Share on Facebook

Main News Page

ਕੀ ਕਦੀ ‘ਨੀਲਾ ਤਾਰਾ ਸਾਕੇ’ ਦਾ ਸੱਚ ਸਾਹਮਣੇ ਆਇਗਾ?
-
ਜਸਵੰਤ ਸਿੰਘ ‘ਅਜੀਤ’ 98689 17731

ਹਾਲਾਂਕਿ ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਅਠਾਈ (28) ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਗਿਆ ਹੈ, ਫਿਰ ਵੀ ਇਸਦੀ ਯਾਦ ਸਿਖਾਂ ਦੇ ਦਿਲਾਂ ਵਿਚ ਅਜੇ ਕਲ ਹੀ ਵਾਪਰੀ ਘਟਨਾ ਵਾਂਗ ਤਾਜ਼ਾ ਬਣੀ ਚਲੀ ਆ ਰਹੀ ਹੈ। ਜਦੋਂ ਕਦੀ ਵੀ ਇਸ ਸਾਕੇ ਦੀ ਯਾਦ ਆਉਂਦੀ ਹੈ, ਤਾਂ ਸਾਰੇ ਸਰੀਰ ਵਿਚ ਇੱਕ ਕਾਂਬਾ-ਜਿਹਾ ਛਿੜ ਜਾਂਦਾ ਹੈ। ਦਰਬਾਰ ਸਾਹਿਬ ਪੁਰ ਤੋਪਾਂ ਨਾਲ ਲੈਸ ਟੈਂਕ ਇਸ ਤਰ੍ਹਾਂ ਚਾੜ੍ਹੇ ਗਏ ਜਿਵੇਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਖਦੇੜਿਆ ਜਾਣਾ ਹੋਵੇ। ਇਸ ਕਾਰਵਾਈ ਦੌਰਾਨ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਅਤੇ ਤੋਪਾਂ ਦੇ ਗੋਲੇ ਦਾਗੇ ਗਏ।

ਜਿਸਦੇ ਫਲਸਰੂਪ ਹਜ਼ਾਰਾਂ ਬੇਗੁਨਾਹ ਬੀਬੀਆਂ, ਬਚੇ-ਬੁਢੇ ਅਤੇ ਜਵਾਨ ਸ਼ਹੀਦ ਹੋ ਗਏ। ਪਿਆਰ ਤੇ ਸ਼ਾਂਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਤੇ ਗੋਲੀਆਂ ਦੀ ਬੁਛਾੜ ਕੀਤੀ ਗਈ, ਮੀਰੀ-ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ-ਢੇਰੀ ਕਰ ਦਿਤਾ ਗਿਆ। ਜਿਸ ਕਿਸੇ ਸਿੱਖ ਨੇ ਇਸ ਸਾਕੇ ਬਾਰੇ ਸੁਣਿਆ, ਭਾਵੇਂ ਉਹ ਦੇਸ਼ ਦੇ ਕਿਸੇ ਕੋਨੇ ਵਿਚ ਜਾਂ ਵਿਦੇਸ਼ ਦੇ ਕਿਸੇ ਹਿਸੇ ਵਿਚ ਵਸ ਰਿਹਾ ਸੀ, ਉਸਦਾ ਦਿਲ ਛਲਨੀ-ਛਲਨੀ ਹੋ ਗਿਆ ਅਤੇ ਉਹ ਖੂਨ ਦੇ ਅਥਰੂ ਰੋ ਉਠਿਆ। ਪ੍ਰੰਤੂ ਹੈਰਾਨੀ ਦੀ ਗਲ ਇਹ ਹੈ ਕਿ ਸੰਸਾਰ ਦੇ ਕਿਸੇ ਵੀ ਹਿਸੇ ਵਿਚੋਂ ਇਸ ਘਟਨਾ ਤੇ ਅਫਸੋਸ ਕਰਨ ਦੀ ਆਵਾਜ਼ ਸੁਣਾਈ ਦਿਤੀ ਅਤੇ ਨਾ ਹੀ ਕਿਸੇ ਪਾਸੋਂ ਸਿਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਦੋ ਸ਼ਬਦ ਸੁਣਨ ਨੂੰ ਮਿਲੇ।

ਭਾਜਪਾਈ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਭਾਈਵਾਲ ਬਣ, ਪੰਜਾਬ ਵਿਚ ਸੱਤਾ-ਸੁਖ ਮਾਣ ਰਹੇ ਹਨ, ਨੇ ਵੀ ਨਾ ਕੇਵਲ ਇਸ ਸਾਕੇ ਤੇ ਖੁਸ਼ੀ ਮੰਨਾਦਿਆਂ ਮਠਿਆਈਆਂ ਵੰਡੀਆਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੁਰਗਾ ਦੇ ਅਵਤਾਰ ਦੇ ਖਿਤਾਬ ਨਾਲ ਸਨਮਾਨਦਿਆਂ, ਇਹ ਵੀ ਕਿਹਾ ਕਿ ਇਹ-ਕੁਝ ਤਾਂ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਸਗੋਂ ਉਨ੍ਹਾਂ ਦੇ ਸੀਨੀਅਰ ਆਗੂ, ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਉਸ ਸਰਕਾਰ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਈਵਾਲ ਸੀ, ਦੇ ਰਹੇ ਉਪ-ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਜੀਵਨ-ਕਥਾ ਵਿਚ ਬੜੇ ਮਾਣ ਨਾਲ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ ਨੇ ਹੀ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਦਬਾਉ ਬਣਾ ਕੇ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਸੈਨਿਕ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ।

ਇਹ ਦੁਖਦਾਈ ਸਾਕਾ ਸਿੱਖ ਇਤਿਹਾਸ ਦਾ ਇਕ ਅਭੁਲ ਕਾਂਡ ਬਣ ਗਿਆ ਹੈ, ਜੋ ਸਿਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਦਾ ਇਹ ਯਾਦ ਕਰਾਉਂਦਾ ਰਹੇਗਾ ਕਿ ਇਹ ਸਾਕਾ ਕਿਸੇ ਵਿਦੇਸ਼ੀ ਹਾਕਮ ਦੀ ਫੌਜ ਨੇ ਨਹੀਂ, ਸਗੋਂ ਉਸ ਆਜ਼ਾਦ ਦੇਸ਼ ਦੀ ਸਰਕਾਰ ਦੀ ਫੌਜ ਨੇ ਬਰਪਾਇਆ, ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਮੁਚੇ ਦੇਸ਼ ਦੀ ਆਬਾਦੀ ਦਾ ਦੋ ਪ੍ਰਤੀਸ਼ਤ ਹੋਣ ਦੇ ਬਾਵਜੂਦ, ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਹਨ। ਇਹੀ ਕਾਰਣ ਹੈ ਕਿ ਇਸ ਸਾਕੇ ਨੂੰ ਸਿੱਖ ਭੁਲਾਇਆਂ ਵੀ ਨਹੀਂ ਭੁਲਾ ਪਾਣਗੇ।

ਆਖਿਰ ਅਜਿਹੇ ਹਾਲਾਤ ਕਿਵੇਂ ਤੇ ਕਿਉਂ ਪੈਦਾ ਹੋਏ, ਜਿਸ ਕਾਰਣ ਇਸ ਦੁਖਦਾਈ ਘਟਨਾ ਪੁਰ, ਸੰਸਾਰ ਭਰ ਵਿਚੋਂ ਕੋਈ ਵੀ ਸਿਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਅਗੇ ਨਹੀਂ ਆ ਸਕਿਆ। ਇਨ੍ਹਾਂ ਅਠਾਈ ਵਰ੍ਹਿਆਂ ਵਿਚ, ਇਸ ਸਾਕੇ ਨਾਲ ਸੰਬੰਧਤ, ਜੋ ਵੀ ਰਿਕਾਰਡ ਅਤੇ ਸਾਹਿਤ ਸਾਹਮਣੇ ਆਇਆ ਹੈ, ਉਸ ਨਾਲ ਸਚਾਈ ਤੋਂ ਪਰਦਾ ਨਹੀਂ ਉਠ ਸਕਿਆ। ਇਸਦਾ ਕਾਰਣ ਇਹ ਹੈ ਕਿ ਇਹ ਰਿਕਾਰਡ ਤੇ ਸਾਹਿਤ ਨਿਰਪਖ ਸੂਤਰਾਂ ਰਾਹੀਂ ਪੇਸ਼ ਨਹੀਂ ਹੋਇਆ, ਸਗੋਂ ਉਨ੍ਹਾਂ ਵਲੋਂ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਦੀ ਵਫਾਦਾਰੀ ਇਕ ਜਾਂ ਦੂਜੇ ਪਾਸੇ ਨਾਲ ਜੁੜੀ ਹੋਈ ਸੀ ਜਾਂ ਜਿਨ੍ਹਾਂ ਨੂੰ ਪਰਦੇ ਪਿਛੇ ਦੀਆਂ ਸਰਗਰਮੀਆਂ ਬਾਰੇ ਕੁਝ ਵੀ ਪਤਾ ਨਹੀਂ ਸੀ। ਜਿਸ ਕਾਰਣ ਜਿਨ੍ਹਾਂ ਦੀਆਂ ਵਫਾਦਾਰੀਆਂ ਇਕ ਜਾਂ ਦੂਜੇ ਪਾਸੇ ਸਨ, ਉਨ੍ਹਾਂ ਨੇ ਆਪਣੀਆਂ ਰਿਪੋਰਟਾਂ ਤੇ ਲਿਖਤਾਂ ਵਿਚ ਇਸ ਘਟਨਾ ਦੇ ਲਈ ਸਾਰੀ ਜ਼ਿਮੇਂਦਾਰੀ ਇਕ-ਦੂਜੇ ਤੇ ਸੁਟ ਕੇ ਆਪਣੀ ਕੋਤਾਹੀ ਅਤੇ ਹਾਲਾਤ ਨੂੰ ਸਮਝਣ ਵਿਚ ਹੋਈ ਭੁਲ ਨੂੰ ਸਵੀਕਾਰਨ ਦੀ ਬਜਾਏ ਛੁਪਾਣ ਦੇ ਜਤਨ ਕੀਤੇ ਗਏ ਹਨ। ਸ਼ਾਇਦ ਇਹੀ ਕਾਰਣ ਹਨ ਕਿ ਸਮੇਂ-ਸਮੇਂ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਜੋ ਸਮਾਗਮ ਕੀਤੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਵਿਚ ਕਈ ਵਿਦਵਾਨਾਂ ਵਲੋਂ ਇਹ ਮੰਗ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ ਇਸ ਸਾਕੇ ਦੇ ਨਾਲ ਸੰਬੰਧਤ ਪਹਿਲਾਂ ਅਤੇ ਬਾਅਦ ਵਿਚ ਹੋਈਆਂ ਘਟਨਾਵਾਂ ਦੀ ਉਚਪਧਰੀ ਤੇ ਨਿਰਪਖ ਜਾਂਚ ਕਰਵਾਕੇ ਸਚਾਈ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।

ਜ਼ਿਮੇਂਦਾਰੀਆਂ ਬਾਰੇ ਉੱਠੇ ਕੁੱਝ ਸੁਆਲ: ਅਜੇ ਤਕ ਇਸ ਕਾਂਡ ਦੇ ਵਾਪਰਨ ਲਈ ਮੁਖ ਰੂਪ ਵਿਚ ਇਹੀ ਕਾਰਣ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਵਿਰੁਧ ਲਾਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਰ ਲਈ ਮੁਖ ਰੂਪ ਵਿਚ ਜ਼ਿਮੇਂਦਾਰ ਸਮਝਦੇ ਸਨ, ਲਈ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਦੇ ਨਾਲ ਸਬੰਧਤ ਜੋ ਪਰਤਾਂ ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪਸ਼ਟ ਹੋਣ ਲਗੀ ਹੈ, ਕਿ ਇਸ ਸਾਕੇ ਦੇ ਵਾਪਰਨ ਲਈ, ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ ਜ਼ਿਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜੁੜੇ ਹੋਏ ਸਨ।

ਬੀਤੇ ਸਮੇਂ ਵਿੱਚ ਜਾਰੀ ਕੀਤੀ ਗਈ, ਆਪਣੀ ਜੀਵਨ-ਕਥਾ ਵਿਚ ਭਾਜਪਾ ਦੇ ਇਕ ਸੀਨੀਅਰ ਨੇਤਾ, ਸਾਬਕਾ ਉਪ-ਪ੍ਰਧਾਨ ਮੰਤਰੀ ’ਤੇ ‘ਪੀ. ਐਮ. ਇਨ ਵੇੰਿਟੰਗ’ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਲਿਖਤ ਰੂਪ ਵਿਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਹੀ ਕੁਝ ਵਰ੍ਹੇ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ਼ ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ ਰਹੀ ਹੈ।

ਇਸ ਤਰ੍ਹਾਂ ਕੁਝ ਨਵੇਂ ਤਥਾ ਦੇ ਸਾਹਮਣੇ ਆ ਜਾਣ ਕਾਰਣ ਇਸ ਕਾਂਡ ਨਾਲ ਸੰਬੰਧਿਤ ਸਾਰੇ ਪਹਿਲੂਆਂ ਦੀ ਨਿਰਪਖ ਜਾਂਚ ਕਰਵਾਕੇ ਛੇਤੀ ਤੋਂ ਛੇਤੀ ਸਚਾਈ ਸਾਹਮਣੇ ਲਿਆਉਣੀ ਜ਼ਰੂਰੀ ਹੋ ਗਈ ਹੈ।

ਕੀ ਅਜਿਹਾ ਸੰਭਵ ਹੋ ਸਕੇਗਾ? ਕੁਝ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਾਇਦ ਅਜਿਹਾ ਸੰਭਵ ਨਾ ਹੋ ਸਕੇ, ਕਿਉਂਕਿ ਉਨ੍ਹਾਂ ਅਨੁਸਾਰ ਇਸ ਕਾਂਡ ਨਾਲ ਸੰਬੰਧਤ ਕਈ ਸੁਆਲ ਅਜਿਹੇ ਹਨ, ਜਿਨ੍ਹਾਂ ਦਾ ਕੋਈ ਵੀ ਧਿਰ ਜਵਾਬ ਦੇਣ ਲਈ ਤਿਆਰ ਨਹੀਂ ਹੋਵੇਗੀ। ਉਨ੍ਹਾਂ ਨੇ ਪੁਛਿਆ ਕਿ ਕੀ ਕੋਈ ਧਿਰ ਇਨ੍ਹਾਂ ਸੁਆਲਾਂ ਦੇ ਜਵਾਬ ਦੇ ਸਕੇਗੀ ਕਿ-

  1. ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਲਈ ਮੋਰਚਾ ਚੌਕ ਮਹਿਤਾ ਤੋਂ ਸ਼ੁਰੂ ਕਰਨ ਦੀ ਬਜਾਏ ਅਕਾਲ ਤਖਤ ਤੋਂ ਕਿਉਂ ਸ਼ੁਰੂ ਕੀਤਾ?

  2. ਉਨ੍ਹਾਂ ਵਲੋਂ ਅਕਾਲ ਤਖਤ ਤੋਂ ਮੋਰਚਾ ਲਾਏ ਜਾਣ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਅਕਾਲੀ ਕਰਪੂਰੀ ਤੋਂ ਲਾਏ ਆਪਣੇ ਨਹਿਰ ਰੋਕ ਮੋਰਚੇ ਨੂੰ ਅਕਾਲ ਤਖਤ ਤੇ ਕਿਉਂ ਲੈ ਗਏ?

  3. ਪਹਿਲਾਂ ਅਕਾਲੀਆਂ ਨੇ ਨਹਿਰ ਰੋਕੋ ਮੋਰਚਾ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਲਈ ਲਗੇ ਮੋਰਚੇ ਨਾਲ ਸੰਬੰਧਤ ਕੀਤਾ ਤੇ ਇਸ ਪਿਛੋਂ ਫਿਰ ਕਿਉਂ ਉਹ ਮੰਗਾਂ ਵਧਾ ਕੇ ਆਪਣੇ-ਆਪ ਨੂੰ ਜਾਲ ਵਿਚ ਫਸਾਂਦੇ ਚਲੇ ਗਏ?

  4. ਜਦੋਂ ਪੰਜਾਬ ਵਿਚ ਬੇਗੁਨਾਹਵਾਂ ਦੇ ਕਤਲ ਹੋ ਰਹੇ ਸਨ ਅਤੇ ਇਹ ਦੋਸ਼ ਲਾਏ ਜਾ ਰਹੇ ਸਨ, ਕਿ ਇਨ੍ਹਾਂ ਕਾਤਲਾਂ ਨੂੰ ਦਰਬਾਰ ਸਾਹਿਬ ਵਿਚ ਪਨਾਹ ਮਿਲ ਰਹੀ ਹੈ, ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰੀ ਪੈਮਾਨੇ ਤੇ ਅਸਲਾ ਪੁਜ ਰਿਹਾ ਹੈ, ਤਾਂ ਕਿਉਂ ਨਹੀਂ ਅਕਾਲੀ ਆਗੂਆਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਇਹ ਕਿਉਂ ਨਹੀਂ ਕਿਹਾ ਕਿ ਦਰਬਾਰ ਸਾਹਿਬ ਤਾਂ ਸੁਰਖਿਆ ਬਲਾਂ ਨੇ ਪੂਰੀ ਤਰ੍ਹਾਂ ਆਪਣੇ ਘੇਰੇ ਵਿਚ ਲੈ ਰਖਿਆ ਹੋਇਆ ਹੈ, ਫਿਰ ਵੀ ਜੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਬੇਗੁਨਾਹਵਾਂ ਦੇ ਕਾਤਲ ਪਨਾਹ ਲੈਣ ਪੁਜ ਰਹੇ ਹਨ ਅਤੇ ਭਾਰੀ ਪੈਮਾਨੇ ਵਿਚ ਅਸਲਾ ਵੀ ਪੁਜ ਰਿਹਾ ਹੈ ਤਾਂ ਫਿਰ ਇਹ ਸਭ ਸਿੱਖਾਂ ਨੂੰ ਬਦਨਾਮ ਕਰਨ ਲਈ ਸਰਕਾਰ ਅਤੇ ਸੁਰਖਿਆ ਬਲਾਂ ਦੀ ਸਹਿਮਤੀ ਤੇ ਮਿਲੀ-ਭੁਗਤ ਨਾਲ ਹੀ ਹੋ ਰਿਹਾ ਹੈ?

  5. ਇਹੀ ਸੁਆਲ ਉਸ ਸਮੇਂ ਦੇ ਉਨ੍ਹਾਂ ਫੌਜੀ ਅਧਿਕਾਰੀਆਂ ਪਾਸੋਂ ਵੀ ਪੁਛਿਆ ਜਾ ਸਕਦਾ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਘੇਰਾ ਪਾਈ ਬੈਠੇ ਸੁਰਖਿਆ ਬਲਾਂ ਦੀ ਕਮਾਨ ਸੰਭਾਲੀ ਹੋਈ ਸੀ ਕਿ ਜਦ ਕਿ ਤੁਹਾਨੂੰ ਇਹ ਪਤਾ ਹੈ ਕਿ ਕਾਤਲ ਦਰਬਾਰ ਸਾਹਿਬ ਕੰਪਲੈਕਸ ਵਿਚ ਪਨਾਹ ਲੈਣ ਲਈ ਪੁਜ ਰਹੇ ਹਨ ਤਾਂ ਫਿਰ ਉਹ ੳਨ੍ਹਾਂ ਨੂੰ ਅੰਦਰ ਦਾਖਲ ਹੁੰਦਿਆਂ ਤੇ ਕਾਰੇ ਕਰਨ ਲਈ ਬਾਹਰ ਨਿਕਲਦਿਆਂ ਨੂੰ ਫੜਦੇ ਕਿਉਂ ਨਹੀਂ ਸਨ ਅਤੇ ਅੰਦਰ ਆ ਰਹੇ ਅਸਲੇ ਨੂੰ ਰੋਕਦੇ ਕਿਉਂ ਨਹੀਂ ਸਨ? ਕੀ ਅਜਿਹਾ ਕਿਸੇ ਸੋਚੀ ਸਮਝੀ ਸਾਜ਼ਸ਼ ਅਧੀਨ ਨਹੀਂ ਸੀ ਹੋ ਰਿਹਾ?

ਇਕ ਸਭ ਤੋਂ ਵੱਡਾ ਤੇ ਕੌੜਾ ਸੁਆਲ:

ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ, ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੀ ਪਵਿਤ੍ਰਤਾ ਅਤੇ ਸਤਿਕਾਰ ਦਾ ਖਿਆਲ ਰਖਦਿਆਂ, ਆਪਣੇ ਪੁਰ ਹੋਏ ਹਰ ਹਮਲੇ ਦਾ ਟਾਕਰਾ ਦਰਬਾਰ ਸਾਹਿਬ ਤੋਂ ਬਾਹਰ ਕੀਤਾ। ਜਦੋਂ ਸਿੱਖਾਂ ਨੇ ਉਨ੍ਹਾਂ ਪਾਸੋਂ ਇਸ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ, ਕਿ ਉਹ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਨਹੀਂ ਹੋਣ ਦੇਣਾ ਚਾਹੁੰਦੇ। ਇਤਿਹਾਸ ਦਾ ਇਹ ਮਹਤਵਪੂਰਣ ਪ੍ਰਮਾਣ ਸਾਹਮਣੇ ਹੋਣ ਦੇ ਬਾਵਜੂਦ, ਇਸਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਤੇ ਕਿਸਨੇ ਅਜਿਹਾ ਕਰਨ ਲਈ ਮਜਬੂਰ ਕੀਤਾ?

ਇਸੇ ਤਰ੍ਹਾਂ ਸਰਕਾਰ ਦੇ ਉਸ ਸਮੇਂ ਦੇ ਜ਼ਿਮੇਂਦਾਰ ਅਧਿਕਾਰੀਆਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਮੰਤਰੀ ਮੰਡਲ ਦੇ ਜ਼ਿਮੇਂਦਾਰ ਵਜ਼ੀਰਾਂ ਪਾਸੋਂ ਵੀ ਪੁਛਿਆ ਜਾ ਸਕਦਾ ਹੈ ਕਿ ਕੁਝ ਜਿਮੇਂਦਾਰ ਤੇ ਸਿੱਖ ਇਤਿਹਾਸ ਦੇ ਜਾਣੂਆਂ ਵਲੋਂ ਦਿਤੀ ਗਈ ਇਸ ਸਲਾਹ ਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਕਿ ਦਰਬਾਰ ਸਾਹਿਬ ਪੁਰ ਫੌਜ ਚਾੜ੍ਹਨ ਦੀ ਬਜਾਏ ਕੰਪਲੈਕਸ ਦੇ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ ਲੋੜੀਂਦੇ ਵਿਅਕਤੀਆਂ ਨੂੰ ਬਾਹਰ ਨਿਕਲਣ ਤੇ ਮਜਬੂਰ ਕੀਤਾ ਜਾ ਸਕਦਾ ਹੈ?

ਧਰਮ-ਯੁੱਧ, ਜਿਸਨੂੰ ਸਿੱਖ ਮਾਨਤਾਵਾਂ ਅਨੁਸਾਰ ਗ਼ਰੀਬ-ਮਜ਼ਲੂਮ ਦੀ ਰਖਿਆ ਅਤੇ ਅਨਿਆਇ ਵਿਰੁਧ ਸੰਘਰਸ਼ ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸੀ, ਉਸ ਵਿਚ ਕਿਵੇਂ ਬੇਗੁਨਾਹਵਾਂ ਦੇ ਕਤਲਾਂ ਨੇ ਆਪਣੀ ਜਗ੍ਹਾ ਬਣਾ ਲਈ? ਇਸ ਗਲ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ, ਕਿ ਧਰਮ-ਯੁੱਧ ਮੋਰਚੇ ਦੌਰਾਨ ਸਮਾਜ-ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਕਿਵੇਂ ਉਸਦਾ ਅੰਗ ਬਣਦੀਆਂ ਚਲੀਆਂ ਗਈਆਂ? ਇਥੋਂ ਤਕ ਕਿ ਛੋਟੀਆਂ-ਮੋਟੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵੀ ਧਰਮ-ਯੁੱਧ ਮੋਰਚੇ ਨਾਲ ਕਿਉਂ ਜੋੜੀਆਂ ਜਾਣ ਲਗ ਪਈਆਂ ਸਨ? ਇਹ ਭੇਦ ਵੀ ਤਾਂ ਤਲਾਸ਼ਣਾ ਹੀ ਹੋਵੇਗਾ, ਕਿ ਉਹ ਕਿਹੜੇ ਤੱਤ ਸਨ, ਜੋ ਸੁਰਖਿਆ ਬਲਾਂ ਦੇ ਸਖਤ ਘੇਰੇ ਵਿਚ ਹੁੰਦਿਆਂ ਹੋਇਆਂ ਵੀ, ਦਰਬਾਰ ਸਾਹਿਬ ਵਿਚ ਹਥਿਆਰ ਤੇ ਅਸੱਲਾ ਪਹੁੰਚਾਣ ਵਿਚ ਵੀ ਸਫਲ ਹੁੰਦੇ ਰਹੇ ਸਨ ਅਤੇ ਲੁਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਲਈ ਜ਼ਿਮੇਂਦਾਰ ਤੱਤ, ਕਿਵੇਂ ਇਤਨੇ ਸਖਤ ਘੇਰੇ ਵਿਚੋਂ ਨਿਕਲ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਂਦੇ ਅਤੇ ਸੁਰਖਿਅਤ ਹੀ ਮੁੜ ਆਉਂਦੇ ਰਹੇ ਸਨ? ਆਖਿਰ ਇਸ ਸਭ ਕੁਝ ਦੇ ਪਿਛੇ ਭੇਦ ਕੀ ਸੀ?

...ਅਤੇ ਅੰਤ ਵਿੱਚ: ਸਪਸ਼ਟ ਹੈ ਕਿ ਇਨ੍ਹਾਂ ਸੁਆਲਾਂ ਦੇ ਜਵਾਬ ਦੋਹਾਂ ਧਿਰਾਂ ਵਿਚੋਂ ਕੋਈ ਵੀ ਦੇਣ ਲਈ ਤਿਆਰ ਨਹੀਂ ਹੋਵੇਗਾ। ਜਦੋਂ ਤਕ ਇਨ੍ਹਾਂ ਅਤੇ ਅਜਿਹੇ ਕੁਝ ਹੋਰ ਸੁਆਲਾਂ ਦੇ ਜਵਾਬ ਨਹੀਂ ਮਿਲਣਗੇ ਤਦ ਤਕ ਸੱਚਾਈ ਸਾਹਮਣੇ ਨਹੀਂ ਆ ਸਕੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top