Share on Facebook

Main News Page

ਅਖੌਤੀ ਦਮਦਮੀ ਟਕਸਾਲ - ਜਿਥੋਂ ਨਿਕਲਦੇ ਗਪੌੜੀ, ਝੂਠੇ ਤੇ ਵਿਭਚਾਰੀ ਬਾਬੇ ਹਰ ਸਾਲ
-: ਖ਼ਾਲਸਾ ਨਿਊਜ਼ ਟੀਮ
ਇਹ ਲੇਖ ਜੁਲਾਈ 2010 'ਚ ਪੋਸਟ ਕੀਤਾ ਸੀ, ਅੱਜ ਫਿਰ ਤੋਂ ਪੋਸਟ ਕੀਤਾ ਜਾ ਰਿਹਾ ਹੈ।

ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਸਾਰੀ ਉਮਰ ਲਾ ਦਿੱਤੀ। ਜਿਥੇ ਗੁਰੂ ਸਾਹਿਬਾਂ ਨੇ ਬਾਣੀ ਆਪ ਰਚੀ ਅਤੇ ਜਿਹੜੇ ਗੁਰੂ ਸਾਹਿਬਾਂ ਨੇ ਬਾਣੀ ਨਹੀਂ ਰਚੀ, ਉਹਨਾਂ ਨੇ ਪ੍ਰਚਾਰ- ਪ੍ਰਸਾਰ ਲਈ ਉੱਦਮ ਕੀਤੇ, ਸਿੱਖਾਂ ਨੂੰ ਬਾਣੀ ਦੇ ਨਾਲ ਜੋੜੀ ਰੱਖਿਆ ਅਤੇ ਸੇਧ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ‘ਤੇ ਬਿਰਾਜਮਾਨ ਕੀਤਾ ਤੇ ਉਪਦੇਸ਼ ਦਿੱਤਾ ਕਿ, ਅੱਜ ਤੋਂ ਬਾਅਦ ਸਦੀਵੀ ਕਾਲ ਲਈ ਸਿੱਖਾਂ ਲਈ ਸ਼ਬਦ ਹੀ ਗੁਰੂ ਹੋਵੇਗਾ।

ਸਿੱਖੀ ਇੱਕ ਨਿਰਮਲ ਪੰਥ ਹੈ, ਖਾਲਸ ਪੰਥ ਹੈ। ਕਿਸੇ ਤਰ੍ਹਾਂ ਦੇ ਕਰਮਕਾਂਡ, ਭਰਮ ਭੁਲੇਖਿਆਂ ਲਈ ਕੋਈ ਥਾਂ ਨਹੀਂ। ਸਿੱਖ ਕੌਮ ਦੀ ਤ੍ਰਾਸਦੀ ਇਹ ਹੈ ਕਿ ਸਿੱਖ ਗੁਰੂ ਸਾਹਿਬਾਂ ਦੇ ਦਿੱਤੇ ਉਪਦੇਸ਼ ਨੂੰ ਭੁਲਾ ਕੇ ਕਰਮਕਾਂਡੀ ਬਣ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1699 ‘ਚ ਸਿੰਘ ਸਜਾਇਆ, ਕਿਸੇ ਤਰ੍ਹਾਂ ਦੀ ਕੋਈ ਸੰਪਰਦਾ, ਟਕਸਾਲ ਨਹੀਂ ਚਲਾਈ। ਜੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿੱਤੀ, ਉਸ ਪਿਛੇ ਕੋਈ ਅਲਗ ਧੜਾ ਬਣਾਉਣ ਦੀ ਸੋਚ ਨਹੀਂ ਸੀ।

ਜੋ ਅੱਜ ਅਸੀਂ ਦਮਦਮੀ ਟਕਸਾਲ ਦਾ ਨਾਮ ਸੁਣ ਰਹੇ ਹਾਂ, ਉਹ ਆਪਣੀ ਹੋਂਦ ਗੁਰੂ ਗੋਬਿੰਦ ਸਿੰਘ ਜੀ ਤੋਂ ਦਸਦੇ ਨੇ। ਗੁਰੂ ਸਾਹਿਬ ਤੋਂ ਸ਼ੁਰੂ ਕਰਕੇ ਮੌਜੂਦਾ ਸਮੇਂ ਤੱਕ ਦੇ ਆਪਣੇ ਮੁਖੀਆਂ ਨੂੰ ਉਸ ਟਕਸਾਲ ਦਾ ਗੱਦੀ ਨਸ਼ੀਨ ਦਸਦੇ ਹਨ, ਜਿਹੜੀ ਕਿ ਗੁਰੂ ਸਾਹਿਬ ਨੇ ਨਹੀਂ ਬਣਾਈ। ਜੇ ਉਹਨਾਂ ਦੇ ਕੰਮ ਦੇਖੇ ਜਾਣ ਤਾਂ ਹੈਰਾਨੀ ਹੁੰਦੀ ਹੈ ਕਿ ਜਿਨਾਂ ਕਰਮਕਾਂਡ ਇਹ ਲੋਕ ਕਰਦੇ ਹਨ, ਬ੍ਰਾਹਮਣਾਂ ਨੂੰ ਵੀ ਮਾਤ ਪਾਈ ਜਾਂਦੇ ਨੇ। ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦਾ ਨਾਮ ਵਰਤ ਕੇ ਲੋਕਾਂ ਨੂੰ ਭਰਮਾਂ ਵਿੱਚ ਪਾਈ ਜਾਂਦੇ ਹਨ।

ਇਹਨਾਂ ਦੇ ਪਿਛੋਕੜ ਵੱਲ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਇਸ ਅਖੌਤੀ ਟਕਸਾਲ ‘ਚੋਂ ਕਿੰਨੇ ਕੁ ਖਰੇ ਸਿੱਕੇ ਬਣ ਕੇ ਤਿਆਰ ਹੋਏ ਨੇ। ਟਕਸਾਲ ਦਾ ਅਖੌਤੀ ਵਿਦਿਆ ਮਾਰਤੰਡ ਗਿਆਨੀ ਗੁਰਬਚਨ ਸਿੰਘ ਦੀਆਂ ਲਿਖਤਾਂ ਨੂੰ ਪੜ੍ਹ ਕੇ ਵੇਖੋ, ਅੱਖਾਂ ਖੁੱਲ ਜਾਂਦੀਆਂ ਹਨ, ਇੰਨੀਆਂ ਗੱਪਾਂ, ਇੰਨੇ ਗਪੌੜ, ਹੱਦ ਦਰਜੇ ਦਾ ਬ੍ਰਾਹਮਣਵਾਦ ਭਰਿਆ ਪਿਆ ਹੈ। ਪੜ੍ਹ ਕੇ ਵੇਖੋ “ਗੁਰਬਾਣੀ ਪਾਠ ਦਰਸ਼ਨ”। ਜੇ ਉਹ ਕਿਤਾਬ ਨਾ ਮਿਲੇ ਤਾਂ ਪ੍ਰੋ. ਇੰਦਰ ਸਿੰਘ ਘੱਗਾ ਦੁਆਰਾ ਉਸ ਗਪੌੜ ਗ੍ਰੰਥ ਦੇ ਵਿਸ਼ਲੇਸ਼ਣ

http://www.sikhmarg.com/path-darshan-anti-gurmat.html,

http://www.sikhmarg.com/path-darshan-anti-gurmat02.html ‘ਤੋਂ ਪੜ੍ਹਿਆ ਜਾ ਸਕਦਾ ਹੈ।

ਇਹਨਾਂ ਦੇ ਅਖੌਤੀ ਬ੍ਰਹਮਗਿਆਨੀ ਬਾਬਾ ਠਾਕੁਰ ਸਿੰਘ ਨੇ ਜਿੰਨਾਂ ਨੁਕਸਾਨ ਸਿੱਖਾਂ ਦਾ ਕਰਾਇਆ, ਉਹ ਸ਼ਾਇਦ ਹੀ ਕਿਸੇ ਨੇ ਕਰਾਇਆ ਹੋਵੇ। ਸਿੱਖ ਸੰਘਰਸ਼ ਦਾ ਬੇੜਾ ਗਰਕ ਕਰਨ ਦੇ ਮੋਹਰੀ ਵਜੋਂ ਹਮੇਸ਼ਾਂ ਇਨ੍ਹਾਂ ਦਾ ਨਾਮ ਗਿਣਿਆ ਜਾਂਦਾ ਰਹੇਗਾ। 21 ਸਾਲ ਗੁਰੂ ਦੀ ਹਜ਼ੂਰੀ ਅਤੇ ਸੰਗਤਾਂ ਦੇ ਸਾਹਮਣੇ ਝੂਠ ਬੋਲ ਕਿ “ਸੰਤ ਜਰਨੈਲ ਸਿੰਘ ਜ਼ਿੰਦਾ ਨੇ, ਵਾਪਿਸ ਆਉਣਗੇ…” ਕਹਿ ਕਹਿ ਕੇ ਸੰਘਰਸ਼ ਨੂੰ ਕਮਜ਼ੋਰ ਕਰ ਦਿੱਤਾ, ਜਿਸਦਾ ਹਸ਼ਰ ਸਾਰੀ ਕੌਮ ਦੇ ਸਾਹਮਣੇ ਹੈ। ਫਿਰ ਵੀ ਇਹ ਬਾਬਾ ਠਾਕੁਰ ਸਿੰਘ, ਬ੍ਰਹਮਗਿਆਨੀ…। ਠਾਕੁਰ ਸਿੰਘ ਦੇ ਚਲਾਣੇ ਤੋਂ ਬਾਅਦ ਇੱਕ ਦੱਮ ਹੀ ਟਕਸਾਲ ਦੋਫਾੜ ਹੋ ਗਈ, ਅਤੇ ਸੰਤ ਜਰਨੈਲ ਸਿੰਘ ਵੀ ਸ਼ਹੀਦ ਹੋ ਗਏ ਅਤੇ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਲਗਾ ਦਿੱਤੀ ਗਈ। ਸੰਤ ਜਰਨੈਲ ਸਿੰਘ ਦੀ ਸ਼ਹੀਦੀ ਰੋਲਣ ਵਿੱਚ ਬਹੁਤ ਵੱਡਾ ਯੋਦਗਾਨ ਠਾਕੁਰ ਸਿੰਘ ਨੇ ਦਿੱਤਾ। ਜੇ ਕਿਤੇ ਸੰਤ ਜਰਨੈਲ ਸਿੰਘ ਤੋਂ ਬਾਅਦ ਠਾਕੁਰ ਸਿੰਘ ਸਰਕਾਰ ਦੇ ਦਬਾਅ ਹੇਠ ਆਉਣ ਦੀ ਬਜਾਏ, ਸੱਚ ਦੇ ਰਾਹ ‘ਤੇ ਤੁਰਕੇ, ਆਪ ਜਾਂ ਕਿਸੇ ਹੋਰ ਨੂੰ ਉਸ ਲਹਿਰ ਦੀ ਕਮਾਨ ਸੌਂਪਦੇ ਤਾਂ ਸ਼ਾਇਦ ਅੱਜ ਤਸਵੀਰ ਕੁੱਝ ਹੋਰ ਹੀ ਹੋਣੀ ਸੀ। ਹੁਣ ਕਿਥੇ ਹਨ ਸੰਤ ਜਰਨੈਲ ਸਿੰਘ, ਆਉਂਦੇ ਕਿਓਂ ਨਹੀਂ, ਕੀ ਉਦੋਂ ਆਉਣਗੇ, ਜਦੋਂ ਸਾਰਾ ਪੰਜਾਬ ਪਤਿਤ ਹੋ ਗਿਆ, ਨਸ਼ਿਆਂ ‘ਚ ਡੁਬ ਗਿਆ।

ਇਹ ਗੱਲ ਹੋਰ ਹੈ ਕਿ ਸੰਤ ਜਰਨੈਲ ਸਿੰਘ ਇਕ ਬਹਾਦੁਰ ਸਿਪਾਹੀ ਸੀ, ਪਰ ਉਹਨਾਂ ਦੀ ਕਹੀ ਹਰ ਗੱਲ ਸਹੀ ਨਹੀਂ ਕਹੀ ਜਾ ਸਕਦੀ, ਜਿਸ ਤਰ੍ਹਾਂ ਉਹਨਾਂ ਦੇ ਸ਼ਗਿਰਦ ਕਹਿੰਦੇ ਨੇ, ਕਿ ਉਹ ਦਸਮ ਗ੍ਰੰਥ ਪੜ੍ਹਦੇ ਹੁੰਦੇ ਸੀ, ਅਤੇ ਕਹਿੰਦੇ ਹੁੰਦੇ ਸੀ ਕਿ, ਦਸਮ ਗ੍ਰੰਥ ਕਮਜ਼ੋਰ ਦਿਲ ਵਾਲੇ ਨਹੀਂ ਪੜ੍ਹ ਸਕਦੇ। ਇਹ ਜ਼ਰੂਰੀ ਨਹੀਂ ਕਿ ਕੋਈ ਬਹਾਦੁਰ ਹੋਵੇ ਅਤੇ ਨਾਲ ਹੀ ਵਿਦਵਾਨ ਹੋਵੇ। ਨਾਲੇ ਜਿਸ ਟਕਸਾਲ ਤੋਂ ਉਹ ਪੜ੍ਹੇ ਸੀ, ਉਥੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਉਹ ਉਸ ਤੋਂ ਮੁਨਕਰ ਨਹੀਂ ਹੋ ਸਕੇ।

ਬਾਬਾ ਠਾਕੁਰ ਸਿੰਘ ਤੋਂ ਬਾਅਦ ਬਣੇ ਹਰਨਾਮ ਸਿੰਘ ਧੁੰਮਾ ਨੇ ਤਾਂ ਸਾਰੇ ਹੀ ਆਪਣੇ ਪੂਰਵਜਾਂ ਤੋਂ ਅਗਾਂਹ ਲੰਘਕੇ, ਬ੍ਰਾਹਮਣਵਾਦ ਦਾ ਪ੍ਰਚਾਰ ਦੱਬ ਕੇ ਕੀਤਾ। ਹਵਨ, ਚਾਲੀਹੇ, ਦਸਮ ਗ੍ਰੰਥ ਦਾ ਵਿਜੈ ਦਿਵਸ, ਧੁੰਮਾ ਨੇ ਮੱਕੜ ਨਾਲ ਰਲ਼ਕੇ ਨਾਨਕਸ਼ਾਹੀ ਕਲੰਡਰ ਦਾ ਭੋਗ ਪਾਇਆ, ਦਸਮ ਗ੍ਰੰਥ ਨੂੰ ਪ੍ਰਚਾਰਿਆ, ਲੋਕਾਂ ਨੂੰ ਅੱਗੇ ਲਾਕੇ ਲੁਧਿਆਣੇ ਵਿੱਚ, ਆਪ ਭੱਜ ਗਿਆ। ਧੁੰਮਾ ਜੋ ਕਿ ਆਰ.ਆਰ ਐਸ ਦੇ ਮੋਹਰੇ ਵਜੋਂ ਕੰਮ ਕਰ ਰਿਹਾ ਹੈ, ਨੇ ਟਕਸਾਲ ਦੀ ਰਹਿੰਦੀ ਹੋਈ ਸਾਖ ਨੂੰ ਵੀ ਦਾਗਦਾਰ ਕਰ ਦਿੱਤਾ।

ਇਹ ਤਾਂ ਸੀ ਅਖੌਤੀ ਟਕਸਾਲ ਦੇ ਵੱਡੇ ਮਹਾਪੁਰਸ਼ਾਂ ਦਾ ਹਾਲ, ਇਹਨਾਂ ਦੇ ਛੋਟੇ ਖਿਡਾਰੀ ਵੀ ਘੱਟ ਨਹੀਂ।

ਇਹਨਾਂ ਦੇ ਗਿਆਨੀ ਠਾਕੁਰ ਸਿੰਘ ਆਸਟ੍ਰਲੀਆ ਤੋਂ ਸੰਗਤਾਂ ਦੇ ਸਵਾਲਾਂ ਤੋਂ ਡਰਕੇ ਮੈਦਾਨ ਛੱਡ ਨੱਸ ਆਏ ਨੇ। 04 ਮਈ 2010 ਨੂੰ 344 - ਹਯੂਮ ਹਾਈਵੇ, ਕਰੇਗੀਬਰਨ, ਮੈਲਬੌਰਨ, ਵਿਟੋਰੀਆ - 3064, ਆਸਟ੍ਰੇਲੀਆ ਦੀ ਗੁਰਦੁਆਰਾ ਪ੍ਰਬੰਧਕਾਂ ਅਤੇ ਜਾਗਰੂਕ ਸਿੱਖ ਸੰਗਤਾਂ ਨੇ ਟਕਸਾਲੀ ਠੱਗ ਪ੍ਰਚਾਰਕ ਗਿਆਨੀ ਠਾਕੁਰ ਸਿੰਘ ਨੂੰ ਗੁਰਦੁਆਰੇ ਵਿੱਚ ਬ੍ਰਾਹਮਣੀ ਕਥਾ ਕਰਣ ਤੋਂ ਰੋਕ ਦਿੱਤਾ।

ਜਾਗਰੂਕ ਗੁਰਦੁਆਰਾ ਪ੍ਰਬੰਧਕਾਂ ਅਤੇ ਗੁਰਸਿੱਖਾਂ ਵਲੋਂ ਗਿਆਨੀ ਠਾਕੁਰ ਸਿੰਘ ਦੇ ਕਥਾ ਦੀਵਾਨਾਂ ਨੂੰ ਰੋਕਣਾ ਇੱਕ ਬਹੁਤ ਵੱਡੀ ਉਪਲਭਦੀ ਹੈ। ਗੁਰੂ ਸਾਹਿਬ ਵਲੋਂ ਬਖਸ਼ੀ ਨਿਆਰੀ ਸੋਚ ਤੇ ਪਹਿਰਾ ਦਿੰਦੇ ਹੋਏ ਇਹ ਇੱਕ ਸ਼੍ਰੁਰੂਆਤ ਹੈ। ਗਿਆਨੀ ਠਾਕੁਰ ਸਿੰਘ ਨੂੰ ਕੁਝ ਸੂਝਵਾਨ ਨੌਜਵਾਨਾਂ ਵਲੋਂ ਕੁਝ ਸਵਾਲ ਪੁੱਛੇ ਗਏ ਸੀ, ਜਿਹਨਾਂ ਦਾ ਜਵਾਬ ਠਾਕੁਰ ਸਿੰਘ ਨਹੀਂ ਦੇ ਸਕੇ, ਅਤੇ ਰੋਜ਼ਾਨਾ ਹੋਣ ਵਾਲੀ ਕਥਾ ਕਰਣ ਵਾਸਤੇ ਨਹੀਂ ਆਏ। ਜਿਸ ਉਪਰਾਂਤ ਉਹਨਾਂ ਦੇ ਦੀਵਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਰੋਕ ਦਿੱਤੇ ਗਏ।

ਸੰਤ ਸਮਾਜ ਦੇ ਪਹਿਲੇ ਨੰਬਰ ਦੇ ਆਗੂ ਹਰੀ ਸਿੰਘ ਰੰਧਾਵੇ ਵਾਲਾ, ਦਸਮ ਗ੍ਰੰਥ ਦੇ ਮੁੱਦੇ ਉਤੇ ਨਿਊਆਰਕ ਵਿੱਚ ਰੱਖੇ ਵਿਚਾਰ ਵਟਾਂਦਰੇ ‘ਚ ਪ੍ਰੋ. ਦਰਸਨ ਸਿੰਘ ਨੂੰ ਦੇਖ ਮੈਦਾਨ ਛੱਡ ਦੌੜ ਗਿਆ।

ਪਿਛੇ ਜਿਹੇ 03 ਮਈ 2010 ਅਮਰੀਕਾ ਵਿੱਚ ਇਸ ਅਖੋਤੀ ਟਕਸਾਲ ਦਾ ਇੱਕ ਹੋਰ ਪ੍ਰਚਾਰਕ ਅਸ਼ਲੀਲ ਹਰਕਤਾਂ ਕਰਦੇ ਫੜਿਆ ਗਿਆ।

 ਅਜੇ ਪਿੱਛੇ ਹੀ ਯੂਕੇ ਵਿੱਚ ਇਕ ਹੋਰ ਬਹਾਦਰ ਸਿਪਾਹੀ ਬਲਬੀਰ ਸਿੰਘ ਵੀ ਇਸੇ ਕੜੀ ਦਾ ਅਗਲਾ ਹਿੱਸਾ ਹੈ।

ਵਿਭਚਾਰੀ ਕਾਲਕਾ ਗ੍ਰੰਥ ਦੇ ਵਿਭਚਾਰੀ ਟਕਸਾਲੀ ਉਪਾਸ਼ਕ, ਅਖੌਤੀ ਪ੍ਰਚਾਰਕ ਬਲਬੀਰ ਸਿੰਘ ਵਲੋਂ ਯੂ.ਕੇ. ਵਿੱਚ ਇੱਕ ਸਿੱਖ ਬੀਬੀ ਨਾਲ ਅਸ਼ਲੀਲ ਹਰਕਤ, ਬੀਬੀ ਅਤੇ ਉਸਦੇ ਘਰਵਾਲੇ ਦੀ ਬਲਬੀਰ ਸਿੰਘ ਅਤੇ ਉਸਦੇ ਪਾਲਤੂ ਗੁੰਡਿਆਂ ਵਲੋਂ ਕੁੱਟਮਾਰ

ਇਹ ਸਾਰਾ ਕੁੱਝ ਲਿਖਣ ਦਾ ਮਤਲਬ ਇਹ ਹੀ ਹੈ ਕਿ, ਬੰਦਾ ਜੋ ਪੜ੍ਹਦਾ ਹੈ, ਉਸੇ ਵਰਗਾ ਬਣਦਾ ਹੈ। ਦਸਮ ਗ੍ਰੰਥ ਵਿਭਚਾਰੀ, ਕਾਮੀ, ਫਰੇਬੀ, ਝੂਠ ਬੋਲਣ ਵਾਲਾ ਤਾਂ ਬਣਾ ਸਕਦਾ ਹੈ ਸੰਤ ਜਾਂ ਸਿਪਾਹੀ ਨਹੀਂ ਬਣਾ ਸਕਦਾ। ਜੇ ਸੰਤ-ਸਿਪਾਹੀ ਬਣਨਾ ਹੈ ਤਾ ਸਿਰਫ ਸ਼ਬਦ ਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਣੀ ਲਗਿਆ ਹੀ ਬਣਿਆ ਜਾ ਸਕਦਾ ਹੈ।

ਜਿਹੜੇ ਲੋਕ ਇਹ ਸੋਚਦੇ ਹਨ ਕਿ ਦਸਮ ਗ੍ਰੰਥ ਸਿਪਾਹੀ ਬਣਾ ਸਕਦਾ ਹੈ, ਤਾਂ ਉਹ ਪਹਿਲਾਂ ਉਪਰ ਲਿਖੇ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਦਾ ਹਾਲ ਪੜ੍ਹ ਲੈਣ, ਅਤੇ ਬਾਅਦ ਵਿੱਚ ਇਹ ਸੋਚਣ ਕਿ, ਜੇ ਇਕ ਪਲ ਲਈ ਇਹ ਮੰਨ ਵੀ ਲਿਆ ਜਾਏ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਤਾਂ –

• ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦਾ ਸਾਹਮਣਾ ਕਿਵੇਂ ਕੀਤਾ?
• ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਕਿਸ ਤਰ੍ਹਾਂ ਬੈਠੇ?
• ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਕਿਵੇਂ ਲੜੀਆਂ?
• ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਜੰਗਾਂ ਕਿਵੇਂ ਲੜੀਆਂ?
• ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦੀ ਪਾਈ?

ਉਦੋਂ ਤਾਂ ਦਸਮ ਗ੍ਰੰਥ ਹੋੰਦ ਵਿੱਚ ਵੀ ਨਹੀਂ ਆਇਆ ਸੀ? ਕਿ ਇਹ ਬਹਾਦੁਰੀ ਨਹੀਂ ਸੀ। ਕੀ ਬਹਾਦੁਰੀ ਕੇਵਲ ਲੜਨ ਨਾਲ ਹੀ ਆਉਂਦੀ ਹੈ? ਜ਼ੁਲਮ ਦੇ ਖਿਲਾਫ ਖੜੇ ਹੋਣਾ ਬਹਾਦੁਰੀ ਨਹੀਂ?

ਅਖੌਤੀ ਦਸਮ ਗ੍ਰੰਥ ਬ੍ਰਾਹਮਣਵਾਦ ਦੀ ਹੀ ਉਪਜ ਹੈ, ਇਸ ਕਰਕੇ ਹੀ ਉਸ ਗ੍ਰੰਥ ਨੂੰ ਮੰਨਣ ਵਾਲੇ ਵੀ ਕਰਮਕਾਂਡਾਂ ‘ਚ ਵਿਸਵਾਸ ਰੱਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਕਰਮਕਾਂਡਾਂ ਤੋਂ ਪਰੇ ਇੱਕ ਸਹਿਜ, ਨਿਰਮਲ, ਪਾਕ ਰਾਹ ਹੈ ਜਿਸ ਵਿੱਚੋਂ ਸੰਤ ਤੇ ਸਿਪਾਹੀ ਬਣਨ ਦੀ ਸੇਧ ਮਿਲਦੀ ਹੈ, ਲੋੜ ਹੈ ਸਬਦ ਗੁਰੂ ਨੂੰ ਸਮਝਣ ਦੀ ਅਤੇ ਸਮਝ ਕੇ ਉਸ ਉਪਰ ਅਮਲ ਕਰਨ ਦੀ, ਜਿਸ ਨਾਲ ਸੱਚੀ ਟਕਸਾਲ ਦੀ ਉਪਜ ਹੋਵੇਗੀ ਨਾ ਕਿ ਦਸਮ ਗ੍ਰੰਥ ਵਿੱਚੋਂ ਨਿਕਲੀ ਅਖੌਤੀ ਦਮਦਮੀ ਟਕਸਾਲ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top