Share on Facebook

Main News Page

ਨਿਰੰਕਾਰ ਦੇ ਦਰਸ਼ਨ ਕਿੱਥੋਂ? ਪੁਰਾਤਨ ਚੀਜ਼ਾਂ ਚੋਂ ਜਾਂ ਗੁਰੂ ਗ੍ਰੰਥ ਸਾਹਿਬ ਵਿਚੋਂ
- ਅਜਮੇਰ ਸਿੰਘ

ਆਪਣੇ ਆਪ ਨੂੰ ਵੱਖਰੀ ਤੇ ਨਿਆਰੀ ਕੌਮ ਦੱਸਣ ਵਾਲੇ ਜਿਹੜੇ ਇੱਕ ਰੱਬ ਤੇ ਇੱਕ ਗੁਰੂ ਦੀ ਗੱਲ ਕਰਨ ਵਾਲੇ, ਗੁਰੂ ਵੀ ਕੋਈ ਦੇਹ ਨਹੀਂ, ਗਿਆਨ ਨੂੰ ਆਪਣਾ ਗੁਰੂ ਕਹਿਣ ਵਾਲੇ ਤੇ ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਉਸ ਕੌਮ ਦੀ ਆਵਾਮ ਕਿੰਨੀ ਸਿਆਣੀ ਹੋਵੇਗੀ ਉਸ ਦਾ ਪਤਾ ਤੁਸੀ ਥੱਲੇ ਦਿੱਤੇ ਵਰਤਾਰੇ ਤੋ ਲਗਾ ਸਕਦੇ ਹੋ।

ਪਿਛਲੇ ਦਿਨੀ ਸਾਡੇ ਇੱਥੇ ਦੇ ਲੋਕਲ ਅਖਬਾਰਾਂ ਵਿੱਚ ਖਬਰ ਸੀ ਕਿ ਕਿਸੇ ਸਥਾਨਕ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੀਆਂ ਹੱਥ ਛੋਹ ਵਸਤਾਂ ਲਿਆਂਦੀਆਂ ਜਾ ਰਹੀਆਂ ਹਨ । ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਵਸਤਾਂ ਇੰਨੀਆਂ ਪੁਰਾਤਨ ਹਨ ਪਰ ਫਿਰ ਵੀ ਬੜੀ ਹਿਫਾਜਤ ਨਾਲ ਸੰਭਾਲ ਕੇ ਰੱਖੀਆਂ ਗਈਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਸਮਾਜ ਦੇ ਲੋਕ ਆਪਣੀਆਂ ਪੁਰਾਤਨ ਵਸਤਾਂ ਅਜਾਇਬ ਘਰਾਂ ਵਿੱਚ ਸਾਂਭ ਕੇ ਰੱਖਦੇ ਹਨ ਤਾਂ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਇਹ ਜਾਣਕਾਰੀ ਲੈ ਸਕਣ ਕਿ ਉਨ੍ਹਾਂ ਦੇ ਪੂਰਵਜ ਕਿਸ ਤਰ੍ਹਾਂ ਰਹਿੰਦੇ ਸਨ ਤੇ ਕਿਸ ਤਰ੍ਹਾਂ ਦੀਆਂ ਚੀਜਾਂ ਵਰਤਦੇ ਸਨ। ਇਹ ਵਸਤਾਂ ਸਿਰਫ ਆਪਣੀ ਜਾਣਕਾਰੀ ਲਈ ਹਨ ਨਾਂ ਕਿ ਮੱਥੇ ਟੇਕਣ ਲਈ ਅਤੇ ਨਾ ਪੂਜਾ ਕਰਨ ਲਈ ਹਨ।

ਇੱਕ ਦਿਨ ਸਵੇਰੇ-ਸਵੇਰੇ ਇੱਕ ਸਥਾਨਕ ਰੇਡੀਉ ਦਾ ਪੇਸ਼ਕਾਰ ਬਹੁਤ ਜੋਰ ਦੇ ਦੇ ਕੇ ਇਹ ਕਹਿ ਰਿਹਾ ਸੀ ਕਿ ਸਾਧ ਸੰਗਤ ਜੀ ਸਾਨੂੰ ਉਹਨਾਂ ਵਸਤਾਂ ਦੇ ਜਰੂਰ ਦਰਸ਼ਨ ਕਰਨੇ ਚਾਹੀਦੇ ਹਨ ਕਿਉਕਿ ਇਹਨਾਂ ਵਸਤਾਂ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਵਸਤਾਂ ਵਿੱਚੋ ਨਿਰੰਕਾਰ ਦੇ ਦਰਸ਼ਨ ਕਰਨੇ ਹਨ। ਮਨ ਵਿੱਚ ਇੱਕ ਸਵਾਲ ਆਇਆ ਕਿ ਇਹ ਵਸਤਾਂ ਸਿਰਫ ਕੁਝ ਕੁ ਦਿਨਾਂ ਲਈ ਸਾਡੇ ਕੋਲ ਹਨ। ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬ ਦੁਆਰਾ ਉਚਾਰਤ ਬਾਣੀ, ਜੋ ਵਾਕਿਆਤ ਗੁਰੂ ਸਾਹਿਬ ਨੇ ਆਪਣੀ ਜਿੰਦਗੀ ਵਿੱਚ ਹੰਢਾਏ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੇ ਹਨ ਜੋ ਸਾਡੇ ਕੋਲ ਹੈ ਅਤੇ ਹਮੇਸ਼ਾ ਲਈ ਰਹੇਗੀ। ਸਾਨੂੰ ਲੋੜ ਹੈ ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਉਸ ਵਿੱਚੋ ਗੁਰੂ ਦੇ ਦਰਸ਼ਨ ਕਰੀਏ ਨਾ ਕਿ ਇਨ੍ਹਾਂ ਵਸਤਾਂ ਵਿੱਚੋ।

ਅੱਜ ਮੀਡੀਏ ਦਾ ਯੁੱਗ ਹੈ, ਅਸੀਂ ਕਿਤੇ ਵੀ ਬੈਠ ਕੇ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹ ਸਕਦੇ ਹਾਂ। ਲੋੜ ਹੈ ਗੁਰਬਾਣੀ ਨੂੰ ਵਿਚਾਰਨ ਦੀ ਅਤੇ ਉਸ ਅਨੁਸਾਰ ਜੀਵਨ ਜਿਊਣ ਦੀ। ਗੁਰੂ ਸਾਹਿਬ ਨੇ ਇਹ ਖੜਾਵਾਂ ਪਾ ਕੇ ਕਦੇ ਵੀ ਕਿਸੇ ਮੰਦੇ ਕੰਮ ਵਾਲੇ ਪਾਸੇ ਕਦਮ ਨਹੀਂ ਰੱਖਿਆ ਹੋਵੇਗਾ। ਲੋੜ ਹੈ ਇਹ ਪ੍ਰਣ ਕਰਨ ਦੀ ਕਿ ਅਸੀਂ ਵੀ ਕਦੇ ਮਾੜੇ ਪਾਸੇ ਵੱਲ ਕਦਮ ਨਾ ਰੱਖੀਏ। ਅਜੇ ਜਿੱਥੋ ਸਾਨੂੰ ਸੇਧ ਜਾ ਗਿਆਨ ਲੈਣ ਦੀ ਲੋੜ ਹੈ ਉਸ ਨੂੰ ਆਪ ਸੋਹਣੇ ਚੰਦੋਆਂ ਅਤੇ ਰੁਮਾਲਿਆਂ ਥੱਲੇ ਢੱਕ ਕੇ ਰੱਖਿਆ ਹੋਇਆ ਹੈ ਤੇ ਇਹਨਾਂ ਪੁਰਾਤਨ ਚੀਜਾਂ ਜਿਹੜੀਆਂ ਪੁਰਾਤਨ ਸਿੱਖਾਂ ਅਤੇ ਗੁਰੂ ਸਾਹਿਬ ਵੇਲੇ ਵਰਤੀਆਂ ਜਾਂਦੀਆਂ ਸਨ ਉਹਨਾਂ ਵਿੱਚੋ ਅਸੀਂ ਨਿਰੰਕਾਰ ਦੇ ਦਰਸ਼ਨ ਦੀ ਉਡੀਕ ਕਰਦੇ ਹਾਂ। ਚੀਜਾਂ ਹੁੰਦੀਆਂ ਹਨ ਵਰਤਨ ਵਾਸਤੇ ਕਿਤੇ ਗੁਰੂ ਸਾਹਿਬਾਨ ਨੇ ਆਪਣੇ ਪੈਰਾਂ ਵਿੱਚ ਸਾਰੀ ਉਮਰ ਇੱਕ ਖੜਾਵਾਂ ਦਾ ਜੋੜਾ ਤਾਂ ਨਹੀਂ ਪਾਇਆ ਹੋਵੇਗਾ।

ਅੱਜ ਸਭ ਤੋ ਗਿਆਨਵਾਨ ਕੌਮ ਇਹ ਖੜਾਵਾਂ ਤੇ ਆਕੇ ਰੁਕ ਗਈ ਹੈ ਜਾਂ ਰੋਕ ਦਿੱਤੀ ਗਈ ਹੈ ਸਾਨੂੰ ਸੋਚਨਾ ਪਏਗਾ ਕਿ ਕਿਤੇ ਇੱਦਾ ਤਾ ਨਹੀਂ ਕਿ ਇਨ੍ਹਾਂ ਪੁਰਾਤਨ ਚੀਜਾਂ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਦੱਸ ਕੇ ਸਾਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਲੁੱਟਿਆਂ ਜਾ ਰਿਹਾ ਹੈ ਅਤੇ ਇਸ ਨੂੰ ਇੱਕ ਗੋਰਖ ਧੰਦਾ ਬਣਾ ਦਿੱਤਾ ਗਿਆ ਹੈ ਆਪਣੀਆਂ ਜੇਬਾਂ ਭਰਨ ਵਾਸਤੇ।

ਸਾਨੂੰ ਗਿਆਨ ਨਾਲੋ ਤੋੜ ਕੇ ਏਦਾਂ ਦੀਆਂ ਚੀਜਾਂ ਨਾਲ ਜੋੜਿਆ ਜਾ ਰਿਹਾ ਹੈ, ਕਿਉਕਿ ਸਾਡੇ ਦੁਸ਼ਮਨ ਨੂੰ ਪਤਾ ਹੈ ਕਿ ਜਦੋ ਤੱਕ ਇਨ੍ਹਾਂ ਨੂੰ ਗਿਆਨ ਨਾਲੋ ਤੋੜਿਆ ਨਹੀਂ ਜਾਵੇਗਾ ਜਿਥੇ ਇਨ੍ਹਾਂ ਨੂੰ ਸੀਸ ਤਲੀ ਤੇ ਰੱਖਣ ਦਾ ਬਲ ਮਿਲਦਾ ਹੈ ਤਦ ਤੱਕ ਅਸੀਂ ਇਨ੍ਹਾਂ ਨੂੰ ਆਪਣੇ ਗੁਲਾਮ ਨਹੀਂ ਬਣਾ ਸਕਦੇ। ਫੈਸਲਾ ਅਸੀਂ ਆਪ ਕਰਨਾ ਹੈ ਕਿ ਅਸੀਂ ਗੁਲਾਮ ਬਨਣਾ ਹੈ, ਜਾਂ ਫਿਰ ਗਿਆਨ ਗੁਰੂ ਨਾਲ ਜੁੜ ਕੇ ਆਜਾਦ ਅਤੇ ਉੱਚੀ ਸੋਚ ਦੇ ਮਾਲਕ ਬਨਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top