Main News Page

ਸ੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਵੱਲੋਂ ਕੌਮ ਨਾਲ ਧ੍ਰੋਹ

ਐ ਦਸ਼ਮੇਸ਼ ! ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ, ਸੇਵਕਾਂ ਦੀ ਕੌਮ ਮੰਗਦੀ ਹੈ ਜਥੇਦਾਰੀਆਂ ,

ਦੁਸ਼ਮਣਾ ਤੇ ਕੀ ਗਿਲਾ ਈ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿਤੀਆਂ ਤੇਰੇ ਸਰਦਾਰਾਂ ਖੁਦ ਸਰਦਾਰੀਆਂ ।

ਜਦੋਂ ਜਾਗਰੂਕ ਸਿਖਾਂ ਨੇ ਮੀਡੀਏ ਰਾਹੀਂ ਗੁਰ ਬਿਲਾਸ ਪਾਤਸ਼ਾਹੀ ੬ ਵੀਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਸੀ ਤਾਂ ਇੱਕ ਤੁਫਾਨ ਖੜਾ ਕਰ ਦਿਤਾ ਅਤੇ ਲੋਕਾਂ ਨੂੰ ਇਸ ਸੱਚ ਦੇ ਵਿਰੁੱਧ ਝੂਠ ਦੀ ਧੂੜ ਉਡਾ ਕੇ ਸੱਚ ਤੋਂ ਵਾਂਝਿਆਂ ਰੱਖਣ ਦਾ ਯਤਨ ਕੀਤਾ ਗਿਆ। ਜਥੇਦਾਰਾਂ ਨੇ ਵੀ ਸੱਚ ਨੂੰ ਛੁਪਾਉਣ ਲਈ ਕਾਫੀ ਝੂਠ ਦੀ ਖੇਹ ਉਡਾਈ। ਲੇਕਿਨ ਸੱਚ ਪਸੰਦ ਲੋਕਾਂ ਨੇ ਗੁਰਸਿਖਾਂ ਦੇ ਮੋਢੇ ਨਾਲ ਮੋਢਾ ਜੋੜ ਦਿਤਾ ਵਿਦਾਂਤੀ ਵਰਗੇ ਜਥੇਦਾਰਾਂ ਦਾ ਸਾਰਾ ਜੋਰ ਲਗ ਜਾਣ ਤੋਂ ਬਾਅਦ ਵੀ ਸਚ ਛੁਪਿਆ ਨਾਂ ਸਗੋਂ ਗੁਰਸਿਖਾਂ ਦੇ ਉੱਦਮ ਸਦਕਾ ਇੱਕ ਲਹਿਰ ਬਣ ਕੇ ਉਬਰਿਆ। ਪੂਰੀ ਦੁਨੀਆਂ ਦੇ ਜਾਗਰਿਤ ਲੋਕਾਂ ਨੇ ਤਹੱਈਆ ਕਰ ਲਿਆ ਕੇ ਅਸੀਂ ਕੌਮ ਨਾਲ ਹੋ ਰਹੇ ਧੋਖੇ ਬਾਰੇ ਦਸਾਂਗੇ। ਹੋਰ ਬਹੁਤਾ ਕੁਛ ਅਸੀਂ ਨਹੀ ਕਹਿਣਾ ਚਾਹੁੰਦੇ ਗੁਰਮਤਿ ਪ੍ਰਚਾਰ ਲਹਿਰ ਦੀ ਦੇਣ ਬਾਬਤ ਲੋਕਾਂ ਸਾਹਮਣੇ ਭਾਂਵੇ ਜਥੇਦਾਰ ਤੇ ਠੱਗ ਸਾਧਾਂ ਦਾ ਟੋਲਾ ਗਾਹੇ ਬਗਾਹੇ ਝੂਠਲਾਉਣ ਦਾ ਜੋਰ ਲਗਾਉਂਦਾ ਰਹਿਦਾ ਹੈ। ਪਰ ਗੁਰੂਬਾਣੀ ਗਿਆਨ ਦੀ ਅਗਵਾਈ ਵਿੱਚ ਇਹ ਸੱਚ ਦਾ ਕਾਫਲਾ ਅਪਣੀ ਚਾਲ ਚਲਦਾ ਜਾ ਰਿਹਾ ਹੈ ਰੱਬ ਕਰੇ ਇਹ ਇਵੇਂ ਹੀ ਚਲੇ।

ਦੂਜੇ ਪਾਸੇ ਢੀਠਤਾਈ ਨੇ ਵੀ ਸਿਖਰਾਂ ਛੂਹ ਲਈਆਂ ਹਨ ਪਿਛਲੇ ਬੀਤੇ ਸ੍ਰੋਮਣੀ ਕਮੇਟੀ ਵਲੋਂ ਛਪੀ ਕਿਤਾਬ ਸਿਖ ਇਤਿਹਾਸ (ਛਪੀ ਭਾਂਵੇ ਪਹਿਲਾਂ ਦੀ ਹੋਈ ਹੈ) ੨੦੦੭-੦੮ ਵਿੱਚ ਸਾਹਮਣੇ ਆ ਗਈ। ਜਥੇਦਾਰਾਂ ਝੱਟ ਕਮੇਟੀ ਬਣਾ ਕੇ ਸੱਤ ਦਿਨਾਂ ਵਿੱਚ ਰਿਪੋਰਟ ਦੇਣ ਨੂੰ ਕਹਿ ਦਿਤਾ ਤੇ ਹੋਰ ਊਟ ਪਟਾਂਗ ਬਿਆਨ ਵੀ ਦਿਤੇ। ਪਰ ਸਤ ਦਿਨ ਬੀਤਣ ਤੋਂ ਬਾਂਅਦ ਹੁਣ ਤੱਕ ਵੀ ਕੋਈ ਜਵਾਬ ਨਹੀਂ ਆਇਆ। ਹੁਣ ਇਹ ਸਮੇਤ ਧੂਮੇ ਵਰਗੇ ਸਾਧਾਂ ਦੇ ਸਾਰੀ ਕੂੜ ਮੰਡਲੀ ਕਹਿਦੀ ਹੈ ਕਿ ਇਹ ਨਾਸਤਿਕਾਂ ਦਾ ਟੋਲਾ ਨਿਤ ਨਵੇਂ ਝਗੜੇ ਖੜੇ ਕਰਦਾ ਹੈ। ਅਸੀਂ ਪੁਛਦੇ ਹਾਂ ਇਹਨਾਂ ਲੋਕਾਂ ਨੂੰ, ਝੂਠ ਨੰਗਾ ਕਰਨਾ ਸੱਚ ਦੱਸ ਕੇ ਲੋਕਾਂ ਨੂੰ ਜਾਗਰਿਤ ਕਰਨਾ ਕੀ ਝਗੜਾ ਹੈ। ਕੀ ਬਾਬਾ ਨਾਨਕ ਜੀ ਬਾਰੇ ਵੀ ਤੁਸੀ ਇਹੀ ਸੋਚ ਰਖੀ ਹੈ। ਬੇਈਮਾਨ ਤੇ ਝੂਠੇ ਜਥੇਦਾਰਾਂ ਤੇ ਸਾਧਾਂ ਨੂੰ ਹਾਲੇ ਵੀ ਜਿਹੜੇ ਲੋਕ ਸਿਰੋਪੇ ਦਿੰਦੇ ਤੇ ਪ੍ਰੋਗਰਾਮਾਂ ਤੇ ਸਦਦੇ ਹਨ ਜਾਂ ਇਸ ਸੱਚ ਤੋਂ ਬਾਅਦ ਵੀ ਸੱਦਣਗੇ ਉਹ ਸਾਰੇ ਵੀ ਪਾਪੀ ਅਖਵਾਉਣਗੇ। ਗੁਰੁ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਕਰਤੂਤ ਨਾ ਮੁਆਫੀ ਯੋਗ ਹੈ। ਸਿਖੋ ਜਿਹੜਾ ਤੁਹਾਡੇ ਗੁਰੁ ਦੀ ਬੇਇਜਤੀ ਕਰੇ ਤੇ ਕਰਵਾਵੇ ਉਹ ਤੁਹਾਡਾ ਕੀ ਲਗਦਾ ਹੈ। ਕੀ ਲੋਕੋ ਤੁਹਾਡੀ ਜ਼ਮੀਰ ਮਰ ਗਈ ਹੈ ਤੁਸੀ ਹਾਲੇ ਵੀ ਜਥੇਦਾਰਾਂ ਤੇ ਸਾਧਾਂ ਦੇ ਪਿਛਲੱਗ ਬਣੇ ਸਿਰੋਪੇ ਦੇ ਰਹੇ ਹੋ। ਸਿਆਸਤ ਗੰਦੀ ਹੈ ਪਰ ਲਗਦਾ ਹੈ ਅਸੀਂ ਸਿਆਸਤ ਤੋਂ ਵੀ ਗੰਦੇ ਹਾਂ ਜੋ ਸੱਚ ਸਮਝਦੇ ਹੋਏ ਵੀ ਝੂਠਿਆਂ ਦਾ ਖਹਿੜਾ ਨਹੀਂ ਛਡ ਰਹੇ। ਸਿਖ ਨੂੰ ਗੁਰੂ ਤੇ ਗੁਰੁ ਦਾ ਪੰਥ ਪਿਆਰਾ ਹੈ ਬੰਦੇ ਜਾਂ ਲੋਕ ਲੱਜ ਨਹੀਂ। ਬਾਕੀ ਤੁਸੀਂ ਆਪ ਦੇਖੋ ਇਹ ਕਰਤੂਤ ਇਹਨਾਂ ਪੰਥ ਪ੍ਰਸਤਾਂ ਦੀ ਹਿੰਦੀ ਚ ਛਾਪੀ ਕਿਤਾਬ ਸਿਖ ਇਤਿਹਾਸ। ਕਿਤਾਬ ਦੇ ਪੰਨੇ ਵੀ ਅਤੇ ਉਹੀ ਭਾਸ਼ਾ ਜੋ ਵਰਤੀ ਗਈ ਤੁਹਾਡੇ ਸਾਹਮਣੇ ਹੈ। ਇਹ ਸਾਰਾ ਕੁੱਝ ਜੋ ਲਿਖਿਆ ਹੈ ਇਹ ਇਤਿਹਾਸ ਦੇ ਉਲਟ ਹੈ ਗਲਤ ਹੈ, ਜਵਾਬ ਤੁਸੀਂ ਮੰਗੋ ਇਹਨਾਂ ਝੂਠਿਆਂ ਕੋਲੋਂ।

੧. ਸਤਿਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੁ ਗੋਬਿੰਦ ਸਿੰਘ ਜੀ ਤੱਕ ਕਿਸੇ ਨੂੰ ਵੀ ਗੁਰੁ ਜਾਂ ਸਤਿਕਾਰ ਦੀ ਭਾਵਨਾ ਨਾਲ ਨਹੀਂ ਲਿਖਿਆ। ਗੁਰੂ ਜੀ ਜੋਤੀ ਜੋਤ ਸਮਾਏ ਦੀ ਜਗਾ ਮੌਤ ਹੋਈ ਜਾਂ ਮਾਰ ਦਿਤਾ ਲਿਖਿਆ ਹੈ।

੨. ਇੱਕ ਮੁਸਲਮਾਨ ਨਾਨਕ ਦਾ ਗੁਰੂ ਸੀ। (ਪੰਨਾ-੭੧)

੩. ਮੁਗਲਾਂ ਨੂੰ ਨਾਨਕ ਭਾਰਤ ਲੈ ਕੇ ਆਇਆ। (ਪੰਨਾ-੭੨)

੪. ਅਦਿ ਗ੍ਰੰਥ ਵਿੱਚ ਨਾਨਕ ਦੀਆਂ ਬਹੁਤ ਕਵਿਤਾਵਾਂ ਹਨ। (ਪੰਨਾ-੭੪)

੫. ਨਾਨਕ ਨੇ ਸਵਦੇਸ਼ਵਾਸੀਆਂ ਦਾ ਮਤ ਹੀ ਧਾਰਨ ਕੀਤਾ ਸੀ। ਕਿਉਂਕਿ ਉਹ ਸੋਚਦੇ ਸਨ ਪਿਤਾ ਪੁਰਖੀ ਰਵਾਇਤਾਂ ਦ੍ਰਿੜ ਕਰਨ ਨਾਲ ਆਤਮਾ ਸ਼ਕਤੀ ਪਾਉਂਦੀ ਹੈ ਤੇ ਪਾਪ ਮੁਕਤ ਹੁੰਦੀ ਹੈ। (ਪੰਨਾ-੭੭)

੬. ਪੌਰਾਣਿਕ ਗੱਲਾਂ ਦਾ ਨੈਤਿਕ ਵਿਵਹਾਰ ਕਰਦੇ ਸੀ। (ਪੰਨਾ-੮੦)

੭. ਨਾਨਕ ਹਿੰਦੂਆਂ ਦੇ ਗਿਆਨ ਦਾ ਖੁਲਾਸਾ (ਉਲੇਖ) ਕਰਦੇ ਸੀ। (ਪੰਨਾ-੮੦)

੮. ਨਾਨਕ ਦੀ ਆਤਮਾ ਅੰਗਦ ਵਿੱਚ ਪ੍ਰਵੇਸ਼ ਕੀਤਾ ਇਹ ਗੱਪ ਹੈ ਲੇਕਿਨ ਸਿਖ ਮੰਨਦੇ ਹਨ। (ਪੰਨਾ-੮੬)

੯. ਨਾਨਕ ਨੇ ਹਿੰਦੂਆਂ ਦੇ ਸਮਾਜਿਕ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਸਿਖਾਂ ਦਾ ਅਦਾਲਤ ਜਾਂ ਫੌਜਦਾਰੀ ਸੰਬੰਧੀ ਕੋਈ ਕਨੂੰਨ ਨਹੀਂ ਸੀ। (ਪੰਨਾ-੮੫)

੧੦. ਗੁਰੂ ਅੰਗਦ ਸਾਹਿਬ ਬਾਰੇ ਬਹੁਤਾ ਵਿਸਥਾਰ ਨਹੀਂ ਮਿਲਦਾ। (ਪੰਨਾ-੮੮)

੧੧. ਤੀਜੇ ਗੁਰੂ ਦਾ ਇੱਕ ਪੁਤਰ ਤੇ ਇੱਕ ਧੀ ਸੀ। (ਪੰਨਾ-੯੦)

੧੨. ਨਾਨਕ ਨੇ ਸਤੀ ਪ੍ਰਥਾ ਛੁਡਾਈ ਸੀ ਅਤੇ ਵਿਧਵਾ ਵਿਆਹ ਦਾ ਉਪੇਸ਼ ਦਿਤਾ ਸੀ ਲੇਕਿਨ ਨਾਨਕ ਨੇ ਕੋਈ ਖਾਸ ਨਿਯਮ ਨਹੀ ਬਣਾਇਆ ਸੀ। ਬਾਅਦ ਵਿੱਚ ਅਕਬਰ, ਜਹਾਂਗੀਰ ਅਤੇ ਅੰਗਰੇਜਾਂ ਨੇ ਇਸ ਨੂੰ ਨਾਸ਼ ਕੀਤਾ। (ਪੰਨਾ-੯੦)

੧੩. ਗੁਰੂ ਰਾਮਦਾਸ ਜੀ ਨੂੰ ਸੋਢੀ ਦੀ ਜਗਾ ਸੋਧੀ ਲਿਖਿਆ ਹੈ। (ਪੰਨਾ-੯੦)

੧੪. ਰਾਮਦਾਸ ਸਿਖ ਗੁਰੂਆਂ ਵਿਚੋਂ ਸ੍ਰੇਸਟ ਅਤੇ ਸ਼ਰਧਾ ਵਾਲੇ ਸੀ। ਲੋਕਾਂ ਦੇ ਗ੍ਰਹਿਣ ਕਰਨ ਲਾਇਕ ਕੋਈ ਠੋਸ ਨਿਯਮ ਜਾਂ ਨੀਤੀ ਦਾ ਉਹਨਾ ਨੇ ਕੋਈ ਵਿਧਾਨ ਨਹੀਂ ਬੰਨਿਆਂ। (ਪੰਨਾ-੯੧)

੧੫. ਇਸ ਵਿੱਚ ਸ਼ੱਕ ਹੈ ਕਿ ਰਾਮਦਾਸ ਦੇ ਦੋ ਪੁਤਰ ਸੀ ਜਾਂ ਤਿੰਨ। ਪਰ ਪ੍ਰਿਥੀ ਚੰਦ (ਬਨਾਮ ਭਾਰਤ ਮੱਲ, ਧੀਰਮੱਲ) ਅਰਜੁਨ, ਮਹਾਦੇਵ ਤਿੰਨ ਪੁਤਰਾਂ ਦਾ ਵਿਸਥਾਰ ਮਿਲਦਾ ਹੈ। (ਪੰਨਾ-੯੧)

੧੬. ਇਸ ਵਿੱਚ ਵੀ ਸ਼ੱਕ ਹੈ ਕਿ ਅਰਜੁਨ ਤੇ ਪ੍ਰਿਥੀ ਚੰਦ ਵਿਚੋਂ ਵੱਡਾ ਕੌਣ ਤੇ ਛੋਟਾ ਕੋਣ ਸੀ। ਇੱਕ ਗੱਲ ਪੱਕੀ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਪ੍ਰਿਥੀ ਚੰਦ ਨੇ ਗੱਦੀ ਤੇ ਦਾਅਵਾ ਨਹੀਂ ਕੀਤਾ। ਭਾਈ (ਅਰਜੁਨ) ਦੀ ਮੌਤ ਤੋਂ ਬਾਅਦ ਗੱਦੀ ਲਈ ਜਿਦ ਕੀਤੀ ਅਰਜੁਨ ਨੂੰ ਵਿਸ ਦੇਣ ਦੀ ਚੇਸਟਾ ਦੇ ਕਾਰਨ ਦੋਸ਼ੀ ਸਾਰਿਆਂ ਨੇ ਮੰਨਿਆਂ। (ਪੰਨਾ-੯੨)

੧੭. ਚੰਦੂ ਵੱਲੋਂ ਰਿਸ਼ਤੇ ਸਮੇਂ ਕਹੀਆਂ ਗੱਲਾਂ ਸੁਣ ਕੇ ਅਰਜੁਨ ਬਹੁਤ ਕ੍ਰੋਧਿਤ ਹੋਏ। (ਪੰਨਾ-੯੪)

੧੮. ਗੁਰਦਾਸ ਦੀ ਧਰਮ ਨਿਪੁੰਨ ਸਿਖਿਆ ਦੇ ਕਠੋਰ ਪਰ ਫਿਰ ਵੀ ਪਿਆਰ ਵਾਲੇ ਵਿਧਾਨ ਆਦਿ ਗ੍ਰੰਥ ਵਿੱਚ ਨਾ ਮਿਲਾਏ। (ਪੰਨਾ-੯੬)

੨੦. ਅਰਜੁਨ ਦੀ ਮੌਤ ਤੋਂ ਬਾਅਦ ਪ੍ਰਿਥੀ ਚੰਦ ਨੇ ਗੱਦੀ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਸਿਖਾਂ ਨੇ ਜਲਦੀ ਅਰਜੁਨ ਦੇ ਪੁਤਰ ਨੂੰ ਗੱਦੀ ਤੇ ਬਿਠਾ ਦਿਤਾ? (ਪੰਨਾ-੯੭)

੨੧. ਗੁਰਦਾਸ ਅਰਜੁਨ ਦੇ ਸਹਾਇਕ (ਕਾਰਕ) ਸੀ, ਉਹ ਹੰਕਾਰ ਅਤੇ ਮਾਣ ਕਰਨ ਕਾਰਨ ਗੁਰੂ ਦੇ ਮਨੋਂ ਲੱਥ ਗਏ ਸੀ, ਇਸ ਲਈ ਗੁਰੁ ਨੇ ਉਹਨਾਂ ਦੇ ਉਪਦੇਸ਼ ਨੂੰ ਆਦਿ ਗ੍ਰੰਥ ਵਿੱਚ ਨਾ ਮਿਲਾਇਆ। ਸਿਖ ਲੋਕ ਇੱਕ ਹੋਰ ਗੱਲ ਕਹਿੰਦੇ ਹਨ ਕਿ ਗੁਰਦਾਸ ਆਪਨੀ ਨੀਚਤਾ ਅਤੇ ਦੋਸ਼ ਨੂੰ ਸਵੀਕਾਰ ਕੀਤਾ ਸੀ। ਫਿਰ ਅਰਜੁਨ ਨੇ ਕਿਹਾ ਕਿ ਤੇਰੀ ਰਚਨਾ ਵੀ ਗ੍ਰੰਥ ਵਿੱਚ ਮਿਲਾਈ ਜਾਏਗੀ ਤਾਂ ਗੁਰਦਾਸ ਨੇ ਮਨਾਂ ਕਰ ਦਿਤਾ। ਫਿਰ ਗੁਰਦਾਸ ਇਨਾ ਨਿਮ੍ਰ ਹੋਇਆ ਕਿ ਗੁਰੁ ਨੇ ਕਿਹਾ ਕੁਛ ਵੀ ਹੋਵੇ ਸਿਖ ਤੇਰੀ ਬਾਣੀ ਵੀ ਪੜਨਗੇ। (ਪੰਨਾ੯੭-੯੮)

੨੨. ਹਰਿਗੋਬਿੰਦ ਨੇ ਜੋ ਨਵੀਂ ਨੀਤੀ ਚਲਾਈ ਉਸ ਨਾਲ ਪ੍ਰਚਲਿਤ ਰੀਤ-ਨੀਤ, ਅਚਾਰ-ਪਧਤੀ, ਅਤੇ ਧਰਮ ਕਰਮ ਦਾ ਬਹੁਤ ਅੰਸ਼ ਬਦਲ ਗਿਆ (ਪੰਨਾ-੯੯)

੨੩. ਪਿਤਾ ਦੀ ਮੌਤ ਕਾਰਨ ਹਰਗੋਬਿੰਦ ਦੀ ਮਾਨਸਿਕ ਸਥਿਤੀ ਵਿਗੜ ਗਈ ਸੀ। (ਪੰਨਾ-੯੯)

੨੪. ਹਿੰਦੂ ਧਰਮ ਸ਼ਾਸ਼ਤਰ ਬਹੁਤ ਨੀਚ ਆਦਮੀ ਨੂੰ ਵੀ ਆਤਮ-ਰੱਖਿਅਕ ਲਈ ਉਪਦੇਸ ਦਿੰਦਾ ਹੈ। ਹਰਗੋਬਿੰਦ ਮਨੂੰ ਦੇ ਉਪਦੇਸ ਜਾਣਦੇ ਸੀ। ਹਿੰਦੂ ਧਰਮ ਸ਼ਾਸਤਰ ਦੇ ਉਸ ਪ੍ਰਭਾਵ ਨੇ ਉਹਨਾ ਦੇ ਮਨ ਵਿੱਚ ਬਹੁਤ ਜੋਰ ਪਾਇਆ ਸੀ ਅਤੇ ਉਹ ਵੀ ਆਤਮ-ਰੱਖਿਆ ਲਈ ਤਿਆਰ ਹੋ ਗਏ ਸੀ। (ਪੰਨਾ-੯੯)

੨੫. ਨਾਨਕ ਨੇ ਮਾਸ ਦਾ ਤਿਆਗ ਕੀਤਾ ਸੀ, ਪਰ ਹਰਿਗੋਬਿੰਦ ਨੇ ਸ਼ਿਕਾਰ ਵੀ ਕੀਤਾ ਅਤੇ ਮਾਸ ਵੀ ਖਾਧਾ। (ਪੰਨਾ-੯੯)

੨੬. ਜਹਾਂਗੀਰ ਦੇ ਰਾਜ ਵਿੱਚ ਥੋੜੀ ਬਹੁਤੀ ਅਜ਼ਾਦੀ ਪਾ ਲੈਣ ਤੋਂ ਬਾਅਦ ਵੀ ਹਰਿਗੋਬਿੰਦ ਦਾ ਉਦੇਸ਼ ਪੂਰੀ ਤਰਾਂ ਸਫਲ ਨਹੀਂ ਹੋਇਆ ਭਗੌੜੇ ਅਤੇ ਅਪਰਾਧੀਆਂ ਨੂੰ ਹਰਿਗੋਬਿੰਦ ਸਿਖ ਰੂਪ ਵਿੱਚ ਲੈ ਕੇ ਦਲ ਵਿੱਚ ਰਲਾ ਲੈਂਦੇ ਸੀ। (ਪੰਨਾ-੧੦੦)

੨੭. ਇੱਕ ਅਸਤਬਲ ਵਿੱਚ ਹਰਿਗੋਬਿੰਦ ਦੇ ਅੱਠ ਸੌ ਘੋੜ ਸਵਾਰ ਸੀ। ਤਿੰਨ ਸੌ ਸਿਖ ਸਵਾਰ ਸਦਾ ਤਿਆਰ ਰਹਿੰਦੇ ਸੀ। ਜਦੋਂ ਹਰਿਗੋਬਿੰਦ ਨੂੰ ਕਦੀ ਮਾਰੇ ਜਾਣ ਦਾ ਸੋਚ ਕੇ ਮਨ ਵਿੱਚ ਬਹੁਤ ਡਰ ਜਾਂਦੇ ਤਾਂ ਸੱਠ ਬੰਦੂਕ ਧਾਰੀ ਉਹਨਾ ਦੀ ਰੱਖਿਆ ਲਈ ਨਿਯੁਕਤ ਹੁੰਦੇ ਸੀ। (ਪੰਨਾ-੧੦੦)

੨੮. ਬਾਬਾ ਬੁਢਾ ਜੀ ਨੂੰ ਬੁਧਾ ਲ਼ਿਖਿਆ ਹੈ। ਪੁਤਰ ਨਾ ਹੋਣ ਕਾਰਨ ਇੱਕ ਵਾਰ ਅਰਜੁਨ ਦੀ ਇਸਤਰੀ ਉਸ ਕੋਲ ਅਸ਼ੀਰਵਾਦ ਲੈਣ ਗਈ ਪਰ ਉਸਨੇ ਨਜ਼ਰ ਨਾ ਫੇਰੀ ਕਿਉਂਕਿ ਉਹ ਠਾਠ ਨਾਲ ਗਈ ਸੀ। ਫਿਰ ਇਸ ਤੋਂ ਬਾਅਦ ਨੰਗੇ ਪੈਰੀਂ ਇਕੱਲੀ ਗਈ ਤਾਂ ਅਸ਼ੀਰਵਾਦ ਦਿਤਾ। (ਪੰਨਾ-੧੦੧)

੨੯ ਇੱਕ ਵਾਰ ਬਾਦਸ਼ਾਹ ਨਾਲ ਹਰਿਗੋਬੰਦ ਦਾ ਝਗੜਾ ਹੋ ਗਿਆ ਕਿਉਂਕਿ ਉਹ ਸਿਪਾਹੀਆਂ ਦੀ ਤਨਖਾਹ ਦੇ ਰੁਪਈਏ ਆਪ ਰਖਣਾ ਚਹੁੰਦੇ ਸਨ। (ਪੰਨਾ-੧੦੨)

੩੦. ਜਹਾਂਗੀਰ ਦੀ ਮੌਤ ਦੇ ਬਾਅਦ ਹਰਿਗੋਬਿੰਦ ਮੁਸਲਮਾਨ ਬਾਦਸ਼ਾਹ ਦੇ ਅਧੀਨ ਹੀ ਕੰਮ ਕਰਨ ਲਗੇ। (ਪੰਨਾ-੧੦੩)

੩੧. ਇੱਕ ਸਿਖ ਘੋੜੇ ਲੈ ਕੇ ਅਇਆ ਰਸਤੇ ਵਿੱਚ ਬਾਦਸ਼ਾਹ ਦੀ ਸੰਪਤੀ ਸਮਝ ਘੋੜੇ ਮੁਗਲ ਸਿਪਾਹੀਆਂ ਖੋਹ ਲਏ। ਇੱਕ ਘੋੜਾ ਲਹੌਰ ਦੇ ਕਾਜ਼ੀ ਨੂੰ ਪੁਰਸਕਾਰ ਰੂਪ ਵਿੱਚ ਮਿਲਿਆ। ਗੁਰੂ ਨੇ ਘੋੜਾ ਖਰੀਦਣ ਦਾ ਛਲ ਕਰਕੇ ਫਿਰ ਉਸਦਾ ਉਧਾਰ ਕੀਤਾ। ਸਿਖ ਲੋਕ ਕਹਿੰਦੇ ਹਨ ਕਿ ਕਾਜ਼ੀ ਦੀ ਲੜਕੀ ਅਤੇ ਮੁਸਲਮਾਨ ਕਹਿੰਦੇ ਹਨ ਕਾਜ਼ੀ ਦੀ ਉਪ-ਪਤਨੀ ਗੁਰੁ ਉਤੇ ਮੋਹਿਤ ਹੋਈ ਅਤੇ ਗੁਰੁ ਨੇ ਉਸ ਦਾ ਅਪਹਰਣ ਕੀਤਾ। ਹੋਰ ਵੀ ਕਾਰਣ ਸੀ ਜਿਸ ਨਾਲ ਹਰਿਗੋਬਿੰਦ ਮੁਸਲਮਾਨਾਂ ਦੇ ਮਨੋਂ ਲਥ ਗਏ। ਮੁਸਲਮਾਨ ਲੜਨ ਲਈ ਤਿਆਰੀ ਕਰਨ ਲਗੇ। ਅੰਮ੍ਰਿੰਤਸਰ ਲਾਗੇ ਹਮਲਾ ਹੋਇਆ ਪਰ ਮੁਸਲਮਾਨ ਹਾਰ ਗਏ। (ਪੰਨਾ-੧੦੩)

੩੨. ਇੱਕ ਸਿਖ ਡਾਕੂ ਬਾਦਸ਼ਾਹ ਦੇ ਦੋ ਘੋੜੇ ਚੁਰਾ ਕੇ ਲੈ ਗਿਆ। ਪ੍ਰਦੇਸਿਕ ਸੈਨਾ ਨਾਲ ਫਿਰ ਝਗੜੇ ਦਾ ਕਾਰਨ ਬਣਿਆਂ। (ਪੰਨਾ-੧੦੪)

੩੩. ਹਰਿਗੋਬਿੰਦ ਫਿਰ ਦੁਬਾਰਾ ਝਗੜੇ ਵਿੱਚ ਪੈਣ ਲਈ ਹੀ ਮਾਨੋਂ ਫਿਰ ਪੰਜਾਬ ਆਏ। ਪੈਂਦੇ ਖਾਂ ਇੱਕ ਮਨੁਖ ਦੀ ਮਾਂ ਗੁਰੂ ਕੋਲ ਮਜਦੂਰੀ ਕਰਦੀ ਸੀ। ਇਸ ਇਸਤਰੀ ਨੇ ਇੱਕ ਵਾਰ ਗੁਰੂ ਦੀ ਬੜੀ ਖੁਸ਼ੀ ਪ੍ਰਾਪਤ ਕੀਤੀ। ਗੁਰੂ ਇਸ ਲਈ ਬੜਾ ਨਰਮ ਵਿਵਹਾਰ ਕਰਦੇ ਸੀ ਪੈਂਦੇ ਖਾਂ ਨਾਲ। (ਪੰਨਾ-੧੦੪)

੩੪. ਜਦੋਂ ਗੁਰੂ ਆਪਣੇ ਵਿਸ਼ਵਾਸ਼ ਪਾਤਰ ਕਿਸੇ ਮੁਸਲਮਾਨ ਭਾਈ ਨਾਲ ਕੌਤਕ ਕਰਦੇ ਜਾਂ ਕਿਸੇ ਸਬੰਧਿਤ ਦਾ ਤ੍ਰਿਸਕਾਰ ਕਰਦੇ ਸੀ ਤਾਂ ਸੁਭਾਵਿਕ ਹੀ ਉਹਨਾਂ ਦੀ ਗੁਪਤ ਸ਼ਕਤੀ ਪ੍ਰਗਟ ਹੋ ਰਹੀ ਹੁੰਦੀ ਸੀ। (ਪੰਨਾ-੧੦੬)

੩੫. ਇੱਕ ਦਿਨ ਇੱਕ ਬ੍ਰਾਹਮਣ ਨੇ ਇਸ ਤਰਾਂ ਕਹਿ ਕੇ ਹਰਿਗੋਬਿੰਦ ਦਾ ਤ੍ਰਿਸਕਾਰ ਕੀਤਾ “ਕਿ ਈਸ਼ਵਰ ਅਤੇ ਸੰਸਾਰ ਇੱਕ ਹੀ ਹੈ ਤਾਂ ਔਹ ਥੋੜੀ ਦੂਰ ਜੋ ਗਧਾ ਚਰ ਰਿਹਾ ਹੈ ਗੁਰੂ ਹੋ ਕੇ ਵੀ ਉਹ ਇਸ ਗਧੇ ਦੇ ਬਰਾਬਰ ਹੀ ਹਨ। ਹਰਿਗੋਬਿੰਦ ਹਸ ਪਏ। (ਪੰਨਾ-੧੦੭)

੩੫. ਸੁਨਿਆ ਜਾਂਦਾ ਹੈ ਕਿ ਤੇਗ ਬਹਾਦੁਰ ਪਿਤਾ ਦੀ ਤਲਵਾਰ ਪਹਿਨਣ ਦੇ ਲਾਇਕ ਨਹੀਂ ਸੀ। ਉਹਨਾਂ ਦੇ ਕੰਮਕਾਰ ਤੋਂ ਵੀ ਅਨੇਕਾਂ ਲੋਕਾਂ ਨੂੰ ਸ਼ੰਕਾ ਹੁੰਦਾ ਸੀ। (ਪੰਨਾ-੧੧੨)

36. ਕੁਛ ਦਿਨਾਂ ਬਾਅਦ ਤੇਗ ਬਹਾਦੁਰ ਨੇ ਸਤਲੁਜ ਤੇ ਹਾਂਸੀ ਦੇ ਵਿਚਕਾਰ ਜੰਗਲੀ ਹਿਸੇ ਵਿੱਚ ਆਪਣਾ ਗੁਪਤ ਵਾਸ ਬਣਾਇਆ ਉਸ ਸਮੇਂ ਉਹ ਆਪਣਾ ਅਤੇ ਆਪਣੇ ਸਿਖਾਂ ਦਾ ਨਿਰਬਾਹ ਲੁਟਖੋਹ ਅਤੇ ਡਕੈਤੀ ਦੁਆਰਾ ਕਰਦੇ ਸਨ। (ਪੰਨਾ-੧੧੪)

37. ਇਕ ਮੁਸਲਮਾਨ ਜੋ ਤੇਗ ਬਹਾਦੁਰ ਦਾ ਦੋਸਤ ਸੀ ਉਹ ਮੁਸਲਮਾਨਾਂ ਤੇ ਟੈਕਸ ਲਗਾਉਂਦਾ ਸੀ ਅਤੇ ਤੇਗ ਬਹਾਦੁਰ ਹਿੰਦੂਆਂ ਤੇ ਟੈਕਸ ਲਗਾਉਣ ਲਗ ਪਿਆ। ਇਹ ਦੋਵੇਂ ਭਗੌੜੇ ਅਤੇ ਅਪਰਾਧੀਆਂ ਨੂੰ ਆਪਣੇ ਕੋਲ ਆਸਰਾ ਦਿੰਦੇ ਸਨ। ਕੁਛ ਦਿਨਾ ਵਿੱਚ ਇਹਨਾਂ ਦਾ ਪ੍ਰਤਾਪ ਬਹੁਤ ਵਧ ਗਿਆ ਤੇ ਇਹ ਦੇਸ਼ ਦੀ ਤਰੱਕੀ ਵਿੱਚ ਇਹ ਖਾਸ ਵਿਘਨ ਬਣ ਕੇ ਖੜੇ ਹੋਏ। (ਪੰਨਾ-੧੧੨)

38. ਅਪਵਿਤਰ ਤੇ ਨਫਰਤ ਕਰਨ ਯੋਗ ਨੀਵੀਂ ਜਾਤ ਦੇ ਕੁਛ ਲੋਕ ਤੇਗ ਬਹਾਦੁਰ ਦੀ ਮਿਰਤਕ ਦੇਹ ਦਿਲੀ ਤੋਂ ਲਿਆਉਣ ਲਈ ਭੇਜੇ ਗਏ। ਮੱਖਣ ਸ਼ਾਹ ਨਾਂ ਦੇ ਜਿਸ ਆਦਮੀ ਨੇ ਮ੍ਰਿਤੂ ਗੁਰੂ ਨੂੰ ਗੁਰੂ ਮੰਨਿਆਂ ਸੀ ਉਸਦੀ ਬਹੁਤ ਇਛਾ ਨਾਲ ਸਿਖ ਲੋਕ ਗੁਰੂ ਦੀ ਮਿਰਤਕ ਦੇਹ ਦਿਲੀ ਤੋਂ ਲਿਆਉਣ ਵਿੱਚ ਸਮਰੱਥ ਹੋ ਸਕੇ। (ਪੰਨਾ-੧੧੭)

39. ਤਰੀਖ ਅਤੇ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਗੋਬਿੰਦ ਨੇ ਪੈਂਤੀ ਸਾਲ ਦੀ ਉਮਰ ਨਾ ਹੋਣ ਤੱਕ ਧਰਮ ਗੁਰੂ ਦੇ ਰੂਪ ਵਿੱਚ ਕੋਈ ਕੰਮ ਨਹੀਂ ਕੀਤਾ। (ਪੰਨਾ-੧੧੮)

੪੦. ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਹੀ ਗੋਬਿੰਦ ਮੁਸਲਮਾਨਾ ਦੇ ਵਿਰੁਧ ਸ਼ਸ਼ਤਰ ਧਾਰਨ ਕੀਤੇ। ਨਾਲ ਹੋਰ ਵੀ ਕਾਰਨ ਸੀ। (ਪੰਨਾ-੧੨੧)

੪੧. ਕਹਿੰਦੇ ਹਨ ਗੋਬਿੰਦ ਨੇ ਨੈਨਾ ਪਹਾੜ ਦੀ ਚੋਟੀ ਤੇ ਉਥੋਂ ਦੀ ਦੇਵੀ ਦੀ ਘੋਰ ਤਪੱਸਿਆ ਕੀਤੀ। (ਪੰਨਾ-੧੨੪)

੪੨. ਬ੍ਰਾਹਮਣ ਨੇ ਕਿਹਾ –ਅਸਤਰ ਸ਼ਸ਼ਤਰ ਸਜਾ ਕੇ ਗੋਬਿੰਦ ਦੇਵੀ ਦੀ ਭਗਤੀ ਲਈ ਦਰਸ਼ਨ ਦੇਵੇ। ਅਟੱਲ ਅਚੱਲ ਨਿਰਭਉ ਅਤੇ ਭਗਤੀ ਨਾਲ ਦੇਵੀ ਦੀ ਪੂਜਾ ਕਰੇ। ਲੇਕਿਨ ਗੁਰੁ ਡਰ ਨਾਲ ਭੈਭੀਤ ਹੋਏ ਕਿ ਅਗੇ ਵਧ ਨਾ ਸਕੇ, ਤਿਰਛੀ ਤਲਵਾਰ ਨਾਲ ਦੇਵੀ ਦੀ ਭਿਅੰਕਰੀ ਮੂਰਤੀ ਦਾ ਸਵਾਗਤ ਕੀਤਾ। (ਪੰਨਾ-੧੨੪)

43. ਧਰਮ ਪ੍ਰਚਾਰ ਵਿੱਚ ਜਿਤ ਪ੍ਰਾਪਤ ਕਰਨ ਲਈ ਗੋਬਿੰਦ ਨੂੰ ਅਪਣੀ ਬਲੀ ਦੇਣੀ ਪਵੇਗੀ ਜਾਂ ਕਿਸੇ ਪਿਆਰੇ ਦੀ ਬਲੀ ਦੇਣ ਗੋਬਿੰਦ ਬੜੇ ਦੁਖੀ ਹੋਏ ਅਤੇ ਉਹਨਾਂ ਹੱਸ ਕੇ ਕਿਹਾ “ਅਜੇ ਪਿਤਾ ਦੀ ਦੁਖੀ ਆਤਮਾ ਬਾਰੇ ਕੁਛ ਨਹੀਂ ਕਰ ਸਕੇ।” ਫਿਰ ਉਹਨਾਂ ਦੀ ਸੰਤਾਨ ਵੱਲ ਇਸ਼ਾਰਾ ਕੀਤਾ ਲੇਕਿਨ ਗੋਬਿੰਦ ਦੀਆਂ ਇਸਤਰੀਆਂ ਮੋਹ ਵੱਸ ਬੱਚੇ ਲੈ ਕੇ ਭੱਜ ਗਈਆਂ ਗੋਬਿੰਦ ਬਹੁਤ ਦੁਖੀ ਹੋਏ, ਉਹਨਾਂ ਦੀ ਇਛਾ ਪੂਰੀ ਨਹੀ ਹੋ ਸਕੀ। ਪਿਰ ਉਹਨਾ ਦੇ ਪੱਚੀ ਸਿਖਾਂ ਨੇ ਅੱਗੇ ਵੱਧ ਕੇ ਪ੍ਰਾਣਦਾਨ ਕਰਨ ਲਈ ਸਮਰਪਣ ਕੀਤਾ ਉਹਨਾਂ ਵਿਚੋਂ ਇੱਕ ਦੀ ਚੋਣ ਹੋਈ, ਇਸ ਨਾਲ ਭਾਗਯ ਦੇਵੀ ਪ੍ਰਸੰਨ ਹੋਈ। (ਪੰਨਾ੧੨੪-੨੫)

੪੪. ਹੁਣ ਇੱਕ ਨਵਾਂ ਧਰਮ ਫੈਲਿਆ? (ਪੰਨਾ-੧੨੫)

੪੫. ਕਿਨੇ ਲੋਕ ਉਹਨਾਂ ਨੂੰ ਛੱਡ ਕੇ ਚਲੇ ਗਏ (ਖੰਡੇ ਦੀ ਪਾਹੁਲ ਦੀ ਗੱਲ ਕਰਦਿਆ) (ਪੰਨਾ-੧੨੭)

੪੬. ਫਿਰ ਗੋਬਿੰਦ ਇੱਕ ਇੱਕ ਬਰਤਨ ਵਿੱਚ ਦੇਵੀ ਸਪਰਸ਼ ਤਲਵਾਰ ਦੁਆਰਾ ਜਲ ਵਰਤਾਉਣ ਲਗ ਪਏ। ਇਸੇ ਸਮੇ ਇੱਕ ਇਸਤਰੀ ਸਾਹਮਣੇ ਤੋਂ ਮਿਠਾ ਲੈ ਨਿਕਲ ਗਈ, ਤਾਂ ਗੋਬਿੰਦ ਨੇ ਕਿਹਾ ਇਹ ਬੜਾ ਸ਼ੁਭ ਸ਼ਗਣ ਹੋਇਆ। (ਪੰਨਾ-੧੨੭)

੪੭. ਪੰਜ ਪਿਆਰਿਆਂ ਵਿੱਚ ਇੱਕ ਬ੍ਰਾਹਮਣ, ਇੱਕ ਖਤ੍ਰੀ, ਤਿੰਨ ਸ਼ੂਦਰ ਸੀ। (ਪੰਨਾ-੧੨੮)

੪੮. ਸਿਖ ਗੁਰੂਆਂ ਨੇ ਇਹ ਕਿਤੇ ਨਹੀ ਕਿਹਾ ਕਿ ਬ੍ਰਾਹਮਣ ਅਤੇ ਸ਼ੂਦਰ ਆਪਸ ਵਿੱਚ ਵਿਆਹ ਕਰਨ। (ਪੰਨਾ-੧੨੯)

੪੯. ਅਨੰਦਪੁਰ ਦੇ ਘੇਰੇ ਵਕਤ ਉਹਨਾਂ ਦੇ ਕਿੰਨੇ ਸਿਖਾਂ ਨੇ ਸਾਥ ਛੱਡ ਦਿਤਾ। ਜਿੰਨਾਂ ਲੋਕਾਂ ਨੇ ਗੋਬਿੰਦ ਦਾ ਸਾਥ ਦੇਣ ਵਿੱਚ ਦੁਬਿਧਾ ਦਿਖਾਈ ਉਹਨਾਂ ਨੂੰ ਨਫਰਤ ਅਤੇ ਅਪਮਾਨ ਨਾਲ ਵਿਦਾ ਕੀਤਾ ਗਿਆ। ਲੇਕਿਨ ਗੋਬਿੰਦ ਦੀ ਬਿਪਤਾ ਦਿਨ ਦਿਨ ਵਧਣ ਲੱਗੀ। ਸਹਿਜੇ ਸਹਿਜੇ ਸਾਰੇ ਹੀ ਛੱਡ ਕੇ ਚਲੇ ਗਏ। ਅੰਤ ਕੇਵਲ ਚਾਲੀ ਚੇਲੇ ਰਹਿ ਗਏ। (ਪੰਨਾ-੧੪੩)

50. ਉਹਨਾਂ ਦੀ ਮਾਤਾ, ਦੋ ਇਸਤਰੀਆਂ, ਅਤੇ ਦੋ ਸਭ ਤੋਂ ਛੋਟੇ ਪੁਤਰ ਵੀ ਸਰਹੰਦ ਨੂੰ ਭੱਜ ਗਏ ਸੀ। ਅੰਤ ਛੋਟੇ ਦੋ ਪੁਤਰਾਂ ਨੂੰ ਮੁਸਲਮਾਨਾਂ ਨੇ ਮਾਰ ਦਿਤਾ ਸੀ। (ਪੰਨਾ-੧੪੩)

੫੧. ਚਮਕੌਰ ਵਿਚੋਂ ਵੀ ਅੰਤ ਉਹ ਭੱਜਣ ਨੂੰ ਤਿਆਰ ਹੋਇਆ? (ਪੰਨਾ-੧੪੪)

੫੨. ਦੋ ਮੁਗਲ ਸਿਪਾਹੀਆਂ ਦੀ ਸਹਾਇਤਾ ਨਾਲ ਘੁਪ ਹਨੇਰੇ ਵਿੱਚ ਨਿਕਲ ਗਏ। ਵਿਲੋਲਪੁਰ? ਪਹੁੰਚ ਕੇ ਗੁਰੁ ਨੇ ਇਸਲਾਮ ਦੇ ਤੀਜੇ ਪ੍ਰਚਾਰਕ ਪੀਰ ਮੁਹੰਮਦ ਪ੍ਰਤੀ ਵਿਸ਼ਵਾਸ਼ ਪ੍ਰਗਟ ਕੀਤਾ, ਪੀਰ ਮੁਹੰਮਦ ਦੇ ਸਾਹਮਣੇ ਕੁਰਾਨ ਪੜੀ, ਅੰਨ ਗ੍ਰਹਿਣ ਕੀਤਾ ਅਤੇ ਪ੍ਰਚਾਰ ਕੀਤਾ ਕਿ ਅਗੋਂ ਤੋਂ ਮੁਸਲਮਾਨਾਂ ਦਾ ਅੰਨ ਖਾਣਾ ਦੂਸ਼ਤ ਨਹੀ ਹੋਵੇਗਾ, ਨੀਲਾ ਬਾਣਾ ਪਹਿਨਿਆਂ ਅਤੇ ਅਗੇ ਚਲੇ ਗਏ। (ਇਥੇ ਲਿਖਾਰੀ ਦੀ ਨੀਅਤ ਗੁਰੂ ਵਲੋਂ ਹਾਰ ਮੰਨਣੀ ਦਿਖਾਉਣਾ ਹੈ।) (ਪੰਨਾ-੧੪੪)

੫੩. ਇਥੋਂ ਭੱਜ ਕੇ ਹਾਂਸੀ ਅਤੇ ਫਿਰੋਜ਼ਪੁਰ ਦੇ ਵਿਚਕਾਰ ਦਮਦਮਾ ਜਾ ਕੇ ਵਿਸ਼ਰਾਮ ਕੀਤਾ। (ਪੰਨਾ-੧੪੪)

੫੪. ਭਾਈ ਜੀਵਨ ਸਿੰਘ ਜੀ ਨੂੰ ਜਵਾਨ ਸਿੰਘ ਲਿਖਿਆ ਹੈ। (ਪੰਨਾ-੧੪੪)

੫੫. ਬਾਦਸ਼ਾਹ ਦੇ ਦੂਤ ਨੇ ਕਿਹਾ ਕਿ ਤੁਹਾਨੂੰ ਬਾਦਸ਼ਾਹ ਮਿਲਣਾ ਚਾਹੁੰਦਾ ਹੈ ਤਾਂ ਗੋਬਿੰਦ ਨੇ ਇੱਕ ਚਿਠੀ ਉਸ ਨੂੰ ਲਿਖੀ ਜਿਸ ਨਾਲ ਬਾਦਸ਼ਾਹ ਦਾ ਕ੍ਰੋਧ ਵਧੇ। ਵੈਸੇ ਵੀ ਗੋਬਿੰਦ ਪਹਿਲਾਂ ਹੀ ਬਾਦਸ਼ਾਹ ਨੂੰ ਮਿਲਣ ਲਈ ਤਿਆਰ ਸੀ (ਪੰਨਾ-੧੪੫)

56. ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਗੱਦੀ ਤੇ ਬੈਠਾ ਤਾਂ ਗੋਬਿੰਦ ਨੇ ਸੋਚਿਆ ਕੇ ਸੈਨਾ ਨੂੰ ਮਜ਼ਬੂਤ ਕਰਨ ਲਈ ਬਾਦਸ਼ਾਹ ਦੇ ਅਧੀਨ ਕੰਮ ਕਰਨਾ ਹੀ ਠੀਕ ਹੋਵੇਗਾ। (ਪੰਨਾ-੧੪੬)

੫੭. ਦਮਦਮੇ ਆਪਣੇ ਸਿਖਾਂ ਨੂੰ ਡਰਾਇਆ ਕਿ ਜੋ ਹੁਣ ਛੱਡ ਕੇ ਜਾਣਗੇ ਉਹਨਾਂ ਦਾ ਪਰਿਵਾਰ ਸਮੇਤ ਨਾਸ਼ ਹੋ ਜਾਵੇਗਾ। (ਪੰਨਾ-੧੪੬)

੫੮. ਇੱਕ ਅਫਗਾਨੀ ਯੋਧਾ ਜੋ ਸੌਦਾਗਰ ਵੀ ਸੀ ਉਸ ਨੇ ਆਪਣਾ ਵਿਚਾਰ ਗੁਰੂ ਕੋਲ ਪ੍ਰਗਟ ਕੀਤਾ ਕਿ ਮੇਰੇ ਪੈਸੈ ਦੇ ਦਿਉ, ਕਿਉਂਕਿ ਬਹੁਤ ਸਾਰੇ ਘੋੜੇ ਗੁਰੂ ਨੇ ਉਸ ਪਾਸੋਂ ਖ੍ਰੀਦੇ ਸਨ। ਪੈਸੈ ਜਿਆਦਾ ਹੋਣ ਕਰਕੇ ਦੇਰੀ ਹੋ ਰਹੀ ਸੀ। ਅਧੀਰ ਹੋ ਉਹਨਾਂ ਅਫਗਾਨਾਂ ਗੁਰੁ ਪ੍ਰਤੀ ਕ੍ਰੋਧ ਪ੍ਰਗਟ ਕੀਤਾ। ਅੰਤ ਵਿੱਚ ਉਹਨਾਂ ਦੀਆਂ ਗੱਲਾਂ ਜੋ ਨਾਂ ਬਰਦਾਸ਼ਤ ਯੋਗ ਸਨ, ਸੁਣ ਕੇ ਗੁਰੁ ਨੇ ਤਲਵਾਰ ਦੇ ਇੱਕ ਵਾਰ ਨਾਲ ਮਾਰ ਦਿਤਾ। ਅਫਗਾਨ ਦੇ ਪਰਿਵਾਰ ਨੂੰ ਬੜਾ ਦੁਖ ਹੋਇਆ। ਉਸ ਦੇ ਪੁਤਰਾਂ ਨੇ ਮਨ ਵਿੱਚ ਬਦਲਾ ਲੈਣ ਦੀ ਸੋਚੀ ਅਤੇ ਮੌਕੇ ਦੀ ਭਾਲ ਵਿੱਚ ਰਹਿਣ ਲਗੇ। ਇੱਕ ਦਿਨ ਗੁਰੁ ਇਕੱਲੇ ਸੁਤੇ ਸੀ ਮੌਕਾ ਪਾ ਕੇ ਉਹਨਾ ਹਮਲਾ ਕਰ ਦਿਤਾ। ਗੋਬਿੰਦ ਉਠ ਬੈਠੇ, ਹਮਲਾਵਰ ਪਕੜੇ ਗਏ। ਉਹਨਾਂ ਤੋਂ ਪੁਛਣ ਤੇ ਕਿ ਇਹ ਹਮਲਾ ਕਿਉਂ ਕੀਤਾ, ਉਹਨਾਂ ਹਮਲਾਵਰਾਂ ਨੇ ਆਪਣਾ ਪੱਖ ਪੇਸ਼ ਕੀਤਾ ਗੋਬਿੰਦ ਨੇ ਸੁਨਿਆ ਅਤੇ ਅਪਣੇ ਪਿਤਾ ਦੀ ਮੌਤ ਨੂੰ ਯਾਦ ਕੀਤਾ ਫਿਰ ਤੇਗਬਹਾਦੁਰ ਦੀ ਮੌਤ ਦਾ ਬਦਲਾ ਲੈਣ ਵਾਲਾ ਪ੍ਰਣ ਚੇਤੇ ਕਰ ਕੇ ਉਨਾਂ ਪਠਾਣ ਪੁਤਰਾਂ ਨੂੰ ਛਡ ਦਿਤਾ ਗਿਆ। (ਪੰਨਾ-੧੪੭)

੫੯. ਗੋਬਿੰਦ ਨੂੰ ਮਾਨਸਿਕ ਵਿਕਾਰ ਉਤਪਨ ਹੋਇਆ ਸੀ। (ਪੰਨਾ-੧੪੮)

੬੦. ਅਫਗਾਨ ਦੀ ਮੌਤ ਤੋਂ ਬਾਂਅਦ ਗੋਬਿੰਦ ਨੂੰ ਅਪਣਾ ਜੀਵਨ ਵੈਸੇ ਭਾਰਾ ਲਗ ਰਿਹਾ ਸੀ ਅਤੇ ਉਹ ਉਹਨਾਂ ਦੇ ਹੱਥੋਂ ਹੀ ਮਰਨਾ ਚਹੁੰਦੇ ਸੀ। (ਪੰਨਾ-੧੪੮)

61. ਗੋਬਿੰਦ ਪੁਤਰਾਂ ਦੀ ਮੌਤ ਦੇ ਸ਼ੋਕ ਵਿੱਚ ਮਰ ਗਏ। (ਪੰਨਾ-੧੪੮)

62. ਜੇ ਕੋਈ ਸਮਝੇ ਕਿ ਗੋਬਿੰਦ ਦੀ ਮੌਤ ਨਾਲ ਉਹਨਾਂ ਦਾ ਆਸਾ ਭਰੋਸਾ ਝੂਠਾ ਨਿਕਲਿਆ ਹੈ ਤਾਂ ਉਹਨਾਂ ਨੂੰ ਯਾਦ ਰੱਖਨਾਂ ਚਾਹੀਦਾ ਹੈ ਕਿ “ਮਨੁਖ ਯਕੀਨਨ ਹੀ ਕਲਪਨਾ ਦਾ ਗੁਲਾਮ ਹੈ। ਕਲਪਨਾ ਦੇ ਆਸਰੇ ਇਹ ਮੂੜ ਭਾਰੀ ਉਤਸ਼ਾਹ ਨਾਲ ਦੌੜ ਰਿਹਾ ਹੈ (ਪੰਨਾ-੧੪੯-੫੦)

63. ਗੋਬਿੰਦ ਦੀ ਮਾਤਾ ਅਤੇ ਇਸਤਰੀ ਗੋਬਿੰਦ ਦੀ ਮੌਤ ਤੋਂ ਬਾਅਦ ਵੀ ਕੁਛ ਸਾਲ ਜਿੰਦਾ ਰਹੀਆਂ। (ਪੰਨਾ-੧੪੯)

64. ਸਿਖ ਧਰਮ ਵਿੱਚ ਤੇ ਹਿੰਦੂ ਧਰਮ ਵਿੱਚ ਸਮਾਨਤਾ ਹੈ। (ਪੰਨਾ-੧੫੩)

65. ਕਿਲਾ ਲੋਹ ਗੜ ਗੁਰਦਾਸਪੁਰ ਵਿੱਚ ਹੈ? (ਪੰਨਾ-੧੫੭)

66. ਬੰਦੇ ਨੂੰ ਪੁਛਿਆ ਤੂੰ ਪਾਪ ਕਿਉਂ ਕੀਤੇ ਉਸ ਨੇ ਉਤਰ ਦਿਤੇ। ਫਿਰ ਉਸਦਾ ਲੜਕਾ ਉਸਦੇ ਸਾਹਮਣੇ ਬਿਠਾਇਆ, ਬੰਦੇ ਨੇ ਹੱਥ ਛੁਰੀ ਲੈ ਕੇ ਪੁਤਰ ਦਾ ਕਤਲ ਕੀਤਾ ਅਤੇ ਬਾਅਦ ਵਿੱਚ ਜੰਬੂਰ ਨਾਲ ਆਪਣਾ ਮਾਸ ਆਪ ਹੀ ਨੋਚ ਦਿਤਾ। ਲੋਕ ਕਹਿੰਦੇ ਬੰਦੇ ਦੀ ਆਤਮਾ ਨਰਕਾਂ ਨੂੰ ਗਈ। (ਪੰਨਾ-੧੫੯)

ਜਿਹੜੇ ਲੋਕ ਸਮੇਤ ਜਥੇਦਾਰਾਂ ਜਾਂ ਸਾਧਾਂ ਦੇ ਅਜੇ ਵੀ ਨਾਸਮਝ ਬਣ ਕੇ ਸੱਚ ਵਲੋਂ ਅੱਖਾਂ ਮੀਟ ਕੇ ਦੋਸ਼ ਸਪੋਕਸਮੈਨ ਨੂੰ ਜਾਂ ਹੋਰ ਸਿਖੀ ਦਾ ਢੰਢੋਰਾ ਦੇ ਰਹੇ ਸਿੱਖ ਮੀਡੀਏ ਜਾਂ ਮਿਸ਼ਨਰੀਆਂ ਨੂੰ ਦੇਣ ਉਹਨਾ ਲੋਕਾਂ ਬਾਰੇ ਫੈਸਲਾ ਗੁਰੂਬਾਣੀ ਤੋਂ ਲੈ ਲਈਏ:-

ਗਉੜੀ ਮਹਲਾ 1॥ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ॥ 1॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥ 1॥ ਰਹਾਉ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ 2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ 3॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ 4॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ 5॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ 6॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ 7॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ 8॥

ਅਰਥ : — (ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ। (ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ)। 1. ਰਹਾਉ।

(ਹੇ ਭਾਈ!) ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿੱਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ, ਤਾਂ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਹੋ ਜਾਇਗੀ। 1.

ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ। ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ। 2.

ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ। ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ—ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ। 3.

ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ। 4.

ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ। ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ। 5.

ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ। ਪ੍ਰਭੂ ਦੇ ਨਾਮ-ਰੰਗ ਵਿੱਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿੱਚ ਆ ਰਿਹਾ ਹੈ। 6.

ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ। (ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ)। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ। 7.

ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ। 8.

(ਪਰ ਮਾਇਆ ਵਿੱਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ। ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ। 9. 2. 18.

ਪ੍ਰੋ: ਸੁਖਵਿੰਦਰ ਸਿੰਘ ਦਦੇਹਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top