ਫਤਿਹਗੜ ਸਾਹਿਬ,12 ਮਈ(ਗੁਰਪ੍ਰੀਤ ਮਹਿਕ) : ਸਰਹਿੰਦ ਫਤਿਹ ਦਿਵਸ ਦੀ ਤੀਜੀ
ਸਤਾਬਦੀ ਦੇ ਮੌਕੇ ਤੇ ਫਤਿਹਗੜ ਸਾਹਿਬ ਵਿੱਚ ਆਯੋਜਿਤ ਕੀਤੇ ਜਾ ਰਹੇ ਤਿੰਨ
ਦਿਨਾ ਸਮਾਗਮਾਂ ਤੇ ਬੇਸ਼ੱਕ ਐਸ ਜੀ ਪੀ ਸੀ ਨੇ ਲੱਖਾਂ ਰੁਪਏ ਖਰਚ ਕਰ ਦਿੱਤੇ
ਹਨ, ਲੇਕਿਨ ਬਿਜਲੀ ਦਾ ਪ੍ਰਬੰਧ ਕੁੰਡੀ ਕਨੈਕਸ਼ਨ ਨਾਲ ਚਲਾਇਆ ਜਾ ਰਿਹਾ ਹੈ।
ਇਸ ਸਬੰਧ ਵਿੱਚ ਮੌਕੇ ਤੇ ਮੌਜੂਦ ਹੁੰਦੇ ਹੋਏ ਵੀ ਅਧਿਕਾਰੀ ਕਾਰਵਾਈ ਕਰਨ
ਦੀ ਬਜਾਏ ਅੱਖਾਂ ਬੰਦ ਕਰੀ ਬੈਠੇ ਹਨ। ਜਦੋਂ ਪੱਤਰਕਾਰ ਨੇ ਸੰਪਰਕ ਕਰਨਾ
ਚਾਹਿਆ ਤਾਂ ਉਹ ਕੁਝ ਨਾ ਬੋਲੇ। ਬੁੱਧਵਾਰ ਨੂੰ ਜਦੋਂ ਇਸ ਸਬੰਧ ਵਿੱਚ ਲੋਕਾਂ
ਨੇ ਪੱਤਰਕਾਰਾਂ ਤੱਕ ਇਹ ਜਾਣਕਾਰੀ ਪਹੁੰਚਾਈ ਤਾਂ ਪਤਾ ਲੱਗਿਆ ਕਿ ਇਹ ਕੁੰਡੀ
ਕਨੈਕਸ਼ਨ ਕੇਵਲ ਇਕ ਜਗਾ ਨਹੀਂ ਬਲਕਿ ਕਈ ਕਿਲੋਮੀਟਰ ਅਤੇ ਕਈ ਜਗਾ ਤੇ ਲਗਾਏ
ਗਏ ਹਨ। ਫ਼ਤਹਿਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਾਮਣੇ ਵੀ ਕੂੰਂਡੀ
ਕੁਨੈਕਸ਼ਨ ਲੱਗਾ ਹੋਇਆ ਹੈ। ਇਕ ਸਰਧਾਲੂ ਨੇ ਕਿਹਾ ਕਿ ਐਸ ਜੀ ਪੀ ਸੀ ਵਰਗੀਆਂ
ਨਾਮੀ ਸੰਸਥਾ ਜਿਸਦੇ ਪਾਸ ਇੰਨਾ ਪੈਸਾ ਹੈ ਅਤੇ ਪੰਡਾਲ ਆਦਿ ਤੇ ਲੱਖਾਂ
ਰੁਪਏ ਖਰਚ ਕੀਤੇ ਗਏ ਹਨ, ਜੇ ਬਿਜਲੀ ਦੇ ਟੰਪਰੇਰੀ ਮੀਟਰ ਲਗਵਾ ਕੇ ਕੰਮ
ਚਲਾਇਆ ਜਾਂਦਾ ਤਾਂ ਚੰਗਾ ਰਹਿੰਦਾ ਇਸ ਨਾਲ ਸੰਸਥਾ ਤੇ ਚੋਰੀ ਦਾ ਬਦਨੁਮਾ
ਦਾਗ ਨਾ ਲਗਦਾ ।

ਇੱਥੇ ਵੀ ਜ਼ਿਕਰਯੋਗ ਹੈ ਕਿ ਸੂਬੇ ਸਰਕਾਰ ਦੇ ਡਿਪਟੀ ਸੀ ਐਮ ਸੁਖਬੀਰ ਬਾਦਲ
ਸਮੇਤ ਪ੍ਰਸ਼ਾਸਨ ਦੇ ਕਈ ਆਲਾ ਅਧਿਕਾਰੀ ਹੁਣ ਤੱਕ ਨਾ ਜਾਣ ਕਿੰਨੀ ਵਾਰ
ਪ੍ਰਬੰਧਾਂ ਦਾ ਜਾਇਜ਼ਾ ਲੈ ਚੁੱਕੇ ਹਨ ਪ੍ਰੰਤੂ ਸਰੇਆਮ ਲੱਗੇ ਕੁੰਡੀ ਕਨੈਕਸ਼ਨਾਂ
ਦੇ ਵੱਲ ਉਨਾਂ ਦਾ ਧਿਆਨ ਨਹੀਂ ਗਿਆ। ਇਕ ਪਾਸੇ ਸਰਧਾਲੂਆਂ ਨੇ ਕਿਹਾ ਕਿ ਐਸ
ਜੀ ਪੀ ਸੀ ਵੱਲੋਂ ਦੂਜਿਆਂ ਨੂੰ ਸਿੱਖਿਆ ਦੇਣ ਤੇ ਤਾਂ ਕਰੋੜਾਂ ਰੁਪਏ ਖਰਚ
ਕੀਤਾ ਜਾ ਰਿਹਾ ਹੈ , ਲੇਕਿਨ ਉਸ ਨੂੰ ਕੌਣ ਸਿੱਖਿਆ ਦੇਵੇਗਾ। ਇਸ ਸਬੰਧ
ਵਿੱਚ ਜਦੋਂ ਸਰਹਿੰਦ ਦੇ ਸਬੰਧਿਤ ਐਕਸ਼ੀਅਨ ਨਾਲ ਗੱਲ ਕੀਤੀ ਗਈ ਤਾਂ ਉਨਾਂ
ਨੇ ਕਿਹਾ ਕਿ ਟੰਪਰੇਰੀ ਮੀਟਰ ਲਗਾ ਕੇ ਕਨੈਕਸ਼ਨ ਦਿੱਤੇ ਜਾ ਰਹੇ ਹਨ, ਲੇਕਿਨ
ਜਦੋਂ ਉਨਾਂ ਨੇ ਦੱਸਿਆ ਕਿ ਘੱਟ ਤੋਂ ਘੱਟ ਦੋ ਜਗਾ ਦੀਆਂ ਫੋਟੋਆਂ ਲਈਆਂ
ਗਈਆਂ ਹਨ, ਜਿੱਥੇ ਕੁੰਡੀਆਂ ਲੱਗੀਆਂ ਹੋਈਆਂ ਤਾਂ ਉਨਾਂ ਨੇ ਇਹ ਕਹਿ ਕੇ
ਪੱਲਾ ਛਡਾ ਲਿਆ ਕਿ ਆਪ ਇਸ ਸਬੰਧ ਵਿੱਚ ਸਬੰਧਿਤ ਐਸ ਡੀ ਓ ਨਾਲ ਗੱਲ ਕਰੋ।
ਜਿਲਾ ਫ਼ਤਹਿਗੜ ਸਾਹਿਬ ਦੇ ਇੱਕ ਸੀਨੀਅਰ ਅਫਸਰ ਨੇ ਆਪਣਾ ਨਾਂ ਗੁਪਤ ਰੱਖਣ
ਦੀ ਸ਼ਰਤ ਤੇ ਕਿਹਾ ਕਿ ਉਨਾਂ ਨੂੰ ਵੀ ਇਸ ਸੰਬੰਧੀ ਸ਼ਿਕਾਇਤਾਂ ਮਿਲੀਆਂ ਹਨ।
ਉਨਾਂ ਖੁਦ ਵੀ ਮੌਕਾ ਦੇਖਿਆ ਹੈ । ਉਨਾਂ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਨੇ
ਸਹੀ ਢੰਗ ਨਾਲ ਯੋਜਨਾਬੰਦੀ ਕੀਤੀ ਹੁੰਦੀ ਤਾਂ ਕੂੰਡੀ ਕੁਨੈਕਸ਼ਨਾਂ ਦੀ ਲੋੜ
ਨਹੀਂ ਪੈਣੀ ਸੀ। |