Share on Facebook

Main News Page

ਦਰਬਾਰ ਸਾਹਿਬ ਉਤੇ ਹਮਲੇ ਸਮੇਂ ਫ਼ੌਜ ਦਾ ਮੁਕਾਬਲਾ ਕਰਨ ਵਾਲੇ 366 ਸਿੰਘਾਂ ਵਿਚੋਂ 15 ਦਿਮਾਗ਼ੀ ਸੰਤੁਲਨ ਗੁਆ ਬੈਠੇ

ਅੰਮ੍ਰਿਤਸਰ - (ਪਰਮਿੰਦਰ ਅਰੋੜਾ): ਸ੍ਰੀ ਦਰਬਾਰ ਸਾਹਿਬ ’ਤੇ ਜੂਨ 1984 ਵਿਚ ਹੋਏ ਫ਼ੌਜੀ ਹਮਲੇ ਦੌਰਾਨ ਭਾਰਤੀ ਫ਼ੌਜ ਨਾਲ ਦਸਤਪੰਜਾ ਲੈਣ ਵਾਲੇ ਸਿੰਘਾਂ ਵਿਚੋਂ ਕੁੱਝ ਦੀ ਹਾਲਤ ਇਸ ਸਮੇਂ ਬਦ ਤੋਂ ਬਦਤਰ ਹੋ ਚੁਕੀ ਹੈ ਤੇ ਪੰਥ ਦੀ ਸੰਸਦ ਨੇ ਇਨ੍ਹਾਂ ਸਿੰਘਾਂ ਨੂੰ ਸਿਰਫ਼ 50 ਹਜ਼ਾਰ ਰੁਪਏ ਦੇ ਕੇ ਅਪਣਾ ਫ਼ਰਜ਼ ਪੂਰਾ ਹੋ ਚੁਕਾ ਮੰਨ ਲਿਆ ਹੈ।

ਸ੍ਰੀ ਦਰਬਾਰ ਸਾਹਿਬ ’ਤੇ 4 ਜੂਨ 1984 ਨੂੰ ਭਾਰਤ ਸਰਕਾਰ ਦੇ ਹੁਕਮਾਂ ਨਾਲ ਦੇਸ਼ ਦੀ ਫ਼ੌਜ ਨੇ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ 364 ਸਿੰਘਾਂ ਤੇ 2 ਬੀਬੀਆਂ ਨੂੰ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਪ੍ਰਕਿਰਮਾ ਵਿਚੋਂ ਗ੍ਰਿਫ਼ਤਾਰ ਕਰ ਲਿਆ ਸੀ। ਪ੍ਰਕਿਰਮਾ ਵਿਚੋਂ ਗ੍ਰਿਫ਼ਤਾਰ ਕੀਤੇ ਇਨ੍ਹਾਂ 366 ਵਿਅਕਤੀਆਂ ਨੂੰ ਪਹਿਲਾਂ ਅੰਮ੍ਰਿਤਸਰ ਦੇ ਫ਼ੌਜੀ ਕੈਂਪ ਵਿਚ ਲਿਆਂਦਾ ਗਿਆ ਜਿਥੇ ਇਨ੍ਹਾਂ ਪਾਸੋਂ ਸਖ਼ਤੀ ਨਾਲ ਪੁਛਗਿਛ ਕੀਤੀ ਗਈ। ਮਿਲਟਰੀ ਕੈਂਪ ਵਿਚ ਪੁਛਗਿਛ ਦਾ ਇਹ ਦੌਰ ਕਰੀਬ 4 ਮਹੀਨੇ ਤਕ ਚਲਦਾ ਰਿਹਾ ਤੇ ਅਗੱਸਤ ਵਿਚ ਇਨ੍ਹਾਂ ਸਾਰਿਆਂ ਨੂੰ ਨਾਭਾ ਅਤੇ ਲੁਧਿਆਣਾ ਜੇਲ ਵਿਚ ਭੇਜ ਦਿਤਾ ਗਿਆ। ਨਾਭਾ ਅਤੇ ਲੁਧਿਆਣਾ ਜੇਲ ਵਿਚ ਸਖ਼ਤ ਤੋਂ ਸਖ਼ਤ ਢੰਗ ਨਾਲ ਪੁਛਗਿਛ ਦਾ ਇਕ ਹੋਰ ਦੌਰ ਸ਼ੁਰੂ ਹੋ ਗਿਆ।

ਇਸ ਦੌਰਾਨ ਕਈ ਵਿਅਕਤੀਆਂ ਦਾ ਮਾਨਸਕ ਸੰਤੁਲਨ ਵਿਗੜਣਾ ਸ਼ੁਰੂ ਹੋ ਗਿਆ। ਦਸਬੰਰ ਦੇ ਆਖ਼ਰ ਵਿਚ ਫੜੇ ਗਏ ਸਾਰੇ ਹੀ ਵਿਅਕਤੀਆਂ ਨੂੰ ਇਕ ਵਾਰ ਫਿਰ ਅੰਮ੍ਰਿਤਸਰ ਜੇਲ ਵਿਚ ਲਿਆਂਦਾ ਗਿਆ ਜਿਥੇ 2 ਮਹੀਨੇ ਰਖਣ ਤੋਂ ਬਾਅਦ ਫ਼ਰਵਰੀ 1985 ਵਿਚ ਇਨ੍ਹਾਂ 366 ਵਿਅਕਤੀਆਂ ਨੂੰ ਦੇਸ਼ ਧ੍ਰੋਹ ਦੇ ਕੇਸ ਵਿਚ ਰਾਜਸਥਾਨ ਦੀ ਜੋਧਪੁਰ ਜੇਲ ਵਿਚ ਭੇਜ ਦਿਤਾ ਗਿਆ। ਜੋਧਪੁਰ ਜੇਲ ਵਿਚ 5 ਸਾਲ ਇਹ ਸਾਰੇ ਵਿਅਕਤੀ ਸਰਕਾਰੀ ਜ਼ਬਰ ਅਤੇ ਅਤਿਆਚਾਰ ਦਾ ਸਾਹਮਣਾ ਕਰਨ ਤੇ ਅਦਾਲਤੀ ਚਕਰਾਂ ਵਿਚੋਂ ਨਿਕਲਦਿਆਂ ਇਹ ਸਾਰੇ ਜੋਧ ਪੁਰੀਏ ਰਿਹਾਅ ਹੋ ਗਏ। ਇਥੇ ਇਕ ਨਵੀਂ ਜੰਗ ਸ਼ੁਰੂ ਹੋ ਗਈ ਤੇ ਉਸ ਜੰਗ ਦਾ ਨਾਮ ਸੀ ਰੋਟੀ ਤੇ ਅਪਣੇ ਪਰਵਾਰਾਂ ਦੀ ਇੱਜ਼ਤ ਦੀ ਬਹਾਲੀ ਦੀ ਜੰਗ, ਕਿਉਂਕਿ ਇਨ੍ਹਾਂ 5 ਸਾਲ ਵਿਚ ਪੰਜਾਬ ਵਿਚ ਤੈਨਾਤ ਹਰ ਸੁਰੱਖਿਆ ਏਜੰਸੀ ਨੇ ਪੁਛਗਿਛ ਦੇ ਨਾਮ ’ਤੇ ਇਨ੍ਹਾਂ ਜੋਧਪੁਰੀਆਂ ਦੇ ਪਰਵਾਰਾਂ ਨੂੰ ਤੰਗ ਕਰ ਕੇ ਜਿਉਣਾ ਮੁਹਾਲ ਕਰ ਦਿਤਾ ਸੀ, ਕਿਸੇ ਵੀ ਛੋਟੀ ਮੋਟੀ ਘਟਨਾ ਦੇ ਵਾਪਰ ਜਾਣ ਤੋਂ ਬਾਅਦ ਸੱਭ ਤੋਂ ਪਹਿਲਾਂ ਇਨ੍ਹਾਂ ਪਰਵਾਰਾਂ ਨੂੰ ਹੀ ਥਾਣਿਆਂ ਵਿਚ ਪੁਛਗਿਛ ਲਈ ਬੁਲਾਇਆ ਜਾਂਦਾ। ਜੋਧਪੁਰ ਰਹੇ ਇਨ੍ਹਾਂ 366 ਵਿਅਕਤੀਆਂ ਵਿਚੋਂ 15 ਵਿਅਕਤੀ ਪੂਰੀ ਤਰ੍ਹਾਂ ਨਾਲ ਅਪਣਾ ਦਿਮਾਗ਼ੀ ਸੰਤੁਲਨ ਗਵਾ ਬੈਠੇ ਸਨ।

ਅੱਜ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ 28 ਸਾਲ ਬੀਤ ਚੁਕੇ ਹਨ। ਇਨ੍ਹਾਂ 366 ਜੋਧਪੁਰੀਆਂ ਵਿਚੋਂ 90 ਵਿਅਕਤੀ ਮੌਤ ਦੀ ਆਗ਼ੋਸ਼ ਵਿਚ ਜਾ ਚੁਕੇ ਹਨ। ਗਿਣਤੀ ਦੇ ਕੁੱਝ ਜੋਧਪੁਰੀਏ ਸੱਤਾ ਸੁਖ ਮਾਣ ਰਹੇ ਹਨ ਪਰ ਇਨ੍ਹਾਂ ਵਿਚੋਂ ਬਹੁਤੇ ਅੱਜ ਵੀ ਰਿਕਸ਼ੇ ਚਲਾ ਰਹੇ ਹਨ, ਦਿਹਾੜੀ ਕਰ ਰਹੇ ਹਨ ਜਾਂ ਫਿਰ ਛੋਟੇ ਮੋਟੇ ਕੰਮ ਕਰ ਕੇ ਅਪਣਾ ਤੇ ਅਪਣੇ ਪਰਵਾਰ ਦਾ ਪੇਟ ਭਰ ਰਹੇ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ 1 ਲੱਖ ਰੁਪਏ ਦੀ ਆਰਥਕ ਸਹਾਇਤਾ ਦਿਤੀ ਸੀ ਪਰ ਜਿਸ ਪੰਥ ਦੀ ਖ਼ਾਤਰ ਇਨ੍ਹਾਂ 366 ਵਿਅਕਤੀਆਂ ਨੇ ਅਪਣੀ ਜ਼ਿੰਦਗੀ ਦੇ 5 ਸਾਲ ਜੇਲ ਵਿਚ ਗਾਲ ਦਿਤੇ, ਉਸ ਪੰਥ ਨੇ ਕਦੇ 2 ਮੀਟਰ ਦਾ ਸਿਰੋਪਾਉ ਦੇ ਕੇ ਇਨ੍ਹਾਂ ਜੋਧਪਰੀਆਂ ਦੀ ਕੁਰਬਾਨੀ ਨੂੰ ਮਾਨਤਾ ਦੇਣੀ ਜ਼ਰੂਰੀ ਨਹੀਂ ਸਮਝੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top