆਂ ਦੀ ਲਗਾਤਾਰ ਕਈ ਘਟਨਾਵਾਂ ਵਾਪਰਨ ਪਿੱਛੋਂ ਉਸ ਨੇ ਪੱਤਰਕਾਰੀ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਜੇ ਕੋਈ ਹਰਲਾਜ ਸਿੰਘ ਤੋਂ ਪੁੱਛਦਾ ਹੈ ਕਿ ਤੂੰ ਤਾਂ ਸੌਦਾ ਸੰਪਾਦਕ ਦਾ ਅੰਨ੍ਹਾ ਸ਼ਰਧਾਲੂ ਹੁੰਦਾ ਸੀ, ਹੁਣ ਕੀ ਕਾਰਨ ਹੈ ਕਿ ਤੂੰ ਉਸ ਨੂੰ ਛੱਡ ਦਿੱਤਾ ਹੈ ਤਾਂ ਉਸ ਨੂੰ ਸੱਚ ਦੱਸਣਾ ਹੀ ਪੈਂਦਾ ਹੈ। ਆਪਣੀ ਗਲਤੀ ਮੰਨਣ ਦੀ ਥਾਂ ਬਚਿੱਤਰ ਨਾਟਕੀਆ ਸੌਦਾ ਸੰਪਾਦਕ ਜੀ ਕਹਿੰਦਾ ਹੈ ਕਿ ਕਿਸੇ ਮਜਬੂਰੀ ਵਸ ਇਸ ਨੂੰ ਕੱਢਣਾ ਪਿਆ ਤੇ ਆਪਣੀ ਨਿਜੀ ਦੁਸ਼ਮਣੀ ਕਾਰਨ ਇਹ ਅਜਿਹਾ ਕਰ ਰਿਹਾ ਹੈ।


ਜਿਨ੍ਹਾਂ ਮਾਸਕ ਪੱਤਰਾਂ ਅਤੇ ਵੈਬਸਾਈਟਾਂ ਦਾ ਇਹ ਜ਼ਿਕਰ ਕਰਦਾ ਹੈ, ਉਨ੍ਹਾਂ ਵਿੱਚੋਂ ਕੁਝ ਤਾਂ ਦਸਮ ਗ੍ਰੰਥੀਆਂ ਦੀਆਂ ਹੋ ਸਕਦੀਆਂ ਹਨ, ਜਿਹੜੇ ਕਿ ਇਸ ਦਾ ਸ਼ੁਰੂ ਤੋਂ ਵਿਰੋਧ ਕਰਦੇ ਆ ਰਹੇ ਹਨ ਪਰ ਜਿਆਦਾਤਰ ਉਹ ਹਨ, ਜਿਹੜੇ ਹੁਣ ਤੱਕ ਇਸ ਦੇ ਸਮਰਥਨ ਵਿੱਚ ਲਿਖਦੇ ਆਏ ਹਨ। ਖਾਸ ਕਰਕੇ ਇੰਡੀਆ ਅਵੇਅਰਨੈਸ, ਜਿਸ ਦਾ ਹੁਣ ਇਸ ਨੂੰ ਨਾਮ ਲੈਣ ਤੋਂ ਵੀ ਡਰ ਲੱਗਦਾ ਹੈ, ਹੁਣ ਤੱਕ ਇਸ ਦੇ ਹੱਕ ਵਿੱਚ ਸੰਪਾਦਕੀ ਲਿਖਦਾ ਆਇਆ ਹੈ। ਸੌਦਾ ਸੰਪਾਦਕ ਜੀ ਵੀ ਇਸ ਦਾ ਨਾਮ ਲੈ ਕੇ ਵਿਸ਼ੇਸ਼ ਤੌਰ ’ਤੇ ਆਪਣੇ ਅਖ਼ਬਾਰ ਵਿੱਚ ਲਿਖਦਾ ਆਇਆ ਸੀ ‘‘ਸਮਕਾਲੀ ਮੀਡੀਆ ਕੀ ਲਿਖਦਾ ਹੈ?’’ ਸੌਦਾ ਸੰਪਾਦਕ ਦੇ ਅਖ਼ਬਾਰ ਵਿੱਚ ਕੁਝ ਗੈਰਸਿਧਾਂਤਕ ਲੇਖ ਛਪ ਜਾਣ ’ਤੇ ਤੱਤ ਗੁਰਮਤਿ ਪ੍ਰਵਾਰ, ਜਿਹੜਾ ਕਿ ਇਸ ਦਾ ਹੁਣ ਤੱਕ ਕੱਟੜ ਹਮਾਇਤੀ ਰਿਹਾ ਹੈ ਅਤੇ ਅੱਜ ਵੀ ਉਨ੍ਹਾਂ ਦੇ ਮਨ ’ਚ ਇਸ ਪ੍ਰਤੀ ਕੋਈ ਵੈਰ ਭਾਵਨਾ ਨਹੀਂ ਬਲਕਿ ਸਿਧਾਂਤਕ ਗੱਲ ਹੀ ਕਰਦਾ ਹੈ, ਵਲੋਂ ਕਈ ਵਾਰ ਸਪੱਸ਼ਟੀਕਰਨ ਮੰਗੇ ਜਾਣ ’ਤੇ ਸੌਦਾ ਸੰਪਾਦਕ ਵਲੋਂ ‘ਰੋਸ ਨ ਕੀਜੈ ਉਤਰ ਦੀਜੈ’’ ਸਿਧਾਂਤ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੇ ਜਾਣ ਪਿੱਛੋਂ ਆਪਣੇ ਉਹ ਲੇਖ ਉਨ੍ਹਾਂ ਇੰਡੀਆ ਅਵੇਰਨੈਸ ਮਾਸਕ ਪੱਤਰ ਨੂੰ ਭੇਜ ਦਿੱਤੇ। ਉਸ ਵਿੱਚ ਛਪ ਜਾਣ ’ਤੇ ਆਪਣੇ ਵਲੋਂ ਪ੍ਰਚਾਰੇ ਜਾ ਰਹੇ ਸਿਧਾਂਤ ਦੀ ਉ¦ਘਣਾ ਕਰਕੇ ਉਨ੍ਹਾਂ ਦੋਵਾਂ ਨੂੰ ਹੀ ਆਪਣੇ ਦੁਸ਼ਮਣਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ।

 

ਦਸਮ ਗ੍ਰੰਥੀਆਂ ਨੂੰ ਛੱਡ ਕੇ ਸੌਦਾ ਸੰਪਾਦਕ ਵਲੋਂ ਮੰਨੇ ਗਏ ਬਾਕੀ ਦੁਸ਼ਮਣਾਂ ਦੀ ਦੁਸ਼ਮਣੀ ਦੀ ਤਹਿ ਤੱਕ ਜਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਉਹ ਇਸ ਦੇ ਦੁਸ਼ਮਣ ਨਹੀਂ ਬਲਕਿ ਇਸ ਦੇ ਹੰਕਾਰ ਅਤੇ ਗੈਰ ਸਿਧਾਂਤਕ ਪੈਂਤੜੇ ਨੇ ਉਨ੍ਹਾਂ ਨੂੰ ਖ਼ੁਦ ਇਸ ਨੇ ਦੁਸ਼ਮਣ ਬਣਾਇਆ ਹੈ। ਹੋਰ ਵੇਖੋ ‘‘ਰੋਸ ਨਾ ਕੀਜੈ ਉਤਰ ਦੀਜੈ’’ ਦੀ ਤੁਕ ਸੁਣਾ ਕੇ ਜਿਹੜਾ ਦੂਸਰਿਆਂ ਦਾ ਔਗੁਣਾ ਪ੍ਰਗਟ ਕਰਦਾ ਹੈ ਕਿ ਉਹ ਉਤਰ ਨਾ ਦੇ ਕੇ ਉਸਾਰੂ ਸੰਵਾਦ ਰਚ ਕੇ ਮਸਲੇ ਹਲ ਕਰਨ ਦੀ ਥਾਂ ਹੈਦਰੀ ਨਾਹਰੇ ਮਾਰਕੇ ਸੱਚ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ ਪਰ ਖ਼ੁਦ ਹੀ 18 ਅਪ੍ਰੈਲ ਦੀ ਨਿਜੀ ਡਾਇਰੀ ਵਿੱਚ ਲਿਖ ਰਿਹਾ ਹੈ ਕਿ ਉਸ (ਸੌਦਾ ਸੰਪਾਦਕ) ਨੇ ਉਨ੍ਹਾਂ ਦੇ ਜਵਾਬ ਕਦੀ ਨਹੀਂ ਦਿੱਤੇ। ਇਹ ਹੀ ਤਾਂ ਬਚਿੱਤਰ ਨਾਟਕੀਏ ਦਾ ਨਾਟਕ ਹੈ ਕਿ ਆਪਣੇ ਔਗੁਣਾਂ ਨੂੰ ਗੁਣ ਅਤੇ ਦੂਸਰਿਆਂ ਦੇ ਗੁਣਾਂ ਨੂੰ ਕਿਸੇ ਤਰ੍ਹਾਂ ਔਗੁਣ ਪ੍ਰਗਟ ਕਰਨ ਦਾ ਯਤਨ ਕਰਦਾ ਹੈ।


ਅਪ੍ਰੈਲ ਦਾ ਸਾਰਾ ਮਹੀਨਾ ਛੁੱਟੀ ਲੈ ਕੇ ਆਪਣੇ ਕਿਸੇ ਵਿਸਵਾਸ਼ ਪਾਤਰ ਨੂੰ ਨਾਲ ਲੈ ਕੇ ਕਿਸੇ ਅਗਿਆਤ ਥਾਂ ’ਤੇ ਇਕਾਂਤਵਾਸ ਲਈ ਚਲੇ ਜਾਣ ਦੇ ਬਚਿੱਤਰ ਨਾਟਕ ਦੀ ਅਸਲੀਅਤ ਵੀ ਵੇਖੋ। 2008 ਵਿੱਚ ਜਦੋਂ ਰਵੀਦਾਸੀਏ ਭਾਈਚਾਰੇ ਨੇ ਇਸ ਵਿਰੁੱਧ ਧਾਰਾ 295ਏ ਅਧੀਨ ਕੇਸ ਦਰਜ਼ ਕਰਵਾਇਆ ਸੀ ਤਾਂ ਉਸ ਵਕਤ ਵੀ ਸਤਿੰਦਰ ਸਿੰਘ ਬੈਂਸ ਨੂੰ ਕਾਰਜਕਾਰੀ ਸੰਪਾਦਕ ਬਣਾ ਕੇ ਇਹ ਇਕਾਂਤਵਾਸ ’ਚ ਗਿਆ ਸੀ ਪਰ ਹਾਈਕੋਰਟ ’ਚੋਂ ਜਮਾਨਤ ਮਿਲ ਜਾਣ ’ਤੇ ਅਚਾਨਕ ਪ੍ਰਗਟ ਹੋ ਗਿਆ ਸੀ। ਉਸੇ ਤਰ੍ਹਾਂ ਹੁਣ 8 ਅਪ੍ਰੈਲ ਦੀ ਰਾਤ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਮੁਕੱਦਮਾ ਦਰਜ਼ ਕਰਨ ਪਿੱਛੋਂ ਇਹ ਸੁਖਦੇਵ ਸਿੰਘ ਨੂੰ ਕਾਰਜਕਾਰੀ ਸੰਪਾਦਕ ਬਣਾ ਕੇ ਮੁੜ ਅਖੌਤੀ ਇਕਾਂਤਵਾਸ ’ਚ ਚਲਾ ਗਿਆ ਹੈ ਅਤੇ ਪ੍ਰਗਟ ਉਸ ਸਮੇਂ ਹੀ ਹੋਵੇਗਾ ਜਦੋਂ ਇਸ ਨੂੰ ਜਮਾਨਤ ਮਿਲ ਗਈ ਜਾਂ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਵੈਸੇ ਇਸ ਦੇ ਇਕਾਂਤਵਾਸ ਦਾ ਪਰਦਾ ਤਾਂ ਉਸ ਸਮੇਂ ਹੀ ਫਾਸ ਹੋ ਜਾਂਦਾ ਹੈ ਜਦੋਂ ਕਿ 20 ਅਪ੍ਰੈਲ ਤੱਕ ਇਸ ਦੀਆਂ ਸੰਪਾਦਕੀਆਂ ਅਤੇ ਨਿਜੀ ਡਾਇਰੀਆਂ ਆਮ ਵਾਂਗ ਛਪ ਰਹੀਆਂ ਸਨ।


ਜਿਸ ਤਰ੍ਹਾਂ ਹੁਣ ਤੱਕ ਸਿੱਖ ਪੰਥ ਇਹ ਨਹੀਂ ਸਮਝ ਸਕਿਆ ਕਿ ਬਚਿੱਤਰ ਨਾਟਕ ਦਾ ਲਿਖਾਰੀ ਕੌਣ ਹੈ? ਅਤੇ ਉਸ ਵਲੋਂ ਗੁਰੂ ਨਿੰਦਿਆ ਕੀਤੇ ਜਾਣ ਦੇ ਬਾਵਜ਼ੂਦ ਉਸ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਉਂ ਮੰਨਿਆ ਜਾ ਰਿਹਾ ਹੈ? ਉਸੇ ਤਰ੍ਹਾਂ ਸੌਦਾ ਸੰਪਾਦਕ ਵਲੋਂ ਜਾਗ੍ਰਿਤ ਕੀਤੇ ਗਏ ਪਾਠਕ ਹੁਣ ਤੱਕ ਇਹ ਨਹੀਂ ਸਮਝ ਸਕੇ ਕਿ ਸਪੋਕਸਮੈਨ ਦਾ ਮਾਲਕ ਕੌਣ ਹੈ? ਪ੍ਰਬੰਧਕ ਕੌਣ ਹਨ? ਅਤੇ ਇਸ ਦੀ ਨੀਤੀ ਕੀ ਹੈ? ਇਸ ਦੇ ਕਈ ਖੁਸ਼ਾਮਦੀਆਂ ਦੇ ਪੱਤਰ ਅਖ਼ਬਾਰ ਵਿੱਚ ਛਪਦੇ ਰਹਿੰਦੇ ਹਨ ਤੇ ਇਸ ਦੀਆਂ ਸਾਰੀਆਂ ਸੰਪਾਦਕੀਆਂ ਅਤੇ ਖਾਸਕਰ ਨਿਜੀ ਡਾਇਰੀਆਂ ਨੂੰ ਇੱਕ ਪੁਸਤਕ ਦਾ ਰੂਪ ਦਿੱਤਾ ਜਾਵੇ ਤਾਂ ਕਿ ਪਾਠਕ ਉਨ੍ਹਾਂ ਨੂੰ ਹਵਾਲੇ ਦੇ ਤੌਰ ’ਤੇ ਸਾਂਭ ਕੇ ਰੱਖਣ ਸਕਣ ਅਤੇ ਲਾਭ ਉਠਾਉਣ। ਜੇਕਰ ਸੌਦਾ ਸੰਪਾਦਕ ਜੀ ਇਹ ਸ਼ੁਭ ਕੰਮ ਕਰ ਦਿੰਦੇ ਹਨ ਤਾਂ ਸ਼ਾਇਦ ਇਸ ਦੇ ਬਚਿੱਤਰ ਨਾਟਕੀਏ ਰੂਪ ਤੋਂ ਪਰਦਾ ਉਠਾਉਣ ਵਿੱਚ ਜਲਦੀ ਸਫ਼ਲਤਾ ਪ੍ਰਾਪਤ ਹੋ ਸਕੇ ਕਿਉਂਕਿ ਹੁਣ ਹਰ ਇੱਕ ਵਿਅਕਤੀ ਕੋਲ ਇਸ ਦੇ ਪੁਰਾਣੇ ਅਖ਼ਬਾਰ ਅਤੇ ਰਸਾਲੇ ਉਪਲਬਧ ਨਾ ਹੋਣ ਕਰਕੇ ਇਸ ਦੀ ਅਸਲੀਅਤ ਨੂੰ ਸਮਝ ਨਹੀਂ ਸਕਦਾ ਪਰ ਜਦੋਂ ਦਿਆਨਤਦਾਰੀ ਨਾਲ ਇਸ ਨੇ ਪੁਸਤਕ ਦਾ ਰੂਪ ਦੇ ਦਿੱਤਾ ਤਾਂ ਇਸ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਕਾਫ਼ੀ ਅਸਾਨੀ ਹੋ ਸਕਦੀ ਹੈ। ਬਸ਼ਰਤੇ ਕਿ ਇਹ ਉਸ ਵਿੱਚ ਉਸ ਤਰ੍ਹਾਂ ਸੋਧਾਂ ਨਾ ਕਰੇ, ਜਿਸ ਤਰ੍ਹਾਂ ਦਾ ਦੋਸ਼ ਇਹ ਸ਼੍ਰੀ ਚੰਦੀਆਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਧਾਂ ਕਰਨ ਦਾ ਲਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top